Skip to content

Skip to table of contents

 ਇਤਿਹਾਸ ਦੇ ਪੰਨਿਆਂ ਤੋਂ

“ਯੂਰੀਕਾ ਡਰਾਮੇ” ਰਾਹੀਂ ਬਹੁਤ ਸਾਰੇ ਲੋਕਾਂ ਨੂੰ ਸੱਚਾਈ ਲੱਭੀ

“ਯੂਰੀਕਾ ਡਰਾਮੇ” ਰਾਹੀਂ ਬਹੁਤ ਸਾਰੇ ਲੋਕਾਂ ਨੂੰ ਸੱਚਾਈ ਲੱਭੀ

19ਵੀਂ ਸਦੀ ਵਿਚ ਲੋਕ ਅਮਰੀਕਾ ਦੇ ਕੈਲੇਫ਼ੋਰਨੀਆ ਰਾਜ ਵਿਚ ਸੋਨੇ ਦੀ ਤਲਾਸ਼ ਵਿਚ ਜਾਂਦੇ ਸਨ। ਜਦੋਂ ਕਿਸੇ ਨੂੰ ਖਾਣ ਵਿੱਚੋਂ ਸੋਨਾ ਲੱਭ ਜਾਂਦਾ ਸੀ, ਤਾਂ ਉਹ ਖ਼ੁਸ਼ੀ ਨਾਲ ਕਹਿੰਦਾ ਸੀ, “ਯੂਰੀਕਾ।” ਇਸ ਸ਼ਬਦ ਦਾ ਮਤਲਬ ਹੈ “ਮੈਨੂੰ ਲੱਭ ਗਿਆ!” ਪਰ ਚਾਰਲਜ਼ ਟੇਜ਼ ਰਸਲ ਤੇ ਹੋਰ ਬਾਈਬਲ ਸਟੂਡੈਂਟਸ ਨੂੰ ਸੋਨੇ ਨਾਲੋਂ ਵੀ ਜ਼ਿਆਦਾ ਕੀਮਤੀ ਚੀਜ਼ ਲੱਭੀ। ਉਹ ਸੀ ਬਾਈਬਲ ਦੀ ਸੱਚਾਈ। ਉਹ ਦੂਸਰਿਆਂ ਨੂੰ ਵੀ ਇਸ ਬਾਰੇ ਦੱਸਣ ਲਈ ਉਤਾਵਲੇ ਸਨ।

1914 ਦੀਆਂ ਗਰਮੀਆਂ ਦੇ ਸ਼ੁਰੂ ਹੋਣ ਤਕ ਵੱਡੇ-ਵੱਡੇ ਸ਼ਹਿਰਾਂ ਵਿਚ ਲੱਖਾਂ ਲੋਕ ਅੱਠ ਘੰਟੇ ਲੰਬਾ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਦੇਖ ਚੁੱਕੇ ਸਨ ਜੋ ਇੰਟਰਨੈਸ਼ਨਲ ਬਾਈਬਲ ਸਟੂਡੈਂਟਸ ਐਸੋਸੀਏਸ਼ਨ (ਆਈ. ਬੀ. ਐੱਸ. ਏ.) ਨੇ ਤਿਆਰ ਕੀਤਾ ਸੀ। ਬਾਈਬਲ ’ਤੇ ਆਧਾਰਿਤ ਇਸ ਡਰਾਮੇ ਵਿਚ ਛੋਟੀਆਂ-ਛੋਟੀਆਂ ਫ਼ਿਲਮਾਂ, ਰੰਗਦਾਰ ਤਸਵੀਰਾਂ ਦੀਆਂ ਸਲਾਈਡਾਂ, ਦਿਲਚਸਪ ਕਹਾਣੀ ਤੇ ਸੋਹਣੇ ਸੰਗੀਤ ਦੀ ਮਦਦ ਨਾਲ ਦਰਸ਼ਕਾਂ ਨੂੰ ਬ੍ਰਹਿਮੰਡ ਦੀ ਸ੍ਰਿਸ਼ਟੀ ਤੋਂ ਲੈ ਕੇ ਯਿਸੂ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੇ ਅੰਤ ਤਕ ਦੇ ਸਮੇਂ ਦੀ ਝਲਕ ਦਿਖਾਈ ਗਈ ਸੀ।ਪ੍ਰਕਾ. 20:4. *

