Skip to content

Skip to table of contents

 ਜੀਵਨੀ

ਇਕ ਪਿਤਾ ਦਾ ਸਾਇਆ ਸਿਰ ਤੋਂ ਉੱਠਿਆ, ਪਰ ਇਕ ਪਿਤਾ ਨੇ ਮੈਨੂੰ ਅਪਣਾਇਆ

ਇਕ ਪਿਤਾ ਦਾ ਸਾਇਆ ਸਿਰ ਤੋਂ ਉੱਠਿਆ, ਪਰ ਇਕ ਪਿਤਾ ਨੇ ਮੈਨੂੰ ਅਪਣਾਇਆ

ਮੇਰੇ ਪਿਤਾ ਜੀ ਦਾ ਜਨਮ 1899 ਵਿਚ ਆਸਟ੍ਰੀਆ ਦੇ ਗ੍ਰਾਟਸ ਸ਼ਹਿਰ ਵਿਚ ਹੋਇਆ ਸੀ, ਇਸ ਲਈ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਮੇਰੇ ਪਿਤਾ ਜੀ ਦੀ ਉਮਰ ਅਜੇ ਛੋਟੀ ਸੀ। 1939 ਵਿਚ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਜਲਦੀ ਬਾਅਦ ਉਨ੍ਹਾਂ ਨੂੰ ਜਰਮਨ ਫ਼ੌਜ ਵਿਚ ਭਰਤੀ ਹੋਣਾ ਪਿਆ। 1943 ਵਿਚ ਉਹ ਰੂਸ ਵਿਚ ਲੜਦਿਆਂ ਮਾਰੇ ਗਏ। ਇਸ ਤਰ੍ਹਾਂ ਦੋ ਕੁ ਸਾਲਾਂ ਦੀ ਉਮਰ ਵਿਚ ਮੇਰੇ ਸਿਰ ਤੋਂ ਪਿਤਾ ਜੀ ਦਾ ਸਾਇਆ ਉੱਠ ਗਿਆ। ਮੈਨੂੰ ਉਨ੍ਹਾਂ ਨੂੰ ਜਾਣਨ ਦਾ ਮੌਕਾ ਨਹੀਂ ਮਿਲਿਆ ਅਤੇ ਮੈਨੂੰ ਹਮੇਸ਼ਾ ਆਪਣੇ ਪਿਤਾ ਜੀ ਦੀ ਘਾਟ ਮਹਿਸੂਸ ਹੁੰਦੀ ਸੀ, ਖ਼ਾਸ ਕਰਕੇ ਜਦੋਂ ਮੈਂ ਦੇਖਦਾ ਸੀ ਕਿ ਸਕੂਲ ਵਿਚ ਜ਼ਿਆਦਾਤਰ ਮੁੰਡਿਆਂ ਦੇ ਪਿਤਾ ਸਨ। ਫਿਰ ਜਵਾਨੀ ਦੀ ਉਮਰ ਵਿਚ ਮੈਨੂੰ ਬਹੁਤ ਹੌਸਲਾ ਮਿਲਿਆ ਜਦ ਮੈਂ ਆਪਣੇ ਸਵਰਗੀ ਪਿਤਾ ਬਾਰੇ ਸਿੱਖਣਾ ਸ਼ੁਰੂ ਕੀਤਾ ਜੋ ਕਦੇ ਵੀ ਨਹੀਂ ਮਰ ਸਕਦਾ।

ਬੋਆਏ ਸਕਾਊਟ ਸੰਸਥਾ ਵਿਚ ਮੇਰੇ ਤਜਰਬੇ

ਛੋਟੇ ਹੁੰਦਿਆਂ

ਸੱਤ ਸਾਲਾਂ ਦੀ ਉਮਰ ਵਿਚ ਮੈਂ ਬੋਆਏ ਸਕਾਊਟ ਯੂਥ ਸੰਸਥਾ ਦਾ ਮੈਂਬਰ ਬਣਿਆ। 1908 ਵਿਚ ਬ੍ਰਿਟਿਸ਼ ਫ਼ੌਜ ਦੇ ਲੈਫਟੀਨੈਂਟ ਜਨਰਲ ਰੌਬਰਟ ਸਟੀਵਨਸਨ ਸਮਿਥ ਬੇਡਨ-ਪੋਅਲ ਨੇ ਇਸ ਵਿਸ਼ਵ-ਵਿਆਪੀ ਸੰਸਥਾ ਦੀ ਸਥਾਪਨਾ ਕੀਤੀ ਸੀ। 1916 ਵਿਚ ਉਸ ਨੇ ਛੋਟੀ ਉਮਰ ਦੇ ਮੁੰਡਿਆਂ ਲਈ ਵੁਲਫ ਕੱਬਸ (ਕੱਬ ਸਕਾਊਟ) ਦੀ ਵੀ ਸਥਾਪਨਾ ਕੀਤੀ ਸੀ।

ਮੈਨੂੰ ਸ਼ਹਿਰ ਤੋਂ ਦੂਰ ਪੇਂਡੂ ਇਲਾਕੇ ਵਿਚ ਸ਼ਨੀ-ਐਤਵਾਰ ਨੂੰ ਕੈਂਪਿੰਗ ’ਤੇ ਜਾਣਾ ਬਹੁਤ ਪਸੰਦ ਸੀ। ਅਸੀਂ ਉੱਥੇ ਟੈਂਟਾਂ ਵਿਚ ਸੌਂਦੇ ਸੀ ਅਤੇ ਵਰਦੀਆਂ ਪਾ ਕੇ ਡਰੰਮਾਂ ਦੀ ਆਵਾਜ਼ ’ਤੇ ਪਰੇਡ ਕਰਦੇ ਸੀ। ਮੈਨੂੰ ਦੂਜੇ ਮੁੰਡਿਆਂ ਨਾਲ ਸਮਾਂ ਬਿਤਾਉਣਾ ਬਹੁਤ ਚੰਗਾ ਲੱਗਦਾ ਸੀ। ਅਸੀਂ ਸ਼ਾਮ ਨੂੰ ਅੱਗ ਦੀ ਧੂਣੀ ਦੇ ਆਲੇ-ਦੁਆਲੇ ਬੈਠ ਕੇ ਗੀਤ ਗਾਉਂਦੇ ਸੀ ਅਤੇ ਜੰਗਲ ਵਿਚ ਖੇਡਦੇ ਸੀ। ਅਸੀਂ ਸ੍ਰਿਸ਼ਟੀ ਬਾਰੇ ਵੀ ਬਹੁਤ ਕੁਝ ਸਿੱਖਿਆ, ਇਸ ਕਰਕੇ ਮੇਰੇ ਦਿਲ ਵਿਚ ਸਿਰਜਣਹਾਰ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਲਈ ਪਿਆਰ ਪੈਦਾ ਹੋਇਆ।

ਬੋਆਏ ਸਕਾਊਟ ਸੰਸਥਾ ਮੁੰਡਿਆਂ ਨੂੰ ਹਰ ਦਿਨ ਇਕ ਚੰਗਾ ਕੰਮ ਕਰਨ ਲਈ ਉਕਸਾਉਂਦੀ ਹੈ। ਇਹ ਸੰਸਥਾ ਦਾ ਨਾਅਰਾ ਹੈ। ਅਸੀਂ ਇਕ-ਦੂਜੇ ਨੂੰ ਮਿਲਣ ਲੱਗਿਆਂ ਕਹਿੰਦੇ ਸੀ, “ਹਮੇਸ਼ਾ ਤਿਆਰ ਰਹੋ।” ਮੈਨੂੰ ਇਹ ਗੱਲ ਚੰਗੀ ਲੱਗਦੀ ਸੀ। ਸਾਡੇ ਗਰੁੱਪ ਵਿਚ ਸੌ ਤੋਂ ਜ਼ਿਆਦਾ ਮੁੰਡੇ ਸਨ ਜਿਨ੍ਹਾਂ ਵਿੱਚੋਂ ਅੱਧੇ ਮੁੰਡੇ ਕੈਥੋਲਿਕ ਸਨ, ਅੱਧੇ ਪ੍ਰੋਟੈਸਟੈਂਟ ਅਤੇ ਇਕ ਬੋਧੀ ਵੀ ਸੀ।

