ਕੀ ਤੁਸੀਂ ‘ਯੋਗ ਬਣਨ ਦੀ ਕੋਸ਼ਿਸ਼ ਕਰ’ ਰਹੇ ਹੋ?
ਫਰਨੈਂਡੋ * ਘਬਰਾਇਆ ਹੋਇਆ ਸੀ ਕਿਉਂਕਿ ਦੋ ਬਜ਼ੁਰਗਾਂ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਨਾਲ ਕੋਈ ਗੱਲ ਕਰਨੀ ਚਾਹੁੰਦੇ ਸਨ। ਸਰਕਟ ਨਿਗਾਹਬਾਨ ਦੇ ਪਿਛਲੇ ਕੁਝ ਦੌਰਿਆਂ ਤੋਂ ਬਾਅਦ ਬਜ਼ੁਰਗਾਂ ਨੇ ਉਸ ਨੂੰ ਦੱਸਿਆ ਸੀ ਕਿ ਉਹ ਨੂੰ ਮੰਡਲੀ ਵਿਚ ਹੋਰ ਜ਼ਿੰਮੇਵਾਰੀਆਂ ਚੁੱਕਣ ਦੇ ਕਾਬਲ ਬਣਨ ਲਈ ਕੀ ਕਰਨ ਦੀ ਲੋੜ ਸੀ। ਸਮੇਂ ਦੇ ਬੀਤਣ ਨਾਲ ਫਰਨੈਂਡੋ ਸੋਚਣ ਲੱਗ ਪਿਆ ਕਿ ਉਹ ਕਦੀ ਬਜ਼ੁਰਗ ਬਣੇਗਾ ਵੀ ਜਾਂ ਨਹੀਂ। ਹੁਣ ਹਾਲ ਹੀ ਵਿਚ ਸਰਕਟ ਨਿਗਾਹਬਾਨ ਨੇ ਉਸ ਦੀ ਮੰਡਲੀ ਦਾ ਦੌਰਾ ਕੀਤਾ ਸੀ। ਇਸ ਵਾਰ ਬਜ਼ੁਰਗ ਉਸ ਨੂੰ ਕੀ ਕਹਿਣਗੇ?
ਉਨ੍ਹਾਂ ਵਿੱਚੋਂ ਇਕ ਬਜ਼ੁਰਗ ਨੇ ਫਰਨੈਂਡੋ ਨਾਲ ਗੱਲ ਕੀਤੀ। ਉਸ ਨੇ 1 ਤਿਮੋਥਿਉਸ 3:1 ਦਾ ਹਵਾਲਾ ਦਿੰਦੇ ਹੋਏ ਕਿਹਾ, ‘ਮੰਡਲੀ ਦੇ ਬਜ਼ੁਰਗਾਂ ਨੂੰ ਚਿੱਠੀ ਰਾਹੀਂ ਖ਼ਬਰ ਮਿਲੀ ਹੈ ਕਿ ਤੁਹਾਨੂੰ ਬਜ਼ੁਰਗ ਨਿਯੁਕਤ ਕੀਤਾ ਗਿਆ ਹੈ।’ ਫਰਨੈਂਡੋ ਸਿੱਧਾ ਹੋ ਕੇ ਬੈਠ ਗਿਆ ਤੇ ਪੁੱਛਿਆ: “ਤੁਸੀਂ ਕੀ ਕਿਹਾ?” ਭਰਾ ਨੇ ਉਸ ਨੂੰ ਦੁਬਾਰਾ ਦੱਸਿਆ ਤੇ ਇਹ ਸੁਣ ਕੇ ਫਰਨੈਂਡੋ ਦੇ ਚਿਹਰੇ ’ਤੇ ਮੁਸਕਰਾਹਟ ਆ ਗਈ। ਬਾਅਦ ਵਿਚ ਜਦੋਂ ਮੰਡਲੀ ਵਿਚ ਉਸ ਦੇ ਬਜ਼ੁਰਗ ਬਣਨ ਦੀ ਘੋਸ਼ਣਾ ਕੀਤੀ ਗਈ, ਤਾਂ ਸਾਰਿਆਂ ਦੇ ਚਿਹਰੇ ’ਤੇ ਖ਼ੁਸ਼ੀ ਸੀ।
ਕੀ ਮੰਡਲੀ ਵਿਚ ਜ਼ਿੰਮੇਵਾਰੀਆਂ ਸੰਭਾਲਣ ਦੀ ਇੱਛਾ ਰੱਖਣੀ ਗ਼ਲਤ ਹੈ? ਬਿਲਕੁਲ ਨਹੀਂ। 1 ਤਿਮੋਥਿਉਸ 3:1 ਵਿਚ ਕਿਹਾ ਗਿਆ ਹੈ: “ਜੇ ਕੋਈ ਭਰਾ ਨਿਗਾਹਬਾਨ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਵਿਚ ਚੰਗਾ ਕੰਮ ਕਰਨ ਦੀ ਤਮੰਨਾ ਹੈ।” ਇਸ ਗੱਲ ਤੋਂ ਬਹੁਤ ਸਾਰੇ ਮਸੀਹੀ ਭਰਾਵਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਅਤੇ ਉਹ ਮੰਡਲੀ ਵਿਚ ਜ਼ਿੰਮੇਵਾਰੀਆਂ ਚੁੱਕਣ ਦੇ ਯੋਗ ਬਣਨ ਲਈ ਸੱਚਾਈ ਵਿਚ ਤਰੱਕੀ ਕਰਦੇ ਹਨ। ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਅੱਜ ਲੱਖਾਂ ਕਾਬਲ ਬਜ਼ੁਰਗ ਅਤੇ ਸਹਾਇਕ ਸੇਵਕ ਪਰਮੇਸ਼ੁਰ ਦੇ ਲੋਕਾਂ ਦੀ ਦੇਖ-ਭਾਲ ਕਰ ਰਹੇ ਹਨ। ਪਰ ਮੰਡਲੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਇਸ ਲਈ ਹੋਰ ਭਰਾਵਾਂ ਨੂੰ ਜ਼ਿੰਮੇਵਾਰੀਆਂ ਚੁੱਕਣ ਦੇ ਕਾਬਲ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਦਾ ਸਹੀ ਤਰੀਕਾ ਕੀ ਹੈ? ਕੀ ਨਿਗਾਹਬਾਨ ਬਣਨ ਦੀ ਇੱਛਾ ਰੱਖਣ ਵਾਲੇ ਭਰਾਵਾਂ ਨੂੰ ਫਰਨੈਂਡੋ ਵਾਂਗ ਇਸ ਬਾਰੇ ਚਿੰਤਾ ਕਰਨ ਦੀ ਲੋੜ ਹੈ?