ਪਰ ਛੋਟੇ ਸ਼ਹਿਰਾਂ ਤੇ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਬਾਰੇ ਕੀ? ਸੱਚਾਈ ਦੀ ਤਲਾਸ਼ ਕਰ ਰਹੇ ਲੋਕਾਂ ਤਕ ਬਾਈਬਲ ਦਾ ਸੰਦੇਸ਼ ਪਹੁੰਚਾਉਣ ਲਈ ਆਈ. ਬੀ. ਐੱਸ. ਏ. ਨੇ ਅਗਸਤ 1914 ਵਿਚ “ਫੋਟੋ-ਡਰਾਮਾ” ਨੂੰ ਛੋਟਾ ਕਰ ਕੇ “ਯੂਰੀਕਾ ਡਰਾਮਾ” ਤਿਆਰ ਕੀਤਾ। ਇਸ ਡਰਾਮੇ ਦੇ ਸੈੱਟ ਨੂੰ ਆਸਾਨੀ ਨਾਲ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਇਆ ਜਾ ਸਕਦਾ ਸੀ। ਇਸ ਡਰਾਮੇ ਵਿਚ ਫ਼ਿਲਮਾਂ ਨਹੀਂ ਸਨ। ਇਹ ਯੂਰੀਕਾ ਡਰਾਮਾ ਤਿੰਨ ਤਰ੍ਹਾਂ ਦਾ ਸੀ ਤੇ ਇਹ ਕਈ ਭਾਸ਼ਾਵਾਂ ਵਿਚ ਉਪਲਬਧ ਸੀ। ਪਹਿਲਾ ਸੀ “ਯੂਰੀਕਾ X” ਜਿਸ ਵਿਚ ਪੂਰੀ ਕਹਾਣੀ ਤੇ ਸੰਗੀਤ ਸੀ। ਦੂਸਰਾ, “ਯੂਰੀਕਾ Y” ਵਿਚ ਪੂਰੀ ਕਹਾਣੀ, ਸੰਗੀਤ ਤੇ ਰੰਗਦਾਰ ਤਸਵੀਰਾਂ ਦੀਆਂ ਸਲਾਈਡਾਂ ਸਨ। ਤੀਸਰਾ, ਘਰ ਵਿਚ ਇਸਤੇਮਾਲ ਕਰਨ ਲਈ “ਯੂਰੀਕਾ ਪਰਿਵਾਰਕ ਡਰਾਮਾ” ਤਿਆਰ ਕੀਤਾ ਗਿਆ ਜਿਸ ਵਿਚ ਕਹਾਣੀ ਦੇ ਚੁਣੇ ਹੋਏ ਹਿੱਸੇ ਤੇ ਭਜਨ ਸਨ। ਇਨ੍ਹਾਂ ਵਾਸਤੇ ਸਸਤੇ ਫੋਨੋਗ੍ਰਾਫ ਤੇ ਪ੍ਰੋਜੈਕਟਰ ਵੀ ਖ਼ਰੀਦੇ ਜਾ ਸਕਦੇ ਸਨ।

