Skip to content

Skip to table of contents

ਯਹੋਵਾਹ ਦੇ ਮਕਸਦ ਵਿਚ ਔਰਤਾਂ ਦੀ ਕੀ ਅਹਿਮੀਅਤ ਹੈ?

ਯਹੋਵਾਹ ਦੇ ਮਕਸਦ ਵਿਚ ਔਰਤਾਂ ਦੀ ਕੀ ਅਹਿਮੀਅਤ ਹੈ?

‘ਖਬਰ ਦੇਣ ਵਾਲੀਆਂ [“ਔਰਤਾਂ,” NW] ਦਾ ਵੱਡਾ ਦਲ ਹੈ।’ਜ਼ਬੂ. 68:11.

1, 2. (ੳ) ਪਰਮੇਸ਼ੁਰ ਨੇ ਆਦਮ ਨੂੰ ਕਿਹੜੇ ਤੋਹਫ਼ੇ ਦਿੱਤੇ? (ਅ) ਪਰਮੇਸ਼ੁਰ ਨੇ ਆਦਮ ਲਈ ਪਤਨੀ ਕਿਉਂ ਬਣਾਈ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਯਹੋਵਾਹ ਨੇ ਧਰਤੀ ਨੂੰ ਇਕ ਮਕਸਦ ਨਾਲ ਬਣਾਇਆ ਸੀ। ਉਸ ਨੇ “ਵੱਸਣ ਲਈ ਉਸ ਨੂੰ ਸਾਜਿਆ।” (ਯਸਾ. 45:18) ਪਰਮੇਸ਼ੁਰ ਨੇ ਪਹਿਲੇ ਇਨਸਾਨ, ਆਦਮ, ਨੂੰ ਮੁਕੰਮਲ ਬਣਾਇਆ ਸੀ ਤੇ ਉਸ ਨੇ ਆਦਮ ਨੂੰ ਰਹਿਣ ਲਈ ਅਦਨ ਦਾ ਸੋਹਣਾ ਬਾਗ਼ ਦਿੱਤਾ ਸੀ। ਆਦਮ ਬਾਗ਼ ਵਿਚ ਲੱਗੇ ਵੱਡੇ-ਵੱਡੇ ਦਰਖ਼ਤਾਂ, ਵਹਿੰਦੀਆਂ ਨਦੀਆਂ ਤੇ ਮਸਤੀ ਵਿਚ ਉੱਛਲ਼ਦੇ-ਕੁੱਦਦੇ ਜਾਨਵਰਾਂ ਦਾ ਕਿੰਨਾ ਮਜ਼ਾ ਲੈਂਦਾ ਹੋਣਾ! ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਉਸ ਨੂੰ ਜ਼ਿੰਦਗੀ ਵਿਚ ਕੁਝ ਹੋਰ ਵੀ ਚਾਹੀਦਾ ਸੀ। ਯਹੋਵਾਹ ਇਸ ਬਾਰੇ ਜਾਣਦਾ ਸੀ ਤੇ ਉਸ ਨੇ ਕਿਹਾ: “ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ।” ਫਿਰ ਪਰਮੇਸ਼ੁਰ ਨੇ ਆਦਮ ’ਤੇ ਗੂੜ੍ਹੀ ਨੀਂਦ ਭੇਜੀ ਤੇ ਉਸ ਦੀਆਂ ਪਸਲੀਆਂ ਵਿੱਚੋਂ ਇਕ ਪਸਲੀ ਲੈ ਕੇ ‘ਉਸ ਤੋਂ ਇੱਕ ਨਾਰੀ ਬਣਾਈ।’ ਜਦੋਂ ਆਦਮ ਜਾਗਿਆ, ਤਾਂ ਉਹ ਉਸ ਔਰਤ ਨੂੰ ਦੇਖ ਕੇ ਕਿੰਨਾ ਖ਼ੁਸ਼ ਹੋਇਆ ਹੋਣਾ! ਉਸ ਨੇ ਕਿਹਾ: “ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਅਰ ਮੇਰੇ ਮਾਸ ਵਿੱਚੋਂ ਮਾਸ ਹੈ ਸੋ ਇਹ ਇਸ ਕਾਰਨ ਨਾਰੀ ਅਖਵਾਏਗੀ ਜੋ ਇਹ ਨਰ ਵਿੱਚੋਂ ਕੱਢੀ ਗਈ ਹੈ।”ਉਤ. 2:18-23.

2 ਔਰਤ ਹਰ ਪੱਖੋਂ ਆਦਮੀ ਦੀ ਮਦਦ ਕਰ ਸਕਦੀ ਸੀ। ਇਸ ਕਰਕੇ ਉਹ ਪਰਮੇਸ਼ੁਰ ਵੱਲੋਂ ਆਦਮੀ ਨੂੰ ਇਕ ਸ਼ਾਨਦਾਰ ਤੋਹਫ਼ਾ ਸੀ। ਨਾਲੇ ਉਸ ਕੋਲ ਬੱਚੇ ਪੈਦਾ ਕਰਨ ਦਾ ਵੀ ਖ਼ਾਸ ਸਨਮਾਨ ਸੀ। ਇਸ ਲਈ “ਆਦਮੀ ਨੇ ਆਪਣੀ ਤੀਵੀਂ ਦਾ ਨਾਉਂ ਹੱਵਾਹ ਰੱਖਿਆ ਏਸ ਲਈ ਕਿ ਉਹ ਸਾਰੇ ਜੀਉਂਦਿਆਂ ਦੀ ਮਾਤਾ ਹੈ।” (ਉਤ. 3:20) ਯਹੋਵਾਹ  ਨੇ ਪਹਿਲੇ ਜੋੜੇ ਨੂੰ ਮੁਕੰਮਲ ਬੱਚੇ ਪੈਦਾ ਕਰਨ ਦੀ ਕਾਬਲੀਅਤ ਦੇ ਕੇ ਕਿੰਨਾ ਸ਼ਾਨਦਾਰ ਤੋਹਫ਼ਾ ਦਿੱਤਾ! ਇਸ ਤਰ੍ਹਾਂ ਉਨ੍ਹਾਂ ਨੇ ਪੂਰੀ ਧਰਤੀ ਨੂੰ ਮੁਕੰਮਲ ਇਨਸਾਨਾਂ ਨਾਲ ਭਰਨਾ ਸੀ। ਉਨ੍ਹਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਪੂਰੀ ਧਰਤੀ ਨੂੰ ਸੋਹਣੀ ਬਣਾਉਣ ਤੇ ਪਸ਼ੂ-ਪੰਛੀਆਂ ਦੀ ਦੇਖ-ਭਾਲ ਕਰਨ ਦਾ ਸਨਮਾਨ ਮਿਲਣਾ ਸੀ।ਉਤ. 1:27, 28.

3. (ੳ) ਪਰਮੇਸ਼ੁਰ ਤੋਂ ਬਰਕਤਾਂ ਲੈਣ ਲਈ ਆਦਮ ਤੇ ਹੱਵਾਹ ਨੂੰ ਕੀ ਕਰਨ ਦੀ ਲੋੜ ਸੀ, ਪਰ ਕੀ ਹੋਇਆ? (ਅ) ਅਸੀਂ ਕਿਨ੍ਹਾਂ ਸਵਾਲਾਂ ’ਤੇ ਚਰਚਾ ਕਰਾਂਗੇ?

