ਪਾਠਕਾਂ ਵੱਲੋਂ ਸਵਾਲ
ਹਰ ਮੰਡਲੀ ਵਿਚ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਨੂੰ ਕਿਵੇਂ ਨਿਯੁਕਤ ਕੀਤਾ ਜਾਂਦਾ ਹੈ?
ਪਹਿਲੀ ਸਦੀ ਵਿਚ ਪੌਲੁਸ ਰਸੂਲ ਨੇ ਅਫ਼ਸੁਸ ਦੀ ਮੰਡਲੀ ਵਿਚ ਸੇਵਾ ਕਰ ਰਹੇ ਬਜ਼ੁਰਗਾਂ ਨੂੰ ਕਿਹਾ: “ਆਪਣਾ ਅਤੇ ਪਰਮੇਸ਼ੁਰ ਦੀਆਂ ਸਾਰੀਆਂ ਭੇਡਾਂ ਦਾ ਧਿਆਨ ਰੱਖੋ ਜਿਨ੍ਹਾਂ ਵਿਚ ਪਵਿੱਤਰ ਸ਼ਕਤੀ ਨੇ ਤੁਹਾਨੂੰ ਨਿਗਾਹਬਾਨ ਬਣਾਇਆ ਹੈ ਤਾਂਕਿ ਤੁਸੀਂ ਚਰਵਾਹਿਆਂ ਵਾਂਗ ਪਰਮੇਸ਼ੁਰ ਦੀ ਮੰਡਲੀ ਦੀ ਦੇਖ-ਭਾਲ ਕਰੋ ਜਿਸ ਨੂੰ ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਲਹੂ ਨਾਲ ਖ਼ਰੀਦਿਆ ਹੈ।” (ਰਸੂ. 20:28) ਅੱਜ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਨੂੰ ਨਿਯੁਕਤ ਕਰਨ ਵਿਚ ਪਵਿੱਤਰ ਸ਼ਕਤੀ ਦੀ ਕੀ ਭੂਮਿਕਾ ਹੈ?
ਪਹਿਲੀ ਗੱਲ, ਪਵਿੱਤਰ ਸ਼ਕਤੀ ਨੇ ਬਾਈਬਲ ਦੇ ਲਿਖਾਰੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਬਜ਼ੁਰਗ ਤੇ ਸਹਾਇਕ ਸੇਵਕ ਬਣਨ ਲਈ ਬਾਈਬਲ ਵਿਚ ਮੰਗਾਂ ਲਿਖਣ। ਪਹਿਲਾ ਤਿਮੋਥਿਉਸ 3:1-7 ਵਿਚ ਬਜ਼ੁਰਗ ਬਣਨ ਲਈ 16 ਵੱਖੋ-ਵੱਖਰੀਆਂ ਮੰਗਾਂ ਦੱਸੀਆਂ ਗਈਆਂ ਹਨ। ਤੀਤੁਸ 1:5-9 ਅਤੇ ਯਾਕੂਬ 3:17, 18 ਵਿਚ ਹੋਰ ਮੰਗਾਂ ਲਿਖੀਆਂ ਹੋਈਆਂ ਹਨ। ਪਹਿਲਾ ਤਿਮੋਥਿਉਸ 3:8-10, 12, 13 ਵਿਚ ਸਹਾਇਕ ਸੇਵਕ ਬਣਨ ਲਈ ਮੰਗਾਂ ਦਿੱਤੀਆਂ ਗਈਆਂ ਹਨ। ਦੂਜੀ ਗੱਲ, ਜਿਹੜੇ ਭਰਾ ਇਨ੍ਹਾਂ ਭਰਾਵਾਂ ਦੀ ਸਿਫ਼ਾਰਸ਼ ਅਤੇ ਨਿਯੁਕਤੀ ਕਰਦੇ ਹਨ, ਉਹ ਪਹਿਲਾਂ ਯਹੋਵਾਹ ਨੂੰ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਦੇ ਹਨ। ਇਸ ਦੇ ਨਾਲ-ਨਾਲ ਉਹ ਦੇਖਦੇ ਹਨ ਕਿ ਇਹ ਭਰਾ ਬਾਈਬਲ ਵਿਚ ਦੱਸੀਆਂ ਮੰਗਾਂ ਕਾਫ਼ੀ ਹੱਦ ਤਕ ਪੂਰੀਆਂ ਕਰਦੇ ਹਨ ਜਾਂ ਨਹੀਂ। ਤੀਜੀ ਗੱਲ, ਜਿਸ ਭਰਾ ਦੀ ਸਿਫ਼ਾਰਸ਼ ਕੀਤੀ ਗਈ ਹੈ, ਉਸ ਨੂੰ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਗੁਣ ਜ਼ਾਹਰ ਕਰਨ ਦੀ ਲੋੜ ਹੈ। (ਗਲਾ. 5:22, 23) ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਭਰਾਵਾਂ ਨੂੰ ਨਿਯੁਕਤ ਕਰਨ ਲਈ ਜੋ ਕੁਝ ਕੀਤਾ ਜਾਂਦਾ ਹੈ, ਉਸ ਵਿਚ ਪਵਿੱਤਰ ਸ਼ਕਤੀ ਅਹਿਮ ਭੂਮਿਕਾ ਨਿਭਾਉਂਦੀ ਹੈ।
ਪਰ ਅਸਲ ਵਿਚ ਭਰਾਵਾਂ ਨੂੰ ਕੌਣ ਨਿਯੁਕਤ ਕਰਦਾ ਹੈ? ਪਹਿਲਾਂ ਜਿਹੜੇ ਭਰਾਵਾਂ ਨੂੰ ਬਜ਼ੁਰਗ ਤੇ ਸਹਾਇਕ ਸੇਵਕ ਬਣਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਸੀ, ਉਨ੍ਹਾਂ ਦੇ ਨਾਂ ਬ੍ਰਾਂਚ ਆਫ਼ਿਸ ਨੂੰ ਭੇਜੇ ਜਾਂਦੇ ਸਨ। ਉੱਥੇ ਪ੍ਰਬੰਧਕ ਸਭਾ ਵੱਲੋਂ ਨਿਯੁਕਤ ਕੀਤੇ ਭਰਾ ਇਨ੍ਹਾਂ ਸਿਫ਼ਾਰਸ਼ਾਂ ’ਤੇ ਸੋਚ-ਵਿਚਾਰ ਕਰਦੇ ਸਨ ਅਤੇ ਉਨ੍ਹਾਂ ਨੂੰ ਬਜ਼ੁਰਗ ਜਾਂ ਸਹਾਇਕ ਸੇਵਕ ਨਿਯੁਕਤ ਕਰਦੇ ਸਨ। ਫਿਰ ਬ੍ਰਾਂਚ ਆਫ਼ਿਸ ਇਸ ਫ਼ੈਸਲੇ ਬਾਰੇ ਮੰਡਲੀ ਦੇ ਬਜ਼ੁਰਗਾਂ ਨੂੰ ਦੱਸਦਾ ਸੀ। ਇਸ ਤੋਂ ਬਾਅਦ ਮੰਡਲੀ ਦੇ ਬਜ਼ੁਰਗ ਉਸ ਭਰਾ ਨੂੰ ਦੱਸਦੇ ਸਨ ਕਿ ਉਸ ਨੂੰ ਬਜ਼ੁਰਗ ਜਾਂ ਸਹਾਇਕ ਸੇਵਕ ਵਜੋਂ ਨਿਯੁਕਤ ਕੀਤਾ ਗਿਆ ਹੈ। ਨਾਲੇ ਉਸ ਨੂੰ ਪੁੱਛਦੇ ਸਨ ਕਿ ਉਹ ਇਹ ਜ਼ਿੰਮੇਵਾਰੀ ਲੈਣ ਲਈ ਤਿਆਰ ਤੇ ਕਾਬਲ ਹੈ ਜਾਂ ਨਹੀਂ। ਅਖ਼ੀਰ ਵਿਚ ਇਸ ਬਾਰੇ ਮੰਡਲੀ ਵਿਚ ਘੋਸ਼ਣਾ ਕੀਤੀ ਜਾਂਦੀ ਸੀ।
ਪਰ ਪਹਿਲੀ ਸਦੀ ਵਿਚ ਭਰਾਵਾਂ ਨੂੰ ਕਿੱਦਾਂ ਨਿਯੁਕਤ ਕੀਤਾ ਜਾਂਦਾ ਸੀ? ਕਦੀ-ਕਦੀ ਰਸੂਲ ਭਰਾਵਾਂ ਨੂੰ ਖ਼ਾਸ ਜ਼ਿੰਮੇਵਾਰੀਆਂ ਲਈ ਨਿਯੁਕਤ ਕਰਦੇ ਸਨ। ਮਿਸਾਲ ਲਈ, ਇਕ ਵਾਰ ਉਨ੍ਹਾਂ ਨੇ ਸੱਤ ਭਰਾਵਾਂ ਨੂੰ ਨਿਯੁਕਤ ਕੀਤਾ ਸੀ ਤਾਂਕਿ ਉਹ ਵਿਧਵਾਵਾਂ ਨੂੰ ਰੋਜ਼ ਭੋਜਨ ਵੰਡ ਸਕਣ। (ਰਸੂ. 6:1-6) ਪਰ ਇਹ ਵਾਧੂ ਜ਼ਿੰਮੇਵਾਰੀ ਮਿਲਣ ਤੋਂ ਪਹਿਲਾਂ ਹੀ ਇਹ ਭਰਾ ਸ਼ਾਇਦ ਬਜ਼ੁਰਗਾਂ ਵਜੋਂ ਸੇਵਾ ਕਰ ਰਹੇ ਸਨ।
