“ਯਹੋਵਾਹ ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ”
“ਜੇ ਕੋਈ ਪਰਮੇਸ਼ੁਰ ਨਾਲ ਪਿਆਰ ਕਰਦਾ ਹੈ, ਤਾਂ ਉਹ ਉਸ ਨੂੰ ਜਾਣਦਾ ਹੈ।”
1. ਇਕ ਉਦਾਹਰਣ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਕੁਝ ਲੋਕਾਂ ਨੇ ਆਪਣੇ ਆਪ ਨੂੰ ਧੋਖਾ ਦਿੱਤਾ ਸੀ। (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
ਇਕ ਦਿਨ ਸਵੇਰੇ ਮਹਾਂ ਪੁਜਾਰੀ ਹਾਰੂਨ ਹੱਥ ਵਿਚ ਧੂਪਦਾਨ ਫੜੀ ਯਹੋਵਾਹ ਦੇ ਡੇਹਰੇ ਮੋਹਰੇ ਖੜ੍ਹਾ ਸੀ। ਉਸ ਦੇ ਨੇੜੇ ਹੀ ਕੋਰਹ ਤੇ 250 ਬੰਦੇ ਵੀ ਯਹੋਵਾਹ ਨੂੰ ਧੂਪ ਧੁਖਾਉਣ ਲਈ ਆਪਣੇ ਹੱਥਾਂ ਵਿਚ ਧੂਪਦਾਨ ਫੜੀ ਖੜ੍ਹੇ ਸਨ। (ਗਿਣ. 16:16-18) ਦੇਖਣ ਨੂੰ ਲੱਗਦਾ ਸੀ ਕਿ ਇਹ ਸਾਰੇ ਜਣੇ ਯਹੋਵਾਹ ਦੇ ਵਫ਼ਾਦਾਰ ਸੇਵਕ ਸਨ। ਪਰ ਹਾਰੂਨ ਤੋਂ ਉਲਟ ਕੋਰਹ ਤੇ ਉਸ ਦੇ ਸਾਥੀ ਘਮੰਡੀ, ਬਾਗ਼ੀ ਤੇ ਸੁਆਰਥੀ ਸਨ ਅਤੇ ਉਹ ਹਾਰੂਨ ਦੀ ਜਗ੍ਹਾ ਪੁਜਾਰੀ ਬਣਨਾ ਚਾਹੁੰਦੇ ਸਨ। (ਗਿਣ. 16:1-11) ਉਹ ਇਹ ਸੋਚ ਕੇ ਆਪਣੇ ਆਪ ਨੂੰ ਧੋਖਾ ਦੇ ਰਹੇ ਸਨ ਕਿ ਯਹੋਵਾਹ ਉਨ੍ਹਾਂ ਦੀ ਭਗਤੀ ਕਬੂਲ ਕਰੇਗਾ। ਪਰ ਸੱਚ ਤਾਂ ਇਹ ਸੀ ਕਿ ਉਹ ਯਹੋਵਾਹ ਦਾ ਨਿਰਾਦਰ ਕਰ ਰਹੇ ਸਨ ਜੋ ਦਿਲਾਂ ਨੂੰ ਪੜ੍ਹ ਸਕਦਾ ਹੈ ਤੇ ਉਨ੍ਹਾਂ ਦੀ ਦਿਖਾਵੇ ਵਾਲੀ ਭਗਤੀ ਨੂੰ ਦੇਖ ਸਕਦਾ ਸੀ।
2. ਮੂਸਾ ਨੇ ਪਹਿਲਾਂ ਹੀ ਕੀ ਕਿਹਾ ਸੀ ਅਤੇ ਕੀ ਉਸ ਦੀ ਕਹੀ ਗੱਲ ਸੱਚ ਸਾਬਤ ਹੋਈ?
2 ਇਕ ਦਿਨ ਪਹਿਲਾਂ ਹੀ ਮੂਸਾ ਨੇ ਕਿਹਾ ਸੀ: “ਸਵੇਰ ਨੂੰ ਯਹੋਵਾਹ ਦੱਸੇਗਾ ਭਈ ਕੌਣ ਉਹ ਦਾ ਹੈ।” (ਗਿਣ. 16:5) ਅਗਲੇ ਦਿਨ ਯਹੋਵਾਹ ਵੱਲੋਂ ਨਿਕਲੀ “ਅੱਗ ਨੇ ਕੋਰਹ ਅਤੇ ਉਸ ਦੇ ਸਾਥੀਆਂ ਨੂੰ ਭਸਮ ਕਰ ਦਿੱਤਾ।” (ਗਿਣ. 16:35; 26:10, NW) ਪਰ ਯਹੋਵਾਹ ਨੇ ਹਾਰੂਨ ਨੂੰ ਉਨ੍ਹਾਂ ਨਾਲ ਭਸਮ ਨਾ ਕਰ ਕੇ ਦਿਖਾਇਆ ਕਿ ਉਹ ਉਸ ਦਾ ਸੱਚਾ ਭਗਤ ਤੇ ਪੁਜਾਰੀ ਸੀ। ਇਸ ਤਰ੍ਹਾਂ ਕਰਕੇ ਯਹੋਵਾਹ ਨੇ ਜ਼ਾਹਰ ਕੀਤਾ ਕਿ ਕੌਣ ਉਸ ਦੀ ਸੱਚੀ ਭਗਤੀ ਕਰਦੇ ਸਨ ਅਤੇ ਕੌਣ ਦਿਖਾਵੇ ਦੀ।
3. (ੳ) ਪੌਲੁਸ ਦੇ ਦਿਨਾਂ ਵਿਚ ਕਿਹੜੇ ਹਾਲਾਤ ਪੈਦਾ ਹੋਏ ਸਨ? (ਅ) ਮੂਸਾ ਦੇ ਦਿਨਾਂ ਵਿਚ ਯਹੋਵਾਹ ਨੇ ਬਾਗ਼ੀਆਂ ਨਾਲ ਜੋ ਕੀਤਾ ਉਸ ਤੋਂ ਅਸੀਂ ਕੀ ਸਬਕ ਸਿੱਖ ਸਕਦੇ ਹਾਂ?