3 ਪਰਮੇਸ਼ੁਰ ਤੋਂ ਬਰਕਤਾਂ ਲੈਣ ਲਈ ਆਦਮ ਤੇ ਹੱਵਾਹ ਨੂੰ ਯਹੋਵਾਹ ਦਾ ਕਹਿਣਾ ਮੰਨਣ ਤੇ ਉਸ ਨੂੰ ਆਪਣਾ ਰਾਜਾ ਮੰਨਣ ਦੀ ਲੋੜ ਸੀ। (ਉਤ. 2:15-17) ਉਹ ਵਫ਼ਾਦਾਰ ਰਹਿ ਕੇ ਹੀ ਪਰਮੇਸ਼ੁਰ ਦੇ ਮਕਸਦ ਮੁਤਾਬਕ ਆਪਣਾ ਕੰਮ ਪੂਰਾ ਕਰ ਸਕਦੇ ਸਨ। ਪਰ ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਨੇ “ਪੁਰਾਣੇ ਸੱਪ” ਸ਼ੈਤਾਨ ਦੀਆਂ ਗੱਲਾਂ ਵਿਚ ਆ ਕੇ ਪਰਮੇਸ਼ੁਰ ਵਿਰੁੱਧ ਪਾਪ ਕੀਤਾ। (ਪ੍ਰਕਾ. 12:9; ਉਤ. 3:1-6) ਇਸ ਅਣਆਗਿਆਕਾਰੀ ਦਾ ਔਰਤਾਂ ’ਤੇ ਕੀ ਅਸਰ ਪਿਆ? ਪੁਰਾਣੇ ਸਮੇਂ ਵਿਚ ਪਰਮੇਸ਼ੁਰ ਨੂੰ ਮੰਨਣ ਵਾਲੀਆਂ ਔਰਤਾਂ ਨੇ ਕਿਹੜੇ ਕੰਮ ਕੀਤੇ? ਅੱਜ ਦੇ ਜ਼ਮਾਨੇ ਦੀਆਂ ਮਸੀਹੀ ਔਰਤਾਂ ਨੂੰ “ਵੱਡਾ ਦਲ” ਕਿਉਂ ਕਿਹਾ ਜਾ ਸਕਦਾ ਹੈ?ਜ਼ਬੂ. 68:11.

ਅਣਆਗਿਆਕਾਰੀ ਦਾ ਨਤੀਜਾ

4. ਪਹਿਲੇ ਇਨਸਾਨੀ ਜੋੜੇ ਦੇ ਪਾਪ ਦਾ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਗਿਆ?

4 ਜਦੋਂ ਆਦਮ ਨੂੰ ਇਸ ਅਣਆਗਿਆਕਾਰੀ ਬਾਰੇ ਪੁੱਛਿਆ ਗਿਆ, ਤਾਂ ਉਸ ਨੇ ਬੜਾ ਹੀ ਘਟੀਆ ਬਹਾਨਾ ਬਣਾਉਂਦੇ ਹੋਏ ਕਿਹਾ: “ਜਿਸ ਤੀਵੀਂ ਨੂੰ ਤੂੰ ਮੈਨੂੰ ਦਿੱਤਾ ਸੀ ਉਸ ਨੇ ਉਸ ਬਿਰਛ ਤੋਂ ਮੈਨੂੰ ਦਿੱਤਾ ਤੇ ਮੈਂ ਖਾਧਾ।” (ਉਤ. 3:12) ਆਦਮ ਨੇ ਪਾਪ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਦੀ ਬਜਾਇ ਇਸ ਪਾਪ ਦਾ ਦੋਸ਼ ਹੱਵਾਹ ਅਤੇ ਯਹੋਵਾਹ ’ਤੇ ਲਾਇਆ ਜਿਸ ਨੇ ਉਸ ਦੀ ਪਤਨੀ ਨੂੰ ਬਣਾਇਆ ਸੀ। ਆਦਮ ਤੇ ਹੱਵਾਹ ਦੋਵਾਂ ਨੇ ਪਾਪ ਕੀਤਾ ਸੀ, ਪਰ ਯਹੋਵਾਹ ਨੇ ਪਾਪ ਦਾ ਜ਼ਿੰਮੇਵਾਰ ਆਦਮ ਨੂੰ ਠਹਿਰਾਇਆ। ਇਸ ਕਰਕੇ ਪੌਲੁਸ ਰਸੂਲ ਨੇ ਲਿਖਿਆ ਕਿ “ਇਕ ਆਦਮੀ [ਆਦਮ] ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ।”ਰੋਮੀ. 5:12.

5. ਇਨਸਾਨਾਂ ਨੂੰ ਰਾਜ ਕਰਨ ਦੀ ਆਜ਼ਾਦੀ ਦੇਣ ਦਾ ਕੀ ਨਤੀਜਾ ਨਿਕਲਿਆ ਹੈ?

5 ਸ਼ੈਤਾਨ ਨੇ ਪਹਿਲੇ ਇਨਸਾਨੀ ਜੋੜੇ ਦੇ ਮਨ ਵਿਚ ਇਹ ਗੱਲ ਪਾ ਦਿੱਤੀ ਕਿ ਉਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਰਾਜਾ ਮੰਨਣ ਦੀ ਕੋਈ ਲੋੜ ਨਹੀਂ ਸੀ। ਇਸ ਕਰਕੇ ਇਕ ਜ਼ਰੂਰੀ ਸਵਾਲ ਖੜ੍ਹਾ ਹੋਇਆ: ਰਾਜ ਕਰਨ ਦਾ ਸਹੀ ਹੱਕਦਾਰ ਕੌਣ ਹੈ? ਇਸ ਸਵਾਲ ਦਾ ਜਵਾਬ ਦੇਣ ਲਈ ਪਰਮੇਸ਼ੁਰ ਨੇ ਇਨਸਾਨਾਂ ਨੂੰ ਕੁਝ ਸਮੇਂ ਲਈ ਆਪਣੇ ਆਪ ਰਾਜ ਕਰਨ ਦੀ ਇਜਾਜ਼ਤ ਦਿੱਤੀ। ਉਸ ਨੂੰ ਪਤਾ ਸੀ ਕਿ ਉਸ ਤੋਂ ਬਗੈਰ ਰਾਜ ਕਰਨ ਦਾ ਮਾੜਾ ਹੀ ਨਤੀਜਾ ਹੋਵੇਗਾ। ਇਨਸਾਨੀ ਰਾਜ ਕਰਕੇ ਸਦੀਆਂ ਤੋਂ ਮਨੁੱਖਜਾਤੀ ਮੁਸੀਬਤਾਂ ਦੀ ਦਲਦਲ ਵਿਚ ਧੱਸਦੀ ਚਲੀ ਜਾ ਰਹੀ ਹੈ। ਪਿਛਲੀ ਸਦੀ ਵਿਚ ਹੀ ਲਗਭਗ 10 ਕਰੋੜ ਤੋਂ ਜ਼ਿਆਦਾ ਲੋਕ ਯੁੱਧਾਂ ਵਿਚ ਮਾਰੇ ਗਏ ਸਨ ਤੇ ਇਨ੍ਹਾਂ ਵਿਚ ਲੱਖਾਂ ਹੀ ਨਿਰਦੋਸ਼ ਆਦਮੀ, ਔਰਤਾਂ ਤੇ ਬੱਚੇ ਸ਼ਾਮਲ ਸਨ। ਸੋ ਇਹ ਇਸ ਗੱਲ ਦਾ ਸਬੂਤ ਹੈ ਕਿ “ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰ. 10:23) ਇਸ ਗੱਲ ਨੂੰ ਮੰਨਦੇ ਹੋਏ ਅਸੀਂ ਯਹੋਵਾਹ ਨੂੰ ਆਪਣੇ ਰਾਜੇ ਵਜੋਂ ਸਵੀਕਾਰ ਕਰਦੇ ਹਾਂ।ਕਹਾਉਤਾਂ 3:5, 6 ਪੜ੍ਹੋ।

6. ਬਹੁਤ ਸਾਰੇ ਦੇਸ਼ਾਂ ਵਿਚ ਔਰਤਾਂ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਂਦਾ ਹੈ?

