Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਯਿਸੂ ਨੇ ਸਦੂਕੀਆਂ ਨੂੰ ਕਿਹਾ ਸੀ ਕਿ ਦੁਬਾਰਾ ਜੀਉਂਦੇ ਕੀਤੇ ਗਏ ਲੋਕ “ਵਿਆਹ ਨਹੀਂ ਕਰਾਉਣਗੇ।” (ਲੂਕਾ 20:34-36) ਕੀ ਉਹ ਧਰਤੀ ’ਤੇ ਦੁਬਾਰਾ ਜੀਉਂਦੇ ਕੀਤੇ ਜਾਣ ਵਾਲੇ ਲੋਕਾਂ ਦੀ ਗੱਲ ਕਰ ਰਿਹਾ ਸੀ?

ਇਹ ਬਹੁਤ ਹੀ ਜ਼ਰੂਰੀ ਸਵਾਲ ਹੈ, ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਦੇ ਜੀਵਨ ਸਾਥੀ ਦੀ ਮੌਤ ਹੋ ਚੁੱਕੀ ਹੈ। ਸ਼ਾਇਦ ਅਜਿਹੇ ਲੋਕ ਨਵੀਂ ਦੁਨੀਆਂ ਵਿਚ ਦੁਬਾਰਾ ਆਪਣੇ ਜੀਵਨ ਸਾਥੀ ਨੂੰ ਮਿਲਣ ਲਈ ਬਹੁਤ ਹੀ ਬੇਸਬਰੀ ਨਾਲ ਉਡੀਕ ਕਰ ਰਹੇ ਹੋਣ। ਇਕ ਭਰਾ, ਜਿਸ ਦੀ ਪਤਨੀ ਮਰ ਚੁੱਕੀ ਹੈ, ਨੇ ਕਿਹਾ: “ਮੈਂ ਅਤੇ ਮੇਰੀ ਪਤਨੀ ਨਹੀਂ ਸੀ ਚਾਹੁੰਦੇ ਕਿ ਅਸੀਂ ਵਿਛੜ ਜਾਈਏ। ਸਾਡੀ ਦਿਲੀ ਇੱਛਾ ਸੀ ਕਿ ਅਸੀਂ ਹਮੇਸ਼ਾ-ਹਮੇਸ਼ਾ ਲਈ ਇਕੱਠੇ ਮਿਲ ਕੇ ਭਗਤੀ ਕਰੀਏ। ਮੈਂ ਹੁਣ ਵੀ ਇਹੀ ਚਾਹੁੰਦਾ ਹਾਂ।” ਕੀ ਇਹ ਉਮੀਦ ਰੱਖਣ ਦਾ ਕੋਈ ਕਾਰਨ ਹੈ ਕਿ ਧਰਤੀ ਉੱਤੇ ਦੁਬਾਰਾ ਜੀਉਂਦੇ ਹੋਣ ਵਾਲੇ ਲੋਕ ਵਿਆਹ ਕਰਵਾ ਸਕਣਗੇ? ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ।

ਸਾਲਾਂ ਤੋਂ ਸਾਡੇ ਪ੍ਰਕਾਸ਼ਨਾਂ ਵਿਚ ਦੱਸਿਆ ਗਿਆ ਹੈ ਕਿ ਯਿਸੂ ਇੱਥੇ ਉਨ੍ਹਾਂ ਲੋਕਾਂ ਦੀ ਗੱਲ ਕਰ ਰਿਹਾ ਸੀ ਜੋ ਧਰਤੀ ਉੱਤੇ ਦੁਬਾਰਾ ਜੀਉਂਦੇ ਹੋਣਗੇ ਅਤੇ ਵਿਆਹ ਨਹੀਂ ਕਰਾਉਣਗੇ। * (ਮੱਤੀ 22:29, 30; ਮਰ. 12:24, 25; ਲੂਕਾ 20:34-36) ਪਰ ਕੀ ਇਹ ਹੋ ਸਕਦਾ ਹੈ ਕਿ ਯਿਸੂ ਦੇ ਇਹ ਸ਼ਬਦ ਸਵਰਗੀ ਜੀਵਨ ਪਾਉਣ ਵਾਲੇ ਲੋਕਾਂ ਲਈ ਹੋਣ? ਅਸੀਂ ਪੱਕੇ ਯਕੀਨ ਨਾਲ ਇਹ ਨਹੀਂ ਕਹਿ ਸਕਦੇ। ਆਓ ਆਪਾਂ ਯਿਸੂ ਦੇ ਕਹੇ ਸ਼ਬਦਾਂ ’ਤੇ ਗੌਰ ਕਰੀਏ।

