Skip to content

Skip to table of contents

ਦੂਜਿਆਂ ਦੀ ਤਰੱਕੀ ਕਰਨ ਵਿਚ ਮਦਦ ਕਰੋ

ਦੂਜਿਆਂ ਦੀ ਤਰੱਕੀ ਕਰਨ ਵਿਚ ਮਦਦ ਕਰੋ

‘ਮੈਂ ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।’ਜ਼ਬੂ. 32:8.

1, 2. ਯਹੋਵਾਹ ਧਰਤੀ ’ਤੇ ਆਪਣੇ ਸੇਵਕਾਂ ਪ੍ਰਤੀ ਕਿਹੋ ਜਿਹਾ ਨਜ਼ਰੀਆ ਰੱਖਦਾ ਹੈ?

ਜਦੋਂ ਮਾਪੇ ਆਪਣੇ ਬੱਚਿਆਂ ਨੂੰ ਖੇਡਦੇ ਦੇਖਦੇ ਹਨ, ਤਾਂ ਉਹ ਉਨ੍ਹਾਂ ਦੀਆਂ ਕਾਬਲੀਅਤਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਸ਼ਾਇਦ ਤੁਸੀਂ ਵੀ ਇਹ ਦੇਖਿਆ ਹੋਵੇ। ਸ਼ਾਇਦ ਇਕ ਬੱਚਾ ਦੌੜਨ-ਭੱਜਣ ਵਿਚ ਤੇਜ਼ ਹੋਵੇ, ਜਦ ਕਿ ਉਸ ਦੇ ਭੈਣ-ਭਰਾ ਬੋਰਡ-ਗੇਮਾਂ ਜਾਂ ਡਰਾਇੰਗ ਕਰਨ ਜਾਂ ਸਿਲਾਈ-ਕਢਾਈ ਕਰਨ ਵਿਚ ਵਧੀਆ ਹੋਣ। ਭਾਵੇਂ ਬੱਚਿਆਂ ਵਿਚ ਜੋ ਵੀ ਕਾਬਲੀਅਤਾਂ ਹੋਣ, ਮਾਪਿਆਂ ਨੂੰ ਹਮੇਸ਼ਾ ਉਨ੍ਹਾਂ ਦੀ ਹੋਰ ਤਰੱਕੀ ਕਰਨ ਵਿਚ ਮਦਦ ਕਰ ਕੇ ਖ਼ੁਸ਼ੀ ਹੁੰਦੀ ਹੈ।

2 ਯਹੋਵਾਹ ਵੀ ਧਰਤੀ ’ਤੇ ਆਪਣੇ ਬੱਚਿਆਂ ਵਿਚ ਗਹਿਰੀ ਦਿਲਚਸਪੀ ਲੈਂਦਾ ਹੈ। ਉਹ ਆਪਣੇ ਸਾਰੇ ਸੇਵਕਾਂ ਨੂੰ ਅਨਮੋਲ ਸਮਝਦਾ ਹੈ, ਖ਼ਾਸ ਕਰਕੇ ਉਨ੍ਹਾਂ ਦੀ ਨਿਹਚਾ ਤੇ ਵਫ਼ਾਦਾਰੀ ਕਰਕੇ। ਤੁਸੀਂ ਵੀ ਸ਼ਾਇਦ ਇਹ ਦੇਖਿਆ ਹੋਵੇ ਕਿ ਭੈਣਾਂ-ਭਰਾਵਾਂ ਵਿਚ ਅਲੱਗ-ਅਲੱਗ ਤਰ੍ਹਾਂ ਦੇ ਹੁਨਰ ਹੁੰਦੇ ਹਨ। ਕੁਝ ਭਰਾਵਾਂ ਵਿਚ ਵਧੀਆ ਭਾਸ਼ਣ ਦੇਣ ਦੀ ਕਾਬਲੀਅਤ ਹੁੰਦੀ ਹੈ, ਜਦ ਕਿ ਹੋਰ ਭਰਾ ਵਧੀਆ ਇੰਤਜ਼ਾਮ ਕਰ ਸਕਦੇ ਹਨ। ਬਹੁਤ ਸਾਰੀਆਂ ਭੈਣਾਂ ਹੋਰ ਭਾਸ਼ਾ ਸਿੱਖਣ ਤੇ ਉਸ ਨੂੰ ਪ੍ਰਚਾਰ ਵਿਚ ਵਰਤਣ ਦੇ ਕਾਬਲ ਹੁੰਦੀਆਂ ਹਨ, ਦੂਜੇ ਪਾਸੇ ਹੋਰ ਭੈਣਾਂ ਵਿਚ ਦੂਜਿਆਂ ਨੂੰ ਹੌਸਲਾ ਦੇਣ ਜਾਂ ਬੀਮਾਰ ਲੋਕਾਂ ਦੀ ਦੇਖ-ਭਾਲ ਕਰਨ ਦੀ ਕਾਬਲੀਅਤ ਹੁੰਦੀ ਹੈ। (ਰੋਮੀ. 16:1, 12) ਕੀ ਅਸੀਂ ਮੰਡਲੀ ਵਿਚ ਅਜਿਹੇ ਭੈਣਾਂ-ਭਰਾਵਾਂ ਨੂੰ ਦੇਖ ਕੇ ਖ਼ੁਸ਼ ਨਹੀਂ ਹੁੰਦੇ?

3. ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ’ਤੇ ਚਰਚਾ ਕਰਾਂਗੇ?

3 ਪਰ ਕੁਝ ਭੈਣਾਂ-ਭਰਾਵਾਂ ਨੂੰ, ਖ਼ਾਸ ਕਰਕੇ ਨੌਜਵਾਨ ਜਾਂ ਨਵੇਂ ਬਪਤਿਸਮਾ-ਪ੍ਰਾਪਤ ਭਰਾਵਾਂ ਨੂੰ ਸ਼ਾਇਦ ਲੱਗੇ ਕਿ ਉਹ ਮੰਡਲੀ ਵਿਚ ਅਜੇ ਕੁਝ ਕਰਨ ਦੇ ਕਾਬਲ ਨਹੀਂ ਹਨ। ਅਸੀਂ ਉਨ੍ਹਾਂ ਦੀ ਤਰੱਕੀ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ? ਯਹੋਵਾਹ  ਵਾਂਗ ਸਾਨੂੰ ਉਨ੍ਹਾਂ ਵਿਚ ਚੰਗੇ ਗੁਣ ਦੇਖਣ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?

ਯਹੋਵਾਹ ਆਪਣੇ ਸੇਵਕਾਂ ਵਿਚ ਚੰਗੇ ਗੁਣ ਦੇਖਦਾ ਹੈ

4, 5. ਨਿਆਈਆਂ 6:11-16 ਦੇ ਬਿਰਤਾਂਤ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਦੀਆਂ ਕਾਬਲੀਅਤਾਂ ਨੂੰ ਦੇਖਦਾ ਹੈ?

