Skip to content

Skip to table of contents

ਯਹੋਵਾਹ ਸਾਡੇ ਨੇੜੇ ਕਿਵੇਂ ਆਉਂਦਾ ਹੈ?

ਯਹੋਵਾਹ ਸਾਡੇ ਨੇੜੇ ਕਿਵੇਂ ਆਉਂਦਾ ਹੈ?

“ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।”ਯਾਕੂ. 4:8.

1. ਇਨਸਾਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਅਤੇ ਇਸ ਲੋੜ ਨੂੰ ਕੌਣ ਪੂਰਾ ਕਰ ਸਕਦੇ ਹਨ?

ਹਰ ਇਨਸਾਨ ਨੂੰ ਦੂਸਰਿਆਂ ਨਾਲ ਰਿਸ਼ਤਾ ਕਾਇਮ ਕਰਨ ਦੀ ਲੋੜ ਹੁੰਦੀ ਹੈ। ਜੋ ਲੋਕ ਇਕ-ਦੂਸਰੇ ਨੂੰ ਪਸੰਦ ਕਰਦੇ ਹਨ ਅਤੇ ਇਕ-ਦੂਸਰੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਨ੍ਹਾਂ ਵਿਚ ਗੂੜ੍ਹਾ ਰਿਸ਼ਤਾ ਹੁੰਦਾ ਹੈ। ਸਾਡਾ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਚੰਗਾ ਰਿਸ਼ਤਾ ਹੁੰਦਾ ਹੈ ਕਿਉਂਕਿ ਉਹ ਸਾਨੂੰ ਪਿਆਰ ਕਰਦੇ ਹਨ, ਸਾਡੀ ਕਦਰ ਕਰਦੇ ਹਨ ਅਤੇ ਸਾਨੂੰ ਸਮਝਦੇ ਹਨ, ਇਸ ਕਰਕੇ ਸਾਡੀ ਜ਼ਿੰਦਗੀ ਵਿਚ ਖ਼ੁਸ਼ੀ ਹੁੰਦੀ ਹੈ। ਪਰ ਆਪਣੇ ਮਹਾਨ ਸਿਰਜਣਹਾਰ ਨਾਲ ਸਾਡਾ ਰਿਸ਼ਤਾ ਸਭ ਤੋਂ ਗੂੜ੍ਹਾ ਹੋਣਾ ਚਾਹੀਦਾ ਹੈ।ਉਪ. 12:1.

2. ਯਹੋਵਾਹ ਸਾਡੇ ਨਾਲ ਕੀ ਵਾਅਦਾ ਕਰਦਾ ਹੈ, ਪਰ ਬਹੁਤ ਸਾਰੇ ਲੋਕਾਂ ਲਈ ਇਸ ਵਾਅਦੇ ਉੱਤੇ ਵਿਸ਼ਵਾਸ ਕਰਨਾ ਔਖਾ ਕਿਉਂ ਹੈ?

2 ਯਹੋਵਾਹ ਆਪਣੇ ਬਚਨ ਵਿਚ ਸਾਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਅਸੀਂ ਉਸ ਦੇ ‘ਨੇੜੇ ਆਈਏ।’ ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਉਹ ਵਾਅਦਾ ਕਰਦਾ ਹੈ ਕਿ ਉਹ ਵੀ ਸਾਡੇ “ਨੇੜੇ ਆਵੇਗਾ।” (ਯਾਕੂ. 4:8) ਇਹ ਜਾਣ ਕੇ ਸਾਡੇ ਦਿਲ ਨੂੰ ਕਿੰਨਾ ਹੌਸਲਾ ਮਿਲਦਾ ਹੈ! ਪਰ ਬਹੁਤ ਸਾਰੇ ਲੋਕਾਂ ਲਈ ਇਹ ਵਿਸ਼ਵਾਸ ਕਰਨਾ ਬਹੁਤ ਔਖਾ ਹੈ ਕਿ ਪਰਮੇਸ਼ੁਰ ਉਨ੍ਹਾਂ ਦੇ ਨੇੜੇ ਆਉਣਾ ਚਾਹੁੰਦਾ ਹੈ। ਉਹ ਮਹਿਸੂਸ ਕਰਦੇ ਹਨ ਕਿ ਉਹ ਉਸ ਦੇ ਨੇੜੇ ਜਾਣ ਦੇ ਕਾਬਲ ਨਹੀਂ ਹਨ ਜਾਂ ਫਿਰ ਉਹ ਇਨਸਾਨਾਂ ਤੋਂ ਇੰਨਾ ਦੂਰ ਰਹਿੰਦਾ ਹੈ ਕਿ ਉਸ ਦੇ ਨੇੜੇ ਜਾਣਾ ਮੁਮਕਿਨ ਨਹੀਂ ਹੈ। ਸੋ ਕੀ ਯਹੋਵਾਹ ਦੇ ਨੇੜੇ ਜਾਣਾ ਸੱਚ-ਮੁੱਚ ਮੁਮਕਿਨ ਹੈ?

3. ਯਹੋਵਾਹ ਬਾਰੇ ਸਾਨੂੰ ਕਿਹੜੀ ਗੱਲ ਜਾਣਨ ਦੀ ਲੋੜ ਹੈ?

3 ਸੱਚ ਤਾਂ ਇਹ ਹੈ ਕਿ ਜਿਹੜੇ ਯਹੋਵਾਹ ਦੀ ਤਲਾਸ਼ ਕਰਦੇ ਹਨ, ਉਹ ‘ਉਨ੍ਹਾਂ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ’; ਉਸ ਨੂੰ ਜਾਣਨਾ ਮੁਮਕਿਨ ਹੈ। (ਰਸੂਲਾਂ ਦੇ ਕੰਮ 17:26, 27; ਜ਼ਬੂਰਾਂ ਦੀ ਪੋਥੀ 145:18 ਪੜ੍ਹੋ।) ਸਾਡੇ ਪਰਮੇਸ਼ੁਰ ਦਾ ਮਕਸਦ ਹੈ ਕਿ  ਨਾਮੁਕੰਮਲ ਇਨਸਾਨ ਵੀ ਉਸ ਦੇ ਨੇੜੇ ਆਉਣ ਅਤੇ ਉਹ ਉਨ੍ਹਾਂ ਨਾਲ ਗੂੜ੍ਹੀ ਦੋਸਤੀ ਕਾਇਮ ਕਰਨ ਲਈ ਤਿਆਰ ਹੈ। (ਯਸਾ. 41:8; 55:6) ਜ਼ਬੂਰਾਂ ਦੇ ਇਕ ਲਿਖਾਰੀ ਨੇ ਆਪਣੀ ਜ਼ਿੰਦਗੀ ਵਿਚ ਇਹ ਗੱਲ ਦੇਖੀ ਸੀ, ਇਸੇ ਕਰਕੇ ਉਸ ਨੇ ਯਹੋਵਾਹ ਬਾਰੇ ਲਿਖਿਆ: “ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਸਾਰੇ ਬਸ਼ਰ ਤੇਰੇ ਕੋਲ ਆਉਣਗੇ। ਧੰਨ ਹੈ ਉਹ ਜਿਹ ਨੂੰ ਤੂੰ ਚੁਣਦਾ ਤੇ ਆਪਣੇ ਨੇੜੇ ਲਿਆਉਂਦਾ ਹੈਂ।” (ਜ਼ਬੂ. 65:2, 4) ਬਾਈਬਲ ਵਿਚ ਯਹੂਦਾਹ ਦੇ ਰਾਜਾ ਆਸਾ ਦੀ ਮਿਸਾਲ ਦਿੱਤੀ ਗਈ ਹੈ ਜੋ ਯਹੋਵਾਹ ਦੇ ਨੇੜੇ ਗਿਆ ਅਤੇ ਯਹੋਵਾਹ ਵੀ ਉਸ ਦੇ ਨੇੜੇ ਆਇਆ। *