3 ਇਸ ਗੱਲ ਤੋਂ ਲਗਭਗ 1500 ਸਾਲ ਬਾਅਦ ਪੌਲੁਸ ਦੇ ਦਿਨਾਂ ਵਿਚ ਇਸੇ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਸਨ। ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਕੁਝ ਜਣੇ ਝੂਠੀਆਂ ਸਿੱਖਿਆਵਾਂ ਨੂੰ ਮੰਨਣ ਲੱਗ ਪਏ ਸਨ, ਪਰ ਉਹ ਅਜੇ ਵੀ ਮੰਡਲੀਆਂ ਨਾਲ ਸੰਗਤ ਕਰਦੇ ਸਨ। ਦੇਖਣ ਨੂੰ ਇਹ ਧਰਮ-ਤਿਆਗੀ ਮੰਡਲੀਆਂ ਵਿਚ ਦੂਜਿਆਂ ਤੋਂ ਵੱਖਰੇ ਨਹੀਂ ਲੱਗਦੇ ਸਨ। ਪਰ ਭੇਡਾਂ ਦੇ ਰੂਪ ਵਿਚ ਇਹ ਬਘਿਆੜ ‘ਕੁਝ ਲੋਕਾਂ ਦੀ ਨਿਹਚਾ ਨੂੰ ਬਰਬਾਦ ਕਰ ਰਹੇ ਸਨ।’ (2 ਤਿਮੋ. 2:16-18) ਕੀ ਯਹੋਵਾਹ ਇਹ ਸਭ ਕੁਝ ਦੇਖ ਰਿਹਾ ਸੀ? ਜੀ ਹਾਂ, ਪੌਲੁਸ ਜਾਣਦਾ ਸੀ ਕਿ ਪਰਮੇਸ਼ੁਰ ਨੇ ਸਦੀਆਂ ਪਹਿਲਾਂ ਕੋਰਹ ਤੇ ਉਸ ਦੇ ਸਾਥੀਆਂ ਨੂੰ ਕੀ ਸਜ਼ਾ ਦਿੱਤੀ ਸੀ। ਇਸ ਲਈ ਉਸ ਨੂੰ ਯਕੀਨ ਸੀ ਕਿ ਯਹੋਵਾਹ ਮੰਡਲੀਆਂ ਦੇ ਹਾਲਾਤਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ। ਅਸੀਂ ਵੀ ਯਹੋਵਾਹ ’ਤੇ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ। ਆਓ ਆਪਾਂ ਦੇਖੀਏ ਕਿ ਅਸੀਂ ਤਿਮੋਥਿਉਸ ਨੂੰ ਲਿਖੇ ਪੌਲੁਸ ਦੇ ਸ਼ਬਦਾਂ ਤੋਂ ਇਸ ਗੱਲ ਦਾ ਭਰੋਸਾ ਰੱਖਣਾ ਕਿਵੇਂ ਸਿੱਖ ਸਕਦੇ ਹਾਂ।
“ਮੈਂ ਯਹੋਵਾਹ ਅਟੱਲ ਹਾਂ”
4. ਪੌਲੁਸ ਨੂੰ ਕਿਸ ਗੱਲ ਦਾ ਯਕੀਨ ਸੀ ਅਤੇ ਤਿਮੋਥਿਉਸ ਨੂੰ ਲਿਖੇ ਉਸ ਦੇ ਸ਼ਬਦਾਂ ਤੋਂ ਇਹ ਕਿਵੇਂ ਦੇਖਿਆ ਜਾ ਸਕਦਾ ਹੈ?