4 ਬਾਈਬਲ ਦੇ ਬਹੁਤ ਸਾਰੇ ਬਿਰਤਾਂਤਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨਾ ਸਿਰਫ਼ ਆਪਣੇ ਸੇਵਕਾਂ ਦੇ ਚੰਗੇ ਗੁਣ ਦੇਖਦਾ ਹੈ, ਸਗੋਂ ਉਹ ਉਨ੍ਹਾਂ ਦੀਆਂ ਕਾਬਲੀਅਤਾਂ ਵੀ ਦੇਖਦਾ ਹੈ। ਮਿਸਾਲ ਲਈ, ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮਿਦਯਾਨੀਆਂ ਦੇ ਅਤਿਆਚਾਰਾਂ ਤੋਂ ਛੁਡਾਉਣ ਲਈ ਗਿਦਾਊਨ ਨੂੰ ਚੁਣਿਆ। ਪਰ ਗਿਦਾਊਨ ਹੈਰਾਨ ਹੋਇਆ ਹੋਣਾ ਜਦੋਂ ਦੂਤ ਨੇ ਉਸ ਨੂੰ ਕਿਹਾ: “ਹੇ ਤਕੜੇ ਸੂਰਬੀਰ, ਯਹੋਵਾਹ ਤੇਰੇ ਨਾਲ ਹੈ।” ਗਿਦਾਊਨ ਨੂੰ ਬਿਲਕੁਲ ਨਹੀਂ ਲੱਗਾ ਕਿ ਉਹ ‘ਤਕੜਾ’ ਸੀ। ਨਾਲੇ ਜਦੋਂ ਦੂਤ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਪਰਮੇਸ਼ੁਰ ਦੇ ਲੋਕਾਂ ਨੂੰ ਬਚਾਉਣ ਲਈ ਚੁਣਿਆ ਸੀ, ਤਾਂ ਉਸ ਨੇ ਆਪਣੇ ਆਪ ਨੂੰ ਇਸ ਦੇ ਕਾਬਲ ਨਹੀਂ ਸਮਝਿਆ। ਪਰ ਅੱਗੇ ਹੋਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਗਿਦਾਊਨ ਤੋਂ ਉਲਟ ਯਹੋਵਾਹ ਪਰਮੇਸ਼ੁਰ ਨੇ ਉਸ ਦੀ ਕਾਬਲੀਅਤ ਦੇਖੀ।ਨਿਆਈਆਂ 6:11-16 ਪੜ੍ਹੋ।

5 ਯਹੋਵਾਹ ਨੇ ਗਿਦਾਊਨ ’ਤੇ ਭਰੋਸਾ ਰੱਖਿਆ ਕਿ ਉਹ ਇਜ਼ਰਾਈਲੀਆਂ ਨੂੰ ਛੁਡਾਵੇਗਾ ਕਿਉਂਕਿ ਪਰਮੇਸ਼ੁਰ ਨੇ ਉਸ ਦੀਆਂ ਕਾਬਲੀਅਤਾਂ ਨੂੰ ਦੇਖਿਆ। ਇਕ ਤਾਂ ਯਹੋਵਾਹ ਦੇ ਦੂਤ ਨੇ ਦੇਖਿਆ ਕਿ ਗਿਦਾਊਨ ਆਪਣਾ ਪੂਰਾ ਜ਼ੋਰ ਲਾ ਕੇ ਡੰਡੇ ਨਾਲ ਸਿੱਟਿਆਂ ਵਿੱਚੋਂ ਦਾਣੇ ਕੱਢ ਰਿਹਾ ਸੀ। ਇਕ ਹੋਰ ਗੱਲ ਵੱਲ ਵੀ ਦੂਤ ਦਾ ਧਿਆਨ ਗਿਆ। ਬਾਈਬਲ ਦੇ ਜ਼ਮਾਨੇ ਵਿਚ ਕਿਸਾਨ ਅਕਸਰ ਖੁੱਲ੍ਹੀ ਜਗ੍ਹਾ ਵਿਚ ਦਾਣੇ ਕੱਢਦੇ ਤੇ ਛੱਟਦੇ ਸਨ ਤਾਂਕਿ ਹਵਾ ਨਾਲ ਤੂੜੀ ਨੂੰ ਉਡਾਇਆ ਜਾ ਸਕੇ। ਪਰ ਹੈਰਾਨੀ ਦੀ ਗੱਲ ਸੀ ਕਿ ਗਿਦਾਊਨ ਮਿਦਯਾਨੀਆਂ ਤੋਂ ਲੁਕ ਕੇ ਚੁਬੱਚੇ ਵਿਚ ਇਹ ਕੰਮ ਕਰ ਰਿਹਾ ਸੀ। ਉਹ ਸਿਰਫ਼ ਚੁਕੰਨਾ ਹੀ ਨਹੀਂ ਸੀ, ਸਗੋਂ ਉਸ ਨੇ ਬੜੀ ਸੂਝ-ਬੂਝ ਤੋਂ ਕੰਮ ਲਿਆ। ਜੀ ਹਾਂ, ਯਹੋਵਾਹ ਨੇ ਉਸ ਦੀਆਂ ਕਾਬਲੀਅਤਾਂ ਨੂੰ ਦੇਖਿਆ ਤੇ ਉਸ ਨੂੰ ਸਿਖਲਾਈ ਦਿੱਤੀ।

6, 7. (ੳ) ਕੁਝ ਇਜ਼ਰਾਈਲੀਆਂ ਤੋਂ ਉਲਟ ਯਹੋਵਾਹ ਨੇ ਆਮੋਸ ਵਿਚ ਕੀ ਦੇਖਿਆ ਸੀ? (ਅ) ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਆਮੋਸ ਅਨਪੜ੍ਹ ਨਹੀਂ ਸੀ?

6 ਇਸੇ ਤਰ੍ਹਾਂ ਯਹੋਵਾਹ ਨੇ ਆਪਣੇ ਸੇਵਕ ਆਮੋਸ ਦੀਆਂ ਕਾਬਲੀਅਤਾਂ ਨੂੰ ਵੀ ਪਛਾਣਿਆ ਭਾਵੇਂ ਕਿ ਉਹ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਵਿਚ ਮਾਮੂਲੀ ਜਿਹਾ ਇਨਸਾਨ ਸੀ। ਆਮੋਸ ਨੇ ਆਪਣੇ ਬਾਰੇ ਦੱਸਿਆ ਕਿ ਉਹ ਭੇਡਾਂ ਦਾ ਚਾਰਨ ਵਾਲਾ ਤੇ ਗੁੱਲਰਾਂ ਦਾ ਛਾਂਗਣ ਵਾਲਾ ਸੀ। ਗੁੱਲਰ ਗ਼ਰੀਬ ਲੋਕਾਂ ਦਾ ਭੋਜਨ ਸੀ। ਯਹੋਵਾਹ ਨੇ ਆਮੋਸ ਨੂੰ ਇਜ਼ਰਾਈਲ ਦੇ ਦਸ-ਗੋਤੀ ਰਾਜ ਨੂੰ ਸਜ਼ਾ ਸੁਣਾਉਣ ਲਈ ਚੁਣਿਆ ਜੋ ਮੂਰਤੀ-ਪੂਜਕ ਸਨ। ਉਸ ਵੇਲੇ ਸ਼ਾਇਦ ਕੁਝ ਇਜ਼ਰਾਈਲੀਆਂ ਨੇ ਸੋਚਿਆ ਹੋਣਾ ਕਿ ਪਰਮੇਸ਼ੁਰ ਨੇ ਗ਼ਲਤ ਫ਼ੈਸਲਾ ਕੀਤਾ।ਆਮੋਸ 7:14, 15 ਪੜ੍ਹੋ।

