ਤਰੱਕੀ ਕਰਨ ਲਈ “ਆਪਣੇ ਪੈਰਾਂ ਲਈ ਰਾਹ ਨੂੰ ਪੱਧਰਾ ਕਰ”
ਜਦੋਂ ਇਜ਼ਰਾਈਲੀ 537 ਈ. ਪੂ. ਵਿਚ ਬਾਬਲ ਤੋਂ ਤੁਰੇ ਸਨ, ਤਾਂ ਯਹੋਵਾਹ ਨੇ ਯਰੂਸ਼ਲਮ ਨੂੰ ਜਾਣ ਵਾਲੇ ਰਸਤੇ ਨੂੰ ਠੀਕ ਕਰਨ ਦਾ ਹੁਕਮ ਦਿੱਤਾ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਲੋਕਾਂ ਦਾ ਰਸਤਾ ਤਿਆਰ ਕਰੋ, ਭਰਤੀ ਪਾਓ, ਸ਼ਾਹੀ ਸੜਕ ਉੱਤੇ ਭਰਤੀ ਪਾਓ! ਪੱਥਰਾਂ ਨੂੰ ਕੱਢ ਸੁੱਟੋ।” (ਯਸਾ. 62:10) ਸ਼ਾਇਦ ਕੁਝ ਯਹੂਦੀ ਇਹ ਕੰਮ ਕਰਨ ਲਈ ਅੱਗੇ-ਅੱਗੇ ਗਏ ਹੋਣੇ। ਉਨ੍ਹਾਂ ਨੇ ਟੋਇਆਂ ਨੂੰ ਭਰਿਆ ਹੋਣਾ ਤੇ ਉੱਚੀਆਂ-ਨੀਵੀਆਂ ਥਾਵਾਂ ਨੂੰ ਪੱਧਰਾ ਕੀਤਾ ਹੋਣਾ। ਇਸ ਤਰ੍ਹਾਂ ਉਨ੍ਹਾਂ ਨੇ ਇਜ਼ਰਾਈਲੀਆਂ ਵਾਸਤੇ ਆਪਣੇ ਦੇਸ਼ ਜਾਣ ਲਈ ਰਾਹ ਤਿਆਰ ਕੀਤਾ।
ਇਸੇ ਤਰ੍ਹਾਂ ਅਸੀਂ ਯਹੋਵਾਹ ਦੀ ਸੇਵਾ ਵਿਚ ਰੱਖੇ ਟੀਚੇ ਹਾਸਲ ਕਰਨ ਲਈ ਆਪਣੇ ਰਾਹ ਨੂੰ ਤਿਆਰ ਕਰ ਸਕਦੇ ਹਾਂ। ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸਾਰੇ ਸੇਵਕ ਬਿਨਾਂ ਕਿਸੇ ਰੁਕਾਵਟ ਦੇ ਇਸ ਰਾਹ ਉੱਤੇ ਚੱਲਣ। ਉਸ ਦਾ ਬਚਨ ਹੱਲਾਸ਼ੇਰੀ ਦਿੰਦਾ ਹੈ: “ਆਪਣੇ ਪੈਰਾਂ ਲਈ ਰਾਹ ਨੂੰ ਪੱਧਰਾ ਕਰ, ਤਾਂ ਤੇਰੇ ਸਾਰੇ ਪਹੇ ਕਾਇਮ ਹੋਣਗੇ।” (ਕਹਾ. 4:26) ਅਸੀਂ ਸਾਰੇ ਵੱਡੇ-ਛੋਟੇ ਪਰਮੇਸ਼ੁਰ ਦੀ ਇਸ ਸਲਾਹ ਤੋਂ ਫ਼ਾਇਦਾ ਲੈ ਸਕਦੇ ਹਾਂ।
ਸਹੀ ਫ਼ੈਸਲੇ ਕਰ ਕੇ ਆਪਣਾ ਰਾਹ ਤਿਆਰ ਕਰੋ