4 ਪੌਲੁਸ ਨੂੰ ਪੱਕਾ ਯਕੀਨ ਸੀ ਕਿ ਜਿਵੇਂ ਯਹੋਵਾਹ ਦਿਖਾਵੇ ਵਾਲੀ ਭਗਤੀ ਨੂੰ ਪਛਾਣ ਸਕਦਾ ਸੀ, ਉਸੇ ਤਰ੍ਹਾਂ ਉਹ ਆਗਿਆਕਾਰ ਲੋਕਾਂ ਨੂੰ ਵੀ ਪਛਾਣ ਸਕਦਾ ਸੀ। ਪੌਲੁਸ ਨੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਤਿਮੋਥਿਉਸ ਨੂੰ ਜੋ ਸ਼ਬਦ ਲਿਖੇ ਸਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਨੂੰ ਇਸ ਗੱਲ ਦਾ ਪੱਕਾ ਯਕੀਨ ਸੀ। ਮੰਡਲੀਆਂ ਉੱਤੇ ਧਰਮ-ਤਿਆਗੀਆਂ ਦੇ ਬੁਰੇ ਅਸਰ ਦਾ ਜ਼ਿਕਰ ਕਰਨ ਤੋਂ ਬਾਅਦ ਪੌਲੁਸ ਨੇ ਲਿਖਿਆ: “ਇਸ ਦੇ ਬਾਵਜੂਦ, ਪਰਮੇਸ਼ੁਰ ਨੇ ਜੋ ਪੱਕੀ ਨੀਂਹ ਧਰੀ ਹੈ, ਉਹ ਹਮੇਸ਼ਾ ਮਜ਼ਬੂਤ ਰਹਿੰਦੀ ਹੈ ਅਤੇ ਇਸ ਉੱਤੇ ਇਹ ਮੁਹਰ ਲੱਗੀ ਹੋਈ ਹੈ: ‘ਯਹੋਵਾਹ ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ,’ ਅਤੇ: ‘ਯਹੋਵਾਹ ਦਾ ਨਾਂ ਲੈਣ ਵਾਲਾ ਹਰ ਇਨਸਾਨ ਬੁਰਾਈ ਨੂੰ ਤਿਆਗ ਦੇਵੇ।’”
5, 6. “ਪਰਮੇਸ਼ੁਰ ਨੇ ਜੋ ਪੱਕੀ ਨੀਂਹ ਧਰੀ ਹੈ” ਸ਼ਬਦਾਂ ਵਿਚ ਕਿਹੜੀ ਗੱਲ ਧਿਆਨ ਦੇਣ ਵਾਲੀ ਹੈ ਅਤੇ ਪੌਲੁਸ ਦੇ ਇਨ੍ਹਾਂ ਸ਼ਬਦਾਂ ਦਾ ਤਿਮੋਥਿਉਸ ’ਤੇ ਕੀ ਅਸਰ ਪਿਆ ਹੋਣਾ?
5 ਪੌਲੁਸ ਦੇ ਇਨ੍ਹਾਂ ਸ਼ਬਦਾਂ ਵਿਚ ਕਿਹੜੀ ਗੱਲ ਧਿਆਨ ਦੇਣ ਵਾਲੀ ਹੈ? “ਪਰਮੇਸ਼ੁਰ ਨੇ ਜੋ ਪੱਕੀ ਨੀਂਹ ਧਰੀ ਹੈ” ਸ਼ਬਦ ਬਾਈਬਲ ਵਿਚ ਸਿਰਫ਼ ਇਸੇ ਆਇਤ ਵਿਚ ਵਰਤੇ ਗਏ ਹਨ। ਬਾਈਬਲ ਵਿਚ “ਨੀਂਹ” ਸ਼ਬਦ ਅਲੱਗ-ਅਲੱਗ ਚੀਜ਼ਾਂ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ, ਜਿਵੇਂ ਕਿ ਧਰਤੀ ਨੂੰ ਸਥਿਰ ਰੱਖਣ ਵਾਲੇ ਪਰਮੇਸ਼ੁਰ ਦੇ ਨਿਯਮਾਂ ਲਈ ਅਤੇ ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੇ ਰੋਲ ਲਈ। (ਜ਼ਬੂ. 104:5; 1 ਕੁਰਿੰ. 3:11; 1 ਪਤ. 2:6) ਪਰ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦਿਆਂ ਪੌਲੁਸ ਦੇ ਮਨ ਵਿਚ ਕਿਹੜੀ ਘਟਨਾ ਸੀ?
6 “ਪਰਮੇਸ਼ੁਰ ਨੇ ਜੋ ਪੱਕੀ ਨੀਂਹ ਧਰੀ ਹੈ” ਸ਼ਬਦ ਵਰਤਣ ਵੇਲੇ ਪੌਲੁਸ ਨੇ ਮੂਸਾ ਦੁਆਰਾ ਕੋਰਹ ਅਤੇ ਉਸ ਦੇ ਸਾਥੀਆਂ ਨੂੰ ਕਹੇ ਸ਼ਬਦਾਂ ਦਾ ਹਵਾਲਾ ਦਿੱਤਾ ਸੀ ਜੋ ਗਿਣਤੀ 16:5 ਵਿਚ ਦਰਜ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਤਿਮੋਥਿਉਸ ਨੂੰ ਹੌਸਲਾ ਦੇਣ ਲਈ ਪੌਲੁਸ ਨੇ ਮੂਸਾ ਦੇ ਦਿਨਾਂ ਵਿਚ ਵਾਪਰੀਆਂ ਘਟਨਾਵਾਂ ਵੱਲ ਇਸ਼ਾਰਾ ਕੀਤਾ ਸੀ ਅਤੇ ਉਸ ਨੂੰ ਯਾਦ ਕਰਾਇਆ ਸੀ ਕਿ ਯਹੋਵਾਹ ਵਿਚ ਬਗਾਵਤੀ ਲੋਕਾਂ ਨੂੰ ਰੋਕਣ ਦੀ ਤਾਕਤ ਹੈ। ਜਿੱਦਾਂ ਸਦੀਆਂ ਪਹਿਲਾਂ ਕੋਰਹ ਯਹੋਵਾਹ ਦੇ ਮਕਸਦ ਨੂੰ ਪੂਰਾ ਹੋਣ ਤੋਂ ਰੋਕ ਨਹੀਂ ਸਕਿਆ, ਉਸੇ ਤਰ੍ਹਾਂ ਮੰਡਲੀਆਂ ਵਿਚ ਧਰਮ-ਤਿਆਗੀ ਯਹੋਵਾਹ ਦੇ ਮਕਸਦ ਵਿਚ ਅੜਿੱਕਾ ਨਹੀਂ ਬਣ ਸਕਦੇ। ਪੌਲੁਸ ਨੇ ਇਹ ਨਹੀਂ ਦੱਸਿਆ ਕਿ “ਪਰਮੇਸ਼ੁਰ ਨੇ ਜੋ ਪੱਕੀ ਨੀਂਹ ਧਰੀ ਹੈ” ਸ਼ਬਦ ਕਿਸ ਚੀਜ਼ ਨੂੰ ਦਰਸਾਉਂਦੇ ਹਨ, ਪਰ ਉਸ ਨੇ ਜੋ ਵੀ ਕਿਹਾ ਉਸ ਤੋਂ ਤਿਮੋਥਿਉਸ ਦਾ ਯਹੋਵਾਹ ’ਤੇ ਭਰੋਸਾ ਵਧਿਆ।
7. ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਹਮੇਸ਼ਾ ਧਰਮੀ ਅਤੇ ਵਫ਼ਾਦਾਰ ਰਹੇਗਾ?