ਪੁਰਾਣੇ ਸਮੇਂ ਦੀ ਇਕ ਮਿਸਾਲ ਤੋਂ ਸਿੱਖੋ

4. ਰਾਜਾ ਆਸਾ ਨੇ ਯਹੂਦਾਹ ਦੇ ਲੋਕਾਂ ਲਈ ਕਿਹੜੀ ਮਿਸਾਲ ਕਾਇਮ ਕੀਤੀ ਸੀ?

4 ਰਾਜਾ ਆਸਾ ਨੇ ਸੱਚੀ ਭਗਤੀ ਲਈ ਬਹੁਤ ਜੋਸ਼ ਦਿਖਾਇਆ। ਉਸ ਨੇ ਮੰਦਰਾਂ ਵਿਚ ਧਰਮ ਦੇ ਨਾਂ ’ਤੇ ਕੀਤੇ ਜਾਂਦੇ ਅਨੈਤਿਕ ਕੰਮ ਅਤੇ ਮੂਰਤੀ-ਪੂਜਾ ਨੂੰ ਖ਼ਤਮ ਕੀਤਾ ਜੋ ਯਹੂਦਾਹ ਵਿਚ ਆਮ ਗੱਲ ਸੀ। (1 ਰਾਜ. 15:9-13) ਆਸਾ ਯਹੋਵਾਹ ਦੇ ਨੇੜੇ ਆਇਆ ਸੀ ਤੇ ਉਸ ਨੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕੀਤੀ ਸੀ। ਇਸ ਕਰਕੇ ਉਸ ਨੇ ਲੋਕਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ “ਪਰਮੇਸ਼ੁਰ ਦੀ ਭਾਲਣਾ ਕਰਨ ਅਤੇ ਬਿਵਸਥਾ ਅਤੇ ਹੁਕਮਨਾਮੇ ਨੂੰ ਮੰਨਣ।” ਯਹੋਵਾਹ ਦੀ ਬਰਕਤ ਨਾਲ ਉਸ ਦੇ ਰਾਜ ਦੇ ਪਹਿਲੇ ਦਸ ਸਾਲ ਦੇਸ਼ ਵਿਚ ਸ਼ਾਂਤੀ ਰਹੀ। ਆਸਾ ਨੇ ਇਸ ਸ਼ਾਂਤੀ ਦਾ ਕੀ ਕਾਰਨ ਦੱਸਿਆ? ਉਸ ਨੇ ਲੋਕਾਂ ਨੂੰ ਕਿਹਾ: “ਏਹ ਦੇਸ ਸਾਡੇ ਕਬਜ਼ੇ ਵਿੱਚ ਹੈ ਕਿਉਂ ਜੋ ਅਸਾਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭਾਲਿਆ। ਅਸਾਂ ਉਹ ਨੂੰ ਭਾਲਿਆ ਅਤੇ ਉਸ ਨੇ ਸਾਨੂੰ ਚੁਫੇਰਿਓਂ ਅਰਾਮ ਬਖ਼ਸ਼ਿਆ ਹੈ।” (2 ਇਤ. 14:1-7) ਧਿਆਨ ਦਿਓ ਕਿ ਫਿਰ ਕੀ ਹੋਇਆ।

5. ਪਰਮੇਸ਼ੁਰ ਉੱਤੇ ਆਸਾ ਦੇ ਭਰੋਸੇ ਦੀ ਪਰਖ ਕਿਵੇਂ ਹੋਈ ਅਤੇ ਇਸ ਦਾ ਕੀ ਨਤੀਜਾ ਨਿਕਲਿਆ?

5 ਕਲਪਨਾ ਕਰੋ ਤੁਸੀਂ ਰਾਜਾ ਆਸਾ ਦੀ ਜਗ੍ਹਾ ਹੋ। ਕੂਸ਼ ਦੇਸ਼ (ਇਥੋਪੀਆ) ਤੋਂ ਜ਼ਰਹ ਆਪਣੇ 10 ਲੱਖ ਫ਼ੌਜੀਆਂ ਤੇ 300 ਰਥਾਂ ਨਾਲ ਯਹੂਦਾਹ ਉੱਤੇ ਚੜ੍ਹਾਈ ਕਰਦਾ ਹੈ। (2 ਇਤ. 14:8-10) ਆਪਣੇ ਰਾਜ ਉੱਤੇ ਇੰਨੀ ਵੱਡੀ ਫ਼ੌਜ ਦਾ ਹਮਲਾ ਦੇਖ ਕੇ ਤੁਸੀਂ ਕੀ ਕਰੋਗੇ? ਤੁਹਾਡੀ ਫ਼ੌਜ ਦੀ ਗਿਣਤੀ ਸਿਰਫ਼ 5 ਲੱਖ 80 ਹਜ਼ਾਰ ਹੈ। ਇਸ ਦਾ ਮਤਲਬ ਹੈ ਕਿ ਦੁਸ਼ਮਣ ਦੀ ਫ਼ੌਜ ਲਗਭਗ ਦੁਗਣੀ ਹੈ। ਕੀ ਤੁਸੀਂ ਸੋਚੋਗੇ ਕਿ ਪਰਮੇਸ਼ੁਰ ਨੇ ਦੇਸ਼ ਉੱਤੇ ਇਹ ਹਮਲਾ ਕਿਉਂ ਹੋਣ ਦਿੱਤਾ? ਕੀ ਤੁਸੀਂ ਆਪਣੀ ਸਮਝ ਨਾਲ ਇਸ ਬਿਪਤਾ ਦਾ ਸਾਮ੍ਹਣਾ ਕਰੋਗੇ? ਆਸਾ ਨੇ ਜੋ ਕੀਤਾ, ਉਸ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਯਹੋਵਾਹ ਨਾਲ ਰਿਸ਼ਤਾ ਕਿੰਨਾ ਗੂੜ੍ਹਾ ਸੀ ਅਤੇ ਉਸ ਨੂੰ ਯਹੋਵਾਹ ’ਤੇ ਕਿੰਨਾ ਭਰੋਸਾ ਸੀ। ਉਸ ਨੇ ਦਿਲੋਂ ਪ੍ਰਾਰਥਨਾ ਕੀਤੀ: “ਹੇ ਯਹੋਵਾਹ ਸਾਡੇ ਪਰਮੇਸ਼ੁਰ, ਤੂੰ ਸਾਡੀ ਸਹਾਇਤਾ ਕਰ ਕਿਉਂ ਜੋ ਅਸੀਂ ਤੇਰੇ ਉੱਤੇ ਭਰੋਸਾ ਰੱਖਦੇ ਹਾਂ ਅਤੇ ਤੇਰੇ ਨਾਮ ਉੱਤੇ ਏਸ ਕਟਕ ਦੇ ਵਿਰੁੱਧ ਅਸੀਂ ਆਏ ਹਾਂ। ਤੂੰ, ਹੇ ਯਹੋਵਾਹ, ਸਾਡਾ ਪਰਮੇਸ਼ੁਰ ਹੈਂ। ਮਨੁੱਖ ਤੇਰੇ ਟਾਕਰੇ ਵਿੱਚ ਨਾ ਜਿੱਤੇ!” ਯਹੋਵਾਹ ਨੇ ਆਸਾ ਦੀ ਦਿਲੀ ਪ੍ਰਾਰਥਨਾ ਦਾ ਕੀ ਜਵਾਬ ਦਿੱਤਾ? ‘ਯਹੋਵਾਹ ਨੇ ਕੂਸ਼ੀਆਂ ਨੂੰ ਮਾਰਿਆ’ ਅਤੇ ਲੜਾਈ ਵਿਚ ਦੁਸ਼ਮਣਾਂ ਦਾ ਇਕ ਵੀ ਫ਼ੌਜੀ ਜੀਉਂਦਾ ਨਹੀਂ ਬਚਿਆ।2 ਇਤ. 14:11-13.