7 ਆਮੋਸ ਇਕ ਦੂਰ-ਦੁਰਾਡੇ ਪਿੰਡ ਦਾ ਰਹਿਣ ਵਾਲਾ ਸੀ, ਪਰ ਉਸ ਨੂੰ ਆਪਣੇ ਸਮੇਂ ਦੇ ਰੀਤੀ-ਰਿਵਾਜਾਂ ਤੇ ਰਾਜਿਆਂ ਬਾਰੇ ਬਹੁਤ ਜਾਣਕਾਰੀ ਸੀ। ਇਸ ਤੋਂ ਪਤਾ ਲੱਗਦਾ ਕਿ ਉਹ ਅਨਪੜ੍ਹ ਨਹੀਂ ਸੀ। ਉਸ ਨੂੰ ਇਜ਼ਰਾਈਲ ਦੇ ਹਾਲਾਤਾਂ ਬਾਰੇ ਵੀ ਪਤਾ ਸੀ ਤੇ ਵਪਾਰੀਆਂ ਨਾਲ ਮਿਲਣ-ਵਰਤਣ ਕਰਕੇ ਸ਼ਾਇਦ ਉਸ ਨੂੰ ਆਪਣੀਆਂ ਗੁਆਂਢੀ ਕੌਮਾਂ ਬਾਰੇ ਵੀ ਪਤਾ ਸੀ। (ਆਮੋ. 1:6, 9, 11, 13; 2:8; 6:4-6) ਬਹੁਤ ਸਾਰੇ ਬਾਈਬਲ ਵਿਦਵਾਨ ਉਸ ਨੂੰ ਵਧੀਆ ਲਿਖਾਰੀ ਮੰਨਦੇ ਹਨ। ਉਸ ਨੇ ਸੌਖੇ, ਪਰ ਦਮਦਾਰ ਸ਼ਬਦ ਵਰਤੇ ਸਨ। ਮੂਰਤੀ-ਪੂਜਾ ਕਰਨ ਵਾਲੇ ਪੁਜਾਰੀ ਅਮਸਯਾਹ ਨੂੰ ਉਸ ਨੇ ਦਲੇਰੀ ਨਾਲ ਜੋ ਕਿਹਾ, ਉਸ ਤੋਂ ਪੱਕਾ ਹੋ ਗਿਆ ਕਿ ਯਹੋਵਾਹ ਨੇ ਸਹੀ ਵਿਅਕਤੀ ਨੂੰ ਚੁਣਿਆ ਸੀ। ਉਸ ਨੇ ਆਮੋਸ ਵਿਚ ਚੰਗੇ ਗੁਣ ਦੇਖੇ ਜੋ ਸ਼ਾਇਦ ਕਿਸੇ ਹੋਰ ਨੇ ਨਹੀਂ ਦੇਖੇ ਹੋਣੇ।ਆਮੋ. 7:12, 13, 16, 17.

8. (ੳ) ਯਹੋਵਾਹ ਨੇ ਦਾਊਦ ਨੂੰ ਕੀ ਭਰੋਸਾ ਦਿੱਤਾ ਸੀ? (ਅ) ਜ਼ਬੂਰਾਂ ਦੀ ਪੋਥੀ 32:8 ਦੇ ਸ਼ਬਦ ਉਨ੍ਹਾਂ ਨੂੰ ਭਰੋਸਾ ਕਿਵੇਂ ਦਿੰਦੇ ਹਨ ਜਿਨ੍ਹਾਂ ਵਿਚ ਸ਼ਾਇਦ ਭਰੋਸੇ ਜਾਂ ਕਾਬਲੀਅਤ ਦੀ ਘਾਟ ਹੋਵੇ?

8 ਜੀ ਹਾਂ, ਯਹੋਵਾਹ ਆਪਣੇ ਸੇਵਕਾਂ ਦੀਆਂ ਕਾਬਲੀਅਤਾਂ ਨੂੰ ਦੇਖਦਾ ਹੈ। ਉਸ ਨੇ ਦਾਊਦ ਨੂੰ ਭਰੋਸਾ ਦਿੱਤਾ ਸੀ ਕਿ ਉਹ ਦਾਊਦ ’ਤੇ ਨਿਗਾਹ ਰੱਖ ਕੇ ਹਮੇਸ਼ਾ ਉਸ ਨੂੰ ਸੇਧ ਦੇਵੇਗਾ। (ਜ਼ਬੂਰਾਂ ਦੀ ਪੋਥੀ 32:8 ਪੜ੍ਹੋ।) ਇਸ ਗੱਲ ਤੋਂ ਸਾਨੂੰ ਹੌਸਲਾ ਕਿਉਂ ਮਿਲਣਾ ਚਾਹੀਦਾ ਹੈ? ਸ਼ਾਇਦ ਸਾਡੇ ਵਿਚ ਭਰੋਸੇ ਦੀ ਕਮੀ ਹੋਵੇ ਤੇ ਸਾਨੂੰ ਲੱਗੇ ਕਿ ਕੋਈ ਕੰਮ ਸਾਡੇ ਵੱਸ ਤੋਂ ਬਾਹਰ ਹੈ, ਪਰ ਯਹੋਵਾਹ ਸਾਡੀ ਉਹ ਕੰਮ ਕਰਨ ਵਿਚ ਵੀ ਮਦਦ ਕਰ ਸਕਦਾ ਹੈ। ਜਿਸ ਤਰ੍ਹਾਂ ਇਕ ਚੰਗਾ ਅਧਿਆਪਕ ਪੜ੍ਹਾਈ ਵਿਚ ਕਮਜ਼ੋਰ ਵਿਦਿਆਰਥੀ ਦੀ ਹਰ ਕਦਮ ’ਤੇ ਮਦਦ ਕਰਦਾ ਹੈ, ਉਸੇ ਤਰ੍ਹਾਂ ਯਹੋਵਾਹ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਸੱਚਾਈ ਵਿਚ ਤਰੱਕੀ ਕਰ ਸਕੀਏ। ਯਹੋਵਾਹ ਸਾਡੇ  ਭੈਣਾਂ-ਭਰਾਵਾਂ ਦੇ ਜ਼ਰੀਏ ਵੀ ਸਾਡੀ ਮਦਦ ਕਰਦਾ ਹੈ। ਕਿਵੇਂ?

ਦੂਜਿਆਂ ਵਿਚ ਚੰਗੇ ਗੁਣ ਦੇਖੋ

9. ਅਸੀਂ ਪੌਲੁਸ ਦੀ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਦੇ ਭਲੇ ਬਾਰੇ ਸੋਚੀਏ?