7 ਯਹੋਵਾਹ ਦੇ ਉੱਚੇ ਅਸੂਲ ਕਦੇ ਨਹੀਂ ਬਦਲਦੇ। ਜ਼ਬੂਰਾਂ ਦੀ ਪੋਥੀ 33:11 ਵਿਚ ਲਿਖਿਆ ਹੈ: “ਯਹੋਵਾਹ ਦੀ ਸਲਾਹ ਸਦਾ ਅਟੱਲ ਰਹਿੰਦੀ ਹੈ, ਅਤੇ ਉਸ ਦੇ ਮਨ ਦੀਆਂ ਸੋਚਾਂ ਪੀੜ੍ਹੀਓਂ ਪੀੜ੍ਹੀ।” ਹੋਰ ਆਇਤਾਂ ਵਿਚ ਦੱਸਿਆ ਹੈ ਕਿ ਯਹੋਵਾਹ ਦਾ ਰਾਜ, ਦਇਆ, ਧਾਰਮਿਕਤਾ ਅਤੇ ਵਫ਼ਾਦਾਰੀ ਹਮੇਸ਼ਾ-ਹਮੇਸ਼ਾ ਰਹਿੰਦੀ ਹੈ। (ਕੂਚ 15:18; ਜ਼ਬੂ. 106:1; 112:9; 117:2) ਮਲਾਕੀ 3:6 ਵਿਚ ਲਿਖਿਆ ਹੈ: “ਮੈਂ ਯਹੋਵਾਹ ਅਟੱਲ ਹਾਂ।” ਇਸੇ ਤਰ੍ਹਾਂ ਯਾਕੂਬ 1:17 ਵਿਚ ਵੀ ਲਿਖਿਆ ਹੈ ਕਿ ਯਹੋਵਾਹ “ਕਦੀ ਬਦਲਦਾ ਨਹੀਂ, ਜਿਵੇਂ ਪਰਛਾਵੇਂ ਬਦਲ ਜਾਂਦੇ ਹਨ।”
ਯਹੋਵਾਹ ’ਤੇ ਨਿਹਚਾ ਪੱਕੀ ਕਰਨ ਵਾਲੇ ਸ਼ਬਦ
8, 9. ਨੀਂਹ ਉੱਤੇ “ਮੁਹਰ” ਨਾਲ ਛਾਪੇ ਸ਼ਬਦਾਂ ਤੋਂ ਅਸੀਂ ਕੀ ਸਿੱਖਦੇ ਹਾਂ?
8 ਦੂਜਾ ਤਿਮੋਥਿਉਸ 2:19 ਵਿਚ ਪੌਲੁਸ ਨੇ ਲਿਖਿਆ ਕਿ ਮੁਹਰ ਨਾਲ ਨੀਂਹ ਉੱਤੇ ਇਕ ਸੰਦੇਸ਼ ਛਾਪਿਆ ਗਿਆ ਸੀ। ਪੁਰਾਣੇ ਸਮਿਆਂ ਵਿਚ ਆਮ ਤੌਰ ਤੇ ਕਿਸੇ ਇਮਾਰਤ ਦੀ ਨੀਂਹ ’ਤੇ ਕੁਝ ਲਿਖਿਆ ਜਾਂਦਾ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਉਸ ਇਮਾਰਤ ਨੂੰ ਕਿਸ ਨੇ ਬਣਾਇਆ ਸੀ ਜਾਂ ਉਹ ਕਿਸ ਦੀ ਇਮਾਰਤ ਸੀ? ਪੌਲੁਸ ਪਹਿਲਾ ਲਿਖਾਰੀ ਸੀ ਜਿਸ ਨੇ ਬਾਈਬਲ ਵਿਚ ਇਹ ਉਦਾਹਰਣ ਵਰਤੀ ਸੀ। * ਇਸ “ਪੱਕੀ ਨੀਂਹ” ਉੱਤੇ ਮੁਹਰ ਨਾਲ ਦੋ ਗੱਲਾਂ ਛਾਪੀਆਂ ਗਈਆਂ ਸਨ। ਪਹਿਲੀ, “ਯਹੋਵਾਹ ਉਨ੍ਹਾਂ ਨੂੰ ਜਾਣਦਾ ਹੈ ਜੋ ਉਸ ਦੇ ਆਪਣੇ ਹਨ” ਅਤੇ ਦੂਜੀ, “ਯਹੋਵਾਹ ਦਾ ਨਾਂ ਲੈਣ ਵਾਲਾ ਹਰ ਇਨਸਾਨ ਬੁਰਾਈ ਨੂੰ ਤਿਆਗ ਦੇਵੇ।” ਇਹ ਸਾਨੂੰ ਉਨ੍ਹਾਂ ਗੱਲਾਂ ਦੀ ਯਾਦ ਕਰਾਉਂਦਾ ਹੈ ਜੋ ਅਸੀਂ ਗਿਣਤੀ 16:5 (ਪੜ੍ਹੋ) ਵਿਚ ਪੜ੍ਹਦੇ ਹਾਂ।
9 ਨੀਂਹ ਉੱਤੇ “ਮੁਹਰ” ਨਾਲ ਛਾਪੇ ਸ਼ਬਦਾਂ ਤੋਂ ਅਸੀਂ ਕੀ ਸਿੱਖਦੇ ਹਾਂ? ਜਿਹੜੇ ਪਰਮੇਸ਼ੁਰ ਦੇ ਆਪਣੇ ਹਨ ਉਹ ਸਿੱਖਦੇ ਹਨ ਕਿ ਯਹੋਵਾਹ ਦੇ ਅਸੂਲ ਇਨ੍ਹਾਂ ਦੋ ਬੁਨਿਆਦੀ ਸੱਚਾਈਆਂ ’ਤੇ ਆਧਾਰਿਤ ਹਨ: (1) ਯਹੋਵਾਹ ਉਨ੍ਹਾਂ ਲੋਕਾਂ ਨੂੰ ਪਿਆਰ ਕਰਦਾ ਹੈ ਜੋ ਉਸ ਦੇ ਵਫ਼ਾਦਾਰ ਹਨ। (2) ਯਹੋਵਾਹ ਬੁਰਾਈ ਤੋਂ ਨਫ਼ਰਤ ਕਰਦਾ ਹੈ। ਇਨ੍ਹਾਂ ਦੋਨਾਂ ਗੱਲਾਂ ਦਾ ਮੰਡਲੀਆਂ ਵਿਚ ਧਰਮ-ਤਿਆਗ ਦੀ ਸਮੱਸਿਆ ਨਾਲ ਕੀ ਸੰਬੰਧ ਹੈ?
10. ਪੌਲੁਸ ਦੇ ਦਿਨਾਂ ਵਿਚ ਧਰਮ-ਤਿਆਗੀਆਂ ਦੇ ਕੰਮਾਂ ਦਾ ਵਫ਼ਾਦਾਰ ਮਸੀਹੀਆਂ ’ਤੇ ਕੀ ਅਸਰ ਪਿਆ?
10 ਤਿਮੋਥਿਉਸ ਅਤੇ ਦੂਜੇ ਵਫ਼ਾਦਾਰ ਮਸੀਹੀ ਧਰਮ-ਤਿਆਗੀਆਂ ਤੋਂ ਬਹੁਤ ਪਰੇਸ਼ਾਨ ਸਨ। ਸ਼ਾਇਦ ਕੁਝ ਮਸੀਹੀ ਇਹ ਸੋਚਦੇ ਹੋਣੇ ਕਿ ਇਨ੍ਹਾਂ ਨੂੰ ਮੰਡਲੀਆਂ ਨਾਲ ਸੰਗਤ ਕਰਨ ਤੋਂ ਰੋਕਿਆ ਕਿਉਂ ਨਹੀਂ ਗਿਆ। ਕੁਝ ਵਫ਼ਾਦਾਰ ਮਸੀਹੀ ਸ਼ਾਇਦ ਇਹ ਵੀ ਸੋਚ ਰਹੇ ਹੋਣੇ ਕਿ ਯਹੋਵਾਹ ਉਨ੍ਹਾਂ ਦੀ ਵਫ਼ਾਦਾਰੀ ਤੇ ਧਰਮ-ਤਿਆਗੀਆਂ ਦੀ ਦਿਖਾਵੇ ਵਾਲੀ ਭਗਤੀ ਵਿਚ ਫ਼ਰਕ ਦੇਖ ਵੀ ਸਕਦਾ ਹੈ ਜਾਂ ਨਹੀਂ।
11, 12. ਪੌਲੁਸ ਦੀ ਚਿੱਠੀ ਪੜ੍ਹ ਕੇ ਤਿਮੋਥਿਉਸ ਦੀ ਨਿਹਚਾ ਕਿਵੇਂ ਪੱਕੀ ਹੋਈ?
