Skip to content

Skip to table of contents

ਕੀ ਤੁਹਾਨੂੰ “ਸਹੀ ਸਮੇਂ ਤੇ ਭੋਜਨ” ਮਿਲ ਰਿਹਾ ਹੈ?

ਕੀ ਤੁਹਾਨੂੰ “ਸਹੀ ਸਮੇਂ ਤੇ ਭੋਜਨ” ਮਿਲ ਰਿਹਾ ਹੈ?

ਅਸੀਂ ਮਨੁੱਖੀ ਇਤਿਹਾਸ ਦੇ ਸਭ ਤੋਂ ਔਖੇ ਸਮੇਂ ਵਿਚ ਰਹਿ ਰਹੇ ਹਾਂ। (2 ਤਿਮੋ. 3:1-5) ਹਰ ਰੋਜ਼ ਸਾਡੀ ਪਰਖ ਹੁੰਦੀ ਹੈ ਕਿ ਅਸੀਂ ਯਹੋਵਾਹ ਨੂੰ ਕਿੰਨਾ ਕੁ ਪਿਆਰ ਕਰਦੇ ਹਾਂ ਅਤੇ ਉਸ ਦੇ ਧਰਮੀ ਅਸੂਲਾਂ ਦੇ ਮੁਤਾਬਕ ਜੀਉਣ ਦਾ ਸਾਡਾ ਇਰਾਦਾ ਕਿੰਨਾ ਕੁ ਪੱਕਾ ਹੈ। ਯਿਸੂ ਜਾਣਦਾ ਸੀ ਕਿ ਇਹ ਸਮਾਂ ਬਹੁਤ ਔਖਾ ਹੋਵੇਗਾ। ਇਸ ਲਈ ਉਸ ਨੇ ਆਪਣੇ ਚੇਲਿਆਂ ਨੂੰ ਯਕੀਨ ਦਿਵਾਇਆ ਕਿ ਅੰਤ ਤਕ ਵਫ਼ਾਦਾਰ ਰਹਿਣ ਲਈ ਉਨ੍ਹਾਂ ਨੂੰ ਹੌਸਲਾ ਦਿੱਤਾ ਜਾਵੇਗਾ। (ਮੱਤੀ 24:3, 13; 28:20) ਉਨ੍ਹਾਂ ਨੂੰ ਸੱਚਾਈ ਵਿਚ ਮਜ਼ਬੂਤ ਕਰਨ ਲਈ ਉਸ ਨੇ ਵਫ਼ਾਦਾਰ ਨੌਕਰ ਨੂੰ ਨਿਯੁਕਤ ਕੀਤਾ ਤਾਂਕਿ ਉਹ ਉਨ੍ਹਾਂ ਨੂੰ “ਸਹੀ ਸਮੇਂ ਤੇ ਭੋਜਨ ਦੇਵੇ।”ਮੱਤੀ 24:45, 46.

1919 ਵਿਚ ਨਿਯੁਕਤ ਹੋਣ ਤੋਂ ਬਾਅਦ ਵਫ਼ਾਦਾਰ ਨੌਕਰ ਸਾਰੀਆਂ ਭਾਸ਼ਾਵਾਂ ਵਿੱਚੋਂ ਲੱਖਾਂ “ਨੌਕਰਾਂ-ਚਾਕਰਾਂ” ਨੂੰ ਪਰਮੇਸ਼ੁਰ ਦੇ ਸੰਗਠਨ ਵਿਚ ਇਕੱਠਾ ਕਰ ਕੇ ਉਨ੍ਹਾਂ ਨੂੰ ਪਰਮੇਸ਼ੁਰ ਦਾ ਗਿਆਨ ਦੇ ਰਿਹਾ ਹੈ। (ਮੱਤੀ 24:14; ਪ੍ਰਕਾ. 22:17) ਪਰ ਸਾਰੀਆਂ ਭਾਸ਼ਾਵਾਂ ਵਿਚ ਇੱਕੋ ਜਿੰਨਾ ਗਿਆਨ ਉਪਲਬਧ ਨਹੀਂ ਹੈ ਅਤੇ ਸਾਰੇ ਜਣੇ ਕੰਪਿਊਟਰ, ਫ਼ੋਨ ਜਾਂ ਟੈਬਲੇਟ ਉੱਤੇ ਸਾਡੇ ਪ੍ਰਕਾਸ਼ਨ ਨਹੀਂ ਪੜ੍ਹ ਸਕਦੇ। ਮਿਸਾਲ ਲਈ, ਜਿਹੜੇ ਲੇਖ ਤੇ ਵੀਡੀਓ ਸਿਰਫ਼ jw.org ’ਤੇ ਪਾਏ ਜਾਂਦੇ ਹਨ, ਉਨ੍ਹਾਂ ਨੂੰ ਬਹੁਤ ਸਾਰੇ ਲੋਕ ਪੜ੍ਹ ਜਾਂ ਦੇਖ ਨਹੀਂ ਸਕਦੇ। ਕੀ ਇਸ ਦਾ ਇਹ ਮਤਲਬ ਹੈ ਕਿ ਕੁਝ ਜਣਿਆਂ ਨੂੰ ਸੱਚਾਈ ਵਿਚ ਮਜ਼ਬੂਤ ਰਹਿਣ ਲਈ ਪੂਰਾ ਗਿਆਨ ਨਹੀਂ ਮਿਲ ਰਿਹਾ ਹੈ? ਸਹੀ ਨਤੀਜੇ ’ਤੇ ਪਹੁੰਚਣ ਲਈ ਆਓ ਆਪਾਂ ਚਾਰ ਅਹਿਮ ਸਵਾਲਾਂ ’ਤੇ ਗੌਰ ਕਰੀਏ।

 1. ਯਹੋਵਾਹ ਮੁੱਖ ਤੌਰ ’ਤੇ ਗਿਆਨ ਕਿੱਥੋਂ ਦਿੰਦਾ ਹੈ?

ਜਦ ਸ਼ੈਤਾਨ ਨੇ ਯਿਸੂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਪੱਥਰਾਂ ਨੂੰ ਰੋਟੀਆਂ ਵਿਚ ਬਦਲ ਦੇਵੇ, ਤਾਂ ਯਿਸੂ ਨੇ ਜਵਾਬ ਦਿੱਤਾ: “ਇਨਸਾਨ ਨੂੰ ਜੀਉਂਦਾ ਰਹਿਣ ਵਾਸਤੇ ਸਿਰਫ਼ ਰੋਟੀ ਦੀ ਹੀ ਲੋੜ ਨਹੀਂ, ਸਗੋਂ ਯਹੋਵਾਹ ਦੇ ਮੂੰਹੋਂ ਨਿਕਲੇ ਹਰ ਬਚਨ ਦੀ ਲੋੜ ਹੈ।” (ਮੱਤੀ 4:3, 4) ਬਾਈਬਲ ਵਿਚ ਯਹੋਵਾਹ ਦੇ ਸ਼ਬਦ ਲਿਖੇ ਹੋਏ ਹਨ। (2 ਪਤ. 1:20, 21) ਇਸ ਕਰਕੇ ਯਹੋਵਾਹ ਮੁੱਖ ਤੌਰ ’ਤੇ ਬਾਈਬਲ ਤੋਂ ਗਿਆਨ ਦਿੰਦਾ ਹੈ।2 ਤਿਮੋ. 3:16, 17.

