Skip to content

Skip to table of contents

“ਬਹੁਤ ਸਾਰੀਆਂ ਮੁਸੀਬਤਾਂ” ਦੇ ਬਾਵਜੂਦ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰੋ

“ਬਹੁਤ ਸਾਰੀਆਂ ਮੁਸੀਬਤਾਂ” ਦੇ ਬਾਵਜੂਦ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰੋ

“ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।”ਰਸੂ. 14:22.

1. ਪਰਮੇਸ਼ੁਰ ਦੇ ਸੇਵਕਾਂ ਨੂੰ “ਬਹੁਤ ਸਾਰੀਆਂ ਮੁਸੀਬਤਾਂ” ਕਿਉਂ ਝੱਲਣੀਆਂ ਪੈਣਗੀਆਂ?

ਚਾਹੇ ਤੁਸੀਂ ਹੁਣੇ-ਹੁਣੇ ਸੱਚਾਈ ਸਿੱਖੀ ਹੈ ਜਾਂ ਤੁਸੀਂ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹੋ, ਪਰ ਤੁਸੀਂ ਜਾਣਦੇ ਹੋ ਕਿ ਸ਼ੈਤਾਨ ਦੀ ਦੁਨੀਆਂ ਵਿਚ ਮੁਸੀਬਤਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਕੱਟੀ ਜਾ ਸਕਦੀ। (ਪ੍ਰਕਾ. 12:12) ਇਸ ਕਰਕੇ ਸ਼ਾਇਦ ਤੁਹਾਨੂੰ ਇਸ ਗੱਲ ਤੋਂ ਹੈਰਾਨੀ ਨਾ ਹੋਵੇ ਕਿ ਹਮੇਸ਼ਾ ਦੀ ਜ਼ਿੰਦਗੀ ਦਾ ਇਨਾਮ ਪਾਉਣ ਤੋਂ ਪਹਿਲਾਂ ਤੁਹਾਨੂੰ “ਬਹੁਤ ਸਾਰੀਆਂ ਮੁਸੀਬਤਾਂ” ਝੱਲਣੀਆਂ ਪੈਣਗੀਆਂ।

2. (ੳ) ਸਾਰੇ ਨਾਮੁਕੰਮਲ ਇਨਸਾਨਾਂ ’ਤੇ ਆਉਣ ਵਾਲੀਆਂ ਮੁਸੀਬਤਾਂ ਤੋਂ ਇਲਾਵਾ ਮਸੀਹੀ ਹੋਰ ਕਿਹੜੀ ਮੁਸੀਬਤ ਦਾ ਸਾਮ੍ਹਣਾ ਕਰਦੇ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਸਾਡੀਆਂ ਮੁਸੀਬਤਾਂ ਪਿੱਛੇ ਕਿਸ ਦਾ ਹੱਥ ਹੈ ਅਤੇ ਅਸੀਂ ਇਹ ਕਿੱਦਾਂ ਜਾਣਦੇ ਹਾਂ?

2 ਸਾਰੇ ਨਾਮੁਕੰਮਲ ਇਨਸਾਨਾਂ ਨੂੰ ਮੁਸੀਬਤਾਂ ਝੱਲਣੀਆਂ ਪੈਂਦੀਆਂ ਹਨ, ਪਰ ਮਸੀਹੀ ਇਕ ਹੋਰ ਮੁਸੀਬਤ ਦਾ ਸਾਮ੍ਹਣਾ ਕਰਦੇ ਹਨ। (1 ਕੁਰਿੰ. 10:13) ਉਹ ਕਿਹੜੀ ਹੈ? ਮਸੀਹੀ ਸਖ਼ਤ ਵਿਰੋਧ ਦਾ ਸਾਮ੍ਹਣਾ ਕਰਦੇ ਹਨ ਕਿਉਂਕਿ ਉਹ ਪੱਕੇ ਇਰਾਦੇ ਨਾਲ ਪਰਮੇਸ਼ੁਰ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਗ਼ੁਲਾਮ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ। ਜੇ ਲੋਕਾਂ ਨੇ ਮੇਰੇ ਉੱਤੇ ਅਤਿਆਚਾਰ ਕੀਤੇ ਹਨ, ਤਾਂ ਉਹ ਤੁਹਾਡੇ ਉੱਤੇ ਵੀ ਅਤਿਆਚਾਰ ਕਰਨਗੇ।” (ਯੂਹੰ. 15:20) ਪਰ ਇਸ ਵਿਰੋਧ ਪਿੱਛੇ ਕਿਸ ਦਾ ਹੱਥ ਹੈ? ਇਸ ਪਿੱਛੇ ਸ਼ੈਤਾਨ ਦਾ ਹੱਥ ਹੈ। ਬਾਈਬਲ ਉਸ ਦੀ ਤੁਲਨਾ ਇਕ “ਗਰਜਦੇ ਸ਼ੇਰ” ਨਾਲ ਕਰਦੀ ਹੈ ਜੋ ਪਰਮੇਸ਼ੁਰ ਦੇ ਲੋਕਾਂ ਨੂੰ ਨਿਗਲਣਾ ਚਾਹੁੰਦਾ ਹੈ। (1 ਪਤ. 5:8) ਸ਼ੈਤਾਨ ਯਿਸੂ ਦੇ ਚੇਲਿਆਂ ਦੀ ਵਫ਼ਾਦਾਰੀ ਨੂੰ  ਤੋੜਨ ਲਈ ਕਿਸੇ ਵੀ ਤਰ੍ਹਾਂ ਦਾ ਹੱਥਕੰਡਾ ਵਰਤਣ ਦੀ ਕੋਸ਼ਿਸ਼ ਕਰੇਗਾ। ਗੌਰ ਕਰੋ ਕਿ ਪੌਲੁਸ ਰਸੂਲ ਨਾਲ ਕੀ ਹੋਇਆ ਸੀ।

ਲੁਸਤ੍ਰਾ ਵਿਚ ਮੁਸੀਬਤਾਂ ਝੱਲਣੀਆਂ

3-5. (ੳ) ਲੁਸਤ੍ਰਾ ਵਿਚ ਪੌਲੁਸ ਨੇ ਕਿਹੜੀ ਮੁਸੀਬਤ ਦਾ ਸਾਮ੍ਹਣਾ ਕੀਤਾ? (ਅ) ਭਵਿੱਖ ਵਿਚ ਆਉਣ ਵਾਲੀਆਂ ਮੁਸੀਬਤਾਂ ਬਾਰੇ ਗੱਲ ਕਰ ਕੇ ਉਸ ਨੇ ਕਿਵੇਂ ਹੌਸਲਾ ਦਿੱਤਾ?