ਰੰਗਦਾਰ ਤਸਵੀਰਾਂ ਦੀਆਂ ਸਲਾਈਡਾਂ ਦਿਖਾਉਣ ਲਈ ਪ੍ਰੋਜੈਕਟਰ ਇਸਤੇਮਾਲ ਕੀਤਾ ਜਾਂਦਾ ਸੀ

ਇਸ ਵਾਸਤੇ ਫ਼ਿਲਮ ਪ੍ਰੋਜੈਕਟਰ ਜਾਂ ਵੱਡੀ ਸਕ੍ਰੀਨ ਦੀ ਲੋੜ ਨਹੀਂ ਸੀ ਜਿਸ ਕਰਕੇ ਬਾਈਬਲ ਸਟੂਡੈਂਟਸ ਇਸ ਨੂੰ ਪੇਂਡੂ ਇਲਾਕਿਆਂ ਵਿਚ ਵੀ ਦਿਖਾ ਕੇ ਨਵੇਂ-ਨਵੇਂ ਇਲਾਕਿਆਂ ਵਿਚ ਰਾਜ ਦਾ ਸੰਦੇਸ਼ ਪਹੁੰਚਾ ਸਕੇ। ਆਵਾਜ਼ ਵਾਲਾ “ਯੂਰੀਕਾ X” ਡਰਾਮਾ ਦਿਨੇ ਜਾਂ ਰਾਤ ਨੂੰ ਚਲਾਇਆ ਜਾ ਸਕਦਾ ਸੀ। “ਯੂਰੀਕਾ Y” ਵਾਸਤੇ ਸਲਾਈਡ ਪ੍ਰੋਜੈਕਟਰ ਲਈ ਬਿਜਲੀ ਦੀ ਲੋੜ ਨਹੀਂ ਸੀ, ਇਸ ਵਿਚ ਐਸਟਿਲੀਨ ਗੈਸ ਨਾਲ ਬਲਣ ਵਾਲਾ ਲੈਂਪ ਇਸਤੇਮਾਲ ਕੀਤਾ ਜਾ ਸਕਦਾ ਸੀ। ਫਿਨੀ ਭਾਸ਼ਾ ਦੇ ਪਹਿਰਾਬੁਰਜ ਵਿਚ ਇਕ ਰਿਪੋਰਟ ਵਿਚ ਕਿਹਾ ਗਿਆ: “ਅਸੀਂ ਇਹ ਤਸਵੀਰਾਂ ਕਿਤੇ ਵੀ ਦਿਖਾ ਸਕਦੇ ਹਾਂ।” ਇਹ ਗੱਲ ਬਿਲਕੁਲ ਸੱਚ ਸੀ!

ਕਈ ਬਾਈਬਲ ਸਟੂਡੈਂਟਸ ਡਰਾਮਾ ਦਿਖਾਉਣ ਲਈ ਵੱਡੇ-ਵੱਡੇ ਥੀਏਟਰ ਕਿਰਾਏ ’ਤੇ ਲੈਣ ਦੀ ਬਜਾਇ ਅਕਸਰ ਅਜਿਹੀਆਂ ਥਾਵਾਂ ਦੀ ਭਾਲ ਕਰਦੇ ਸਨ ਜਿਨ੍ਹਾਂ ਵਾਸਤੇ ਕਿਰਾਇਆ ਨਹੀਂ ਦੇਣਾ ਪੈਂਦਾ ਸੀ,  ਜਿਵੇਂ ਕਿ ਸਕੂਲ, ਕਚਹਿਰੀਆਂ, ਰੇਲਵੇ ਸਟੇਸ਼ਨ ਤੇ ਵੱਡੇ-ਵੱਡੇ ਘਰਾਂ ਦੀਆਂ ਬੈਠਕਾਂ। ਕਈ ਥਾਵਾਂ ’ਤੇ ਦਾਣਿਆਂ ਵਾਲੇ ਕੋਠੇ ਦੀ ਬਾਹਰਲੀ ਕੰਧ ਉੱਤੇ ਇਕ ਵੱਡੀ ਚਿੱਟੀ ਚਾਦਰ ਤਾਣ ਕੇ ਡਰਾਮਾ ਦਿਖਾਇਆ ਜਾਂਦਾ ਸੀ। ਭਰਾ ਐਂਟਨੀ ਹੈਮਬੁੱਕ ਨੇ ਲਿਖਿਆ: “ਕਿਸਾਨ ਆਪਣੇ ਫਲਾਂ ਦੇ ਬਾਗ਼ ਵਿਚ ਦਰਖ਼ਤਾਂ ਦੇ ਵੱਡੇ-ਵੱਡੇ ਤਣੇ ਰੱਖ ਦਿੰਦੇ ਸਨ ਜਿਨ੍ਹਾਂ ਉੱਤੇ ਬੈਠ ਕੇ ਲੋਕ ਪ੍ਰੋਗ੍ਰਾਮ ਦਾ ਆਨੰਦ ਮਾਣਦੇ ਸਨ।” ਭਰਾ ਹੈਮਬੁੱਕ ਦੀ “ਯੂਰੀਕਾ” ਟੀਮ ਆਪਣਾ ਪੂਰਾ ਸਾਜ਼-ਸਾਮਾਨ, ਬਕਸੇ, ਤੰਬੂ ਲਾਉਣ ਤੇ ਖਾਣਾ ਪਕਾਉਣ ਦਾ ਸਾਮਾਨ ਘੋੜਾ ਗੱਡੀ ’ਤੇ ਲੈ ਕੇ ਜਾਂਦੀ ਸੀ।

ਕਈ ਜਗ੍ਹਾ “ਯੂਰੀਕਾ” ਡਰਾਮੇ ਨੂੰ ਕੁਝ ਲੋਕਾਂ ਨੇ ਦੇਖਿਆ ਤੇ ਕਈ ਜਗ੍ਹਾ ਸੈਂਕੜੇ ਲੋਕਾਂ ਨੇ। ਅਮਰੀਕਾ ਵਿਚ 150 ਦੀ ਆਬਾਦੀ ਵਾਲੇ ਇਕ ਕਸਬੇ ਵਿਚ 400 ਜਣਿਆਂ ਨੇ ਇਹ ਡਰਾਮਾ ਦੇਖਿਆ। ਇਕ ਹੋਰ ਜਗ੍ਹਾ ਕੁਝ ਲੋਕ “ਯੂਰੀਕਾ ਡਰਾਮਾ” ਦੇਖਣ 8 ਕਿਲੋਮੀਟਰ (5 ਮੀਲ) ਤੁਰ ਕੇ ਆਏ। ਸਵੀਡਨ ਵਿਚ ਸ਼ਾਰਲੋਟ ਓਲਬਰਗ ਦੇ ਛੋਟੇ ਜਿਹੇ ਘਰ ਵਿਚ ਉਸ ਦੇ ਗੁਆਂਢੀ ਇਕੱਠੇ ਹੋਏ। ਡਰਾਮੇ ਦੀ ਕਹਾਣੀ ਤੇ ਸੰਗੀਤ ਨੇ ਉਨ੍ਹਾਂ ਦੇ “ਦਿਲਾਂ ਨੂੰ ਛੂਹ ਲਿਆ।” ਆਸਟ੍ਰੇਲੀਆ ਦੇ ਇਕ ਸ਼ਹਿਰ ਵਿਚ ਖਾਣ ਵਿਚ ਕੰਮ ਕਰਨ ਵਾਲੇ ਲੋਕ ਰਹਿੰਦੇ ਸਨ। ਉੱਥੇ ਲਗਭਗ 1500 ਜਣੇ ਡਰਾਮਾ ਦੇਖਣ ਆਏ। ਪਹਿਰਾਬੁਰਜ ਵਿਚ ਰਿਪੋਰਟ ਦਿੱਤੀ ਗਈ ਕਿ ਹਾਈ ਸਕੂਲਾਂ ਤੇ ਕਾਲਜਾਂ ਵਿਚ ‘ਤਸਵੀਰਾਂ ਦੇਖ ਕੇ ਅਤੇ ਫੋਨੋਗ੍ਰਾਫ ਉੱਤੇ ਵਧੀਆ ਕਹਾਣੀ ਤੇ ਸੰਗੀਤ ਸੁਣ ਕੇ ਪ੍ਰੋਫ਼ੈਸਰ ਤੇ ਵਿਦਿਆਰਥੀ ਬਹੁਤ ਪ੍ਰਭਾਵਿਤ ਹੋਏ।’ ਜਿਨ੍ਹਾਂ ਥਾਵਾਂ ’ਤੇ ਸਿਨਮਾ ਘਰ ਸਨ, ਉੱਥੇ ਵੀ ਬਹੁਤ ਸਾਰੇ ਲੋਕ “ਯੂਰੀਕਾ ਡਰਾਮਾ” ਦੇਖਣ ਆਉਂਦੇ ਸਨ।