ਹਾਲਾਂਕਿ ਬਾਈਬਲ ਸਾਨੂੰ ਖੋਲ੍ਹ ਕੇ ਨਹੀਂ ਦੱਸਦੀ ਕਿ ਹਰ ਭਰਾ ਨੂੰ ਉਸ ਵੇਲੇ ਕਿਵੇਂ ਨਿਯੁਕਤ ਕੀਤਾ ਜਾਂਦਾ ਸੀ, ਪਰ ਸਾਨੂੰ ਇਸ ਬਾਰੇ ਥੋੜ੍ਹਾ-ਬਹੁਤਾ ਜ਼ਰੂਰ ਪਤਾ ਲੱਗਦਾ ਹੈ। ਬਾਈਬਲ ਦੱਸਦੀ ਹੈ ਕਿ ਜਦੋਂ ਪੌਲੁਸ ਤੇ ਬਰਨਾਬਾਸ ਆਪਣੇ ਪਹਿਲੇ ਮਿਸ਼ਨਰੀ ਦੌਰੇ ਤੋਂ ਵਾਪਸ ਆ ਰਹੇ ਸਨ, ਤਾਂ “ਉਨ੍ਹਾਂ ਨੇ ਹਰ ਮੰਡਲੀ ਵਿਚ ਬਜ਼ੁਰਗ ਨਿਯੁਕਤ ਕੀਤੇ ਅਤੇ ਪ੍ਰਾਰਥਨਾ ਕਰਨ ਅਤੇ ਵਰਤ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਯਹੋਵਾਹ ਦੇ ਸਹਾਰੇ ਛੱਡ ਦਿੱਤਾ ਜਿਸ ਉੱਤੇ ਉਨ੍ਹਾਂ ਨੇ ਨਿਹਚਾ ਕੀਤੀ ਸੀ।” (ਰਸੂ. 14:23) ਕੁਝ ਸਾਲਾਂ ਬਾਅਦ ਪੌਲੁਸ ਨੇ ਆਪਣੇ ਨਾਲ ਸਫ਼ਰ ਕਰਨ ਵਾਲੇ ਭਰਾ ਤੀਤੁਸ ਨੂੰ ਲਿਖਿਆ: “ਮੈਂ ਤੈਨੂੰ ਕ੍ਰੀਟ ਵਿਚ ਇਸ ਲਈ ਛੱਡਿਆ ਸੀ ਕਿ ਤੂੰ ਉੱਥੇ ਵਿਗੜੇ ਮਾਮਲਿਆਂ ਨੂੰ ਨਜਿੱਠੇਂ ਅਤੇ ਸ਼ਹਿਰੋ-ਸ਼ਹਿਰ ਬਜ਼ੁਰਗ ਨਿਯੁਕਤ ਕਰੇਂ, ਜਿਵੇਂ ਮੈਂ ਤੈਨੂੰ ਕਿਹਾ ਸੀ।” (ਤੀਤੁ. 1:5) ਲੱਗਦਾ ਹੈ ਕਿ ਪੌਲੁਸ ਨਾਲ ਦੂਰ-ਦੂਰ ਤਕ ਸਫ਼ਰ ਕਰਨ ਵਾਲੇ ਤਿਮੋਥਿਉਸ ਨੂੰ ਵੀ ਇਹੀ ਅਧਿਕਾਰ ਮਿਲਿਆ ਸੀ। (1 ਤਿਮੋ. 5:22) ਇਨ੍ਹਾਂ ਗੱਲਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਭਰਾਵਾਂ ਨੂੰ ਯਰੂਸ਼ਲਮ ਵਿਚ ਰਹਿੰਦੇ ਰਸੂਲਾਂ ਤੇ ਬਜ਼ੁਰਗਾਂ ਨੇ ਨਹੀਂ, ਸਗੋਂ ਸਰਕਟ ਓਵਰਸੀਅਰਾਂ ਨੇ ਨਿਯੁਕਤ ਕੀਤਾ ਸੀ।