ਯਹੋਵਾਹ ਦੇ ਸੰਗਠਨ ਨੇ ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਉਪਲਬਧ ਕਰਵਾਇਆ ਹੈ। ਇਹ ਪੂਰੀ ਬਾਈਬਲ ਜਾਂ ਇਸ ਦਾ ਕੁਝ ਹਿੱਸਾ 120 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹੈ ਅਤੇ ਹਰ ਸਾਲ ਹੋਰ ਭਾਸ਼ਾਵਾਂ ਵਿਚ ਇਸ ਦਾ ਤਰਜਮਾ ਹੋ ਰਿਹਾ ਹੈ। ਨਵੀਂ ਦੁਨੀਆਂ ਅਨੁਵਾਦ ਤੋਂ ਇਲਾਵਾ ਹੋਰ ਬਾਈਬਲਾਂ ਦੀਆਂ ਅਰਬਾਂ ਕਾਪੀਆਂ ਹਜ਼ਾਰਾਂ ਭਾਸ਼ਾਵਾਂ ਵਿਚ ਉਪਲਬਧ ਹਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਯਹੋਵਾਹ ਦੀ ਇੱਛਾ ਹੈ ਕਿ “ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।” (1 ਤਿਮੋ. 2:3, 4) ਨਾਲੇ “ਸ੍ਰਿਸ਼ਟੀ ਦੀ ਕੋਈ ਵੀ ਚੀਜ਼ [ਯਹੋਵਾਹ] ਦੀਆਂ ਨਜ਼ਰਾਂ ਤੋਂ ਲੁਕੀ ਹੋਈ ਨਹੀਂ ਹੈ।” ਇਸ ਲਈ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਜਿਹੜੇ ਲੋਕ “ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ,” ਉਹ ਉਨ੍ਹਾਂ ਨੂੰ ਆਪਣੇ ਸੰਗਠਨ ਵਿਚ ਲਿਆ ਕੇ ਆਪਣਾ ਗਿਆਨ ਦੇਵੇਗਾ।ਇਬ. 4:13; ਮੱਤੀ 5:3, 6; ਯੂਹੰ. 6:44; 10:14.

2. ਸਾਡੇ ਪ੍ਰਕਾਸ਼ਨ ਪਰਮੇਸ਼ੁਰੀ ਗਿਆਨ ਦੇਣ ਵਿਚ ਕਿਵੇਂ ਮਦਦ ਕਰਦੇ ਹਨ?

ਆਪਣੀ ਨਿਹਚਾ ਮਜ਼ਬੂਤ ਕਰਨ ਲਈ ਇਕ ਇਨਸਾਨ ਨੂੰ ਬਾਈਬਲ ਪੜ੍ਹਨ ਦੇ ਨਾਲ-ਨਾਲ ਇਸ ਨੂੰ ਸਮਝਣਾ ਵੀ ਚਾਹੀਦਾ ਹੈ ਅਤੇ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਵੀ ਕਰਨਾ ਚਾਹੀਦਾ ਹੈ। (ਯਾਕੂ. 1:22-25) ਪਹਿਲੀ ਸਦੀ ਵਿਚ ਇਥੋਪੀਆਈ ਅਫ਼ਸਰ ਨੂੰ ਵੀ ਇੱਦਾਂ ਹੀ ਕਰਨ ਦੀ ਲੋੜ ਸੀ। ਜਦ ਉਹ ਪਰਮੇਸ਼ੁਰ ਦਾ ਬਚਨ ਪੜ੍ਹ ਰਿਹਾ ਸੀ, ਤਾਂ ਫ਼ਿਲਿੱਪੁਸ ਨਾਂ ਦੇ ਪ੍ਰਚਾਰਕ ਨੇ ਉਸ ਨੂੰ ਪੁੱਛਿਆ: “ਜੋ ਤੂੰ ਪੜ੍ਹ ਰਿਹਾ ਹੈਂ, ਕੀ ਉਹ ਤੈਨੂੰ ਸਮਝ ਆਉਂਦਾ ਹੈ?” ਅਫ਼ਸਰ ਨੇ ਜਵਾਬ ਦਿੱਤਾ: “ਜਦ ਤਕ ਕੋਈ ਮੈਨੂੰ ਨਾ ਸਮਝਾਵੇ, ਤਾਂ ਮੈਨੂੰ ਕਿਵੇਂ ਸਮਝ ਆਵੇਗਾ?” (ਰਸੂ. 8:26-31) ਫ਼ਿਲਿੱਪੁਸ ਨੇ ਉਸ ਅਫ਼ਸਰ ਦੀ ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਲੈਣ ਵਿਚ ਮਦਦ ਕੀਤੀ। ਫਿਰ ਅਫ਼ਸਰ ਨੇ ਜੋ ਵੀ ਸਿੱਖਿਆ ਉਹ ਉਸ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਬਪਤਿਸਮਾ ਲੈ ਲਿਆ। (ਰਸੂ. 8:32-38) ਇਸੇ ਤਰ੍ਹਾਂ ਅੱਜ ਸਾਡੇ ਬਾਈਬਲ-ਆਧਾਰਿਤ ਪ੍ਰਕਾਸ਼ਨ ਸੱਚਾਈ ਦਾ ਸਹੀ ਗਿਆਨ ਲੈਣ ਵਿਚ ਸਾਡੀ ਮਦਦ ਕਰਦੇ ਹਨ। ਅਸੀਂ ਜੋ ਵੀ ਪੜ੍ਹਦੇ ਹਾਂ ਉਹ ਸਾਡੇ ਦਿਲਾਂ ਨੂੰ ਛੂਹ ਜਾਂਦਾ ਹੈ ਅਤੇ ਸਾਨੂੰ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਦੀ ਪ੍ਰੇਰਣਾ ਮਿਲਦੀ ਹੈ।ਕੁਲੁ. 1:9, 10.

