Skip to content

Skip to table of contents

ਉਹ ‘ਰਾਹ ਜਾਣਦੇ ਸਨ’

ਉਹ ‘ਰਾਹ ਜਾਣਦੇ ਸਨ’

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਗਾਈ ਹੌਲਿਸ ਪੀਅਰਸ ਨੇ ਧਰਤੀ ਉੱਤੇ ਆਪਣੀ ਸੇਵਾ ਮੰਗਲਵਾਰ 18 ਮਾਰਚ 2014 ਨੂੰ ਪੂਰੀ ਕੀਤੀ। ਉਨ੍ਹਾਂ ਦੀ ਉਮੀਦ ਮਸੀਹ ਦਾ ਭਰਾ ਬਣਨ ਦੀ ਸੀ ਅਤੇ ਇਹ ਉਮੀਦ 79 ਸਾਲ ਦੀ ਉਮਰ ਵਿਚ ਪੂਰੀ ਹੋਈ।ਇਬ. 2:10-12; 1 ਪਤ. 3:18.

ਗਾਈ ਪੀਅਰਸ ਦਾ ਜਨਮ 6 ਨਵੰਬਰ 1934 ਨੂੰ ਆਬਰਨ, ਕੈਲੇਫ਼ੋਰਨੀਆ, ਅਮਰੀਕਾ ਵਿਚ ਹੋਇਆ ਸੀ ਅਤੇ ਉਨ੍ਹਾਂ ਦਾ ਬਪਤਿਸਮਾ 1955 ਵਿਚ ਹੋਇਆ ਸੀ। 1977 ਵਿਚ ਉਨ੍ਹਾਂ ਦਾ ਵਿਆਹ ਪੈਨੀ ਨਾਲ ਹੋਇਆ ਅਤੇ ਉਨ੍ਹਾਂ ਦੋਵਾਂ ਨੇ ਰਲ਼ ਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ। ਉਹ ਦੂਜਿਆਂ ਨੂੰ ਵੀ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਸਨ। 1982 ਵਿਚ ਉਨ੍ਹਾਂ ਦੋਵਾਂ ਨੇ ਪਾਇਨੀਅਰ ਸੇਵਾ ਸ਼ੁਰੂ ਕੀਤੀ ਅਤੇ 1986 ਤੋਂ ਅਮਰੀਕਾ ਵਿਚ 11 ਸਾਲ ਸਰਕਟ ਕੰਮ ਕੀਤਾ।

ਸਾਲ 1997 ਵਿਚ ਗਾਈ ਅਤੇ ਪੈਨੀ ਪੀਅਰਸ ਨੇ ਅਮਰੀਕਾ ਦੇ ਬੈਥਲ ਵਿਚ ਸੇਵਾ ਸ਼ੁਰੂ ਕੀਤੀ। ਉੱਥੇ ਭਰਾ ਪੀਅਰਸ ਨੇ ਸਰਵਿਸ ਡਿਪਾਰਟਮੈਂਟ ਵਿਚ ਕੰਮ ਕੀਤਾ ਅਤੇ 1998 ਵਿਚ ਉਨ੍ਹਾਂ ਨੂੰ ਪ੍ਰਬੰਧਕ ਸਭਾ ਦੀ ਪ੍ਰਸਨੈੱਲ ਕਮੇਟੀ ਦੇ ਸਹਾਇਕ ਵਜੋਂ ਨਿਯੁਕਤ ਕੀਤਾ ਗਿਆ ਸੀ। 2 ਅਕਤੂਬਰ 1999 ਨੂੰ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੀ ਸਾਲਾਨਾ ਮੀਟਿੰਗ ਵਿਚ ਉਨ੍ਹਾਂ ਨੂੰ ਪ੍ਰਬੰਧਕ ਸਭਾ ਦੇ ਮੈਂਬਰ ਬਣਾਏ ਜਾਣ ਦੀ ਘੋਸ਼ਣਾ ਕੀਤੀ ਗਈ ਸੀ। ਪਿਛਲੇ ਕੁਝ ਸਾਲਾਂ ਦੌਰਾਨ ਉਨ੍ਹਾਂ ਨੇ ਪ੍ਰਸਨੈੱਲ ਕਮੇਟੀ, ਰਾਈਟਿੰਗ ਕਮੇਟੀ, ਪਬਲਿਸ਼ਿੰਗ ਕਮੇਟੀ ਅਤੇ ਕੋਆਰਡੀਨੇਟਰਾਂ ਦੀ ਕਮੇਟੀ ਵਿਚ ਸੇਵਾ ਕੀਤੀ ਸੀ।