ਬਾਈਬਲ ਕਹਿੰਦੀ ਹੈ: “ਜੁਆਨਾਂ ਦੀ ਸੋਭਾ ਤਾਂ ਉਨ੍ਹਾਂ ਦਾ ਬਲ ਹੈ।” (ਕਹਾ. 20:29) ਜ਼ਿਆਦਾਤਰ ਨੌਜਵਾਨ ਸਿਹਤਮੰਦ, ਜੋਸ਼ੀਲੇ, ਹੁਸ਼ਿਆਰ ਅਤੇ ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਉਤਾਵਲੇ ਹੁੰਦੇ ਹਨ। ਵੱਡੇ ਉਨ੍ਹਾਂ ਦੀ ਕਾਬਲੀਅਤ ਤੇ ਹੁਨਰ ਦੇਖ ਸਕਦੇ ਹਨ ਤੇ ਉਮੀਦ ਰੱਖਦੇ ਹਨ ਕਿ ਉਹ ਆਪਣੀ ਜ਼ਿੰਦਗੀ ਵਿਚ ਤਰੱਕੀ ਕਰਨ। ਜਿਹੜੇ ਨੌਜਵਾਨ ਯਹੋਵਾਹ ਦੀ ਸੇਵਾ ਵਿਚ ਆਪਣੇ ਹੁਨਰ ਅਤੇ ਤਾਕਤ ਲਗਾਉਂਦੇ ਹਨ, ਉਹ ਆਪਣੇ ਟੀਚੇ ਹਾਸਲ ਕਰ ਸਕਦੇ ਹਨ ਤੇ ਸੱਚੀ ਖ਼ੁਸ਼ੀ ਪਾ ਸਕਦੇ ਹਨ।
ਦੁਨੀਆਂ ਵਿਚ ਨੌਜਵਾਨ ਗਵਾਹਾਂ ਦੀ ਕਾਬਲੀਅਤ ਦੀ ਬਹੁਤ ਕਦਰ ਕੀਤੀ ਜਾਂਦੀ ਹੈ। ਜਦੋਂ ਕੋਈ ਨੌਜਵਾਨ ਗਵਾਹ ਸਕੂਲੇ ਪੜ੍ਹਨ ਵਿਚ ਹੁਸ਼ਿਆਰ ਹੁੰਦਾ ਹੈ, ਤਾਂ ਉਸ ਦਾ ਟੀਚਰ, ਦੋਸਤ ਜਾਂ ਹੋਰ ਲੋਕ ਸ਼ਾਇਦ ਉਸ ’ਤੇ ਉੱਚੀ ਪੜ੍ਹਾਈ ਕਰਨ ਦਾ ਦਬਾਅ ਪਾਉਣ ਤਾਂਕਿ ਉਹ ਦੁਨੀਆਂ ਵਿਚ ਕਾਮਯਾਬ ਹੋ ਸਕੇ। ਜਾਂ ਕੋਈ ਨੌਜਵਾਨ ਭੈਣ ਜਾਂ ਭਰਾ ਖੇਡਣ-ਕੁੱਦਣ ਵਿਚ ਜ਼ਿਆਦਾ ਹੁਸ਼ਿਆਰ ਹੁੰਦਾ ਹੈ, ਤਾਂ ਸ਼ਾਇਦ ਉਸ ਨੂੰ ਖੇਡਾਂ ਵਿਚ ਕੈਰੀਅਰ ਬਣਾਉਣ ਲਈ ਕਿਹਾ ਜਾਵੇ। ਕੀ ਤੁਹਾਡੇ ਨਾਲ ਜਾਂ ਤੁਹਾਡੇ ਕਿਸੇ ਜਾਣ-ਪਛਾਣ ਵਾਲੇ ਨਾਲ ਇਸ ਤਰ੍ਹਾਂ ਹੋਇਆ ਹੈ? ਕਿਹੜੀ ਚੀਜ਼ ਇਕ ਮਸੀਹੀ ਦੀ ਸਮਝਦਾਰੀ ਨਾਲ ਫ਼ੈਸਲੇ ਕਰਨ ਵਿਚ ਮਦਦ ਕਰ ਸਕਦੀ ਹੈ?