3 ਪੌਲੁਸ ਨੇ ਆਪਣੀ ਨਿਹਚਾ ਕਰਕੇ ਕਈ ਵਾਰ ਅਤਿਆਚਾਰ ਸਹੇ। (2 ਕੁਰਿੰ. 11:23-27) ਲੁਸਤ੍ਰਾ ਵਿਚ ਉਸ ਉੱਤੇ ਅਤਿਆਚਾਰ ਕੀਤੇ ਗਏ ਸਨ। ਜਦ ਉੱਥੇ ਪੌਲੁਸ ਤੇ ਬਰਨਾਬਾਸ ਨੇ ਜਨਮ ਤੋਂ ਲੰਗੜੇ ਆਦਮੀ ਨੂੰ ਠੀਕ ਕੀਤਾ, ਤਾਂ ਇਹ ਦੇਖ ਕੇ ਲੋਕਾਂ ਨੇ ਉਨ੍ਹਾਂ ਨੂੰ ਦੇਵਤਿਆਂ ਦਾ ਦਰਜਾ ਦਿੱਤਾ। ਖ਼ੁਸ਼ੀ ਨਾਲ ਪਾਗਲ ਹੋਏ ਲੋਕ ਭਗਤੀ ਕਰਨੀ ਚਾਹੁੰਦੇ ਸਨ, ਪਰ ਉਨ੍ਹਾਂ ਨੇ ਲੋਕਾਂ ਦੀਆਂ ਮਿੰਨਤਾਂ ਕਰ ਕੇ ਉਨ੍ਹਾਂ ਨੂੰ ਭਗਤੀ ਕਰਨ ਤੋਂ ਮਸਾਂ ਰੋਕਿਆ। ਜਲਦੀ ਹੀ ਵਿਰੋਧ ਕਰਨ ਵਾਲੇ ਯਹੂਦੀ ਉੱਥੇ ਪਹੁੰਚ ਗਏ ਅਤੇ ਉਨ੍ਹਾਂ ਨੇ ਪੌਲੁਸ ਤੇ ਬਰਨਾਬਾਸ ਦੇ ਖ਼ਿਲਾਫ਼ ਗੱਲਾਂ ਕਹਿ ਕੇ ਲੋਕਾਂ ਦੇ ਮਨਾਂ ਵਿਚ ਜ਼ਹਿਰ ਭਰ ਦਿੱਤਾ। ਇਸ ਕਰਕੇ ਲੋਕਾਂ ਦਾ ਰਵੱਈਆ ਤੁਰੰਤ ਬਦਲ ਗਿਆ। ਲੋਕਾਂ ਨੇ ਪੌਲੁਸ ਦੇ ਪੱਥਰ ਮਾਰੇ ਅਤੇ ਉਸ ਨੂੰ ਮਰਿਆ ਸਮਝ ਕੇ ਛੱਡ ਕੇ ਚਲੇ ਗਏ।ਰਸੂ. 14:8-19.

4 ਦਰਬੇ ਦਾ ਦੌਰਾ ਕਰਨ ਤੋਂ ਬਾਅਦ ਪੌਲੁਸ ਤੇ ਬਰਨਾਬਾਸ ਵਾਪਸ “ਲੁਸਤ੍ਰਾ, ਇਕੁਨਿਉਮ ਤੇ ਅੰਤਾਕੀਆ ਨੂੰ ਆ ਗਏ। ਉੱਥੇ ਉਨ੍ਹਾਂ ਨੇ ਚੇਲਿਆਂ ਨੂੰ ਹੌਸਲਾ ਦਿੱਤਾ ਅਤੇ ਉਨ੍ਹਾਂ ਨੂੰ ਪ੍ਰਭੂ ਉੱਤੇ ਆਪਣੀ ਨਿਹਚਾ ਮਜ਼ਬੂਤ ਰੱਖਣ ਦੀ ਹੱਲਾਸ਼ੇਰੀ ਦਿੰਦਿਆਂ ਕਿਹਾ: ‘ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।’” (ਰਸੂ. 14:21, 22) ਇਹ ਗੱਲ ਸ਼ਾਇਦ ਸੁਣਨ ਨੂੰ ਅਜੀਬ ਲੱਗੇ ਕਿਉਂਕਿ “ਬਹੁਤ ਸਾਰੀਆਂ ਮੁਸੀਬਤਾਂ” ਬਾਰੇ ਸੋਚ ਕੇ ਹੌਸਲਾ ਨਹੀਂ ਮਿਲਦਾ, ਸਗੋਂ ਮਨ ਪਰੇਸ਼ਾਨ ਹੋ ਜਾਂਦਾ ਹੈ। ਇਸ ਲਈ ਇਹ ਕਿੱਦਾਂ ਮੁਮਕਿਨ ਹੈ ਕਿ ਪੌਲੁਸ ਤੇ ਬਰਨਾਬਾਸ ਨੇ ਹੋਰ ਮੁਸੀਬਤਾਂ ਦੀ ਗੱਲ ਕਰ ਕੇ “ਚੇਲਿਆਂ ਨੂੰ ਹੌਸਲਾ ਦਿੱਤਾ” ਸੀ?

5 ਪੌਲੁਸ ਦੇ ਸ਼ਬਦਾਂ ’ਤੇ ਗੌਰ ਕਰਨ ਨਾਲ ਸਾਨੂੰ ਇਸ ਗੱਲ ਦਾ ਜਵਾਬ ਮਿਲ ਸਕਦਾ ਹੈ। ਉਸ ਨੇ ਸਿਰਫ਼ ਇਹ ਨਹੀਂ ਕਿਹਾ ਸੀ: “ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।” ਇਸ ਦੀ ਬਜਾਇ, ਉਸ ਨੇ ਕਿਹਾ ਸੀ: “ਪਰਮੇਸ਼ੁਰ ਦੇ ਰਾਜ ਵਿਚ ਜਾਣ ਲਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਣਗੀਆਂ।” ਸੋ ਪੌਲੁਸ ਨੇ ਇੱਥੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਰਮੇਸ਼ੁਰ ਦੇ ਵਫ਼ਾਦਾਰ ਰਹਿਣ ਵਾਲੇ ਲੋਕਾਂ ਨੂੰ ਸ਼ਾਨਦਾਰ ਇਨਾਮ ਮਿਲੇਗਾ। ਇਸ ਗੱਲ ਤੋਂ ਚੇਲਿਆਂ ਨੂੰ ਹੌਸਲਾ ਮਿਲਿਆ। ਇਹ ਇਨਾਮ ਕੋਈ ਸੁਪਨਾ ਨਹੀਂ ਹੈ। ਯਿਸੂ ਨੇ ਕਿਹਾ ਸੀ: “ਜਿਹੜਾ ਇਨਸਾਨ ਅੰਤ ਤਕ ਵਫ਼ਾਦਾਰ ਰਹੇਗਾ ਉਹੀ ਬਚਾਇਆ ਜਾਵੇਗਾ।”ਮੱਤੀ 10:22.

6. ਵਫ਼ਾਦਾਰ ਰਹਿਣ ਵਾਲਿਆਂ ਨੂੰ ਕਿਹੜਾ ਇਨਾਮ ਮਿਲੇਗਾ?