ਬਾਈਬਲ ਦੀਆਂ ਇਨ੍ਹਾਂ ਮਿਸਾਲਾਂ ਕਰਕੇ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੇ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਨੂੰ ਨਿਯੁਕਤ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਪਹਿਲੀ ਸਤੰਬਰ 2014 ਤੋਂ ਇਸ ਤਰੀਕੇ ਨਾਲ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਨੂੰ ਨਿਯੁਕਤ ਕੀਤਾ ਜਾਵੇਗਾ: ਸਰਕਟ ਵਿਚ ਜਿਨ੍ਹਾਂ ਭਰਾਵਾਂ ਬਾਰੇ ਸਿਫ਼ਾਰਸ਼ ਕੀਤੀ ਗਈ ਹੈ, ਉਨ੍ਹਾਂ ਬਾਰੇ ਸਰਕਟ ਓਵਰਸੀਅਰ ਧਿਆਨ ਨਾਲ ਸੋਚ-ਵਿਚਾਰ ਕਰੇਗਾ। ਸਰਕਟ ਓਵਰਸੀਅਰ ਮੰਡਲੀਆਂ ਵਿਚ ਆਪਣੇ ਦੌਰੇ ਦੌਰਾਨ ਇਨ੍ਹਾਂ ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰੇਗਾ ਅਤੇ ਜੇ ਹੋ ਸਕੇ, ਤਾਂ ਉਹ ਉਨ੍ਹਾਂ ਨਾਲ ਪ੍ਰਚਾਰ ਵੀ ਕਰੇਗਾ। ਮੰਡਲੀ ਦੇ ਸਾਰੇ ਬਜ਼ੁਰਗਾਂ ਨਾਲ ਇਨ੍ਹਾਂ ਭਰਾਵਾਂ ਬਾਰੇ ਗੱਲਬਾਤ ਕਰਨ ਤੋਂ ਬਾਅਦ ਸਰਕਟ ਓਵਰਸੀਅਰ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਸਰਕਟ ਦੀਆਂ ਮੰਡਲੀਆਂ ਵਿਚ ਬਜ਼ੁਰਗ ਤੇ ਸਹਾਇਕ ਸੇਵਕ ਨਿਯੁਕਤ ਕਰੇ। ਹੁਣ ਭਰਾਵਾਂ ਨੂੰ ਉਸੇ ਤਰੀਕੇ ਨਾਲ ਨਿਯੁਕਤ ਕੀਤਾ ਜਾਵੇਗਾ ਜਿਸ ਤਰ੍ਹਾਂ ਪਹਿਲੀ ਸਦੀ ਵਿਚ ਕੀਤਾ ਜਾਂਦਾ ਸੀ।
ਭਰਾਵਾਂ ਨੂੰ ਨਿਯੁਕਤ ਕਰਨ ਸੰਬੰਧੀ ਕਿਹੜੇ ਭਰਾ ਅਲੱਗ-ਅਲੱਗ ਭੂਮਿਕਾ ਨਿਭਾਉਂਦੇ ਹਨ? “ਵਫ਼ਾਦਾਰ ਅਤੇ ਸਮਝਦਾਰ ਨੌਕਰ” ਦੀ ਹਮੇਸ਼ਾ ਤੋਂ ਹੀ ਇਹ ਮੁੱਖ ਜ਼ਿੰਮੇਵਾਰੀ ਰਹੀ ਹੈ ਕਿ ਉਹ ਨੌਕਰਾਂ-ਚਾਕਰਾਂ ਨੂੰ ਭੋਜਨ ਦੇਵੇ ਯਾਨੀ ਪਰਮੇਸ਼ੁਰ ਦਾ ਗਿਆਨ ਦੇਵੇ। (ਮੱਤੀ 24:45-47) ਇਸ ਜ਼ਿੰਮੇਵਾਰੀ ਵਿਚ ਇਹ ਵੀ ਸ਼ਾਮਲ ਹੈ ਕਿ ਉਹ ਪਵਿੱਤਰ ਸ਼ਕਤੀ ਦੀ ਮਦਦ ਨਾਲ ਬਾਈਬਲ ਦੀ ਜਾਂਚ ਕਰ ਕੇ ਦੱਸਦੇ ਹਨ ਕਿ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ ਦੁਨੀਆਂ ਭਰ ਵਿਚ ਸਾਰੀਆਂ ਮੰਡਲੀਆਂ ਨੂੰ ਕਿਵੇਂ ਚਲਾਇਆ ਜਾਣਾ ਚਾਹੀਦਾ ਹੈ। ਵਫ਼ਾਦਾਰ ਨੌਕਰ ਸਰਕਟ ਓਵਰਸੀਅਰਾਂ ਤੇ ਬ੍ਰਾਂਚ ਕਮੇਟੀ ਦੇ ਮੈਂਬਰਾਂ ਨੂੰ ਵੀ ਨਿਯੁਕਤ ਕਰਦਾ ਹੈ। ਫਿਰ ਹਰ ਬ੍ਰਾਂਚ ਆਫ਼ਿਸ ਵਫ਼ਾਦਾਰ ਨੌਕਰ ਤੋਂ ਮਿਲੀ ਸੇਧ ਨੂੰ ਲਾਗੂ ਕਰਨ ਵਿਚ ਮੰਡਲੀ ਦੇ ਬਜ਼ੁਰਗਾਂ ਦੀ ਮਦਦ ਕਰਦਾ ਹੈ। ਹਰ ਮੰਡਲੀ ਦੇ ਸਾਰੇ ਬਜ਼ੁਰਗਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਧਿਆਨ ਨਾਲ ਸੋਚ-ਵਿਚਾਰ ਕਰ ਕੇ ਗੱਲਬਾਤ ਕਰਨ ਕਿ ਕਿਹੜੇ ਭਰਾ ਬਜ਼ੁਰਗ ਤੇ ਸਹਾਇਕ ਸੇਵਕ ਬਣਨ ਲਈ ਬਾਈਬਲ ਵਿਚ ਦਿੱਤੀਆਂ ਮੰਗਾਂ ਉੱਤੇ ਪੂਰੇ ਉਤਰਦੇ ਹਨ। ਜਿਹੜੇ ਭਰਾ ਉਨ੍ਹਾਂ ਮੰਗਾਂ ’ਤੇ ਪੂਰੇ ਉਤਰਦੇ ਹਨ, ਬਜ਼ੁਰਗ ਪਰਮੇਸ਼ੁਰ ਦੀ ਮੰਡਲੀ ਵਿਚ ਉਨ੍ਹਾਂ ਦੀ ਨਿਯੁਕਤੀ ਲਈ ਸਿਫ਼ਾਰਸ਼ ਕਰਦੇ ਹਨ। ਹਰ ਸਰਕਟ ਓਵਰਸੀਅਰ ਦੀ ਗੰਭੀਰ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਭਰਾਵਾਂ ਬਾਰੇ ਧਿਆਨ ਨਾਲ ਸੋਚੇ ਤੇ ਪ੍ਰਾਰਥਨਾ ਕਰੇ ਜਿਨ੍ਹਾਂ ਦੀ ਬਜ਼ੁਰਗ ਸਿਫ਼ਾਰਸ਼ ਕਰਦੇ ਹਨ। ਫਿਰ ਉਹ ਕਾਬਲ ਭਰਾਵਾਂ ਨੂੰ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਵਜੋਂ ਨਿਯੁਕਤ ਕਰੇ।
ਜਦੋਂ ਅਸੀਂ ਸਮਝ ਜਾਂਦੇ ਹਾਂ ਕਿ ਭਰਾਵਾਂ ਨੂੰ ਕਿਵੇਂ ਨਿਯੁਕਤ ਕੀਤਾ ਜਾਂਦਾ ਹੈ, ਤਾਂ ਅਸੀਂ ਇਸ ਕੰਮ ਵਿਚ ਪਵਿੱਤਰ ਸ਼ਕਤੀ ਦੀ ਭੂਮਿਕਾ ਨੂੰ ਹੋਰ ਵੀ ਚੰਗੀ ਤਰ੍ਹਾਂ ਸਮਝਦੇ ਹਾਂ। ਫਿਰ ਮੰਡਲੀ ਵਿਚ ਨਿਯੁਕਤ ਕੀਤੇ ਗਏ ਭਰਾਵਾਂ ਉੱਤੇ ਸਾਡਾ ਭਰੋਸਾ ਵਧਦਾ ਹੈ ਤੇ ਅਸੀਂ ਉਨ੍ਹਾਂ ਦੀ ਹੋਰ ਵੀ ਇੱਜ਼ਤ ਕਰਦੇ ਹਾਂ।
ਪ੍ਰਕਾਸ਼ ਦੀ ਕਿਤਾਬ ਦੇ 11ਵੇਂ ਅਧਿਆਇ ਵਿਚ ਦੱਸੇ ਦੋ ਗਵਾਹ ਕੌਣ ਸਨ?