ਬਾਈਬਲ ਦੀਆਂ ਸਿੱਖਿਆਵਾਂ ਸਾਡੀ ਸਹੀ ਰਾਹ ਉੱਤੇ ਚੱਲਣ ਵਿਚ ਮਦਦ ਕਰ ਸਕਦੀਆਂ ਹਨ ਜਿਸ ਉੱਤੇ ਚੱਲ ਕੇ ਸਾਡਾ ਭਵਿੱਖ ਵਧੀਆ ਹੋਵੇਗਾ। ਉਪਦੇਸ਼ਕ 12:1 ਵਿਚ ਕਿਹਾ ਗਿਆ ਹੈ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।” ਤੁਸੀਂ ਜਾਂ ਨੌਜਵਾਨ ਕਿਵੇਂ ‘ਆਪਣੇ ਕਰਤਾਰ ਨੂੰ ਚੇਤੇ ਰੱਖ’ ਸਕਦੇ ਹਨ?
ਧਿਆਨ ਦਿਓ ਕਿ ਪੱਛਮੀ ਅਫ਼ਰੀਕਾ ਦੇ ਰਹਿਣ ਵਾਲੇ ਐਰਿਕ * ਨਾਲ ਕੀ ਹੋਇਆ। ਉਸ ਨੂੰ ਫੁਟਬਾਲ ਖੇਡਣ ਦਾ ਬਹੁਤ ਸ਼ੌਂਕ ਸੀ। ਜਦੋਂ ਉਹ 15 ਸਾਲਾਂ ਦਾ ਸੀ, ਤਾਂ ਉਸ ਨੂੰ ਨੈਸ਼ਨਲ ਟੀਮ ਵਿਚ ਖੇਡਣ ਲਈ ਚੁਣਿਆ ਗਿਆ। ਇਸ ਦਾ ਮਤਲਬ ਸੀ ਕਿ ਉਸ ਨੂੰ ਜਲਦੀ ਹੀ ਯੂਰਪ ਵਿਚ ਵਧੀਆ ਤੋਂ ਵਧੀਆ ਟ੍ਰੇਨਿੰਗ ਲੈਣ ਦਾ ਮੌਕਾ ਮਿਲ ਸਕਦਾ ਸੀ ਤੇ ਉਹ ਪ੍ਰੋਫ਼ੈਸ਼ਨਲ ਖਿਡਾਰੀ ਬਣ ਸਕਦਾ ਸੀ। ਪਰ ਉਹ ‘ਆਪਣੇ ਕਰਤਾਰ ਨੂੰ ਚੇਤੇ ਰੱਖਣ’ ਦੀ ਸਲਾਹ ਉੱਤੇ ਕਿਵੇਂ ਚੱਲ ਸਕਦਾ ਸੀ? ਉਸ ਦੇ ਤਜਰਬੇ ਤੋਂ ਤੁਸੀਂ ਜਾਂ ਨੌਜਵਾਨ ਕੀ ਸਿੱਖ ਸਕਦੇ ਹਨ?
ਸਕੂਲ ਵਿਚ ਹੁੰਦਿਆਂ ਐਰਿਕ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਿਆ ਸੀ। ਉਸ ਨੇ ਸਿੱਖਿਆ ਕਿ ਉਸ ਦਾ ਸਿਰਜਣਹਾਰ ਦੁਨੀਆਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹਮੇਸ਼ਾ ਲਈ ਹੱਲ ਕਰ ਦੇਵੇਗਾ। ਐਰਿਕ ਨੂੰ ਅਹਿਸਾਸ ਹੋਇਆ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਉਸ ਵਾਸਤੇ ਆਪਣੇ ਸਮੇਂ ਤੇ ਤਾਕਤ ਨੂੰ ਇਸਤੇਮਾਲ ਕਰਨਾ ਕਿੰਨਾ ਜ਼ਰੂਰੀ ਹੈ। ਇਹ ਗੱਲ ਸਮਝ ਜਾਣ ਤੋਂ ਬਾਅਦ ਉਸ ਨੇ ਪ੍ਰੋਫ਼ੈਸ਼ਨਲ ਖਿਡਾਰੀ ਨਾ ਬਣਨ ਦਾ ਫ਼ੈਸਲਾ ਕੀਤਾ। ਇਸ ਦੀ ਬਜਾਇ, ਉਸ ਨੇ ਬਪਤਿਸਮਾ ਲਿਆ ਅਤੇ ਆਪਣੇ ਆਪ ਨੂੰ ਯਹੋਵਾਹ ਦੀ ਸੇਵਾ ਵਿਚ ਲਾਇਆ। ਬਾਅਦ ਵਿਚ ਉਸ ਨੂੰ ਸਹਾਇਕ ਸੇਵਕ ਬਣਾਇਆ ਗਿਆ ਤੇ ਇਸ ਤੋਂ ਬਾਅਦ ਉਸ ਨੂੰ ਭਰਾਵਾਂ ਲਈ ਬਾਈਬਲ ਸਕੂਲ ਵਿਚ ਟ੍ਰੇਨਿੰਗ ਵਾਸਤੇ ਸੱਦਿਆ ਗਿਆ।