ਪ੍ਰਕਾਸ਼ਨਾਂ ਰਾਹੀਂ ਯਹੋਵਾਹ ਦੇ ਸੇਵਕਾਂ ਨੂੰ ਸੱਚਾਈ ਦਾ ਬੇਸ਼ੁਮਾਰ ਗਿਆਨ ਦਿੱਤਾ ਜਾਂਦਾ ਹੈ। (ਯਸਾ. 65:13) ਮਿਸਾਲ ਲਈ, ਪਹਿਰਾਬੁਰਜ ਰਸਾਲਾ 210 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹੈ ਜੋ ਬਾਈਬਲ ਦੀਆਂ ਭਵਿੱਖਬਾਣੀਆਂ ਸਮਝਾਉਂਦਾ ਹੈ, ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਬਾਰੇ ਸਾਡੀ ਸਮਝ ਵਧਾਉਂਦਾ ਹੈ ਅਤੇ ਸਾਨੂੰ ਬਾਈਬਲ ਦੇ ਅਸੂਲਾਂ ਮੁਤਾਬਕ ਆਪਣੀ ਜ਼ਿੰਦਗੀ ਜੀਉਣ ਲਈ ਉਕਸਾਉਂਦਾ ਹੈ। ਜਾਗਰੂਕ ਬਣੋ! ਰਸਾਲਾ ਲਗਭਗ 100 ਭਾਸ਼ਾਵਾਂ ਵਿਚ ਉਪਲਬਧ ਹੈ। ਇਹ ਰਸਾਲਾ ਪੜ੍ਹ ਕੇ ਯਹੋਵਾਹ ਦੀ ਸ੍ਰਿਸ਼ਟੀ ਬਾਰੇ ਸਾਡੀ ਸਮਝ ਵਧਦੀ ਹੈ ਅਤੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਬਾਈਬਲ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਕਿੱਦਾਂ ਲਾਗੂ ਕਰ ਸਕਦੇ ਹਾਂ। (ਕਹਾ. 3:21-23; ਰੋਮੀ. 1:20) ਵਫ਼ਾਦਾਰ ਨੌਕਰ 680 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨ ਦਿੰਦਾ ਹੈ। ਕੀ ਤੁਸੀਂ ਹਰ ਰੋਜ਼ ਬਾਈਬਲ ਪੜ੍ਹਨ ਲਈ ਅਲੱਗ ਸਮਾਂ ਰੱਖਿਆ ਹੈ? ਕੀ ਤੁਸੀਂ ਹਰ ਨਵਾਂ ਰਸਾਲਾ ਅਤੇ ਹਰ ਸਾਲ ਆਪਣੀ ਭਾਸ਼ਾ ਵਿਚ ਉਪਲਬਧ ਹੋਣ ਵਾਲੇ ਸਾਰੇ ਨਵੇਂ ਪ੍ਰਕਾਸ਼ਨ ਪੜ੍ਹਦੇ ਹੋ?

