Skip to content

Skip to table of contents

‘ਤੋਬਾ ਕਰ ਕੇ ਮੁੜ ਅਤੇ ਆਪਣੇ ਭਰਾਵਾਂ ਨੂੰ ਤਕੜਾ ਕਰ’

‘ਤੋਬਾ ਕਰ ਕੇ ਮੁੜ ਅਤੇ ਆਪਣੇ ਭਰਾਵਾਂ ਨੂੰ ਤਕੜਾ ਕਰ’

ਯਿਸੂ ਨੂੰ ਪਛਾਣਨ ਤੋਂ ਇਨਕਾਰ ਕਰਨ ਤੋਂ ਬਾਅਦ ਪਤਰਸ ਭੁੱਬਾਂ ਮਾਰ-ਮਾਰ ਕੇ ਰੋਇਆ। ਯਿਸੂ ਜਾਣਦਾ ਸੀ ਕਿ ਉਸ ਨੂੰ ਆਪਣੀ ਨਿਹਚਾ ਦੁਬਾਰਾ ਮਜ਼ਬੂਤ ਕਰਨ ਲਈ ਮਿਹਨਤ ਕਰਨ ਦੀ ਲੋੜ ਸੀ, ਪਰ ਯਿਸੂ ਉਸ ਦੇ ਰਾਹੀਂ ਦੂਜਿਆਂ ਦੀ ਮਦਦ ਕਰਨੀ ਚਾਹੁੰਦਾ ਸੀ। ਇਸ ਲਈ ਯਿਸੂ ਨੇ ਉਸ ਨੂੰ ਪਹਿਲਾਂ ਕਿਹਾ ਸੀ: “ਜਦੋਂ ਤੂੰ ਤੋਬਾ ਕਰ ਕੇ ਮੁੜ ਆਵੇਂ, ਤਾਂ ਆਪਣੇ ਭਰਾਵਾਂ ਨੂੰ ਤਕੜਾ ਕਰੀਂ।” (ਲੂਕਾ 22:32, 54-62) ਬਾਅਦ ਵਿਚ ਪਤਰਸ ਪਹਿਲੀ ਸਦੀ ਵਿਚ ਮਸੀਹੀ ਮੰਡਲੀ ਦਾ ਥੰਮ੍ਹ ਬਣਿਆ। (ਗਲਾ. 2:9) ਇਸੇ ਤਰ੍ਹਾਂ ਇਕ ਭਰਾ ਜਿਸ ਨੇ ਪਹਿਲਾਂ ਬਜ਼ੁਰਗ ਵਜੋਂ ਸੇਵਾ ਕੀਤੀ ਸੀ ਸ਼ਾਇਦ ਦੁਬਾਰਾ ਇਸ ਜ਼ਿੰਮੇਵਾਰੀ ਨੂੰ ਚੁੱਕ ਸਕੇ ਅਤੇ ਉਸ ਨੂੰ ਮਸੀਹੀ ਭੈਣਾਂ-ਭਰਾਵਾਂ ਦੀ ਨਿਹਚਾ ਮਜ਼ਬੂਤ ਕਰ ਕੇ ਖ਼ੁਸ਼ੀ ਮਿਲੇ।