ਸੱਚਾਈ ਦਾ ਗਿਆਨ ਲੈਣ ਵਿਚ ਮਦਦ

ਬਾਈਬਲ ਸਟੂਡੈਂਟਸ ਦੀਆਂ ਕਲਾਸਾਂ ਯਾਨੀ ਮੰਡਲੀਆਂ ਭਰਾਵਾਂ ਨੂੰ ਅਲੱਗ-ਅਲੱਗ ਥਾਵਾਂ ’ਤੇ ਘੱਲਦੀਆਂ ਸਨ ਜਿੱਥੇ ਭਰਾ ਭਾਸ਼ਣ ਦੇ ਕੇ ਅਤੇ “ਯੂਰੀਕਾ” ਡਰਾਮਾ ਦਿਖਾ ਕੇ ਨਵੀਆਂ ਸਟੱਡੀ ਕਲਾਸਾਂ ਸ਼ੁਰੂ ਕਰਦੇ ਸਨ। ਇਹ ਦੱਸਣਾ ਮੁਸ਼ਕਲ ਹੈ ਕਿ ਕੁੱਲ ਕਿੰਨੇ ਲੋਕਾਂ ਨੇ “ਯੂਰੀਕਾ ਡਰਾਮਾ” ਦੇਖਿਆ ਸੀ। “ਡਰਾਮੇ” ਦੇ ਕਈ ਸੈੱਟ ਲਗਾਤਾਰ ਇਸਤੇਮਾਲ ਹੋ ਰਹੇ ਸਨ। ਪਰ 1915 ਵਿਚ ਡਰਾਮਾ ਦਿਖਾਉਣ ਵਾਲੀਆਂ 86 ਟੀਮਾਂ ਵਿੱਚੋਂ ਸਿਰਫ਼ 14 ਟੀਮਾਂ ਹੀ ਲਗਾਤਾਰ ਰਿਪੋਰਟਾਂ ਘੱਲ ਰਹੀਆਂ ਸਨ। ਭਾਵੇਂ ਕੁੱਲ ਗਿਣਤੀ ਪਤਾ ਨਹੀਂ ਸੀ, ਫਿਰ ਵੀ ਸਾਲ ਦੇ ਅਖ਼ੀਰ ਵਿਚ ਇਕ ਰਿਪੋਰਟ ਵਿਚ ਕਿਹਾ ਗਿਆ ਕਿ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਹ ਡਰਾਮਾ ਦੇਖਿਆ ਸੀ। ਡਰਾਮੇ ਤੋਂ ਬਾਅਦ ਲਗਭਗ 30,000 ਲੋਕਾਂ ਨੇ ਬਾਈਬਲ-ਆਧਾਰਿਤ ਪ੍ਰਕਾਸ਼ਨ ਮੰਗੇ।

ਭਾਵੇਂ “ਯੂਰੀਕਾ ਡਰਾਮਾ” ਕੋਈ ਇਤਿਹਾਸਕ ਘਟਨਾ ਨਹੀਂ ਸੀ, ਫਿਰ ਵੀ ਆਸਟ੍ਰੇਲੀਆ ਤੋਂ ਲੈ ਕੇ ਅਰਜਨਟੀਨਾ ਤਕ, ਦੱਖਣੀ ਅਫ਼ਰੀਕਾ ਤੋਂ ਲੈ ਕੇ ਬ੍ਰਿਟਿਸ਼ ਟਾਪੂਆਂ ਤਕ, ਭਾਰਤ ਤੇ ਕੈਰਿਬੀ ਟਾਪੂਆਂ ਦੇ ਲੱਖਾਂ ਲੋਕਾਂ ਨੇ ਇਹ ਅਨੋਖਾ ਡਰਾਮਾ ਦੇਖਿਆ ਸੀ। ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਬਾਈਬਲ ਦੀ ਸੱਚਾਈ ਲੱਭੀ ਜੋ ਸੋਨੇ ਨਾਲੋਂ ਵੀ ਕਿਤੇ ਜ਼ਿਆਦਾ ਕੀਮਤੀ ਹੈ ਤੇ ਉਹ ਕਹਿ ਸਕੇ “ਯੂਰੀਕਾ!”

^ ਪੇਰਗ੍ਰੈਫ 4 ਪਹਿਰਾਬੁਰਜ 15 ਫਰਵਰੀ 2014, ਸਫ਼ੇ 30-32 ਉੱਤੇ ਲੇਖ “ਇਤਿਹਾਸ ਦੇ ਪੰਨਿਆਂ ਤੋਂ—ਨਿਹਚਾ ਤਕੜੀ ਕਰਨ ਵਾਲੀ 100 ਸਾਲ ਪੁਰਾਣੀ ਫ਼ਿਲਮ” ਦੇਖੋ।