6. ਆਸਾ ਵਾਂਗ ਸਾਨੂੰ ਕੀ ਕਰਨਾ ਚਾਹੀਦਾ ਹੈ?

6 ਆਸਾ ਨੂੰ ਕਿਉਂ ਪੂਰਾ ਭਰੋਸਾ ਸੀ ਕਿ ਪਰਮੇਸ਼ੁਰ ਉਸ ਦੀ ਅਗਵਾਈ ਅਤੇ ਰੱਖਿਆ ਕਰੇਗਾ? ਬਾਈਬਲ ਦੱਸਦੀ ਹੈ ਕਿ “ਆਸਾ ਨੇ ਉਹ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ” ਅਤੇ ਉਸ ਨੇ ਆਪਣੇ “ਮਨ ਨੂੰ ਯਹੋਵਾਹ ਵੱਲ ਠੀਕ ਰੱਖਿਆ।” (1 ਰਾਜ. 15:11, 14) ਸਾਨੂੰ ਵੀ ਪਰਮੇਸ਼ੁਰ ਦੀ ਭਗਤੀ ਪੂਰੇ ਦਿਲ ਨਾਲ ਕਰਨ ਦੀ ਲੋੜ ਹੈ। ਜੇ ਅਸੀਂ ਹੁਣ ਅਤੇ ਭਵਿੱਖ ਵਿਚ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਰੱਖਣਾ ਚਾਹੁੰਦੇ ਹਾਂ, ਤਾਂ ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੈ। ਸਾਨੂੰ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਸ ਨੇ ਸਾਨੂੰ ਆਪਣੇ ਨੇੜੇ ਲਿਆਉਣ ਅਤੇ ਉਸ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨ ਲਈ ਪਹਿਲ ਕੀਤੀ ਹੈ! ਆਓ ਦੋ ਤਰੀਕਿਆਂ ’ਤੇ ਗੌਰ ਕਰੀਏ ਜਿਨ੍ਹਾਂ ਰਾਹੀਂ ਯਹੋਵਾਹ ਸਾਨੂੰ ਆਪਣੇ ਨੇੜੇ ਲਿਆਇਆ ਹੈ।

ਯਹੋਵਾਹ ਨੇ ਰਿਹਾਈ ਦੀ ਕੀਮਤ ਦੇ ਜ਼ਰੀਏ ਸਾਨੂੰ ਆਪਣੇ ਨੇੜੇ ਲਿਆਂਦਾ ਹੈ

7. (ੳ) ਯਹੋਵਾਹ ਨੇ ਸਾਨੂੰ ਆਪਣੇ ਨੇੜੇ ਲਿਆਉਣ ਲਈ ਕੀ ਕੀਤਾ ਹੈ? (ਅ) ਯਹੋਵਾਹ ਨੇ ਸਾਨੂੰ ਆਪਣੇ ਨੇੜੇ ਲਿਆਉਣ ਲਈ ਕਿਹੜਾ ਸਭ ਤੋਂ ਵੱਡਾ ਕਦਮ ਚੁੱਕਿਆ ਹੈ?

7 ਯਹੋਵਾਹ ਨੇ ਇਨਸਾਨਾਂ ਦੇ ਰਹਿਣ ਲਈ ਸੋਹਣੀ ਧਰਤੀ ਬਣਾ ਕੇ ਦਿਖਾਇਆ ਕਿ ਉਹ ਉਨ੍ਹਾਂ ਨਾਲ ਪਿਆਰ  ਕਰਦਾ ਹੈ। ਜੀਉਂਦੇ ਰਹਿਣ ਲਈ ਸਾਡੀਆਂ ਲੋੜਾਂ ਪੂਰੀਆਂ ਕਰ ਕੇ ਵੀ ਉਹ ਸਾਡੇ ਲਈ ਆਪਣੇ ਪਿਆਰ ਦਾ ਸਬੂਤ ਦਿੰਦਾ ਹੈ। (ਰਸੂ. 17:28; ਪ੍ਰਕਾ. 4:11) ਉਸ ਨੇ ਜ਼ਿੰਦਗੀ ਵਿਚ ਸਾਡੀ ਅਗਵਾਈ ਕਰ ਕੇ ਵੀ ਆਪਣੇ ਪਿਆਰ ਦਾ ਸਬੂਤ ਦਿੱਤਾ ਹੈ। (ਲੂਕਾ 12:42) ਨਾਲੇ ਉਹ ਸਾਨੂੰ ਭਰੋਸਾ ਦਿੰਦਾ ਹੈ ਕਿ ਉਹ ਆਪ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ। (1 ਯੂਹੰ. 5:14) ਪਰ ਯਹੋਵਾਹ ਨੇ ਇਕ ਖ਼ਾਸ ਪ੍ਰਬੰਧ ਕੀਤਾ ਜਿਸ ਰਾਹੀਂ ਉਹ ਸਾਨੂੰ ਆਪਣੇ ਨੇੜੇ ਲਿਆਉਂਦਾ ਹੈ ਅਤੇ ਅਸੀਂ ਉਸ ਦੇ ਨੇੜੇ ਜਾਂਦੇ ਹਾਂ। ਉਸ ਨੇ ਸਾਡੇ ਵਾਸਤੇ ਰਿਹਾਈ ਦੀ ਕੀਮਤ ਦੇਣ ਦਾ ਸਭ ਤੋਂ ਵੱਡਾ ਕਦਮ ਚੁੱਕਿਆ। (1 ਯੂਹੰਨਾ 4:9, 10, 19 ਪੜ੍ਹੋ।) ਯਹੋਵਾਹ ਨੇ ਆਪਣੇ ‘ਇਕਲੌਤੇ ਪੁੱਤਰ’ ਨੂੰ ਧਰਤੀ ’ਤੇ ਘੱਲਿਆ ਤਾਂਕਿ ਸਾਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਮਿਲੇ।ਯੂਹੰ. 3:16.

