ਪਰਮੇਸ਼ੁਰ ਦਾ ਬਚਨ ਵਰਤੋ —ਇਹ ਜੀਉਂਦਾ ਹੈ!
“ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ।”
1, 2. ਯਹੋਵਾਹ ਨੇ ਮੂਸਾ ਨੂੰ ਕਿਹੜਾ ਕੰਮ ਕਰਨ ਨੂੰ ਦਿੱਤਾ ਤੇ ਉਸ ਨੇ ਮੂਸਾ ਨੂੰ ਕਿਸ ਗੱਲ ਦਾ ਭਰੋਸਾ ਦਿਵਾਇਆ?
ਕਲਪਨਾ ਕਰੋ ਕਿ ਤੁਸੀਂ ਦੁਨੀਆਂ ਦੇ ਸ਼ਕਤੀਸ਼ਾਲੀ ਹਾਕਮ ਅੱਗੇ ਯਹੋਵਾਹ ਦੇ ਲੋਕਾਂ ਦੇ ਪੱਖ ਵਿਚ ਬੋਲਣਾ ਹੈ। ਤੁਸੀਂ ਕਿੱਦਾਂ ਮਹਿਸੂਸ ਕਰੋਗੇ? ਤੁਹਾਨੂੰ ਡਰ ਲੱਗੇਗਾ ਤੇ ਤੁਹਾਨੂੰ ਚਿੰਤਾ ਹੋਵੇਗੀ ਕਿ ਤੁਸੀਂ ਕੁਝ ਕਹਿ ਵੀ ਸਕੋਗੇ ਜਾਂ ਨਹੀਂ। ਤੁਸੀਂ ਉਸ ਦੇ ਸਾਮ੍ਹਣੇ ਬੋਲਣ ਦੀ ਤਿਆਰੀ ਕਿਵੇਂ ਕਰੋਗੇ? ਯਹੋਵਾਹ ਬਾਰੇ ਦਮਦਾਰ ਗਵਾਹੀ ਦੇਣ ਲਈ ਤੁਸੀਂ ਕੀ ਕਰ ਸਕਦੇ ਹੋ?
2 ਮੂਸਾ ਬਿਲਕੁਲ ਐਸੀ ਹਾਲਤ ਵਿਚ ਸੀ। ਉਹ “ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ ਸੀ।” (ਗਿਣ. 12:3) ਪਰ ਯਹੋਵਾਹ ਨੇ ਉਸ ਨੂੰ ਬਦਤਮੀਜ਼ ਤੇ ਘਮੰਡੀ ਫ਼ਿਰਊਨ ਕੋਲ ਜਾ ਕੇ ਹੁਕਮ ਦੇਣ ਲਈ ਕਿਹਾ ਕਿ ਉਹ ਪਰਮੇਸ਼ੁਰ ਦੇ 30 ਲੱਖ ਲੋਕਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਕਰ ਦੇਵੇ। (ਕੂਚ 5:1, 2) ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਮੂਸਾ ਨੇ ਯਹੋਵਾਹ ਨੂੰ ਕਿਉਂ ਪੁੱਛਿਆ ਸੀ: “ਮੈਂ ਕੌਣ ਹਾਂ ਜੋ ਮੈਂ ਫ਼ਿਰਊਨ ਕੋਲ ਜਾਵਾਂ ਅਤੇ ਇਸਰਾਏਲੀਆਂ ਨੂੰ ਮਿਸਰ ਤੋਂ ਕੱਢ ਲਿਆਵਾਂ?” ਮੂਸਾ ਨੂੰ ਜ਼ਰੂਰ ਲੱਗਾ ਹੋਣਾ ਕਿ ਉਹ ਇਹ ਕੰਮ ਕਰਨ ਦੇ ਕਾਬਲ ਨਹੀਂ ਸੀ। ਪਰ ਪਰਮੇਸ਼ੁਰ ਨੇ ਮੂਸਾ ਨੂੰ ਭਰੋਸਾ ਦਿਵਾਇਆ ਕਿ ਉਹ ਇਕੱਲਾ ਨਹੀਂ ਸੀ। ਯਹੋਵਾਹ ਨੇ ਕਿਹਾ: ‘ਮੈਂ ਤੇਰੇ ਨਾਲ ਹੋਵਾਂਗਾ।’
3, 4. (ੳ) ਮੂਸਾ ਨੂੰ ਕਿਨ੍ਹਾਂ ਗੱਲਾਂ ਦਾ ਡਰ ਸੀ? (ਅ) ਤੁਸੀਂ ਸ਼ਾਇਦ ਮੂਸਾ ਵਾਂਗ ਕਿਉਂ ਮਹਿਸੂਸ ਕਰੋ?
3 ਮੂਸਾ ਨੂੰ ਕਿਨ੍ਹਾਂ ਗੱਲਾਂ ਦਾ ਡਰ ਸੀ? ਉਸ ਨੂੰ ਡਰ ਸੀ ਕਿ ਫਿਰਊਨ ਅੱਤ ਮਹਾਨ ਪਰਮੇਸ਼ੁਰ ਯਹੋਵਾਹ ਦੇ ਘੱਲੇ ਬੰਦੇ ਨੂੰ ਆਪਣੇ ਸਾਮ੍ਹਣੇ ਪੇਸ਼ ਨਹੀਂ ਹੋਣ ਦੇਵੇਗਾ ਜਾਂ ਉਸ ਦੀ ਗੱਲ ਵੱਲ ਧਿਆਨ ਨਹੀਂ ਦੇਵੇਗਾ। ਨਾਲੇ ਮੂਸਾ ਨੂੰ ਇਹ ਡਰ ਸੀ ਕਿ ਉਸ ਦੇ ਆਪਣੇ ਲੋਕ ਵਿਸ਼ਵਾਸ ਨਹੀਂ ਕਰਨਗੇ ਕਿ ਉਨ੍ਹਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਕਰਨ ਲਈ ਯਹੋਵਾਹ ਨੇ ਉਸ ਨੂੰ ਚੁਣਿਆ ਸੀ। ਇਸ ਲਈ ਉਸ ਨੇ ਯਹੋਵਾਹ ਨੂੰ ਕਿਹਾ: “ਵੇਖ ਓਹ ਮੇਰੀ ਪਰਤੀਤ ਨਾ ਕਰਨਗੇ ਨਾ ਮੇਰੀ ਅਵਾਜ਼ ਸੁਣਨਗੇ ਸਗੋਂ ਓਹ ਆਖਣਗੇ ਯਹੋਵਾਹ ਨੇ ਤੈਨੂੰ ਦਰਸ਼ਣ ਨਹੀਂ ਦਿੱਤਾ।”
4 ਯਹੋਵਾਹ ਨੇ ਉਸ ਨੂੰ ਜੋ ਕਿਹਾ ਅਤੇ ਅੱਗੇ ਜੋ ਘਟਨਾਵਾਂ ਵਾਪਰੀਆਂ, ਉਸ ਤੋਂ ਅਸੀਂ ਇਕ ਜ਼ਰੂਰੀ ਸਬਕ ਸਿੱਖ ਸਕਦੇ ਹਾਂ। ਇਹ ਸੱਚ ਹੈ ਕਿ ਤੁਹਾਨੂੰ ਸ਼ਾਇਦ ਕਿਸੇ ਵੱਡੇ ਸਰਕਾਰੀ ਅਫ਼ਸਰ ਦੇ ਸਾਮ੍ਹਣੇ ਕਦੇ ਪੇਸ਼ ਨਾ ਹੋਣਾ ਪਵੇ। ਪਰ ਕੀ ਤੁਹਾਨੂੰ ਆਪਣੇ ਇਲਾਕੇ ਦੇ ਆਮ ਲੋਕਾਂ ਨਾਲ ਪਰਮੇਸ਼ੁਰ ਤੇ ਉਸ ਦੇ ਰਾਜ ਬਾਰੇ ਗੱਲ ਕਰਨੀ ਔਖੀ ਲੱਗਦੀ ਹੈ? ਜੇ ਹਾਂ, ਤਾਂ ਗੌਰ ਕਰੋ ਕਿ ਅਸੀਂ ਮੂਸਾ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ।
“ਤੇਰੇ ਹੱਥ ਵਿੱਚ ਕੀ ਹੈ?”