6 ਜੇਕਰ ਅਸੀਂ ਵਫ਼ਾਦਾਰ ਰਹਾਂਗੇ, ਤਾਂ ਅਸੀਂ ਇਨਾਮ ਪਾਵਾਂਗੇ। ਚੁਣੇ ਹੋਏ ਮਸੀਹੀ ਅਮਰ ਜੀਵਨ ਪਾ ਕੇ ਸਵਰਗ ਵਿਚ ਯਿਸੂ ਨਾਲ ਰਾਜ ਕਰਨਗੇ। “ਹੋਰ ਭੇਡਾਂ” ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ ਪਾਉਣਗੀਆਂ ਜਿੱਥੇ “ਹਮੇਸ਼ਾ ਧਾਰਮਿਕਤਾ ਰਹੇਗੀ।” (ਯੂਹੰ. 10:16; 2 ਪਤ. 3:13) ਪੌਲੁਸ ਦੇ ਕਹੇ ਅਨੁਸਾਰ ਅਸੀਂ ਇਨਾਮ ਮਿਲਣ ਤਕ “ਬਹੁਤ ਸਾਰੀਆਂ ਮੁਸੀਬਤਾਂ” ਦਾ ਸਾਮ੍ਹਣਾ ਕਰਾਂਗੇ। ਆਓ ਆਪਾਂ ਦੋ ਤਰ੍ਹਾਂ ਦੀਆਂ ਮੁਸੀਬਤਾਂ ’ਤੇ ਗੌਰ ਕਰੀਏ ਜਿਨ੍ਹਾਂ ਦਾ ਅਸੀਂ ਸਾਮ੍ਹਣਾ ਕਰਦੇ ਹਾਂ।

ਸਿੱਧੇ ਹਮਲੇ

7. ਸਿੱਧੇ ਹਮਲਿਆਂ ਵਿਚ ਕੀ ਸ਼ਾਮਲ ਹੈ?

7 ਯਿਸੂ ਨੇ ਭਵਿੱਖਬਾਣੀ ਕੀਤੀ ਸੀ: “ਮੇਰੇ ਚੇਲੇ ਹੋਣ ਕਰਕੇ ਲੋਕ ਤੁਹਾਨੂੰ ਅਦਾਲਤਾਂ ਵਿਚ ਘੜੀਸਣਗੇ, ਅਤੇ ਸਭਾ ਘਰਾਂ ਵਿਚ ਕੁੱਟਣਗੇ ਅਤੇ ਸਰਕਾਰੀ ਅਧਿਕਾਰੀਆਂ ਸਾਮ੍ਹਣੇ ਪੇਸ਼ ਕਰਨਗੇ ਜਿੱਥੇ ਤੁਹਾਨੂੰ ਗਵਾਹੀ ਦੇਣ ਦਾ ਮੌਕਾ ਮਿਲੇਗਾ।” (ਮਰ. 13:9) ਇਨ੍ਹਾਂ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕੁਝ ਮਸੀਹੀਆਂ ’ਤੇ ਅਤਿਆਚਾਰ ਕੀਤੇ ਜਾਣਗੇ। ਇਨ੍ਹਾਂ ਅਤਿਆਚਾਰਾਂ ਪਿੱਛੇ ਕਈ ਵਾਰ ਧਾਰਮਿਕ ਤੇ ਰਾਜਨੀਤਿਕ ਆਗੂਆਂ ਦਾ ਹੱਥ ਹੋ ਸਕਦਾ ਹੈ। (ਰਸੂ. 5:27, 28) ਫਿਰ ਤੋਂ ਪੌਲੁਸ ਦੀ ਮਿਸਾਲ ’ਤੇ ਗੌਰ ਕਰੋ। ਕੀ ਉਹ ਅਤਿਆਚਾਰਾਂ ਬਾਰੇ ਸੋਚ ਕੇ ਡਰ ਗਿਆ ਸੀ? ਬਿਲਕੁਲ ਨਹੀਂ।ਰਸੂਲਾਂ ਦੇ ਕੰਮ 20:22, 23 ਪੜ੍ਹੋ।

8, 9. ਪੌਲੁਸ ਨੇ ਕਿਵੇਂ ਦਿਖਾਇਆ ਕਿ ਉਸ ਦਾ ਮੁਸੀਬਤਾਂ ਸਹਿਣ ਦਾ ਇਰਾਦਾ ਪੱਕਾ ਸੀ ਅਤੇ ਅੱਜ ਵੀ ਕੁਝ ਮਸੀਹੀਆਂ ਨੇ ਕਿਵੇਂ ਦਿਖਾਇਆ ਹੈ ਕਿ ਉਨ੍ਹਾਂ ਦਾ ਵੀ ਇਹੀ ਇਰਾਦਾ ਹੈ?

8 ਪੌਲੁਸ ਨੇ ਬੜੀ ਦਲੇਰੀ ਨਾਲ ਸ਼ੈਤਾਨ ਦੇ ਸਿੱਧੇ ਹਮਲਿਆਂ ਦਾ ਸਾਮ੍ਹਣਾ ਕੀਤਾ ਅਤੇ ਕਿਹਾ: “ਮੈਂ ਆਪਣੀ ਜਾਨ ਨੂੰ ਕਿਸੇ ਵੀ ਤਰ੍ਹਾਂ ਪਿਆਰੀ ਨਹੀਂ ਸਮਝਦਾ, ਸਗੋਂ ਮੈਂ ਇਹੀ ਚਾਹੁੰਦਾ ਹਾਂ ਕਿ ਮੈਂ ਇਹ ਦੌੜ ਅਤੇ ਸੇਵਾ ਦਾ ਕੰਮ ਪੂਰਾ ਕਰ ਲਵਾਂ। ਇਹ ਕੰਮ ਪ੍ਰਭੂ ਯਿਸੂ ਨੇ ਮੈਨੂੰ ਸੌਂਪਿਆ ਸੀ ਕਿ ਮੈਂ ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਖ਼ੁਸ਼ ਖ਼ਬਰੀ ਦੀ ਚੰਗੀ ਤਰ੍ਹਾਂ ਗਵਾਹੀ ਦੇਵਾਂ।” (ਰਸੂ. 20:24) ਇਸ  ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੌਲੁਸ ਅਤਿਆਚਾਰ ਸਹਿਣ ਬਾਰੇ ਸੋਚ ਕੇ ਡਰਿਆ ਨਹੀਂ, ਸਗੋਂ ਉਸ ਨੇ ਅਤਿਆਚਾਰ ਸਹਿਣ ਦਾ ਪੱਕਾ ਇਰਾਦਾ ਕੀਤਾ ਸੀ। ਉਸ ਨੇ ਠਾਣਿਆ ਹੋਇਆ ਸੀ ਕਿ ਉਹ ਮੁਸੀਬਤਾਂ ਦੌਰਾਨ ਵੀ “ਚੰਗੀ ਤਰ੍ਹਾਂ ਗਵਾਹੀ” ਦੇਵੇਗਾ।