ਪ੍ਰਕਾਸ਼ ਦੀ ਕਿਤਾਬ 11:3 ਵਿਚ ਦੋ ਗਵਾਹਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ 1,260 ਦਿਨਾਂ ਲਈ ਭਵਿੱਖਬਾਣੀ ਕਰਨੀ ਸੀ। ਫਿਰ ਬਿਰਤਾਂਤ ਦੱਸਦਾ ਹੈ ਕਿ ਵਹਿਸ਼ੀ ਦਰਿੰਦੇ ਨੇ ‘ਇਨ੍ਹਾਂ ਨੂੰ ਹਰਾ ਕੇ ਜਾਨੋਂ ਮਾਰ ਸੁੱਟਿਆ।’ ਪਰ “ਸਾਢੇ ਤਿੰਨ ਦਿਨਾਂ ਬਾਅਦ” ਇਨ੍ਹਾਂ ਦੋ ਗਵਾਹਾਂ ਨੂੰ ਜੀਉਂਦਾ ਕੀਤਾ ਗਿਆ ਅਤੇ ਦੇਖਣ ਵਾਲੇ ਹੱਕੇ-ਬੱਕੇ ਰਹਿ ਗਏ।
ਇਹ ਦੋ ਗਵਾਹ ਕੌਣ ਸਨ? ਬਿਰਤਾਂਤ ਦੀ ਜਾਂਚ ਕਰ ਕੇ ਅਸੀਂ ਇਨ੍ਹਾਂ ਦੀ ਪਛਾਣ ਕਰ ਸਕਦੇ ਹਾਂ। ਪਹਿਲੀ ਗੱਲ, ਬਾਈਬਲ ਇਨ੍ਹਾਂ ਦੋ ਗਵਾਹਾਂ ਨੂੰ ‘ਦੋ ਜ਼ੈਤੂਨ ਦੇ ਦਰਖ਼ਤਾਂ ਅਤੇ ਦੋ ਸ਼ਮਾਦਾਨਾਂ’ ਨਾਲ ਦਰਸਾਉਂਦੀ ਹੈ। (ਪ੍ਰਕਾ. 11:4) ਇਸ ਤੋਂ ਸਾਨੂੰ ਜ਼ਕਰਯਾਹ ਦੀ ਭਵਿੱਖਬਾਣੀ ਵਿਚ ਦੱਸੇ ਸ਼ਮਾਦਾਨ ਤੇ ਦੋ ਜ਼ੈਤੂਨ ਦੇ ਦਰਖ਼ਤ ਚੇਤੇ ਆਉਂਦੇ ਹਨ। ਜ਼ੈਤੂਨ ਦੇ ਦੋ ਦਰਖ਼ਤਾਂ ਦਾ ਮਤਲਬ ਦੱਸਿਆ ਗਿਆ ਸੀ ਕਿ ਉਹ “ਦੋ ਤੇਲ ਨਾਲ ਮਸਹ ਹੋਏ ਪੁਰਖ” ਯਾਨੀ ਹਾਕਮ ਜ਼ਰੁੱਬਾਬਲ ਅਤੇ ਮਹਾਂ ਪੁਜਾਰੀ ਯਹੋਸ਼ੁਆ ਸਨ “ਜੋ ਸਾਰੀ ਧਰਤੀ ਦੇ ਮਾਲਕ ਦੇ ਹਜ਼ੂਰ ਖੜੇ ਰਹਿੰਦੇ” ਸਨ। (ਜ਼ਕ. 4:1-3, 14) ਦੂਜੀ ਗੱਲ, ਇਹ ਦੋ ਗਵਾਹ ਮੂਸਾ ਅਤੇ ਏਲੀਯਾਹ ਵਰਗੇ ਚਮਤਕਾਰ ਕਰ ਰਹੇ ਸਨ।
ਪ੍ਰਕਾਸ਼ ਦੀ ਕਿਤਾਬ ਅਤੇ ਜ਼ਕਰਯਾਹ ਦੇ ਹਵਾਲਿਆਂ ਵਿਚ ਕਿਹੜੀ ਗੱਲ ਮਿਲਦੀ-ਜੁਲਦੀ ਹੈ? ਦੋਵਾਂ ਹਵਾਲਿਆਂ ਵਿਚ ਪਰਮੇਸ਼ੁਰ ਦੇ ਚੁਣੇ ਹੋਏ ਆਦਮੀਆਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੇ ਪਰੀਖਿਆ ਦੀ ਘੜੀ ਦੌਰਾਨ ਯਹੋਵਾਹ ਦੇ ਲੋਕਾਂ ਦੀ ਅਗਵਾਈ ਕੀਤੀ ਸੀ। 