5. ਯਹੋਵਾਹ ਨੇ ਮੂਸਾ ਨੂੰ ਕੀ ਕਰਨ ਦੀ ਸ਼ਕਤੀ ਦਿੱਤੀ ਸੀ ਤੇ ਇਸ ਨਾਲ ਉਸ ਦਾ ਡਰ ਕਿਵੇਂ ਦੂਰ ਹੋਇਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
5 ਜਦੋਂ ਮੂਸਾ ਨੇ ਯਹੋਵਾਹ ਨੂੰ ਆਪਣੇ ਡਰ ਬਾਰੇ ਦੱਸਿਆ ਕਿ ਲੋਕ ਉਸ ’ਤੇ ਵਿਸ਼ਵਾਸ ਨਹੀਂ ਕਰਨਗੇ, ਤਾਂ ਪਰਮੇਸ਼ੁਰ ਨੇ ਉਸ ਨੂੰ ਤਿਆਰ ਕੀਤਾ ਤਾਂਕਿ ਉਹ ਆਪਣੇ ਕੰਮ ਵਿਚ ਸਫ਼ਲ ਹੋ ਸਕੇ। ਕੂਚ ਦਾ ਬਿਰਤਾਂਤ ਦੱਸਦਾ ਹੈ: “ਯਹੋਵਾਹ ਨੇ [ਮੂਸਾ] ਨੂੰ ਆਖਿਆ, ਤੇਰੇ ਹੱਥ ਵਿੱਚ ਕੀ ਹੈ? ਉਸ ਆਖਿਆ, ਢਾਂਗਾ। ਤਾਂ ਉਸ ਨੇ ਆਖਿਆ, ਏਸ ਨੂੰ ਧਰਤੀ ਉੱਤੇ ਸੁੱਟ ਦੇਹ ਤਾਂ ਉਸ ਨੇ ਧਰਤੀ ਉੱਤੇ ਸੁੱਟ ਦਿੱਤਾ। ਉਹ ਸੱਪ ਬਣ ਗਿਆ ਅਤੇ ਮੂਸਾ ਉਸ ਦੇ ਅੱਗੋਂ ਭੱਜਾ। ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਵਧਾ ਕੇ ਉਸ ਨੂੰ ਪੂਛੋਂ ਫੜ ਲੈ ਤਾਂ ਉਸ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਹ ਦੇ ਹੱਥ ਵਿੱਚ ਢਾਂਗਾ ਬਣ ਗਿਆ ਤਾਂ ਜੋ ਓਹ ਪਰਤੀਤ ਕਰਨ ਭਈ ਯਹੋਵਾਹ . . . ਨੇ ਤੈਨੂੰ ਦਰਸ਼ਣ ਦਿੱਤਾ।” (ਕੂਚ 4:2-5) ਪਰਮੇਸ਼ੁਰ ਦੀ ਸ਼ਕਤੀ ਨਾਲ ਮੂਸਾ ਦਾ ਢਾਂਗਾ ਸੱਪ ਬਣ ਗਿਆ ਸੀ! ਇਸ ਚਮਤਕਾਰ ਨੇ ਸਾਬਤ ਕਰਨਾ ਸੀ ਕਿ ਯਹੋਵਾਹ ਨੇ ਮੂਸਾ ਨੂੰ ਅਧਿਕਾਰ ਦੇ ਕੇ ਭੇਜਿਆ ਸੀ। ਫਿਰ ਯਹੋਵਾਹ ਨੇ ਕਿਹਾ: “ਤੂੰ ਏਹ ਢਾਂਗਾ ਆਪਣੇ ਹੱਥ ਵਿੱਚ ਲਈਂ ਜਿਹਦੇ ਨਾਲ ਤੂੰ ਉਨ੍ਹਾਂ ਨਿਸ਼ਾਨਾਂ ਨੂੰ ਵਿਖਾਵੇਂਗਾ।” (ਕੂਚ 4:17) ਮੂਸਾ ਦੇ ਹੱਥ ਵਿਚ ਢਾਂਗਾ ਯਹੋਵਾਹ ਵੱਲੋਂ ਮਿਲੇ ਅਧਿਕਾਰ ਦਾ ਸਬੂਤ ਸੀ, ਇਸ ਕਰਕੇ ਮੂਸਾ ਪੂਰੇ ਭਰੋਸੇ ਨਾਲ ਲੋਕਾਂ ਤੇ ਫਿਰਊਨ ਸਾਮ੍ਹਣੇ ਸੱਚੇ ਪਰਮੇਸ਼ੁਰ ਵੱਲੋਂ ਬੋਲ ਸਕਦਾ ਸੀ।
6. (ੳ) ਜਦੋਂ ਅਸੀਂ ਪ੍ਰਚਾਰ ’ਤੇ ਜਾਂਦੇ ਹਾਂ, ਤਾਂ ਸਾਡੇ ਹੱਥ ਵਿਚ ਕੀ ਹੋਣਾ ਚਾਹੀਦਾ ਹੈ ਅਤੇ ਕਿਉਂ? (ਅ) ਸਮਝਾਓ ਕਿ “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ” ਕਿਵੇਂ ਹੈ।
6 ਜਦੋਂ ਅਸੀਂ ਦੂਜਿਆਂ ਨੂੰ ਬਾਈਬਲ ਦਾ ਸੰਦੇਸ਼ ਸੁਣਾਉਂਦੇ ਹਾਂ, ਤਾਂ ਸਾਡੇ ਹੱਥ ਵਿਚ ਕੀ ਹੋਣਾ ਚਾਹੀਦਾ ਹੈ? ਸਾਡੇ ਹੱਥ ਵਿਚ ਬਾਈਬਲ ਹੋਣੀ ਚਾਹੀਦੀ ਹੈ ਤੇ ਸਾਨੂੰ ਇਸ ਨੂੰ ਵਰਤਣ ਲਈ ਤਿਆਰ ਰਹਿਣਾ ਚਾਹੀਦਾ ਹੈ। * ਭਾਵੇਂ ਕਿ ਕੁਝ ਲੋਕ ਇਸ ਨੂੰ ਇਕ ਮਾਮੂਲੀ ਜਿਹੀ ਕਿਤਾਬ ਸਮਝਦੇ ਹਨ, ਪਰ ਯਹੋਵਾਹ ਨੇ ਇਸ ਨੂੰ ਆਪਣੀ ਪਵਿੱਤਰ ਸ਼ਕਤੀ ਨਾਲ ਲਿਖਵਾਇਆ ਹੈ ਤੇ ਇਸ ਦੇ ਜ਼ਰੀਏ ਉਹ ਸਾਡੇ ਨਾਲ ਗੱਲ ਕਰਦਾ ਹੈ। (2 ਪਤ. 1:21) ਇਸ ਵਿਚ ਪਰਮੇਸ਼ੁਰ ਦੇ ਵਾਅਦਿਆਂ ਬਾਰੇ ਦੱਸਿਆ ਗਿਆ ਹੈ ਜੋ ਉਸ ਦੇ ਰਾਜ ਅਧੀਨ ਪੂਰੇ ਹੋਣਗੇ। ਇਸੇ ਕਰਕੇ ਰਸੂਲ ਪੌਲੁਸ ਨੇ ਲਿਖਿਆ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ।” (ਇਬਰਾਨੀਆਂ 4:12 ਪੜ੍ਹੋ।) ਯਹੋਵਾਹ ਦੇ ਸਾਰੇ ਵਾਅਦੇ ਪੂਰੇ ਹੁੰਦੇ ਹਨ ਕਿਉਂਕਿ ਉਹ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਨ ਲਈ ਕੰਮ ਕਰਦਾ ਹੈ। (ਯਸਾ. 46:10; 55:11) ਜਦੋਂ ਇਕ ਇਨਸਾਨ ਇਸ ਗੱਲ ਨੂੰ ਸਮਝ ਜਾਂਦਾ ਹੈ, ਤਾਂ ਉਹ ਬਾਈਬਲ ਵਿੱਚੋਂ ਜੋ ਵੀ ਪੜ੍ਹਦਾ ਹੈ, ਉਸ ਦਾ ਉਸ ਦੀ ਜ਼ਿੰਦਗੀ ’ਤੇ ਗਹਿਰਾ ਅਸਰ ਪੈਂਦਾ ਹੈ।
7. ਅਸੀਂ ਕਿਵੇਂ ‘ਸੱਚਾਈ ਦੇ ਬਚਨ ਨੂੰ ਸਹੀ ਢੰਗ ਨਾਲ ਸਿਖਾ ਅਤੇ ਸਮਝਾ’ ਸਕਦੇ ਹਾਂ?