ਕੁਝ ਭਰਾ ਜੋ ਪਹਿਲਾਂ ਨਿਗਾਹਬਾਨਾਂ ਦੇ ਤੌਰ ’ਤੇ ਸੇਵਾ ਕਰਦੇ ਸਨ, ਉਨ੍ਹਾਂ ਤੋਂ ਇਹ ਜ਼ਿੰਮੇਵਾਰੀ ਲੈ ਲਈ ਗਈ। ਉਨ੍ਹਾਂ ਨੂੰ ਸ਼ਾਇਦ ਮਹਿਸੂਸ ਹੋਵੇ ਕਿ ਉਹ ਨਿਕੰਮੇ ਹਨ। ਦੱਖਣੀ ਅਮਰੀਕਾ ਵਿਚ ਰਹਿਣ ਵਾਲੇ ਹੂਲੀਓ * ਨੇ ਇਕ ਬਜ਼ੁਰਗ ਵਜੋਂ 20 ਤੋਂ ਜ਼ਿਆਦਾ ਸਾਲ ਸੇਵਾ ਕੀਤੀ ਸੀ। ਉਸ ਨੇ ਕਿਹਾ: “ਭਾਸ਼ਣ ਤਿਆਰ ਕਰਨੇ, ਭਰਾਵਾਂ ਨੂੰ ਮਿਲਣ ਜਾਣਾ ਅਤੇ ਮੰਡਲੀ ਦੇ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰਨ ਵਰਗੇ ਕੰਮ ਕਰਨੇ ਹੀ ਮੇਰੀ ਜ਼ਿੰਦਗੀ ਸੀ। ਪਰ ਜਦੋਂ ਮੇਰੇ ਕੋਲੋਂ ਇਹ ਜ਼ਿੰਮੇਵਾਰੀ ਲੈ ਲਈ ਗਈ, ਤਾਂ ਮੇਰੀ ਜ਼ਿੰਦਗੀ ਵਿਚ ਕੁਝ ਕਰਨ ਨੂੰ ਨਾ ਰਿਹਾ। ਸੱਚ-ਮੁੱਚ ਇਹ ਸਮਾਂ ਮੇਰੇ ਲਈ ਬਹੁਤ ਦੁਖਦਾਈ ਸੀ।” ਪਰ ਅੱਜ ਹੂਲੀਓ ਫਿਰ ਇਕ ਬਜ਼ੁਰਗ ਵਜੋਂ ਸੇਵਾ ਕਰਦਾ ਹੈ।

“ਖ਼ੁਸ਼ ਹੋਵੋ”

ਯਾਕੂਬ ਨੇ ਲਿਖਿਆ: “ਮੇਰੇ ਭਰਾਵੋ, ਜਦੋਂ ਤੁਸੀਂ ਤਰ੍ਹਾਂ-ਤਰ੍ਹਾਂ ਦੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹੋ, ਤਾਂ ਖ਼ੁਸ਼ ਹੋਵੋ।” (ਯਾਕੂ. 1:2) ਇੱਥੇ ਯਾਕੂਬ ਅਤਿਆਚਾਰਾਂ ਅਤੇ ਸਾਡੀ ਨਾਮੁਕੰਮਲਤਾ ਕਰਕੇ ਆਉਣ ਵਾਲੀਆਂ ਅਜ਼ਮਾਇਸ਼ਾਂ ਦੀ ਗੱਲ ਕਰ ਰਿਹਾ ਸੀ। ਉਸ ਨੇ ਸੁਆਰਥੀ ਇੱਛਾਵਾਂ, ਪੱਖਪਾਤ ਅਤੇ ਹੋਰ ਗੱਲਾਂ ਦਾ ਜ਼ਿਕਰ ਕੀਤਾ ਸੀ। (ਯਾਕੂ. 1:14; 2:1; 4:1, 2, 11) ਜਦ ਯਹੋਵਾਹ ਸਾਨੂੰ ਅਨੁਸ਼ਾਸਨ ਦਿੰਦਾ ਹੈ, ਤਾਂ ਉਦੋਂ ਸ਼ਾਇਦ ਸਾਨੂੰ ਦੁੱਖ ਲੱਗੇ। (ਇਬ. 12:11) ਪਰ ਇਨ੍ਹਾਂ ਅਜ਼ਮਾਇਸ਼ਾਂ ਕਰਕੇ ਸਾਨੂੰ ਆਪਣੀ ਖ਼ੁਸ਼ੀ ਨਹੀਂ ਗੁਆਉਣੀ ਚਾਹੀਦੀ।