1920 ਤੋਂ ਹਰ ਕੁਝ ਸਾਲਾਂ ਬਾਅਦ ਬੋਆਏ ਸਕਾਊਟ ਸੰਸਥਾ ਦੀਆਂ ਅੰਤਰ-ਰਾਸ਼ਟਰੀ ਮੀਟਿੰਗਾਂ ਹੋਣ ਲੱਗੀਆਂ। ਮੈਂ ਅਗਸਤ 1951 ਵਿਚ ਆਸਟ੍ਰੀਆ ਦੇ ਬਾਟ ਇਸ਼ਲ ਵਿਚ ਹੋਈ ਸੱਤਵੀਂ ਅੰਤਰ-ਰਾਸ਼ਟਰੀ ਸਕਾਊਟ ਮੀਟਿੰਗ ਵਿਚ ਅਤੇ ਅਗਸਤ 1957 ਵਿਚ ਇੰਗਲੈਂਡ ਦੇ ਬਰਮਿੰਘਮ ਨੇੜੇ ਸਟਨ ਵਿਚ ਹੋਈ ਨੌਵੀਂ ਅੰਤਰ-ਰਾਸ਼ਟਰੀ ਸਕਾਊਟ ਮੀਟਿੰਗ ਵਿਚ ਗਿਆ ਸੀ। ਇੰਗਲੈਂਡ ਵਿਚ ਹੋਈ ਮੀਟਿੰਗ ਵਿਚ 85 ਦੇਸ਼ਾਂ ਤੇ ਇਲਾਕਿਆਂ ਤੋਂ ਲਗਭਗ 33,000 ਸਕਾਊਟ ਹਾਜ਼ਰ ਹੋਏ ਸਨ। ਨਾਲੇ ਉੱਥੇ ਤਕਰੀਬਨ 7,50,000 ਲੋਕ ਆਏ ਸਨ ਜਿਨ੍ਹਾਂ ਵਿਚ ਇੰਗਲੈਂਡ ਦੀ ਰਾਣੀ ਇਲਿਜ਼ਬਥ ਵੀ ਸੀ। ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਮੈਂ ਦੁਨੀਆਂ ਭਰ ਦੇ ਭਾਈਚਾਰੇ ਦਾ ਹਿੱਸਾ ਹਾਂ। ਪਰ ਉਸ ਵੇਲੇ ਮੈਂ ਇਹ ਨਹੀਂ ਜਾਣਦਾ ਸੀ ਕਿ ਮੈਂ ਜਲਦੀ ਹੀ ਇਸ ਤੋਂ ਵੀ ਕਿਤੇ ਵਧੀਆ ਭਾਈਚਾਰੇ ਦਾ ਹਿੱਸਾ ਬਣਾਂਗਾ ਜਿਸ ਦੇ ਮੈਂਬਰ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ।

 ਪਹਿਲੀ ਵਾਰ ਯਹੋਵਾਹ ਦੇ ਇਕ ਗਵਾਹ ਨਾਲ ਮੁਲਾਕਾਤ

ਪੇਸਟਰੀ ਬਣਾਉਣ ਵਾਲਾ ਰੂਡੀ ਸ਼ਿਗਰਲ ਪਹਿਲਾ ਬੰਦਾ ਸੀ ਜਿਸ ਨੇ ਮੈਨੂੰ ਗਵਾਹੀ ਦਿੱਤੀ ਸੀ

ਮਾਰਚ-ਅਪ੍ਰੈਲ 1958 ਨੂੰ ਆਸਟ੍ਰੀਆ ਵਿਚ ਗ੍ਰਾਟਸ ਸ਼ਹਿਰ ਦੇ ਗ੍ਰੈਂਡ ਹੋਟਲ ਵੀਸਲਾ ਵਿਚ ਮੇਰੀ ਵੇਟਰ ਦੀ ਟ੍ਰੇਨਿੰਗ ਖ਼ਤਮ ਹੋਣ ਵਾਲੀ ਸੀ। ਉਸੇ ਹੋਟਲ ਵਿਚ ਪੇਸਟਰੀ ਬਣਾਉਣ ਦਾ ਕੰਮ ਕਰਨ ਵਾਲੇ ਇਕ ਬੰਦੇ ਰੂਡੋਲਫ਼ ਸ਼ਿਗਰਲ ਨੇ ਮੈਨੂੰ ਗਵਾਹੀ ਦਿੱਤੀ ਸੀ। ਮੈਂ ਸੱਚਾਈ ਬਾਰੇ ਪਹਿਲਾਂ ਕਦੇ ਵੀ ਨਹੀਂ ਸੁਣਿਆ ਸੀ। ਉਸ ਨੇ ਮੇਰੇ ਨਾਲ ਤ੍ਰਿਏਕ ਦੀ ਸਿੱਖਿਆ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਸਿੱਖਿਆ ਬਾਈਬਲ ਤੋਂ ਨਹੀਂ ਹੈ। ਮੈਂ ਤ੍ਰਿਏਕ ਦੀ ਸਿੱਖਿਆ ਨੂੰ ਮੰਨਦਾ ਸੀ, ਇਸ ਲਈ ਮੈਂ ਉਸ ਨਾਲ ਬਹਿਸ ਕਰ ਕੇ ਉਸ ਨੂੰ ਗ਼ਲਤ ਸਾਬਤ ਕਰਨਾ ਚਾਹੁੰਦਾ ਸੀ। ਉਹ ਮੈਨੂੰ ਚੰਗਾ ਲੱਗਦਾ ਸੀ ਅਤੇ ਮੈਂ ਉਸ ਨੂੰ ਯਕੀਨ ਦਿਵਾ ਕੇ ਕੈਥੋਲਿਕ ਧਰਮ ਵਿਚ ਵਾਪਸ ਲੈ ਕੇ ਆਉਣਾ ਚਾਹੁੰਦਾ ਸੀ।

ਰੂਡੋਲਫ਼, ਜਿਸ ਨੂੰ ਅਸੀਂ ਰੂਡੀ ਬੁਲਾਉਂਦੇ ਸੀ, ਨੇ ਮੇਰੇ ਲਈ ਇਕ ਬਾਈਬਲ ਲਿਆਂਦੀ। ਮੈਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮੈਨੂੰ ਕੈਥੋਲਿਕ ਬਾਈਬਲ ਹੀ ਚਾਹੀਦੀ ਹੈ। ਜਦ ਮੈਂ ਉਸ ਨੂੰ ਪੜ੍ਹਨਾ ਸ਼ੁਰੂ ਕੀਤਾ, ਤਾਂ ਮੈਨੂੰ ਉਸ ਵਿਚ ਵਾਚਟਾਵਰ ਸੋਸਾਇਟੀ ਦੁਆਰਾ ਛਾਪਿਆ ਹੋਇਆ ਇਕ ਟ੍ਰੈਕਟ ਮਿਲਿਆ। ਇਹ ਟ੍ਰੈਕਟ ਰੂਡੀ ਨੇ ਰੱਖਿਆ ਸੀ। ਮੈਨੂੰ ਇਹ ਚੰਗਾ ਨਹੀਂ ਲੱਗਿਆ ਕਿਉਂਕਿ ਮੈਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਦੇ ਪ੍ਰਕਾਸ਼ਨ ਇੱਦਾਂ ਲਿਖੇ ਹੋ ਸਕਦੇ ਹਨ ਕਿ ਪੜ੍ਹਨ ਵਾਲੇ ਨੂੰ ਸਹੀ ਲੱਗਣ, ਪਰ ਸ਼ਾਇਦ ਇਨ੍ਹਾਂ ਵਿਚ ਸੱਚਾਈ ਨਾ ਹੋਵੇ। ਪਰ ਮੈਨੂੰ ਰੂਡੀ ਨਾਲ ਗੱਲਬਾਤ ਕਰਨੀ ਪਸੰਦ ਸੀ। ਰੂਡੀ ਨੇ ਸਮਝਦਾਰੀ ਦਿਖਾਉਂਦਿਆਂ ਮੈਨੂੰ ਹੋਰ ਕੋਈ ਪ੍ਰਕਾਸ਼ਨ ਨਹੀਂ ਦਿੱਤਾ। ਲਗਭਗ ਤਿੰਨ ਮਹੀਨਿਆਂ ਤਕ ਅਸੀਂ ਕਦੀ-ਕਦੀ ਦੇਰ ਰਾਤ ਤਕ ਬਾਈਬਲ ਵਿਸ਼ਿਆਂ ’ਤੇ ਚਰਚਾ ਕੀਤੀ।

ਗ੍ਰਾਟਸ ਵਿਚ ਟ੍ਰੇਨਿੰਗ ਖ਼ਤਮ ਕਰਨ ਤੋਂ ਬਾਅਦ ਮੈਂ ਐਲਪਸ ਪਹਾੜਾਂ ਦੀ ਵਾਦੀ ਵਿਚ ਸਥਿਤ ਬਾਟ ਹੂਫ਼ਗਸਤਾਈਨ ਸ਼ਹਿਰ ਵਿਚ ਹੋਟਲ ਮੈਨੇਜਮੈਂਟ ਸਕੂਲ ਵਿਚ ਦਾਖ਼ਲਾ ਲੈ ਲਿਆ ਤੇ ਮੇਰੇ ਮਾਤਾ ਜੀ ਨੇ ਮੇਰੀ ਫ਼ੀਸ ਭਰੀ। ਇਹ ਸਕੂਲ ਬਾਟ ਹੂਫ਼ਗਸਤਾਈਨ ਵਿਚ ਗ੍ਰੈਂਡ ਹੋਟਲ ਦੇ ਅਧੀਨ ਚਲਾਇਆ ਜਾਂਦਾ ਸੀ। ਸੋ ਮੈਂ ਕਈ ਵਾਰ ਇਸ ਹੋਟਲ ਵਿਚ ਤਜਰਬਾ ਹਾਸਲ ਕਰਨ ਲਈ ਕੰਮ ਕਰਦਾ ਸੀ।