1914 ਨੂੰ ਸਵਰਗ ਵਿਚ ਪਰਮੇਸ਼ੁਰ ਦਾ ਰਾਜ ਸ਼ੁਰੂ ਹੋਣ ਸਮੇਂ ਜਿਨ੍ਹਾਂ ਚੁਣੇ ਹੋਏ ਭਰਾਵਾਂ ਨੇ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕੀਤੀ ਸੀ, ਉਨ੍ਹਾਂ ਨੇ ਪ੍ਰਕਾਸ਼ ਦੀ ਕਿਤਾਬ ਦੇ 11ਵੇਂ ਅਧਿਆਇ ਦੀ ਭਵਿੱਖਬਾਣੀ ਨੂੰ ਪੂਰਾ ਕਰਦਿਆਂ “ਤੱਪੜ ਪਾ ਕੇ” ਸਾਢੇ ਤਿੰਨ ਸਾਲ ਪ੍ਰਚਾਰ ਕੀਤਾ।
ਤੱਪੜ ਪਾ ਕੇ ਪ੍ਰਚਾਰ ਕਰਨ ਤੋਂ ਬਾਅਦ ਇਨ੍ਹਾਂ ਚੁਣੇ ਹੋਏ ਭਰਾਵਾਂ ਨੂੰ ਮਾਨੋ ਮਾਰ ਦਿੱਤਾ ਗਿਆ ਸੀ ਜਦੋਂ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਜੇਲ੍ਹ ਵਿਚ ਸੁੱਟ ਦਿੱਤਾ ਗਿਆ। ਇਸ ਥੋੜ੍ਹੇ ਸਮੇਂ ਨੂੰ ਸਾਢੇ ਤਿੰਨ ਦਿਨਾਂ ਨਾਲ ਦਰਸਾਇਆ ਗਿਆ ਹੈ। ਯਹੋਵਾਹ ਦੇ ਲੋਕਾਂ ਦੇ ਦੁਸ਼ਮਣਾਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੇ ਕੰਮ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਸੀ ਜਿਸ ਕਰਕੇ ਦੁਸ਼ਮਣ ਬਹੁਤ ਖ਼ੁਸ਼ ਹੋਏ।
ਪਰ ਭਵਿੱਖਬਾਣੀ ਮੁਤਾਬਕ ਸਾਢੇ ਤਿੰਨ ਦਿਨਾਂ ਬਾਅਦ ਦੋ ਗਵਾਹਾਂ ਨੂੰ ਜੀਉਂਦਾ ਕੀਤਾ ਗਿਆ। ਇਨ੍ਹਾਂ ਚੁਣੇ ਹੋਏ ਭਰਾਵਾਂ ਨੂੰ ਨਾ ਸਿਰਫ਼ ਜੇਲ੍ਹ ਵਿੱਚੋਂ ਰਿਹਾ ਕੀਤਾ ਗਿਆ, ਸਗੋਂ ਜਿਹੜੇ ਚੁਣੇ ਹੋਏ ਭਰਾ ਵਫ਼ਾਦਾਰ ਰਹੇ ਉਨ੍ਹਾਂ ਨੂੰ ਪਰਮੇਸ਼ੁਰ ਨੇ ਪ੍ਰਭੂ ਯਿਸੂ ਮਸੀਹ ਰਾਹੀਂ ਖ਼ਾਸ ਜ਼ਿੰਮੇਵਾਰੀ ਵੀ ਦਿੱਤੀ। ਇਹ ਵਫ਼ਾਦਾਰ ਭਰਾ ਉਨ੍ਹਾਂ ਭਰਾਵਾਂ ਵਿਚ ਸਨ ਜਿਨ੍ਹਾਂ ਨੂੰ 1919 ਵਿਚ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵਜੋਂ ਨਿਯੁਕਤ ਕੀਤਾ ਗਿਆ ਤਾਂਕਿ ਆਖ਼ਰੀ ਦਿਨਾਂ ਦੌਰਾਨ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਉਸ ਬਾਰੇ ਗਿਆਨ ਦੇ ਸਕਣ।