ਪ੍ਰਕਾਸ਼ਨਾਂ ਤੋਂ ਇਲਾਵਾ ਯਹੋਵਾਹ ਦਾ ਸੰਗਠਨ ਬਾਈਬਲ-ਆਧਾਰਿਤ ਭਾਸ਼ਣ ਤਿਆਰ ਕਰਦਾ ਹੈ ਜਿਨ੍ਹਾਂ ਨੂੰ ਅਸੀਂ ਮੀਟਿੰਗਾਂ, ਅਸੈਂਬਲੀਆਂ ਅਤੇ ਸੰਮੇਲਨਾਂ ਵਿਚ ਸੁਣਦੇ ਹਾਂ। ਕੀ ਤੁਸੀਂ ਇਨ੍ਹਾਂ ਵਿਚ ਹਾਜ਼ਰ ਹੋ ਕੇ ਭਾਸ਼ਣਾਂ, ਡਰਾਮਿਆਂ, ਪ੍ਰਦਰਸ਼ਨਾਂ ਅਤੇ ਇੰਟਰਵਿਊਆਂ ਦਾ ਆਨੰਦ ਮਾਣਦੇ ਹੋ? ਜੀ ਹਾਂ, ਯਹੋਵਾਹ ਸਾਨੂੰ ਬੇਸ਼ੁਮਾਰ ਗਿਆਨ ਦਿੰਦਾ ਹੈ।ਯਸਾ. 25:6.

 3. ਜੇ ਸਾਰੇ ਪ੍ਰਕਾਸ਼ਨ ਤੁਹਾਡੀ ਆਪਣੀ ਭਾਸ਼ਾ ਵਿਚ ਉਪਲਬਧ ਨਹੀਂ ਹਨ, ਤਾਂ ਕੀ ਤੁਹਾਡੀ ਨਿਹਚਾ ਕਮਜ਼ੋਰ ਹੋ ਜਾਵੇਗੀ?

ਨਹੀਂ। ਸਾਨੂੰ ਇਸ ਗੱਲ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਕਦੀ-ਕਦੀ ਯਹੋਵਾਹ ਦੇ ਕੁਝ ਸੇਵਕਾਂ ਨੂੰ ਜ਼ਿਆਦਾ ਗਿਆਨ ਮਿਲਦਾ ਹੈ ਅਤੇ ਕੁਝ ਨੂੰ ਘੱਟ। ਜ਼ਰਾ ਰਸੂਲਾਂ ’ਤੇ ਗੌਰ ਕਰੋ। ਉਨ੍ਹਾਂ ਨੂੰ ਪਹਿਲੀ ਸਦੀ ਦੇ ਬਹੁਤ ਸਾਰੇ ਚੇਲਿਆਂ ਨਾਲੋਂ ਜ਼ਿਆਦਾ ਹਿਦਾਇਤਾਂ ਮਿਲੀਆਂ ਸਨ। (ਮਰ. 4:10; 9:35-37) ਫਿਰ ਵੀ ਦੂਜੇ ਚੇਲਿਆਂ ਨੂੰ ਆਪਣੀ ਨਿਹਚਾ ਮਜ਼ਬੂਤ ਕਰਨ ਲਈ ਕਾਫ਼ੀ ਗਿਆਨ ਮਿਲਿਆ ਸੀ।ਅਫ਼. 4:20-24; 1 ਪਤ. 1:8.

ਇਹ ਵੀ ਗੱਲ ਸੱਚ ਹੈ ਕਿ ਧਰਤੀ ’ਤੇ ਹੁੰਦਿਆਂ ਯਿਸੂ ਨੇ ਜੋ ਵੀ ਕਿਹਾ ਅਤੇ ਕੀਤਾ, ਉਹ ਸਾਰਾ ਕੁਝ ਬਾਈਬਲ ਵਿਚ ਦਰਜ ਨਹੀਂ ਹੈ। ਯੂਹੰਨਾ ਰਸੂਲ ਨੇ ਲਿਖਿਆ: “ਯਿਸੂ ਨੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਸਨ। ਜੇ ਇਨ੍ਹਾਂ ਸਾਰੇ ਕੰਮਾਂ ਦੀ ਇਕ-ਇਕ ਗੱਲ ਕਿਤਾਬਾਂ ਵਿਚ ਲਿਖੀ ਜਾਂਦੀ, ਤਾਂ ਮੇਰੇ ਖ਼ਿਆਲ ਵਿਚ ਇਨ੍ਹਾਂ ਕਿਤਾਬਾਂ ਨੂੰ ਦੁਨੀਆਂ ਵਿਚ ਰੱਖਣ ਲਈ ਜਗ੍ਹਾ ਨਾ ਹੁੰਦੀ।” (ਯੂਹੰ. 21:25) ਭਾਵੇਂ ਕਿ ਪਹਿਲੀ ਸਦੀ ਦੇ ਚੇਲੇ ਯਿਸੂ ਬਾਰੇ ਸਾਡੇ ਨਾਲੋਂ ਜ਼ਿਆਦਾ ਜਾਣਦੇ ਸਨ, ਪਰ ਸਾਨੂੰ ਯਿਸੂ ਦੇ ਗਿਆਨ ਤੋਂ ਵਾਂਝਾ ਨਹੀਂ ਰੱਖਿਆ ਗਿਆ ਹੈ। ਯਹੋਵਾਹ ਨੇ ਯਿਸੂ ਬਾਰੇ ਸਾਨੂੰ ਜਿੰਨਾ ਗਿਆਨ ਦਿੱਤਾ ਹੈ, ਉਸ ਦੀ ਮਦਦ ਨਾਲ ਅਸੀਂ ਉਸ ਦੇ ਨਕਸ਼ੇ-ਕਦਮਾਂ ਉੱਤੇ ਚੱਲ ਸਕਦੇ ਹਾਂ।1 ਪਤ. 2:21.