‘ਯੋਗ ਬਣਨ ਦੀ ਕੋਸ਼ਿਸ਼ ਕਰਨ’ ਦਾ ਕੀ ਮਤਲਬ ਹੈ?
ਜਿਸ ਯੂਨਾਨੀ ਕ੍ਰਿਆ ਦਾ ਅਨੁਵਾਦ ‘ਯੋਗ ਬਣਨ ਦੀ ਕੋਸ਼ਿਸ਼ ਕਰਨਾ’ ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਕੋਈ ਕੰਮ ਕਰਨ ਦੀ ਬਹੁਤ ਇੱਛਾ ਹੋਣੀ ਜਾਂ ਪੂਰੀ ਵਾਹ ਲਾ ਕੇ ਕੋਸ਼ਿਸ਼ ਕਰਨੀ। ਇਹ ਉਵੇਂ ਹੈ ਜਿਵੇਂ ਕੋਈ ਵਿਅਕਤੀ ਆਪਣਾ ਹੱਥ ਵਧਾ ਕੇ ਦਰਖ਼ਤ ਤੋਂ ਪੱਕਿਆ ਫਲ ਤੋੜਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਪਰ ਯੋਗ ਬਣਨ ਦੀ ਕੋਸ਼ਿਸ਼ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਉਸ ਵਿਚ “ਨਿਗਾਹਬਾਨ” ਬਣਨ ਦਾ ਲਾਲਚ ਹੈ। ਕਿਉਂ? ਕਿਉਂਕਿ ਜਿਹੜੇ ਭਰਾਵਾਂ ਵਿਚ ਬਜ਼ੁਰਗਾਂ ਵਜੋਂ ਸੇਵਾ ਕਰਨ ਦੀ ਦਿਲੀ ਇੱਛਾ ਹੁੰਦੀ ਹੈ, ਉਨ੍ਹਾਂ ਦਾ ਟੀਚਾ ਹੋਣਾ ਚਾਹੀਦਾ ਹੈ ‘ਚੰਗਾ ਕੰਮ ਕਰਨਾ,’ ਨਾ ਕਿ ਮੰਡਲੀ ਵਿਚ ਪਦਵੀ ਹਾਸਲ ਕਰਨੀ।
ਇਸ ਚੰਗੇ ਕੰਮ ਲਈ ਯੋਗ ਬਣਨ ਦੀਆਂ ਬਹੁਤ ਸਾਰੀਆਂ ਮੰਗਾਂ 1 ਤਿਮੋਥਿਉਸ 3:2-7 ਅਤੇ ਤੀਤੁਸ 1:5-9 ਵਿਚ ਦੱਸੀਆਂ ਗਈਆਂ ਹਨ। ਲੰਬੇ ਸਮੇਂ ਤੋਂ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਭਰਾ ਰੇਮੰਡ ਇਨ੍ਹਾਂ ਉੱਚੇ ਮਿਆਰਾਂ ਦੇ ਸੰਬੰਧ ਵਿਚ ਕਹਿੰਦਾ ਹੈ: “ਮੇਰੇ ਲਈ ਇਹ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਕਿਹੋ ਜਿਹੇ ਇਨਸਾਨ ਹਾਂ। ਭਾਸ਼ਣ ਦੇਣਾ ਤੇ ਸਿਖਾਉਣਾ ਜ਼ਰੂਰੀ ਹੈ, ਪਰ ਇਨ੍ਹਾਂ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਨਿਰਦੋਸ਼ ਹੋਈਏ, ਹਰ ਗੱਲ ਵਿਚ ਸੰਜਮ ਰੱਖੀਏ, ਸਮਝਦਾਰ ਬਣੀਏ, ਹਰ ਕੰਮ ਸਲੀਕੇ ਨਾਲ ਕਰੀਏ, ਪਰਾਹੁਣਚਾਰੀ ਕਰੀਏ ਅਤੇ ਅੜਬ ਨਾ ਬਣੀਏ।”
ਜਿਹੜਾ ਭਰਾ ਸੱਚ-ਮੁੱਚ ਯੋਗ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਜਾਂ ਗ਼ਲਤ ਕੰਮ ਤੋਂ ਦੂਰ ਰਹਿ ਕੇ ਦਿਖਾਉਂਦਾ ਹੈ ਕਿ ਉਹ ਨਿਰਦੋਸ਼ ਹੈ। ਉਹ ਹਰ ਗੱਲ ਵਿਚ ਸੰਜਮ ਰੱਖਦਾ ਹੈ, ਸਮਝਦਾਰੀ ਦਿਖਾਉਂਦਾ ਹੈ, ਹਰ ਕੰਮ ਸਲੀਕੇ ਨਾਲ ਕਰਦਾ ਹੈ ਤੇ ਅੜਬ ਨਹੀਂ ਹੁੰਦਾ। ਇਸ ਲਈ ਭੈਣ-ਭਰਾ ਉਸ ਉੱਤੇ ਭਰੋਸਾ ਰੱਖਦੇ ਹਨ ਕਿ ਉਹ ਮੰਡਲੀ ਦੀ ਅਗਵਾਈ ਕਰੇ ਅਤੇ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਵਿਚ ਉਨ੍ਹਾਂ ਦੀ ਮਦਦ ਕਰੇ। ਪਰਾਹੁਣਚਾਰੀ ਕਰ ਕੇ ਉਹ ਨੌਜਵਾਨਾਂ ਅਤੇ ਸੱਚਾਈ ਵਿਚ ਨਵੇਂ ਲੋਕਾਂ ਨੂੰ ਹੱਲਾਸ਼ੇਰੀ ਦਿੰਦਾ ਹੈ। ਉਹ ਬੀਮਾਰ ਤੇ ਬਜ਼ੁਰਗ ਭੈਣਾਂ-ਭਰਾਵਾਂ ਨੂੰ ਦਿਲਾਸਾ ਦਿੰਦਾ ਹੈ ਤੇ ਉਨ੍ਹਾਂ ਦੀ ਮਦਦ ਕਰਦਾ ਹੈ ਕਿਉਂਕਿ ਉਸ ਨੂੰ ਚੰਗੇ ਕੰਮ ਕਰਨੇ ਪਸੰਦ ਹਨ। ਉਹ ਇਸ ਇਰਾਦੇ ਨਾਲ ਆਪਣੇ ਵਿਚ ਇਹ ਗੁਣ ਪੈਦਾ ਨਹੀਂ ਕਰਦਾ ਕਿ ਉਸ ਨੂੰ ਬਜ਼ੁਰਗ ਬਣਾ ਦਿੱਤਾ ਜਾਵੇਗਾ, ਸਗੋਂ ਉਹ ਦੂਸਰਿਆਂ ਦਾ ਭਲਾ ਕਰਨ ਲਈ ਇਹ ਗੁਣ ਪੈਦਾ ਕਰਦਾ ਹੈ। *
ਭਰਾਵਾਂ ਨੂੰ ਸਲਾਹ ਤੇ ਹੱਲਾਸ਼ੇਰੀ ਦੇ ਕੇ ਬਜ਼ੁਰਗਾਂ ਨੂੰ ਖ਼ੁਸ਼ੀ ਹੁੰਦੀ ਹੈ, ਪਰ ਇਨ੍ਹਾਂ ਮੰਗਾਂ ਨੂੰ ਪੂਰਾ ਕਰਨਾ ਮੁੱਖ ਤੌਰ ਤੇ ਹਰ ਭਰਾ ਦੀ ਆਪਣੀ ਜ਼ਿੰਮੇਵਾਰੀ ਹੈ ਜੋ ਯੋਗ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਜਰਬੇਕਾਰ ਨਿਗਾਹਬਾਨ ਹੈਨਰੀ ਕਹਿੰਦਾ ਹੈ: “ਜੇ ਤੁਸੀਂ ਬਜ਼ੁਰਗ ਬਣਨਾ ਚਾਹੁੰਦੇ ਹੋ, ਤਾਂ ਸਖ਼ਤ ਮਿਹਨਤ ਕਰ ਕੇ ਸਾਬਤ ਕਰੋ ਕਿ ਤੁਸੀਂ ਇਹ ਜ਼ਿੰਮੇਵਾਰੀ ਲੈਣ ਦੇ ਯੋਗ ਹੋ।” ਉਪਦੇਸ਼ਕ ਦੀ ਪੋਥੀ 9:10 ਦਾ ਜ਼ਿਕਰ ਕਰਦੇ ਹੋਏ ਉਹ ਕਹਿੰਦਾ ਹੈ: “‘ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ ਉਹੋ ਆਪਣੇ ਸਾਰੇ ਜ਼ੋਰ ਨਾਲ ਕਰ।’ ਬਜ਼ੁਰਗ ਤੁਹਾਨੂੰ ਜੋ ਵੀ ਜ਼ਿੰਮੇਵਾਰੀ ਦਿੰਦੇ ਹਨ, ਉਸ ਨੂੰ ਦਿਲੋਂ ਨਿਭਾਓ। ਮੰਡਲੀ ਵਿਚ ਹਰ ਕੰਮ ਖ਼ੁਸ਼ੀ ਨਾਲ ਕਰੋ, ਚਾਹੇ ਉਹ ਕੰਮ ਝਾੜੂ ਫੇਰਨ ਦਾ ਹੀ ਕਿਉਂ ਨਾ ਹੋਵੇ। ਸਮੇਂ ਦੇ ਬੀਤਣ ਨਾਲ ਬਜ਼ੁਰਗ ਦੇਖਣਗੇ ਕਿ ਤੁਸੀਂ ਕੋਈ ਵੀ ਕੰਮ ਕਰਨ ਲਈ ਕਿੰਨੀ ਮਿਹਨਤ ਕਰਦੇ ਹੋ।” ਜੇ ਤੁਸੀਂ ਬਜ਼ੁਰਗ ਦੇ ਤੌਰ ਤੇ ਸੇਵਾ ਕਰਨੀ ਚਾਹੁੰਦੇ ਹੋ, ਤਾਂ ਪਰਮੇਸ਼ੁਰ ਦੀ ਭਗਤੀ ਨਾਲ ਸੰਬੰਧਿਤ ਹਰ ਕੰਮ ਵਿਚ ਸਖ਼ਤ ਮਿਹਨਤ ਕਰੋ ਤੇ ਭਰੋਸੇਯੋਗ ਬਣੋ। ਤੁਹਾਡੇ ਵਿਚ ਨਿਮਰਤਾ ਦਿਖਾਈ ਦੇਣੀ ਚਾਹੀਦੀ ਹੈ, ਨਾ ਕਿ ਘਮੰਡ ਤੇ ਲਾਲਸਾ।