9 ਪੌਲੁਸ ਰਸੂਲ ਨੇ ਸਾਰੇ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੇ ਭੈਣਾਂ-ਭਰਾਵਾਂ ਦੇ ਭਲੇ ਬਾਰੇ ਵੀ ‘ਸੋਚਣ।’ (ਫ਼ਿਲਿੱਪੀਆਂ 2:3, 4 ਪੜ੍ਹੋ।) ਪੌਲੁਸ ਦੇ ਕਹਿਣ ਦਾ ਮਤਲਬ ਸੀ ਕਿ ਅਸੀਂ ਸਾਰੇ ਇਕ-ਦੂਜੇ ਦੀਆਂ ਕਾਬਲੀਅਤਾਂ ਨੂੰ ਦੇਖੀਏ ਤੇ ਉਨ੍ਹਾਂ ਦੀ ਤਾਰੀਫ਼ ਕਰੀਏ। ਸਾਨੂੰ ਕਿੱਦਾਂ ਲੱਗਦਾ ਹੈ ਜਦੋਂ ਕੋਈ ਸਾਡੀ ਤਰੱਕੀ ਦੇਖ ਕੇ ਸਾਡੀ ਤਾਰੀਫ਼ ਕਰਦਾ ਹੈ? ਇਸ ਤੋਂ ਸਾਨੂੰ ਹੋਰ ਤਰੱਕੀ ਕਰਨ ਦੀ ਪ੍ਰੇਰਣਾ ਮਿਲਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਭੈਣਾਂ-ਭਰਾਵਾਂ ਦੀ ਤਾਰੀਫ਼ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਸੱਚਾਈ ਵਿਚ ਤਰੱਕੀ ਕਰਨ ਦੀ ਹੱਲਾਸ਼ੇਰੀ ਦਿੰਦੇ ਹਾਂ।

10. ਸਾਨੂੰ ਕਿਨ੍ਹਾਂ ਵੱਲ ਸ਼ਾਇਦ ਖ਼ਾਸ ਧਿਆਨ ਦੇਣ ਦੀ ਲੋੜ ਹੋਵੇ?

10 ਸਾਨੂੰ ਕਿਨ੍ਹਾਂ ਵੱਲ ਸ਼ਾਇਦ ਖ਼ਾਸ ਧਿਆਨ ਦੇਣ ਦੀ ਲੋੜ ਹੋਵੇ? ਸਮੇਂ-ਸਮੇਂ ਤੇ ਸਾਨੂੰ ਸਾਰਿਆਂ ਨੂੰ ਲੋੜ ਹੁੰਦੀ ਹੈ ਕਿ ਦੂਸਰੇ ਸਾਡੇ ਵੱਲ ਧਿਆਨ ਦੇਣ। ਪਰ ਨੌਜਵਾਨ ਜਾਂ ਨਵੇਂ ਬਪਤਿਸਮਾ-ਪ੍ਰਾਪਤ ਭਰਾਵਾਂ ਨੂੰ ਜ਼ਿਆਦਾ ਧਿਆਨ ਦੀ ਲੋੜ ਹੁੰਦੀ ਹੈ ਤਾਂਕਿ ਉਹ ਮਹਿਸੂਸ ਕਰ ਸਕਣ ਕਿ ਉਹ ਮੰਡਲੀ ਦਾ ਹਿੱਸਾ ਹਨ। ਇਸ ਦੇ ਉਲਟ, ਜੇ ਅਸੀਂ ਇਸ ਤਰ੍ਹਾਂ ਨਹੀਂ ਕਰਦੇ, ਤਾਂ ਸ਼ਾਇਦ ਇਹ ਭਰਾ ਨਿਰਾਸ਼ ਹੋ ਕੇ ਮੰਡਲੀ ਵਿਚ ਹੋਰ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਕੋਸ਼ਿਸ਼ ਨਾ ਕਰਨ।1 ਤਿਮੋ. 3:1.

11. (ੳ) ਇਕ ਬਜ਼ੁਰਗ ਨੇ ਇਕ ਸ਼ਰਮੀਲੇ ਸੁਭਾਅ ਦੇ ਨੌਜਵਾਨ ਦੀ ਮਦਦ ਕਿਵੇਂ ਕੀਤੀ? (ਅ) ਅਸੀਂ ਜੂਲੀਅਨ ਦੇ ਤਜਰਬੇ ਤੋਂ ਕੀ ਸਿੱਖਦੇ ਹਾਂ?

11 ਭਰਾ ਲੂਡੋਵਿਕ ਮੰਡਲੀ ਵਿਚ ਬਜ਼ੁਰਗ ਹੈ। ਜਦੋਂ ਉਹ ਨੌਜਵਾਨ ਸੀ, ਤਾਂ ਭੈਣਾਂ-ਭਰਾਵਾਂ ਨੇ ਵੀ ਉਸ ਵਿਚ ਦਿਲਚਸਪੀ ਦਿਖਾਈ ਸੀ। ਉਹ ਦੱਸਦਾ ਹੈ: “ਜਦੋਂ ਮੈਂ ਕਿਸੇ ਭਰਾ ਵਿਚ ਦਿਲੋਂ ਦਿਲਚਸਪੀ ਲੈਂਦਾ ਹਾਂ, ਤਾਂ ਉਹ ਛੇਤੀ ਤਰੱਕੀ ਕਰਦਾ ਹੈ।” ਭਰਾ ਜੂਲੀਅਨ ਦੇ ਸੰਬੰਧ ਵਿਚ ਲੂਡੋਵਿਕ ਨੇ ਦੇਖਿਆ ਕਿ ਉਹ ਸ਼ਰਮੀਲੇ ਸੁਭਾਅ ਦਾ ਸੀ ਤੇ ਜਦੋਂ ਉਹ ਮੰਡਲੀ ਵਿਚ ਕੁਝ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦਾ ਸੀ, ਤਾਂ ਉਸ ਨੂੰ ਭਰੋਸਾ ਨਹੀਂ ਸੀ ਹੁੰਦਾ ਕਿ ਉਹ ਠੀਕ ਕਰ ਰਿਹਾ ਸੀ ਜਾਂ ਨਹੀਂ। ਇਸ ਕਰਕੇ ਉਹ ਘਬਰਾ ਜਾਂਦਾ ਸੀ। ਲੂਡੋਵਿਕ ਦੱਸਦਾ ਹੈ: “ਪਰ ਮੈਂ ਦੇਖਿਆ ਕਿ ਉਹ ਬਹੁਤ ਚੰਗਾ ਸੀ ਤੇ ਦੂਜਿਆਂ ਦੀ ਮਦਦ ਕਰਨੀ ਚਾਹੁੰਦਾ ਸੀ।” ਇਸ ਲਈ ਜੂਲੀਅਨ ਵਿਚ ਨੁਕਸ ਕੱਢਣ ਦੀ ਬਜਾਇ ਲੂਡੋਵਿਕ ਨੇ ਉਸ ਦੇ ਚੰਗੇ ਗੁਣਾਂ ਵੱਲ ਧਿਆਨ ਲਾਇਆ ਤੇ ਉਸ ਨੂੰ ਹੱਲਾਸ਼ੇਰੀ ਦਿੱਤੀ। ਨਤੀਜੇ ਵਜੋਂ, ਜੂਲੀਅਨ ਤਰੱਕੀ ਕਰ ਕੇ ਸਹਾਇਕ ਸੇਵਕ ਬਣ ਗਿਆ ਤੇ ਹੁਣ ਉਹ ਰੈਗੂਲਰ ਪਾਇਨੀਅਰਿੰਗ ਕਰਦਾ ਹੈ।