ਯਿਸੂ ਇੱਥੇ ਕਿਨ੍ਹਾਂ ਨਾਲ ਗੱਲ ਕਰ ਰਿਹਾ ਸੀ? (ਲੂਕਾ 20:27-33 ਪੜ੍ਹੋ।) ਉਹ ਸਦੂਕੀਆਂ ਨਾਲ ਗੱਲ ਕਰ ਰਿਹਾ ਸੀ। ਸਦੂਕੀ ਮੰਨਦੇ ਸਨ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ। ਇਸ ਲਈ ਉਨ੍ਹਾਂ ਨੇ ਯਿਸੂ ਨੂੰ ਫਸਾਉਣ ਲਈ ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦੇ ਕੀਤੇ ਜਾਣ ਬਾਰੇ ਅਤੇ ਮਰੇ ਹੋਏ ਭਰਾ ਦੀ ਪਤਨੀ ਨਾਲ ਵਿਆਹ ਕਰਾਉਣ ਬਾਰੇ ਪੁੱਛਿਆ। * ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਇਸ ਯੁਗ ਦੇ ਲੋਕ ਵਿਆਹ ਕਰਾਉਂਦੇ ਹਨ, ਪਰ ਜਿਹੜੇ ਆਉਣ ਵਾਲੇ ਯੁਗ ਵਿਚ ਦੁਬਾਰਾ ਜੀਉਂਦੇ ਹੋਣ ਅਤੇ ਜ਼ਿੰਦਗੀ ਪਾਉਣ ਦੇ ਯੋਗ ਗਿਣੇ ਜਾਣਗੇ, ਉਹ ਵਿਆਹ ਨਹੀਂ ਕਰਾਉਣਗੇ। ਅਸਲ ਵਿਚ, ਉਹ ਦੂਤਾਂ ਵਰਗੇ ਹੋਣ ਕਰਕੇ ਦੁਬਾਰਾ ਨਹੀਂ ਮਰਨਗੇ ਅਤੇ ਉਹ ਪਰਮੇਸ਼ੁਰ ਦੇ ਬੱਚੇ ਹੋਣਗੇ ਕਿਉਂਕਿ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।”ਲੂਕਾ 20:34-36.

ਸਾਡੇ ਪ੍ਰਕਾਸ਼ਨਾਂ ਵਿਚ ਇਹ ਕਿਉਂ ਕਿਹਾ ਗਿਆ ਹੈ ਕਿ ਯਿਸੂ ਸ਼ਾਇਦ ਧਰਤੀ ’ਤੇ ਦੁਬਾਰਾ ਜੀਉਂਦੇ ਕੀਤੇ ਜਾਣ ਵਾਲੇ ਲੋਕਾਂ ਦੀ ਗੱਲ ਕਰ ਰਿਹਾ ਸੀ? ਇਹ ਸਿੱਟਾ ਦੋ ਗੱਲਾਂ ਦੇ ਆਧਾਰ ’ਤੇ ਕੱਢਿਆ ਜਾ ਸਕਦਾ ਹੈ। ਪਹਿਲੀ ਗੱਲ, ਸਦੂਕੀ ਧਰਤੀ ’ਤੇ ਦੁਬਾਰਾ ਜੀਉਂਦੇ ਕੀਤੇ ਜਾਣ ਵਾਲੇ ਲੋਕਾਂ ਦੀ ਗੱਲ ਕਰ ਰਹੇ ਸਨ ਅਤੇ ਸ਼ਾਇਦ ਯਿਸੂ ਨੇ ਉਨ੍ਹਾਂ ਦੀ ਗੱਲ ਦਾ ਜਵਾਬ ਦਿੱਤਾ ਸੀ। ਦੂਜੀ, ਯਿਸੂ ਨੇ ਆਪਣੀ ਗੱਲ ਨੂੰ ਖ਼ਤਮ ਕਰਦਿਆਂ ਵਫ਼ਾਦਾਰ ਪੂਰਵਜਾਂ ਅਬਰਾਹਾਮ, ਇਸਹਾਕ ਤੇ ਯਾਕੂਬ ਦਾ ਜ਼ਿਕਰ ਕੀਤਾ ਸੀ ਜੋ ਧਰਤੀ ’ਤੇ ਦੁਬਾਰਾ ਜੀਉਂਦੇ ਕੀਤੇ ਜਾਣਗੇ।ਲੂਕਾ 20:37, 38.