ਗ਼ਲਤ ਸੋਚ ਅਤੇ ਰਵੱਈਏ ਤੋਂ ਬਚੋ
ਮੰਡਲੀ ਵਿਚ ਸਨਮਾਨ ਪਾਉਣ ਦੇ ਇੱਛੁਕ ਕੁਝ ਭਰਾ ਸ਼ਾਇਦ ਗੱਲਾਂ-ਗੱਲਾਂ ਵਿਚ ਕਹਿਣ ਕਿ ਉਨ੍ਹਾਂ ਨੂੰ ਬਜ਼ੁਰਗ ਬਣਾਇਆ ਜਾਵੇ ਜਾਂ ਉਹ ਬਜ਼ੁਰਗਾਂ ਦੀ ਚਾਪਲੂਸੀ ਕਰਨ। ਕਈ ਭਰਾ ਬਜ਼ੁਰਗਾਂ ਵੱਲੋਂ ਸਲਾਹ ਮਿਲਣ ਤੇ ਗੁੱਸਾ ਕਰਦੇ ਹਨ। ਅਜਿਹੇ ਭਰਾਵਾਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ‘ਕੀ ਮੈਂ ਆਪਣੇ ਆਪ ਨੂੰ ਉੱਚਾ ਚੁੱਕਣਾ ਚਾਹੁੰਦਾ ਹਾਂ ਜਾਂ ਕੀ ਮੈਂ ਨਿਮਰਤਾ ਨਾਲ ਯਹੋਵਾਹ ਦੀਆਂ ਭੇਡਾਂ ਦੀ ਦੇਖ-ਭਾਲ ਕਰਨੀ ਚਾਹੁੰਦਾ ਹਾਂ?’
ਜਿਹੜੇ ਭਰਾ ਯੋਗ ਬਣਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਇਹ ਮੰਗ ਵੀ ਨਹੀਂ ਭੁੱਲਣੀ ਚਾਹੀਦੀ ਕਿ ਬਜ਼ੁਰਗਾਂ ਨੂੰ ‘ਭੇਡਾਂ ਲਈ ਮਿਸਾਲ ਬਣਨਾ’ ਚਾਹੀਦਾ ਹੈ। (1 ਪਤ. 5:1-3) ਜਿਹੜਾ ਭਰਾ ਮੰਡਲੀ ਲਈ ਮਿਸਾਲ ਹੈ, ਉਹ ਗ਼ਲਤ ਸੋਚ ਅਤੇ ਰਵੱਈਏ ਤੋਂ ਬਚਦਾ ਹੈ। ਚਾਹੇ ਉਹ ਇਸ ਵੇਲੇ ਬਜ਼ੁਰਗ ਦੇ ਤੌਰ ਤੇ ਸੇਵਾ ਕਰਦਾ ਹੈ ਜਾਂ ਨਹੀਂ, ਉਹ ਆਪਣੇ ਅੰਦਰ ਧੀਰਜ ਪੈਦਾ ਕਰਦਾ ਹੈ। ਬਜ਼ੁਰਗ ਬਣਨ ਦਾ ਇਹ ਮਤਲਬ ਨਹੀਂ ਹੈ ਕਿ ਉਹ ਚਮਤਕਾਰੀ ਢੰਗ ਨਾਲ ਇਨਸਾਨੀ ਕਮਜ਼ੋਰੀਆਂ ਤੋਂ ਆਜ਼ਾਦ ਹੋ ਜਾਂਦਾ ਹੈ। (ਗਿਣ. 12:3; ਜ਼ਬੂ. 106:32, 33) ਨਾਲੇ, ਇਕ ਭਰਾ ਨੂੰ ਸ਼ਾਇਦ ਆਪਣੇ ਵਿਚ ਕੁਝ ਗ਼ਲਤ ਨਜ਼ਰ ਨਾ ਆਵੇ ਜਿਸ ਕਰਕੇ ਉਸ ਦੀ “ਜ਼ਮੀਰ ਸਾਫ਼” ਹੋਵੇ, ਪਰ ਸ਼ਾਇਦ ਕਿਸੇ ਕਾਰਨ ਕਰਕੇ ਦੂਸਰਿਆਂ ਦੀ ਉਸ ਬਾਰੇ ਇੰਨੀ ਵਧੀਆ ਰਾਇ ਨਾ ਹੋਵੇ। (1 ਕੁਰਿੰ. 4:4) ਇਸ ਲਈ ਜੇ ਬਜ਼ੁਰਗ ਤੁਹਾਡੀ ਮਦਦ ਕਰਨ ਲਈ ਤੁਹਾਨੂੰ ਬਾਈਬਲ ਵਿੱਚੋਂ ਸਲਾਹ ਦਿੰਦੇ ਹਨ, ਤਾਂ ਗੁੱਸਾ ਕਰਨ ਦੀ ਬਜਾਇ ਸਲਾਹ ਨੂੰ ਸੁਣੋ ਤੇ ਇਸ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰੋ।
ਜੇ ਤੁਸੀਂ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹੋ?