6 ਸ਼ੈਤਾਨ ਦੀ ਇਸ ਦੁਨੀਆਂ ਵਿਚ ਆਦਮੀ ਤੇ ਔਰਤਾਂ ਦੋਵਾਂ ਨਾਲ ਹੀ ਮਾੜਾ ਸਲੂਕ ਕੀਤਾ ਜਾਂਦਾ ਹੈ। (ਉਪ. 8:9; 1 ਯੂਹੰ. 5:19) ਪਰ ਜ਼ਿਆਦਾਤਰ ਔਰਤਾਂ ਨਾਲ ਬਦਤਰ ਸਲੂਕ ਕੀਤਾ ਜਾਂਦਾ ਹੈ। ਪੂਰੀ ਦੁਨੀਆਂ ਵਿਚ ਲਗਭਗ 30 ਪ੍ਰਤਿਸ਼ਤ ਔਰਤਾਂ ਨੇ ਰਿਪੋਰਟ ਕੀਤੀ ਕਿ ਉਨ੍ਹਾਂ ਨੂੰ ਆਪਣੇ ਪਤੀਆਂ ਜਾਂ ਬੁਆਏਫ੍ਰੈਂਡਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਣਾ ਪਿਆ ਹੈ। ਕਈ ਸਮਾਜਾਂ ਵਿਚ ਕੁੜੀਆਂ ਨਾਲੋਂ ਮੁੰਡਿਆਂ ਨੂੰ ਚੰਗਾ ਸਮਝਿਆ ਜਾਂਦਾ ਹੈ ਕਿਉਂਕਿ ਲੋਕ ਸੋਚਦੇ ਹਨ ਕਿ ਮੁੰਡਿਆਂ ਤੋਂ ਹੀ ਉਨ੍ਹਾਂ ਦਾ ਵੰਸ਼ ਅੱਗੇ ਵਧੇਗਾ ਤੇ ਉਹ ਬੁੱਢੇ ਮਾਪਿਆਂ ਤੇ ਦਾਦੀ-ਦਾਦੇ ਦੀ ਸੇਵਾ ਕਰਨਗੇ। ਕੁਝ ਦੇਸ਼ਾਂ ਵਿਚ ਲੋਕ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਘਰ ਕੁੜੀ ਜਨਮ ਲਵੇ, ਇਸ ਲਈ ਜਨਮ ਤੋਂ ਪਹਿਲਾਂ ਹੀ ਉਸ ਨੂੰ ਮਾਰ ਦਿੱਤਾ ਜਾਂਦਾ ਹੈ।

7. ਆਦਮੀ ਤੇ ਔਰਤ ਦੋਵਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਕਿਸ ਤਰ੍ਹਾਂ ਦੀ ਸੀ?

7 ਔਰਤਾਂ ਨਾਲ ਕੀਤੇ ਜਾਂਦੇ ਬੁਰੇ ਸਲੂਕ ਤੋਂ ਪਰਮੇਸ਼ੁਰ ਨੂੰ ਬਹੁਤ ਦੁੱਖ ਲੱਗਦਾ ਹੈ। ਉਹ ਔਰਤਾਂ ਨਾਲ ਪੱਖਪਾਤ ਨਹੀਂ ਕਰਦਾ ਤੇ ਇੱਜ਼ਤ ਨਾਲ ਪੇਸ਼ ਆਉਂਦਾ ਹੈ। ਇਸ ਦਾ ਸਬੂਤ ਸਾਨੂੰ ਇਸ ਗੱਲ ਤੋਂ ਮਿਲਦਾ ਹੈ ਕਿ ਯਹੋਵਾਹ ਨੇ ਹੱਵਾਹ ਨੂੰ ਮੁਕੰਮਲ ਬਣਾਇਆ ਸੀ ਤੇ ਉਸ ਵਿਚ ਬਹੁਤ ਸਾਰੇ ਗੁਣ ਪਾਏ ਸਨ। ਇਨ੍ਹਾਂ ਗੁਣਾਂ ਕਰਕੇ ਉਸ ਨੇ ਆਦਮ ਦੀ ਮਦਦਗਾਰ ਬਣਨਾ ਸੀ, ਨਾ ਕਿ ਉਸ ਦੀ  ਨੌਕਰ। ਇਸ ਕਰਕੇ ਸ੍ਰਿਸ਼ਟੀ ਦੇ ਛੇਵੇਂ ਦਿਨ ਦੇ ਅਖ਼ੀਰ ਵਿਚ ਪਰਮੇਸ਼ੁਰ ਨੇ “ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।” (ਉਤ. 1:31) ਜੀ ਹਾਂ, ਯਹੋਵਾਹ ਨੇ ਸਭ ਕੁਝ “ਬਹੁਤ ਹੀ ਚੰਗਾ” ਬਣਾਇਆ ਸੀ। ਇਸ ਤਰ੍ਹਾਂ ਆਦਮੀ ਤੇ ਔਰਤ ਦੋਵਾਂ ਦੀ ਜ਼ਿੰਦਗੀ ਦੀ ਬਹੁਤ ਵਧੀਆ ਸ਼ੁਰੂਆਤ ਹੋਈ ਸੀ!

ਔਰਤਾਂ ਜਿਨ੍ਹਾਂ ਨਾਲ ਯਹੋਵਾਹ ਸੀ

8. (ੳ) ਆਮ ਕਰਕੇ ਲੋਕਾਂ ਦਾ ਵਿਵਹਾਰ ਕਿੱਦਾਂ ਦਾ ਹੈ? (ਅ) ਮਨੁੱਖੀ ਇਤਿਹਾਸ ਦੌਰਾਨ ਯਹੋਵਾਹ ਨੇ ਕਿਨ੍ਹਾਂ ਲੋਕਾਂ ’ਤੇ ਆਪਣੀ ਮਿਹਰ ਕੀਤੀ ਹੈ?

8 ਅਦਨ ਦੇ ਬਾਗ਼ ਵਿਚ ਬਗਾਵਤ ਹੋਣ ਤੋਂ ਬਾਅਦ ਇਨਸਾਨ ਲਗਾਤਾਰ ਯਹੋਵਾਹ ਦੀ ਅਣਆਗਿਆਕਾਰੀ ਕਰਦੇ ਆਏ ਹਨ। ਹਾਲ ਹੀ ਦੇ ਸਾਲਾਂ ਵਿਚ ਲੋਕ ਬੁਰੇ ਤੋਂ ਬੁਰੇ ਹੁੰਦੇ ਜਾ ਰਹੇ ਹਨ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ “ਆਖ਼ਰੀ ਦਿਨ ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ ਹੋਣਗੇ।” (2 ਤਿਮੋ. 3:1-5) ਪਰ ਮਨੁੱਖੀ ਇਤਿਹਾਸ ਦੌਰਾਨ ਸਰਬਸ਼ਕਤੀਮਾਨ “ਪ੍ਰਭੂ ਯਹੋਵਾਹ” ਨੇ ਉਨ੍ਹਾਂ ਆਦਮੀਆਂ ਤੇ ਔਰਤਾਂ ’ਤੇ ਮਿਹਰ ਕੀਤੀ ਹੈ ਜੋ ਉਸ ’ਤੇ ਭਰੋਸਾ ਰੱਖਦੇ ਹਨ, ਉਸ ਦਾ ਕਹਿਣਾ ਮੰਨਦੇ ਹਨ ਅਤੇ ਉਸ ਨੂੰ ਆਪਣਾ ਰਾਜਾ ਮੰਨਦੇ ਹਨ।ਜ਼ਬੂਰਾਂ ਦੀ ਪੋਥੀ 71:5 ਪੜ੍ਹੋ।

9. ਜਲ-ਪਰਲੋ ਵਿੱਚੋਂ ਕਿੰਨੇ ਲੋਕ ਬਚੇ ਸਨ ਤੇ ਕਿਉਂ?