7 ਯਹੋਵਾਹ ਨੇ ਸਾਨੂੰ ਆਪਣਾ ਜੀਉਂਦਾ ਬਚਨ, ਬਾਈਬਲ, ਦਿੱਤਾ ਹੈ। ਬਾਈਬਲ ਤੋਂ ਅਸੀਂ ਸਾਬਤ ਕਰ ਸਕਦੇ ਹਾਂ ਕਿ ਸਾਡਾ ਸੰਦੇਸ਼ ਭਰੋਸੇਯੋਗ ਹੈ ਤੇ ਪਰਮੇਸ਼ੁਰ ਵੱਲੋਂ ਹੈ। ਇਸੇ ਕਰਕੇ ਜਦੋਂ ਪੌਲੁਸ ਨੇ ਤਿਮੋਥਿਉਸ ਨੂੰ ਟ੍ਰੇਨਿੰਗ ਦਿੱਤੀ, ਤਾਂ ਪੌਲੁਸ ਨੇ ਉਸ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ‘ਪੂਰੀ ਵਾਹ ਲਾ ਕੇ ਸੱਚਾਈ ਦੇ ਬਚਨ ਨੂੰ ਸਹੀ ਢੰਗ ਨਾਲ ਸਿਖਾਵੇ ਅਤੇ ਸਮਝਾਵੇ।’ (2 ਤਿਮੋ. 2:15) ਅਸੀਂ ਵੀ ਪੌਲੁਸ ਦੀ ਸਲਾਹ ਕਿਵੇਂ ਲਾਗੂ ਕਰ ਸਕਦੇ ਹਾਂ? ਅਸੀਂ ਧਿਆਨ ਨਾਲ ਹਵਾਲੇ ਚੁਣ ਕੇ ਉੱਚੀ ਆਵਾਜ਼ ਵਿਚ ਪੜ੍ਹ ਸਕਦੇ ਹਾਂ ਜਿਹੜੇ ਸੁਣਨ ਵਾਲਿਆਂ ਦੇ ਦਿਲਾਂ ਨੂੰ ਛੂਹਣ। ਸਾਲ 2013 ਵਿਚ ਜਿਹੜੇ ਟ੍ਰੈਕਟ ਸਾਨੂੰ ਮਿਲੇ ਹਨ, ਉਹ ਇਸ ਤਰ੍ਹਾਂ ਕਰਨ ਵਿਚ ਸਾਡੀ ਮਦਦ ਕਰਦੇ ਹਨ।
ਧਿਆਨ ਨਾਲ ਹਵਾਲੇ ਚੁਣ ਕੇ ਪੜ੍ਹੋ
8. ਇਕ ਸਰਵਿਸ ਓਵਰਸੀਅਰ ਨੇ ਟ੍ਰੈਕਟਾਂ ਬਾਰੇ ਕੀ ਕਿਹਾ ਸੀ?
8 ਸਾਰੇ ਟ੍ਰੈਕਟਾਂ ਦੀ ਬਣਾਵਟ ਇੱਕੋ ਜਿਹੀ ਹੈ। ਸੋ ਜਦੋਂ ਅਸੀਂ ਇਨ੍ਹਾਂ ਟ੍ਰੈਕਟਾਂ ਵਿੱਚੋਂ ਇਕ ਨੂੰ ਵਰਤਣਾ ਸਿੱਖ ਜਾਂਦੇ ਹਾਂ, ਤਾਂ ਅਸੀਂ ਸਾਰੇ ਟ੍ਰੈਕਟਾਂ ਨੂੰ ਵਰਤਣਾ ਸਿੱਖ ਜਾਂਦੇ ਹਾਂ। ਕੀ ਇਨ੍ਹਾਂ ਨੂੰ ਪ੍ਰਚਾਰ ਵਿਚ ਵਰਤਣਾ ਸੌਖਾ ਹੈ? ਅਮਰੀਕਾ ਦੇ ਹਵਾਈ ਟਾਪੂ ਤੋਂ ਇਕ ਸਰਵਿਸ ਓਵਰਸੀਅਰ ਨੇ ਲਿਖਿਆ: “ਸਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਘਰ-ਘਰ ਅਤੇ ਪਬਲਿਕ ਥਾਵਾਂ ’ਤੇ ਪ੍ਰਚਾਰ ਕਰਨ ਲਈ ਇਹ ਨਵੇਂ ਟ੍ਰੈਕਟ ਕਿੰਨੇ ਅਸਰਕਾਰੀ ਹੋਣਗੇ।” ਉਸ ਨੇ ਦੇਖਿਆ ਹੈ ਕਿ ਟ੍ਰੈਕਟ ਜਿਸ ਤਰੀਕੇ ਨਾਲ ਲਿਖੇ ਗਏ ਹਨ, ਉਸ ਕਰਕੇ ਜ਼ਿਆਦਾ ਲੋਕ ਗੱਲ ਕਰਨ ਲਈ ਤਿਆਰ ਹੁੰਦੇ ਹਨ ਕਿਉਂਕਿ ਟ੍ਰੈਕਟ ਦੇ ਪਹਿਲੇ ਸਫ਼ੇ ’ਤੇ ਇਕ ਸਵਾਲ ਅਤੇ ਉਸ ਸਵਾਲ ਲਈ ਥੱਲੇ ਕਈ ਜਵਾਬ ਦਿੱਤੇ ਗਏ ਹਨ। ਇਸ ਕਰਕੇ ਘਰ-ਮਾਲਕ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੁੰਦੀ ਕਿ ਉਹ ਕਿਤੇ ਗ਼ਲਤ ਜਵਾਬ ਨਾ ਦੇ ਦੇਵੇ।
9, 10. (ੳ) ਹਰ ਟ੍ਰੈਕਟ ਸਾਨੂੰ ਬਾਈਬਲ ਵਰਤਣ ਲਈ ਕਿਵੇਂ ਪ੍ਰੇਰਿਤ ਕਰਦਾ ਹੈ? (ਅ) ਤੁਹਾਨੂੰ ਕਿਹੜੇ ਟ੍ਰੈਕਟ ਨੂੰ ਵਰਤਣ ਵਿਚ ਜ਼ਿਆਦਾ ਸਫ਼ਲਤਾ ਮਿਲੀ ਹੈ ਤੇ ਕਿਉਂ?