ਭਾਵੇਂ ਕਿ ਮੰਡਲੀ ਵਿਚ ਸਾਡੇ ਕੋਲੋਂ ਨਿਗਾਹਬਾਨ ਦੀ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ, ਫਿਰ ਵੀ ਸਾਡੇ ਕੋਲ ਆਪਣੀ ਨਿਹਚਾ ਦੀ ਜਾਂਚ ਕਰਦੇ ਰਹਿਣ ਅਤੇ ਯਹੋਵਾਹ ਲਈ ਆਪਣੇ ਪਿਆਰ ਨੂੰ ਦਿਖਾਉਣ ਦਾ ਮੌਕਾ ਹੈ। ਅਸੀਂ ਇਸ ਗੱਲ ’ਤੇ ਵੀ ਸੋਚ-ਵਿਚਾਰ ਕਰ ਸਕਦੇ ਹਾਂ ਕਿ ਅਸੀਂ ਸੇਵਾ  ਕਿਉਂ ਕੀਤੀ ਸੀ। ਕੀ ਇਸ ਵਿਚ ਸਾਡਾ ਆਪਣਾ ਕੋਈ ਫ਼ਾਇਦਾ ਸੀ ਜਾਂ ਕੀ ਇਸ ਕਰਕੇ ਸੇਵਾ ਕੀਤੀ ਕਿਉਂਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਸੀ ਅਤੇ ਸਾਨੂੰ ਯਕੀਨ ਸੀ ਕਿ ਇਹ ਯਹੋਵਾਹ ਦੀ ਮੰਡਲੀ ਹੈ ਅਤੇ ਇਸ ਨੂੰ ਦੇਖ-ਭਾਲ ਦੀ ਲੋੜ ਹੈ? (ਰਸੂ. 20:28-30) ਜਿਹੜੇ ਭਰਾ ਪਹਿਲਾਂ ਬਜ਼ੁਰਗ ਸਨ ਉਹ ਲਗਾਤਾਰ ਖ਼ੁਸ਼ੀ ਨਾਲ ਸੇਵਾ ਕਰ ਕੇ ਸ਼ੈਤਾਨ ਅਤੇ ਸਾਰਿਆਂ ਨੂੰ ਦਿਖਾਉਂਦੇ ਹਨ ਕਿ ਯਹੋਵਾਹ ਲਈ ਉਨ੍ਹਾਂ ਦਾ ਪਿਆਰ ਸੱਚਾ ਹੈ।

ਜਦ ਰਾਜਾ ਦਾਊਦ ਨੂੰ ਗੰਭੀਰ ਪਾਪ ਕਰਨ ਕਰਕੇ ਤਾੜਨਾ ਮਿਲੀ ਸੀ, ਤਾਂ ਉਸ ਨੇ ਤਾੜਨਾ ਕਬੂਲ ਕੀਤੀ ਅਤੇ ਪਰਮੇਸ਼ੁਰ ਨੇ ਉਸ ਨੂੰ ਮਾਫ਼ ਕਰ ਦਿੱਤਾ। ਦਾਊਦ ਨੇ ਇਕ ਗੀਤ ਵਿਚ ਗਾਇਆ: “ਧੰਨ ਹੈ ਉਹ ਜਿਹ ਦਾ ਅਪਰਾਧ ਖਿਮਾ ਹੋ ਗਿਆ, ਜਿਹ ਦਾ ਪਾਪ ਢੱਕਿਆ ਹੋਇਆ ਹੈ। ਧੰਨ ਹੈ ਉਹ ਆਦਮੀ ਜਿਹ ਦੀ ਬਦੀ ਯਹੋਵਾਹ ਉਹ ਦੇ ਲੇਖੇ ਨਹੀਂ ਲਾਉਂਦਾ।” (ਜ਼ਬੂ. 32:1, 2) ਸੱਚ-ਮੁੱਚ ਤਾੜਨਾ ਨੇ ਦਾਊਦ ਨੂੰ ਸੁਧਾਰਿਆ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਪਰਮੇਸ਼ੁਰ ਦੇ ਲੋਕਾਂ ਦਾ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਚਰਵਾਹਾ ਬਣਿਆ।

ਇਸੇ ਤਰ੍ਹਾਂ ਜਿਹੜੇ ਭਰਾ ਫਿਰ ਤੋਂ ਬਜ਼ੁਰਗਾਂ ਦੇ ਤੌਰ ’ਤੇ ਸੇਵਾ ਕਰਦੇ ਹਨ, ਉਹ ਅਕਸਰ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਚਰਵਾਹੇ ਬਣਦੇ ਹਨ। ਇਕ ਬਜ਼ੁਰਗ ਨੇ ਕਿਹਾ: “ਹੁਣ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਜਿਹੜੇ ਗ਼ਲਤੀ ਕਰ ਬੈਠਦੇ ਹਨ, ਉਨ੍ਹਾਂ ਦੀ ਮਦਦ ਕਿੱਦਾਂ ਕਰਨੀ ਹੈ।” ਇਕ ਹੋਰ ਬਜ਼ੁਰਗ ਨੇ ਕਿਹਾ: “ਹੁਣ ਮੈਂ ਭੈਣਾਂ-ਭਰਾਵਾਂ ਦੀ ਸੇਵਾ ਕਰਨ ਦੇ ਸਨਮਾਨ ਦੀ ਹੋਰ ਵੀ ਜ਼ਿਆਦਾ ਕਦਰ ਕਰਦਾ ਹਾਂ।”