9 ਜਦੋਂ ਯਹੋਵਾਹ ਨੇ ਨੂਹ ਦੇ ਦਿਨਾਂ ਵਿਚ ਹਿੰਸਕ ਦੁਨੀਆਂ ਨੂੰ ਜਲ-ਪਰਲੋ ਨਾਲ ਖ਼ਤਮ ਕੀਤਾ ਸੀ, ਉਦੋਂ ਬਹੁਤ ਥੋੜ੍ਹੇ ਲੋਕ ਬਚੇ ਸਨ। ਜੇ ਨੂਹ ਦੇ ਭੈਣ-ਭਰਾ ਉਸ ਸਮੇਂ ਤਕ ਜੀਉਂਦੇ ਸਨ, ਤਾਂ ਉਹ ਵੀ ਜਲ-ਪਰਲੋ ਵਿਚ ਮਾਰੇ ਗਏ। (ਉਤ. 5:30) ਪਰ ਜਲ-ਪਰਲੋ ਵਿਚ ਜਿੰਨੇ ਆਦਮੀ ਬਚੇ ਸਨ, ਉੱਨੀਆਂ ਹੀ ਔਰਤਾਂ ਬਚੀਆਂ ਸਨ। ਬਚਣ ਵਾਲਿਆਂ ਵਿਚ ਨੂਹ, ਉਸ ਦੀ ਪਤਨੀ, ਉਸ ਦੇ ਮੁੰਡੇ ਤੇ ਉਨ੍ਹਾਂ ਦੀਆਂ ਪਤਨੀਆਂ ਸਨ। ਉਹ ਯਹੋਵਾਹ ਤੋਂ ਡਰਦੇ ਸਨ ਤੇ ਉਸ ਦੀ ਇੱਛਾ ਪੂਰੀ ਕਰਦੇ ਸਨ, ਇਸ ਕਰਕੇ ਉਹ ਬਚਾਏ ਗਏ। ਅੱਜ ਸਾਰੇ ਹੀ ਲੋਕ ਉਨ੍ਹਾਂ ਅੱਠ ਲੋਕਾਂ ਦੀ ਪੀੜ੍ਹੀ ਵਿੱਚੋਂ ਹਨ ਜਿਨ੍ਹਾਂ ’ਤੇ ਯਹੋਵਾਹ ਦੀ ਮਿਹਰ ਸੀ।ਉਤ. 7:7; 1 ਪਤ. 3:20.

10. ਯਹੋਵਾਹ ਨੇ ਵਫ਼ਾਦਾਰ ਸੇਵਕਾਂ ਦੀਆਂ ਪਤਨੀਆਂ ’ਤੇ ਮਿਹਰ ਕਿਉਂ ਕੀਤੀ ਸੀ ਜੋ ਉਸ ਤੋਂ ਡਰਦੀਆਂ ਸਨ?

10 ਜਲ-ਪਰਲੋ ਤੋਂ ਸਾਲਾਂ ਬਾਅਦ ਯਹੋਵਾਹ ਨੇ ਵਫ਼ਾਦਾਰ ਸੇਵਕਾਂ ਦੀਆਂ ਪਤਨੀਆਂ ’ਤੇ ਵੀ ਮਿਹਰ ਕੀਤੀ ਜੋ ਉਸ ਤੋਂ ਡਰਦੀਆਂ ਸਨ। ਯਹੋਵਾਹ ਦੀ ਉਨ੍ਹਾਂ ’ਤੇ ਮਿਹਰ ਨਹੀਂ ਹੋਣੀ ਸੀ ਜੇ ਉਹ ਆਪਣੇ ਹਾਲਾਤਾਂ ’ਤੇ ਕੁੜ੍ਹਦੀਆਂ ਰਹਿੰਦੀਆਂ। (ਯਹੂ. 16) ਅਬਰਾਹਾਮ ਦੀ ਪਤਨੀ ਸਾਰਾਹ ਦੀ ਮਿਸਾਲ ’ਤੇ ਗੌਰ ਕਰੋ। ਇਹ ਕਲਪਨਾ ਕਰਨੀ ਵੀ ਮੁਸ਼ਕਲ ਹੈ ਕਿ ਜਦੋਂ ਉਹ ਦੋਵੇਂ ਊਰ ਸ਼ਹਿਰ ਦੀ ਆਰਾਮਦਾਇਕ ਜ਼ਿੰਦਗੀ ਛੱਡ ਕੇ ਹੋਰ ਦੇਸ਼ ਵਿਚ ਪ੍ਰਦੇਸੀਆਂ ਵਜੋਂ ਤੰਬੂਆਂ ਵਿਚ ਵੱਸ ਰਹੇ ਸਨ, ਤਾਂ ਸਾਰਾਹ ਨੇ ਕਦੀ ਬੁੜ-ਬੁੜ ਕੀਤੀ ਹੋਣੀ। ਇਸ ਦੀ ਬਜਾਇ, “ਸਾਰਾਹ ਅਬਰਾਹਾਮ ਦਾ ਕਹਿਣਾ ਮੰਨਦੀ ਸੀ ਅਤੇ ਉਸ ਨੂੰ ‘ਪ੍ਰਭੂ’ ਕਹਿੰਦੀ ਸੀ।” (1 ਪਤ. 3:6) ਰਿਬਕਾਹ ਵੱਲ ਵੀ ਧਿਆਨ ਦਿਓ। ਯਹੋਵਾਹ ਨੇ ਇਸਹਾਕ ਨੂੰ ਜੀਵਨ ਸਾਥੀ ਦੇ ਰੂਪ ਵਿਚ ਇਕ ਵਧੀਆ ਤੋਹਫ਼ਾ ਦਿੱਤਾ ਸੀ। ਉਹ ਇਸਹਾਕ ਦੀ ਸਮਝਦਾਰ ਪਤਨੀ ਬਣੀ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਸਹਾਕ ਨੇ ‘ਉਹ ਨੂੰ ਪਿਆਰ ਕੀਤਾ ਤੇ ਉਸ ਨੂੰ ਆਪਣੀ ਮਾਤਾ ਦੀ ਮੌਤ ਦੇ ਪਿੱਛੋਂ ਸ਼ਾਂਤ ਪ੍ਰਾਪਤ ਹੋਈ।’ (ਉਤ. 24:67) ਅਸੀਂ ਕਿੰਨੇ ਖ਼ੁਸ਼ ਹਾਂ ਕਿ ਅੱਜ ਸਾਡੇ ਵਿਚ ਸਾਰਾਹ ਤੇ ਰਿਬਕਾਹ ਵਰਗੀਆਂ ਪਰਮੇਸ਼ੁਰ ਨੂੰ ਮੰਨਣ ਵਾਲੀਆਂ ਔਰਤਾਂ ਹਨ!

11. ਦੋ ਇਬਰਾਨੀਆਂ ਦਾਈਆਂ ਨੇ ਦਲੇਰੀ ਕਿਵੇਂ ਦਿਖਾਈ?