11 ਇਸ ਵਿਚ ਕੋਈ ਸ਼ੱਕ ਨਹੀਂ ਕਿ ਪੌਲੁਸ ਦੀ ਚਿੱਠੀ ਪੜ੍ਹ ਕੇ ਤਿਮੋਥਿਉਸ ਦੀ ਨਿਹਚਾ ਪੱਕੀ ਹੋਈ ਹੋਣੀ। ਇਸ ਵਿਚ ਉਸ ਨੂੰ ਯਾਦ ਕਰਾਇਆ ਗਿਆ ਸੀ ਕਿ ਪਰਮੇਸ਼ੁਰ ਨੇ ਵਫ਼ਾਦਾਰ ਹਾਰੂਨ ਦੀ ਭਗਤੀ ਸਵੀਕਾਰ ਕੀਤੀ, ਪਰ ਪਖੰਡੀ ਕੋਰਹ ਤੇ ਉਸ ਦੇ ਸਾਥੀਆਂ ਦਾ ਭੇਤ ਖੋਲ੍ਹ ਦਿੱਤਾ ਸੀ, ਉਨ੍ਹਾਂ ਦੀ ਭਗਤੀ ਸਵੀਕਾਰ ਨਹੀਂ ਕੀਤੀ ਸੀ ਅਤੇ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਸੀ। ਅਸਲ ਵਿਚ ਪੌਲੁਸ ਕਹਿ ਰਿਹਾ ਸੀ ਕਿ ਉਸ ਦੇ ਦਿਨਾਂ ਵਿਚ ਕੁਝ ਲੋਕ ਮਸੀਹੀ ਹੋਣ ਦਾ ਦਿਖਾਵਾ ਕਰਦੇ ਸਨ, ਪਰ ਯਹੋਵਾਹ ਦੱਸ ਦੇਵੇਗਾ ਕਿ ਕੌਣ ਉਸ ਦਾ ਆਪਣਾ ਹੈ।
12 ਯਹੋਵਾਹ ਕਦੇ ਬਦਲਦਾ ਨਹੀਂ; ਉਹ ਭਰੋਸੇਯੋਗ ਹੈ। ਉਹ ਬੁਰਾਈ ਤੋਂ ਨਫ਼ਰਤ ਕਰਦਾ ਹੈ ਅਤੇ ਸਮਾਂ ਆਉਣ ’ਤੇ ਉਹ ਤੋਬਾ ਨਾ ਕਰਨ ਵਾਲੇ ਕੁਕਰਮੀਆਂ ਦਾ ਨਿਆਂ ਕਰਦਾ ਹੈ। ਤਿਮੋਥਿਉਸ ਨੂੰ ਯਾਦ ਕਰਾਇਆ ਗਿਆ ਸੀ ਕਿ ਉਹ ਮਸੀਹੀ ਹੋਣ ਦਾ ਦਿਖਾਵਾ ਕਰਨ ਵਾਲੇ ਲੋਕਾਂ ਦਾ ਬੁਰਾ ਅਸਰ ਆਪਣੇ ’ਤੇ ਨਾ ਪੈਣ ਦੇਵੇ ਕਿਉਂਕਿ ‘ਯਹੋਵਾਹ ਦਾ ਨਾਂ ਲੈਣ ਵਾਲੇ ਹਰ ਇਨਸਾਨ’ ਨੂੰ ਬੁਰਾਈ ਨੂੰ ਤਿਆਗ ਦੇਣਾ ਚਾਹੀਦਾ ਹੈ। *
ਸੱਚੀ ਭਗਤੀ ਕਦੇ ਵਿਅਰਥ ਨਹੀਂ ਜਾਂਦੀ
13. ਅਸੀਂ ਕਿਸ ਗੱਲ ਦਾ ਪੱਕਾ ਯਕੀਨ ਰੱਖ ਸਕਦੇ ਹਾਂ?
13 ਪੌਲੁਸ ਦੀਆਂ ਗੱਲਾਂ ਨਾਲ ਸਾਡੀ ਵੀ ਨਿਹਚਾ ਪੱਕੀ ਹੋ ਸਕਦੀ ਹੈ। ਉਸ ਦੀਆਂ ਗੱਲਾਂ ਤੋਂ ਸਾਨੂੰ ਪੱਕਾ ਯਕੀਨ ਹੁੰਦਾ ਹੈ ਕਿ ਯਹੋਵਾਹ ਸਾਡੀ ਵਫ਼ਾਦਾਰੀ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਪਰ ਉਹ ਸਿਰਫ਼ ਜਾਣਦਾ ਹੀ ਨਹੀਂ, ਸਗੋਂ ਉਹ ਉਨ੍ਹਾਂ ਵਿਚ ਦਿਲਚਸਪੀ ਵੀ ਲੈਂਦਾ ਹੈ ਜੋ ਉਸ ਦੇ ਆਪਣੇ ਹਨ। ਬਾਈਬਲ ਕਹਿੰਦੀ ਹੈ: “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” (2 ਇਤ. 16:9) ਇਸ ਲਈ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਅਸੀਂ “ਸਾਫ਼ ਦਿਲ” ਨਾਲ ਯਹੋਵਾਹ ਲਈ ਜੋ ਵੀ ਕਰਦੇ ਹਾਂ, ਉਹ ਕਦੇ ਵਿਅਰਥ ਨਹੀਂ ਜਾਂਦਾ।
14. ਯਹੋਵਾਹ ਕਿੱਦਾਂ ਦੀ ਭਗਤੀ ਕਬੂਲ ਨਹੀਂ ਕਰਦਾ?
14 ਸਾਨੂੰ ਇਸ ਗੱਲ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕਿ ਯਹੋਵਾਹ ਦਿਖਾਵੇ ਦੀ ਭਗਤੀ ਨੂੰ ਕਬੂਲ ਨਹੀਂ ਕਰਦਾ। ਉਸ ਦੀਆਂ “ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ,” ਇਸ ਲਈ ਉਹ ਦੇਖ ਸਕਦਾ ਹੈ ਕਿ ਕਿਨ੍ਹਾਂ ਦਾ ਦਿਲ “ਉਸ ਉੱਤੇ ਪੂਰਨ ਨਿਹਚਾ” ਨਹੀਂ ਰੱਖਦਾ। ਕਹਾਉਤਾਂ 3:32 [ERV] ਵਿਚ ਲਿਖਿਆ ਹੈ ਕਿ “ਯਹੋਵਾਹ ਕਪਟੀ ਲੋਕਾਂ ਨੂੰ ਨਫ਼ਰਤ ਕਰਦਾ ਹੈ।” ਉਸ ਨੂੰ ਇਹ ਗੱਲ ਬਹੁਤ ਬੁਰੀ ਲੱਗਦੀ ਹੈ ਜਦ ਕੋਈ ਇਨਸਾਨ ਦੂਜਿਆਂ ਸਾਮ੍ਹਣੇ ਤਾਂ ਆਗਿਆਕਾਰੀ ਦਾ ਦਿਖਾਵਾ ਕਰਦਾ ਹੈ, ਪਰ ਲੁਕ-ਛਿਪ ਕੇ ਪਾਪ ਕਰਦਾ ਹੈ। ਕਪਟੀ ਇਨਸਾਨ ਚਲਾਕੀ ਨਾਲ ਦੂਜਿਆਂ ਨੂੰ ਤਾਂ ਮੂਰਖ ਬਣਾ ਸਕਦਾ ਹੈ, ਪਰ ਯਹੋਵਾਹ ਨੂੰ ਨਹੀਂ। ਬਾਈਬਲ ਕਹਿੰਦੀ ਹੈ: “ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ” ਕਿਉਂਕਿ ਯਹੋਵਾਹ ਧਰਮੀ ਪਰਮੇਸ਼ੁਰ ਹੈ ਅਤੇ ਉਸ ਕੋਲ ਬਹੁਤ ਤਾਕਤ ਹੈ।
15. ਸਾਨੂੰ ਕੀ ਨਹੀਂ ਕਰਨਾ ਚਾਹੀਦਾ ਹੈ ਅਤੇ ਕਿਉਂ?