ਭਰਾ ਪੀਅਰਸ ਦੀ ਮਿੱਠੀ ਮੁਸਕਾਨ ਅਤੇ ਉਨ੍ਹਾਂ ਦੇ ਹਸਮੁਖ ਸੁਭਾਅ ਕਾਰਨ ਵੱਖੋ-ਵੱਖਰੇ ਪਿਛੋਕੜਾਂ ਅਤੇ ਸਭਿਆਚਾਰਾਂ ਦੇ ਲੋਕ ਉਨ੍ਹਾਂ ਵੱਲ ਖਿੱਚੇ ਚਲੇ ਆਉਂਦੇ ਸਨ। ਪਰ ਖ਼ਾਸ ਤੌਰ ਤੇ ਲੋਕ ਉਨ੍ਹਾਂ ਨੂੰ ਇਸ ਕਾਰਨ ਪਸੰਦ ਕਰਦੇ ਸਨ ਕਿਉਂਕਿ ਉਹ ਸਾਰਿਆਂ ਨੂੰ ਪਿਆਰ ਕਰਦੇ ਸਨ, ਨਿਮਰ ਸਨ, ਉੱਚੇ ਅਸੂਲਾਂ ’ਤੇ ਚੱਲਦੇ ਸਨ ਅਤੇ ਯਹੋਵਾਹ ’ਤੇ ਪੂਰੀ ਨਿਹਚਾ ਰੱਖਦੇ ਸਨ। ਉਹ ਕਹਿੰਦੇ ਹੁੰਦੇ ਸਨ ਕਿ ਸੂਰਜ ਤਾਂ ਪੱਛਮ ਤੋਂ ਚੜ੍ਹ ਸਕਦਾ, ਪਰ ਇਹ ਕਦੀ ਨਹੀਂ ਹੋ ਸਕਦਾ ਕਿ ਯਹੋਵਾਹ ਦੇ ਵਾਅਦੇ ਪੂਰੇ ਨਾ ਹੋਣ ਅਤੇ ਉਹ ਇਹ ਗੱਲ ਸਾਰੀ ਦੁਨੀਆਂ ਨੂੰ ਦੱਸਣੀ ਚਾਹੁੰਦੇ ਸਨ।

ਭਰਾ ਪੀਅਰਸ ਯਹੋਵਾਹ ਦੀ ਸੇਵਾ ਵਿਚ ਦਿਨ-ਰਾਤ ਲੱਗੇ ਰਹਿੰਦੇ ਸਨ। ਉਹ ਤੜਕੇ ਉੱਠਦੇ ਸਨ ਅਤੇ ਅਕਸਰ ਦੇਰ ਰਾਤ ਤਕ ਕੰਮ ਕਰਦੇ ਸਨ। ਉਨ੍ਹਾਂ ਨੇ ਦੁਨੀਆਂ ਭਰ ਦੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਬਹੁਤ ਸਫ਼ਰ ਕੀਤਾ। ਉਹ ਬੈਥਲ ਪਰਿਵਾਰ ਦੇ ਮੈਂਬਰਾਂ ਤੇ ਦੂਜੇ ਭੈਣਾਂ-ਭਰਾਵਾਂ ਲਈ ਸਮਾਂ ਕੱਢਦੇ ਸਨ ਜੋ ਉਨ੍ਹਾਂ ਨਾਲ ਸਮਾਂ ਬਿਤਾਉਣਾ ਚਾਹੁੰਦੇ ਸਨ, ਉਨ੍ਹਾਂ ਤੋਂ ਸਲਾਹ ਅਤੇ ਮਦਦ ਲੈਣੀ ਚਾਹੁੰਦੇ ਸਨ। ਸਾਲਾਂ ਬਾਅਦ ਵੀ ਭੈਣ-ਭਰਾ ਉਨ੍ਹਾਂ ਦੀ ਦੋਸਤੀ, ਪਰਾਹੁਣਚਾਰੀ ਅਤੇ ਉਨ੍ਹਾਂ ਵੱਲੋਂ ਦਿੱਤੀ ਬਾਈਬਲ ਦੀ ਸਲਾਹ ਨੂੰ ਅਜੇ ਤਕ ਯਾਦ ਕਰਦੇ ਹਨ।