ਪਰ ਲੱਗਦਾ ਹੈ ਕਿ ਯਿਸੂ ਇੱਥੇ ਸਵਰਗੀ ਜੀਵਨ ਪਾਉਣ ਵਾਲੇ ਲੋਕਾਂ ਬਾਰੇ ਗੱਲ ਕਰ ਰਿਹਾ ਸੀ। ਅਸੀਂ ਇਸ ਸਿੱਟੇ ’ਤੇ ਕਿੱਦਾਂ ਪਹੁੰਚ ਸਕਦੇ ਹਾਂ? ਆਓ ਆਪਾਂ ਦੋ ਖ਼ਾਸ ਗੱਲਾਂ ’ਤੇ ਗੌਰ ਕਰੀਏ ਜੋ ਯਿਸੂ ਨੇ ਜਵਾਬ ਦਿੰਦੇ ਹੋਏ ਕਹੀਆਂ ਸਨ।

‘ਜਿਹੜੇ ਦੁਬਾਰਾ ਜੀਉਂਦੇ ਹੋਣ ਅਤੇ ਜ਼ਿੰਦਗੀ ਪਾਉਣ ਦੇ ਯੋਗ ਗਿਣੇ ਜਾਣਗੇ।’ ਚੁਣੇ ਹੋਏ ਵਫ਼ਾਦਾਰ ਲੋਕ ‘ਪਰਮੇਸ਼ੁਰ ਦੇ ਰਾਜ ਵਿਚ ਜਾਣ ਦੇ ਯੋਗ ਗਿਣੇ ਗਏ ਹਨ।’ (2 ਥੱਸ. 1:5, 11) ਉਹ ਯਿਸੂ ਦੀ ਕੁਰਬਾਨੀ ਦੇ ਆਧਾਰ ’ਤੇ ਧਰਮੀ ਠਹਿਰਾਏ ਗਏ ਹਨ। ਇਸ ਲਈ ਜਦ ਉਹ ਮਰਦੇ ਹਨ, ਤਾਂ ਉਹ ਪਾਪੀਆਂ ਦੇ ਤੌਰ ’ਤੇ ਨਹੀਂ ਮਰਦੇ। (ਰੋਮੀ. 5:1, 18; 8:1) ਚੁਣੇ ਹੋਏ ਲੋਕਾਂ ਨੂੰ “ਖ਼ੁਸ਼ ਅਤੇ ਪਵਿੱਤਰ” ਕਿਹਾ ਗਿਆ ਹੈ ਅਤੇ ਉਹ ਸਵਰਗੀ ਜੀਵਨ ਪਾਉਣ ਦੇ ਯੋਗ ਗਿਣੇ ਜਾਂਦੇ ਹਨ। (ਪ੍ਰਕਾ. 20:5, 6) ਦੂਜੇ ਪਾਸੇ, ਜਿਹੜੇ ਧਰਤੀ ’ਤੇ ਦੁਬਾਰਾ ਜੀਉਂਦੇ ਕੀਤੇ ਜਾਣਗੇ, ਉਨ੍ਹਾਂ ਵਿਚ “ਕੁਧਰਮੀ” ਵੀ ਹੋਣਗੇ। (ਰਸੂ. 24:15) ਕੀ ਉਨ੍ਹਾਂ ਬਾਰੇ ਕਿਹਾ ਜਾ ਸਕਦਾ ਹੈ ਕਿ ਉਹ ਦੁਬਾਰਾ ਜੀਉਂਦੇ ਕੀਤੇ ਜਾਣ ਦੇ “ਯੋਗ ਗਿਣੇ” ਜਾਂਦੇ ਹਨ?

 ‘ਉਹ ਦੁਬਾਰਾ ਨਹੀਂ ਮਰਨਗੇ।’ ਪੰਜਾਬੀ ਦੀ ਇਕ ਹੋਰ ਬਾਈਬਲ ਵਿਚ ਕਿਹਾ ਗਿਆ ਹੈ: “ਓਹ ਫੇਰ ਮਰ ਵੀ ਨਹੀਂ ਸੱਕਦੇ।” ਚੁਣੇ ਹੋਏ ਵਫ਼ਾਦਾਰ ਲੋਕਾਂ ਨੂੰ ਦੁਬਾਰਾ ਜੀਉਂਦਾ ਕਰ ਕੇ ਸਵਰਗ ਵਿਚ ਅਮਰ ਜੀਵਨ ਦਿੱਤਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਉਹ ਸਦਾ ਲਈ ਜੀਉਣਗੇ ਤੇ ਉਨ੍ਹਾਂ ਨੂੰ ਕਦੀ ਵੀ ਖ਼ਤਮ ਨਹੀਂ ਕੀਤਾ ਜਾ ਸਕਦਾ। (1 ਕੁਰਿੰ. 15:53, 54) ਜਿਹੜੇ ਸਵਰਗੀ ਜੀਵਨ ਪਾਉਂਦੇ ਹਨ, ਉਨ੍ਹਾਂ ’ਤੇ ਮੌਤ ਦਾ ਕੋਈ ਵੱਸ ਨਹੀਂ ਚੱਲਦਾ। *

ਅਸੀਂ ਹੁਣ ਤਕ ਜਿੰਨੀ ਵੀ ਜਾਣਕਾਰੀ ’ਤੇ ਚਰਚਾ ਕੀਤੀ ਹੈ, ਉਸ ਦੇ ਆਧਾਰ ’ਤੇ ਅਸੀਂ ਕਿਸ ਸਿੱਟੇ ’ਤੇ ਪਹੁੰਚ ਸਕਦੇ ਹਾਂ? ਅਸੀਂ ਸਿੱਖਦੇ ਹਾਂ ਕਿ ਇਹ ਮੁਮਕਿਨ ਹੈ ਕਿ ਯਿਸੂ ਦੁਬਾਰਾ ਜੀਉਂਦੇ ਹੋ ਕੇ ਸਵਰਗ ਜਾਣ ਵਾਲੇ ਲੋਕਾਂ ਦੀ ਗੱਲ ਕਰ ਰਿਹਾ ਸੀ। ਜੇ ਇਸ ਤਰ੍ਹਾਂ ਹੈ, ਤਾਂ ਸਾਨੂੰ ਸਵਰਗ ਵਿਚ ਜੀਉਂਦੇ ਕੀਤੇ ਜਾਣ ਵਾਲੇ ਲੋਕਾਂ ਬਾਰੇ ਤਿੰਨ ਗੱਲਾਂ ਦਾ ਪਤਾ ਲੱਗਦਾ ਹੈ: ਉਹ ਵਿਆਹ ਨਹੀਂ ਕਰਾਉਂਦੇ, ਉਹ ਮਰ ਨਹੀਂ ਸਕਦੇ ਤੇ ਕੁਝ ਗੱਲਾਂ ਵਿਚ ਉਹ ਦੂਤਾਂ ਵਰਗੇ ਹਨ। ਪਰ ਜੇ ਯਿਸੂ ਸਵਰਗ ਜਾਣ ਵਾਲੇ ਲੋਕਾਂ ਦੀ ਗੱਲ ਕਰ ਰਿਹਾ ਸੀ, ਤਾਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਜਾਣਨੇ ਜ਼ਰੂਰੀ ਹਨ।