ਦੋ ਮਿਸ਼ਨਰੀ ਭੈਣਾਂ ਮਿਲਣ ਆਈਆਂ

ਇਲਜ਼ਾ ਉਨਤਰਡੋਅਫ਼ਰ ਅਤੇ ਐਲਫਰੀਡਾ ਲੂਆ ਨੇ 1958 ਵਿਚ ਮੇਰੇ ਨਾਲ ਬਾਈਬਲ ਦੀ ਸਟੱਡੀ ਸ਼ੁਰੂ ਕੀਤੀ

ਰੂਡੀ ਨੇ ਮੇਰਾ ਨਵਾਂ ਪਤਾ ਵੀਐਨਾ ਦੇ ਬ੍ਰਾਂਚ ਆਫ਼ਿਸ ਨੂੰ ਭੇਜਿਆ ਅਤੇ ਬ੍ਰਾਂਚ ਆਫ਼ਿਸ ਨੇ ਦੋ ਮਿਸ਼ਨਰੀ ਭੈਣਾਂ ਇਲਜ਼ਾ ਉਨਤਰਡੋਅਫ਼ਰ ਅਤੇ ਐਲਫਰੀਡਾ ਲੂਆ ਨੂੰ ਮੈਨੂੰ ਮਿਲਣ ਲਈ ਭੇਜਿਆ। ਇਕ ਦਿਨ ਹੋਟਲ ਦੇ ਰਿਸੈਪਸ਼ਨਿਸਟ ਨੇ ਮੈਨੂੰ ਬੁਲਾ ਕੇ ਦੱਸਿਆ ਕਿ ਬਾਹਰ ਕਾਰ ਵਿਚ ਦੋ ਔਰਤਾਂ ਮੈਨੂੰ ਮਿਲਣ ਆਈਆਂ ਸਨ। ਮੈਂ ਉਨ੍ਹਾਂ ਬਾਰੇ ਕੁਝ ਜਾਣਦਾ ਨਹੀਂ ਸੀ, ਪਰ ਮੈਂ ਬਾਹਰ ਦੇਖਣ ਗਿਆ ਕਿ ਉਹ ਕੌਣ ਸਨ? ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਜਦ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਨਾਜ਼ੀ ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ’ਤੇ ਪਾਬੰਦੀ ਲੱਗੀ ਹੋਈ ਸੀ, ਤਾਂ ਉਹ ਚੋਰੀ-ਛਿਪੇ ਗਵਾਹਾਂ ਦੇ ਪ੍ਰਕਾਸ਼ਨ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਂਦੀਆਂ ਸਨ। ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਜਰਮਨ ਦੀ ਖੁਫੀਆ ਪੁਲਸ (ਗਸਤਾਪੋ) ਨੇ ਗਿਰਫ਼ਤਾਰ ਕਰ ਕੇ ਉਨ੍ਹਾਂ ਨੂੰ ਲਿਖਟੰਬਰਗ ਤਸ਼ੱਦਦ ਕੈਂਪ ਭੇਜ ਦਿੱਤਾ। ਫਿਰ ਯੁੱਧ ਦੇ ਦੌਰਾਨ ਉਨ੍ਹਾਂ ਨੂੰ ਬਰਲਿਨ ਦੇ ਨੇੜੇ ਰੈਵਨਜ਼ਬਰੂਕ ਕੈਂਪ ਵਿਚ ਭੇਜ ਦਿੱਤਾ ਗਿਆ।

ਮੇਰੀ ਮਾਤਾ ਜੀ ਦੀ ਉਮਰ ਦੀਆਂ ਹੋਣ ਕਰਕੇ ਮੈਂ ਉਨ੍ਹਾਂ ਭੈਣਾਂ ਨਾਲ ਆਦਰ ਨਾਲ ਪੇਸ਼ ਆਇਆ। ਇਸ ਕਰਕੇ ਮੈਂ ਬਾਈਬਲ ਬਾਰੇ ਚਰਚਾ ਕਰਕੇ ਉਨ੍ਹਾਂ ਦਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਕੁਝ ਹਫ਼ਤੇ ਜਾਂ ਮਹੀਨੇ ਉਨ੍ਹਾਂ ਨਾਲ ਚਰਚਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਦੱਸਾਂ ਕਿ ਮੈਂ ਗੱਲਬਾਤ ਜਾਰੀ ਨਹੀਂ ਰੱਖਣਾ ਚਾਹੁੰਦਾ। ਇਸ ਲਈ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਮੈਨੂੰ ਕੈਥੋਲਿਕ ਧਰਮ ਦੀ ਸਿੱਖਿਆ “ਰਸੂਲਾਂ ਦੇ ਉਤਰਾਧਿਕਾਰੀ” ਬਾਰੇ ਆਇਤਾਂ ਦੀ ਇਕ ਲਿਸਟ ਲਿਆ ਕੇ ਦੇ ਦੇਣ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਉਨ੍ਹਾਂ ਆਇਤਾਂ ’ਤੇ ਆਪਣੇ ਪਾਦਰੀ ਨਾਲ ਚਰਚਾ ਕਰਾਂਗਾ। ਮੈਂ ਸੋਚਿਆ ਕਿ ਚਰਚਾ ਕਰਨ ਤੋਂ ਬਾਅਦ ਮੈਨੂੰ ਪਤਾ ਲੱਗ ਜਾਵੇਗਾ ਕਿ ਸੱਚਾਈ ਕੀ ਹੈ।

 ਸੱਚੇ ਤੇ ਪਵਿੱਤਰ ਪਿਤਾ ਬਾਰੇ ਸਿੱਖਣਾ

ਰੋਮਨ ਕੈਥੋਲਿਕ ਧਰਮ ਮੱਤੀ 16:18, 19 ਵਿਚ ਲਿਖੇ ਯਿਸੂ ਦੇ ਸ਼ਬਦਾਂ ਬਾਰੇ ਆਪਣਾ ਹੀ ਮਤਲਬ ਕੱਢ ਕੇ “ਰਸੂਲਾਂ ਦੇ ਉਤਰਾਧਿਕਾਰੀ” ਦੀ ਸਿੱਖਿਆ ਦਿੰਦਾ ਹੈ। ਇਸ ਸਿੱਖਿਆ ਮੁਤਾਬਕ ਪਤਰਸ ਪਹਿਲਾ ਪੋਪ ਸੀ ਤੇ ਉਸ ਮਗਰੋਂ ਇਕ ਤੋਂ ਬਾਅਦ ਇਕ ਪੋਪ ਬਣਦੇ ਰਹੇ ਤੇ ਇਹ ਲੜੀ ਅੱਜ ਤਕ ਚੱਲਦੀ ਆ ਰਹੀ ਹੈ। ਕੈਥੋਲਿਕ ਧਰਮ ਸਿਖਾਉਂਦਾ ਹੈ ਕਿ ਪੋਪ ਪਵਿੱਤਰ ਪਿਤਾ ਹੈ ਅਤੇ ਜਦੋਂ ਵੀ ਉਹ ਕਿਸੇ ਸਿੱਖਿਆ ਬਾਰੇ ਗੱਲ ਕਰਦਾ ਹੈ, ਤਾਂ ਉਹ ਗ਼ਲਤੀ ਨਹੀਂ ਕਰਦਾ। ਬਹੁਤ ਸਾਰੇ ਕੈਥੋਲਿਕ ਲੋਕ ਇਸ ਗੱਲ ’ਤੇ ਭਰੋਸਾ ਕਰਦੇ ਹਨ ਅਤੇ ਮੰਨਦੇ ਹਨ ਕਿ ਜੇ ਪੋਪ ਕਹਿੰਦਾ ਹੈ ਕਿ ਤ੍ਰਿਏਕ ਦੀ ਸਿੱਖਿਆ ਸਹੀ ਹੈ, ਤਾਂ ਇਹ ਸਹੀ ਹੋਣੀ। ਮੈਂ ਵੀ ਇਸ ਗੱਲ ’ਤੇ ਵਿਸ਼ਵਾਸ ਕਰਦਾ ਸੀ। ਪਰ ਮੈਂ ਸੋਚਿਆ ਕਿ ਜੇ ਪੋਪ ਗ਼ਲਤੀ ਕਰ ਸਕਦਾ ਹੈ, ਤਾਂ ਤ੍ਰਿਏਕ ਦੀ ਸਿੱਖਿਆ ਵੀ ਗ਼ਲਤ ਹੋ ਸਕਦੀ ਹੈ।