9 ਹਰ ਟ੍ਰੈਕਟ ਸਾਨੂੰ ਧਿਆਨ ਨਾਲ ਚੁਣੇ ਹਵਾਲੇ ਨੂੰ ਪੜ੍ਹਨ ਲਈ ਪ੍ਰੇਰਿਤ ਕਰਦਾ ਹੈ। ਮਿਸਾਲ ਲਈ, ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? ਟ੍ਰੈਕਟ ਦੇਖੋ। ਚਾਹੇ ਘਰ-ਮਾਲਕ ਸਵਾਲ ਦਾ ਜਵਾਬ “ਹਾਂ,” “ਨਹੀਂ,” ਜਾਂ “ਸ਼ਾਇਦ” ਵਿਚ ਦਿੰਦਾ ਹੈ, ਤੁਸੀਂ ਆਪਣੇ ਵੱਲੋਂ ਕੁਝ ਦੱਸੇ ਬਿਨਾਂ ਟ੍ਰੈਕਟ ਦਾ ਵਿਚਲਾ ਸਫ਼ਾ ਖੋਲ੍ਹੋ ਅਤੇ ਕਹੋ, “ਧਰਮ-ਗ੍ਰੰਥ ਕਹਿੰਦਾ ਹੈ।” ਫਿਰ ਪ੍ਰਕਾਸ਼ ਦੀ ਕਿਤਾਬ 21:3, 4 ਪੜ੍ਹੋ।
10 ਇਸੇ ਤਰ੍ਹਾਂ ਜਦੋਂ ਤੁਸੀਂ ਬਾਈਬਲ ਬਾਰੇ ਤੁਹਾਡਾ ਕੀ ਖ਼ਿਆਲ ਹੈ? ਟ੍ਰੈਕਟ ਵਰਤਦੇ ਹੋ, ਤਾਂ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਘਰ-ਮਾਲਕ ਤਿੰਨਾਂ ਜਵਾਬਾਂ ਵਿੱਚੋਂ ਕਿਹੜਾ ਜਵਾਬ ਦਿੰਦਾ ਹੈ। ਟ੍ਰੈਕਟ ਦਾ ਵਿਚਲਾ ਸਫ਼ਾ ਖੋਲ੍ਹੋ ਤੇ ਕਹੋ, “ਧਰਮ-ਗ੍ਰੰਥ ਕਹਿੰਦਾ ਹੈ ਕਿ ‘ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ।’” ਫਿਰ ਤੁਸੀਂ ਕਹਿ ਸਕਦੇ ਹੋ, “ਦਰਅਸਲ ਇਸ ਆਇਤ ਵਿਚ ਹੋਰ ਵੀ ਗੱਲਾਂ ਲਿਖੀਆਂ ਗਈਆਂ ਹਨ।” ਫਿਰ ਆਪਣੀ ਬਾਈਬਲ ਖੋਲ੍ਹ ਕੇ 2 ਤਿਮੋਥਿਉਸ 3:16, 17 ਪੜ੍ਹੋ।
11, 12. (ੳ) ਪ੍ਰਚਾਰ ਕਰਦਿਆਂ ਤੁਹਾਨੂੰ ਕਿਸ ਗੱਲ ਤੋਂ ਖ਼ੁਸ਼ੀ ਮਿਲਦੀ ਹੈ? (ਅ) ਰਿਟਰਨ ਵਿਜ਼ਿਟ ਦੀ ਤਿਆਰੀ ਕਰਨ ਵਿਚ ਟ੍ਰੈਕਟ ਸਾਡੀ ਕਿਵੇਂ ਮਦਦ ਕਰਦੇ ਹਨ?
11 ਘਰ-ਮਾਲਕ ਦੀਆਂ ਗੱਲਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਸੀਂ ਟ੍ਰੈਕਟ ਵਿੱਚੋਂ ਹੋਰ ਕਿੰਨਾ ਕੁ ਪੜ੍ਹ ਕੇ ਚਰਚਾ ਕਰੋਗੇ। ਚਾਹੇ ਗੱਲਬਾਤ ਜ਼ਿਆਦਾ ਹੁੰਦੀ ਹੈ ਜਾਂ ਥੋੜ੍ਹੀ, ਪਰ ਤੁਹਾਨੂੰ ਖ਼ੁਸ਼ੀ ਹੋਵੇਗੀ ਕਿ ਲੋਕਾਂ ਨੂੰ ਟ੍ਰੈਕਟ ਦੇਣ ਦੇ ਨਾਲ-ਨਾਲ ਤੁਸੀਂ ਪਹਿਲੀ ਮੁਲਾਕਾਤ ਵਿਚ ਪਰਮੇਸ਼ੁਰ ਦੇ ਬਚਨ ਵਿੱਚੋਂ ਵੀ ਹਵਾਲੇ ਪੜ੍ਹੇ, ਭਾਵੇਂ ਕਿ ਤੁਸੀਂ ਸਿਰਫ਼ ਇਕ ਜਾਂ ਦੋ ਆਇਤਾਂ ਹੀ ਪੜ੍ਹ ਸਕੇ। ਪਰ ਦੁਬਾਰਾ ਮਿਲਣ ’ਤੇ ਤੁਸੀਂ ਚਰਚਾ ਜਾਰੀ ਰੱਖ ਸਕਦੇ ਹੋ।
12 ਟ੍ਰੈਕਟ ਦੇ ਪਿਛਲੇ ਸਫ਼ੇ ’ਤੇ “ਜ਼ਰਾ ਸੋਚੋ” ਹੇਠਾਂ ਸਵਾਲ ਤੇ ਹਵਾਲੇ ਦਿੱਤੇ ਗਏ ਹਨ ਜਿਨ੍ਹਾਂ ’ਤੇ ਤੁਸੀਂ ਰਿਟਰਨ ਵਿਜ਼ਿਟ ਕਰਨ ਵੇਲੇ ਚਰਚਾ ਕਰ ਸਕਦੇ ਹੋ। ਸਾਡਾ ਆਉਣ ਵਾਲਾ ਕੱਲ੍ਹ ਕਿੱਦਾਂ ਦਾ ਹੋਵੇਗਾ? ਨਾਂ ਦੇ ਟ੍ਰੈਕਟ ’ਤੇ ਰਿਟਰਨ ਵਿਜ਼ਿਟ ਕਰਨ ਲਈ ਸਵਾਲ ਹੈ: “ਪਰਮੇਸ਼ੁਰ ਦੁਨੀਆਂ ਦੇ ਹਾਲਾਤ ਕਿਵੇਂ ਸੁਧਾਰੇਗਾ?” ਇਸ ਦੇ ਥੱਲੇ ਮੱਤੀ 6:9, 10 ਤੇ ਦਾਨੀਏਲ 2:44 ਹਵਾਲੇ ਦਿੱਤੇ ਗਏ ਹਨ। ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ? ਟ੍ਰੈਕਟ ਲਈ ਸਵਾਲ ਹੈ: “ਅਸੀਂ ਬੁੱਢੇ ਹੋ ਕੇ ਕਿਉਂ ਮਰ ਜਾਂਦੇ ਹਾਂ?” ਇਸ ਦੇ ਥੱਲੇ ਉਤਪਤ 3:17-19 ਤੇ ਰੋਮੀਆਂ 5:12 ਹਵਾਲੇ ਦਿੱਤੇ ਗਏ ਹਨ।