ਜੇ ਐਰਿਕ ਨੇ ਖੇਡਾਂ ਵਿਚ ਆਪਣਾ ਕੈਰੀਅਰ ਬਣਾਇਆ ਹੁੰਦਾ, ਤਾਂ ਉਸ ਨੂੰ ਸ਼ਾਇਦ ਬਹੁਤ ਧਨ-ਦੌਲਤ ਤੇ ਸ਼ੌਹਰਤ ਮਿਲਦੀ। ਪਰ ਉਸ ਨੇ ਦੇਖਿਆ ਕਿ ਬਾਈਬਲ ਦਾ ਇਹ ਅਸੂਲ ਕਿੰਨਾ ਸੱਚ ਹੈ: “ਅਮੀਰ ਵਿਅਕਤੀ ਆਪਣੀ ਸੰਪਤੀ ਨੂੰ ਹੀ ਆਪਣਾ ਕਿਲਾ ਸਮਝਦਾ ਹੈ, ਉਹ ਉਸ ਨੂੰ ਆਪਣੇ ਚਾਰੇ ਪਾਸੇ ਉਚੀ ਦੀਵਾਰ ਸਮਝਦਾ ਹੈ।” (ਕਹਾ. 18:11; CL) ਜੀ ਹਾਂ, ਇਹ ਸੋਚਣਾ ਬਹੁਤ ਵੱਡੀ ਗ਼ਲਤਫ਼ਹਿਮੀ ਹੈ ਕਿ ਧਨ-ਦੌਲਤ ਸਾਨੂੰ ਜ਼ਿੰਦਗੀ ਵਿਚ ਸੁਰੱਖਿਆ ਦੇ ਸਕਦੀ ਹੈ। ਇਸ ਤੋਂ ਇਲਾਵਾ, ਜਿਹੜੇ ਧਨ-ਦੌਲਤ ਪਿੱਛੇ ਭੱਜਦੇ ਹਨ, ‘ਉਹ ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਦੇ ਤੀਰਾਂ ਨਾਲ ਵਿੰਨ੍ਹਦੇ ਹਨ।’
ਬਹੁਤ ਸਾਰੇ ਨੌਜਵਾਨ ਭੈਣਾਂ-ਭਰਾਵਾਂ ਨੂੰ ਪੂਰੇ ਸਮੇਂ ਦੀ ਸੇਵਾ ਕਰ ਕੇ ਖ਼ੁਸ਼ੀ ਮਿਲਦੀ ਹੈ ਤੇ ਉਹ ਆਪਣੇ ਆਪ ਨੂੰ ਯਹੋਵਾਹ ਦੇ ਹੱਥਾਂ ਵਿਚ ਸੁਰੱਖਿਅਤ ਮਹਿਸੂਸ ਕਰਦੇ ਹਨ। ਐਰਿਕ ਕਹਿੰਦਾ ਹੈ: “ਮੈਂ ਯਹੋਵਾਹ ਦੇ ਪੂਰੇ ਸਮੇਂ ਦੇ ਸੇਵਕਾਂ ਦੀ ਇਕ ਵੱਡੀ ‘ਟੀਮ’ ਦਾ ਹਿੱਸਾ ਹਾਂ। ਇਹ ਸਭ ਤੋਂ ਵਧੀਆ ਟੀਮ ਹੈ ਅਤੇ ਮੈਂ ਯਹੋਵਾਹ ਦਾ ਧੰਨਵਾਦ ਕਰਦਾ ਹਾਂ ਕਿ ਉਸ ਨੇ ਮੈਨੂੰ ਉਹ ਰਾਹ ਦਿਖਾਇਆ ਜਿਸ ਉੱਤੇ ਚੱਲ ਕੇ ਜ਼ਿੰਦਗੀ ਵਿਚ ਸੱਚੀ ਖ਼ੁਸ਼ੀ ਅਤੇ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ।”
ਤੁਹਾਡੇ ਬਾਰੇ ਕੀ? ਦੁਨਿਆਵੀ ਟੀਚੇ ਹਾਸਲ ਕਰਨ ਦੀ ਬਜਾਇ, ਕਿਉਂ ਨਾ ਉਸ ਰਾਹ ’ਤੇ ਚੱਲੋ ਜਿਸ ਉੱਤੇ ਚੱਲ ਕੇ ਤੁਹਾਨੂੰ ਯਹੋਵਾਹ ਦੀ ਹੋਰ ਸੇਵਾ ਕਰਨ ਦੇ ਮੌਕੇ ਮਿਲਣਗੇ? ਕੀ ਤੁਸੀਂ ਪਾਇਨੀਅਰਿੰਗ ਕਰਨ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹੋ?