ਫਿਰ ਮੈਂ ਪਾਦਰੀ ਨੂੰ ਮਿਲਿਆ ਜੋ ਮੇਰੇ ਸਵਾਲਾਂ ਦੇ ਜਵਾਬ ਨਾ ਦੇ ਸਕਿਆ। ਪਰ ਉਸ ਨੇ ਮੈਨੂੰ “ਰਸੂਲਾਂ ਦੇ ਉਤਰਾਧਿਕਾਰੀ” ਦੀ ਸਿੱਖਿਆ ਬਾਰੇ ਇਕ ਕਿਤਾਬ ਦਿੱਤੀ। ਮੈ ਘਰ ਆ ਕੇ ਉਸ ਕਿਤਾਬ ਨੂੰ ਪੜ੍ਹਿਆ ਅਤੇ ਫਿਰ ਹੋਰ ਸਵਾਲ ਪੁੱਛਣ ਲਈ ਉਸ ਨੂੰ ਦੁਬਾਰਾ ਮਿਲਣ ਗਿਆ। ਪਾਦਰੀ ਮੇਰੇ ਸਵਾਲਾਂ ਦੇ ਜਵਾਬ ਨਾ ਦੇ ਸਕਿਆ, ਉਸ ਨੇ ਮੈਨੂੰ ਕਿਹਾ: “ਮੈਂ ਤੈਨੂੰ ਯਕੀਨ ਨਹੀਂ ਦਿਵਾ ਸਕਦਾ ਕਿ ਇਹ ਸਿੱਖਿਆ ਸਹੀ ਹੈ ਅਤੇ ਤੂੰ ਮੈਨੂੰ ਯਕੀਨ ਨਹੀਂ ਦਿਵਾ ਸਕਦਾ ਕਿ ਇਹ ਸਿੱਖਿਆ ਗ਼ਲਤ ਹੈ। . . . ਰੱਬ ਤੇਰਾ ਭਲਾ ਕਰੇ।” ਉਹ ਮੇਰੇ ਨਾਲ ਹੋਰ ਗੱਲਬਾਤ ਨਹੀਂ ਕਰਨਾ ਚਾਹੁੰਦਾ ਸੀ।

ਨਤੀਜੇ ਵਜੋਂ, ਮੈਂ ਇਲਜ਼ਾ ਅਤੇ ਐਲਫਰੀਡਾ ਨਾਲ ਸਟੱਡੀ ਕਰਨ ਲਈ ਤਿਆਰ ਹੋ ਗਿਆ ਸੀ। ਇਨ੍ਹਾਂ ਨੇ ਮੈਨੂੰ ਸੱਚੇ ਤੇ ਪਵਿੱਤਰ ਪਿਤਾ ਯਹੋਵਾਹ ਬਾਰੇ ਸਿਖਾਇਆ। (ਯੂਹੰ. 17:11) ਉਸ ਇਲਾਕੇ ਵਿਚ ਕੋਈ ਵੀ ਮੰਡਲੀ ਨਹੀਂ ਸੀ, ਇਸ ਲਈ ਇਹ ਦੋਨੋਂ ਭੈਣਾਂ ਇਕ ਦਿਲਚਸਪੀ ਰੱਖਣ ਵਾਲੇ ਪਰਿਵਾਰ ਦੇ ਘਰ ਆਪ ਹੀ ਮੀਟਿੰਗਾਂ ਕਰਦੀਆਂ ਸਨ। ਮੀਟਿੰਗ ਵਿਚ ਕੁਝ ਹੀ ਲੋਕ ਆਉਂਦੇ ਸਨ। ਦੋਨੋਂ ਭੈਣਾਂ ਹੀ ਮੀਟਿੰਗਾਂ ਵਿਚ ਜਾਣਕਾਰੀ ’ਤੇ ਚਰਚਾ ਕਰਦੀਆਂ ਸਨ ਕਿਉਂਕਿ ਉੱਥੇ ਅਗਵਾਈ ਲੈਣ ਲਈ ਕੋਈ ਬਪਤਿਸਮਾ-ਪ੍ਰਾਪਤ ਭਰਾ ਨਹੀਂ ਸੀ। ਕਦੇ-ਕਦੇ ਕਿਸੇ ਹੋਰ ਸ਼ਹਿਰ ਤੋਂ ਇਕ ਭਰਾ ਆ ਕੇ ਕਿਸੇ ਕਿਰਾਏ ਦੀ ਥਾਂ ’ਤੇ ਪਬਲਿਕ ਭਾਸ਼ਣ ਦਿੰਦਾ ਸੀ।

ਪ੍ਰਚਾਰ ਦਾ ਕੰਮ ਸ਼ੁਰੂ ਕਰਨਾ

ਇਲਜ਼ਾ ਅਤੇ ਐਲਫਰੀਡਾ ਨੇ ਮੇਰੇ ਨਾਲ ਅਕਤੂਬਰ 1958 ਵਿਚ ਬਾਈਬਲ ਸਟੱਡੀ ਸ਼ੁਰੂ ਕੀਤੀ ਅਤੇ ਮੈਂ ਤਿੰਨ ਮਹੀਨੇ ਬਾਅਦ ਜਨਵਰੀ 1959 ਵਿਚ ਬਪਤਿਸਮਾ ਲੈ ਲਿਆ। ਬਪਤਿਸਮਾ ਲੈਣ ਤੋਂ ਪਹਿਲਾਂ ਮੈਂ ਉਨ੍ਹਾਂ ਨਾਲ ਘਰ-ਘਰ ਪ੍ਰਚਾਰ ਦਾ ਕੰਮ ਕਰਨ ਬਾਰੇ ਪੁੱਛਿਆ ਸੀ। ਮੈਂ ਦੇਖਣਾ ਚਾਹੁੰਦਾ ਸੀ ਕਿ ਪ੍ਰਚਾਰ ਕਿਵੇਂ ਕੀਤਾ ਜਾਂਦਾ ਸੀ। (ਰਸੂ. 20:20) ਪਹਿਲੀ ਵਾਰ ਉਨ੍ਹਾਂ ਨਾਲ ਪ੍ਰਚਾਰ ’ਤੇ ਜਾਣ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਮੈਨੂੰ ਪ੍ਰਚਾਰ ਲਈ ਇਲਾਕਾ ਦੇ ਦੇਣ ਜਿੱਥੇ ਮੈਂ ਇਕੱਲਾ ਪ੍ਰਚਾਰ ਕਰਨ ਜਾ ਸਕਾਂ। ਉਨ੍ਹਾਂ ਨੇ ਮੈਨੂੰ ਇਕ ਪਿੰਡ ਵਿਚ ਪ੍ਰਚਾਰ ਕਰਨ ਲਈ ਕਿਹਾ ਅਤੇ ਮੈਂ ਉੱਥੇ ਇਕੱਲਾ ਘਰ-ਘਰ ਪ੍ਰਚਾਰ ਕਰਨ ਜਾਂਦਾ ਸੀ ਅਤੇ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਦੁਬਾਰਾ ਮਿਲਦਾ ਸੀ। ਪਹਿਲੀ ਵਾਰ ਜਿਹੜੇ ਭਰਾ ਨੇ ਮੇਰੇ ਨਾਲ ਘਰ-ਘਰ ਪ੍ਰਚਾਰ ਦਾ ਕੰਮ ਕੀਤਾ, ਉਹ ਇਕ ਸਫ਼ਰੀ ਨਿਗਾਹਬਾਨ ਸੀ ਅਤੇ ਬਾਅਦ ਵਿਚ ਉਸ ਨੇ ਸਾਡੀ ਮੰਡਲੀ ਦਾ ਦੌਰਾ ਵੀ ਕੀਤਾ।

1960 ਵਿਚ ਹੋਟਲ ਦੀ ਟ੍ਰੇਨਿੰਗ ਖ਼ਤਮ ਕਰਨ ਤੋਂ ਬਾਅਦ ਮੈਂ ਆਪਣੇ ਘਰ ਵਾਪਸ ਆ ਗਿਆ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਬਾਈਬਲ ਬਾਰੇ ਸੱਚਾਈ ਸਿਖਾਉਣ ਦੀ ਕੋਸ਼ਿਸ਼ ਕੀਤੀ। ਅਜੇ ਤਕ ਉਨ੍ਹਾਂ ਵਿੱਚੋਂ ਕੋਈ ਵੀ ਸੱਚਾਈ ਵਿਚ ਨਹੀਂ ਆਇਆ ਹੈ, ਪਰ ਕੁਝ ਜਣੇ ਦਿਲਚਸਪੀ ਦਿਖਾ ਰਹੇ ਹਨ।