11 ਮਿਸਰ ਦੀ ਗ਼ੁਲਾਮੀ ਵਿਚ ਇਜ਼ਰਾਈਲੀਆਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ। ਇਸ ਕਰਕੇ ਫਿਰਊਨ ਨੇ ਹੁਕਮ ਦਿੱਤਾ ਕਿ ਜਨਮ ਵੇਲੇ ਹੀ ਇਜ਼ਰਾਈਲੀ ਮੁੰਡਿਆਂ ਨੂੰ ਮਾਰ ਦਿੱਤਾ ਜਾਵੇ। ਪਰ ਜ਼ਰਾ ਸਿਫਰਾਹ ਤੇ ਫੂਆਹ ਨਾਂ ਦੀਆਂ ਦਾਈਆਂ ਦੀ ਮਿਸਾਲ ’ਤੇ ਗੌਰ ਕਰੋ ਜਿਨ੍ਹਾਂ ਦੇ ਅਧੀਨ ਹੋਰ ਦਾਈਆਂ ਕੰਮ ਕਰਦੀਆਂ ਸਨ। ਉਨ੍ਹਾਂ ਨੇ ਦਲੇਰੀ ਨਾਲ ਰਾਜੇ ਦਾ ਇਹ ਹੁਕਮ ਮੰਨਣ ਤੋਂ ਇਨਕਾਰ ਕੀਤਾ ਕਿਉਂਕਿ ਉਹ ਪਰਮੇਸ਼ੁਰ ਤੋਂ ਡਰਦੀਆਂ ਸਨ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਦੇ ਘਰ ਵਸਾਏ।ਕੂਚ 1:15-21.

12. ਦਬੋਰਾਹ ਤੇ ਯਾਏਲ ਵਿਚ ਕਿਹੜੀ ਖ਼ਾਸ ਗੱਲ ਸੀ?

12 ਇਜ਼ਰਾਈਲ ਵਿਚ ਨਿਆਂਕਾਰਾਂ ਦੇ ਜ਼ਮਾਨੇ ਵਿਚ ਦਬੋਰਾਹ ਨਾਂ ਦੀ ਔਰਤ ’ਤੇ ਯਹੋਵਾਹ ਦੀ ਮਿਹਰ ਸੀ ਜੋ ਨਬੀਆਂ ਵਾਂਗ ਭਵਿੱਖਬਾਣੀਆਂ ਕਰਦੀ ਸੀ। ਉਸ ਨੇ ਨਿਆਂਕਾਰ ਬਾਰਾਕ ਨੂੰ ਹੱਲਾਸ਼ੇਰੀ ਦਿੱਤੀ ਤੇ ਇਜ਼ਰਾਈਲੀਆਂ ਨੂੰ ਦੁਸ਼ਮਣਾਂ ਦੇ ਅਤਿਆਚਾਰਾਂ ਤੋਂ ਆਜ਼ਾਦ ਕਰਵਾਉਣ ਵਿਚ ਮਦਦ ਕੀਤੀ। ਪਰ ਉਸ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਕਨਾਨੀਆਂ ’ਤੇ ਜਿੱਤ ਦਾ ਸਿਹਰਾ ਬਾਰਾਕ ਨੂੰ ਨਹੀਂ ਮਿਲੇਗਾ। ਇਸ ਦੀ ਬਜਾਇ, ਪਰਮੇਸ਼ੁਰ ਕਨਾਨ ਦੀ ਫ਼ੌਜ ਦੇ ਸੈਨਾਪਤੀ ਸੀਸਰਾ ਨੂੰ “ਇੱਕ ਤੀਵੀਂ ਦੇ ਹੱਥ” ਵਿਚ ਦੇ ਦੇਵੇਗਾ। ਇੱਦਾਂ ਹੀ ਹੋਇਆ ਜਦੋਂ ਗ਼ੈਰ-ਇਜ਼ਰਾਈਲੀ ਔਰਤ ਯਾਏਲ ਨੇ ਸੀਸਰਾ ਨੂੰ ਮਾਰਿਆ।ਨਿਆ. 4:4-9, 17-22.

13. ਬਾਈਬਲ ਸਾਨੂੰ ਅਬੀਗੈਲ ਬਾਰੇ ਕੀ ਦੱਸਦੀ ਹੈ?

 13 ਵਫ਼ਾਦਾਰ ਔਰਤ ਅਬੀਗੈਲ ਦੀ ਮਿਸਾਲ ਵੱਲ ਵੀ ਧਿਆਨ ਦਿਓ ਜੋ ਮਸੀਹ ਤੋਂ ਲਗਭਗ 1100 ਸਾਲ ਪਹਿਲਾਂ ਰਹਿੰਦੀ ਸੀ। ਉਹ ਬਹੁਤ ਹੀ ਸਮਝਦਾਰ ਔਰਤ ਸੀ, ਜਦ ਕਿ ਉਸ ਦਾ ਪਤੀ ਨਾਬਾਲ ਕਠੋਰ, ਨਿਕੰਮਾ ਤੇ ਮੂਰਖ ਸੀ। (1 ਸਮੂ. 25:2, 3, 25) ਦਾਊਦ ਤੇ ਉਸ ਦੇ ਆਦਮੀਆਂ ਨੇ ਨਾਬਾਲ ਦੇ ਆਦਮੀਆਂ ਦੀ ਕੁਝ ਸਮੇਂ ਤਕ ਰੱਖਿਆ ਕੀਤੀ ਸੀ। ਪਰ ਜਦੋਂ ਦਾਊਦ ਦੇ ਆਦਮੀਆਂ ਨੇ ਨਾਬਾਲ ਤੋਂ ਖਾਣ-ਪੀਣ ਦੀਆਂ ਚੀਜ਼ਾਂ ਮੰਗੀਆਂ, ਤਾਂ ਉਸ ਨੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਤੇ ਉਨ੍ਹਾਂ ਨੂੰ ਕੁਝ ਵੀ ਨਹੀਂ ਦਿੱਤਾ। ਇਸ ਕਰਕੇ ਦਾਊਦ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਨਾਬਾਲ ਤੇ ਉਸ ਦੇ ਆਦਮੀਆਂ ਨੂੰ ਸਜ਼ਾ ਦੇਣ ਦੀ ਯੋਜਨਾ ਬਣਾਈ। ਇਹ ਸੁਣ ਕੇ ਅਬੀਗੈਲ ਦਾਊਦ ਤੇ ਉਸ ਦੇ ਆਦਮੀਆਂ ਲਈ ਖਾਣ-ਪੀਣ ਦਾ ਸਾਮਾਨ ਲੈ ਕੇ ਗਈ। ਇਸ ਤਰ੍ਹਾਂ ਉਸ ਨੇ ਖ਼ੂਨ-ਖ਼ਰਾਬਾ ਨਹੀਂ ਹੋਣ ਦਿੱਤਾ। (1 ਸਮੂ. 25:8-18) ਬਾਅਦ ਵਿਚ ਦਾਊਦ ਨੇ ਉਸ ਨੂੰ ਕਿਹਾ: “ਮੁਬਾਰਕ ਹੈ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਜਿਸ ਨੇ ਤੈਨੂੰ ਅੱਜ ਮੇਰੇ ਮਿਲਣ ਨੂੰ ਘੱਲਿਆ ਹੈ।” (1 ਸਮੂ. 25:32) ਨਾਬਾਲ ਦੀ ਮੌਤ ਤੋਂ ਬਾਅਦ ਦਾਊਦ ਨੇ ਅਬੀਗੈਲ ਨਾਲ ਵਿਆਹ ਕਰ ਲਿਆ।1 ਸਮੂ. 25:37-42.