9 ਇਸੇ ਤਰ੍ਹਾਂ ਅੱਜ ਵੀ ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਅਤਿਆਚਾਰ ਸਹਿਣ ਦੇ ਬਾਵਜੂਦ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਹੈ। ਮਿਸਾਲ ਲਈ, ਇਕ ਦੇਸ਼ ਵਿਚ ਕੁਝ ਗਵਾਹ ਲਗਭਗ 20 ਸਾਲਾਂ ਤੋਂ ਜੇਲ੍ਹ ਵਿਚ ਹਨ ਕਿਉਂਕਿ ਉਨ੍ਹਾਂ ਨੇ ਰਾਜਨੀਤਿਕ ਮਾਮਲਿਆਂ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ’ਤੇ ਕੋਈ ਮੁਕੱਦਮਾ ਨਹੀਂ ਚਲਾਇਆ ਗਿਆ ਸੀ ਕਿਉਂਕਿ ਉੱਥੇ ਅਜਿਹੇ ਮਾਮਲਿਆਂ ਦੀ ਸੁਣਵਾਈ ਲਈ ਕੋਈ ਕਾਨੂੰਨ ਨਹੀਂ ਸੀ। ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਜੇਲ੍ਹ ਵਿਚ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕੁਝ ਨੂੰ ਮਾਰਿਆ-ਕੁੱਟਿਆ ਗਿਆ ਸੀ ਅਤੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਸਨ।

10. ਅਚਾਨਕ ਮੁਸੀਬਤਾਂ ਆਉਣ ’ਤੇ ਸਾਨੂੰ ਡਰਨਾ ਕਿਉਂ ਨਹੀਂ ਚਾਹੀਦਾ?

10 ਹੋਰ ਕਈ ਥਾਵਾਂ ’ਤੇ ਸਾਡੇ ਭੈਣਾਂ-ਭਰਾਵਾਂ ’ਤੇ ਅਚਾਨਕ ਮੁਸੀਬਤਾਂ ਦਾ ਪਹਾੜ ਟੁੱਟ ਪੈਂਦਾ ਹੈ। ਜੇ ਤੁਹਾਡੇ ਨਾਲ ਇੱਦਾਂ ਹੁੰਦਾ ਹੈ, ਤਾਂ ਡਰੋ ਨਾ। ਯੂਸੁਫ਼ ਬਾਰੇ ਸੋਚੋ ਜਿਸ ਨੂੰ ਗ਼ੁਲਾਮੀ ਵਿਚ ਵੇਚ ਦਿੱਤਾ ਗਿਆ ਸੀ, ਪਰ ਯਹੋਵਾਹ ਨੇ “ਉਸ ਨੂੰ ਉਸ ਦੇ ਸਾਰੇ ਕਸ਼ਟਾਂ ਤੋਂ ਛੁਡਾਇਆ।” (ਰਸੂ. 7:9, 10) ਯਹੋਵਾਹ ਤੁਹਾਨੂੰ ਵੀ ਛੁਡਾ ਸਕਦਾ ਹੈ। ਇਹ ਕਦੇ ਨਾ ਭੁੱਲੋ ਕਿ “ਯਹੋਵਾਹ ਭਗਤੀ ਕਰਨ ਵਾਲੇ ਲੋਕਾਂ ਨੂੰ ਅਜ਼ਮਾਇਸ਼ਾਂ ਵਿੱਚੋਂ ਕੱਢਣਾ ਜਾਣਦਾ ਹੈ।” (2 ਪਤ. 2:9) ਇਸ ਲਈ ਤੁਸੀਂ ਯਹੋਵਾਹ ’ਤੇ ਭਰੋਸਾ ਰੱਖ ਸਕਦੇ ਹੋ ਅਤੇ ਦਲੇਰੀ ਨਾਲ ਅਤਿਆਚਾਰ ਸਹਿ ਸਕਦੇ ਹੋ। ਤੁਸੀਂ ਯਹੋਵਾਹ ’ਤੇ ਹਮੇਸ਼ਾ ਭਰੋਸਾ ਰੱਖ ਸਕਦੇ ਹੋ ਕਿ ਉਹ ਤੁਹਾਨੂੰ ਇਸ ਬੁਰੀ ਦੁਨੀਆਂ ਤੋਂ ਬਚਾ ਕੇ ਆਪਣੇ ਰਾਜ ਅਧੀਨ ਹਮੇਸ਼ਾ ਦੀ ਜ਼ਿੰਦਗੀ ਦੇ ਸਕਦਾ ਹੈ।1 ਪਤ. 5:8, 9.

ਗੁੱਝੇ ਹਮਲੇ

11. ਸ਼ੈਤਾਨ ਦੇ ਗੁੱਝੇ ਹਮਲੇ ਸਿੱਧੇ ਹਮਲਿਆਂ ਤੋਂ ਕਿਵੇਂ ਵੱਖਰੇ ਹਨ?

11 ਸਾਨੂੰ ਗੁੱਝੇ ਹਮਲਿਆਂ ਦਾ ਵੀ ਸਾਮ੍ਹਣਾ ਕਰਨਾ ਪੈ ਸਕਦਾ ਹੈ। ਇਹ ਸਿੱਧੇ ਹਮਲਿਆਂ ਤੋਂ ਕਿਵੇਂ ਵੱਖਰੇ ਹਨ? ਸਿੱਧੇ ਹਮਲੇ ਇਕ ਤੇਜ਼ ਤੂਫ਼ਾਨ ਦੀ ਤਰ੍ਹਾਂ ਹੁੰਦੇ ਹਨ ਜੋ ਇਕਦਮ ਆ ਕੇ ਕਿਸੇ ਘਰ ਨੂੰ ਤਹਿਸ-ਨਹਿਸ ਕਰ ਦਿੰਦਾ ਹੈ। ਪਰ ਗੁੱਝੇ ਹਮਲੇ ਸਿਉਂਕ ਦੀ ਤਰ੍ਹਾਂ ਹੁੰਦੇ ਹਨ ਜੋ ਹੌਲੀ-ਹੌਲੀ ਕਿਸੇ ਲੱਕੜ ਦੇ ਘਰ ਨੂੰ ਖਾ ਜਾਂਦੀ ਹੈ। ਜਦੋਂ ਤਕ ਇਸ ਬਾਰੇ ਪਤਾ ਲੱਗਦਾ ਹੈ, ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਕਿਉਂਕਿ ਘਰ ਡਿੱਗਣ ਹੀ ਵਾਲਾ ਹੁੰਦਾ ਹੈ।

12. (ੳ) ਸ਼ੈਤਾਨ ਦਾ ਇਕ ਗੁੱਝਾ ਹਮਲਾ ਕੀ ਹੈ ਅਤੇ ਇਹ ਇੰਨਾ ਅਸਰਕਾਰੀ ਕਿਉਂ ਹੈ? (ਅ) ਪੌਲੁਸ ’ਤੇ ਨਿਰਾਸ਼ਾ ਦਾ ਕੀ ਅਸਰ ਪਿਆ?