ਜ਼ਰਾ ਉਨ੍ਹਾਂ ਚਿੱਠੀਆਂ ਬਾਰੇ ਸੋਚੋ ਜੋ ਪਹਿਲੀ ਸਦੀ ਵਿਚ ਰਸੂਲਾਂ ਨੇ ਮੰਡਲੀਆਂ ਨੂੰ ਭੇਜੀਆਂ ਸਨ। ਪੌਲੁਸ ਦੁਆਰਾ ਲਿਖੀ ਗਈ ਘੱਟੋ-ਘੱਟ ਇਕ ਚਿੱਠੀ ਬਾਈਬਲ ਵਿਚ ਦਰਜ ਨਹੀਂ ਹੈ। (ਕੁਲੁ. 4:16) ਕੀ ਉਹ ਚਿੱਠੀ ਨਾ ਹੋਣ ਕਰਕੇ ਸਾਡੇ ਕੋਲ ਪਰਮੇਸ਼ੁਰੀ ਗਿਆਨ ਘੱਟ ਹੈ? ਨਹੀਂ, ਯਹੋਵਾਹ ਸਾਡੀਆਂ ਲੋੜਾਂ ਜਾਣਦਾ ਹੈ ਤੇ ਉਸ ਨੇ ਲੋੜ ਮੁਤਾਬਕ ਸਾਨੂੰ ਸੱਚਾਈ ਵਿਚ ਮਜ਼ਬੂਤ ਰਹਿਣ ਲਈ ਬਹੁਤ ਗਿਆਨ ਦਿੱਤਾ ਹੈ।ਮੱਤੀ 6:8.

ਯਹੋਵਾਹ ਸਾਡੀਆਂ ਲੋੜਾਂ ਜਾਣਦਾ ਹੈ ਤੇ ਉਸ ਨੇ ਲੋੜ ਮੁਤਾਬਕ ਸਾਨੂੰ ਸੱਚਾਈ ਵਿਚ ਮਜ਼ਬੂਤ ਰਹਿਣ ਲਈ ਬਹੁਤ ਗਿਆਨ ਦਿੱਤਾ ਹੈ