ਕੀ ਤੁਸੀਂ ਮੁੜ ਸਕਦੇ ਹੋ?

ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ? ਪਰ ਤੇਰੇ ਕੋਲ ਤਾਂ ਮਾਫ਼ੀ ਹੈ, ਭਈ ਤੇਰਾ ਭੈ ਮੰਨਿਆ ਜਾਵੇ।” (ਜ਼ਬੂ. 130:3, 4) ਇਸ ਲਈ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਉਸ ਇਨਸਾਨ ’ਤੇ ਦੁਬਾਰਾ ਭਰੋਸਾ ਨਹੀਂ ਕਰੇਗਾ ਜਿਸ ਨੇ ਗੰਭੀਰ ਪਾਪ ਕੀਤਾ ਸੀ। ਰਿਕਾਰਡੋ ਨੇ ਕਈ ਸਾਲ ਇਕ ਬਜ਼ੁਰਗ ਦੇ ਤੌਰ ’ਤੇ ਸੇਵਾ ਕੀਤੀ। ਪਰ ਆਪਣੇ ਇਸ ਸਨਮਾਨ ਨੂੰ ਗੁਆਉਣ ਤੋਂ ਬਾਅਦ ਉਹ ਕਹਿੰਦਾ ਹੈ: “ਮੈਨੂੰ ਆਪਣੀ ਇਸ ਨਾਕਾਮਯਾਬੀ ’ਤੇ ਬਹੁਤ ਦੁੱਖ ਹੋਇਆ। ਲੰਬੇ ਸਮੇਂ ਤਕ ਮੈਨੂੰ ਲੱਗਦਾ ਰਿਹਾ ਕਿ ਮੈਂ ਬਜ਼ੁਰਗ ਦੇ ਤੌਰ ’ਤੇ ਸੇਵਾ ਕਰਨ ਦੇ ਲਾਇਕ ਨਹੀਂ ਹਾਂ। ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਦੁਬਾਰਾ ਆਪਣੇ ਆਪ ਨੂੰ ਭਰੋਸੇਯੋਗ ਸਾਬਤ ਕਰ ਸਕਾਂਗਾ। ਪਰ ਮੈਨੂੰ ਦੂਜਿਆਂ ਦੀ ਮਦਦ ਕਰ ਕੇ ਖ਼ੁਸ਼ੀ ਹੁੰਦੀ ਹੈ। ਇਸ ਲਈ ਮੈਂ ਬਾਈਬਲ ਸਟੱਡੀਆਂ ਕਰਾ ਸਕਿਆ, ਕਿੰਗਡਮ ਹਾਲ ਵਿਚ ਭੈਣਾਂ-ਭਰਾਵਾਂ ਨੂੰ ਹੌਸਲਾ ਦੇ ਸਕਿਆ ਅਤੇ ਉਨ੍ਹਾਂ ਨਾਲ ਪ੍ਰਚਾਰ ’ਤੇ ਜਾ ਸਕਿਆ। ਇਸ ਨਾਲ ਦੁਬਾਰਾ ਮੇਰਾ ਆਪਣੇ ’ਤੇ ਭਰੋਸਾ ਵਧਿਆ ਅਤੇ ਹੁਣ ਮੈਂ ਦੁਬਾਰਾ ਇਕ ਬਜ਼ੁਰਗ ਦੇ ਤੌਰ ’ਤੇ ਸੇਵਾ ਕਰ ਰਿਹਾ ਹਾਂ।”