ਫੁੱਲ-ਟਾਈਮ ਸੇਵਾ

ਜਦੋਂ ਮੇਰੀ ਉਮਰ 20 ਸਾਲਾਂ ਤੋਂ ਜ਼ਿਆਦਾ ਸੀ

1961 ਵਿਚ ਮੰਡਲੀ ਵਿਚ ਬ੍ਰਾਂਚ ਆਫ਼ਿਸ ਤੋਂ ਆਈਆਂ ਚਿੱਠੀਆਂ ਪੜ੍ਹੀਆਂ ਗਈਆਂ ਜਿਨ੍ਹਾਂ ਵਿਚ ਪਾਇਨੀਅਰਿੰਗ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਸੀ। ਮੈਂ ਕੁਆਰਾ ਅਤੇ ਸਿਹਤਮੰਦ ਸੀ, ਇਸ ਕਰਕੇ ਮੇਰੇ ਕੋਲ ਪਾਇਨੀਅਰਿੰਗ ਨਾ ਕਰਨ ਦਾ ਕੋਈ ਬਹਾਨਾ ਨਹੀਂ ਸੀ। ਪਰ ਮੈਂ ਕੁਝ ਮਹੀਨੇ ਹੋਰ ਕੰਮ ਕਰ ਕੇ ਇਕ ਕਾਰ ਖ਼ਰੀਦਣੀ ਚਾਹੁੰਦਾ ਸੀ ਜੋ ਪਾਇਨੀਅਰਿੰਗ ਵਿਚ ਮੇਰੇ ਕੰਮ ਆ ਸਕਦੀ ਸੀ। ਇਸ ਬਾਰੇ ਮੈਂ ਸਫ਼ਰੀ ਨਿਗਾਹਬਾਨ ਕਰਟ ਕੂਨ ਦੇ ਵਿਚਾਰ ਪੁੱਛੇ। ਉਸ ਨੇ ਮੈਨੂੰ ਪੁੱਛਿਆ, “ਕੀ ਯਿਸੂ ਅਤੇ ਰਸੂਲਾਂ ਨੂੰ ਫੁੱਲ-ਟਾਈਮ ਸੇਵਾ ਦੇ ਲਈ ਕਾਰ ਦੀ ਲੋੜ ਸੀ?” ਉਸ ਦੇ ਸਵਾਲ ਨੇ ਮੇਰੀ  ਫ਼ੈਸਲਾ ਕਰਨ ਵਿਚ ਮਦਦ ਕੀਤੀ। ਮੈਂ ਜਲਦੀ ਤੋਂ ਜਲਦੀ ਪਾਇਨੀਅਰਿੰਗ ਸ਼ੁਰੂ ਕਰਨ ਬਾਰੇ ਸੋਚਿਆ। ਪਰ ਮੈਂ ਇਕ ਰੈਸਟੋਰੈਂਟ ਵਿਚ ਹਰ ਹਫ਼ਤੇ 72 ਘੰਟੇ ਕੰਮ ਕਰਦਾ ਸੀ, ਇਸ ਲਈ ਮੈਨੂੰ ਪਹਿਲਾਂ ਕੁਝ ਬਦਲਾਅ ਕਰਨ ਦੀ ਲੋੜ ਸੀ।

ਮੈਂ ਆਪਣੇ ਬਾਸ ਤੋਂ 72 ਘੰਟੇ ਕੰਮ ਕਰਨ ਦੀ ਬਜਾਇ 60 ਘੰਟੇ ਕੰਮ ਕਰਨ ਦੀ ਇਜਾਜ਼ਤ ਮੰਗੀ। ਉਸ ਨੇ ਮੈਨੂੰ ਇਜਾਜ਼ਤ ਦੇ ਦਿੱਤੀ, ਪਰ ਮੇਰੀ ਤਨਖ਼ਾਹ ਨਹੀਂ ਘਟਾਈ। ਕੁਝ ਸਮਾਂ ਬੀਤਣ ਤੋਂ ਬਾਅਦ ਮੈਂ ਉਸ ਤੋਂ ਹਫ਼ਤੇ ਵਿਚ ਸਿਰਫ਼ 48 ਘੰਟੇ ਕੰਮ ਕਰਨ ਦੀ ਇਜਾਜ਼ਤ ਮੰਗੀ। ਉਸ ਨੇ ਫਿਰ ਮੈਨੂੰ ਇਜਾਜ਼ਤ ਦੇ ਦਿੱਤੀ, ਪਰ ਅਜੇ ਵੀ ਮੈਨੂੰ ਉੱਨੀ ਹੀ ਤਨਖ਼ਾਹ ਮਿਲਦੀ ਸੀ। ਫਿਰ ਮੈਂ ਉਸ ਤੋਂ ਹਫ਼ਤੇ ਵਿਚ ਸਿਰਫ਼ 36 ਘੰਟੇ ਕੰਮ ਕਰਨ ਦੀ ਇਜਾਜ਼ਤ ਮੰਗੀ। ਉਸ ਨੇ ਫਿਰ ਮੈਨੂੰ ਇਜਾਜ਼ਤ ਦੇ ਦਿੱਤੀ। ਪਰ ਹੈਰਾਨੀ ਦੀ ਗੱਲ ਸੀ ਕਿ ਮੈਨੂੰ ਅਜੇ ਵੀ ਉੱਨੀ ਹੀ ਤਨਖ਼ਾਹ ਮਿਲਦੀ ਸੀ। ਲੱਗਦਾ ਸੀ ਕਿ ਮੇਰਾ ਬਾਸ ਨਹੀਂ ਚਾਹੁੰਦਾ ਸੀ ਕਿ ਮੈਂ ਇਹ ਨੌਕਰੀ ਛੱਡਾਂ। ਕੰਮ ਦੇ ਘੰਟੇ ਘਟਾਉਣ ਤੋਂ ਬਾਅਦ ਮੈਂ ਰੈਗੂਲਰ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। ਉਸ ਸਮੇਂ ਰੈਗੂਲਰ ਪਾਇਨੀਅਰਾਂ ਨੇ ਇਕ ਮਹੀਨੇ ਵਿਚ 100 ਘੰਟੇ ਕਰਨੇ ਹੁੰਦੇ ਸਨ।

ਚਾਰ ਮਹੀਨਿਆਂ ਬਾਅਦ ਮੈਨੂੰ ਸਪੈਸ਼ਲ ਪਾਇਨੀਅਰ ਅਤੇ ਇਕ ਛੋਟੀ ਮੰਡਲੀ ਦਾ ਕੋਆਰਡੀਨੇਟਰ ਬਣਾਇਆ ਗਿਆ। ਇਹ ਮੰਡਲੀ ਕਾਰਿਨਥੀਆ ਸੂਬੇ ਦੇ ਸ਼ਹਿਰ ਸਪਿਟਾਲ ਆ ਦੇ ਦਰੌ ਵਿਚ ਸੀ। ਉਸ ਸਮੇਂ ਸਪੈਸ਼ਲ ਪਾਇਨੀਅਰ ਇਕ ਮਹੀਨੇ ਵਿਚ 150 ਘੰਟੇ ਕਰਦੇ ਸਨ। ਮੇਰਾ ਕੋਈ ਪਾਇਨੀਅਰ ਸਾਥੀ ਨਹੀਂ ਸੀ, ਪਰ ਭੈਣ ਗਰਟਰੂਡ ਲੋਬਨਰ ਨੇ ਪ੍ਰਚਾਰ ਦੇ ਕੰਮ ਵਿਚ ਮੇਰਾ ਸਾਥ ਦਿੱਤਾ। ਪ੍ਰਚਾਰ ਕਰਨ ਦੇ ਨਾਲ-ਨਾਲ ਇਹ ਭੈਣ ਮੰਡਲੀ ਦੀ ਸੈਕਟਰੀ ਵਜੋਂ ਸੇਵਾ ਕਰਦੀ ਸੀ।

ਹੋਰ ਨਵੀਆਂ ਜ਼ਿੰਮੇਵਾਰੀਆਂ

1963 ਵਿਚ ਮੈਨੂੰ ਸਫ਼ਰੀ ਨਿਗਾਹਬਾਨ ਬਣਾਇਆ ਗਿਆ। ਮੈਂ ਭਾਰੇ-ਭਾਰੇ ਸੂਟਕੇਸਾਂ ਨਾਲ ਇਕ ਮੰਡਲੀ ਤੋਂ ਦੂਜੀ ਮੰਡਲੀ ਵਿਚ ਜਾਣ ਲਈ ਕਈ ਵਾਰ ਟ੍ਰੇਨ ਵਿਚ ਸਫ਼ਰ ਕਰਦਾ ਸੀ। ਜ਼ਿਆਦਾਤਰ ਭੈਣਾਂ-ਭਰਾਵਾਂ ਕੋਲ ਕਾਰ ਨਹੀਂ ਸੀ ਜਿਸ ਕਰਕੇ ਮੈਨੂੰ ਕੋਈ ਵੀ ਸਟੇਸ਼ਨ ਤੋਂ ਲੈਣ ਨਹੀਂ ਸੀ ਆਉਂਦਾ। ਮੈਂ ਦਿਖਾਵਾ ਨਹੀਂ ਸੀ ਕਰਨਾ ਚਾਹੁੰਦਾ, ਇਸ ਲਈ ਮੈਂ ਟੈਕਸੀ ਕਰਨ ਦੀ ਬਜਾਇ ਸਟੇਸ਼ਨ ਤੋਂ ਰਹਿਣ ਵਾਲੀ ਜਗ੍ਹਾ ਤੇ ਤੁਰ ਕੇ ਹੀ ਜਾਂਦਾ ਸੀ।