ਤਰੱਕੀ ਕਰਨ ਵਿਚ ਉਨ੍ਹਾਂ ਦੀ ਮਦਦ ਕਰੋ

12. ਭਰਾਵਾਂ ਦੀ ਤਰੱਕੀ ਕਰਨ ਵਿਚ ਮਦਦ ਕਰਨ ਲਈ ਕੀ ਕਰਨ ਦੀ ਲੋੜ ਹੈ? ਮਿਸਾਲ ਦਿਓ।

12 ਜੇ ਅਸੀਂ ਦੂਜਿਆਂ ਦੀ ਤਰੱਕੀ ਕਰਨ ਵਿਚ ਮਦਦ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਉਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਜੂਲੀਅਨ ਦੇ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਸ਼ਾਇਦ ਸਾਨੂੰ ਕਿਸੇ ਦੇ ਚੰਗੇ ਗੁਣਾਂ ਤੇ ਕਾਬਲੀਅਤਾਂ ਨੂੰ ਦੇਖਣ ਲਈ ਉਸ ਦੀਆਂ ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰਨਾ ਪਵੇ। ਉਸ ਦੀਆਂ ਕਾਬਲੀਅਤਾਂ ਨੂੰ ਹੋਰ ਨਿਖਾਰਨ ਵਿਚ ਅਸੀਂ ਉਸ ਦੀ ਮਦਦ ਕਰ ਸਕਦੇ ਹਾਂ। ਯਿਸੂ ਮਸੀਹ ਨੇ ਵੀ ਪਤਰਸ ਰਸੂਲ ਦੀਆਂ ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰ ਕੇ ਉਸ ਦੇ ਚੰਗੇ ਗੁਣ ਦੇਖੇ ਸਨ। ਭਾਵੇਂ ਕਿ ਕਈ ਵਾਰ ਪਤਰਸ ਨਿਹਚਾ ਵਿਚ ਡਾਵਾਂ-ਡੋਲ ਹੋ ਜਾਂਦਾ ਸੀ, ਪਰ ਯਿਸੂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਚਟਾਨ ਦੀ ਤਰ੍ਹਾਂ ਮਜ਼ਬੂਤ ਬਣ ਜਾਵੇਗਾ।ਯੂਹੰ. 1:42, ਫੁਟਨੋਟ।

13, 14. (ੳ) ਬਰਨਾਬਾਸ ਨੇ ਨੌਜਵਾਨ ਮਰਕੁਸ ਸੰਬੰਧੀ ਸਮਝਦਾਰੀ ਕਿਵੇਂ ਦਿਖਾਈ? (ਅ) ਮਰਕੁਸ ਦੀ ਤਰ੍ਹਾਂ ਇਕ ਨੌਜਵਾਨ ਭਰਾ ਦੀ ਕਿਵੇਂ ਮਦਦ ਕੀਤੀ ਗਈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

13 ਬਰਨਾਬਾਸ ਨੇ ਵੀ ਯੂਹੰਨਾ ਉਰਫ਼ ਮਰਕੁਸ ਸੰਬੰਧੀ ਇਸੇ ਤਰ੍ਹਾਂ ਸਮਝਦਾਰੀ ਦਿਖਾਈ। (ਰਸੂ. 12:25) ਪੌਲੁਸ ਦੇ ਪਹਿਲੇ ਮਿਸ਼ਨਰੀ ਦੌਰੇ ਦੌਰਾਨ ਬਰਨਾਬਾਸ ਤੇ ਮਰਕੁਸ ਉਸ ਦੇ ਨਾਲ ਸਨ। ਮਰਕੁਸ ਉਨ੍ਹਾਂ ਦੀ “ਸੇਵਾ” ਕਰਦਾ ਸੀ ਅਤੇ ਉਨ੍ਹਾਂ ਦੀਆਂ ਲੋੜਾਂ ਦਾ ਖ਼ਿਆਲ ਰੱਖਦਾ ਸੀ। ਪਰ ਜਦੋਂ ਉਹ ਪਮਫੀਲੀਆ ਪਹੁੰਚੇ, ਤਾਂ ਅਚਾਨਕ ਮਰਕੁਸ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ। ਉਨ੍ਹਾਂ ਨੂੰ ਉਸ ਤੋਂ ਬਿਨਾਂ ਹੀ ਐਸੇ ਇਲਾਕੇ ਵਿੱਚੋਂ ਗੁਜ਼ਰਨਾ ਪਿਆ ਜੋ ਲੁਟੇਰਿਆਂ ਕਰਕੇ ਮਸ਼ਹੂਰ ਸੀ। (ਰਸੂ. 13:5, 13) ਬਰਨਾਬਾਸ ਨੇ ਮਰਕੁਸ ਬਾਰੇ ਕੀ ਸੋਚਿਆ? ਉਸ ਨੇ ਮਰਕੁਸ ਦੀਆਂ ਕਮੀਆਂ ਦੀ ਬਜਾਇ ਉਸ ਦੇ ਚੰਗੇ ਗੁਣਾਂ ਵੱਲ ਧਿਆਨ ਲਾਇਆ। ਉਸ ਨੇ ਇੱਦਾਂ ਨਹੀਂ ਸੋਚਿਆ ਕਿ ਮਰਕੁਸ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਦੇ ਉਲਟ, ਉਸ ਨੇ ਬਾਅਦ ਵਿਚ ਮਰਕੁਸ ਨੂੰ ਟ੍ਰੇਨਿੰਗ ਦਿੱਤੀ ਤੇ ਨਤੀਜੇ  ਵਜੋਂ ਉਹ ਇਕ ਸਮਝਦਾਰ ਮਸੀਹੀ ਬਣਿਆ। (ਰਸੂ. 15:37-39) ਜਦੋਂ ਪੌਲੁਸ ਰੋਮ ਦੀ ਜੇਲ੍ਹ ਵਿਚ ਸੀ, ਤਾਂ ਮਰਕੁਸ ਵੀ ਰੋਮ ਵਿਚ ਸੀ। ਉਸ ਨੇ ਪੌਲੁਸ ਨਾਲ ਮਿਲ ਕੇ ਕੁਲੁੱਸੈ ਦੀ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਪਿਆਰ ਭੇਜਿਆ ਤੇ ਪੌਲੁਸ ਨੇ ਉਸ ਬਾਰੇ ਚੰਗੀਆਂ ਗੱਲਾਂ ਕਹੀਆਂ। (ਕੁਲੁ. 4:10) ਜ਼ਰਾ ਸੋਚੋ ਕਿ ਬਰਨਾਬਾਸ ਨੂੰ ਕਿੰਨੀ ਖ਼ੁਸ਼ੀ ਹੋਈ ਹੋਣੀ ਜਦੋਂ ਪੌਲੁਸ ਨੇ ਮਰਕੁਸ ਦੀ ਮਦਦ ਮੰਗੀ ਸੀ।2 ਤਿਮੋ. 4:11.