ਯਹੋਵਾਹ ਦੀ ਮਦਦ ਨਾਲ ਬਹੁਤ ਸਾਰੇ ਭਰਾ ਖ਼ੁਸ਼ੀ-ਖ਼ੁਸ਼ੀ ਮੰਡਲੀ ਦੀ ਅਗਵਾਈ ਕਰਨ ਲਈ ਦੁਬਾਰਾ ਤਿਆਰ ਹੋਏ ਹਨ

ਮਨ ਵਿਚ ਲੰਬੇ ਸਮੇਂ ਤਕ ਨਾਰਾਜ਼ਗੀ ਰੱਖਣ ਕਰਕੇ ਸ਼ਾਇਦ ਇਕ ਭਰਾ ਬਜ਼ੁਰਗ ਦੇ ਤੌਰ ’ਤੇ ਸੇਵਾ ਨਾ ਕਰਨੀ ਚਾਹੇ। ਯਹੋਵਾਹ ਦੇ ਸੇਵਕ ਦਾਊਦ ਵਰਗਾ ਰਵੱਈਆ ਰੱਖਣਾ ਚੰਗਾ ਹੈ ਜਿਸ ਨੂੰ ਰਾਜਾ ਸ਼ਾਊਲ ਤੋਂ ਭੱਜਣਾ ਪਿਆ ਜੋ ਉਸ ਨਾਲ ਈਰਖਾ ਕਰਦਾ ਸੀ। ਪਰ ਦਾਊਦ ਨੇ ਸ਼ਾਊਲ  ਤੋਂ ਬਦਲਾ ਨਹੀਂ ਲਿਆ ਭਾਵੇਂ ਕਿ ਉਸ ਨੂੰ ਇੱਦਾਂ ਕਰਨ ਦੇ ਕਈ ਮੌਕੇ ਮਿਲੇ। (1 ਸਮੂ. 24:4-7; 26:8-12) ਜਦ ਸ਼ਾਊਲ ਲੜਾਈ ਵਿਚ ਮਾਰਿਆ ਗਿਆ, ਤਾਂ ਦਾਊਦ ਨੇ ਉਸ ਦੀ ਮੌਤ ’ਤੇ ਸੋਗ ਮਨਾਇਆ ਅਤੇ ਉਸ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਨੂੰ “ਪਿਆਰੇ ਅਰ ਮਨ ਭਾਉਂਦੇ” ਕਿਹਾ। (2 ਸਮੂ. 1:21-23) ਦਾਊਦ ਨੇ ਆਪਣੇ ਮਨ ਵਿਚ ਨਾਰਾਜ਼ਗੀ ਨਹੀਂ ਪਾਲੀ।

ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਕਿਸੇ ਗ਼ਲਤਫ਼ਹਿਮੀ ਜਾਂ ਬੇਇਨਸਾਫ਼ੀ ਦਾ ਸ਼ਿਕਾਰ ਹੋਏ ਹੋ, ਤਾਂ ਨਾਰਾਜ਼ਗੀ ਨੂੰ ਆਪਣੀਆਂ ਸੋਚਾਂ ’ਤੇ ਹਾਵੀ ਨਾ ਹੋਣ ਦਿਓ। ਮਿਸਾਲ ਲਈ, ਵਿਲੀਅਮ ਨੇ ਬ੍ਰਿਟੇਨ ਵਿਚ ਲਗਭਗ 30 ਸਾਲ ਤਕ ਬਜ਼ੁਰਗ ਦੇ ਤੌਰ ’ਤੇ ਸੇਵਾ ਕੀਤੀ। ਪਰ ਜਦ ਉਸ ਤੋਂ ਇਹ ਜ਼ਿੰਮੇਵਾਰੀ ਲੈ ਲਈ ਗਈ, ਤਾਂ ਉਸ ਨੇ ਕੁਝ ਬਜ਼ੁਰਗਾਂ ਨਾਲ ਮਨ ਵਿਚ ਨਾਰਾਜ਼ਗੀ ਰੱਖੀ। ਮਨ ਵਿੱਚੋਂ ਨਾਰਾਜ਼ਗੀ ਕੱਢਣ ਵਿਚ ਕਿਹੜੀ ਚੀਜ਼ ਨੇ ਵਿਲੀਅਮ ਦੀ ਮਦਦ ਕੀਤੀ ਸੀ? ਉਸ ਨੇ ਕਿਹਾ: “ਅੱਯੂਬ ਦੀ ਕਿਤਾਬ ਤੋਂ ਮੈਨੂੰ ਹੌਸਲਾ ਮਿਲਿਆ। ਜੇਕਰ ਯਹੋਵਾਹ ਨੇ ਅੱਯੂਬ ਦੀ ਆਪਣੇ ਤਿੰਨ ਦੋਸਤਾਂ ਨਾਲ ਸੁਲ੍ਹਾ ਕਰਨ ਵਿਚ ਮਦਦ ਕੀਤੀ ਸੀ, ਤਾਂ ਉਹ ਬਜ਼ੁਰਗਾਂ ਨਾਲ ਸੁਲ੍ਹਾ ਕਰਨ ਵਿਚ ਮੇਰੀ ਕਿੰਨੀ ਜ਼ਿਆਦਾ ਮਦਦ ਕਰੇਗਾ।”ਅੱਯੂ. 42:7-9.