1965 ਵਿਚ ਮੈਨੂੰ ਗਿਲਿਅਡ ਸਕੂਲ ਦੀ 41ਵੀਂ ਕਲਾਸ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਮੈਂ ਤੇ ਕਲਾਸ ਵਿਚ ਬਹੁਤ ਜਣੇ ਕੁਆਰੇ ਸਨ। ਮੈਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਗ੍ਰੈਜੂਏਸ਼ਨ ਤੋਂ ਬਾਅਦ ਮੈਨੂੰ ਆਸਟ੍ਰੀਆ ਵਿਚ ਹੀ ਸਰਕਟ ਸੇਵਾ ਕਰਨ ਲਈ ਭੇਜਿਆ ਗਿਆ। ਅਮਰੀਕਾ ਛੱਡਣ ਤੋਂ ਪਹਿਲਾਂ ਮੈਨੂੰ ਚਾਰ ਹਫ਼ਤਿਆਂ ਲਈ ਇਕ ਸਫ਼ਰੀ ਨਿਗਾਹਬਾਨ ਨਾਲ ਕੰਮ ਕਰਨ ਲਈ ਕਿਹਾ ਗਿਆ। ਮੈਨੂੰ ਭਰਾ ਐਂਟਨੀ ਕੌਂਟੀ ਨਾਲ ਕੰਮ ਕਰ ਕੇ ਬਹੁਤ ਖ਼ੁਸ਼ੀ ਹੋਈ। ਉਹ ਬਹੁਤ ਹੀ ਚੰਗਾ ਭਰਾ ਸੀ ਜਿਸ ਨੂੰ ਪ੍ਰਚਾਰ ਕਰ ਕੇ ਬਹੁਤ ਖ਼ੁਸ਼ੀ ਮਿਲਦੀ ਸੀ ਅਤੇ ਉਹ ਬਹੁਤ ਹੀ ਅਸਰਕਾਰੀ ਢੰਗ ਨਾਲ ਪ੍ਰਚਾਰ ਕਰਦਾ ਸੀ। ਅਸੀਂ ਨਿਊਯਾਰਕ ਸੂਬੇ ਦੇ ਕੋਰਨਵਾਲ ਇਲਾਕੇ ਦੀਆਂ ਮੰਡਲੀਆਂ ਦਾ ਦੌਰਾ ਕੀਤਾ।

ਸਾਡਾ ਵਿਆਹ ਦਾ ਦਿਨ

ਜਦ ਮੈਂ ਆਸਟ੍ਰੀਆ ਵਾਪਸ ਆਇਆ, ਤਾਂ ਮੈਨੂੰ ਇਕ ਸਰਕਟ ਵਿਚ ਸਫ਼ਰੀ ਨਿਗਾਹਬਾਨ ਦਾ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਤੇ ਉੱਥੇ ਮੈਂ ਇਕ ਖ਼ੂਬਸੂਰਤ ਕੁਆਰੀ ਭੈਣ ਟੌਵਾ ਮਰੇਟ ਨੂੰ ਮਿਲਿਆ। ਉਸ ਦੇ ਮਾਪਿਆਂ ਨੇ ਉਸ ਨੂੰ ਪੰਜ ਸਾਲਾਂ ਦੀ ਉਮਰ ਤੋਂ ਸੱਚਾਈ ਸਿਖਾਈ ਸੀ। ਜਦ ਵੀ ਭਰਾ ਸਾਨੂੰ ਪੁੱਛਦੇ ਹਨ ਕਿ ਅਸੀਂ ਕਿੱਦਾਂ ਮਿਲੇ, ਤਾਂ ਅਸੀਂ ਮਜ਼ਾਕ ਵਿਚ ਕਹਿੰਦੇ ਹਾਂ: “ਸਾਨੂੰ ਬ੍ਰਾਂਚ ਆਫ਼ਿਸ ਨੇ ਮਿਲਾਇਆ।” ਇਕ ਸਾਲ ਬਾਅਦ ਅਪ੍ਰੈਲ 1967 ਵਿਚ ਅਸੀਂ ਵਿਆਹ ਕਰਾ ਲਿਆ। ਵਿਆਹ ਤੋਂ ਬਾਅਦ ਸਾਨੂੰ ਇਕੱਠੇ ਸਫ਼ਰੀ ਕੰਮ ਕਰਨ ਦੀ ਇਜਾਜ਼ਤ ਮਿਲ ਗਈ।

ਅਗਲੇ ਸਾਲ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਆਪਣੀ ਅਪਾਰ ਕਿਰਪਾ ਕਰ ਕੇ ਮੈਨੂੰ ਪੁੱਤਰ ਵਜੋਂ ਅਪਣਾ ਲਿਆ ਸੀ। ਉਸ ਵੇਲੇ ਆਪਣੇ ਸਵਰਗੀ ਪਿਤਾ ਨਾਲ ਅਤੇ ਉਨ੍ਹਾਂ ਸਾਰਿਆਂ ਨਾਲ ਇਕ ਖ਼ਾਸ ਰਿਸ਼ਤੇ ਦੀ ਸ਼ੁਰੂਆਤ ਹੋਈ ਜਿਹੜੇ ਯਹੋਵਾਹ ਨੂੰ “ਅੱਬਾ, ਹੇ ਪਿਤਾ” ਪੁਕਾਰਦੇ ਹਨ, ਜਿੱਦਾਂ ਰੋਮੀਆਂ 8:15 ਵਿਚ ਲਿਖਿਆ ਹੈ।

ਮੈਂ ਅਤੇ ਮਰੇਟ ਨੇ 1976 ਤਕ ਇਕੱਠੇ ਸਰਕਟ ਅਤੇ ਡਿਸਟ੍ਰਿਕਟ ਕੰਮ ਕੀਤਾ। ਸਿਆਲ਼ਾਂ ਵਿਚ ਕਦੇ-ਕਦੇ ਸਾਨੂੰ ਜ਼ੀਰੋ ਤੋਂ ਵੀ ਘੱਟ  ਤਾਪਮਾਨ ਵਿਚ ਠੰਢੇ ਕਮਰਿਆਂ ਵਿਚ ਸੌਣਾ ਪੈਂਦਾ ਸੀ। ਇਕ ਵਾਰੀ ਜਦ ਅਸੀਂ ਉੱਠੇ, ਤਾਂ ਸਾਡੇ ਮੂੰਹ ਵਾਲੇ ਪਾਸੇ ਕੰਬਲ ਬਰਫ਼ ਨਾਲ ਜੰਮਿਆ ਹੋਇਆ ਸੀ। ਇਸ ਕਰਕੇ ਅਸੀਂ ਰਾਤ ਨੂੰ ਠੰਢ ਤੋਂ ਬਚਣ ਲਈ ਇਕ ਹੀਟਰ ਆਪਣੇ ਨਾਲ ਲੈ ਕੇ ਜਾਣ ਦਾ ਫ਼ੈਸਲਾ ਕੀਤਾ। ਕੁਝ ਥਾਵਾਂ ’ਤੇ ਬਾਥਰੂਮ ਘਰ ਤੋਂ ਬਾਹਰ ਹੁੰਦੇ ਸਨ ਤੇ ਉੱਥੇ ਅੰਦਰ ਠੰਢੀ ਹਵਾ ਆਉਂਦੀ ਰਹਿੰਦੀ ਸੀ। ਰਾਤ ਨੂੰ ਬਾਥਰੂਮ ਜਾਣ ਲਈ ਬਰਫ਼ ਉੱਤੋਂ ਤੁਰ ਕੇ ਜਾਣਾ ਪੈਂਦਾ ਸੀ। ਸਾਡੇ ਕੋਲ ਆਪਣਾ ਘਰ ਨਹੀਂ ਸੀ, ਇਸ ਲਈ ਜਿਸ ਘਰ ਵਿਚ ਅਸੀਂ ਪੂਰਾ ਹਫ਼ਤਾ ਰਹਿ ਕੇ ਸੇਵਾ ਕਰਦੇ ਸੀ, ਅਸੀਂ ਸੋਮਵਾਰ ਨੂੰ ਵੀ ਉੱਥੇ ਹੀ ਰਹਿੰਦੇ ਸੀ। ਫਿਰ ਮੰਗਲਵਾਰ ਸਵੇਰੇ ਅਸੀਂ ਉੱਥੋਂ ਹੀ ਅਗਲੀ ਮੰਡਲੀ ਨੂੰ ਚਲੇ ਜਾਂਦੇ ਸੀ।