13. ਸਮਝਾਓ ਕਿ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਇਹ ਟ੍ਰੈਕਟ ਕਿਵੇਂ ਵਰਤੇ ਜਾ ਸਕਦੇ ਹਨ।
13 ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਇਹ ਟ੍ਰੈਕਟ ਵਰਤੋ। ਜਦੋਂ ਇਕ ਵਿਅਕਤੀ ਟ੍ਰੈਕਟ ਦੇ ਪਿਛਲੇ ਸਫ਼ੇ ਤੋਂ ਕਿਊ. ਆਰ. ਕੋਡ (QR Code) * ਸਕੈਨ ਕਰਦਾ ਹੈ, ਤਾਂ ਇਹ ਕੋਡ ਉਸ ਨੂੰ ਸਾਡੀ ਵੈੱਬਸਾਈਟ ਉੱਤੇ ਲੈ ਜਾਂਦਾ ਹੈ, ਸ਼ਾਇਦ ਉਸ ਸਫ਼ੇ ’ਤੇ ਜਿੱਥੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਹੱਲਾਸ਼ੇਰੀ ਦਿੱਤੀ ਗਈ ਹੈ। ਹਰ ਟ੍ਰੈਕਟ ਵਿਚ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਨਾਂ ਦੇ ਬਰੋਸ਼ਰ ਦਾ ਕੋਈ ਪਾਠ ਪੜ੍ਹਨ ਲਈ ਕਿਹਾ ਗਿਆ ਹੈ। ਮਿਸਾਲ ਲਈ, ਇਹ ਦੁਨੀਆਂ ਕਿਹਦੇ ਹੱਥ ਵਿਚ ਹੈ? ਟ੍ਰੈਕਟ ਵਿਚ ਇਸ ਬਰੋਸ਼ਰ ਦੇ ਪੰਜਵੇਂ ਪਾਠ ਦਾ ਜ਼ਿਕਰ ਕੀਤਾ ਗਿਆ ਹੈ। ਪਰਿਵਾਰ ਵਿਚ ਖ਼ੁਸ਼ੀ ਕਿਵੇਂ ਲਿਆਈਏ? ਟ੍ਰੈਕਟ ਵਿਚ ਇਸ ਬਰੋਸ਼ਰ ਦੇ ਨੌਵੇਂ ਪਾਠ ਦਾ ਜ਼ਿਕਰ ਕੀਤਾ ਗਿਆ ਹੈ। ਇਹ ਟ੍ਰੈਕਟ ਪਹਿਲੀ ਮੁਲਾਕਾਤ ਤੇ ਰਿਟਰਨ ਵਿਜ਼ਿਟਾਂ ਵੇਲੇ ਬਾਈਬਲ ਵਰਤਣ ਵਿਚ ਸਾਡੀ ਮਦਦ ਕਰਨ ਲਈ ਤਿਆਰ ਕੀਤੇ ਗਏ ਹਨ। ਇਸ ਤਰ੍ਹਾਂ ਅਸੀਂ ਸ਼ਾਇਦ ਹੋਰ ਬਾਈਬਲ ਸਟੱਡੀਆਂ ਸ਼ੁਰੂ ਕਰ ਸਕੀਏ। ਪ੍ਰਚਾਰ ਵਿਚ ਪਰਮੇਸ਼ੁਰ ਦੇ ਬਚਨ ਨੂੰ ਅਸਰਕਾਰੀ ਤਰੀਕੇ ਨਾਲ ਵਰਤਣ ਲਈ ਤੁਸੀਂ ਹੋਰ ਕੀ ਕਰ ਸਕਦੇ ਹੋ?
ਉਸ ਵਿਸ਼ੇ ’ਤੇ ਗੱਲਬਾਤ ਕਰੋ ਜਿਸ ਬਾਰੇ ਲੋਕ ਸੋਚਦੇ ਹਨ
14, 15. ਪ੍ਰਚਾਰ ਵਿਚ ਤੁਸੀਂ ਪੌਲੁਸ ਵਰਗਾ ਰਵੱਈਆ ਕਿਵੇਂ ਰੱਖ ਸਕਦੇ ਹੋ?
14 ਪੌਲੁਸ ਪ੍ਰਚਾਰ ਵਿਚ “ਜ਼ਿਆਦਾ ਤੋਂ ਜ਼ਿਆਦਾ ਲੋਕਾਂ” ਦੀ ਸੋਚ ਨੂੰ ਸਮਝਣਾ ਚਾਹੁੰਦਾ ਸੀ। (1 ਕੁਰਿੰਥੀਆਂ 9:19-23 ਪੜ੍ਹੋ।) ਗੌਰ ਕਰੋ ਕਿ ਪੌਲੁਸ ਸੱਚਾਈ ਵਿਚ ‘ਯਹੂਦੀਆਂ ਨੂੰ, ਮੂਸਾ ਦੇ ਕਾਨੂੰਨ ਉੱਤੇ ਚੱਲਣ ਵਾਲਿਆਂ ਨੂੰ, ਉਨ੍ਹਾਂ ਨੂੰ ਜਿਨ੍ਹਾਂ ਕੋਲ ਮੂਸਾ ਦਾ ਕਾਨੂੰਨ ਨਹੀਂ ਸੀ ਅਤੇ ਕਮਜ਼ੋਰ ਲੋਕਾਂ ਨੂੰ ਲਿਆਉਣਾ’ ਚਾਹੁੰਦਾ ਸੀ। ਜੀ ਹਾਂ, ਉਸ ਨੇ ‘ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਲਈ ਸਭ ਕੁਝ ਕੀਤਾ ਤਾਂਕਿ ਉਹ ਹਰ ਸੰਭਵ ਤਰੀਕੇ ਨਾਲ ਕੁਝ ਲੋਕਾਂ ਨੂੰ ਬਚਾ ਸਕੇ।’ (ਰਸੂ. 20:21) ਅਸੀਂ ਆਪਣੇ ਇਲਾਕੇ ਵਿਚ “ਹਰ ਤਰ੍ਹਾਂ ਦੇ ਲੋਕਾਂ” ਨੂੰ ਸੱਚਾਈ ਦੱਸਣ ਦੀ ਤਿਆਰੀ ਕਰਦਿਆਂ ਪੌਲੁਸ ਵਰਗਾ ਰਵੱਈਆ ਕਿਵੇਂ ਰੱਖ ਸਕਦੇ ਹਾਂ?