ਪਰਮੇਸ਼ੁਰ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜੋ ਦੁਬਾਰਾ ਬਜ਼ੁਰਗਾਂ ਦੇ ਤੌਰ ’ਤੇ ਸੇਵਾ ਕਰਦੇ ਹਨ

ਜੇ ਤੁਸੀਂ ਪਰਮੇਸ਼ੁਰ ਦੇ ਇੱਜੜ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਨੂੰ ਛੱਡਣ ਦਾ ਫ਼ੈਸਲਾ ਕੀਤਾ ਸੀ, ਤਾਂ ਸੋਚੋ ਕਿ ਤੁਸੀਂ ਇੱਦਾਂ ਕਿਉਂ ਕੀਤਾ ਸੀ। ਕੀ ਕਿਸੇ ਨਿੱਜੀ ਮੁਸ਼ਕਲ ਨੇ ਤੁਹਾਨੂੰ ਘੇਰ ਲਿਆ ਸੀ? ਕੀ ਤੁਸੀਂ ਦੂਜੀਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿਚ ਜ਼ਿਆਦਾ ਅਹਿਮੀਅਤ ਦੇਣ ਲੱਗ ਪਏ ਸੀ? ਕੀ ਤੁਸੀਂ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਕਰਕੇ ਹੌਸਲਾ ਛੱਡ ਦਿੱਤਾ ਸੀ? ਭਾਵੇਂ ਜੋ ਵੀ ਹੋਇਆ ਹੋਵੇ, ਪਰ ਯਾਦ ਰੱਖੋ ਕਿ ਬਜ਼ੁਰਗ ਦੇ ਤੌਰ ’ਤੇ ਤੁਸੀਂ ਕਈ ਤਰੀਕਿਆਂ ਨਾਲ ਦੂਜਿਆਂ ਦੀ ਮਦਦ ਕਰ ਸਕੇ। ਤੁਹਾਡੇ ਭਾਸ਼ਣਾਂ ਨੇ ਉਨ੍ਹਾਂ ਨੂੰ ਤਕੜੇ ਕੀਤਾ ਸੀ, ਤੁਹਾਡੀ ਮਿਸਾਲ ਤੋਂ ਉਨ੍ਹਾਂ ਨੂੰ ਹੌਸਲਾ ਮਿਲਿਆ ਸੀ ਅਤੇ ਤੁਸੀਂ ਭੈਣਾਂ-ਭਰਾਵਾਂ ਦੇ ਘਰ ਜਾ ਕੇ ਉਨ੍ਹਾਂ ਨਾਲ ਹੌਸਲੇ ਭਰੀਆਂ ਗੱਲਾਂ ਕੀਤੀਆਂ ਸਨ ਜਿਸ ਕਰਕੇ ਉਹ ਔਖੀਆਂ ਘੜੀਆਂ ਦਾ ਸਾਮ੍ਹਣਾ ਕਰ ਸਕੇ। ਇਕ ਵਫ਼ਾਦਾਰ ਬਜ਼ੁਰਗ ਦੇ ਤੌਰ ’ਤੇ ਸੇਵਾ ਕਰ ਕੇ ਤੁਸੀਂ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕੀਤਾ ਅਤੇ ਇਸ ਨਾਲ ਤੁਹਾਨੂੰ ਵੀ ਖ਼ੁਸ਼ੀ ਹੋਈ।ਕਹਾ. 27:11.