ਮੈਨੂੰ ਇਹ ਦੱਸਦਿਆਂ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਮੇਰੀ ਪਿਆਰੀ ਪਤਨੀ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ। ਉਸ ਨੂੰ ਪ੍ਰਚਾਰ ਕਰਨਾ ਬਹੁਤ ਪਸੰਦ ਹੈ ਅਤੇ ਮੈਨੂੰ ਕਦੇ ਵੀ ਉਸ ਨੂੰ ਪ੍ਰਚਾਰ ’ਤੇ ਜਾਣ ਲਈ ਹੱਲਾਸ਼ੇਰੀ ਨਹੀਂ ਦੇਣੀ ਪਈ। ਉਹ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਨ੍ਹਾਂ ਦਾ ਬਹੁਤ ਖ਼ਿਆਲ ਵੀ ਰੱਖਦੀ ਹੈ। ਉਸ ਦੇ ਇਸ ਰਵੱਈਏ ਕਰਕੇ ਮੇਰੇ ਲਈ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਆਸਾਨ ਹੋਈਆਂ।

1976 ਵਿਚ ਸਾਨੂੰ ਆਸਟ੍ਰੀਆ ਦੇ ਬ੍ਰਾਂਚ ਆਫ਼ਿਸ ਵੀਐਨਾ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ ਅਤੇ ਮੈਨੂੰ ਬ੍ਰਾਂਚ ਕਮੇਟੀ ਦਾ ਮੈਂਬਰ ਬਣਾਇਆ ਗਿਆ। ਉਸ ਸਮੇਂ ਆਸਟ੍ਰੀਆ ਦਾ ਬ੍ਰਾਂਚ ਆਫ਼ਿਸ ਕਈ ਪੂਰਬੀ ਯੂਰਪੀਅਨ ਦੇਸ਼ਾਂ ਦੇ ਕੰਮ ਦੀ ਨਿਗਰਾਨੀ ਕਰਦਾ ਸੀ ਅਤੇ ਇੱਥੋਂ ਹੀ ਇਨ੍ਹਾਂ ਦੇਸ਼ਾਂ ਨੂੰ ਸਾਵਧਾਨੀ ਨਾਲ ਪ੍ਰਕਾਸ਼ਨ ਭੇਜੇ ਜਾਂਦੇ ਸਨ। ਭਰਾ ਯੁਰਗਨ ਉਨਡੇਲ ਇਸ ਕੰਮ ਦੀ ਨਿਗਰਾਨੀ ਕਰਦਾ ਸੀ ਅਤੇ ਮੈਨੂੰ ਉਸ ਨਾਲ ਕੰਮ ਕਰਨ ਦਾ ਸਨਮਾਨ ਮਿਲਿਆ। ਕੁਝ ਸਮੇਂ ਬਾਅਦ ਮੈਨੂੰ ਦਸ ਪੂਰਬੀ ਯੂਰਪੀਅਨ ਭਾਸ਼ਾਵਾਂ ਵਿਚ ਤਰਜਮੇ ਦੇ ਕੰਮ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ। ਭਰਾ ਯੁਰਗਨ ਅਤੇ ਉਸ ਦੀ ਪਤਨੀ ਗਰਟਰੂਡ ਅਜੇ ਵੀ ਜਰਮਨੀ ਵਿਚ ਸਪੈਸ਼ਲ ਪਾਇਨੀਅਰਿੰਗ ਕਰਦੇ ਹਨ। 1978 ਤੋਂ ਆਸਟ੍ਰੀਆ ਵਿਚ ਰਸਾਲੇ ਫੋਟੋ ਟਾਈਪ ਸੈੱਟ ਕਰ ਕੇ ਛੇ ਭਾਸ਼ਾਵਾਂ ਵਿਚ ਛੋਟੀ ਪ੍ਰੈੱਸ ਰਾਹੀਂ ਛਾਪੇ ਜਾਂਦੇ ਸਨ। ਅਸੀਂ ਦੂਸਰੇ ਦੇਸ਼ਾਂ ਵਿਚ ਰਹਿੰਦੇ ਲੋਕਾਂ ਨੂੰ ਵੀ ਰਸਾਲੇ ਭੇਜਦੇ ਸੀ। ਔਟੋ ਕੂਗਲਿਚ ਇਨ੍ਹਾਂ ਕੰਮਾਂ ਦੀ ਨਿਗਰਾਨੀ ਕਰਦਾ ਸੀ। ਉਹ ਹੁਣ ਆਪਣੀ ਪਤਨੀ ਇੰਗਰਿਡ ਨਾਲ ਜਰਮਨੀ ਵਿਚ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦਾ ਹੈ।

ਆਸਟ੍ਰੀਆ ਵਿਚ ਸੜਕ ਉੱਤੇ ਅਤੇ ਹੋਰ ਕਈ ਢੰਗਾਂ ਨਾਲ ਗਵਾਹੀ ਦੇ ਕੇ ਖ਼ੁਸ਼ੀ ਹੁੰਦੀ ਸੀ

ਪੂਰਬੀ ਯੂਰਪੀਅਨ ਦੇਸ਼ਾਂ ਵਿਚ ਭਰਾ ਮਿਮੀਓਗ੍ਰਾਫ ਮਸ਼ੀਨਾਂ ਜਾਂ ਮਾਈਕ੍ਰੋਫਿਲਮਾਂ ਦੇ ਜ਼ਰੀਏ ਪ੍ਰਕਾਸ਼ਨ ਛਾਪਦੇ ਸਨ। ਪਰ ਉਨ੍ਹਾਂ ਨੂੰ ਇਸ ਕੰਮ ਵਿਚ ਹੋਰ ਦੇਸ਼ਾਂ ਦੇ ਭਰਾਵਾਂ ਦੀ ਵੀ ਮਦਦ ਦੀ ਲੋੜ ਸੀ। ਯਹੋਵਾਹ ਦੀ ਮਦਦ ਨਾਲ ਇਹ ਕੰਮ ਚੱਲਦਾ ਰਿਹਾ ਅਤੇ ਅਸੀਂ ਉਨ੍ਹਾਂ ਭਰਾਵਾਂ ਨੂੰ ਪਿਆਰ ਕਰਦੇ ਸੀ ਜੋ ਮੁਸ਼ਕਲ ਹਾਲਾਤਾਂ ਤੇ ਪਾਬੰਦੀ ਦੇ ਬਾਵਜੂਦ ਕਈ ਸਾਲ ਸੇਵਾ ਕਰਦੇ ਰਹੇ।

ਰੋਮਾਨੀਆ ਦਾ ਖ਼ਾਸ ਦੌਰਾ

1989 ਵਿਚ ਮੈਨੂੰ ਪ੍ਰਬੰਧਕ ਸਭਾ ਦੇ ਮੈਂਬਰ ਥੀਓਡੋਰ ਜੈਰਸ ਨਾਲ ਰੋਮਾਨੀਆ ਜਾਣ ਦਾ ਸਨਮਾਨ ਮਿਲਿਆ। ਉੱਥੇ ਅਸੀਂ ਭਰਾਵਾਂ ਦੇ  ਇਕ ਵੱਡੇ ਗਰੁੱਪ ਦੀ ਮਦਦ ਕਰਨ ਗਏ ਸੀ ਤਾਂਕਿ ਉਹ ਸੰਗਠਨ ਨਾਲ ਦੁਬਾਰਾ ਮਿਲ ਕੇ ਕੰਮ ਕਰਨ। 1949 ਦੇ ਸ਼ੁਰੂ ਵਿਚ ਕਈ ਕਾਰਨਾਂ ਕਰਕੇ ਇਨ੍ਹਾਂ ਭਰਾਵਾਂ ਨੇ ਆਪਣੇ ਆਪ ਨੂੰ ਸੰਗਠਨ ਤੋਂ ਅਲੱਗ ਕਰ ਲਿਆ ਸੀ ਅਤੇ ਆਪਣੀਆਂ ਵੱਖਰੀਆਂ ਮੰਡਲੀਆਂ ਬਣਾ ਲਈਆਂ ਸਨ। ਪਰ ਅਜੇ ਵੀ ਉਹ ਪ੍ਰਚਾਰ ਕਰਦੇ ਸਨ ਤੇ ਲੋਕਾਂ ਨੂੰ ਬਪਤਿਸਮਾ ਦਿੰਦੇ ਸਨ। ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰਨ ਕਰਕੇ ਉਹ ਵੀ ਉਨ੍ਹਾਂ ਭਰਾਵਾਂ ਵਾਂਗ ਜੇਲ੍ਹ ਗਏ ਜਿਹੜੇ ਅਜੇ ਵੀ ਸੰਗਠਨ ਦਾ ਹਿੱਸਾ ਸਨ। ਰੋਮਾਨੀਆ ਵਿਚ ਅਜੇ ਵੀ ਪ੍ਰਚਾਰ ਦੇ ਕੰਮ ’ਤੇ ਪਾਬੰਦੀ ਲੱਗੀ ਹੋਈ ਸੀ। ਇਸ ਲਈ ਅਸੀਂ ਚੋਰੀ-ਛੁਪੇ ਭਰਾ ਪਾਮਫ਼ੀਲ ਆਲਬੂ ਦੇ ਘਰ ਚਾਰ ਖ਼ਾਸ ਬਜ਼ੁਰਗਾਂ ਅਤੇ ਰੋਮਾਨੀਆ ਦੀ ਕੰਟਰੀ ਕਮੇਟੀ ਦੇ ਮੈਂਬਰਾਂ ਨਾਲ ਇਕੱਠੇ ਹੋਏ। ਅਸੀਂ ਆਪਣੇ ਨਾਲ ਆਸਟ੍ਰੀਆ ਤੋਂ ਭਰਾ ਰੌਲਫ ਕੇਲਨਰ ਨੂੰ ਅਨੁਵਾਦ ਕਰਨ ਲਈ ਲੈ ਕੇ ਆਏ।