15 ਹਰ ਮਹੀਨੇ ਸਾਡੀ ਰਾਜ ਸੇਵਕਾਈ ਵਿਚ ਸੁਝਾਅ ਦਿੱਤੇ ਜਾਂਦੇ ਹਨ ਕਿ ਪ੍ਰਚਾਰ ਵਿਚ ਕੀ ਗੱਲ ਕਰਨੀ ਹੈ। ਇਨ੍ਹਾਂ ਨੂੰ ਇਸਤੇਮਾਲ ਕਰੋ। ਪਰ ਜੇ ਤੁਹਾਡੇ ਇਲਾਕੇ ਦੇ ਲੋਕ ਕਿਸੇ ਹੋਰ ਗੱਲ ਬਾਰੇ ਸੋਚਦੇ ਹਨ, ਤਾਂ ਉਸ ਮੁਤਾਬਕ ਤਿਆਰੀ ਕਰੋ। ਆਪਣੇ ਇਲਾਕੇ ਦੇ ਮਾਹੌਲ ਤੇ ਉੱਥੇ ਰਹਿੰਦੇ ਲੋਕਾਂ ਬਾਰੇ ਸੋਚੋ ਅਤੇ ਸੋਚੋ ਕਿ ਉਹ ਕਿਹੜੀ ਗੱਲ ਕਰਕੇ ਜ਼ਿਆਦਾ ਫ਼ਿਕਰਮੰਦ ਹਨ। ਫਿਰ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਕਿਸੇ ਹਵਾਲੇ ਬਾਰੇ ਸੋਚੋ। ਇਕ ਸਰਕਟ ਓਵਰਸੀਅਰ ਦੱਸਦਾ ਹੈ ਕਿ ਉਹ ਤੇ ਉਸ ਦੀ ਪਤਨੀ ਕਿਸ ਤਰੀਕੇ ਨਾਲ ਲੋਕਾਂ ਦਾ ਧਿਆਨ ਬਾਈਬਲ ਵੱਲ ਖਿੱਚਦੇ ਹਨ: ‘ਜੇ ਅਸੀਂ ਆਪਣੀ ਗੱਲਬਾਤ ਛੋਟੀ ਰੱਖਦੇ ਹਾਂ ਤੇ ਦੱਸਦੇ ਹਾਂ ਕਿ ਅਸੀਂ ਕਿਉਂ ਆਏ ਹਾਂ, ਤਾਂ ਸਾਡੇ ਇਲਾਕੇ ਵਿਚ ਬਹੁਤ ਸਾਰੇ ਲੋਕ ਸਾਨੂੰ ਇਕ ਆਇਤ ਪੜ੍ਹਨ ਦੀ ਇਜਾਜ਼ਤ ਦਿੰਦੇ ਹਨ। ਨਮਸਤੇ ਤੇ ਕੁਝ ਕਹਿਣ ਤੋਂ ਬਾਅਦ ਅਸੀਂ ਬਾਈਬਲ ਵਿੱਚੋਂ ਹਵਾਲਾ ਪੜ੍ਹਦੇ ਹਾਂ ਜੋ ਅਸੀਂ ਪਹਿਲਾਂ ਹੀ ਖੋਲ੍ਹਿਆ ਹੁੰਦਾ ਹੈ।’ ਅਗਲੇ ਪੈਰਿਆਂ ਵਿਚ ਕੁਝ ਵਿਸ਼ੇ, ਸਵਾਲ ਤੇ ਹਵਾਲੇ ਦਿੱਤੇ ਗਏ ਹਨ ਜੋ ਪ੍ਰਚਾਰ ਵਿਚ ਅਸਰਕਾਰੀ ਸਾਬਤ ਹੋਏ ਹਨ। ਤੁਸੀਂ ਵੀ ਸ਼ਾਇਦ ਇਨ੍ਹਾਂ ਨੂੰ ਆਪਣੇ ਇਲਾਕੇ ਵਿਚ ਵਰਤ ਸਕਦੇ ਹੋ।
16. ਸਮਝਾਓ ਕਿ ਪ੍ਰਚਾਰ ਵਿਚ ਯਸਾਯਾਹ 14:7 ਕਿਵੇਂ ਵਰਤਿਆ ਜਾ ਸਕਦਾ ਹੈ।
16 ਜੇ ਤੁਸੀਂ ਐਸੇ ਇਲਾਕੇ ਵਿਚ ਰਹਿੰਦੇ ਹੋ ਜਿੱਥੇ ਅਕਸਰ ਗੜਬੜੀ ਰਹਿੰਦੀ ਹੈ, ਤਾਂ ਸ਼ਾਇਦ ਤੁਸੀਂ ਇਕ ਵਿਅਕਤੀ ਨੂੰ ਪੁੱਛ ਸਕਦੇ ਹੋ: “ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਅਖ਼ਬਾਰ ਦੇ ਪਹਿਲੇ ਸਫ਼ੇ ’ਤੇ ਇਹ ਖ਼ਬਰ ਆਉਂਦੀ ਹੈ: ‘ਸਾਰੀ ਧਰਤੀ ਚੈਨ ਅਤੇ ਅਰਾਮ ਕਰਦੀ ਹੈ, ਲੋਕ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ’? ਇਹ ਗੱਲ ਬਾਈਬਲ ਵਿਚ ਯਸਾਯਾਹ 14:7 ਵਿਚ ਦੱਸੀ ਗਈ ਹੈ। ਦਰਅਸਲ ਬਾਈਬਲ ਵਿਚ ਸ਼ਾਂਤੀ ਦੇ ਸਮੇਂ ਬਾਰੇ ਪਰਮੇਸ਼ੁਰ ਦੇ ਬਹੁਤ ਸਾਰੇ ਵਾਅਦੇ ਦੱਸੇ ਗਏ ਹਨ ਜੋ ਭਵਿੱਖ ਵਿਚ ਪੂਰੇ ਹੋਣਗੇ।” ਫਿਰ ਬਾਈਬਲ ਵਿੱਚੋਂ ਕਿਸੇ ਇਕ ਵਾਅਦੇ ਨੂੰ ਪੜ੍ਹੋ।
17. ਆਪਣੀ ਗੱਲਬਾਤ ਵਿਚ ਤੁਸੀਂ ਮੱਤੀ 5:3 ਕਿਵੇਂ ਪੜ੍ਹ ਸਕਦੇ ਹੋ?