8, 9. ਯਹੋਵਾਹ ਦੇ ਮਕਸਦ ਨੂੰ ਪੂਰਾ ਕਰਨ ਵਿਚ ਯਿਸੂ ਨੇ ਕਿਹੜਾ ਰੋਲ ਅਦਾ ਕੀਤਾ ਹੈ?

8 ਯਹੋਵਾਹ ਦਾ ਇਰਾਦਾ ਸੀ ਕਿ ਸਾਰੇ ਇਨਸਾਨਾਂ ਨੂੰ ਰਿਹਾਈ ਦੀ ਕੀਮਤ ਤੋਂ ਫ਼ਾਇਦਾ ਹੋਵੇ, ਉਨ੍ਹਾਂ ਨੂੰ ਵੀ ਜਿਹੜੇ ਇਹ ਕੀਮਤ ਦੇਣ ਤੋਂ ਪਹਿਲਾਂ ਧਰਤੀ ’ਤੇ ਰਹਿੰਦੇ ਸਨ। ਜਦੋਂ ਯਹੋਵਾਹ ਨੇ ਦੁਨੀਆਂ ਦੇ ਇਕ ਮੁਕਤੀਦਾਤੇ ਦੇ ਆਉਣ ਦੀ ਭਵਿੱਖਬਾਣੀ ਕੀਤੀ ਸੀ, ਉਦੋਂ ਹੀ ਉਸ ਦੀਆਂ ਨਜ਼ਰਾਂ ਵਿਚ ਰਿਹਾਈ ਦੀ ਕੀਮਤ ਦਿੱਤੀ ਜਾ ਚੁੱਕੀ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਸ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ। (ਉਤ. 3:15) ਸਦੀਆਂ ਬਾਅਦ ਪੌਲੁਸ ਰਸੂਲ ਨੇ “ਯਿਸੂ ਮਸੀਹ ਦੁਆਰਾ ਦਿੱਤੀ ਰਿਹਾਈ ਦੀ ਕੀਮਤ” ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ। ਪੌਲੁਸ ਨੇ ਇਹ ਵੀ ਕਿਹਾ ਸੀ: ‘ਪਰਮੇਸ਼ੁਰ ਨੇ ਧੀਰਜ ਰੱਖਦੇ ਹੋਏ ਬੀਤੇ ਸਮੇਂ ਵਿਚ ਲੋਕਾਂ ਦੇ ਪਾਪ ਮਾਫ਼ ਕੀਤੇ।’ (ਰੋਮੀ. 3:21-26) ਸਾਨੂੰ ਪਰਮੇਸ਼ੁਰ ਦੇ ਨੇੜੇ ਲਿਆਉਣ ਵਿਚ ਯਿਸੂ ਨੇ ਕਿੰਨਾ ਅਹਿਮ ਰੋਲ ਅਦਾ ਕੀਤਾ!

9 ਸਿਰਫ਼ ਯਿਸੂ ਰਾਹੀਂ ਹੀ ਨਿਮਰ ਲੋਕ ਯਹੋਵਾਹ ਨੂੰ ਜਾਣ ਸਕਦੇ ਹਨ ਅਤੇ ਉਸ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰ ਸਕਦੇ ਹਨ। ਬਾਈਬਲ ਇਸ ਬਾਰੇ ਕੀ ਦੱਸਦੀ ਹੈ? ਪੌਲੁਸ ਨੇ ਲਿਖਿਆ: “ਪਰਮੇਸ਼ੁਰ ਸਾਡੇ ਲਈ ਆਪਣੇ ਪਿਆਰ ਦਾ ਸਬੂਤ ਇਸ ਤਰ੍ਹਾਂ ਦਿੰਦਾ ਹੈ: ਜਦੋਂ ਅਸੀਂ ਅਜੇ ਪਾਪੀ ਹੀ ਸਾਂ, ਤਾਂ ਮਸੀਹ ਸਾਡੇ ਲਈ ਮਰਿਆ।” (ਰੋਮੀ. 5:6-8) ਯਿਸੂ ਦੀ ਕੁਰਬਾਨੀ ਰਾਹੀਂ ਰਿਹਾਈ ਦੀ ਕੀਮਤ ਇਸ ਕਰਕੇ ਨਹੀਂ ਦਿੱਤੀ ਗਈ ਸੀ ਕਿ ਅਸੀਂ ਇਸ ਦੇ ਕਾਬਲ ਸੀ, ਸਗੋਂ ਇਸ ਕਰਕੇ ਦਿੱਤੀ ਗਈ ਕਿਉਂਕਿ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ। ਯਿਸੂ ਨੇ ਕਿਹਾ ਸੀ: “ਕੋਈ ਵੀ ਇਨਸਾਨ ਮੇਰੇ ਕੋਲ ਨਹੀਂ ਆ ਸਕਦਾ, ਜਦੋਂ ਤਕ ਮੇਰਾ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ, ਉਸ ਨੂੰ ਮੇਰੇ ਵੱਲ ਨਹੀਂ ਖਿੱਚਦਾ।” ਇਕ ਹੋਰ ਮੌਕੇ ਤੇ ਉਸ ਨੇ ਕਿਹਾ ਸੀ: “ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਰਫ਼ ਉਹੀ ਜੋ ਮੇਰੇ ਰਾਹੀਂ ਆਉਂਦਾ ਹੈ।” (ਯੂਹੰ. 6:44; 14:6) ਯਹੋਵਾਹ ਯਿਸੂ ਰਾਹੀਂ ਕਿਵੇਂ ਇਨਸਾਨਾਂ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਉਸ ਦੇ ਪਿਆਰ ਦੇ ਕਾਬਲ ਬਣੇ ਰਹਿਣ ਅਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਰੱਖਣ ਵਿਚ ਮਦਦ ਕਰਦਾ ਹੈ? ਉਹ ਆਪਣੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਇਸ ਤਰ੍ਹਾਂ ਕਰਦਾ ਹੈ। (ਯਹੂਦਾਹ 20, 21 ਪੜ੍ਹੋ।) ਇਕ ਹੋਰ ਤਰੀਕੇ ’ਤੇ ਗੌਰ ਕਰੋ ਜਿਸ ਰਾਹੀਂ ਯਹੋਵਾਹ ਸਾਨੂੰ ਆਪਣੇ ਨੇੜੇ ਲਿਆਉਂਦਾ ਹੈ।

ਯਹੋਵਾਹ ਆਪਣੇ ਬਚਨ ਰਾਹੀਂ ਸਾਨੂੰ ਆਪਣੇ ਨੇੜੇ ਲਿਆਉਂਦਾ ਹੈ

10. ਬਾਈਬਲ ਵਿਚ ਕੀ ਦੱਸਿਆ ਗਿਆ ਹੈ ਜੋ ਪਰਮੇਸ਼ੁਰ ਦੇ ਨੇੜੇ ਜਾਣ ਵਿਚ ਸਾਡੀ ਮਦਦ ਕਰਦਾ ਹੈ?