14. ਸ਼ੱਲੂਮ ਦੀਆਂ ਧੀਆਂ ਨੇ ਕਿਸ ਕੰਮ ਵਿਚ ਹਿੱਸਾ ਲਿਆ ਸੀ ਤੇ ਅੱਜ ਵੀ ਮਸੀਹੀ ਔਰਤਾਂ ਕਿਹੜਾ ਅਜਿਹਾ ਹੀ ਕੰਮ ਕਰਦੀਆਂ ਹਨ?

14 ਜਦੋਂ ਬਾਬਲੀ ਫ਼ੌਜਾਂ ਨੇ 607 ਈ. ਪੂ. ਵਿਚ ਯਰੂਸ਼ਲਮ ਤੇ ਉਸ ਦੇ ਮੰਦਰ ਨੂੰ ਤਬਾਹ ਕੀਤਾ, ਤਾਂ ਬਹੁਤ ਸਾਰੇ ਆਦਮੀ, ਔਰਤਾਂ ਤੇ ਬੱਚੇ ਮਾਰੇ ਗਏ। ਨਹਮਯਾਹ ਦੀ ਨਿਗਰਾਨੀ ਅਧੀਨ 455 ਈ. ਪੂ. ਵਿਚ ਸ਼ਹਿਰ ਦੀਆਂ ਕੰਧਾਂ ਨੂੰ ਦੁਬਾਰਾ ਬਣਾਇਆ ਗਿਆ। ਯਰੂਸ਼ਲਮ ਦੇ ਅੱਧੇ ਇਲਾਕੇ ਦੇ ਸਰਦਾਰ ਸ਼ੱਲੂਮ ਦੀਆਂ ਧੀਆਂ ਨੇ ਵੀ ਕੰਧਾਂ ਬਣਾਉਣ ਵਿਚ ਹਿੱਸਾ ਲਿਆ ਸੀ। (ਨਹ. 3:12) ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਇਸ ਕੰਮ ਵਿਚ ਮਜ਼ਦੂਰੀ ਕੀਤੀ ਸੀ। ਅੱਜ ਸੰਸਥਾ ਦੇ ਉਸਾਰੀ ਪ੍ਰਾਜੈਕਟਾਂ ਵਿਚ ਖ਼ੁਸ਼ੀ-ਖ਼ੁਸ਼ੀ ਹਿੱਸਾ ਲੈਣ ਵਾਲੀਆਂ ਬਹੁਤ ਸਾਰੀਆਂ ਮਸੀਹੀ ਔਰਤਾਂ ਦੀ ਅਸੀਂ ਕਿੰਨੀ ਕਦਰ ਕਰਦੇ ਹਾਂ!

ਪਹਿਲੀ ਸਦੀ ਵਿਚ ਪਰਮੇਸ਼ੁਰ ਤੋਂ ਡਰਨ ਵਾਲੀਆਂ ਔਰਤਾਂ

15. ਪਰਮੇਸ਼ੁਰ ਨੇ ਮਰੀਅਮ ਨਾਂ ਦੀ ਔਰਤ ਨੂੰ ਕਿਹੜਾ ਸਨਮਾਨ ਦਿੱਤਾ ਸੀ?

15 ਪਹਿਲੀ ਸਦੀ ਤੋਂ ਕੁਝ ਸਮਾਂ ਪਹਿਲਾਂ ਤੇ ਇਸ ਸਦੀ ਦੌਰਾਨ ਯਹੋਵਾਹ ਨੇ ਬਹੁਤ ਸਾਰੀਆਂ ਔਰਤਾਂ ਨੂੰ ਖ਼ਾਸ ਸਨਮਾਨ ਦਿੱਤੇ। ਉਨ੍ਹਾਂ ਵਿੱਚੋਂ ਕੁਆਰੀ ਮਰੀਅਮ ਇਕ ਸੀ। ਉਸ ਦੀ ਯੂਸੁਫ਼ ਨਾਲ ਮੰਗਣੀ ਹੋਈ ਸੀ, ਪਰ ਵਿਆਹ ਤੋਂ ਪਹਿਲਾਂ ਉਹ ਪਵਿੱਤਰ ਸ਼ਕਤੀ ਨਾਲ ਗਰਭਵਤੀ ਹੋਈ। ਪਰਮੇਸ਼ੁਰ ਨੇ ਉਸ ਨੂੰ ਯਿਸੂ ਦੀ ਮਾਤਾ ਬਣਨ ਲਈ ਕਿਉਂ ਚੁਣਿਆ ਸੀ? ਉਸ ਵਿਚ ਬਹੁਤ ਵਧੀਆ ਗੁਣ ਸਨ ਜੋ ਪਰਮੇਸ਼ੁਰ ਦੇ ਮੁਕੰਮਲ ਬੇਟੇ ਦਾ ਪਾਲਣ-ਪੋਸ਼ਣ ਕਰਨ ਲਈ ਜ਼ਰੂਰੀ ਸਨ। ਧਰਤੀ ’ਤੇ ਸਭ ਤੋਂ ਮਹਾਨ ਆਦਮੀ ਦੀ ਮਾਂ ਬਣਨ ਦਾ ਕਿੰਨਾ ਹੀ ਵੱਡਾ ਸਨਮਾਨ!ਮੱਤੀ 1:18-25.

16. ਇਕ ਮਿਸਾਲ ਦਿਓ ਜਿਸ ਤੋਂ ਔਰਤਾਂ ਪ੍ਰਤੀ ਯਿਸੂ ਦੇ ਰਵੱਈਏ ਦਾ ਪਤਾ ਲੱਗਦਾ ਹੈ।

16 ਯਿਸੂ ਔਰਤਾਂ ਨਾਲ ਦਇਆ ਨਾਲ ਪੇਸ਼ ਆਉਂਦਾ ਸੀ। ਮਿਸਾਲ ਲਈ, ਇਕ ਔਰਤ ’ਤੇ ਗੌਰ ਕਰੋ ਜਿਸ ਦੇ ਬਾਰਾਂ ਸਾਲਾਂ ਤੋਂ ਲਹੂ ਵਹਿੰਦਾ ਸੀ। ਉਸ ਨੇ ਪਿੱਛਿਓਂ ਦੀ ਭੀੜ ਵਿਚ ਆ ਕੇ ਯਿਸੂ ਦੇ ਕੱਪੜੇ ਨੂੰ ਛੂਹਿਆ। ਉਸ ਨੂੰ ਝਿੜਕਣ ਦੀ ਬਜਾਇ ਯਿਸੂ ਨੇ ਪਿਆਰ ਨਾਲ ਕਿਹਾ: “ਧੀਏ, ਤੂੰ ਆਪਣੀ ਨਿਹਚਾ ਕਰਕੇ ਚੰਗੀ ਹੋਈ ਹੈਂ। ਰਾਜੀ ਰਹਿ ਅਤੇ ਆਪਣੀ ਦਰਦਨਾਕ ਬੀਮਾਰੀ ਤੋਂ ਬਚੀ ਰਹਿ।”ਮਰ. 5:25-34.

17. ਪੰਤੇਕੁਸਤ 33 ਈਸਵੀ ਵਿਚ ਕਿਹੜੀ ਘਟਨਾ ਵਾਪਰੀ ਸੀ?