ਸਭ ਤੋਂ ਪਹਿਲਾਂ, ਯਿਸੂ ਨੇ ਸਦੂਕੀਆਂ ਨੂੰ ਜਵਾਬ ਦਿੰਦੇ ਸਮੇਂ ਸਵਰਗੀ ਜੀਵਨ ਪਾਉਣ ਵਾਲੇ ਲੋਕਾਂ ਦੀ ਗੱਲ ਕਿਉਂ ਕੀਤੀ ਸੀ, ਜਦ ਕਿ ਉਹ ਸ਼ਾਇਦ ਧਰਤੀ ’ਤੇ ਦੁਬਾਰਾ ਜੀਉਂਦੇ ਕੀਤੇ ਜਾਣ ਵਾਲੇ ਲੋਕਾਂ ਦੀ ਗੱਲ ਕਰ ਰਹੇ ਸਨ? ਯਿਸੂ ਹਮੇਸ਼ਾ ਆਪਣੇ ਵਿਰੋਧੀਆਂ ਨੂੰ ਉਨ੍ਹਾਂ ਦੀ ਸੋਚ ਮੁਤਾਬਕ ਜਵਾਬ ਨਹੀਂ ਦਿੰਦਾ ਸੀ। ਮਿਸਾਲ ਲਈ, ਜਦ ਯਹੂਦੀਆਂ ਨੇ ਯਿਸੂ ਨੂੰ ਕੋਈ ਚਮਤਕਾਰ ਦਿਖਾਉਣ ਲਈ ਕਿਹਾ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਇਸ ਮੰਦਰ ਨੂੰ ਢਾਹ ਦਿਓ ਅਤੇ ਮੈਂ ਤਿੰਨਾਂ ਦਿਨਾਂ ਵਿਚ ਇਸ ਨੂੰ ਦੁਬਾਰਾ ਖੜ੍ਹਾ ਕਰ ਦੇਵਾਂਗਾ।” ਯਿਸੂ ਜਾਣਦਾ ਸੀ ਕਿ ਉਹ ਯਰੂਸ਼ਲਮ ਦੇ ਮੰਦਰ ਬਾਰੇ ਸੋਚ ਰਹੇ ਸਨ, ਪਰ “ਉਹ ਇੱਥੇ ਮੰਦਰ ਦੀ ਨਹੀਂ, ਸਗੋਂ ਆਪਣੇ ਸਰੀਰ ਦੀ ਗੱਲ ਕਰ ਰਿਹਾ ਸੀ।” (ਯੂਹੰ. 2:18-21) ਸ਼ਾਇਦ ਯਿਸੂ ਨੂੰ ਲੱਗਾ ਹੋਣਾ ਕਿ ਉਸ ਨੂੰ ਸਦੂਕੀਆਂ ਨੂੰ ਜਵਾਬ ਦੇਣ ਦੀ ਲੋੜ ਨਹੀਂ ਸੀ ਜਿਨ੍ਹਾਂ ਦਾ ਇਰਾਦਾ ਜਵਾਬ ਜਾਣਨ ਦਾ ਨਹੀਂ ਸੀ ਕਿਉਂਕਿ ਉਹ ਯਕੀਨ ਨਹੀਂ ਰੱਖਦੇ ਸਨ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ ਅਤੇ ਦੂਤ ਹੁੰਦੇ ਹਨ। (ਕਹਾ. 23:9; ਮੱਤੀ 7:6; ਰਸੂ. 23:8) ਇਸ ਦੀ ਬਜਾਇ, ਸ਼ਾਇਦ ਯਿਸੂ ਨੇ ਆਪਣੇ ਚੇਲਿਆਂ ਨੂੰ ਸਵਰਗੀ ਜੀਵਨ ਪਾਉਣ ਵਾਲੇ ਲੋਕਾਂ ਬਾਰੇ ਕੁਝ ਗੱਲਾਂ ਦੱਸੀਆਂ ਸਨ ਜੋ ਯਿਸੂ ਤੋਂ ਸਿੱਖਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੂੰ ਸਵਰਗੀ ਜੀਵਨ ਪਾਉਣ ਦੀ ਉਮੀਦ ਮਿਲਣੀ ਸੀ।