ਅੱਜ ਯਹੋਵਾਹ ਦੇ ਕੁਝ ਸੇਵਕਾਂ ਨੂੰ ਦੂਜਿਆਂ ਨਾਲੋਂ ਜ਼ਿਆਦਾ ਸੱਚਾਈ ਦਾ ਗਿਆਨ ਮਿਲਦਾ ਹੈ। ਕੀ ਤੁਹਾਡੀ ਭਾਸ਼ਾ ਵਿਚ ਕੁਝ ਹੀ ਪ੍ਰਕਾਸ਼ਨ ਉਪਲਬਧ ਹਨ? ਜੇਕਰ ਹਾਂ, ਤਾਂ ਇਹ ਗੱਲ ਯਾਦ ਰੱਖੋ ਕਿ ਯਹੋਵਾਹ ਨੂੰ ਤੁਹਾਡਾ ਫ਼ਿਕਰ ਹੈ। ਤੁਹਾਡੀ ਭਾਸ਼ਾ ਵਿਚ ਜਿੰਨੇ ਵੀ ਪ੍ਰਕਾਸ਼ਨ ਹਨ ਉਨ੍ਹਾਂ ਦੀ ਸਟੱਡੀ ਕਰੋ ਅਤੇ ਜੇ ਹੋ ਸਕੇ, ਤਾਂ ਆਪਣੀ ਭਾਸ਼ਾ ਵਿਚ ਹੋਣ ਵਾਲੀਆਂ ਮੀਟਿੰਗਾਂ ਵਿਚ ਜਾਓ। ਇਸ ਗੱਲ ਦਾ ਯਕੀਨ ਰੱਖੋ ਕਿ ਯਹੋਵਾਹ ਤੁਹਾਨੂੰ ਸੱਚਾਈ ਵਿਚ ਮਜ਼ਬੂਤ ਕਰੇਗਾ।ਜ਼ਬੂ. 1:2; ਇਬ. 10:24, 25.

4. ਜੇ jw.org ’ਤੇ ਮਿਲਣ ਵਾਲੀ ਜਾਣਕਾਰੀ ਤੁਹਾਡੀ ਪਹੁੰਚ ਤੋਂ ਬਾਹਰ ਹੈ, ਤਾਂ ਕੀ ਤੁਸੀਂ ਸੱਚਾਈ ਵਿਚ ਕਮਜ਼ੋਰ ਹੋ ਜਾਵੋਗੇ?

ਅਸੀਂ ਆਪਣੀ ਵੈੱਬਸਾਈਟ ’ਤੇ ਰਸਾਲੇ ਅਤੇ ਹੋਰ ਬਾਈਬਲ-ਆਧਾਰਿਤ ਪ੍ਰਕਾਸ਼ਨ ਪਾਉਂਦੇ ਹਾਂ। ਇਸ ਵੈੱਬਸਾਈਟ ’ਤੇ ਜੋ ਜਾਣਕਾਰੀ ਪਾਈ ਜਾਂਦੀ ਹੈ ਉਸ ਤੋਂ ਪਤੀ-ਪਤਨੀਆਂ, ਨੌਜਵਾਨਾਂ ਅਤੇ ਉਨ੍ਹਾਂ ਮਾਪਿਆਂ ਦੀ ਮਦਦ ਹੁੰਦੀ ਹੈ ਜਿਨ੍ਹਾਂ ਦੇ ਬੱਚੇ ਛੋਟੇ ਹਨ। ਪਰਿਵਾਰ ਇਸ ਜਾਣਕਾਰੀ ’ਤੇ ਆਪਣੀ ਪਰਿਵਾਰਕ ਸਟੱਡੀ ਵਿਚ ਚਰਚਾ ਕਰ ਸਕਦੇ ਹਨ ਜਿਸ ਤੋਂ ਉਨ੍ਹਾਂ ਨੂੰ ਫ਼ਾਇਦਾ ਹੋ ਸਕਦਾ ਹੈ। ਨਾਲੇ ਸਾਡੀ ਵੈੱਬਸਾਈਟ ’ਤੇ ਸਪੈਸ਼ਲ ਪ੍ਰੋਗਰਾਮਾਂ ਦੀ ਰਿਪੋਰਟ ਦਿੱਤੀ ਜਾਂਦੀ ਹੈ ਜਿਵੇਂ ਗਿਲਿਅਡ ਗ੍ਰੈਜੂਏਸ਼ਨ ਅਤੇ ਸਾਲਾਨਾ ਮੀਟਿੰਗ। ਇਸ ਦੇ ਨਾਲ-ਨਾਲ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਨੂੰ ਯਹੋਵਾਹ ਦੇ ਲੋਕਾਂ ’ਤੇ ਅਸਰ ਪਾਉਣ ਵਾਲੀਆਂ ਕੁਦਰਤੀ ਆਫ਼ਤਾਂ ਅਤੇ ਕਾਨੂੰਨੀ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। (1 ਪਤ. 5:8, 9) ਇਹ ਵੈੱਬਸਾਈਟ ਪ੍ਰਚਾਰ ਦਾ ਬਹੁਤ ਵਧੀਆ ਸਾਧਨ ਹੈ ਜਿਸ ਰਾਹੀਂ ਉਨ੍ਹਾਂ ਥਾਵਾਂ ’ਤੇ ਵੀ ਖ਼ੁਸ਼ ਖ਼ਬਰੀ ਪਹੁੰਚਾਈ ਜਾ ਸਕਦੀ ਹੈ ਜਿੱਥੇ ਸਾਡੇ ਕੰਮ ’ਤੇ ਪਾਬੰਦੀ ਲੱਗੀ ਹੋਈ ਹੈ।