17 ਕੀ ਤੁਹਾਡੇ ਇਲਾਕੇ ਵਿਚ ਬਹੁਤ ਸਾਰੇ ਆਦਮੀਆਂ ਲਈ ਰੋਜ਼ੀ-ਰੋਟੀ ਕਮਾਉਣੀ ਔਖੀ ਹੈ? ਜੇ ਹਾਂ, ਤਾਂ ਤੁਸੀਂ ਸ਼ਾਇਦ ਇਸ ਤਰ੍ਹਾਂ ਗੱਲ ਸ਼ੁਰੂ ਕਰ ਸਕਦੇ ਹੋ: “ਇਕ ਆਦਮੀ ਨੂੰ ਕਿੰਨੇ ਪੈਸੇ ਕਮਾਉਣ ਦੀ ਲੋੜ ਹੁੰਦੀ ਹੈ ਤਾਂਕਿ ਉਹ ਆਪਣੇ ਪਰਿਵਾਰ ਨੂੰ ਖ਼ੁਸ਼ੀ ਦੇ ਸਕੇ?” ਜਵਾਬ ਸੁਣਨ ਤੋਂ ਬਾਅਦ ਕਹੋ: “ਬਹੁਤ ਸਾਰੇ ਆਦਮੀ ਲੋੜ ਤੋਂ ਵੱਧ ਪੈਸੇ ਕਮਾਉਂਦੇ ਹਨ, ਫਿਰ ਵੀ ਉਨ੍ਹਾਂ ਦੇ ਪਰਿਵਾਰ ਖ਼ੁਸ਼ ਨਹੀਂ ਹਨ। ਸੋ ਖ਼ੁਸ਼ੀ ਪਾਉਣ ਲਈ ਕਿਸ ਚੀਜ਼ ਦੀ ਲੋੜ ਹੈ?” ਫਿਰ ਮੱਤੀ 5:3 ਪੜ੍ਹੋ ਤੇ ਬਾਈਬਲ ਸਟੱਡੀ ਪੇਸ਼ ਕਰੋ।
18. ਦੂਜਿਆਂ ਨੂੰ ਦਿਲਾਸਾ ਦੇਣ ਲਈ ਅਸੀਂ ਪ੍ਰਕਾਸ਼ ਦੀ ਕਿਤਾਬ 21:4 ਕਿਵੇਂ ਵਰਤ ਸਕਦੇ ਹਾਂ?
18 ਕੀ ਤੁਹਾਡੇ ਇਲਾਕੇ ਦੇ ਲੋਕ ਹਾਲ ਹੀ ਵਿਚ ਹੋਈ ਕਿਸੇ ਮਾੜੀ ਘਟਨਾ ਕਰਕੇ ਦੁੱਖ ਝੱਲ ਰਹੇ ਹਨ? ਤੁਸੀਂ ਆਪਣੀ ਗੱਲਬਾਤ ਇਸ ਤਰ੍ਹਾਂ ਸ਼ੁਰੂ ਕਰ ਸਕਦੇ ਹੋ: “ਮੈਂ ਤੁਹਾਨੂੰ ਦਿਲਾਸਾ ਦੇਣ ਆਇਆ ਹਾਂ। (ਪ੍ਰਕਾਸ਼ ਦੀ ਕਿਤਾਬ 21:4 ਪੜ੍ਹੋ।) ਤੁਸੀਂ ਗੌਰ ਕੀਤਾ ਕਿ ਪਰਮੇਸ਼ੁਰ ਕੀ-ਕੀ ਖ਼ਤਮ ਕਰੇਗਾ? “ਹੰਝੂ,” “ਮੌਤ,” “ਸੋਗ,” ‘ਰੋਣਾ’ ਤੇ “ਦੁੱਖ-ਦਰਦ।” ਕੀ ਇਹ ਗੱਲ ਜਾਣ ਕੇ ਖ਼ੁਸ਼ੀ ਨਹੀਂ ਹੁੰਦੀ ਕਿ ਉਹ ਸਾਨੂੰ ਵਧੀਆ ਜ਼ਿੰਦਗੀ ਦੇਣੀ ਚਾਹੁੰਦਾ ਹੈ? ਪਰ ਸਾਨੂੰ ਵਧੀਆ ਜ਼ਿੰਦਗੀ ਕਿਵੇਂ ਮਿਲ ਸਕਦੀ ਹੈ?” ਫਿਰ ਉਸ ਨੂੰ ਖ਼ੁਸ਼ ਖ਼ਬਰੀ ਬਰੋਸ਼ਰ ਤੋਂ ਢੁਕਵਾਂ ਪਾਠ ਦਿਖਾਓ।
19. ਦੱਸੋ ਕਿ ਧਾਰਮਿਕ ਵਿਚਾਰ ਰੱਖਣ ਵਾਲੇ ਲੋਕਾਂ ਨਾਲ ਗੱਲ ਕਰਦੇ ਹੋਏ ਪ੍ਰਕਾਸ਼ ਦੀ ਕਿਤਾਬ 14:6, 7 ਕਿਵੇਂ ਵਰਤਿਆ ਜਾ ਸਕਦਾ ਹੈ।
19 ਤੁਸੀਂ ਧਾਰਮਿਕ ਵਿਚਾਰ ਰੱਖਣ ਵਾਲੇ ਲੋਕਾਂ ਨਾਲ ਇੱਦਾਂ ਗੱਲਬਾਤ ਸ਼ੁਰੂ ਕਰ ਸਕਦੇ ਹੋ: “ਕੀ ਮੈਂ ਤੁਹਾਡੇ ਨਾਲ ਪਰਮੇਸ਼ੁਰ ਬਾਰੇ ਇਕ ਗੱਲ ਸਾਂਝੀ ਕਰ ਸਕਦਾ ਹਾਂ? (ਪ੍ਰਕਾਸ਼ ਦੀ ਕਿਤਾਬ 14:6, 7 ਪੜ੍ਹੋ।) ਧਿਆਨ ਦਿਓ ਕਿ ਇੱਥੇ ‘ਪਰਮੇਸ਼ੁਰ ਤੋਂ ਡਰਨ’ ਦੀ ਗੱਲ ਕੀਤੀ ਗਈ ਹੈ। ਇਸ ਲਈ ਕੀ ਇਹ ਜਾਣਨਾ ਜ਼ਰੂਰੀ ਨਹੀਂ ਕਿ ਉਹ ਪਰਮੇਸ਼ੁਰ ਕੌਣ ਹੈ ਜਿਸ ਤੋਂ ਸਾਨੂੰ ਡਰਨ ਦੀ ਲੋੜ ਹੈ? ਇੱਥੇ ਉਸ ਪਰਮੇਸ਼ੁਰ ਦੀ ਗੱਲ ਕੀਤੀ ਗਈ ਹੈ ‘ਜਿਸ ਨੇ ਆਕਾਸ਼ ਤੇ ਧਰਤੀ ਨੂੰ ਬਣਾਇਆ ਹੈ।’” ਫਿਰ ਜ਼ਬੂਰ 124:8 ਪੜ੍ਹੋ ਜਿਸ ਵਿਚ ਲਿਖਿਆ ਹੈ: “ਸਾਡੀ ਸਹਾਇਤਾ ਯਹੋਵਾਹ ਦੇ ਨਾਮ ਵਿੱਚ ਹੈ, ਜਿਹੜਾ ਅਕਾਸ਼ ਤੇ ਧਰਤੀ ਦਾ ਕਰਤਾ ਹੈ।” ਫਿਰ ਕਹੋ ਕਿ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ ਹੋਰ ਸਮਝਾ ਸਕਦੇ ਹੋ।
20. (ੳ) ਕਿਸੇ ਨੂੰ ਪਰਮੇਸ਼ੁਰ ਦਾ ਨਾਂ ਦੱਸਣ ਲਈ ਕਹਾਉਤਾਂ 30:4 ਕਿਵੇਂ ਵਰਤਿਆ ਜਾ ਸਕਦਾ ਹੈ? (ਅ) ਪ੍ਰਚਾਰ ਵਿਚ ਕਿਹੜਾ ਹਵਾਲਾ ਵਰਤ ਕੇ ਤੁਹਾਨੂੰ ਸਫ਼ਲਤਾ ਮਿਲੀ ਹੈ?
20 ਤੁਸੀਂ ਇਕ ਨੌਜਵਾਨ ਨਾਲ ਸ਼ਾਇਦ ਇਸ ਤਰ੍ਹਾਂ ਗੱਲ ਸ਼ੁਰੂ ਕਰ ਸਕਦੇ ਹੋ: “ਮੈਂ ਤੁਹਾਡੇ ਲਈ ਇਕ ਹਵਾਲਾ ਪੜ੍ਹਨਾ ਚਾਹੁੰਦਾ ਹਾਂ ਜਿਸ ਨਾਲ ਇਕ ਅਹਿਮ ਸਵਾਲ ਖੜ੍ਹਾ ਹੁੰਦਾ ਹੈ। (ਕਹਾਉਤਾਂ 30:4 ਪੜ੍ਹੋ।) ਇੱਥੇ ਕਿਹਦੇ ਬਾਰੇ ਗੱਲ ਕੀਤੀ ਗਈ ਹੈ? ਇਹ ਗੱਲ ਕਿਸੇ ਇਨਸਾਨ ’ਤੇ ਲਾਗੂ ਨਹੀਂ ਹੁੰਦੀ, ਸੋ ਇੱਥੇ ਜ਼ਰੂਰ ਸਾਡੇ ਸਿਰਜਣਹਾਰ ਬਾਰੇ ਗੱਲ ਕੀਤੀ ਗਈ ਹੈ। * ਅਸੀਂ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਉਸ ਦਾ ਨਾਂ ਕੀ ਹੈ? ਮੈਂ ਤੁਹਾਨੂੰ ਬਾਈਬਲ ਵਿੱਚੋਂ ਉਸ ਦਾ ਨਾਂ ਦਿਖਾ ਸਕਦਾ ਹਾਂ।”
ਪ੍ਰਚਾਰ ਵਿਚ ਪਰਮੇਸ਼ੁਰ ਦੇ ਬਚਨ ਦੀ ਤਾਕਤ ਵਰਤੋ
21, 22. (ੳ) ਧਿਆਨ ਨਾਲ ਚੁਣਿਆ ਹਵਾਲਾ ਪੜ੍ਹਨ ਨਾਲ ਇਕ ਇਨਸਾਨ ਦੀ ਜ਼ਿੰਦਗੀ ਕਿਵੇਂ ਬਦਲ ਸਕਦੀ ਹੈ? (ਅ) ਪ੍ਰਚਾਰ ਕਰਦਿਆਂ ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
21 ਸਾਨੂੰ ਪਤਾ ਨਹੀਂ ਕਿ ਧਿਆਨ ਨਾਲ ਚੁਣੇ ਹਵਾਲੇ ਨੂੰ ਪੜ੍ਹਨ ਨਾਲ ਲੋਕਾਂ ’ਤੇ ਕੀ ਅਸਰ ਪੈ ਸਕਦਾ ਹੈ। ਮਿਸਾਲ ਲਈ, ਆਸਟ੍ਰੇਲੀਆ ਵਿਚ ਦੋ ਗਵਾਹਾਂ ਨੇ ਇਕ ਨੌਜਵਾਨ ਔਰਤ ਦੇ ਘਰ ਦਾ ਦਰਵਾਜ਼ਾ ਖੜਕਾਇਆ। ਇਕ ਭਰਾ ਨੇ ਉਸ ਨੂੰ ਪੁੱਛਿਆ: “ਕੀ ਤੁਹਾਨੂੰ ਪਤਾ ਰੱਬ ਦਾ ਨਾਂ ਕੀ ਹੈ?” ਅਤੇ ਫਿਰ ਉਸ ਨੇ ਜ਼ਬੂਰਾਂ ਦੀ ਪੋਥੀ 83:18 ਦਾ ਹਵਾਲਾ ਪੜ੍ਹਿਆ। ਉਸ ਔਰਤ ਨੇ ਕਿਹਾ ਕਿ ਯਹੋਵਾਹ ਨਾਂ ਸੁਣ ਕੇ “ਮੈਂ ਹੱਕੀ-ਬੱਕੀ ਰਹਿ ਗਈ! ਉਨ੍ਹਾਂ ਦੇ ਜਾਣ ਤੋਂ ਬਾਅਦ ਮੈਂ 56 ਕਿਲੋਮੀਟਰ (35 ਮੀਲ) ਦਾ ਸਫ਼ਰ ਤੈਅ ਕਰ ਕੇ ਇਕ ਕਿਤਾਬਾਂ ਵਾਲੀ ਦੁਕਾਨ ’ਤੇ ਗਈ ਅਤੇ ਉੱਥੇ ਮੈਂ ਬਾਈਬਲ ਦੇ ਹੋਰ ਤਰਜਮਿਆਂ ਵਿਚ ਅਤੇ ਫਿਰ ਇਕ ਡਿਕਸ਼ਨਰੀ ਵਿਚ ਵੀ ਇਹ ਨਾਂ ਦੇਖਿਆ। ਜਦ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਰੱਬ ਦਾ ਨਾਂ ਯਹੋਵਾਹ ਹੈ, ਤਾਂ ਮੈਂ ਸੋਚਿਆ ਕਿ ਮੈਨੂੰ ਹੋਰ ਕੀ ਕੁਝ ਨਹੀਂ ਪਤਾ।” ਇਸ ਤੋਂ ਜਲਦੀ ਬਾਅਦ ਉਹ ਤੇ ਉਸ ਦਾ ਮੰਗੇਤਰ ਸਟੱਡੀ ਕਰਨ ਲੱਗ ਪਏ ਤੇ ਬਾਅਦ ਵਿਚ ਬਪਤਿਸਮਾ ਲੈ ਲਿਆ।
22 ਪਰਮੇਸ਼ੁਰ ਦਾ ਬਚਨ ਉਨ੍ਹਾਂ ਦੀਆਂ ਜ਼ਿੰਦਗੀਆਂ ਬਦਲਦਾ ਹੈ ਜੋ ਇਸ ਨੂੰ ਪੜ੍ਹਦੇ ਹਨ ਤੇ ਯਹੋਵਾਹ ਦੇ ਪੱਕੇ ਵਾਅਦਿਆਂ ’ਤੇ ਭਰੋਸਾ ਕਰਦੇ ਹਨ। (1 ਥੱਸਲੁਨੀਕੀਆਂ 2:13 ਪੜ੍ਹੋ।) ਸਾਡੀਆਂ ਗੱਲਾਂ ਨਾਲੋਂ ਬਾਈਬਲ ਦੇ ਸੰਦੇਸ਼ ਦਾ ਦੂਜਿਆਂ ਦੇ ਦਿਲਾਂ ’ਤੇ ਜ਼ਿਆਦਾ ਅਸਰ ਪੈਂਦਾ ਹੈ। ਇਸ ਕਰਕੇ ਸਾਨੂੰ ਹਰ ਮੌਕੇ ’ਤੇ ਪਰਮੇਸ਼ੁਰ ਦੇ ਬਚਨ ਨੂੰ ਵਰਤਣਾ ਚਾਹੀਦਾ ਹੈ ਕਿਉਂਕਿ ਇਹ ਜੀਉਂਦਾ ਹੈ!
^ ਪੇਰਗ੍ਰੈਫ 6 ਆਪਣੇ ਇਲਾਕੇ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਇਸ ਸੁਝਾਅ ਨੂੰ ਵਰਤਦੇ ਵੇਲੇ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ।
^ ਪੇਰਗ੍ਰੈਫ 13 QR Code (ਕਿਊ. ਆਰ. ਕੋਡ) Denso Wave Incorporated ਦਾ ਰਜਿਸਟਰ ਕੀਤਾ ਟ੍ਰੇਡਮਾਰਕ ਹੈ।