14 ਆਲੈਕਜ਼ਾਂਡਰ, ਜੋ ਥੋੜ੍ਹਾ ਸਮਾਂ ਪਹਿਲਾਂ ਹੀ ਬਜ਼ੁਰਗ ਬਣਿਆ ਹੈ, ਯਾਦ ਕਰਦਾ ਹੈ ਕਿ ਇਕ ਭਰਾ ਨੇ ਸਮਝਦਾਰੀ ਦਿਖਾਉਂਦੇ ਹੋਏ ਉਸ ਦੀ ਮਦਦ ਕੀਤੀ। ਉਹ ਦੱਸਦਾ ਹੈ: “ਜਦੋਂ ਮੈਂ ਨੌਜਵਾਨ ਸੀ, ਤਾਂ ਮੇਰੇ ਲਈ ਸਾਰਿਆਂ ਸਾਮ੍ਹਣੇ ਪ੍ਰਾਰਥਨਾ ਕਰਨੀ ਬਹੁਤ ਔਖੀ ਸੀ। ਇਕ ਬਜ਼ੁਰਗ ਨੇ ਮੈਨੂੰ ਦੱਸਿਆ ਕਿ ਮੈਂ ਆਪਣੇ ਆਪ ਨੂੰ ਤਿਆਰ ਕਰ ਕੇ ਆਪਣੀ ਘਬਰਾਹਟ ਦੂਰ ਕਿਵੇਂ ਕਰ ਸਕਦਾ ਹਾਂ। ਉਸ ਨੇ ਮੈਨੂੰ ਪ੍ਰਚਾਰ ਲਈ ਕੀਤੀਆਂ ਜਾਂਦੀਆਂ ਸਭਾਵਾਂ ਵਿਚ ਪ੍ਰਾਰਥਨਾ ਕਰਨ ਲਈ ਕਹਿਣਾ ਨਹੀਂ ਛੱਡਿਆ, ਸਗੋਂ ਉਸ ਨੇ ਮੈਨੂੰ ਬਾਕਾਇਦਾ ਪ੍ਰਾਰਥਨਾ ਕਰਨ ਦੇ ਮੌਕੇ ਦਿੱਤੇ। ਸਮੇਂ ਦੇ ਬੀਤਣ ਨਾਲ ਮੇਰੇ ਲਈ ਪ੍ਰਾਰਥਨਾ ਕਰਨੀ ਸੌਖੀ ਹੋ ਗਈ।”

15. ਪੌਲੁਸ ਨੇ ਕਿਵੇਂ ਦਿਖਾਇਆ ਕਿ ਉਹ ਆਪਣੇ ਭੈਣਾਂ-ਭਰਾਵਾਂ ਦੀ ਕਦਰ ਕਰਦਾ ਸੀ?

15 ਜਦੋਂ ਅਸੀਂ ਕਿਸੇ ਮਸੀਹੀ ਵਿਚ ਕੋਈ ਚੰਗਾ ਗੁਣ ਦੇਖਦੇ ਹਾਂ, ਤਾਂ ਕੀ ਅਸੀਂ ਉਸ ਦੀ ਤਾਰੀਫ਼ ਕਰਦੇ ਹਾਂ? ਰੋਮੀਆਂ ਦੇ 16ਵੇਂ ਅਧਿਆਇ ਵਿਚ ਪੌਲੁਸ ਨੇ 20 ਤੋਂ ਜ਼ਿਆਦਾ ਭੈਣਾਂ-ਭਰਾਵਾਂ ਦਾ ਉਨ੍ਹਾਂ ਦੇ ਗੁਣਾਂ ਕਰਕੇ ਜ਼ਿਕਰ ਕੀਤਾ। ਇਨ੍ਹਾਂ ਗੁਣਾਂ ਕਰਕੇ ਇਹ ਭੈਣ-ਭਰਾ ਉਸ ਨੂੰ ਬਹੁਤ ਪਿਆਰੇ ਸਨ। (ਰੋਮੀ. 16:3-7, 13) ਮਿਸਾਲ ਲਈ, ਪੌਲੁਸ ਨੇ ਅੰਦਰੁਨਿਕੁਸ ਤੇ ਯੂਨਿਆਸ ਬਾਰੇ ਦੱਸਿਆ ਕਿ ਉਹ ਉਸ ਤੋਂ ਪਹਿਲਾਂ ਤੋਂ ਮਸੀਹ ਦੀ ਸੇਵਾ ਕਰ ਰਹੇ ਸਨ ਤੇ ਉਨ੍ਹਾਂ ਦੀ ਤਾਰੀਫ਼ ਕੀਤੀ ਕਿ ਉਨ੍ਹਾਂ ਨੇ ਦੁੱਖ ਝੱਲੇ ਸਨ। ਪੌਲੁਸ ਨੇ ਰੂਫੁਸ ਦੀ ਮਾਤਾ ਦਾ ਵੀ ਜ਼ਿਕਰ ਕੀਤਾ ਜਿਸ ਨੇ ਸ਼ਾਇਦ ਉਸ ਦੀ ਪਿਆਰ ਨਾਲ ਦੇਖ-ਭਾਲ ਕੀਤੀ ਸੀ।

ਫ੍ਰੇਡੇਰੀਕ (ਖੱਬੇ) ਨੇ ਯਹੋਵਾਹ ਦੀ ਸੇਵਾ ਕਰਦੇ ਰਹਿਣ ਵਿਚ ਰੀਕੋ ਦੀ ਮਦਦ ਕੀਤੀ (ਪੈਰਾ 16 ਦੇਖੋ)

16. ਬੱਚਿਆਂ ਦੀ ਤਾਰੀਫ਼ ਕਰਨ ਦਾ ਕੀ ਨਤੀਜਾ ਨਿਕਲ ਸਕਦਾ ਹੈ?