ਦੂਜਾ, ਯਿਸੂ ਨੇ ਆਪਣੀ ਗੱਲਬਾਤ ਦੇ ਅਖ਼ੀਰ ਵਿਚ ਅਬਰਾਹਾਮ, ਇਸਹਾਕ ਤੇ ਯਾਕੂਬ ਦਾ ਜ਼ਿਕਰ ਕਿਉਂ ਕੀਤਾ ਸੀ ਜੋ ਧਰਤੀ ’ਤੇ ਦੁਬਾਰਾ ਜੀਉਂਦੇ ਕੀਤੇ ਜਾਣਗੇ? (ਮੱਤੀ 22:31, 32 ਪੜ੍ਹੋ।) ਇਨ੍ਹਾਂ ਵਫ਼ਾਦਾਰ ਲੋਕਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਯਿਸੂ ਨੇ ਕਿਹਾ ਸੀ: “ਜਿਹੜੇ ਲੋਕ ਦੁਬਾਰਾ ਜੀਉਂਦੇ ਕੀਤੇ ਜਾਣਗੇ।” ਲੱਗਦਾ ਹੈ ਕਿ ਇਹ ਕਹਿ ਕੇ ਉਸ ਨੇ ਗੱਲ ਨੂੰ ਸਵਰਗੀ ਜੀਵਨ ਪਾਉਣ ਵਾਲੇ ਲੋਕਾਂ ਤੋਂ ਧਰਤੀ ’ਤੇ ਦੁਬਾਰਾ ਜੀਉਂਦਾ ਕੀਤੇ ਜਾਣ ਵਾਲੇ ਲੋਕਾਂ ਵੱਲ ਮੋੜ ਦਿੱਤਾ ਸੀ। ਯਿਸੂ ਜਾਣਦਾ ਸੀ ਕਿ ਸਦੂਕੀ ਮੂਸਾ ਦੀਆਂ ਲਿਖਤਾਂ ’ਤੇ ਵਿਸ਼ਵਾਸ ਕਰਦੇ ਸਨ, ਇਸ ਲਈ ਉਸ ਨੇ ਬਲ਼ਦੀ ਝਾੜੀ ਦੇ ਬਿਰਤਾਂਤ ਵਿਚ ਮੂਸਾ ਨੂੰ ਕਹੇ ਪਰਮੇਸ਼ੁਰ ਦੇ ਸ਼ਬਦਾਂ ਦਾ ਹਵਾਲਾ ਦਿੱਤਾ। ਯਿਸੂ ਸਦੂਕੀਆਂ ਨੂੰ ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਧਰਤੀ ’ਤੇ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨਾ ਪਰਮੇਸ਼ੁਰ ਦਾ ਮਕਸਦ ਹੈ ਜੋ ਜ਼ਰੂਰ ਪੂਰਾ ਹੋਵੇਗਾ।ਕੂਚ 3:1-6.

ਤੀਜਾ, ਜੇਕਰ ਯਿਸੂ ਨੇ ਉਨ੍ਹਾਂ ਲੋਕਾਂ ਦੀ ਗੱਲ ਕੀਤੀ ਸੀ ਜੋ ਸਵਰਗੀ ਜੀਵਨ ਪਾਉਣਗੇ ਅਤੇ ਵਿਆਹ ਨਹੀਂ ਕਰਾਉਣਗੇ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਜਿਹੜੇ ਧਰਤੀ ’ਤੇ ਦੁਬਾਰਾ ਜੀਉਂਦੇ ਕੀਤੇ ਜਾਣਗੇ ਉਹ ਵਿਆਹ ਕਰਾਉਣਗੇ? ਪਰਮੇਸ਼ੁਰ ਦਾ ਬਚਨ ਇਸ ਦਾ ਕੋਈ ਜਵਾਬ ਨਹੀਂ ਦਿੰਦਾ। ਜੇਕਰ ਯਿਸੂ ਸੱਚ-ਮੁੱਚ ਸਵਰਗੀ ਜੀਵਨ ਪਾਉਣ ਵਾਲੇ ਲੋਕਾਂ ਦੀ ਗੱਲ ਕਰ ਰਿਹਾ ਸੀ, ਤਾਂ ਇਸ ਤੋਂ ਇਹ ਪਤਾ ਨਹੀਂ ਲੱਗਦਾ ਕਿ ਧਰਤੀ ’ਤੇ ਦੁਬਾਰਾ ਜੀਉਂਦੇ ਕੀਤੇ ਜਾਣ ਵਾਲੇ ਲੋਕ ਵਿਆਹ ਕਰਾ ਸਕਣਗੇ ਜਾਂ ਨਹੀਂ।