10 ਇਸ ਲੇਖ ਵਿਚ ਹੁਣ ਤਕ ਬਾਈਬਲ ਦੀਆਂ 14 ਕਿਤਾਬਾਂ ਵਿੱਚੋਂ ਹਵਾਲੇ ਦਿੱਤੇ ਗਏ ਹਨ। ਕੀ ਬਾਈਬਲ ਤੋਂ ਬਿਨਾਂ ਅਸੀਂ ਜਾਣ ਪਾਉਂਦੇ ਕਿ ਅਸੀਂ ਆਪਣੇ ਸਿਰਜਣਹਾਰ ਦੇ ਨੇੜੇ ਜਾ ਸਕਦੇ ਹਾਂ? ਕੀ ਇਸ ਤੋਂ ਬਿਨਾਂ ਅਸੀਂ ਰਿਹਾਈ ਦੀ ਕੀਮਤ ਬਾਰੇ ਅਤੇ ਯਿਸੂ ਰਾਹੀਂ ਯਹੋਵਾਹ ਦੇ ਨੇੜੇ ਜਾਣ ਬਾਰੇ ਸਿੱਖ ਪਾਉਂਦੇ? ਯਹੋਵਾਹ ਨੇ ਆਪਣੀ ਪਵਿੱਤਰ ਸ਼ਕਤੀ ਨਾਲ ਬਾਈਬਲ ਲਿਖਾਈ ਜਿਸ ਵਿਚ ਉਸ ਦੇ ਗੁਣਾਂ ਬਾਰੇ ਅਤੇ ਉਸ ਦੇ ਮਹਾਨ ਮਕਸਦਾਂ ਬਾਰੇ ਦੱਸਿਆ ਗਿਆ ਹੈ। ਉਦਾਹਰਣ ਲਈ, ਕੂਚ 34:6, 7 ਵਿਚ ਯਹੋਵਾਹ ਨੇ ਮੂਸਾ ਨੂੰ ਆਪਣੇ ਬਾਰੇ ਦੱਸਿਆ: ‘ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ ਅਤੇ ਹਜਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ ਹੈ।’ ਕੀ ਤੁਸੀਂ ਇਨ੍ਹਾਂ ਗੁਣਾਂ ਕਰਕੇ ਪਰਮੇਸ਼ੁਰ ਦੇ ਨੇੜੇ ਨਹੀਂ ਆਉਣਾ ਚਾਹੋਗੇ? ਯਹੋਵਾਹ ਜਾਣਦਾ ਹੈ ਕਿ ਅਸੀਂ ਬਾਈਬਲ ਦੀ ਮਦਦ ਨਾਲ ਉਸ ਬਾਰੇ ਜਿੰਨਾ ਜ਼ਿਆਦਾ ਸਿੱਖਾਂਗੇ, ਅਸੀਂ ਉਸ ਉੱਤੇ ਉੱਨਾ ਜ਼ਿਆਦਾ ਭਰੋਸਾ ਰੱਖਾਂਗੇ ਅਤੇ ਉਸ ਦੇ ਨੇੜੇ ਜਾਵਾਂਗੇ।

11. ਸਾਨੂੰ ਯਹੋਵਾਹ ਦੇ ਗੁਣਾਂ ਬਾਰੇ ਕਿਉਂ ਸਿੱਖਣਾ ਚਾਹੀਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

11 ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰਨ ਬਾਰੇ ਯਹੋਵਾਹ ਦੇ ਨੇੜੇ ਰਹੋ ਕਿਤਾਬ ਦੇ ਮੁਖਬੰਧ ਵਿਚ ਇਸ  ਤਰ੍ਹਾਂ ਕਿਹਾ ਗਿਆ ਹੈ: “ਕਿਸੇ ਬੰਦੇ ਬਾਰੇ ਸਭ ਕੁਝ ਜਾਣ ਕੇ ਅਤੇ ਉਸ ਦੇ ਖ਼ਾਸ ਗੁਣਾਂ ਦੀ ਕਦਰ ਕਰ ਕੇ ਹੀ ਦੋਸਤੀ ਦੀ ਬੁਨਿਆਦ ਰੱਖੀ ਜਾ ਸਕਦੀ ਹੈ। ਇਸ ਕਰਕੇ ਬਾਈਬਲ ਵਿਚ ਪਰਮੇਸ਼ੁਰ ਦੇ ਜੋ ਗੁਣ ਪ੍ਰਗਟ ਕੀਤੇ ਗਏ ਹਨ, ਉਨ੍ਹਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।” ਇਸ ਲਈ ਸਾਨੂੰ ਯਹੋਵਾਹ ਦੇ ਕਿੰਨੇ ਧੰਨਵਾਦੀ ਹੋਣਾ ਚਾਹੀਦਾ ਕਿ ਉਸ ਨੇ ਬਾਈਬਲ ਇਸ ਤਰ੍ਹਾਂ ਲਿਖਵਾਈ ਹੈ ਕਿ ਅਸੀਂ ਇਸ ਨੂੰ ਸਮਝ ਸਕੀਏ!

12. ਯਹੋਵਾਹ ਨੇ ਬਾਈਬਲ ਲਿਖਣ ਲਈ ਇਨਸਾਨਾਂ ਨੂੰ ਕਿਉਂ ਵਰਤਿਆ ਸੀ?