17 ਕੁਝ ਔਰਤਾਂ ਨੇ ਯਿਸੂ ਤੇ ਉਸ ਦੇ ਰਸੂਲਾਂ ਦੀ ਸੇਵਾ ਕੀਤੀ ਸੀ। (ਲੂਕਾ 8:1-3) ਪੰਤੇਕੁਸਤ 33 ਈਸਵੀ ਵਿਚ ਲਗਭਗ 120 ਆਦਮੀਆਂ ਅਤੇ ਔਰਤਾਂ ’ਤੇ ਚਮਤਕਾਰੀ ਢੰਗ ਨਾਲ ਪਵਿੱਤਰ ਸ਼ਕਤੀ ਆਈ ਸੀ। (ਰਸੂਲਾਂ ਦੇ ਕੰਮ 2:1-4 ਪੜ੍ਹੋ।) ਇਸ ਬਾਰੇ ਪਹਿਲਾਂ ਹੀ ਇਹ ਭਵਿੱਖਬਾਣੀ ਕੀਤੀ ਗਈ ਸੀ: “ਮੈਂ [ਯਹੋਵਾਹ] ਆਪਣਾ ਆਤਮਾ [“ਪਵਿੱਤਰ ਸ਼ਕਤੀ,” NW] ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਅਤੇ ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ, . . . ਨਾਲੇ ਮੈਂ ਦਾਸਾਂ ਅਰ ਦਾਸੀਆਂ ਉੱਤੇ, ਉਨ੍ਹੀਂ ਦਿਨੀਂ ਆਪਣਾ ਆਤਮਾ [“ਪਵਿੱਤਰ ਸ਼ਕਤੀ,” NW] ਵਹਾਵਾਂਗਾ।” (ਯੋਏਲ 2:28, 29) ਪੰਤੇਕੁਸਤ ਵਾਲੇ ਦਿਨ ਇਹ ਚਮਤਕਾਰ ਕਰ ਕੇ ਪਰਮੇਸ਼ੁਰ ਨੇ ਦਿਖਾਇਆ ਕਿ ਉਸ ਨੇ ਆਪਣੀ ਮਿਹਰ ਧਰਮ-ਤਿਆਗੀ ਇਜ਼ਰਾਈਲ ਕੌਮ ਤੋਂ ਹਟਾ ਕੇ “ਪਰਮੇਸ਼ੁਰ ਦੇ ਇਜ਼ਰਾਈਲ” ਉੱਤੇ ਪਾਈ ਹੈ ਜਿਸ ਵਿਚ ਆਦਮੀ ਤੇ ਔਰਤਾਂ ਦੋਵੇਂ ਹਨ। (ਗਲਾ. 3:28; 6:15, 16) ਪਹਿਲੀ ਸਦੀ ਵਿਚ ਜਿਨ੍ਹਾਂ ਮਸੀਹੀ ਔਰਤਾਂ ਨੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲਿਆ ਸੀ, ਉਨ੍ਹਾਂ ਵਿਚ ਫ਼ਿਲਿੱਪੁਸ ਨਾਂ ਦੇ ਪ੍ਰਚਾਰਕ ਦੀਆਂ ਚਾਰ ਧੀਆਂ ਵੀ ਸਨ।ਰਸੂ. 21:8, 9.

 ਔਰਤਾਂ ਦਾ “ਵੱਡਾ ਦਲ”

18, 19. (ੳ) ਸੱਚੀ ਭਗਤੀ ਦੇ ਸੰਬੰਧ ਵਿਚ ਪਰਮੇਸ਼ੁਰ ਨੇ ਆਦਮੀਆਂ ਤੇ ਔਰਤਾਂ ਨੂੰ ਕਿਹੜਾ ਸਨਮਾਨ ਦਿੱਤਾ ਹੈ? (ਅ) ਖ਼ੁਸ਼ ਖ਼ਬਰੀ ਸੁਣਾਉਣ ਦੇ ਸੰਬੰਧ ਵਿਚ ਜ਼ਬੂਰਾਂ ਦੇ ਲਿਖਾਰੀ ਨੇ ਔਰਤਾਂ ਬਾਰੇ ਕੀ ਕਿਹਾ ਸੀ?

18 ਉੱਨੀਵੀਂ ਸਦੀ ਵਿਚ ਕੁਝ ਆਦਮੀਆਂ ਤੇ ਔਰਤਾਂ ਨੇ ਸੱਚੀ ਭਗਤੀ ਵਿਚ ਗਹਿਰੀ ਦਿਲਚਸਪੀ ਲਈ ਸੀ। ਉਨ੍ਹਾਂ ਨੇ ਪ੍ਰਚਾਰ ਦਾ ਕੰਮ ਸ਼ੁਰੂ ਕਰ ਕੇ ਯਿਸੂ ਦੀ ਇਸ ਭਵਿੱਖਬਾਣੀ ਨੂੰ ਪੂਰਾ ਕਰਨ ਵਿਚ ਹਿੱਸਾ ਲਿਆ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਅਤੇ ਫਿਰ ਅੰਤ ਆਵੇਗਾ।”ਮੱਤੀ 24:14.

19 ਬਾਈਬਲ ਸਟੂਡੈਂਟਸ ਦਾ ਇਹ ਛੋਟਾ ਜਿਹਾ ਗਰੁੱਪ ਅੱਜ ਵੱਡਾ ਹੋ ਗਿਆ ਹੈ ਜਿਸ ਵਿਚ ਲਗਭਗ 80 ਲੱਖ ਯਹੋਵਾਹ ਦੇ ਗਵਾਹ ਹਨ। 1 ਕਰੋੜ 10 ਲੱਖ ਤੋਂ ਜ਼ਿਆਦਾ ਲੋਕ ਮੈਮੋਰੀਅਲ ਵਿਚ ਹਾਜ਼ਰ ਹੋ ਕੇ ਦਿਖਾਉਂਦੇ ਹਨ ਕਿ ਉਨ੍ਹਾਂ ਨੂੰ ਸੱਚਾਈ ਤੇ ਸਾਡੇ ਕੰਮ ਵਿਚ ਦਿਲਚਸਪੀ ਹੈ। ਜ਼ਿਆਦਾਤਰ ਦੇਸ਼ਾਂ ਵਿਚ ਮੈਮੋਰੀਅਲ ਵਿਚ ਹਾਜ਼ਰ ਹੋਏ ਲੋਕਾਂ ਵਿੱਚੋਂ ਔਰਤਾਂ ਦੀ ਗਿਣਤੀ ਜ਼ਿਆਦਾ ਸੀ। ਨਾਲੇ ਦੁਨੀਆਂ ਭਰ ਵਿਚ ਫੁੱਲ-ਟਾਈਮ ਸੇਵਾ ਕਰਨ ਵਾਲੇ 10 ਲੱਖ ਤੋਂ ਜ਼ਿਆਦਾ ਭੈਣਾਂ-ਭਰਾਵਾਂ ਵਿੱਚੋਂ ਭੈਣਾਂ ਦੀ ਗਿਣਤੀ ਜ਼ਿਆਦਾ ਹੈ। ਪਰਮੇਸ਼ੁਰ ਨੇ ਵਫ਼ਾਦਾਰ ਔਰਤਾਂ ਨੂੰ ਆਪਣੇ ਬਾਰੇ ਗਵਾਹੀ ਦੇਣ ਦਾ ਸਨਮਾਨ ਦਿੱਤਾ ਹੈ। ਇਸ ਤਰ੍ਹਾਂ ਜ਼ਬੂਰਾਂ ਦੇ ਲਿਖਾਰੀ ਦੇ ਇਹ ਸ਼ਬਦ ਪੂਰੇ ਹੋ ਰਹੇ ਹਨ: ‘ਖਬਰ ਦੇਣ ਵਾਲੀਆਂ [“ਔਰਤਾਂ,” NW] ਦਾ ਵੱਡਾ ਦਲ ਹੈ।’ਜ਼ਬੂ. 68:11.

ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਾਲੀਆਂ ਔਰਤਾਂ ਦਾ ਵਾਕਈ “ਵੱਡਾ ਦਲ” ਹੈ (ਪੈਰੇ 18, 19 ਦੇਖੋ)

ਵਫ਼ਾਦਾਰ ਔਰਤਾਂ ਲਈ ਭਵਿੱਖ ਵਿਚ ਬਰਕਤਾਂ

20. ਪਰਿਵਾਰਕ ਸਟੱਡੀ ਜਾਂ ਨਿੱਜੀ ਸਟੱਡੀ ਕਰਨ ਲਈ ਕਿਹੜੇ ਵਿਸ਼ੇ ਵਧੀਆ ਹਨ?

20 ਬਾਈਬਲ ਵਿਚ ਦੱਸੀਆਂ ਸਾਰੀਆਂ ਵਫ਼ਾਦਾਰ ਔਰਤਾਂ ਬਾਰੇ ਇਸ ਲੇਖ ਵਿਚ ਚਰਚਾ ਕਰਨੀ ਮੁਮਕਿਨ ਨਹੀਂ ਹੈ। ਪਰ ਅਸੀਂ ਉਨ੍ਹਾਂ ਬਾਰੇ ਬਾਈਬਲ ਤੇ ਸਾਡੇ ਪ੍ਰਕਾਸ਼ਨਾਂ ਵਿਚ ਛਪੇ ਲੇਖਾਂ ਵਿਚ ਪੜ੍ਹ ਸਕਦੇ ਹਾਂ। ਮਿਸਾਲ ਲਈ, ਅਸੀਂ ਰੂਥ ਦੀ ਵਫ਼ਾਦਾਰੀ ’ਤੇ ਸੋਚ-ਵਿਚਾਰ ਕਰ ਸਕਦੇ ਹਾਂ। (ਰੂਥ 1:16, 17) ਰਾਣੀ ਅਸਤਰ ਬਾਰੇ ਪੜ੍ਹ ਕੇ ਅਸੀਂ ਆਪਣੀ ਨਿਹਚਾ ਮਜ਼ਬੂਤ ਕਰ ਸਕਦੇ ਹਾਂ। ਇਨ੍ਹਾਂ ਤੇ ਹੋਰ ਵਫ਼ਾਦਾਰ ਔਰਤਾਂ ਦੀ ਮਿਸਾਲ ਤੋਂ ਫ਼ਾਇਦਾ ਲੈਣ ਲਈ ਅਸੀਂ ਇਨ੍ਹਾਂ ਬਾਰੇ ਆਪਣੀ ਪਰਿਵਾਰਕ ਸਟੱਡੀ ਵਿਚ ਚਰਚਾ ਕਰ ਸਕਦੇ ਹਾਂ। ਜੇ ਅਸੀਂ ਇਕੱਲੇ ਰਹਿੰਦੇ ਹਾਂ, ਤਾਂ ਅਸੀਂ ਆਪਣੀ ਨਿੱਜੀ ਸਟੱਡੀ ਵਿਚ ਇਨ੍ਹਾਂ ਬਾਰੇ ਪੜ੍ਹ ਸਕਦੇ ਹਾਂ।

21. ਮੁਸ਼ਕਲ ਸਮਿਆਂ ਦੌਰਾਨ ਪਰਮੇਸ਼ੁਰ ਨੂੰ ਮੰਨਣ ਵਾਲੀਆਂ ਔਰਤਾਂ ਨੇ ਆਪਣੀ ਵਫ਼ਾਦਾਰੀ ਕਿਵੇਂ ਦਿਖਾਈ?

21 ਬਿਨਾਂ ਸ਼ੱਕ ਯਹੋਵਾਹ ਮਸੀਹੀ ਔਰਤਾਂ ਦੇ ਪ੍ਰਚਾਰ ਕੰਮ ’ਤੇ ਬਰਕਤ ਪਾਉਂਦਾ ਹੈ ਤੇ ਮੁਸ਼ਕਲ ਸਮਿਆਂ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ। ਮਿਸਾਲ ਲਈ, ਨਾਜ਼ੀ ਤੇ ਸਾਮਵਾਦੀ ਰਾਜ ਅਧੀਨ ਯਹੋਵਾਹ ਨੇ ਮਸੀਹੀ ਭੈਣਾਂ ਦੀ ਵਫ਼ਾਦਾਰ ਰਹਿਣ ਵਿਚ ਮਦਦ ਕੀਤੀ। ਪਰਮੇਸ਼ੁਰ ਦਾ ਕਹਿਣਾ ਮੰਨਣ ਕਰਕੇ ਇਨ੍ਹਾਂ ਰਾਜਾਂ ਅਧੀਨ ਬਹੁਤ ਸਾਰੀਆਂ ਭੈਣਾਂ ਨੂੰ ਦੁੱਖ ਝੱਲਣੇ ਪਏ ਤੇ ਇੱਥੋਂ ਤਕ ਕਿ ਕਈਆਂ ਨੂੰ ਆਪਣੀਆਂ ਜਾਨਾਂ ਤੋਂ ਵੀ ਹੱਥ ਧੋਣੇ ਪਏ। (ਰਸੂ. 5:29) ਪੁਰਾਣੇ ਸਮੇਂ ਵਾਂਗ ਅੱਜ ਵੀ ਸਾਡੀਆਂ ਮਸੀਹੀ ਭੈਣਾਂ ਤੇ ਹੋਰ ਸੇਵਕ ਯਹੋਵਾਹ ਨੂੰ ਆਪਣਾ ਰਾਜਾ ਮੰਨਦੇ ਹਨ। ਪ੍ਰਾਚੀਨ ਇਜ਼ਰਾਈਲੀਆਂ ਦੀ ਤਰ੍ਹਾਂ ਯਹੋਵਾਹ ਇਨ੍ਹਾਂ ਦਾ ਵੀ ਸੱਜਾ ਹੱਥ ਫੜ ਕੇ ਕਹਿੰਦਾ ਹੈ: “ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ।”ਯਸਾ. 41:10-13.

22. ਭਵਿੱਖ ਵਿਚ ਸਾਨੂੰ ਕਿਹੜੇ ਸਨਮਾਨ ਮਿਲਣਗੇ?

22 ਭਵਿੱਖ ਵਿਚ ਜਲਦੀ ਹੀ ਵਫ਼ਾਦਾਰ ਆਦਮੀ ਤੇ ਔਰਤਾਂ ਧਰਤੀ ਨੂੰ ਸੋਹਣਾ ਬਣਾਉਣਗੇ ਤੇ ਦੁਬਾਰਾ ਜੀਉਂਦੇ ਹੋਏ ਲੱਖਾਂ ਲੋਕਾਂ ਨੂੰ ਯਹੋਵਾਹ ਦੇ ਮਕਸਦਾਂ ਬਾਰੇ ਸਿਖਾਉਣਗੇ। ਉਦੋਂ ਤਕ ਆਓ ਆਪਾਂ ਸਾਰੇ ਜਣੇ “ਇਕ ਮਨ ਹੋ ਕੇ” ਯਹੋਵਾਹ ਦੀ ਸੇਵਾ ਕਰਨ ਦੇ ਸਨਮਾਨ ਦੀ ਕਦਰ ਕਰਦੇ ਰਹੀਏ।ਸਫ਼. 3:9.