ਰਾਹ ਵਿਚ ਖੜ੍ਹੀਆਂ ਰੁਕਾਵਟਾਂ ਨੂੰ ਹਟਾਓ
ਇਕ ਜੋੜਾ ਅਮਰੀਕਾ ਦਾ ਬ੍ਰਾਂਚ ਆਫ਼ਿਸ ਦੇਖਣ ਗਿਆ। ਉੱਥੇ ਉਨ੍ਹਾਂ ਨੇ ਦੇਖਿਆ ਕਿ ਬੈਥਲ ਵਿਚ ਯਹੋਵਾਹ ਦੀ ਸੇਵਾ ਕਰਨ ਵਾਲੇ ਭੈਣ-ਭਰਾ ਕਿੰਨੇ ਖ਼ੁਸ਼ ਸਨ। ਬਾਅਦ ਵਿਚ ਪਤਨੀ ਨੇ ਲਿਖਿਆ: “ਅਸੀਂ ਤਾਂ ਆਪਣੀ ਜ਼ਿੰਦਗੀ ਬੜੇ ਆਰਾਮ ਨਾਲ ਜੀ ਰਹੇ ਸੀ।” ਫਿਰ ਉਨ੍ਹਾਂ ਦੋਵਾਂ ਨੇ ਆਪਣੀ ਜ਼ਿੰਦਗੀ ਵਿਚ ਫੇਰ-ਬਦਲ ਕਰਨ ਦਾ ਫ਼ੈਸਲਾ ਕੀਤਾ ਤਾਂਕਿ ਉਹ ਯਹੋਵਾਹ ਦੀ ਸੇਵਾ ਵਿਚ ਆਪਣਾ ਜ਼ਿਆਦਾ ਸਮਾਂ ਤੇ ਤਾਕਤ ਲਾ ਸਕਣ।
ਇਕ ਸਮੇਂ ਤੇ ਉਨ੍ਹਾਂ ਨੂੰ ਤਬਦੀਲੀਆਂ ਕਰਨੀਆਂ ਔਖੀਆਂ ਲੱਗਣ ਲੱਗੀਆਂ। ਪਰ ਇਕ ਦਿਨ ਉਨ੍ਹਾਂ ਨੇ ਉਸ ਦਿਨ ਦੀ ਆਇਤ ਉੱਤੇ ਵਿਚਾਰ ਕੀਤਾ। ਇਹ ਆਇਤ ਯੂਹੰਨਾ 8:31 ਸੀ ਜਿਸ ਵਿਚ ਅਸੀਂ ਯਿਸੂ ਦੇ ਇਹ ਸ਼ਬਦ ਪੜ੍ਹਦੇ ਹਾਂ: “ਜੇ ਤੁਸੀਂ ਮੇਰੀਆਂ ਸਿੱਖਿਆਵਾਂ ਨੂੰ ਮੰਨਦੇ ਰਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਮੇਰੇ ਸੱਚੇ ਚੇਲੇ ਹੋ।” ਇਸ ਗੱਲ ’ਤੇ ਵਿਚਾਰ ਕਰਨ ਨਾਲ ਉਨ੍ਹਾਂ ਨੂੰ ਅਹਿਸਾਸ ਹੋਇਆ: “ਸਾਦੀ ਜ਼ਿੰਦਗੀ ਜੀਉਣ ਲਈ ਅਸੀਂ ਜੋ ਵੀ ਤਬਦੀਲੀਆਂ ਕਰਦੇ ਹਾਂ, ਉਨ੍ਹਾਂ ਦਾ ਜ਼ਰੂਰ ਫ਼ਾਇਦਾ ਹੁੰਦਾ ਹੈ।” ਉਨ੍ਹਾਂ ਨੇ ਆਪਣਾ ਵੱਡਾ ਘਰ ਵੇਚ ਦਿੱਤਾ ਤੇ ਹੋਰ ਬੇਲੋੜੀਆਂ ਚੀਜ਼ਾਂ ਵੀ ਛੱਡ ਦਿੱਤੀਆਂ ਤੇ ਉਹ ਇਕ ਹੋਰ ਮੰਡਲੀ ਵਿਚ ਚਲੇ ਗਏ ਜਿਸ ਨੂੰ ਮਦਦ ਦੀ ਲੋੜ ਸੀ। ਉਹ ਹੁਣ ਪਾਇਨੀਅਰਿੰਗ ਕਰਨ ਦੇ ਨਾਲ-ਨਾਲ ਕਿੰਗਡਮ ਹਾਲ ਬਣਾਉਣ ਤੇ ਜ਼ਿਲ੍ਹਾ ਸੰਮੇਲਨਾਂ ਵਿਚ ਵੀ ਮਦਦ ਕਰਦੇ ਹਨ। ਉਹ ਹੁਣ ਕਿੱਦਾਂ ਮਹਿਸੂਸ ਕਰਦੇ ਹਨ? “ਸਾਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਯਹੋਵਾਹ ਦੇ ਸੰਗਠਨ ਦੀ ਸਲਾਹ ਅਨੁਸਾਰ ਸਾਦੀ ਜ਼ਿੰਦਗੀ ਜੀ ਕੇ ਸਾਨੂੰ ਕਿੰਨੀ ਖ਼ੁਸ਼ੀ ਮਿਲੀ ਹੈ।”
ਤਰੱਕੀ ਦੇ ਰਾਹ ’ਤੇ ਚੱਲਦੇ ਰਹੋ
ਸੁਲੇਮਾਨ ਨੇ ਲਿਖਿਆ: “ਤੇਰੀਆਂ ਅੱਖਾਂ ਨੱਕ ਦੀ ਸੇਧੇ ਵੇਖਦੀਆਂ ਰਹਿਣ, ਅਤੇ ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ।” (ਕਹਾ. 4:25) ਜਿਵੇਂ ਇਕ ਡ੍ਰਾਈਵਰ ਆਪਣਾ ਧਿਆਨ ਅੱਗੇ ਸੜਕ ਉੱਤੇ ਲਾਈ ਰੱਖਦਾ ਹੈ, ਉਸੇ ਤਰ੍ਹਾਂ ਸਾਨੂੰ ਵੀ ਕਿਸੇ ਚੀਜ਼ ਕਰਕੇ ਆਪਣਾ ਧਿਆਨ ਭਟਕਣ ਨਹੀਂ ਦੇਣਾ ਚਾਹੀਦਾ ਤਾਂਕਿ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਟੀਚੇ ਰੱਖ ਸਕੀਏ ਅਤੇ ਉਨ੍ਹਾਂ ਨੂੰ ਹਾਸਲ ਕਰ ਸਕੀਏ।
ਤੁਸੀਂ ਕਿਹੜੇ ਟੀਚੇ ਰੱਖ ਸਕਦੇ ਹੋ? ਪੂਰੇ ਸਮੇਂ ਦੀ ਸੇਵਕਾਈ ਇਕ ਵਧੀਆ ਟੀਚਾ ਹੈ। ਸ਼ਾਇਦ ਨੇੜੇ ਦੀ ਕਿਸੇ ਮੰਡਲੀ ਵਿਚ ਸੇਵਾ ਕੀਤੀ ਜਾ ਸਕਦੀ ਹੈ ਜਿਸ ਨੂੰ ਆਪਣੇ ਵੱਡੇ ਇਲਾਕੇ ਵਿਚ ਪ੍ਰਚਾਰ ਕਰਨ ਲਈ ਤਜਰਬੇਕਾਰ ਪ੍ਰਚਾਰਕਾਂ ਦੀ ਲੋੜ ਹੈ। ਜਾਂ ਇਕ ਮੰਡਲੀ ਵਿਚ ਬਹੁਤ ਸਾਰੇ ਚੰਗੇ ਪ੍ਰਚਾਰਕ ਹੋਣ, ਪਰ ਉੱਥੇ ਜ਼ਿਆਦਾ ਬਜ਼ੁਰਗ ਜਾਂ ਸਹਾਇਕ ਸੇਵਕ ਨਹੀਂ ਹਨ। ਕੀ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਤਰੀਕੇ ਨਾਲ ਸੇਵਾ ਕਰ ਸਕਦੇ ਹੋ? ਕਿਉਂ ਨਾ ਤੁਸੀਂ ਆਪਣੇ ਸਰਕਟ ਨਿਗਾਹਬਾਨ ਨਾਲ ਗੱਲ ਕਰੋ ਕਿ ਤੁਸੀਂ ਕਿੱਥੇ ਜਾਂ ਕਿਵੇਂ ਮਦਦ ਕਰ ਸਕਦੇ ਹੋ? ਜੇ ਤੁਸੀਂ ਕਿਤੇ ਦੂਰ ਜਾ ਕੇ ਸੇਵਾ ਕਰਨੀ ਚਾਹੁੰਦੇ ਹੋ, ਤਾਂ ਤੁਸੀਂ ਦੂਰ ਦੀਆਂ ਮੰਡਲੀਆਂ ਬਾਰੇ ਜਾਣਕਾਰੀ ਲੈ ਸਕਦੇ ਹੋ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ। *
ਆਓ ਆਪਾਂ ਯਸਾਯਾਹ 62:10 ਬਾਰੇ ਦੁਬਾਰਾ ਗੱਲ ਕਰੀਏ। ਕੁਝ ਯਹੂਦੀਆਂ ਨੇ ਰਾਹ ਪੱਧਰਾ ਤੇ ਸਾਫ਼ ਕਰਨ ਵਿਚ ਸਖ਼ਤ ਮਿਹਨਤ ਕੀਤੀ ਹੋਣੀ ਤਾਂਕਿ ਪਰਮੇਸ਼ੁਰ ਦੇ ਲੋਕ ਆਪਣੇ ਦੇਸ਼ ਪਹੁੰਚ ਸਕਣ। ਜੇ ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਰੱਖੇ ਟੀਚੇ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਹਾਰ ਨਾ ਮੰਨੋ। ਯਹੋਵਾਹ ਦੀ ਮਦਦ ਨਾਲ ਤੁਸੀਂ ਉਨ੍ਹਾਂ ਟੀਚਿਆਂ ਨੂੰ ਜ਼ਰੂਰ ਹਾਸਲ ਕਰ ਸਕਦੇ ਹੋ। ਆਪਣੇ ਰਾਹ ਵਿੱਚੋਂ ਰੁਕਾਵਟਾਂ ਨੂੰ ਹਟਾਉਣ ਲਈ ਤੁਸੀਂ ਯਹੋਵਾਹ ਨੂੰ ਸਮਝ ਲਈ ਬੇਨਤੀ ਕਰਦੇ ਰਹੋ। ਸਮੇਂ ਦੇ ਬੀਤਣ ਨਾਲ ਤੁਸੀਂ ਦੇਖੋਗੇ ਕਿ ਉਹ ਤੁਹਾਡੀ ‘ਆਪਣੇ ਪੈਰਾਂ ਲਈ ਰਾਹ ਨੂੰ ਪੱਧਰਾ ਕਰਨ’ ਵਿਚ ਕਿਵੇਂ ਮਦਦ ਕਰਦਾ ਹੈ।
^ ਪੇਰਗ੍ਰੈਫ 8 ਨਾਂ ਬਦਲਿਆ ਗਿਆ ਹੈ।
^ ਪੇਰਗ੍ਰੈਫ 18 ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ੇ 111-112 ਦੇਖੋ।