12 ਯਹੋਵਾਹ ਚਾਹੁੰਦਾ, ਤਾਂ ਦੂਤਾਂ ਤੋਂ ਬਾਈਬਲ ਲਿਖਵਾ ਸਕਦਾ ਸੀ। ਦੇਖਿਆ ਜਾਵੇ ਤਾਂ ਦੂਤ ਵੀ ਸਾਡੇ ਅਤੇ ਸਾਡੇ ਕੰਮਾਂ ਵਿਚ ਬਹੁਤ ਦਿਲਚਸਪੀ ਲੈਂਦੇ ਹਨ। (1 ਪਤ. 1:12) ਇਸ ਵਿਚ ਕੋਈ ਸ਼ੱਕ ਨਹੀਂ ਕਿ ਦੂਤ ਇਨਸਾਨਾਂ ਲਈ ਪਰਮੇਸ਼ੁਰ ਦਾ ਸੰਦੇਸ਼ ਲਿਖ ਸਕਦੇ ਸਨ। ਪਰ ਕੀ ਉਹ ਮਾਮਲਿਆਂ ਨੂੰ ਇਨਸਾਨੀ ਨਜ਼ਰੀਏ ਤੋਂ ਦੇਖ ਪਾਉਂਦੇ? ਕੀ ਉਹ ਸਾਡੀਆਂ ਲੋੜਾਂ, ਕਮਜ਼ੋਰੀਆਂ ਤੇ ਖ਼ਾਹਸ਼ਾਂ ਨੂੰ ਸਮਝ ਪਾਉਂਦੇ? ਨਹੀਂ, ਯਹੋਵਾਹ ਜਾਣਦਾ ਹੈ ਕਿ ਦੂਤ ਇਨਸਾਨਾਂ ਤੋਂ ਬਿਲਕੁਲ ਵੱਖਰੇ ਹਨ। ਇਨਸਾਨਾਂ ਤੋਂ ਬਾਈਬਲ ਲਿਖਵਾ ਕੇ ਉਸ ਨੇ ਇਸ ਨੂੰ ਸਾਡੇ ਸਮਝਣ ਦੇ ਕਾਬਲ ਬਣਾਇਆ। ਜਦੋਂ ਅਸੀਂ ਬਾਈਬਲ ਦੇ ਲਿਖਾਰੀਆਂ ਤੇ ਹੋਰ ਲੋਕਾਂ ਬਾਰੇ ਪੜ੍ਹਦੇ ਹਾਂ ਕਿ ਉਨ੍ਹਾਂ ਨੂੰ ਨਿਰਾਸ਼ਾ ਹੋਈ, ਉਨ੍ਹਾਂ ਦੇ ਮਨਾਂ ਵਿਚ ਸ਼ੱਕ ਜਾਂ ਡਰ ਸੀ ਤੇ ਉਨ੍ਹਾਂ ਨੇ ਗ਼ਲਤੀਆਂ ਕੀਤੀਆਂ, ਤਾਂ ਅਸੀਂ ਉਨ੍ਹਾਂ ਦੀਆਂ ਭਾਵਨਾਵਾਂ ਤੇ ਦਰਦ ਨੂੰ ਮਹਿਸੂਸ ਕਰ ਸਕਦੇ ਹਾਂ। ਉਨ੍ਹਾਂ ਦੀ ਖ਼ੁਸ਼ੀ ਬਾਰੇ ਪੜ੍ਹ ਕੇ ਸਾਨੂੰ ਖ਼ੁਸ਼ੀ ਹੁੰਦੀ ਹੈ। ਨਬੀ ਏਲੀਯਾਹ ਵਾਂਗ ਬਾਈਬਲ ਦੇ ਸਾਰੇ ਲਿਖਾਰੀ ‘ਸਾਡੇ ਵਰਗੀਆਂ ਭਾਵਨਾਵਾਂ ਵਾਲੇ ਇਨਸਾਨ’ ਸਨ।ਯਾਕੂ. 5:17.

ਯਹੋਵਾਹ ਯੂਨਾਹ ਅਤੇ ਪਤਰਸ ਨਾਲ ਜਿਸ ਤਰ੍ਹਾਂ ਪੇਸ਼ ਆਇਆ, ਉਹ ਪਰਮੇਸ਼ੁਰ ਦੇ ਨੇੜੇ ਜਾਣ ਵਿਚ ਸਾਡੀ ਕਿੱਦਾਂ ਮਦਦ ਕਰਦਾ ਹੈ? (ਪੈਰੇ 13, 15 ਦੇਖੋ)

13. ਯੂਨਾਹ ਦੀ ਪ੍ਰਾਰਥਨਾ ਪੜ੍ਹ ਕੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

13 ਉਦਾਹਰਣ ਲਈ, ਪਰਮੇਸ਼ੁਰ ਨੇ ਯੂਨਾਹ ਨੂੰ ਇਕ ਜ਼ਰੂਰੀ ਕੰਮ ਦਿੱਤਾ ਸੀ, ਪਰ ਯੂਨਾਹ ਉਹ ਕੰਮ ਕਰਨ ਦੀ ਬਜਾਇ ਭੱਜ ਗਿਆ। ਜੇ ਕਿਸੇ ਦੂਤ ਨੇ ਇਹ ਬਿਰਤਾਂਤ ਲਿਖਿਆ ਹੁੰਦਾ, ਤਾਂ ਉਹ ਯੂਨਾਹ ਦੀਆਂ ਭਾਵਨਾਵਾਂ ਬਾਰੇ ਚੰਗੀ ਤਰ੍ਹਾਂ ਨਹੀਂ ਲਿਖ ਸਕਦਾ ਸੀ। ਸੋ ਇਹ ਕਿੰਨੀ ਚੰਗੀ ਗੱਲ ਹੈ ਕਿ ਯਹੋਵਾਹ ਨੇ ਯੂਨਾਹ ਤੋਂ ਹੀ ਇਹ ਬਿਰਤਾਂਤ ਲਿਖਵਾਇਆ। ਉਸ ਨੇ ਸਮੁੰਦਰ ਦੀਆਂ ਗਹਿਰਾਈਆਂ ਵਿਚ ਡੁੱਬਦੇ ਹੋਏ ਜੋ ਪ੍ਰਾਰਥਨਾ ਕੀਤੀ ਸੀ, ਉਹ ਵੀ ਇਸ ਬਿਰਤਾਂਤ ਵਿਚ ਸ਼ਾਮਲ ਹੈ। ਯੂਨਾਹ ਨੇ ਦੱਸਿਆ: ‘ਜਦੋਂ ਮੇਰੀ ਜਾਨ ਤੇ ਖ਼ਤਰਾ ਆਇਆ, ਹੇ ਪ੍ਰਭੂ, ਮੈਂ ਤੈਨੂੰ ਯਾਦ ਕੀਤਾ।’ਯੂਨਾ. 1:3, 10; 2:1-9, CL.

14. ਯਸਾਯਾਹ ਨੇ ਆਪਣੇ ਬਾਰੇ ਜੋ ਲਿਖਿਆ, ਉਸ ਨੂੰ ਤੁਸੀਂ ਕਿਉਂ ਸਮਝ ਸਕਦੇ ਹੋ?