ਦਿਲਚਸਪੀ ਦੀ ਗੱਲ ਹੈ ਕਿ ਪ੍ਰਕਾਸ਼ ਦੀ ਕਿਤਾਬ 11:1, 2 ਇਨ੍ਹਾਂ ਘਟਨਾਵਾਂ ਦਾ ਸੰਬੰਧ ਉਸ ਸਮੇਂ ਨਾਲ ਜੋੜਦਾ ਹੈ ਜਦੋਂ ਪਰਮੇਸ਼ੁਰ ਦੇ ਮੰਦਰ ਨੂੰ ਮਿਣਿਆ ਯਾਨੀ ਜਾਂਚਿਆ ਗਿਆ ਸੀ। ਮਲਾਕੀ ਅਧਿਆਇ 3 ਵਿਚ ਵੀ ਪਰਮੇਸ਼ੁਰ ਦੇ ਮੰਦਰ ਦੀ ਇਸ ਤਰ੍ਹਾਂ ਦੀ ਜਾਂਚ ਬਾਰੇ ਦੱਸਿਆ ਗਿਆ ਹੈ। ਇਸ ਜਾਂਚ ਤੋਂ ਬਾਅਦ ਮੰਦਰ ਨੂੰ ਸ਼ੁੱਧ ਕੀਤਾ ਗਿਆ ਸੀ। (ਮਲਾ. 3:1-4) ਜਾਂਚ ਤੇ ਸ਼ੁੱਧ ਕਰਨ ਦਾ ਕੰਮ ਕਿੰਨੀ ਦੇਰ ਤਕ ਚੱਲਿਆ? 1914 ਤੋਂ ਲੈ ਕੇ 1919 ਦੇ ਸ਼ੁਰੂ ਤਕ। ਇਸ ਸਮੇਂ ਵਿਚ 1,260 ਦਿਨ (42 ਮਹੀਨੇ) ਅਤੇ ਸਾਢੇ ਤਿੰਨ ਦਿਨ (ਬਹੁਤ ਥੋੜ੍ਹਾ ਸਮਾਂ) ਸ਼ਾਮਲ ਸਨ ਜਿਨ੍ਹਾਂ ਦਾ ਜ਼ਿਕਰ ਪ੍ਰਕਾਸ਼ ਦੀ ਕਿਤਾਬ ਦੇ 11ਵੇਂ ਅਧਿਆਇ ਵਿਚ ਹੈ।
ਅਸੀਂ ਕਿੰਨੇ ਖ਼ੁਸ਼ ਹਾਂ ਕਿ ਯਹੋਵਾਹ ਨੇ ਇਸ ਮੰਦਰ ਨੂੰ ਸ਼ੁੱਧ ਕੀਤਾ ਤਾਂਕਿ ਉਹ ਖ਼ਾਸ ਲੋਕਾਂ ਨੂੰ ਸ਼ੁੱਧ ਕਰੇ ਜੋ ਚੰਗੇ ਕੰਮ ਕਰਨ! (ਤੀਤੁ. 2:14) ਨਾਲੇ ਅਸੀਂ ਵਫ਼ਾਦਾਰ ਚੁਣੇ ਹੋਏ ਭਰਾਵਾਂ ਦੀ ਕਦਰ ਕਰਦੇ ਹਾਂ ਜਿਨ੍ਹਾਂ ਨੇ ਪਰੀਖਿਆ ਦੀ ਘੜੀ ਦੌਰਾਨ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕੀਤੀ ਅਤੇ ਬਾਈਬਲ ਵਿਚ ਦੱਸੇ ਦੋ ਗਵਾਹਾਂ ਵਜੋਂ ਸੇਵਾ ਕੀਤੀ। *
^ ਪੈਰਾ 18 ਹੋਰ ਜਾਣਕਾਰੀ ਲਈ 15 ਜੁਲਾਈ 2013 ਦੇ ਪਹਿਰਾਬੁਰਜ ਦਾ ਸਫ਼ਾ 22, ਪੈਰਾ 12 ਦੇਖੋ।