15 ਯਹੋਵਾਹ ਦੇ ਜ਼ਿਆਦਾਤਰ ਲੋਕ ਪੂਰੇ ਦਿਲ ਨਾਲ ਉਸ ਦੀ ਭਗਤੀ ਕਰਦੇ ਹਨ। ਸ਼ਾਇਦ ਹੀ ਕਦੀ ਇੱਦਾਂ ਹੋਵੇ ਕਿ ਮੰਡਲੀ ਵਿਚ ਕੋਈ ਦਿਖਾਵੇ ਲਈ ਭਗਤੀ ਕਰਦਾ ਹੋਵੇ। ਪਰ ਜੇ ਮੂਸਾ ਦੇ ਦਿਨਾਂ ਵਿਚ ਅਤੇ ਪਹਿਲੀ ਸਦੀ ਦੀਆਂ ਮੰਡਲੀਆਂ ਵਿਚ ਇੱਦਾਂ ਹੋਇਆ ਸੀ, ਤਾਂ ਇਹ ਅੱਜ ਵੀ ਮੰਡਲੀਆਂ ਵਿਚ ਹੋ ਸਕਦਾ ਹੈ। (2 ਤਿਮੋ. 3:1, 5) ਪਰ ਕੀ ਇਸ ਦਾ ਇਹ ਮਤਲਬ ਹੈ ਕਿ ਸਾਨੂੰ ਆਪਣੇ ਭੈਣਾਂ-ਭਰਾਵਾਂ ਦੀ ਯਹੋਵਾਹ ਪ੍ਰਤੀ ਵਫ਼ਾਦਾਰੀ ’ਤੇ ਸ਼ੱਕ ਕਰਨਾ ਚਾਹੀਦਾ ਹੈ? ਨਹੀਂ, ਬਿਨਾਂ ਸਬੂਤ ਆਪਣੇ ਭੈਣਾਂ-ਭਰਾਵਾਂ ’ਤੇ ਸ਼ੱਕ ਕਰਨਾ ਗ਼ਲਤ ਹੋਵੇਗਾ। (ਰੋਮੀਆਂ 14:10-12; 1 ਕੁਰਿੰਥੀਆਂ 13:7 ਪੜ੍ਹੋ।) ਆਪਣੇ ਭੈਣਾਂ-ਭਰਾਵਾਂ ’ਤੇ ਸ਼ੱਕ ਕਰਨ ਨਾਲ ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ।
16. (ੳ) ਅਸੀਂ ਕਿੱਦਾਂ ਧਿਆਨ ਰੱਖ ਸਕਦੇ ਹਾਂ ਕਿ ਸਾਡੇ ਦਿਲ ਵਿਚ ਕਿਸੇ ਵੀ ਤਰ੍ਹਾਂ ਕਪਟ ਜੜ੍ਹ ਨਾ ਫੜੇ? (ਅ) “ਪਰਖਦੇ ਰਹੋ . . . ਜਾਂਚ ਕਰਦੇ ਰਹੋ . . .” ਨਾਂ ਦੀ ਡੱਬੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
16 ਹਰ ਮਸੀਹੀ ਨੂੰ ‘ਖ਼ੁਦ ਆਪਣੇ ਕੰਮਾਂ ਦੀ ਜਾਂਚ’ ਕਰਨੀ ਚਾਹੀਦੀ ਹੈ। (ਗਲਾ. 6:4) ਨਾਮੁਕੰਮਲ ਹੋਣ ਕਰਕੇ ਸ਼ਾਇਦ ਅਸੀਂ ਅਣਜਾਣੇ ਵਿਚ ਗ਼ਲਤ ਕਾਰਨਾਂ ਕਰਕੇ ਯਹੋਵਾਹ ਦੀ ਭਗਤੀ ਕਰਨੀ ਸ਼ੁਰੂ ਕਰ ਦੇਈਏ। (ਇਬ. 3:12, 13) ਇਸ ਲਈ ਸਮੇਂ-ਸਮੇਂ ’ਤੇ ਸਾਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਅਸੀਂ ਕਿਸ ਇਰਾਦੇ ਨਾਲ ਯਹੋਵਾਹ ਦੀ ਸੇਵਾ ਕਰਦੇ ਹਾਂ। ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ: ‘ਕੀ ਮੈਂ ਯਹੋਵਾਹ ਦੀ ਭਗਤੀ ਇਸ ਲਈ ਕਰਦਾ ਹਾਂ ਕਿਉਂਕਿ ਮੈਂ ਉਸ ਨੂੰ ਪਿਆਰ ਕਰਦਾ ਅਤੇ ਉਸ ਨੂੰ ਆਪਣਾ ਰਾਜਾ ਮੰਨਦਾ ਹਾਂ? ਜਾਂ ਕੀ ਮੈਂ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ’ਤੇ ਜ਼ਿਆਦਾ ਧਿਆਨ ਲਾਉਂਦਾ ਹਾਂ?’ (ਪ੍ਰਕਾ. 4:11) ਇਸ ਤਰ੍ਹਾਂ ਆਪਣੇ ਕੰਮਾਂ ਦੀ ਜਾਂਚ ਕਰ ਕੇ ਅਸੀਂ ਆਪਣੇ ਦਿਲ ਵਿੱਚੋਂ ਥੋੜ੍ਹੇ ਜਿਹੇ ਕਪਟ ਨੂੰ ਵੀ ਕੱਢ ਸਕਦੇ ਹਾਂ।
ਵਫ਼ਾਦਾਰ ਰਹਿਣ ਨਾਲ ਖ਼ੁਸ਼ੀ
17, 18. ਸਾਨੂੰ ਯਹੋਵਾਹ ਦੀ ਸੱਚੇ ਦਿਲੋਂ ਭਗਤੀ ਕਿਉਂ ਕਰਨੀ ਚਾਹੀਦੀ ਹੈ?