ਕਈ ਭਰਾਵਾਂ ਨੂੰ ਲੱਗਦਾ ਹੈ ਕਿ ਬਜ਼ੁਰਗ ਬਣਨ ਲਈ ਉਨ੍ਹਾਂ ਨੂੰ ਲੰਬਾ ਸਮਾਂ ਉਡੀਕ ਕਰਨੀ ਪੈ ਰਹੀ ਹੈ। ਜੇ ਤੁਸੀਂ ਕਈ ਸਾਲਾਂ ਤੋਂ ‘ਨਿਗਾਹਬਾਨ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਬਣਨ ਦੀ ਕੋਸ਼ਿਸ਼ ਕਰ’ ਰਹੇ ਹੋ, ਤਾਂ ਕੀ ਕਈ ਵਾਰ ਤੁਹਾਨੂੰ ਇਸ ਗੱਲ ਦੀ ਚਿੰਤਾ ਹੋ ਜਾਂਦੀ ਹੈ? ਜੇ ਹਾਂ, ਤਾਂ ਬਾਈਬਲ ਵਿਚ ਦਰਜ ਇਨ੍ਹਾਂ ਸ਼ਬਦਾਂ ਵੱਲ ਧਿਆਨ ਦਿਓ: “ਇੱਛਾ ਦੇ ਨਾ ਪੂਰਾ ਹੋਣੇ ਨਾਲ ਦਿਲ ਟੁਟ ਜਾਂਦਾ ਹੈ, ਪਰ ਇੱਛਾ ਦੇ ਪੂਰਾ ਹੋਣ ਨਾਲ ਦਿਲ ਆਨੰਦਿਤ ਹੁੰਦਾ ਹੈ।”
ਜਦੋਂ ਕੋਈ ਟੀਚਾ ਹਾਸਲ ਕਰਨਾ ਮੁਸ਼ਕਲ ਲੱਗਦਾ ਹੈ, ਤਾਂ ਇਨਸਾਨ ਸ਼ਾਇਦ ਹੌਸਲਾ ਹਾਰ ਦੇਵੇ। ਅਬਰਾਹਾਮ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ। ਯਹੋਵਾਹ ਨੇ ਉਸ ਨੂੰ ਪੁੱਤਰ ਦੇਣ ਦਾ ਵਾਅਦਾ ਕੀਤਾ ਸੀ, ਪਰ ਕਈ ਸਾਲਾਂ ਤਕ ਉਨ੍ਹਾਂ ਦੇ ਘਰ ਕੋਈ ਬੱਚਾ ਪੈਦਾ ਨਹੀਂ ਹੋਇਆ। (ਉਤ. 12:1-3, 7) ਆਪਣੇ ਬੁਢਾਪੇ ਵਿਚ ਅਬਰਾਹਾਮ ਨੇ ਨਿਰਾਸ਼ ਹੋ ਕੇ ਕਿਹਾ: “ਹੇ ਯਹੋਵਾਹ ਪ੍ਰਭੁ ਤੂੰ ਮੈਨੂੰ ਕੀ ਦੇਵੇਂਗਾ? . . . ਵੇਖ ਤੈਂ ਮੈਨੂੰ ਕੋਈ ਅੰਸ ਨਾ ਦਿੱਤੀ।” ਯਹੋਵਾਹ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਦੇ ਵਾਅਦੇ ਅਨੁਸਾਰ ਉਸ ਦੇ ਇਕ ਪੁੱਤਰ ਹੋਵੇਗਾ। ਪਰ ਉਸ ਨੂੰ ਇਸ ਵਾਅਦੇ ਦੇ ਪੂਰਾ ਹੋਣ ਦੀ ਘੱਟੋ-ਘੱਟ ਹੋਰ 14 ਸਾਲ ਉਡੀਕ ਕਰਨੀ ਪਈ।
ਅਬਰਾਹਾਮ ਨੂੰ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ੀ ਮਿਲਦੀ ਸੀ। ਪਰ ਕੀ ਵਾਅਦੇ ਦੇ ਪੂਰਾ ਹੋਣ ਦੀ ਉਡੀਕ ਕਰਦਿਆਂ ਉਸ ਦੀ ਇਹ ਖ਼ੁਸ਼ੀ ਖ਼ਤਮ ਹੋ ਗਈ ਸੀ? ਨਹੀਂ। ਉਸ ਨੇ ਪਰਮੇਸ਼ੁਰ ਦੇ ਵਾਅਦੇ ’ਤੇ ਕਦੀ ਸ਼ੱਕ ਨਹੀਂ ਕੀਤਾ। ਉਹ ਹਮੇਸ਼ਾ ਖ਼ੁਸ਼ੀ ਨਾਲ ਉਸ ਵਾਅਦੇ ਦੇ ਪੂਰਾ ਹੋਣ ਦੀ ਉਡੀਕ ਕਰਦਾ ਰਿਹਾ। ਪੌਲੁਸ ਰਸੂਲ ਨੇ ਲਿਖਿਆ: “ਅਬਰਾਹਾਮ ਦੇ ਧੀਰਜ ਰੱਖਣ ਤੋਂ ਬਾਅਦ ਉਸ ਨਾਲ ਇਹ ਵਾਅਦਾ ਕੀਤਾ ਗਿਆ ਸੀ।” (ਇਬ. 6:15) ਅਖ਼ੀਰ ਵਿਚ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਉਸ ਵਫ਼ਾਦਾਰ ਇਨਸਾਨ ਨੂੰ ਇੰਨੀਆਂ ਬਰਕਤਾਂ ਦਿੱਤੀਆਂ ਜਿਨ੍ਹਾਂ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਸੀ ਕੀਤੀ। ਤੁਸੀਂ ਅਬਰਾਹਾਮ ਤੋਂ ਕੀ ਸਿੱਖ ਸਕਦੇ ਹੋ?
ਜੇ ਤੁਸੀਂ ਬਜ਼ੁਰਗ ਵਜੋਂ ਸੇਵਾ ਕਰਨੀ ਚਾਹੁੰਦੇ ਹੋ, ਪਰ ਕਈ ਸਾਲਾਂ ਬਾਅਦ ਵੀ ਤੁਹਾਡੀ ਇਹ ਇੱਛਾ ਪੂਰੀ ਨਹੀਂ ਹੋਈ ਹੈ, ਤਾਂ ਯਹੋਵਾਹ ਉੱਤੇ ਆਪਣੇ ਭਰੋਸੇ ਨੂੰ ਬਣਾਈ ਰੱਖੋ। ਉਸ ਦੀ ਸੇਵਾ ਖ਼ੁਸ਼ੀ ਨਾਲ ਕਰਦੇ ਰਹੋ। ਕਈ ਭਰਾਵਾਂ ਦੀ ਸੱਚਾਈ ਵਿਚ ਤਰੱਕੀ ਕਰਨ ਵਿਚ ਮਦਦ ਕਰਨ ਵਾਲਾ ਭਰਾ ਵੌਰਨ ਇਸ ਦਾ ਕਾਰਨ ਦੱਸਦਾ ਹੈ: “ਸਮੇਂ ਦੇ ਬੀਤਣ ਨਾਲ ਹੀ ਜ਼ਾਹਰ ਹੁੰਦਾ ਹੈ ਕਿ ਕੋਈ ਭਰਾ ਬਜ਼ੁਰਗ ਬਣਨ ਦੇ ਯੋਗ ਹੈ ਜਾਂ ਨਹੀਂ। ਉਸ ਦੇ ਪੇਸ਼ ਆਉਣ ਦੇ ਤਰੀਕੇ ਤੇ ਜ਼ਿੰਮੇਵਾਰੀਆਂ ਨਿਭਾਉਣ ਦੇ ਢੰਗ ਤੋਂ ਹੌਲੀ-ਹੌਲੀ ਉਸ ਦੀ ਕਾਬਲੀਅਤ ਅਤੇ ਰਵੱਈਏ ਦਾ ਪਤਾ ਲੱਗਦਾ ਹੈ। ਕੁਝ ਭਰਾ ਸੋਚਦੇ ਹਨ ਕਿ ਜੇ ਉਨ੍ਹਾਂ ਕੋਲ ਕੋਈ ਸਨਮਾਨ ਜਾਂ ਜ਼ਿੰਮੇਵਾਰੀ ਹੈ, ਤਾਂ ਹੀ ਉਹ ਆਪਣੇ ਆਪ ਨੂੰ ਕਾਮਯਾਬ ਮਹਿਸੂਸ ਕਰਦੇ ਹਨ। ਪਰ ਇਸ ਤਰ੍ਹਾਂ ਸੋਚਣਾ ਗ਼ਲਤ ਹੈ ਕਿਉਂਕਿ ਇਸ ਤਰ੍ਹਾਂ ਸੋਚਣ ਕਰਕੇ ਉਨ੍ਹਾਂ ਦਾ ਧਿਆਨ ਸਿਰਫ਼ ਸਨਮਾਨ ਪਾਉਣ ’ਤੇ ਹੀ ਲੱਗਾ ਰਹਿੰਦਾ ਹੈ। ਤੁਸੀਂ ਭਾਵੇਂ ਜਿੱਥੇ ਕਿਤੇ ਵੀ ਯਹੋਵਾਹ ਦੀ ਸੇਵਾ ਕਰਦੇ ਹੋ ਤੇ ਜੋ ਵੀ ਕਰਦੇ ਹੋ, ਪਰ ਜੇ ਤੁਸੀਂ ਵਫ਼ਾਦਾਰੀ ਨਾਲ ਸੇਵਾ ਕਰਦੇ ਹੋ, ਤਾਂ ਤੁਸੀਂ ਕਾਮਯਾਬ ਹੋ।”
ਇਕ ਭਰਾ ਨੂੰ ਬਜ਼ੁਰਗ ਬਣਨ ਲਈ 10 ਤੋਂ ਜ਼ਿਆਦਾ ਸਾਲ ਉਡੀਕ ਕਰਨੀ ਪਈ। ਹਿਜ਼ਕੀਏਲ ਦੇ ਪਹਿਲੇ ਅਧਿਆਇ ਵਿਚ ਦਿੱਤੇ ਮਸ਼ਹੂਰ ਬਿਰਤਾਂਤ ਦਾ ਜ਼ਿਕਰ ਕਰਦਿਆਂ ਉਹ ਦੱਸਦਾ ਹੈ ਕਿ ਉਸ ਨੇ ਇਸ ਬਿਰਤਾਂਤ ਤੋਂ ਕੀ ਸਬਕ ਸਿੱਖਿਆ: “ਯਹੋਵਾਹ ਆਪਣੀ ਰਫ਼ਤਾਰ ਅਨੁਸਾਰ ਆਪਣਾ ਰਥ ਯਾਨੀ ਆਪਣਾ ਸੰਗਠਨ ਚਲਾਉਂਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਸਭ ਕੁਝ ਸਾਡੇ ਸਮੇਂ ਅਨੁਸਾਰ ਹੋਵੇ, ਸਗੋਂ ਇਹ ਜ਼ਰੂਰੀ ਹੈ ਕਿ ਯਹੋਵਾਹ ਦੇ ਸਮੇਂ ਅਨੁਸਾਰ ਹੀ ਸਭ ਕੁਝ ਹੋਵੇ। ਬਜ਼ੁਰਗ ਦੇ ਤੌਰ ਤੇ ਸੇਵਾ ਕਰਨ ਦੇ ਸੰਬੰਧ ਵਿਚ ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਮੈਂ ਕੀ ਚਾਹੁੰਦਾ ਹਾਂ ਜਾਂ ਕੀ ਬਣਨਾ ਚਾਹੁੰਦਾ ਹਾਂ। ਯਹੋਵਾਹ ਜਾਣਦਾ ਹੈ ਕਿ ਮੈਂ ਜੋ ਚਾਹੁੰਦਾ ਹਾਂ, ਸ਼ਾਇਦ ਉਸ ਦੀ ਮੈਨੂੰ ਲੋੜ ਨਾ ਹੋਵੇ।”
ਜੇ ਤੁਸੀਂ ਮਸੀਹੀ ਨਿਗਾਹਬਾਨ ਦੇ ਤੌਰ ਤੇ ਚੰਗਾ ਕੰਮ ਕਰਨਾ ਚਾਹੁੰਦੇ ਹੋ, ਤਾਂ ਇਸ ਦੇ ਯੋਗ ਬਣਨ ਲਈ ਮੰਡਲੀ ਦੀ ਖ਼ੁਸ਼ੀ ਵਧਾਉਣ ਵਿਚ ਯੋਗਦਾਨ ਪਾਓ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਲੰਬਾ ਸਮਾਂ ਉਡੀਕ ਕਰਨੀ ਪੈ ਰਹੀ ਹੈ, ਤਾਂ ਚਿੰਤਾ ਛੱਡ ਕੇ ਧੀਰਜ ਰੱਖਣਾ ਸਿੱਖੋ। ਰੇਮੰਡ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ: “ਜੇ ਤੁਹਾਡੇ ਅੰਦਰ ਕਿਸੇ ਚੀਜ਼ ਨੂੰ ਪਾਉਣ ਦੀ ਲਾਲਸਾ ਹੈ, ਤਾਂ ਤੁਸੀਂ ਸੰਤੁਸ਼ਟ ਨਹੀਂ ਰਹਿ ਸਕਦੇ। ਜਿਹੜੇ ਹਮੇਸ਼ਾ ਚਿੰਤਾ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰ ਕੇ ਸੱਚੀ ਖ਼ੁਸ਼ੀ ਨਹੀਂ ਮਿਲਦੀ।” ਪਰਮੇਸ਼ੁਰ ਦੀ ਸ਼ਕਤੀ ਦੀ ਮਦਦ ਨਾਲ ਆਪਣੇ ਅੰਦਰ ਚੰਗੇ ਗੁਣ ਪੈਦਾ ਕਰੋ, ਖ਼ਾਸ ਕਰਕੇ ਧੀਰਜ। ਬਾਈਬਲ ਦੀ ਸਟੱਡੀ ਕਰ ਕੇ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰੋ। ਖ਼ੁਸ਼ ਖ਼ਬਰੀ ਦਾ ਜ਼ਿਆਦਾ ਪ੍ਰਚਾਰ ਕਰੋ ਤੇ ਦਿਲਚਸਪੀ ਰੱਖਣ ਵਾਲਿਆਂ ਨੂੰ ਸਟੱਡੀ ਕਰਾਓ। ਆਪਣੇ ਪਰਿਵਾਰ ਨਾਲ ਮਿਲ ਕੇ ਸਟੱਡੀ ਤੇ ਹੋਰ ਭਗਤੀ ਦੇ ਕੰਮ ਕਰੋ। ਭੈਣਾਂ-ਭਰਾਵਾਂ ਨਾਲ ਖ਼ੁਸ਼ੀ-ਖ਼ੁਸ਼ੀ ਸੰਗਤ ਕਰੋ। ਇਸ ਤਰ੍ਹਾਂ ਬਜ਼ੁਰਗ ਦੀ ਜ਼ਿੰਮੇਵਾਰੀ ਸੰਭਾਲਣ ਦੇ ਯੋਗ ਬਣਨ ਦੀ ਕੋਸ਼ਿਸ਼ ਕਰਦੇ ਹੋਏ ਤੁਹਾਨੂੰ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ੀ ਮਿਲੇਗੀ।
ਯਹੋਵਾਹ ਭਰਾਵਾਂ ਨੂੰ ਮੰਡਲੀ ਵਿਚ ਸਨਮਾਨ ਪਾਉਣ ਦੇ ਯੋਗ ਬਣਨ ਲਈ ਮਿਹਨਤ ਕਰਨ ਦਾ ਮੌਕਾ ਦਿੰਦਾ ਹੈ। ਨਾ ਉਹ ਤੇ ਨਾ ਹੀ ਉਸ ਦਾ ਸੰਗਠਨ ਚਾਹੁੰਦਾ ਹੈ ਕਿ ਯੋਗ ਬਣਨ ਦੀ ਕੋਸ਼ਿਸ਼ ਕਰ ਰਹੇ ਭਰਾ ਨਿਰਾਸ਼ ਹੋ ਜਾਣ ਤੇ ਉਨ੍ਹਾਂ ਨੂੰ ਉਸ ਦੀ ਸੇਵਾ ਕਰ ਕੇ ਖ਼ੁਸ਼ੀ ਨਾ ਮਿਲੇ। ਜਿਹੜੇ ਭੈਣ-ਭਰਾ ਸਹੀ ਇਰਾਦੇ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਹਨ, ਉਹ ਉਨ੍ਹਾਂ ਸਾਰਿਆਂ ਦੀ ਮਦਦ ਕਰਦਾ ਹੈ ਅਤੇ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ। ਜਦੋਂ ਯਹੋਵਾਹ ਬਰਕਤਾਂ ਦਿੰਦਾ ਹੈ, ਤਾਂ “ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।”
ਭਾਵੇਂ ਤੁਸੀਂ ਕਾਫ਼ੀ ਸਮੇਂ ਤੋਂ ਯੋਗ ਬਣਨ ਦੀ ਕੋਸ਼ਿਸ਼ ਕਰ ਰਹੇ ਹੋ, ਫਿਰ ਵੀ ਤੁਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਹੋਰ ਮਿਹਨਤ ਕਰ ਸਕਦੇ ਹੋ। ਜੇ ਤੁਸੀਂ ਆਪਣੇ ਅੰਦਰ ਚੰਗੇ ਗੁਣ ਪੈਦਾ ਕਰਦੇ ਹੋ, ਮੰਡਲੀ ਵਿਚ ਮਿਹਨਤ ਕਰਦੇ ਹੋ ਅਤੇ ਆਪਣੇ ਪਰਿਵਾਰ ਦੀ ਦੇਖ-ਭਾਲ ਕਰਦੇ ਹੋ, ਤਾਂ ਯਹੋਵਾਹ ਤੁਹਾਡੀ ਸੇਵਾ ਨੂੰ ਕਦੀ ਨਹੀਂ ਭੁੱਲੇਗਾ। ਸਾਡੀ ਦੁਆ ਹੈ ਕਿ ਤੁਹਾਨੂੰ ਯਹੋਵਾਹ ਦੀ ਸੇਵਾ ਕਰ ਕੇ ਹਮੇਸ਼ਾ ਖ਼ੁਸ਼ੀ ਮਿਲਦੀ ਰਹੇ, ਭਾਵੇਂ ਤੁਹਾਨੂੰ ਜਿਹੜੀਆਂ ਮਰਜ਼ੀ ਜ਼ਿੰਮੇਵਾਰੀਆਂ ਮਿਲਦੀਆਂ ਹਨ।
^ ਪੇਰਗ੍ਰੈਫ 2 ਇਸ ਲੇਖ ਵਿਚ ਨਾਂ ਬਦਲੇ ਗਏ ਹਨ।
^ ਪੇਰਗ੍ਰੈਫ 8 ਇਸ ਲੇਖ ਵਿਚ ਦੱਸੇ ਗਏ ਅਸੂਲ ਉਨ੍ਹਾਂ ਭਰਾਵਾਂ ’ਤੇ ਵੀ ਲਾਗੂ ਹੁੰਦੇ ਹਨ ਜਿਹੜੇ ਸਹਾਇਕ ਸੇਵਕਾਂ ਵਜੋਂ ਸੇਵਾ ਕਰਨੀ ਚਾਹੁੰਦੇ ਹਨ। ਸਹਾਇਕ ਸੇਵਕਾਂ ਲਈ ਮੰਗਾਂ 1 ਤਿਮੋਥਿਉਸ 3:8-10, 12, 13 ਵਿਚ ਦੱਸੀਆਂ ਗਈਆਂ ਹਨ।