 14 ਇਸ ਗੱਲ ’ਤੇ ਵੀ ਧਿਆਨ ਦਿਓ ਕਿ ਯਹੋਵਾਹ ਦੀ ਮਹਿਮਾ ਦਾ ਦਰਸ਼ਣ ਦੇਖਣ ਤੋਂ ਬਾਅਦ ਯਸਾਯਾਹ ਨੂੰ ਅਹਿਸਾਸ ਹੋਇਆ ਕਿ ਉਹ ਕਿੰਨਾ ਪਾਪੀ ਸੀ। ਉਸ ਨੇ ਲਿਖਿਆ: “ਹਾਇ ਮੇਰੇ ਉੱਤੇ! . . . ਮੈਂ ਜੋ ਭਰਿਸ਼ਟ ਬੁੱਲ੍ਹਾਂ ਵਾਲਾ ਹਾਂ, ਅਤੇ ਭਰਿਸ਼ਟ ਬੁੱਲ੍ਹਾਂ ਵਾਲੇ ਲੋਕਾਂ ਵਿੱਚ ਵੱਸਦਾ ਹਾਂ! ਕਿਉਂ ਜੋ ਮੇਰੀਆਂ ਅੱਖਾਂ ਨੇ ਸੈਨਾਂ ਦੇ ਯਹੋਵਾਹ ਅਧੀਰਾਜ ਨੂੰ ਡਿੱਠਾ ਹੈ!” (ਯਸਾ. 6:5) ਕੀ ਕਿਸੇ ਦੂਤ ਨੂੰ ਆਪਣੇ ਬਾਰੇ ਇਹ ਗੱਲ ਕਹਿਣ ਦੀ ਲੋੜ ਪੈਂਦੀ? ਯਸਾਯਾਹ ਆਪਣੇ ਬਾਰੇ ਇਹ ਗੱਲ ਕਹਿ ਸਕਦਾ ਸੀ। ਉਸ ਵਾਂਗ ਨਾਮੁਕੰਮਲ ਹੋਣ ਕਰਕੇ ਅਸੀਂ ਉਸ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਹਾਂ।

15, 16. (ੳ) ਅਸੀਂ ਹੋਰ ਇਨਸਾਨਾਂ ਦੀਆਂ ਭਾਵਨਾਵਾਂ ਨੂੰ ਕਿਉਂ ਸਮਝ ਸਕਦੇ ਹਾਂ? ਇਕ ਉਦਾਹਰਣ ਦਿਓ। (ਅ) ਯਹੋਵਾਹ ਦੇ ਨੇੜੇ ਜਾਣ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰੇਗੀ?

15 ਕੀ ਦੂਤ ਯਾਕੂਬ ਵਾਂਗ ਕਹਿ ਸਕਦੇ ਹਨ ਕਿ ਉਹ “ਯੋਗ ਨਹੀਂ” ਹਨ ਜਾਂ ਕੀ ਪਤਰਸ ਵਾਂਗ ਕਹਿ ਸਕਦੇ ਹਨ ਕਿ ਉਹ “ਪਾਪੀ” ਹਨ? (ਉਤ. 32:10, CL; ਲੂਕਾ 5:8) ਕੀ ਦੂਤਾਂ ਨੂੰ ਯਿਸੂ ਦੇ ਚੇਲਿਆਂ ਵਾਂਗ “ਡਰ” ਲੱਗਦਾ ਜਾਂ ਕੀ ਵਿਰੋਧ ਹੋਣ ਕਰਕੇ ਧਰਮੀ ਦੂਤਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ “ਦਲੇਰ” ਬਣਨ ਦੀ ਲੋੜ ਪੈਂਦੀ? (ਯੂਹੰ. 6:19; 1 ਥੱਸ. 2:2) ਨਹੀਂ, ਕਿਉਂਕਿ ਦੂਤ ਪੂਰੀ ਤਰ੍ਹਾਂ ਮੁਕੰਮਲ ਹਨ ਤੇ ਇਨਸਾਨਾਂ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹਨ। ਪਰ ਜਦੋਂ ਨਾਮੁਕੰਮਲ ਇਨਸਾਨ ਇਹ ਗੱਲਾਂ ਕਹਿੰਦੇ ਹਨ, ਤਾਂ ਅਸੀਂ ਤੁਰੰਤ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝ ਜਾਂਦੇ ਹਾਂ ਕਿਉਂਕਿ ਅਸੀਂ ਵੀ ਇਨਸਾਨ ਹਾਂ। ਜਦੋਂ ਅਸੀਂ ਪਰਮੇਸ਼ੁਰ ਦਾ ਬਚਨ ਪੜ੍ਹਦੇ ਹਾਂ, ਤਾਂ ਅਸੀਂ ‘ਖ਼ੁਸ਼ੀਆਂ ਮਨਾਉਣ ਵਾਲੇ ਲੋਕਾਂ ਨਾਲ ਖ਼ੁਸ਼ੀਆਂ ਮਨਾ’ ਸਕਦੇ ਹਾਂ ਅਤੇ ‘ਰੋਣ ਵਾਲੇ ਲੋਕਾਂ ਨਾਲ ਰੋ’ ਸਕਦੇ ਹਾਂ।ਰੋਮੀ. 12:15.

16 ਜਦੋਂ ਅਸੀਂ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਪੁਰਾਣੇ ਜ਼ਮਾਨੇ ਵਿਚ ਆਪਣੇ ਵਫ਼ਾਦਾਰ ਭਗਤਾਂ ਨਾਲ ਕਿਵੇਂ ਪੇਸ਼ ਆਇਆ, ਤਾਂ ਅਸੀਂ ਆਪਣੇ ਪਰਮੇਸ਼ੁਰ ਬਾਰੇ ਬਹੁਤ ਸਾਰੀਆਂ ਵਧੀਆ ਗੱਲਾਂ ਸਿੱਖਦੇ ਹਾਂ। ਸਾਨੂੰ ਪਤਾ ਲੱਗਦਾ ਹੈ ਕਿ ਉਸ ਨੇ ਉਨ੍ਹਾਂ ਨਾਮੁਕੰਮਲ ਇਨਸਾਨਾਂ ਨਾਲ ਕਿਵੇਂ ਧੀਰਜ ਰੱਖਿਆ ਤੇ ਉਨ੍ਹਾਂ ਨੂੰ ਕਿਵੇਂ ਪਿਆਰ ਨਾਲ ਆਪਣੇ ਨੇੜੇ ਲੈ ਕੇ ਆਇਆ। ਅਸੀਂ ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਜਾਣ ਕੇ ਅਤੇ ਉਸ ਨੂੰ ਦਿਲੋਂ ਪਿਆਰ ਕਰ ਕੇ ਉਸ ਦੇ ਹੋਰ ਨੇੜੇ ਜਾ ਸਕਦੇ ਹਾਂ।ਕਹਾਉਤਾਂ 3:32 ਪੜ੍ਹੋ।

ਪਰਮੇਸ਼ੁਰ ਨਾਲ ਅਟੁੱਟ ਰਿਸ਼ਤਾ ਕਾਇਮ ਕਰੋ

17. (ੳ) ਅਜ਼ਰਯਾਹ ਨੇ ਆਸਾ ਨੂੰ ਕਿਹੜੀ ਚੰਗੀ ਸਲਾਹ ਦਿੱਤੀ ਸੀ? (ਅ) ਆਸਾ ਨੇ ਅਜ਼ਰਯਾਹ ਦੀ ਸਲਾਹ ਨੂੰ ਕਿਵੇਂ ਨਜ਼ਰਅੰਦਾਜ਼ ਕੀਤਾ ਅਤੇ ਇਸ ਦਾ ਨਤੀਜਾ ਕੀ ਨਿਕਲਿਆ?