ਖ਼ੁਸ਼ੀ ਨਾਲ ਸੇਵਾ ਕਰ ਕੇ ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਦਿਓ

ਯਹੋਵਾਹ ਦੀ ਮਦਦ ਨਾਲ ਬਹੁਤ ਸਾਰੇ ਭਰਾ ਖ਼ੁਸ਼ੀ-ਖ਼ੁਸ਼ੀ ਮੰਡਲੀ ਦੀ ਅਗਵਾਈ ਕਰਨ ਲਈ ਦੁਬਾਰਾ ਤਿਆਰ ਹੋਏ ਹਨ। ਜੇਕਰ ਤੁਸੀਂ ਬਜ਼ੁਰਗ ਦੀ ਜ਼ਿੰਮੇਵਾਰੀ ਛੱਡ ਦਿੱਤੀ ਸੀ ਜਾਂ ਤੁਹਾਡੇ ਤੋਂ ਲੈ ਲਈ ਗਈ ਸੀ, ਤਾਂ ਤੁਸੀਂ ਦੁਬਾਰਾ ‘ਨਿਗਾਹਬਾਨ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣ’ ਸਕਦੇ ਹੋ। (1 ਤਿਮੋ. 3:1) ਪੌਲੁਸ ‘ਪ੍ਰਾਰਥਨਾ ਕਰਨੋਂ ਨਹੀਂ ਹਟਿਆ’ ਕਿ ਕੁਲੁੱਸੈ ਦੇ ਮਸੀਹੀਆਂ ਨੂੰ ਪਰਮੇਸ਼ੁਰ ਦੀ ਇੱਛਾ ਦਾ ਸਹੀ ਗਿਆਨ ਮਿਲੇ ‘ਤਾਂਕਿ ਉਨ੍ਹਾਂ ਦਾ ਚਾਲ-ਚਲਣ ਅਜਿਹਾ ਹੋਵੇ ਜਿਹੋ ਜਿਹਾ ਯਹੋਵਾਹ ਦੇ ਸੇਵਕਾਂ ਦਾ ਹੋਣਾ ਚਾਹੀਦਾ ਹੈ ਤੇ ਜਿਸ ਤੋਂ ਉਸ ਨੂੰ ਖ਼ੁਸ਼ੀ ਹੁੰਦੀ ਹੈ।’ (ਕੁਲੁ. 1:9, 10) ਜੇਕਰ ਤੁਹਾਨੂੰ ਦੁਬਾਰਾ ਬਜ਼ੁਰਗ ਦੇ ਤੌਰ ’ਤੇ ਸੇਵਾ ਕਰਨ ਦਾ ਸਨਮਾਨ ਮਿਲਿਆ ਹੈ, ਤਾਂ ਯਹੋਵਾਹ ਨੂੰ ਬੇਨਤੀ ਕਰੋ ਕਿ ਉਹ ਤੁਹਾਨੂੰ ਤਾਕਤ ਦੇਵੇ ਅਤੇ ਧੀਰਜ ਤੇ ਖ਼ੁਸ਼ੀ ਨਾਲ ਸੇਵਾ ਕਰਨ ਵਿਚ ਤੁਹਾਡੀ ਮਦਦ ਕਰੇ। ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਸੱਚਾਈ ਵਿਚ ਚੱਲਦੇ ਰਹਿਣ ਲਈ ਪਿਆਰੇ ਚਰਵਾਹਿਆਂ ਦੀ ਮਦਦ ਦੀ ਲੋੜ ਹੈ। ਕੀ ਤੁਸੀਂ ਆਪਣੇ ਭਰਾਵਾਂ ਨੂੰ ਤਕੜੇ ਕਰਨ ਦੇ ਕਾਬਲ ਅਤੇ ਤਿਆਰ ਹੋ?

^ ਪੇਰਗ੍ਰੈਫ 3 ਕੁਝ ਨਾਂ ਬਦਲੇ ਗਏ ਹਨ।