ਦੂਸਰੀ ਰਾਤ ਗੱਲਬਾਤ ਕਰਦੇ ਹੋਏ ਭਰਾ ਆਲਬੂ ਨੇ ਆਪਣੇ ਨਾਲ ਦੇ ਚਾਰ ਬਜ਼ੁਰਗਾਂ ਨੂੰ ਸੰਗਠਨ ਦੇ ਨਾਲ ਰਲ਼ਣ ਲਈ ਰਾਜ਼ੀ ਕਰਨ ਲਈ ਕਿਹਾ: “ਜੇ ਅਸੀਂ ਇਹ ਹੁਣ ਨਹੀਂ ਕੀਤਾ, ਤਾਂ ਸ਼ਾਇਦ ਸਾਨੂੰ ਦੁਬਾਰਾ ਕਦੇ ਇਹ ਮੌਕਾ ਨਾ ਮਿਲੇ।” ਬਾਅਦ ਵਿਚ ਲਗਭਗ 5,000 ਭਰਾ ਸੰਗਠਨ ਨਾਲ ਦੁਬਾਰਾ ਮਿਲ ਗਏ। ਯਹੋਵਾਹ ਦੀ ਕਿੰਨੀ ਸ਼ਾਨਦਾਰ ਜਿੱਤ ਅਤੇ ਸ਼ੈਤਾਨ ਦੀ ਕਿੰਨੀ ਵੱਡੀ ਹਾਰ!

1989 ਦੇ ਅਖ਼ੀਰ ਵਿਚ ਪ੍ਰਬੰਧਕ ਸਭਾ ਨੇ ਮੈਨੂੰ ਅਤੇ ਮੇਰੀ ਪਤਨੀ ਨੂੰ ਨਿਊਯਾਰਕ ਦੇ ਹੈੱਡ-ਕੁਆਰਟਰ ਵਿਚ ਆਉਣ ਦਾ ਸੱਦਾ ਦਿੱਤਾ। ਸਾਡੇ ਲਈ ਇਹ ਹੈਰਾਨੀ ਵਾਲੀ ਗੱਲ ਸੀ। ਅਸੀਂ ਜੁਲਾਈ 1990 ਵਿਚ ਬਰੁਕਲਿਨ ਬੈਥਲ ਵਿਚ ਸੇਵਾ ਸ਼ੁਰੂ ਕੀਤੀ। 1992 ਵਿਚ ਮੈਨੂੰ ਪ੍ਰਬੰਧਕ ਸਭਾ ਦੀ ਸਰਵਿਸ ਕਮੇਟੀ ਦੇ ਇਕ ਸਹਾਇਕ ਵਜੋਂ ਕੰਮ ਦਿੱਤਾ ਅਤੇ ਜੁਲਾਈ 1994 ਤੋਂ ਮੈਨੂੰ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਕੰਮ ਕਰਨ ਦਾ ਸਨਮਾਨ ਮਿਲਿਆ।

ਬੀਤੀ ਜ਼ਿੰਦਗੀ ਉੱਤੇ ਝਾਤ ਤੇ ਭਵਿੱਖ ਵੱਲ ਤੱਕਣਾ

ਬਰੁਕਲਿਨ, ਨਿਊਯਾਰਕ ਵਿਚ ਆਪਣੀ ਪਤਨੀ ਨਾਲ

ਬੀਤੇ ਸਮੇਂ ਵਿਚ ਮੈਂ ਇਕ ਹੋਟਲ ਵਿਚ ਭੋਜਨ ਵਰਤਾਉਣ ਦਾ ਕੰਮ ਕਰਦਾ ਸੀ, ਪਰ ਹੁਣ ਮੈਂ ਦੁਨੀਆਂ ਭਰ ਵਿਚ ਆਪਣੇ ਭੈਣਾਂ-ਭਰਾਵਾਂ ਲਈ ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲਾ ਭੋਜਨ ਤਿਆਰ ਕਰਨ ਅਤੇ ਵੰਡਣ ਦਾ ਕੰਮ ਕਰਦਾ ਹਾਂ। (ਮੱਤੀ 24:45-47) 50 ਤੋਂ ਜ਼ਿਆਦਾ ਸਾਲ ਦੀ ਸਪੈਸ਼ਲ ਫੁੱਲ-ਟਾਈਮ ਸੇਵਾ ’ਤੇ ਝਾਤ ਮਾਰਦਿਆਂ ਮੈਂ ਯਹੋਵਾਹ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਮੈਨੂੰ ਖ਼ੁਸ਼ੀ ਹੁੰਦੀ ਹੈ ਜਦ ਮੈਂ ਦੁਨੀਆਂ ਭਰ ਦੇ ਭਾਈਚਾਰੇ ਦੇ ਕੰਮ ਉੱਤੇ ਯਹੋਵਾਹ ਦੀ ਬਰਕਤ ਦੇਖਦਾ ਹਾਂ। ਮੈਨੂੰ ਯਹੋਵਾਹ ਦੇ ਗਵਾਹਾਂ ਦੇ ਅੰਤਰਰਾਸ਼ਟਰੀ ਸੰਮੇਲਨਾਂ ’ਤੇ ਜਾਣਾ ਬਹੁਤ ਪਸੰਦ ਹੈ ਜਿੱਥੇ ਸਵਰਗੀ ਪਿਤਾ ਯਹੋਵਾਹ ਬਾਰੇ ਅਤੇ ਬਾਈਬਲ ਦੀ ਸੱਚਾਈ ਬਾਰੇ ਸਿੱਖਣ ’ਤੇ ਜ਼ੋਰ ਦਿੱਤਾ ਜਾਂਦਾ ਹੈ।

ਮੈਂ ਪ੍ਰਾਰਥਨਾ ਕਰਦਾ ਹਾਂ ਕਿ ਲੱਖਾਂ ਹੀ ਹੋਰ ਲੋਕ ਬਾਈਬਲ ਦੀ ਸਟੱਡੀ ਕਰ ਕੇ ਸੱਚਾਈ ਸਿੱਖਣਗੇ ਅਤੇ ਦੁਨੀਆਂ ਭਰ ਦੇ ਮਸੀਹੀ ਭਾਈਚਾਰੇ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨਗੇ। (1 ਪਤ. 2:17) ਮੈਂ ਉਸ ਸਮੇਂ ਦੀ ਵੀ ਉਡੀਕ ਕਰ ਰਿਹਾ ਹਾਂ ਜਦ ਮੈਂ ਧਰਤੀ ’ਤੇ ਦੁਬਾਰਾ ਜੀਉਂਦਾ ਕੀਤੇ ਜਾ ਰਹੇ ਲੋਕਾਂ ਨੂੰ ਸਵਰਗ ਤੋਂ ਦੇਖਾਂਗਾ ਅਤੇ ਆਪਣੇ ਇਨਸਾਨੀ ਪਿਤਾ ਨੂੰ ਵੀ। ਮੈਂ ਉਮੀਦ ਕਰਦਾ ਹਾਂ ਕਿ ਉਹ, ਮੇਰੇ ਮਾਤਾ ਜੀ ਅਤੇ ਹੋਰ ਮਰੇ ਹੋਏ ਰਿਸ਼ਤੇਦਾਰ ਨਵੀਂ ਦੁਨੀਆਂ ਵਿਚ ਯਹੋਵਾਹ ਦੀ ਭਗਤੀ ਕਰਨੀ ਚਾਹੁਣਗੇ।

ਮੈਂ ਉਸ ਸਮੇਂ ਦੀ ਵੀ ਉਡੀਕ ਕਰ ਰਿਹਾ ਹਾਂ ਜਦ ਮੈਂ ਧਰਤੀ ’ਤੇ ਦੁਬਾਰਾ ਜੀਉਂਦਾ ਕੀਤੇ ਜਾ ਰਹੇ ਲੋਕਾਂ ਨੂੰ ਸਵਰਗ ਤੋਂ ਦੇਖਾਂਗਾ ਅਤੇ ਆਪਣੇ ਇਨਸਾਨੀ ਪਿਤਾ ਨੂੰ ਵੀ