16 ਜਦੋਂ ਅਸੀਂ ਵੀ ਦੂਜਿਆਂ ਦੀ ਤਾਰੀਫ਼ ਕਰਦੇ ਹਾਂ, ਤਾਂ ਇਸ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ। ਜ਼ਰਾ ਛੋਟੇ ਮੁੰਡੇ ਰੀਕੋ ਦੀ ਮਿਸਾਲ ’ਤੇ ਗੌਰ ਕਰੋ ਜੋ ਫਰਾਂਸ ਦਾ ਰਹਿਣ ਵਾਲਾ ਹੈ। ਉਹ ਬਹੁਤ ਨਿਰਾਸ਼ ਸੀ ਕਿਉਂਕਿ ਉਸ ਦਾ ਪਿਤਾ ਸੱਚਾਈ ਵਿਚ ਨਹੀਂ ਸੀ ਤੇ ਉਸ ਦਾ ਵਿਰੋਧ ਕਰਦਾ ਸੀ ਕਿ ਉਹ ਬਪਤਿਸਮਾ ਨਾ ਲਵੇ। ਰੀਕੋ ਨੇ ਸੋਚਿਆ ਕਿ ਉਹ ਉਦੋਂ ਬਪਤਿਸਮਾ ਲਵੇਗਾ ਜਦੋਂ ਉਹ 18 ਸਾਲਾਂ ਦਾ ਹੋ ਜਾਵੇਗਾ। ਉਹ ਇਸ ਲਈ ਵੀ ਉਦਾਸ ਸੀ ਕਿਉਂਕਿ ਸਕੂਲ ਵਿਚ ਉਸ ਦਾ ਮਜ਼ਾਕ ਉਡਾਇਆ ਜਾਂਦਾ ਸੀ। ਮੰਡਲੀ ਦੇ ਬਜ਼ੁਰਗ ਫ੍ਰੇਡੇਰੀਕ ਨੂੰ ਉਸ ਨਾਲ ਬਾਈਬਲ ਸਟੱਡੀ ਕਰਨ ਬਾਰੇ ਪੁੱਛਿਆ ਗਿਆ। ਉਹ ਦੱਸਦਾ ਹੈ: “ਮੈਂ ਰੀਕੋ ਦੀ ਤਾਰੀਫ਼ ਕੀਤੀ ਕਿ ਵਿਰੋਧਤਾ ਦੇ ਬਾਵਜੂਦ ਵੀ ਉਹ ਦਲੇਰੀ ਨਾਲ ਆਪਣੇ ਵਿਸ਼ਵਾਸਾਂ ਬਾਰੇ ਦੂਜਿਆਂ ਨੂੰ ਦੱਸਦਾ ਹੈ।” ਇਨ੍ਹਾਂ ਤਾਰੀਫ਼ ਦੇ ਸ਼ਬਦਾਂ ਕਰਕੇ ਰੀਕੋ ਨੇ ਸੱਚਾਈ ਵਿਚ ਤਰੱਕੀ ਕਰਨ ਦਾ ਪੱਕਾ ਇਰਾਦਾ ਕੀਤਾ ਤੇ ਉਸ ਨੇ ਆਪਣੇ ਪਿਤਾ ਜੀ ਨਾਲ ਆਪਣੇ ਰਿਸ਼ਤੇ ਨੂੰ ਸੁਧਾਰਿਆ। ਉਸ ਨੇ 12 ਸਾਲ ਦੀ ਉਮਰ ਵਿਚ ਬਪਤਿਸਮਾ ਲੈ ਲਿਆ।

ਜਰੋਮ (ਸੱਜੇ) ਨੇ ਰਾਇਨ ਦੀ ਮਦਦ ਕੀਤੀ ਤਾਂਕਿ ਉਹ ਮਿਸ਼ਨਰੀ ਸੇਵਾ ਕਰ ਸਕੇ (ਪੈਰਾ 17 ਦੇਖੋ)

17. (ੳ) ਅਸੀਂ ਆਪਣੇ ਭਰਾਵਾਂ ਦੀ ਤਰੱਕੀ ਕਰਨ ਵਿਚ ਮਦਦ ਕਿਵੇਂ ਕਰ ਸਕਦੇ ਹਾਂ? (ਅ) ਇਕ ਮਿਸ਼ਨਰੀ ਨੇ ਨੌਜਵਾਨ ਭਰਾਵਾਂ ਦੀ ਮਦਦ ਕਿਵੇਂ ਕੀਤੀ ਤੇ ਇਸ ਦਾ ਕੀ ਨਤੀਜਾ ਨਿਕਲਿਆ?

17 ਹਰ ਵਾਰੀ ਜਦੋਂ ਅਸੀਂ ਭਰਾਵਾਂ ਦੀ ਵਧੀਆ ਭਾਸ਼ਣ ਦੇਣ ਜਾਂ ਕੋਈ ਹੋਰ ਵਧੀਆ ਕੰਮ ਕਰਨ ਕਰਕੇ ਤਾਰੀਫ਼ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਹੋਰ ਜ਼ਿਆਦਾ ਕਰਨ ਦੀ ਹੱਲਾਸ਼ੇਰੀ ਦਿੰਦੇ ਹਾਂ। ਸਿਲਵੀ * ਫਰਾਂਸ ਬੈਥਲ ਵਿਚ ਕਈ ਸਾਲਾਂ ਤੋਂ ਸੇਵਾ ਕਰ ਰਹੀ ਹੈ। ਉਹ  ਕਹਿੰਦੀ ਹੈ ਕਿ ਭੈਣਾਂ ਵੀ ਭਰਾਵਾਂ ਦੀ ਤਾਰੀਫ਼ ਕਰ ਸਕਦੀਆਂ ਹਨ। ਉਸ ਨੇ ਕਿਹਾ ਕਿ ਭੈਣਾਂ ਸ਼ਾਇਦ ਉਹ ਗੱਲਾਂ ਨੋਟਿਸ ਕਰਨ ਜੋ ਭਰਾ ਨਾ ਕਰਨ। ਇਸ ਤਰ੍ਹਾਂ ਭੈਣਾਂ ਦੇ “ਹੌਸਲਾ ਦੇਣ ਵਾਲੇ ਸ਼ਬਦਾਂ ਅਤੇ ਤਜਰਬੇਕਾਰ ਭਰਾਵਾਂ ਵੱਲੋਂ ਕੀਤੀ ਗਈ ਤਾਰੀਫ਼ ਨਾਲ ਸਾਡੇ ਭਰਾਵਾਂ ਦਾ ਹੌਸਲਾ ਵਧਦਾ ਹੈ।” ਉਹ ਅੱਗੇ ਕਹਿੰਦੀ ਹੈ: “ਦੂਜਿਆਂ ਦੀ ਤਾਰੀਫ਼ ਕਰਨੀ ਮੇਰਾ ਫ਼ਰਜ਼ ਬਣਦਾ ਹੈ।” (ਕਹਾ. 3:27) ਭਰਾ ਜਰੋਮ ਫ਼੍ਰੈਂਚ ਗੀਆਨਾ ਵਿਚ ਮਿਸ਼ਨਰੀ ਵਜੋਂ ਸੇਵਾ ਕਰਦਾ ਹੈ। ਉਸ ਨੇ ਕਈ ਨੌਜਵਾਨ ਭਰਾਵਾਂ ਦੀ ਮਦਦ ਕੀਤੀ ਤਾਂਕਿ ਉਹ ਮਿਸ਼ਨਰੀ ਸੇਵਾ ਕਰ ਸਕਣ। ਉਹ ਕਹਿੰਦਾ ਹੈ: “ਮੈਂ ਦੇਖਿਆ ਹੈ ਕਿ ਜਦੋਂ ਮੈਂ ਪ੍ਰਚਾਰ ਵਿਚ ਨੌਜਵਾਨਾਂ ਦੀ ਕਿਸੇ ਖ਼ਾਸ ਗੱਲ ਜਾਂ ਮੀਟਿੰਗਾਂ ਵਿਚ ਉਨ੍ਹਾਂ ਵੱਲੋਂ ਦਿੱਤੇ ਗਏ ਵਧੀਆ ਜਵਾਬਾਂ ਦੀ ਤਾਰੀਫ਼ ਕਰਦਾ ਹਾਂ, ਤਾਂ ਉਨ੍ਹਾਂ ਦਾ ਆਪਣੇ ’ਤੇ ਭਰੋਸਾ ਵਧਦਾ ਹੈ। ਨਤੀਜੇ ਵਜੋਂ, ਉਹ ਹੋਰ ਜ਼ਿਆਦਾ ਤਰੱਕੀ ਕਰਦੇ ਹਨ।”

18. ਨੌਜਵਾਨ ਭਰਾਵਾਂ ਨਾਲ ਕੰਮ ਕਰਨਾ ਕਿਉਂ ਫ਼ਾਇਦੇਮੰਦ ਹੈ?