12 ਸ਼ੈਤਾਨ ਯਹੋਵਾਹ ਨਾਲ ਤੁਹਾਡੇ ਰਿਸ਼ਤੇ ਨੂੰ ਤੋੜਨਾ ਚਾਹੁੰਦਾ ਹੈ। ਇਸ ਲਈ ਉਹ ਤੁਹਾਡੇ ’ਤੇ ਸਿੱਧੇ ਹਮਲੇ ਕਰਦਾ ਹੈ ਜਾਂ ਗੁੱਝੇ ਹਮਲਿਆਂ ਨਾਲ ਤੁਹਾਡੀ ਨਿਹਚਾ ਨੂੰ ਖ਼ਤਮ ਕਰਦਾ ਹੈ। ਨਿਰਾਸ਼ਾ ਸ਼ੈਤਾਨ ਦਾ ਸਭ ਤੋਂ ਅਸਰਕਾਰੀ ਗੁੱਝਾ ਹਮਲਾ ਹੈ। ਪੌਲੁਸ ਰਸੂਲ ਵੀ ਕਈ ਵਾਰ ਨਿਰਾਸ਼ ਹੋਇਆ ਸੀ। ਇਕ ਵਾਰੀ ਉਸ ਨੇ ਆਪਣੇ ਆਪ ਨੂੰ “ਬੇਬੱਸ ਇਨਸਾਨ” ਕਿਹਾ ਸੀ। (ਰੋਮੀਆਂ 7:21-24 ਪੜ੍ਹੋ।) ਪੌਲੁਸ ਵਰਗੇ ਇਨਸਾਨ ਨੇ ਨਿਰਾਸ਼ਾ ਮਹਿਸੂਸ ਕਿਉਂ ਕੀਤੀ ਸੀ? ਦੇਖਿਆ ਜਾਵੇ ਤਾਂ ਉਸ ਦਾ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਸੀ ਅਤੇ ਉਹ ਸ਼ਾਇਦ ਪਹਿਲੀ ਸਦੀ ਵਿਚ ਪ੍ਰਬੰਧਕ ਸਭਾ ਦਾ ਮੈਂਬਰ ਵੀ ਸੀ। ਪਰ ਉਹ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਨਿਰਾਸ਼ ਹੋਇਆ ਸੀ। ਪੌਲੁਸ ਹਮੇਸ਼ਾ ਸਹੀ ਕੰਮ ਕਰਨੇ ਚਾਹੁੰਦਾ ਸੀ, ਪਰ ਇੱਦਾਂ ਕਰਨਾ ਹਮੇਸ਼ਾ ਸੌਖਾ ਨਹੀਂ ਸੀ ਹੁੰਦਾ। ਜੇ ਤੁਸੀਂ ਵੀ ਇਹੋ ਜਿਹੀਆਂ ਭਾਵਨਾਵਾਂ ਦਾ ਸਾਮ੍ਹਣਾ ਕਰਦੇ ਹੋ, ਤਾਂ ਕੀ ਤੁਹਾਨੂੰ ਇਹ ਜਾਣ ਕੇ ਹੌਸਲਾ ਨਹੀਂ ਮਿਲਦਾ ਕਿ ਪੌਲੁਸ ਨੇ ਵੀ ਇਸ ਮੁਸ਼ਕਲ ਦਾ ਸਾਮ੍ਹਣਾ ਕੀਤਾ ਸੀ?

13, 14. (ੳ) ਪਰਮੇਸ਼ੁਰ ਦੇ ਲੋਕ ਕਿਹੜੇ ਕੁਝ ਕਾਰਨਾਂ ਕਰਕੇ ਨਿਰਾਸ਼ਾ ਦਾ ਸਾਮ੍ਹਣਾ ਕਰਦੇ ਹਨ? (ਅ) ਕੌਣ ਸਾਡੀ ਨਿਹਚਾ ਨੂੰ ਤੋੜਨਾ ਚਾਹੁੰਦਾ ਹੈ ਅਤੇ ਕਿਉਂ?

13 ਕਦੀ-ਕਦੀ ਬਹੁਤ ਸਾਰੇ ਭੈਣ-ਭਰਾ ਨਿਰਾਸ਼ ਜਾਂ ਫ਼ਿਕਰਮੰਦ ਹੋ ਜਾਂਦੇ ਹਨ ਜਾਂ ਸ਼ਾਇਦ ਆਪਣੇ ਆਪ ਨੂੰ ਨਿਕੰਮੇ ਮਹਿਸੂਸ ਕਰਦੇ ਹਨ। ਮਿਸਾਲ ਲਈ, ਇਕ ਜੋਸ਼ੀਲੀ ਪਾਇਨੀਅਰ ਭੈਣ, ਜਿਸ ਨੂੰ ਅਸੀਂ ਡੈਬਰਾ ਬੁਲਾਵਾਂਗੇ, ਕਹਿੰਦੀ ਹੈ: “ਮੈਂ ਆਪਣੀ ਇਕ ਗ਼ਲਤੀ ਬਾਰੇ ਵਾਰ-ਵਾਰ ਸੋਚਦੀ ਹਾਂ ਅਤੇ ਹਰ ਵਾਰ ਉਸ ਬਾਰੇ ਸੋਚ ਕੇ ਆਪਣੇ ਆਪ ਨੂੰ ਨਿਕੰਮੀ ਮਹਿਸੂਸ ਕਰਦੀ ਹਾਂ। ਜਦ ਮੈਂ ਆਪਣੀਆਂ ਸਾਰੀਆਂ ਗ਼ਲਤੀਆਂ ਬਾਰੇ ਸੋਚਦੀ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਦੇ ਪਿਆਰ ਦੇ ਲਾਇਕ ਨਹੀਂ ਹਾਂ, ਯਹੋਵਾਹ ਦੇ ਪਿਆਰ ਦੇ ਵੀ ਨਹੀਂ।”

14 ਡੈਬਰਾ ਵਰਗੇ ਯਹੋਵਾਹ ਦੇ ਕੁਝ ਜੋਸ਼ੀਲੇ ਸੇਵਕ ਕਿਨ੍ਹਾਂ ਕਾਰਨਾਂ ਕਰਕੇ ਨਿਰਾਸ਼ ਹੋ ਜਾਂਦੇ ਹਨ? ਇਸ ਦੇ  ਕਈ ਕਾਰਨ ਹੋ ਸਕਦੇ ਹਨ। ਕਈ ਸ਼ਾਇਦ ਆਪਣੇ ਬਾਰੇ ਜਾਂ ਆਪਣੇ ਹਾਲਾਤਾਂ ਕਰਕੇ ਮਾੜਾ ਸੋਚਦੇ ਰਹਿੰਦੇ ਹਨ। ਕੁਝ ਸ਼ਾਇਦ ਮਾੜੀ ਸਿਹਤ ਕਰਕੇ ਨਿਰਾਸ਼ ਜਾਂ ਦੁਖੀ ਮਹਿਸੂਸ ਕਰਦੇ ਹੋਣ। ਕਾਰਨ ਭਾਵੇਂ ਜੋ ਮਰਜ਼ੀ ਹੋਵੇ, ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕੌਣ ਸਾਡੇ ਹਾਲਾਤਾਂ ਦਾ ਫ਼ਾਇਦਾ ਉਠਾਉਣਾ ਚਾਹੁੰਦਾ ਹੈ। ਕੌਣ ਚਾਹੁੰਦਾ ਹੈ ਕਿ ਅਸੀਂ ਨਿਰਾਸ਼ ਹੋ ਕੇ ਹਿੰਮਤ ਹਾਰ ਬੈਠੀਏ? ਕੌਣ ਚਾਹੁੰਦਾ ਹੈ ਕਿ ਅਸੀਂ ਸੋਚੀਏ ਕਿ ਉਸ ਵਾਂਗ ਸਾਡੇ ਵੀ ਬਚਣ ਦੀ ਕੋਈ ਉਮੀਦ ਨਹੀਂ ਹੈ? (ਪ੍ਰਕਾ. 20:10) ਉਹ ਹੈ ਸ਼ੈਤਾਨ। ਸੱਚ ਤਾਂ ਇਹ ਹੈ ਕਿ ਉਹ ਚਾਹੁੰਦਾ ਹੈ ਕਿ ਅਸੀਂ ਚਿੰਤਾ ਵਿਚ ਡੁੱਬੇ ਰਹੀਏ, ਜੋਸ਼ ਵਿਚ ਠੰਢੇ ਪੈ ਜਾਈਏ ਅਤੇ ਪਰਮੇਸ਼ੁਰ ਦੀ ਸੇਵਾ ਕਰਨੀ ਛੱਡ ਦੇਈਏ। ਇਸੇ ਕਰਕੇ ਉਹ ਸਾਡੇ ’ਤੇ ਸਿੱਧੇ ਜਾਂ ਗੁੱਝੇ ਹਮਲੇ ਕਰਦਾ ਹੈ। ਯਾਦ ਰੱਖੋ ਕਿ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਬਣਾਈ ਰੱਖਣ ਲਈ ਉਸ ਦੇ ਲੋਕਾਂ ਨੂੰ ਸ਼ੈਤਾਨ ਨਾਲ ਲੜਾਈ ਲੜਨੀ ਪੈਂਦੀ ਹੈ।