17 ਕੂਸ਼ੀ ਫ਼ੌਜ ਨੂੰ ਪੂਰੀ ਤਰ੍ਹਾਂ ਹਰਾਉਣ ਤੋਂ ਬਾਅਦ ਰਾਜਾ ਆਸਾ ਅਤੇ ਉਸ ਦੀ ਪਰਜਾ ਨੂੰ ਪਰਮੇਸ਼ੁਰ ਦੇ ਨਬੀ ਅਜ਼ਰਯਾਹ ਨੇ ਇਕ ਚੰਗੀ ਸਲਾਹ ਦਿੱਤੀ। ਅਜ਼ਰਯਾਹ ਨੇ ਕਿਹਾ: “ਯਹੋਵਾਹ ਤੁਹਾਡੇ ਨਾਲ ਹੈ ਜਦ ਤੀਕ ਤੁਸੀਂ ਉਸ ਦੇ ਨਾਲ ਹੋ। ਜੇ ਤੁਸੀਂ ਉਸ ਦੇ ਚਾਹਵੰਦ ਹੋ ਤਾਂ ਉਹ ਤੁਹਾਨੂੰ ਮਿਲੇਗਾ ਪਰ ਜੇ ਤੁਸੀਂ ਉਸ ਨੂੰ ਛੱਡ ਦਿਓ ਤਾਂ ਉਹ ਤੁਹਾਨੂੰ ਛੱਡ ਦੇਵੇਗਾ।” (2 ਇਤ. 15:1, 2) ਪਰ ਕੁਝ ਸਮੇਂ ਬਾਅਦ ਰਾਜਾ ਆਸਾ ਨੇ ਇਹ ਚੰਗੀ ਸਲਾਹ ਨਹੀਂ ਮੰਨੀ। ਜਦੋਂ ਉੱਤਰੀ ਰਾਜ ਇਜ਼ਰਾਈਲ ਨੇ ਯਹੂਦਾਹ ਉੱਤੇ ਹਮਲਾ ਕੀਤਾ, ਤਾਂ ਆਸਾ ਨੇ ਯਹੋਵਾਹ ਨੂੰ ਮਦਦ ਲਈ ਪੁਕਾਰਨ ਦੀ ਬਜਾਇ ਅਰਾਮੀਆਂ ਤੋਂ ਮਦਦ ਮੰਗੀ ਜੋ ਯਹੋਵਾਹ ਨੂੰ ਨਹੀਂ ਮੰਨਦੇ ਸਨ। ਇਸੇ ਕਰਕੇ ਆਸਾ ਨੂੰ ਕਿਹਾ ਗਿਆ: “ਤੈਂ ਮੂਰਖਤਾਈ ਕੀਤੀ ਏਸ ਲਈ ਹੁਣ ਤੇਰੇ ਲਈ ਲੜਾਈ ਹੀ ਲੜਾਈ ਹੈ!” ਆਸਾ ਦੇ ਰਾਜ ਦੇ ਬਾਕੀ ਸਾਲਾਂ ਦੌਰਾਨ ਲਗਾਤਾਰ ਲੜਾਈਆਂ ਹੁੰਦੀਆਂ ਰਹੀਆਂ। (2 ਇਤ. 16:1-9) ਇਸ ਤੋਂ ਅਸੀਂ ਕੀ ਸਿੱਖਦੇ ਹਾਂ?

18, 19. (ੳ) ਜੇ ਅਸੀਂ ਯਹੋਵਾਹ ਤੋਂ ਕੁਝ ਦੂਰ ਹੋ ਗਏ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? (ਅ) ਅਸੀਂ ਯਹੋਵਾਹ ਦੇ ਹੋਰ ਨੇੜੇ ਕਿਵੇਂ ਜਾ ਸਕਦੇ ਹਾਂ?

18 ਸਾਨੂੰ ਕਦੀ ਵੀ ਯਹੋਵਾਹ ਤੋਂ ਦੂਰ ਨਹੀਂ ਜਾਣਾ ਚਾਹੀਦਾ। ਜੇ ਅਸੀਂ ਯਹੋਵਾਹ ਤੋਂ ਕੁਝ ਦੂਰ ਹੋ ਗਏ ਹਾਂ, ਤਾਂ ਸਾਨੂੰ ਹੋਸ਼ੇਆ 12:6 ਵਿਚ ਦਿੱਤੀ ਸਲਾਹ ਮੁਤਾਬਕ ਚੱਲਣਾ ਚਾਹੀਦਾ ਹੈ। ਇਸ ਵਿਚ ਕਿਹਾ ਗਿਆ ਹੈ: “ਤੂੰ ਆਪਣੇ ਪਰਮੇਸ਼ੁਰ ਵੱਲ ਮੁੜ, ਦਯਾ ਅਤੇ ਨਿਆਉਂ ਦੀ ਪਾਲਨਾ ਕਰ, ਅਤੇ ਸਦਾ ਆਪਣੇ ਪਰਮੇਸ਼ੁਰ ਦੀ ਉਡੀਕ ਕਰ।” ਇਸ ਲਈ ਆਓ ਆਪਾਂ ਰਿਹਾਈ ਦੀ ਕੀਮਤ ਦੇ ਪ੍ਰਬੰਧ ਉੱਤੇ ਸੋਚ-ਵਿਚਾਰ ਕਰ ਕੇ ਅਤੇ ਉਸ ਦੇ ਬਚਨ ਬਾਈਬਲ ਦੀ ਧਿਆਨ ਨਾਲ ਸਟੱਡੀ ਕਰ ਕੇ ਯਹੋਵਾਹ ਦੇ ਨੇੜੇ ਆਉਂਦੇ ਰਹੀਏ।ਬਿਵਸਥਾ ਸਾਰ 13:4 ਪੜ੍ਹੋ।

19 ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ।” (ਜ਼ਬੂ. 73:28) ਆਓ ਆਪਾਂ ਯਹੋਵਾਹ ਬਾਰੇ ਨਵੀਆਂ-ਨਵੀਆਂ ਗੱਲਾਂ ਸਿੱਖਦੇ ਰਹੀਏ। ਇਸ ਤਰ੍ਹਾਂ ਕਰਦੇ ਰਹਿਣ ਨਾਲ ਸਾਡੇ ਦਿਲ ਵਿਚ ਉਸ ਲਈ ਪਿਆਰ ਵਧਦਾ ਰਹੇਗਾ। ਸਾਡੀ ਦੁਆ ਹੈ ਕਿ ਯਹੋਵਾਹ ਹੁਣ ਅਤੇ ਹਮੇਸ਼ਾ-ਹਮੇਸ਼ਾ ਲਈ ਸਾਨੂੰ ਆਪਣੇ ਨੇੜੇ ਲਿਆਉਂਦਾ ਰਹੇ!

^ ਪੇਰਗ੍ਰੈਫ 3 ਪਹਿਰਾਬੁਰਜ 15 ਅਗਸਤ 2012 ਵਿਚ ਆਸਾ ਬਾਰੇ ਲੇਖ “ਤੁਹਾਨੂੰ ਤੁਹਾਡੀ ਨੇਕੀ ਦਾ ਫ਼ਲ ਜ਼ਰੂਰ ਮਿਲੇਗਾ” ਦੇਖੋ।