18 ਅਸੀਂ ਵੀ ਆਪਣੇ ਭੈਣਾਂ-ਭਰਾਵਾਂ ਨਾਲ ਕੰਮ ਕਰਕੇ ਉਨ੍ਹਾਂ ਦੀ ਸੱਚਾਈ ਵਿਚ ਤਰੱਕੀ ਕਰਨ ਵਿਚ ਮਦਦ ਕਰ ਸਕਦੇ ਹਾਂ। ਮੰਡਲੀ ਵਿਚ ਸ਼ਾਇਦ ਕੁਝ ਬਜ਼ੁਰਗ ਭੈਣਾਂ-ਭਰਾਵਾਂ ਕੋਲ ਕੰਪਿਊਟਰ ਨਾ ਹੋਵੇ। ਉਨ੍ਹਾਂ ਵਾਸਤੇ ਮੰਡਲੀ ਦਾ ਇਕ ਬਜ਼ੁਰਗ ਸ਼ਾਇਦ ਕੰਪਿਊਟਰ ਚਲਾਉਣ ਵਾਲੇ ਨੌਜਵਾਨ ਭਰਾ ਨੂੰ jw.org ਤੋਂ ਹੌਸਲਾ ਦੇਣ ਵਾਲੀ ਜਾਣਕਾਰੀ ਪ੍ਰਿੰਟ ਕਰਨ ਲਈ ਕਹਿ ਸਕਦਾ ਹੈ। ਜਾਂ ਜੇ ਤੁਸੀਂ ਕਿੰਗਡਮ ਹਾਲ ਵਿਚ ਸਫ਼ਾਈ ਜਾਂ ਮੁਰੰਮਤ ਦਾ ਕੰਮ ਕਰ ਰਹੇ ਹੋ, ਤਾਂ ਕਿਉਂ ਨਾ ਕਿਸੇ ਨੌਜਵਾਨ ਭਰਾ ਨੂੰ ਆਪਣੇ ਨਾਲ ਕੰਮ ਕਰਨ ਲਈ ਬੁਲਾਓ? ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਨੌਜਵਾਨ ਭਰਾਵਾਂ ਵੱਲ ਧਿਆਨ ਦੇਣ ਦਾ, ਉਨ੍ਹਾਂ ਦੀ ਤਾਰੀਫ਼ ਕਰਨ ਦਾ ਅਤੇ ਉਨ੍ਹਾਂ ਨੂੰ ਤਰੱਕੀ ਕਰਦਿਆਂ ਦੇਖਣ ਦਾ ਮੌਕਾ ਮਿਲੇਗਾ।ਕਹਾ. 15:23.

ਭਵਿੱਖ ਲਈ ਯੋਜਨਾ

19, 20. ਸਾਨੂੰ ਦੂਜਿਆਂ ਦੀ ਤਰੱਕੀ ਕਰਨ ਵਿਚ ਮਦਦ ਕਿਉਂ ਕਰਨੀ ਚਾਹੀਦੀ ਹੈ?

19 ਜਦੋਂ ਯਹੋਵਾਹ ਨੇ ਯਹੋਸ਼ੁਆ ਨੂੰ ਇਜ਼ਰਾਈਲੀਆਂ ਦੀ ਅਗਵਾਈ ਕਰਨ ਲਈ ਚੁਣਿਆ, ਤਾਂ ਉਸ ਨੇ ਮੂਸਾ ਨੂੰ ਹੁਕਮ ਦਿੱਤਾ ਕਿ ਉਹ ਯਹੋਸ਼ੁਆ ਨੂੰ “ਤਕੜਾ” ਕਰੇ ਅਤੇ ਉਸ ਨੂੰ “ਬਲ” ਦੇਵੇ। (ਬਿਵਸਥਾ ਸਾਰ 3:28 ਪੜ੍ਹੋ।) ਅੱਜ ਬਹੁਤ ਸਾਰੇ ਲੋਕ ਪੂਰੀ ਦੁਨੀਆਂ ਦੀਆਂ ਮੰਡਲੀਆਂ ਵਿਚ ਆ ਰਹੇ ਹਨ। ਸਿਰਫ਼ ਬਜ਼ੁਰਗ ਹੀ ਨਹੀਂ, ਸਗੋਂ ਸਾਰੇ ਤਜਰਬੇਕਾਰ ਭੈਣ-ਭਰਾ ਨੌਜਵਾਨ ਜਾਂ ਨਵੇਂ ਬਪਤਿਸਮਾ-ਪ੍ਰਾਪਤ ਭਰਾਵਾਂ ਦੀ ਤਰੱਕੀ ਕਰਨ ਵਿਚ ਮਦਦ ਕਰ ਸਕਦੇ ਹਨ। ਇਸ ਤਰ੍ਹਾਂ ਜ਼ਿਆਦਾ ਤੋਂ ਜ਼ਿਆਦਾ ਭੈਣ-ਭਰਾ ਫੁੱਲ-ਟਾਈਮ ਸੇਵਾ ਕਰਨਗੇ ਤੇ ਜ਼ਿਆਦਾ ਤੋਂ ਜ਼ਿਆਦਾ ਭਰਾ “ਦੂਸਰਿਆਂ ਨੂੰ ਸਿਖਾਉਣ ਦੇ ਕਾਬਲ” ਬਣਨਗੇ।2 ਤਿਮੋ. 2:2.

20 ਚਾਹੇ ਸਾਡੀ ਮੰਡਲੀ ਵੱਡੀ ਹੋਵੇ ਤੇ ਉਸ ਵਿਚ ਜ਼ਿਆਦਾ ਤਜਰਬੇਕਾਰ ਭਰਾ ਹੋਣ ਜਾਂ ਅਸੀਂ ਕਿਸੇ ਛੋਟੇ ਗਰੁੱਪ ਦਾ ਹਿੱਸਾ ਹੋਈਏ, ਆਓ ਅਸੀਂ ਸਾਰੇ ਭਵਿੱਖ ਲਈ ਯੋਜਨਾ ਬਣਾਈਏ। ਇਸ ਤਰ੍ਹਾਂ ਕਰਨ ਲਈ ਸਾਨੂੰ ਯਹੋਵਾਹ ਦੀ ਰੀਸ ਕਰਨ ਦੀ ਲੋੜ ਹੈ ਜੋ ਆਪਣੇ ਸੇਵਕਾਂ ਵਿਚ ਹਮੇਸ਼ਾ ਚੰਗੇ ਗੁਣ ਦੇਖਦਾ ਹੈ।

^ ਪੇਰਗ੍ਰੈਫ 17 ਨਾਂ ਬਦਲਿਆ ਗਿਆ ਹੈ।