ਭਾਵੇਂ ਸਾਡੀ ਵੈੱਬਸਾਈਟ ਤੋਂ ਜਾਣਕਾਰੀ ਲੈਣੀ ਤੁਹਾਡੀ ਪਹੁੰਚ ਤੋਂ ਬਾਹਰ ਹੈ, ਫਿਰ ਵੀ ਤੁਸੀਂ ਸੱਚਾਈ ਵਿਚ ਮਜ਼ਬੂਤ ਰਹਿ ਸਕਦੇ ਹੋ। ਵਫ਼ਾਦਾਰ ਨੌਕਰ ਨੇ ਬਹੁਤ ਮਿਹਨਤ ਕਰ ਕੇ ਕਾਫ਼ੀ ਮਾਤਰਾ ਵਿਚ ਕਿਤਾਬਾਂ-ਰਸਾਲੇ ਛਾਪੇ ਹਨ ਤਾਂਕਿ ਹਰ ਮਸੀਹੀ ਨੂੰ ਉਸ ਦੀ ਲੋੜ ਮੁਤਾਬਕ ਗਿਆਨ ਮਿਲ ਸਕੇ। ਇਸ ਲਈ ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ jw.org ਵੈੱਬਸਾਈਟ ਤੋਂ ਜਾਣਕਾਰੀ ਲੈਣ ਲਈ ਤੁਹਾਨੂੰ ਕੰਪਿਊਟਰ, ਫ਼ੋਨ ਜਾਂ ਟੈਬਲੇਟ ਵਗੈਰਾ ਖ਼ਰੀਦਣੀ ਪੈਣੀ ਹੈ। ਕੁਝ ਜਣੇ ਸਾਡੀ ਵੈੱਬਸਾਈਟ ਤੋਂ ਕੁਝ ਜਾਣਕਾਰੀ ਨੂੰ ਪ੍ਰਿੰਟ ਕਰ ਕੇ ਉਨ੍ਹਾਂ ਭੈਣਾਂ-ਭਰਾਵਾਂ ਨੂੰ ਦੇਣ ਦਾ ਪ੍ਰਬੰਧ ਕਰ ਸਕਦੇ ਹਨ ਜਿਨ੍ਹਾਂ ਕੋਲ ਇੰਟਰਨੈੱਟ ਨਹੀਂ ਹੈ। ਪਰ ਮੰਡਲੀਆਂ ਨੂੰ ਅਜਿਹਾ ਪ੍ਰਬੰਧ ਕਰਨ ਦੀ ਲੋੜ ਨਹੀਂ ਹੈ।

ਅਸੀਂ ਯਿਸੂ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਹ ਆਪਣਾ ਵਾਅਦਾ ਨਿਭਾਉਂਦੇ ਹੋਏ ਸੱਚਾਈ ਵਿਚ ਮਜ਼ਬੂਤ ਰਹਿਣ ਵਿਚ ਸਾਡੀ ਮਦਦ ਕਰ ਰਿਹਾ ਹੈ। ਅਸੀਂ ਯਕੀਨ ਰੱਖ ਸਕਦੇ ਹਾਂ ਕਿ ਇਸ ਦੁਸ਼ਟ ਦੁਨੀਆਂ ਦੇ ਅੰਤ ਤਕ ਯਹੋਵਾਹ ਲਗਾਤਾਰ ਸਾਨੂੰ “ਸਹੀ ਸਮੇਂ ਤੇ ਭੋਜਨ” ਦਿੰਦਾ ਰਹੇਗਾ।