15. ਦੂਜਾ ਕੁਰਿੰਥੀਆਂ 4:16, 17 ਦੇ ਅਨੁਸਾਰ ਅਸੀਂ ਕੀ ਪੱਕਾ ਇਰਾਦਾ ਕੀਤਾ ਹੈ?

15 ਲੜਾਈ ਵਿਚ ਹਿੰਮਤ ਨਾ ਹਾਰਨ ਦਾ ਪੱਕਾ ਇਰਾਦਾ ਕਰੋ। ਇਨਾਮ ’ਤੇ ਨਜ਼ਰ ਟਿਕਾਈ ਰੱਖੋ। ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਲਿਖਿਆ: “ਅਸੀਂ ਹਾਰ ਨਹੀਂ ਮੰਨਦੇ, ਭਾਵੇਂ ਅਸੀਂ ਬਾਹਰੋਂ ਖ਼ਤਮ ਹੁੰਦੇ ਜਾ ਰਹੇ ਹਾਂ, ਪਰ ਅੰਦਰੋਂ ਦਿਨ-ਬਦਿਨ ਨਵੇਂ ਬਣਾਏ ਜਾ ਰਹੇ ਹਾਂ। ਭਾਵੇਂ ਸਾਡੀਆਂ ਮੁਸੀਬਤਾਂ ਥੋੜ੍ਹੇ ਸਮੇਂ ਲਈ ਹਨ ਅਤੇ ਮਾਮੂਲੀ ਹਨ, ਪਰ ਸਾਨੂੰ ਜੋ ਮਹਿਮਾ ਮਿਲੇਗੀ ਉਹ ਇਨ੍ਹਾਂ ਤੋਂ ਕਿਤੇ ਜ਼ਿਆਦਾ ਸ਼ਾਨਦਾਰ ਹੋਵੇਗੀ ਅਤੇ ਹਮੇਸ਼ਾ ਰਹੇਗੀ।”2 ਕੁਰਿੰ. 4:16, 17.

ਮੁਸ਼ਕਲਾਂ ਲਈ ਹੁਣ ਤਿਆਰੀ ਕਰੋ

ਛੋਟੀ-ਵੱਡੀ ਉਮਰ ਦੇ ਮਸੀਹੀ ਆਪਣੇ ਵਿਸ਼ਵਾਸਾਂ ਬਾਰੇ ਦਲੇਰੀ ਨਾਲ ਦੱਸਣ ਦੀ ਟ੍ਰੇਨਿੰਗ ਲੈਂਦੇ ਹਨ (ਪੈਰਾ 16 ਦੇਖੋ)

16. ਮੁਸ਼ਕਲਾਂ ਲਈ ਹੁਣੇ ਤਿਆਰੀ ਕਰਨੀ ਕਿਉਂ ਜ਼ਰੂਰੀ ਹੈ?

16 ਜਿੱਦਾਂ ਅਸੀਂ ਦੇਖਿਆ ਹੈ, ਸ਼ੈਤਾਨ ਸਾਡੇ ਵਿਰੁੱਧ ਬਹੁਤ ਸਾਰੀਆਂ “ਚਾਲਾਂ” ਚੱਲਦਾ ਹੈ। (ਅਫ਼. 6:11) ਸਾਡੇ ਵਿੱਚੋਂ ਹਰ ਕਿਸੇ ਨੂੰ 1 ਪਤਰਸ 5:9 ਦੀ ਸਲਾਹ ਮੁਤਾਬਕ ਚੱਲਣਾ ਚਾਹੀਦਾ ਹੈ: “ਆਪਣੀ ਨਿਹਚਾ ਨੂੰ ਮਜ਼ਬੂਤ ਰੱਖ ਕੇ ਉਸ ਦਾ ਮੁਕਾਬਲਾ ਕਰੋ।” ਇੱਦਾਂ ਕਰਨ ਲਈ ਸਾਨੂੰ ਹੁਣ ਆਪਣੇ ਦਿਲ-ਦਿਮਾਗ਼ ਨੂੰ ਤਿਆਰ ਕਰਨ ਦੀ ਲੋੜ ਹੈ। ਮਿਸਾਲ ਲਈ, ਕਿਸੇ ਲੜਾਈ ਦੇ ਖ਼ਤਰੇ ਤੋਂ ਬਹੁਤ ਸਮਾਂ ਪਹਿਲਾਂ ਹੀ ਫ਼ੌਜੀ ਲੜਾਈ ਲੜਨ ਦੀ ਟ੍ਰੇਨਿੰਗ ਲੈਂਦੇ ਹਨ। ਇਹ ਗੱਲ ਸਾਡੇ ’ਤੇ ਵੀ ਢੁਕਦੀ ਹੈ। ਅਸੀਂ ਨਹੀਂ ਜਾਣਦੇ ਕਿ ਭਵਿੱਖ ਵਿਚ ਸਾਨੂੰ ਕਿੱਦਾਂ ਦੀਆਂ ਲੜਾਈਆਂ  ਵਿਚ ਸ਼ਾਮਲ ਹੋਣਾ ਪਵੇਗਾ। ਕੀ ਇਹ ਸਮਝਦਾਰੀ ਦੀ ਗੱਲ ਨਹੀਂ ਹੋਵੇਗੀ ਜੇ ਅਸੀਂ ਬੁਰਾ ਸਮਾਂ ਆਉਣ ਤੋਂ ਪਹਿਲਾਂ ਹੀ ਪੂਰੀ ਵਾਹ ਲਾ ਕੇ ਟ੍ਰੇਨਿੰਗ ਲਈਏ? ਪੌਲੁਸ ਨੇ ਕੁਰਿੰਥੁਸ ਦੇ ਭੈਣਾਂ-ਭਰਾਵਾਂ ਨੂੰ ਲਿਖਿਆ: “ਆਪਣੇ ਆਪ ਨੂੰ ਪਰਖਦੇ ਰਹੋ ਕਿ ਤੁਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹੋ ਜਾਂ ਨਹੀਂ, ਅਤੇ ਆਪਣੀ ਜਾਂਚ ਕਰਦੇ ਰਹੋ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ।”2 ਕੁਰਿੰ. 13:5.