17 ਜੇ ਅਸੀਂ ਸੱਚੇ ਦਿਲੋਂ ਭਗਤੀ ਕਰਦੇ ਹਾਂ, ਤਾਂ ਇਸ ਨਾਲ ਸਾਨੂੰ ਫ਼ਾਇਦੇ ਹੋਣਗੇ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਧੰਨ [“ਖ਼ੁਸ਼,” NW] ਹੈ ਉਹ ਆਦਮੀ ਜਿਹ ਦੀ ਬਦੀ ਯਹੋਵਾਹ ਉਹ ਦੇ ਲੇਖੇ ਨਹੀਂ ਲਾਉਂਦਾ, ਅਤੇ ਜਿਹ ਦੇ ਆਤਮਾ [ਯਾਨੀ ਦਿਲ] ਵਿੱਚ ਕਪਟ ਨਹੀਂ।” (ਜ਼ਬੂ. 32:2) ਜਿਹੜੇ ਦਿਖਾਵੇ ਦੀ ਭਗਤੀ ਨਹੀਂ ਕਰਦੇ ਉਹ ਹੁਣ ਵੀ ਖ਼ੁਸ਼ ਹਨ ਅਤੇ ਭਵਿੱਖ ਵਿਚ ਵੀ ਸੱਚੀ ਖ਼ੁਸ਼ੀ ਦਾ ਆਨੰਦ ਮਾਣਨਗੇ।
18 ਆਉਣ ਵਾਲੇ ਸਮੇਂ ਵਿਚ ਯਹੋਵਾਹ ਉਨ੍ਹਾਂ ਸਾਰਿਆਂ ਦਾ ਭੇਤ ਖੋਲ੍ਹ ਦੇਵੇਗਾ ਜਿਹੜੇ ਬੁਰਾਈ ਕਰਦੇ ਹਨ ਜਾਂ ਦੋਹਰੀ ਜ਼ਿੰਦਗੀ ਜੀਉਂਦੇ ਹਨ। ਉਹ ‘ਧਰਮੀ ਅਰ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ ਪਰਖ ਕਰੇਗਾ।’ (ਮਲਾ. 3:18) ਸਾਨੂੰ ਇਹ ਗੱਲ ਜਾਣ ਕੇ ਤਸੱਲੀ ਮਿਲਦੀ ਹੈ ਕਿ “ਯਹੋਵਾਹ ਦੀਆਂ ਨਜ਼ਰਾਂ ਧਰਮੀਆਂ ਉੱਤੇ ਟਿਕੀਆਂ ਹੋਈਆਂ ਹਨ ਅਤੇ ਉਸ ਦੇ ਕੰਨ ਉਨ੍ਹਾਂ ਦੀ ਫ਼ਰਿਆਦ ਸੁਣਨ ਵੱਲ ਲੱਗੇ ਹੋਏ ਹਨ।”
^ ਪੇਰਗ੍ਰੈਫ 8 ਤਿਮੋਥਿਉਸ ਨੂੰ ਲਿਖੀਆਂ ਪੌਲੁਸ ਦੀਆਂ ਚਿੱਠੀਆਂ ਤੋਂ ਕੁਝ ਦਹਾਕਿਆਂ ਬਾਅਦ ਪ੍ਰਕਾਸ਼ ਦੀ ਕਿਤਾਬ 21:14 ਵਿਚ ਵੀ ਜ਼ਿਕਰ ਕੀਤਾ ਗਿਆ ਸੀ ਕਿ ‘ਨੀਂਹ ਦੇ ਬਾਰਾਂ ਪੱਥਰਾਂ’ ਉੱਤੇ ਬਾਰਾਂ ਰਸੂਲਾਂ ਦੇ ਨਾਂ ਲਿਖੇ ਹੋਏ ਸਨ।
^ ਪੇਰਗ੍ਰੈਫ 12 ਅਗਲੇ ਲੇਖ ਵਿਚ ਦੱਸਿਆ ਜਾਵੇਗਾ ਕਿ ਅਸੀਂ ਬੁਰਾਈ ਨੂੰ ਤਿਆਗ ਕੇ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ।