Skip to content

Skip to table of contents

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਤਾਈਵਾਨ

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਤਾਈਵਾਨ

ਚੁੰਗ ਕਿਉਂਗ ਤੇ ਜੂਲੀ ਨਾਂ ਦਾ 35 ਕੁ ਸਾਲ ਦਾ ਵਿਆਹੁਤਾ ਜੋੜਾ ਪੰਜ ਸਾਲ ਪਹਿਲਾਂ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਰੈਗੂਲਰ ਪਾਇਨੀਅਰਾਂ ਦੇ ਤੌਰ ਤੇ ਸੇਵਾ ਕਰ ਰਿਹਾ ਸੀ। ਚੁੰਗ ਕਿਉਂਗ ਕਹਿੰਦਾ ਹੈ: “ਅਸੀਂ ਪਾਰਟ-ਟਾਈਮ ਕੰਮ ਕਰਦੇ ਸੀ ਅਤੇ ਆਰਾਮ ਨਾਲ ਆਪਣੀ ਜ਼ਿੰਦਗੀ ਜੀਉਂਦੇ ਸੀ। ਜਿੱਥੇ ਅਸੀਂ ਰਹਿੰਦੇ ਸੀ, ਉੱਥੇ ਮੌਸਮ ਬੜਾ ਖ਼ੁਸ਼ਗਵਾਰ ਸੀ ਤੇ ਜ਼ਿੰਦਗੀ ਵਿਚ ਕੋਈ ਨੱਠ-ਭੱਜ ਨਹੀਂ ਸੀ। ਸਾਨੂੰ ਚੰਗਾ ਲੱਗਦਾ ਸੀ ਕਿ ਸਾਡੇ ਦੋਸਤ ਤੇ ਪਰਿਵਾਰ ਦੇ ਮੈਂਬਰ ਸਾਡੇ ਲਾਗੇ ਰਹਿੰਦੇ ਸਨ।” ਫਿਰ ਵੀ ਚੁੰਗ ਕਿਉਂਗ ਤੇ ਜੂਲੀ ਅੰਦਰੋਂ ਪਰੇਸ਼ਾਨ ਸਨ। ਕਿਉਂ? ਕਿਉਂਕਿ ਉਹ ਜਾਣਦੇ ਸਨ ਕਿ ਉਹ ਆਪਣੇ ਵਧੀਆ ਹਾਲਾਤਾਂ ਕਰਕੇ ਯਹੋਵਾਹ ਦੀ ਸੇਵਾ ਹੋਰ ਜ਼ਿਆਦਾ ਕਰ ਸਕਦੇ ਸਨ, ਪਰ ਉਹ ਤਬਦੀਲੀਆਂ ਕਰਨ ਤੋਂ ਹਿਚਕਿਚਾਉਂਦੇ ਸਨ।

ਫਿਰ 2009 ਦੇ ਇਕ ਸੰਮੇਲਨ ਵਿਚ ਉਨ੍ਹਾਂ ਨੇ ਇਕ ਭਾਸ਼ਣ ਸੁਣਿਆ ਜਿਸ ਦਾ ਉਨ੍ਹਾਂ ਦੇ ਧੁਰ ਅੰਦਰ ਤਕ ਅਸਰ ਹੋਇਆ। ਜਿਹੜੇ ਭੈਣ-ਭਰਾ ਵਧ-ਚੜ੍ਹ ਕੇ ਸੇਵਾ ਕਰ ਸਕਦੇ ਸਨ, ਉਨ੍ਹਾਂ ਸਾਰਿਆਂ ਨੂੰ ਭਾਸ਼ਣਕਾਰ ਨੇ ਕਿਹਾ: “ਇਸ ਮਿਸਾਲ ’ਤੇ ਗੌਰ ਕਰੋ: ਡ੍ਰਾਈਵਰ ਆਪਣੀ ਕਾਰ ਨੂੰ ਤਾਂ ਹੀ ਸੱਜੇ ਜਾਂ ਖੱਬੇ ਮੋੜ ਸਕਦਾ ਹੈ ਜੇ ਕਾਰ ਚੱਲ ਰਹੀ ਹੋਵੇ। ਇਸੇ ਤਰ੍ਹਾਂ ਯਿਸੂ ਸਾਡੀ ਉਦੋਂ ਹੀ ਮਦਦ ਕਰ ਸਕਦਾ ਹੈ ਜਦੋਂ ਅਸੀਂ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਕਰਦੇ ਹਾਂ।” * ਉਨ੍ਹਾਂ ਦੋਹਾਂ ਨੂੰ ਲੱਗਾ ਜਿਵੇਂ ਭਾਸ਼ਣਕਾਰ ਉਨ੍ਹਾਂ ਨੂੰ ਇਹ ਗੱਲ ਕਹਿ ਰਿਹਾ ਸੀ। ਉਸੇ ਸੰਮੇਲਨ ਤੇ ਇਕ ਮਿਸ਼ਨਰੀ ਜੋੜੇ ਦੀ ਇੰਟਰਵਿਊ ਲਈ ਗਈ ਜੋ ਤਾਈਵਾਨ ਵਿਚ ਸੇਵਾ ਕਰ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਥੇ ਪ੍ਰਚਾਰ ਕਰ ਕੇ ਕਿੰਨੀ ਖ਼ੁਸ਼ੀ ਮਿਲਦੀ ਹੈ ਅਤੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਉੱਥੇ ਹੋਰ ਪ੍ਰਚਾਰਕਾਂ ਦੀ ਬਹੁਤ ਲੋੜ ਹੈ। ਚੁੰਗ ਕਿਉਂਗ ਤੇ ਜੂਲੀ ਨੇ ਦੁਬਾਰਾ ਮਹਿਸੂਸ ਕੀਤਾ ਜਿਵੇਂ ਕਿ ਇਹ ਗੱਲ ਉਨ੍ਹਾਂ ਨੂੰ ਕਹੀ ਗਈ ਸੀ।

ਜੂਲੀ ਦੱਸਦੀ ਹੈ: “ਉਸ ਸੰਮੇਲਨ ਤੋਂ ਬਾਅਦ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਸਾਨੂੰ ਤਾਈਵਾਨ ਜਾਣ ਦੀ ਹਿੰਮਤ ਦੇਵੇ। ਪਰ ਅਸੀਂ ਡਰਦੇ ਸੀ ਕਿਉਂਕਿ ਸਾਨੂੰ ਲੱਗ ਰਿਹਾ ਸੀ ਜਿਵੇਂ ਅਸੀਂ ਡੂੰਘੇ ਪਾਣੀ ਵਿਚ ਛਾਲ ਮਾਰਨ ਲੱਗੇ ਸੀ।” ਉਪਦੇਸ਼ਕ 11:4 (ERV) ਨੇ ਉਨ੍ਹਾਂ ਦੀ ਕਦਮ ਚੁੱਕਣ ਵਿਚ ਮਦਦ ਕੀਤੀ। ਇਸ ਵਿਚ ਲਿਖਿਆ ਹੈ: “ਜੇ ਕੋਈ ਬੰਦਾ ਸਭ ਤੋਂ ਢੁਕਵੇਂ ਮੌਸਮ ਦਾ ਇੰਤਜ਼ਾਰ ਕਰਦਾ ਹੈ, ਫ਼ੇਰ ਹੋ ਸਕਦਾ ਹੈ ਉਹ ਕਦੇ ਵੀ ਬੀਜ ਬੀਜਣ ਦੇ ਯੋਗ ਨਾ ਹੋਵੇਗਾ। ਅਤੇ ਜੇ ਕੋਈ ਬੰਦਾ ਇਸ ਗੱਲੋਂ ਡਰਦਾ ਹੈ ਕਿ ਬੱਦਲਵਾਹੀ ਹੈ, ਤੇ ਬਾਰਿਸ਼  ਹੋਵੇਗੀ, ਹੋ ਸਕਦਾ, ਫ਼ੇਰ ਉਹ ਕਦੇ ਵੀ ਵਾਢੀ ਕਰਨ ਦੇ ਯੋਗ ਨਾ ਹੋਵੇ।” ਚੁੰਗ ਕਿਉਂਗ ਕਹਿੰਦਾ ਹੈ: “ਅਸੀਂ ‘ਮੌਸਮ ਤੇ ਬੱਦਲਵਾਹੀ’ ਦਾ ਫ਼ਿਕਰ ਕਰਨਾ ਛੱਡ ਕੇ ‘ਬੀਜਣ ਤੇ ਵੱਢਣ’ ਵੱਲ ਧਿਆਨ ਲਾਉਣਾ ਸ਼ੁਰੂ ਕੀਤਾ।” ਉਹ ਇਸ ਮਾਮਲੇ ਬਾਰੇ ਲਗਾਤਾਰ ਪ੍ਰਾਰਥਨਾ ਕਰਦੇ ਰਹੇ ਤੇ ਉਨ੍ਹਾਂ ਨੇ ਮਿਸ਼ਨਰੀਆਂ ਦੀਆਂ ਜੀਵਨੀਆਂ ਪੜ੍ਹੀਆਂ, ਤਾਈਵਾਨ ਵਿਚ ਪਹਿਲਾਂ ਹੀ ਸੇਵਾ ਕਰ ਰਹੇ ਭੈਣਾਂ-ਭਰਾਵਾਂ ਨੂੰ ਈ-ਮੇਲਾਂ ਘੱਲੀਆਂ, ਆਪਣੀਆਂ ਕਾਰਾਂ ਤੇ ਫਰਨੀਚਰ ਵੇਚ ਦਿੱਤਾ ਅਤੇ ਤਿੰਨ ਮਹੀਨੇ ਬਾਅਦ ਤਾਈਵਾਨ ਚਲੇ ਗਏ।

ਪ੍ਰਚਾਰ ਕਰਨ ਵਿਚ ਖ਼ੁਸ਼ੀ ਪਾਉਣੀ

ਇਸ ਸਮੇਂ ਹੋਰਨਾਂ ਦੇਸ਼ਾਂ ਦੇ 100 ਤੋਂ ਜ਼ਿਆਦਾ ਭੈਣ-ਭਰਾ ਤਾਈਵਾਨ ਦੇ ਉਨ੍ਹਾਂ ਇਲਾਕਿਆਂ ਵਿਚ ਸੇਵਾ ਕਰ ਰਹੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਇਹ ਭੈਣ-ਭਰਾ ਅਮਰੀਕਾ, ਆਸਟ੍ਰੇਲੀਆ, ਸਪੇਨ, ਕੈਨੇਡਾ, ਕੋਰੀਆ, ਜਪਾਨ, ਬ੍ਰਿਟੇਨ ਤੇ ਫਰਾਂਸ ਤੋਂ ਆਏ ਹਨ ਅਤੇ ਇਨ੍ਹਾਂ ਦੀ ਉਮਰ 21 ਤੋਂ 73 ਸਾਲ ਦੇ ਵਿਚ ਹੈ। ਇਨ੍ਹਾਂ ਵਿਚ 50 ਤੋਂ ਜ਼ਿਆਦਾ ਕੁਆਰੀਆਂ ਭੈਣਾਂ ਹਨ। ਇਸ ਬੇਗਾਨੇ ਦੇਸ਼ ਵਿਚ ਆ ਕੇ ਸੇਵਾ ਕਰਨ ਵਿਚ ਇਨ੍ਹਾਂ ਜੋਸ਼ੀਲੇ ਭੈਣਾਂ-ਭਰਾਵਾਂ ਦੀ ਕਿਹੜੀ ਗੱਲ ਨੇ ਮਦਦ ਕੀਤੀ ਹੈ? ਆਓ ਆਪਾਂ ਦੇਖੀਏ।

ਲੌਰਾ

ਕੈਨੇਡਾ ਤੋਂ ਆਈ ਲੌਰਾ ਨਾਂ ਦੀ ਕੁਆਰੀ ਭੈਣ ਪੱਛਮੀ ਤਾਈਵਾਨ ਵਿਚ ਪਾਇਨੀਅਰ ਵਜੋਂ ਸੇਵਾ ਕਰਦੀ ਹੈ। ਪਰ ਦਸ ਪਹਿਲਾਂ ਉਸ ਨੂੰ ਪ੍ਰਚਾਰ ਵਿਚ ਜ਼ਰਾ ਵੀ ਮਜ਼ਾ ਨਹੀਂ ਸੀ ਆਉਂਦਾ। ਲੌਰਾ ਦੱਸਦੀ ਹੈ: “ਮੈਂ ਥੋੜ੍ਹਾ-ਬਹੁਤਾ ਹੀ ਪ੍ਰਚਾਰ ਕਰਦੀ ਸੀ ਕਿਉਂਕਿ ਮੈਨੂੰ ਪ੍ਰਚਾਰ ਕਰਨਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ।” ਫਿਰ ਕੈਨੇਡਾ ਵਿਚ ਉਸ ਦੇ ਦੋਸਤ ਮੈਕਸੀਕੋ ਵਿਚ ਇਕ ਮਹੀਨੇ ਵਾਸਤੇ ਪ੍ਰਚਾਰ ਕਰਨ ਜਾ ਰਹੇ ਸਨ ਤੇ ਉਨ੍ਹਾਂ ਨੇ ਲੌਰਾ ਨੂੰ ਵੀ ਨਾਲ ਜਾਣ ਲਈ ਕਿਹਾ। “ਮੈਂ ਪਹਿਲੀ ਵਾਰ ਪ੍ਰਚਾਰ ਵਿਚ ਕਾਫ਼ੀ ਸਮਾਂ ਲਾਇਆ ਅਤੇ ਮੈਨੂੰ ਪ੍ਰਚਾਰ ਕਰ ਕੇ ਪਹਿਲੀ ਵਾਰ ਐਨਾ ਮਜ਼ਾ ਆਇਆ।”

ਇਸ ਚੰਗੇ ਤਜਰਬੇ ਤੋਂ ਬਾਅਦ ਲੌਰਾ ਨੇ ਕੈਨੇਡਾ ਵਿਚ ਕਿਸੇ ਹੋਰ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਚੀਨੀ ਭਾਸ਼ਾ ਸਿੱਖਣੀ ਸ਼ੁਰੂ ਕੀਤੀ, ਚੀਨੀ ਗਰੁੱਪ ਨਾਲ ਸੇਵਾ ਕੀਤੀ ਤੇ ਤਾਈਵਾਨ ਜਾਣ ਦਾ ਟੀਚਾ ਰੱਖਿਆ ਤੇ ਉਹ ਸਤੰਬਰ 2008 ਵਿਚ ਉੱਥੇ ਚਲੀ ਗਈ। ਉਹ ਦੱਸਦੀ ਹੈ: “ਮੈਨੂੰ ਨਵੇਂ ਮਾਹੌਲ ਵਿਚ ਖ਼ੁਦ ਨੂੰ ਢਾਲਣ ਵਿਚ ਲਗਭਗ ਇਕ ਸਾਲ ਲੱਗ ਗਿਆ। ਹੁਣ ਮੈਂ ਵਾਪਸ ਕੈਨੇਡਾ ਜਾਣ ਬਾਰੇ ਸੋਚ ਵੀ ਨਹੀਂ ਸਕਦੀ।” ਉਹ ਪ੍ਰਚਾਰ ਬਾਰੇ ਕਿਵੇਂ ਮਹਿਸੂਸ ਕਰਦੀ ਹੈ? ਉਹ ਕਹਿੰਦੀ ਹੈ: “ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਜਦੋਂ ਮੈਂ ਦੇਖਦੀ ਹਾਂ ਕਿ ਯਹੋਵਾਹ ਬਾਰੇ ਸਿੱਖ ਕੇ ਬਾਈਬਲ ਸਟੂਡੈਂਟ ਆਪਣੀ ਜ਼ਿੰਦਗੀ ਬਦਲਦੇ ਹਨ, ਤਾਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ  ਹੈ। ਤਾਈਵਾਨ ਵਿਚ ਸੇਵਾ ਕਰਦੇ ਹੋਏ ਮੈਨੂੰ ਇਹ ਖ਼ੁਸ਼ੀ ਕਈ ਵਾਰ ਮਿਲੀ ਹੈ।”

ਹੋਰ ਭਾਸ਼ਾ ਸਿੱਖਣ ਦੀ ਚੁਣੌਤੀ

ਬ੍ਰਾਇਅਨ ਤੇ ਮੀਸ਼ੈਲ

35 ਕੁ ਸਾਲ ਦੇ ਬ੍ਰਾਇਅਨ ਤੇ ਮੀਸ਼ੈਲ ਨੂੰ ਅਮਰੀਕਾ ਤੋਂ ਤਾਈਵਾਨ ਆਇਆਂ ਨੂੰ ਲਗਭਗ ਅੱਠ ਸਾਲ ਹੋ ਗਏ ਹਨ। ਉਨ੍ਹਾਂ ਨੂੰ ਸ਼ੁਰੂ-ਸ਼ੁਰੂ ਵਿਚ ਲੱਗਾ ਕਿ ਉਨ੍ਹਾਂ ਦਾ ਪ੍ਰਚਾਰ ਕਰਨ ਦਾ ਕੋਈ ਫ਼ਾਇਦਾ ਨਹੀਂ ਸੀ। ਪਰ ਇਕ ਤਜਰਬੇਕਾਰ ਮਿਸ਼ਨਰੀ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਕਿਸੇ ਨੂੰ ਇਕ ਟ੍ਰੈਕਟ ਵੀ ਦਿੰਦੇ ਹੋ, ਤਾਂ ਕਦੀ ਨਾ ਭੁੱਲੋ ਕਿ ਉਸ ਇਨਸਾਨ ਨੂੰ ਸ਼ਾਇਦ ਪਹਿਲੀ ਵਾਰ ਯਹੋਵਾਹ ਬਾਰੇ ਸਿੱਖਣ ਦਾ ਮੌਕਾ ਮਿਲ ਰਿਹਾ ਹੈ। ਸੋ ਤੁਹਾਡੇ ਪ੍ਰਚਾਰ ਤੋਂ ਹੋਰਨਾਂ ਨੂੰ ਜ਼ਰੂਰ ਫ਼ਾਇਦਾ ਹੋ ਰਿਹਾ ਹੈ।” ਇਹ ਗੱਲ ਸੁਣ ਕੇ ਬ੍ਰਾਇਅਨ ਤੇ ਮੀਸ਼ੈਲ ਨੂੰ ਹਿੰਮਤ ਨਾ ਹਾਰਨ ਵਿਚ ਮਦਦ ਮਿਲੀ। ਇਕ ਹੋਰ ਭਰਾ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਨਿਰਾਸ਼ ਨਾ ਹੋਵੋ, ਤਾਂ ਰੋਜ਼-ਰੋਜ਼ ਨਾ ਦੇਖੋ ਕਿ ਤੁਸੀਂ ਚੀਨੀ ਭਾਸ਼ਾ ਕਿੰਨੀ ਕੁ ਸਿੱਖ ਲਈ ਹੈ, ਪਰ ਹਰ ਅਸੈਂਬਲੀ ਤੋਂ ਬਾਅਦ ਦੇਖੋ।” ਉਨ੍ਹਾਂ ਨੇ ਹੌਲੀ-ਹੌਲੀ ਚੀਨੀ ਭਾਸ਼ਾ ਚੰਗੀ ਤਰ੍ਹਾਂ ਸਿੱਖ ਲਈ ਤੇ ਉਹ ਹੁਣ ਵਧੀਆ ਪਾਇਨੀਅਰ ਬਣ ਗਏ ਹਨ।

ਹੋਰ ਭਾਸ਼ਾ ਸਿੱਖਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ? ਜਿਸ ਦੇਸ਼ ਵਿਚ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ, ਕੋਸ਼ਿਸ਼ ਕਰੋ ਕਿ ਤੁਸੀਂ ਪਹਿਲਾਂ ਜਾ ਕੇ ਉੱਥੇ ਦਾ ਮਾਹੌਲ ਦੇਖੋ। ਮੀਟਿੰਗਾਂ ਤੇ ਜਾਓ, ਉੱਥੇ ਦੇ ਭੈਣਾਂ-ਭਰਾਵਾਂ ਨਾਲ ਸੰਗਤ ਕਰੋ ਤੇ ਉਨ੍ਹਾਂ ਨਾਲ ਪ੍ਰਚਾਰ ਤੇ ਜਾਓ। ਬ੍ਰਾਇਅਨ ਕਹਿੰਦਾ ਹੈ: “ਜਦੋਂ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੇ ਲੋਕ ਰਾਜ ਦਾ ਸੰਦੇਸ਼ ਸੁਣਦੇ ਹਨ ਤੇ ਤੁਹਾਨੂੰ ਉੱਥੇ ਦੇ ਭੈਣਾਂ-ਭਰਾਵਾਂ ਦਾ ਪਿਆਰ ਮਿਲਦਾ ਹੈ, ਤਾਂ ਤੁਸੀਂ ਕਿਸੇ ਹੋਰ ਦੇਸ਼ ਵਿਚ ਜਾ ਕੇ ਸੇਵਾ ਕਰਨ ਦੀਆਂ ਚੁਣੌਤੀਆਂ ਦਾ ਬਿਹਤਰ ਤਰੀਕੇ ਨਾਲ ਸਾਮ੍ਹਣਾ ਕਰ ਸਕੋਗੇ।”

ਰੋਜ਼ੀ-ਰੋਟੀ ਕਮਾਉਣ ਦਾ ਜ਼ਰੀਆ

ਕ੍ਰਿਸਟਨ ਤੇ ਮੀਸ਼ੈਲ

ਤਾਈਵਾਨ ਜਾ ਕੇ ਸੇਵਾ ਕਰ ਰਹੇ ਬਹੁਤ ਸਾਰੇ ਪਾਇਨੀਅਰ ਰੋਜ਼ੀ-ਰੋਟੀ ਕਮਾਉਣ ਲਈ ਅੰਗ੍ਰੇਜ਼ੀ ਸਿਖਾਉਂਦੇ ਹਨ। ਕ੍ਰਿਸਟਨ ਤੇ ਮੀਸ਼ੈਲ ਮੱਛੀ ਵਗੈਰਾ ਵੇਚਦੇ ਹਨ। ਕ੍ਰਿਸਟਨ ਦੱਸਦਾ ਹੈ, “ਮੈਂ ਇਹ ਕੰਮ ਪਹਿਲਾਂ ਕਦੇ ਨਹੀਂ ਕੀਤਾ ਸੀ, ਪਰ ਇਹ ਕੰਮ ਕਰ ਕੇ ਮੈਂ ਇਸ ਦੇਸ਼ ਵਿਚ ਸੇਵਾ ਰਹਿ ਸਕਦਾ ਹਾਂ।” ਸਮੇਂ ਦੇ ਬੀਤਣ ਨਾਲ ਕ੍ਰਿਸਟਨ ਨੂੰ ਪੱਕੇ ਗਾਹਕ ਮਿਲ ਗਏ। ਇਸ ਪਾਰਟ-ਟਾਈਮ ਕੰਮ ਦੀ ਮਦਦ ਨਾਲ ਉਹ ਆਪਣਾ ਤੇ ਆਪਣੀ ਪਤਨੀ ਦਾ ਗੁਜ਼ਾਰਾ ਤੋਰ ਸਕਦਾ ਹੈ ਅਤੇ ਉਨ੍ਹਾਂ ਨੂੰ ਪਾਇਨੀਅਰਿੰਗ ਕਰਨ ਲਈ ਕਾਫ਼ੀ ਸਮਾਂ ਮਿਲਦਾ ਹੈ।

“ਮੰਜ਼ਲ ਵੱਲ ਵਧਦਿਆਂ ਸਫ਼ਰ ਦਾ ਆਨੰਦ ਮਾਣੋ”

ਵਿਲਿਅਮ ਤੇ ਜੈਨੀਫ਼ਰ ਲਗਭਗ ਸੱਤ ਸਾਲ ਪਹਿਲਾਂ ਅਮਰੀਕਾ ਤੋਂ ਤਾਈਵਾਨ ਆਏ ਸਨ। ਵਿਲਿਅਮ ਦੱਸਦਾ ਹੈ: “ਭਾਸ਼ਾ ਸਿੱਖਣੀ, ਪਾਇਨੀਅਰ ਵਜੋਂ ਸੇਵਾ ਕਰਨੀ, ਮੰਡਲੀ ਦੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਅਤੇ ਗੁਜ਼ਾਰਾ ਤੋਰਨ ਲਈ ਕੰਮ ਕਰਨਾ, ਇਹ ਸਭ ਕੁਝ ਕਰ ਕੇ ਕਈ ਵਾਰ ਸਾਡੀ ਬਸ ਹੋ ਜਾਂਦੀ ਸੀ।” ਖ਼ੁਸ਼ੀ ਨਾਲ ਸੇਵਾ ਕਰਦੇ ਰਹਿਣ ਵਿਚ ਕਿਹੜੀ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ? ਉਹ ਛੋਟੇ-ਛੋਟੇ ਟੀਚੇ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਮਿਸਾਲ ਲਈ, ਉਹ ਆਪਣੇ ਆਪ ਤੋਂ ਜ਼ਿਆਦਾ ਉਮੀਦ ਨਹੀਂ ਰੱਖਦੇ ਸਨ ਕਿ ਉਹ ਝੱਟ ਚੀਨੀ ਭਾਸ਼ਾ ਸਿੱਖ ਜਾਣਗੇ। ਇਸ ਕਰਕੇ ਜਦੋਂ ਉਨ੍ਹਾਂ ਨੂੰ ਭਾਸ਼ਾ ਸਿੱਖਣੀ ਔਖੀ ਲੱਗਦੀ ਸੀ, ਤਾਂ ਉਹ ਹੌਸਲਾ ਨਹੀਂ ਹਾਰਦੇ ਸਨ।

ਵਿਲਿਅਮ ਤੇ ਜੈਨੀਫ਼ਰ

ਵਿਲਿਅਮ ਯਾਦ ਕਰਦਾ ਹੈ ਕਿ ਇਕ ਵਾਰ ਇਕ ਸਰਕਟ ਓਵਰਸੀਅਰ ਨੇ ਕਿਹਾ ਸੀ: “ਮੰਜ਼ਲ ਵੱਲ ਵਧਦਿਆਂ ਸਫ਼ਰ ਦਾ ਵੀ ਆਨੰਦ ਮਾਣੋ।” ਹੋਰਨਾਂ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਯਹੋਵਾਹ ਦੀ ਸੇਵਾ ਵਿਚ ਟੀਚਾ ਰੱਖਣ ਤੋਂ ਬਾਅਦ ਸਾਨੂੰ ਉਹ ਟੀਚਾ ਪੂਰਾ ਕਰਨ ਲਈ ਖ਼ੁਸ਼ੀ-ਖ਼ੁਸ਼ੀ ਕਦਮ ਚੁੱਕਣੇ ਚਾਹੀਦੇ ਹਨ। ਵਿਲਿਅਮ ਕਹਿੰਦਾ ਹੈ ਕਿ ਇਸ ਸਲਾਹ ’ਤੇ ਚੱਲਣ ਕਰਕੇ ਉਹ ਤੇ ਉਸ ਦੀ ਪਤਨੀ ਉੱਥੇ ਦੇ ਬਜ਼ੁਰਗਾਂ ਦੀ ਸਲਾਹ ਮੰਨਣ ਅਤੇ ਆਪਣੇ ਕੰਮ ਕਰਨ ਦੇ ਤੌਰ-ਤਰੀਕੇ ਵਿਚ ਫੇਰ-ਬਦਲ ਕਰਨ ਲਈ ਤਿਆਰ ਰਹਿੰਦੇ ਹਨ ਤਾਂਕਿ ਉਹ ਤਾਈਵਾਨ ਵਿਚ ਲੰਬੇ ਸਮੇਂ ਤਕ ਸੇਵਾ ਕਰਦੇ ਰਹਿ ਸਕਣ। ਉਹ ਇਹ ਵੀ ਦੱਸਦਾ ਹੈ: “ਇਸ ਸਲਾਹ ’ਤੇ ਚੱਲ ਕੇ ਅਸੀਂ ਸੋਹਣੀਆਂ-ਸੋਹਣੀਆਂ ਥਾਵਾਂ ਦੇਖਣ ਲਈ ਵੀ ਸਮਾਂ ਕੱਢਿਆ।”

ਮੇਗਨ ਨਾਂ ਦੀ ਕੁਆਰੀ ਪਾਇਨੀਅਰ ਭੈਣ ਅਮਰੀਕਾ ਤੋਂ ਆ ਕੇ ਤਾਈਵਾਨ ਵਿਚ ਸੇਵਾ ਕਰ ਰਹੀ ਹੈ। ਵਿਲਿਅਮ ਤੇ ਜੈਨੀਫ਼ਰ ਦੀ ਤਰ੍ਹਾਂ ਉਹ ਵੀ ਆਪਣੇ ਟੀਚੇ ਵੱਲ ਵਧਦਿਆਂ ‘ਸਫ਼ਰ ਦਾ ਆਨੰਦ ਮਾਣ’ ਰਹੀ ਹੈ। ਉਸ ਦਾ ਟੀਚਾ ਹੈ ਚੰਗੀ ਤਰ੍ਹਾਂ ਚੀਨੀ ਭਾਸ਼ਾ ਬੋਲਣੀ। ਹਰ ਸ਼ਨੀ-ਐਤਵਾਰ ਨੂੰ ਉਹ ਹੋਰ ਪਬਲੀਸ਼ਰਾਂ ਨਾਲ ਤਾਈਵਾਨ ਦੀ ਸਭ ਤੋਂ ਵੱਡੀ ਬੰਦਰਗਾਹ ਗਾਓਸ਼ੁੰਗ ’ਤੇ ਪ੍ਰਚਾਰ ਕਰਨ ਜਾਂਦੀ ਹੈ। ਮੇਗਨ ਨੇ ਸਮੁੰਦਰੀ ਜਹਾਜ਼ਾਂ ’ਤੇ ਜਾ ਕੇ ਇੰਡੋਨੇਸ਼ੀਆ, ਥਾਈਲੈਂਡ, ਫ਼ਿਲਪੀਨ, ਬੰਗਲਾਦੇਸ਼, ਭਾਰਤ ਤੇ ਵਨਾਵਟੂ ਤੋਂ ਆਏ ਮਛਿਆਰਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕੀਤੀ ਹੈ। ਉਹ ਦੱਸਦੀ ਹੈ: “ਮਛਿਆਰੇ ਬੰਦਰਗਾਹ ’ਤੇ ਥੋੜ੍ਹੇ ਸਮੇਂ ਲਈ ਹੀ ਰੁੱਕਦੇ ਹਨ, ਇਸ ਲਈ ਅਸੀਂ ਉਨ੍ਹਾਂ ਨਾਲ ਉਸੇ ਸਮੇਂ ਬਾਈਬਲ  ਸਟੱਡੀ ਸ਼ੁਰੂ ਕਰ ਲੈਂਦੇ ਹਾਂ। ਮੈਂ ਇੱਕੋ ਸਮੇਂ ਚਾਰ-ਪੰਜ ਜਣਿਆਂ ਨੂੰ ਸਟੱਡੀ ਕਰਾਉਂਦੀ ਹਾਂ ਤਾਂਕਿ ਮੈਂ ਸਾਰਿਆਂ ਨਾਲ ਗੱਲ ਕਰ ਸਕਾਂ।” ਉਸ ਨੇ ਕਿੰਨੀ ਕੁ ਚੀਨੀ ਸਿੱਖ ਲਈ ਹੈ? ਉਹ ਕਹਿੰਦੀ ਹੈ: “ਕਾਸ਼ ਮੈਂ ਜਲਦੀ ਸਿੱਖ ਸਕਦੀ, ਪਰ ਇਕ ਭਰਾ ਦੀ ਗੱਲ ਮੈਨੂੰ ਯਾਦ ਰਹਿੰਦੀ ਹੈ: ‘ਆਪਣੀ ਪੂਰੀ ਵਾਹ ਲਾ ਅਤੇ ਯਹੋਵਾਹ ਬਾਕੀ ਸਭ ਕੁਝ ਸੰਭਾਲ ਲਵੇਗਾ।’”

ਮੇਗਨ

ਜ਼ਿੰਦਗੀ ਸੁਰੱਖਿਅਤ, ਸਾਦੀ ਤੇ ਮਜ਼ੇਦਾਰ

ਬ੍ਰਿਟੇਨ ਦੀ ਰਹਿਣ ਵਾਲੀ ਕੈਥੀ ਨੇ ਪਹਿਲਾਂ ਖੋਜਬੀਨ ਕੀਤੀ ਕਿ ਇਕ ਕੁਆਰੀ ਭੈਣ ਲਈ ਸੇਵਾ ਕਰਨ ਵਾਸਤੇ ਕਿਹੜਾ ਦੇਸ਼ ਸੁਰੱਖਿਅਤ ਹੋਵੇਗਾ। ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਵਿਚ ਆਪਣੀਆਂ ਚਿੰਤਾਵਾਂ ਦੱਸੀਆਂ ਤੇ ਕਈ ਬ੍ਰਾਂਚ ਆਫ਼ਿਸਾਂ ਨੂੰ ਚਿੱਠੀਆਂ ਲਿਖ ਕੇ ਪੁੱਛਿਆ ਕਿ ਕੁਆਰੀਆਂ ਭੈਣਾਂ ਨੂੰ ਉੱਥੇ ਕਿਹੜੇ ਕੁਝ ਖ਼ਤਰੇ ਹੋ ਸਕਦੇ ਹਨ। ਇਸ ਤੋਂ ਬਾਅਦ ਉਸ ਨੇ ਬ੍ਰਾਂਚ ਆਫ਼ਿਸਾਂ ਦੁਆਰਾ ਦੱਸੀਆਂ ਗੱਲਾਂ ਉੱਤੇ ਧਿਆਨ ਨਾਲ ਸੋਚ-ਵਿਚਾਰ ਕਰ ਕੇ ਫ਼ੈਸਲਾ ਕੀਤਾ ਕਿ ਸੇਵਾ ਕਰਨ ਵਾਸਤੇ ਤਾਈਵਾਨ ਸਹੀ ਰਹੇਗਾ।

2004 ਵਿਚ 31 ਸਾਲਾਂ ਦੀ ਕੈਥੀ ਤਾਈਵਾਨ ਚਲੀ ਗਈ ਜਿੱਥੇ ਉਹ ਸਾਦੀ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਕਰਦੀ ਹੈ। ਉਹ ਯਾਦ ਕਰਦੀ ਹੈ: “ਮੈਂ ਭੈਣਾਂ-ਭਰਾਵਾਂ ਨੂੰ ਪੁੱਛਿਆ ਕਿ ਸਸਤੇ ਭਾਅ ਵਿਚ ਫਲ-ਸਬਜ਼ੀਆਂ ਕਿੱਥੋਂ ਮਿਲ ਸਕਦੀਆਂ ਹਨ। ਉਨ੍ਹਾਂ ਦੀ ਚੰਗੀ ਸਲਾਹ ਕਰਕੇ ਮੇਰੇ ਕਾਫ਼ੀ ਪੈਸੇ ਬਚ ਜਾਂਦੇ ਸਨ।” ਸਾਦੀ ਜ਼ਿੰਦਗੀ ਜੀਉਣ ਵਿਚ ਕਿਹੜੀ ਗੱਲ ਉਸ ਦੀ ਮਦਦ ਕਰਦੀ ਹੈ? ਕੈਥੀ ਦੱਸਦੀ ਹੈ: “ਮੈਂ ਅਕਸਰ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰਦੀ ਹਾਂ ਕਿ ਮੈਂ ਸਾਦਾ ਖਾਣਾ ਖਾ ਕੇ ਤੇ ਸਾਦੇ ਕੱਪੜੇ ਪਾ ਕੇ ਖ਼ੁਸ਼ ਰਹਾਂ। ਯਹੋਵਾਹ ਮੇਰੀ ਇਹ ਦੇਖਣ ਵਿਚ ਮਦਦ ਕਰ ਰਿਹਾ ਹੈ ਕਿ ਮੇਰੀਆਂ ਲੋੜਾਂ ਕੀ ਹਨ ਤਾਂਕਿ ਜੋ ਮੇਰੇ ਕੋਲ ਨਹੀਂ ਹੈ, ਉਨ੍ਹਾਂ ਚੀਜ਼ਾਂ ਲਈ ਮੈਂ ਨਾ ਤਰਸਾਂ। ਇਸ ਤੋਂ ਮੈਨੂੰ ਲੱਗਦਾ ਹੈ ਕਿ ਯਹੋਵਾਹ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦੇ ਰਿਹਾ ਹੈ। ਮੈਂ ਸਾਦੀ ਜ਼ਿੰਦਗੀ ਜੀ ਕੇ ਖ਼ੁਸ਼ ਹਾਂ ਕਿਉਂਕਿ ਮੈਂ ਯਹੋਵਾਹ ਨੂੰ ਪਹਿਲ ਦੇ ਸਕਦੀ ਹਾਂ।”

ਕੈਥੀ

ਕੈਥੀ ਦੀ ਜ਼ਿੰਦਗੀ ਨਾ ਸਿਰਫ਼ ਸਾਦੀ ਹੈ, ਸਗੋਂ ਮਜ਼ੇਦਾਰ ਵੀ ਹੈ। ਉਹ ਇਸ ਦਾ ਕਾਰਨ ਦੱਸਦੀ ਹੈ: “ਮੈਂ ਅਜਿਹੇ ਇਲਾਕੇ ਵਿਚ ਪ੍ਰਚਾਰ ਕਰਦੀ ਹਾਂ ਜਿੱਥੇ ਬਹੁਤ ਸਾਰੇ ਲੋਕ ਖ਼ੁਸ਼ ਖ਼ਬਰੀ ਸੁਣਦੇ ਹਨ। ਇਹ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ!” ਉਸ ਨੇ ਤਾਈਵਾਨ ਆ ਕੇ ਜਿਸ ਸ਼ਹਿਰ ਵਿਚ ਪਾਇਨੀਅਰਿੰਗ ਸ਼ੁਰੂ ਕੀਤੀ ਸੀ, ਉਦੋਂ ਉੱਥੇ ਸਿਰਫ਼ ਦੋ ਚੀਨੀ ਮੰਡਲੀਆਂ ਸਨ। ਪਰ ਅੱਜ ਉੱਥੇ ਸੱਤ ਮੰਡਲੀਆਂ ਹਨ। ਕੈਥੀ ਕਹਿੰਦੀ ਹੈ: “ਆਪਣੀ ਅੱਖੀਂ ਇਹ ਵਾਧਾ ਦੇਖ ਕੇ ਅਤੇ ਲੋਕਾਂ ਦੀ ਸੱਚਾਈ ਸਿੱਖਣ ਵਿਚ ਮਦਦ ਕਰ ਕੇ ਮੇਰਾ ਹਰ ਦਿਨ ਮਜ਼ੇਦਾਰ ਹੁੰਦਾ ਹੈ।”

“ਉਨ੍ਹਾਂ ਨੂੰ ਮੇਰੀ ਵੀ ਲੋੜ ਸੀ!”

ਲੇਖ ਦੇ ਸ਼ੁਰੂ ਵਿਚ ਜ਼ਿਕਰ ਕੀਤੇ ਗਏ ਚੁੰਗ ਕਿਉਂਗ ਤੇ ਜੂਲੀ ਬਾਰੇ ਕੀ? ਸ਼ੁਰੂ-ਸ਼ੁਰੂ ਵਿਚ ਚੁੰਗ ਕਿਉਂਗ ਨੇ ਸੋਚਿਆ ਕਿ ਚੀਨੀ ਥੋੜ੍ਹੀ ਆਉਂਦੀ ਹੋਣ ਕਰਕੇ ਮੰਡਲੀ ਨੂੰ ਉਸ ਤੋਂ ਜ਼ਿਆਦਾ ਫ਼ਾਇਦਾ ਨਹੀਂ ਹੋਵੇਗਾ। ਪਰ ਉੱਥੇ ਦੇ ਭਰਾ ਇੱਦਾਂ ਨਹੀਂ ਸੀ ਸੋਚਦੇ। ਚੁੰਗ ਕਿਉਂਗ ਦੱਸਦਾ ਹੈ: “ਜਦੋਂ ਸਾਡੀ ਮੰਡਲੀ ਤੋਂ ਦੋ ਮੰਡਲੀਆਂ ਬਣ ਗਈਆਂ, ਤਾਂ ਮੈਨੂੰ ਸਹਾਇਕ ਸੇਵਕ ਵਜੋਂ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਉਸੇ ਪਲ ਮੈਨੂੰ ਲੱਗਾ ਕਿ ਮੈਂ ਸਹੀ ਜਗ੍ਹਾ ਸੇਵਾ ਕਰ ਰਿਹਾ ਸੀ ਕਿਉਂਕਿ ਇੱਥੇ ਬਹੁਤ ਲੋੜ ਹੈ।” ਉਹ ਮੁਸਕਰਾ ਕੇ ਕਹਿੰਦਾ ਹੈ: “ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਕਿ ਉਨ੍ਹਾਂ ਨੂੰ ਮੇਰੀ ਵੀ ਲੋੜ ਸੀ!” ਅੱਜ ਉਹ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹੈ। ਜੂਲੀ ਵੀ ਦੱਸਦੀ ਹੈ: “ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਕੁਝ ਵਧੀਆ ਕਰ ਰਹੇ ਹਾਂ ਅਤੇ ਇਸ ਤੋਂ ਸਾਨੂੰ ਸੰਤੁਸ਼ਟੀ ਤੇ ਖ਼ੁਸ਼ੀ ਮਿਲਦੀ ਹੈ ਜੋ ਸਾਨੂੰ ਪਹਿਲਾਂ ਕਦੇ ਨਹੀਂ ਮਿਲੀ। ਅਸੀਂ ਇੱਥੇ ਮਦਦ ਕਰਨ ਆਏ ਸੀ, ਪਰ ਸਾਨੂੰ ਲੱਗਦਾ ਹੈ ਕਿ ਇੱਥੇ ਸੇਵਾ ਕਰ ਕੇ ਸਾਨੂੰ ਆਪ ਨੂੰ ਬਹੁਤ ਮਦਦ ਮਿਲੀ ਹੈ। ਅਸੀਂ ਯਹੋਵਾਹ ਦਾ ਲੱਖ ਸ਼ੁਕਰ ਕਰਦੇ ਹਾਂ ਕਿ ਉਸ ਨੇ ਸਾਨੂੰ ਇੱਥੇ ਸੇਵਾ ਕਰਨ ਦਾ ਮੌਕਾ ਦਿੱਤਾ!”

ਬਹੁਤ ਸਾਰੇ ਦੇਸ਼ਾਂ ਵਿਚ ਵਾਢੀ ਦੇ ਕੰਮ ਲਈ ਹੋਰ ਵਾਢਿਆਂ ਦੀ ਸਖ਼ਤ ਜ਼ਰੂਰਤ ਹੈ। ਕੀ ਤੁਸੀਂ ਆਪਣੀ ਪੜ੍ਹਾਈ ਖ਼ਤਮ ਕਰ ਕੇ ਸੋਚ ਰਹੇ ਹੋ ਕਿ ਤੁਸੀਂ ਜ਼ਿੰਦਗੀ ਵਿਚ ਕੀ ਕਰੋਗੇ? ਕੀ ਤੁਸੀਂ ਕੁਆਰੇ ਹੋ ਤੇ ਯਹੋਵਾਹ ਦੇ ਸੰਗਠਨ ਦੇ ਹੋਰ ਕੰਮ ਆਉਣਾ ਚਾਹੁੰਦੇ ਹੋ? ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਰਿਵਾਰ ਦੁਆਰਾ ਯਹੋਵਾਹ ਦੀ ਸੇਵਾ ਵਿਚ ਬਿਤਾਇਆ ਸਮਾਂ ਯਾਦਗਾਰ ਬਣ ਜਾਵੇ? ਕੀ ਤੁਸੀਂ ਰੀਟਾਇਰ ਹੋ ਚੁੱਕੇ ਹੋ ਤੇ ਆਪਣੀ ਜ਼ਿੰਦਗੀ ਦਾ ਤਜਰਬਾ ਦੂਸਰਿਆਂ ਦੇ ਫ਼ਾਇਦੇ ਲਈ ਇਸਤੇਮਾਲ ਕਰ ਸਕਦੇ ਹੋ? ਜੇ ਤੁਸੀਂ ਉਨ੍ਹਾਂ ਇਲਾਕਿਆਂ ਵਿਚ ਸੇਵਾ ਕਰਨ ਦਾ ਫ਼ੈਸਲਾ ਕਰਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਤਾਂ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਬੇਸ਼ੁਮਾਰ ਬਰਕਤਾਂ ਮਿਲਣਗੀਆਂ।