ਪਰ ਬਾਈਬਲ ਇਹ ਪੱਕਾ ਕਹਿੰਦੀ ਹੈ ਕਿ ਮੌਤ ਵਿਆਹੁਤਾ ਰਿਸ਼ਤੇ ਨੂੰ ਖ਼ਤਮ ਕਰ ਦਿੰਦੀ ਹੈ। ਜੇਕਰ ਕੋਈ ਆਪਣੇ ਜੀਵਨ ਸਾਥੀ ਦੀ ਮੌਤ ਤੋਂ ਬਾਅਦ ਵਿਆਹ ਕਰਾਉਣ ਦਾ ਫ਼ੈਸਲਾ ਕਰਦਾ ਹੈ, ਤਾਂ ਉਹ ਦੋਸ਼ੀ ਮਹਿਸੂਸ ਨਾ ਕਰੇ। ਇਹ ਹਰ ਕਿਸੇ ਦਾ ਆਪਣਾ ਫ਼ੈਸਲਾ ਹੈ। ਕਿਸੇ ਨੂੰ ਵੀ ਉਸ ਵਿਅਕਤੀ ਦੇ ਫ਼ੈਸਲੇ ਦੀ ਨੁਕਤਾਚੀਨੀ ਕਰਨ ਦਾ ਕੋਈ ਹੱਕ ਨਹੀਂ ਹੈ।ਰੋਮੀ. 7:2, 3; 1 ਕੁਰਿੰ. 7:39.

ਸ਼ਾਇਦ ਸਾਡੇ ਮਨ ਵਿਚ ਨਵੀਂ ਦੁਨੀਆਂ ਵਿਚ ਜ਼ਿੰਦਗੀ ਬਾਰੇ ਬਹੁਤ ਸਾਰੇ ਸਵਾਲ ਹੋਣ। ਆਪਣੇ ਵੱਲੋਂ ਅੰਦਾਜ਼ੇ ਲਾਉਣ ਦੀ ਬਜਾਇ ਸਾਨੂੰ ਨਵੀਂ ਦੁਨੀਆਂ ਦੀ ਉਡੀਕ ਕਰਨੀ ਚਾਹੀਦੀ ਹੈ। ਪਰ ਇਕ ਗੱਲ ਪੱਕੀ ਹੈ ਕਿ ਜਿਹੜੇ ਲੋਕ ਪਰਮੇਸ਼ੁਰ ਦੇ ਆਗਿਆਕਾਰ ਰਹਿੰਦੇ ਹਨ, ਉਹ ਖ਼ੁਸ਼ ਰਹਿਣਗੇ ਕਿਉਂਕਿ ਯਹੋਵਾਹ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਤੇ ਇੱਛਾਵਾਂ ਪੂਰੀਆਂ ਕਰੇਗਾ।ਜ਼ਬੂ. 145:16.

^ ਪੇਰਗ੍ਰੈਫ 4 ਪਹਿਰਾਬੁਰਜ 1 ਜੂਨ 1987 (ਅੰਗ੍ਰੇਜ਼ੀ), ਸਫ਼ੇ 30-31 ਦੇਖੋ।

^ ਪੇਰਗ੍ਰੈਫ 5 ਬਾਈਬਲ ਦੇ ਜ਼ਮਾਨੇ ਵਿਚ ਇਕ ਰਿਵਾਜ ਹੁੰਦਾ ਸੀ ਕਿ ਜੇ ਕੋਈ ਵਿਅਕਤੀ ਪੁੱਤਰ ਪੈਦਾ ਕੀਤੇ ਬਿਨਾਂ ਮਰ ਜਾਂਦਾ ਸੀ, ਤਾਂ ਉਸ ਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰਾਉਂਦਾ ਸੀ ਤਾਂਕਿ ਆਪਣੇ ਭਰਾ ਦੇ ਵੰਸ ਨੂੰ ਅੱਗੇ ਤੋਰਨ ਲਈ ਔਲਾਦ ਪੈਦਾ ਕਰ ਸਕੇ।ਉਤ. 38:8; ਬਿਵ. 25:5, 6.

^ ਪੇਰਗ੍ਰੈਫ 9 ਜਿਹੜੇ ਲੋਕ ਧਰਤੀ ’ਤੇ ਦੁਬਾਰਾ ਜੀਉਂਦੇ ਕੀਤੇ ਜਾਣਗੇ ਉਹ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ, ਨਾ ਕਿ ਅਮਰ ਜੀਵਨ। ਹਮੇਸ਼ਾ ਦੀ ਜ਼ਿੰਦਗੀ ਅਤੇ ਅਮਰ ਜੀਵਨ ਵਿਚ ਫ਼ਰਕ ਦੇਖਣ ਲਈ ਪਹਿਰਾਬੁਰਜ 1 ਅਪ੍ਰੈਲ 1984 (ਅੰਗ੍ਰੇਜ਼ੀ), ਸਫ਼ੇ 30-31 ਦੇਖੋ।