17-19. (ੳ) ਅਸੀਂ ਕਿਨ੍ਹਾਂ ਤਰੀਕਿਆਂ ਨਾਲ ਆਪਣੇ ਆਪ ਦੀ ਪਰਖ ਕਰ ਸਕਦੇ ਹਾਂ? (ਅ) ਸਕੂਲ ਵਿਚ ਨੌਜਵਾਨ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਲਈ ਕਿਵੇਂ ਤਿਆਰੀ ਕਰ ਸਕਦੇ ਹਨ?

17 ਪੌਲੁਸ ਦੀ ਸਲਾਹ ਮੁਤਾਬਕ ਅਸੀਂ ਆਪਣੇ ਆਪ ਨੂੰ ਧਿਆਨ ਨਾਲ ਪਰਖਣ ਲਈ ਇਹ ਸਵਾਲ ਪੁੱਛ ਸਕਦੇ ਹਾਂ: ‘ਕੀ ਮੈਂ ਬਾਕਾਇਦਾ ਪ੍ਰਾਰਥਨਾ ਕਰਦਾ ਹਾਂ? ਕੀ ਮੈਂ ਲਗਾਤਾਰ ਮੀਟਿੰਗਾਂ ਵਿਚ ਹਾਜ਼ਰ ਹੁੰਦਾ ਹਾਂ? ਆਪਣੇ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਦੇ ਵੇਲੇ ਮੈਂ ਕਿਸ ਦਾ ਕਹਿਣਾ ਮੰਨਦਾ ਹਾਂ—ਇਨਸਾਨਾਂ ਦਾ ਜਾਂ ਪਰਮੇਸ਼ੁਰ ਦਾ? ਕੀ ਮੈਂ ਦਲੇਰੀ ਨਾਲ ਦੂਸਰਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਦਾ ਹਾਂ? ਕੀ ਮੈਂ ਆਪਣੇ ਭੈਣਾਂ-ਭਰਾਵਾਂ ਦੀਆਂ ਗ਼ਲਤੀਆਂ ਨੂੰ ਜਲਦੀ ਮਾਫ਼ ਕਰ ਦਿੰਦਾ ਹਾਂ, ਜਿੱਦਾਂ ਮੈਂ ਚਾਹੁੰਦਾ ਹਾਂ ਕਿ ਉਹ ਮੇਰੀਆਂ ਗ਼ਲਤੀਆਂ ਮਾਫ਼ ਕਰਨ? ਕੀ ਮੈਂ ਆਪਣੀ ਮੰਡਲੀ ਦੇ ਬਜ਼ੁਰਗਾਂ ਅਤੇ ਸੰਗਠਨ ਵਿਚ ਅਗਵਾਈ ਕਰ ਰਹੇ ਭਰਾਵਾਂ ਦੇ ਅਧੀਨ ਰਹਿੰਦਾ ਹਾਂ?’

18 ਧਿਆਨ ਦਿਓ ਕਿ ਉੱਪਰ ਦਿੱਤੇ ਸਵਾਲਾਂ ਵਿੱਚੋਂ ਦੋ ਸਵਾਲ ਦਲੇਰੀ ਨਾਲ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਅਤੇ ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰਨ ਬਾਰੇ ਹਨ। ਸਾਡੇ ਬਹੁਤ ਸਾਰੇ ਨੌਜਵਾਨ ਭੈਣਾਂ-ਭਰਾਵਾਂ ਨੂੰ ਸਕੂਲ ਵਿਚ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਲਈ ਦਲੇਰ ਬਣਨਾ ਪੈਂਦਾ ਹੈ। ਉਹ ਦੱਸਦੇ ਵੇਲੇ ਕੋਈ ਝਿਜਕ ਜਾਂ ਸ਼ਰਮਿੰਦਗੀ ਮਹਿਸੂਸ ਨਹੀਂ ਕਰਦੇ। ਇਨ੍ਹਾਂ ਨੌਜਵਾਨ ਭੈਣਾਂ-ਭਰਾਵਾਂ ਦੀ ਦਲੇਰੀ ਨਾਲ ਬੋਲਣ ਵਿਚ ਕਿਹੜੀ ਚੀਜ਼ ਨੇ ਮਦਦ ਕੀਤੀ ਹੈ? ਉਨ੍ਹਾਂ ਨੇ ਸਾਡੇ ਪ੍ਰਕਾਸ਼ਨਾਂ ਵਿੱਚੋਂ ਕੁਝ ਸੁਝਾਅ ਵਰਤੇ ਹਨ। ਮਿਸਾਲ ਲਈ, ਅਕਤੂਬਰ 2009 ਦਾ ਜਾਗਰੂਕ ਬਣੋ! ਸਲਾਹ ਦਿੰਦਾ ਹੈ ਕਿ ਜੇਕਰ ਤੁਹਾਡੇ ਨਾਲ ਪੜ੍ਹਨ ਵਾਲਾ ਵਿਦਿਆਰਥੀ ਤੁਹਾਨੂੰ ਪੁੱਛੇ, “ਤੁਸੀਂ ਵਿਕਾਸਵਾਦ ਦੀ ਸਿੱਖਿਆ ਨੂੰ ਕਿਉਂ ਨਹੀਂ ਮੰਨਦੇ?” ਤਾਂ ਤੁਸੀਂ ਸਿਰਫ਼ ਇੰਨਾ ਕਹਿ ਸਕਦੇ ਹੋ, “ਮੈਂ ਇਹ ਸਿੱਖਿਆ ਕਿਉਂ ਮੰਨਾਂ? ਸਾਇੰਸਦਾਨ ਵੀ ਇਸ ਬਾਰੇ ਸਹਿਮਤ ਨਹੀਂ ਅਤੇ ਉਹ ਤਾਂ ਮਾਹਰ ਮੰਨੇ ਜਾਂਦੇ ਹਨ!” ਮਾਪਿਓ, ਆਪਣੇ ਬੱਚਿਆਂ ਨਾਲ ਤਿਆਰੀ ਕਰੋ ਕਿ ਉਹ ਸਕੂਲ ਵਿਚ ਦਲੇਰੀ ਨਾਲ ਆਪਣੇ ਵਿਸ਼ਵਾਸਾਂ ਬਾਰੇ ਗਵਾਹੀ ਕਿਵੇਂ ਦੇ ਸਕਦੇ ਹਨ।

19 ਪਰ ਇਹ ਗੱਲ ਸੱਚ ਹੈ ਕਿ ਆਪਣੇ ਵਿਸ਼ਵਾਸਾਂ ਬਾਰੇ ਦਲੇਰੀ ਨਾਲ ਦੱਸਣਾ ਜਾਂ ਯਹੋਵਾਹ ਸਾਡੇ ਤੋਂ ਜੋ ਚਾਹੁੰਦਾ ਹੈ ਉਹ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਸਾਰਾ ਦਿਨ ਕੰਮ ਕਰਨ ਤੋਂ ਬਾਅਦ ਥੱਕੇ ਹੋਣ ਕਰਕੇ ਸ਼ਾਇਦ ਸਾਡਾ ਮੀਟਿੰਗ ਤੇ ਜਾਣ ਦਾ ਮਨ ਨਾ ਕਰੇ। ਜਾਂ ਸਵੇਰੇ ਪ੍ਰਚਾਰ ਤੇ ਜਾਣ ਲਈ ਉੱਠਣਾ ਔਖਾ ਲੱਗੇ। ਪਰ ਯਾਦ ਰੱਖੋ ਕਿ ਜੇਕਰ ਤੁਸੀਂ ਹੁਣ ਇਹ ਕੰਮ ਕਰਨ ਦੀ ਆਦਤ ਪਾਓਗੇ, ਤਾਂ ਤੁਸੀਂ ਭਵਿੱਖ ਵਿਚ ਆਉਣ ਵਾਲੀਆਂ ਵੱਡੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ ਸਕੋਗੇ।

20, 21. (ੳ) ਯਿਸੂ ਦੀ ਕੁਰਬਾਨੀ ’ਤੇ ਸੋਚ-ਵਿਚਾਰ ਕਰ ਕੇ ਅਸੀਂ ਨਿਰਾਸ਼ਾ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? (ਅ) ਮੁਸੀਬਤਾਂ ਝੱਲਣ ਦੇ ਮਾਮਲੇ ਵਿਚ ਸਾਡਾ ਇਰਾਦਾ ਕੀ ਹੋਣਾ ਚਾਹੀਦਾ ਹੈ?

20 ਪਰ ਗੁੱਝੇ ਹਮਲਿਆਂ ਬਾਰੇ ਕੀ? ਮਿਸਾਲ ਲਈ, ਅਸੀਂ ਨਿਰਾਸ਼ਾ ਦਾ ਸਾਮ੍ਹਣਾ ਕਿੱਦਾਂ ਕਰ ਸਕਦੇ ਹਾਂ? ਇਕ ਵਧੀਆ ਤਰੀਕਾ ਹੈ ਯਿਸੂ ਦੀ ਕੁਰਬਾਨੀ ’ਤੇ ਸੋਚ-ਵਿਚਾਰ ਕਰਨਾ। ਪੌਲੁਸ ਰਸੂਲ ਨੇ ਵੀ ਇੱਦਾਂ ਹੀ ਕੀਤਾ। ਭਾਵੇਂ ਉਸ ਨੇ ਕਈ ਵਾਰੀ ਆਪਣੇ ਆਪ ਨੂੰ ਬੇਬੱਸ ਮਹਿਸੂਸ ਕੀਤਾ ਸੀ, ਪਰ ਉਹ ਜਾਣਦਾ ਸੀ ਕਿ ਯਿਸੂ ਮੁਕੰਮਲ ਇਨਸਾਨਾਂ ਲਈ ਨਹੀਂ, ਸਗੋਂ ਪਾਪੀਆਂ ਲਈ ਮਰਿਆ ਸੀ। ਪੌਲੁਸ ਵੀ ਉਨ੍ਹਾਂ ਪਾਪੀਆਂ ਵਿੱਚੋਂ ਇਕ ਸੀ। ਇਸ ਲਈ ਉਸ ਨੇ ਲਿਖਿਆ: “ਮੈਂ ਪਰਮੇਸ਼ੁਰ ਦੇ ਪੁੱਤਰ ਉੱਤੇ ਨਿਹਚਾ ਕਰ ਕੇ ਜੀ ਰਿਹਾ ਹਾਂ ਜਿਸ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਮੇਰੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ।” (ਗਲਾ. 2:20) ਜੀ ਹਾਂ, ਪੌਲੁਸ ਨੇ ਯਿਸੂ ਦੀ ਕੁਰਬਾਨੀ ’ਤੇ ਭਰੋਸਾ ਰੱਖਿਆ। ਉਸ ਨੇ ਮਹਿਸੂਸ ਕੀਤਾ ਕਿ ਇਹ ਕੁਰਬਾਨੀ ਉਸ ਦੀ ਖ਼ਾਤਰ ਦਿੱਤੀ ਗਈ ਸੀ।

21 ਜੇਕਰ ਤੁਸੀਂ ਮੰਨਦੇ ਹੋ ਕਿ ਯਹੋਵਾਹ ਨੇ ਤੁਹਾਡੀ ਖ਼ਾਤਰ ਯਿਸੂ ਦੀ ਕੁਰਬਾਨੀ ਦਿੱਤੀ ਹੈ, ਤਾਂ ਤੁਹਾਨੂੰ ਵੀ ਫ਼ਾਇਦਾ ਹੋਵੇਗਾ। ਇਸ ਦਾ ਮਤਲਬ ਇਹ ਨਹੀਂ ਕਿ ਨਿਰਾਸ਼ਾ ਇਕਦਮ ਖ਼ਤਮ ਹੋ ਜਾਵੇਗੀ। ਕੁਝ ਜਣਿਆਂ ਨੂੰ ਨਵੀਂ ਦੁਨੀਆਂ ਆਉਣ ਤਕ ਸਮੇਂ-ਸਮੇਂ ’ਤੇ ਨਿਰਾਸ਼ਾ ਦਾ ਸਾਮ੍ਹਣਾ ਕਰਨਾ ਪਵੇਗਾ। ਪਰ ਯਾਦ ਰੱਖੋ ਕਿ ਇਨਾਮ ਉਨ੍ਹਾਂ ਨੂੰ ਹੀ ਮਿਲੇਗਾ ਜੋ ਹਿੰਮਤ ਨਹੀਂ ਹਾਰਨਗੇ। ਉਹ ਦਿਨ ਬਹੁਤ ਨੇੜੇ ਹੈ ਜਦ ਪਰਮੇਸ਼ੁਰ ਦਾ ਰਾਜ ਕਾਇਮ ਹੋਵੇਗਾ। ਉਸ ਦੇ ਰਾਜ ਵਿਚ ਸਾਰੀ ਧਰਤੀ ’ਤੇ ਸ਼ਾਂਤੀ ਹੋਵੇਗੀ ਅਤੇ ਸਾਰੇ ਇਨਸਾਨ ਮੁਕੰਮਲ ਹੋ ਜਾਣਗੇ। ਭਾਵੇਂ ਕਿ ਤੁਹਾਨੂੰ ਬਹੁਤ ਸਾਰੀਆਂ ਮੁਸੀਬਤਾਂ ਝੱਲਣੀਆਂ ਪੈਂਦੀਆਂ ਹਨ, ਪਰ ਉਸ ਦੇ ਰਾਜ ਵਿਚ ਜਾਣ ਦੇ ਆਪਣੇ ਇਰਾਦੇ ’ਤੇ ਪੱਕੇ ਰਹੋ।