ਸਾਡਾ ਪਿਆਰਾ ਭਰਾ ਅਤੇ ਦੋਸਤ ਆਪਣੇ ਪਿੱਛੇ ਆਪਣੀ ਪਤਨੀ, ਛੇ ਬੱਚਿਆਂ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ, ਪੜਪੋਤੇ-ਪੜਪੋਤੀਆਂ ਅਤੇ ਪੜਦੋਹਤੇ-ਪੜਦੋਹਤੀਆਂ ਨੂੰ ਛੱਡ ਗਿਆ ਹੈ। ਉਨ੍ਹਾਂ ਨੇ ਕਈਆਂ ਨੂੰ ਸੱਚਾਈ ਸਿਖਾਈ ਸੀ ਜਿਸ ਕਰਕੇ ਉਹ ਸਾਰੇ ਅਤੇ ਹੋਰ ਭੈਣ-ਭਰਾ ਉਨ੍ਹਾਂ ਨੂੰ ਆਪਣਾ ਪਿਤਾ ਸਮਝਦੇ ਸਨ। ਭਰਾ ਪੀਅਰਸ ਦੀ ਯਾਦ ਵਿਚ ਪ੍ਰਬੰਧਕ ਸਭਾ ਦੇ ਮੈਂਬਰ ਮਾਰਕ ਸੈਂਡਰਸਨ ਨੇ 22 ਮਾਰਚ 2014 ਨੂੰ ਬਰੁਕਲਿਨ ਬੈਥਲ ਵਿਚ ਭਾਸ਼ਣ ਦਿੱਤਾ। ਭਰਾ ਪੀਅਰਸ ਬਾਰੇ ਗੱਲ ਕਰਦਿਆਂ ਭਰਾ ਸੈਂਡਰਸਨ ਨੇ ਉਨ੍ਹਾਂ ਦੀ ਸਵਰਗ ਜਾਣ ਦੀ ਉਮੀਦ ਦਾ ਜ਼ਿਕਰ ਕੀਤਾ ਅਤੇ ਯਿਸੂ ਦੇ ਇਹ ਸ਼ਬਦ ਪੜ੍ਹੇ: “ਮੇਰੇ ਪਿਤਾ ਦੇ ਘਰ ਵਿਚ ਰਹਿਣ ਲਈ ਬਹੁਤ ਜਗ੍ਹਾ ਹੈ। . . . ਜਦੋਂ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂਗਾ, ਤਾਂ ਮੈਂ ਦੁਬਾਰਾ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਘਰ ਲੈ ਜਾਵਾਂਗਾ ਤਾਂਕਿ ਤੁਸੀਂ ਵੀ ਉੱਥੇ ਹੋਵੋ ਜਿੱਥੇ ਮੈਂ ਹੋਵਾਂ। ਅਤੇ ਤੁਸੀਂ ਉੱਥੇ ਦਾ ਰਾਹ ਜਾਣਦੇ ਹੋ ਜਿੱਥੇ ਮੈਂ ਜਾ ਰਿਹਾ ਹਾਂ।”ਯੂਹੰ. 14:2-4.

ਵਾਕਈ ਸਾਨੂੰ ਉਨ੍ਹਾਂ ਦੀ ਕਮੀ ਬਹੁਤ ਮਹਿਸੂਸ ਹੋਵੇਗੀ। ਪਰ ਅਸੀਂ ਖ਼ੁਸ਼ ਹਾਂ ਕਿ ਉਹ ਆਪਣੇ ਪੱਕੇ ‘ਘਰ ਦਾ ਰਾਹ ਜਾਣਦੇ ਸਨ।’