ਯਹੋਵਾਹ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਬੇਸ਼ੁਮਾਰ ਬਰਕਤਾਂ ਦਿੰਦਾ ਹੈ
ਸਾਡੇ ਸਿਰਜਣਹਾਰ ਨੇ ਇਨਸਾਨਾਂ ਨੂੰ ਆਪਣੇ ਫ਼ੈਸਲੇ ਆਪ ਕਰਨ ਦਾ ਮਾਣ ਬਖ਼ਸ਼ਿਆ ਹੈ। ਇਸ ਲਈ ਜਦੋਂ ਅਸੀਂ ਆਪਣੀ ਇੱਛਾ ਨਾਲ ਸੱਚੀ ਭਗਤੀ ਨੂੰ ਅੱਗੇ ਵਧਾਉਂਦੇ ਹਾਂ, ਉਸ ਦੇ ਨਾਂ ਨੂੰ ਪਵਿੱਤਰ ਕਰਨ ਵਿਚ ਹਿੱਸਾ ਪਾਉਂਦੇ ਹਾਂ ਅਤੇ ਉਸ ਦੇ ਮਕਸਦ ਮੁਤਾਬਕ ਕੰਮ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਬੇਸ਼ੁਮਾਰ ਬਰਕਤਾਂ ਦਿੰਦਾ ਹੈ। ਉਹ ਸਾਨੂੰ ਡਰਾ-ਧਮਕਾ ਕੇ ਆਪਣੀ ਗੱਲ ਨਹੀਂ ਮਨਵਾਉਣੀ ਚਾਹੁੰਦਾ। ਇਸ ਦੀ ਬਜਾਇ, ਉਹ ਚਾਹੁੰਦਾ ਹੈ ਕਿ ਅਸੀਂ ਖ਼ੁਸ਼ ਹੋ ਕੇ ਉਸ ਦੀ ਭਗਤੀ ਕਰੀਏ ਕਿਉਂਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਸ ਦੇ ਕੰਮਾਂ ਦੀ ਦਿਲੋਂ ਕਦਰ ਕਰਦੇ ਹਾਂ।
ਮਿਸਾਲ ਲਈ, ਸੀਨਈ ਦੀ ਉਜਾੜ ਵਿਚ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਭਗਤੀ ਵਾਸਤੇ ਡੇਰਾ ਬਣਾਉਣ ਦੀਆਂ ਹਿਦਾਇਤਾਂ ਦਿੰਦਿਆਂ ਕਿਹਾ ਸੀ: “ਤੁਸੀਂ ਆਪਣਿਆਂ ਵਿੱਚੋਂ ਯਹੋਵਾਹ ਲਈ ਭੇਟ ਲਿਓ। ਜਿਹ ਦੇ ਮਨ ਦੀ ਭਾਉਣੀ ਹੋਵੇ ਉਹ ਯਹੋਵਾਹ ਲਈ ਭੇਟ ਲਿਆਵੇ।” (ਕੂਚ 35:5) ਹਰ ਇਜ਼ਰਾਈਲੀ ਆਪਣੀ ਇੱਛਾ ਨਾਲ ਜਿੰਨਾ ਚਾਹੇ ਤੇ ਜੋ ਚਾਹੇ, ਯਹੋਵਾਹ ਦੀ ਭਗਤੀ ਲਈ ਦਾਨ ਦੇ ਸਕਦਾ ਸੀ। ਉਨ੍ਹਾਂ ਨੇ ਕਿੰਨੀ ਕੁ ਖੁੱਲ੍ਹ-ਦਿਲੀ ਦਿਖਾਈ?
“ਸਾਰੇ ਮਨੁੱਖ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ,” ਖ਼ੁਸ਼ੀ ਨਾਲ ਦਾਨ ਲੈ ਕੇ ਆਏ। ਹਰ ਆਦਮੀ ਅਤੇ ਔਰਤ ਯਹੋਵਾਹ ਲਈ ਕੁਝ-ਨਾ-ਕੁਝ ਲੈ ਕੇ ਆਏ: ਕੰਨਾਂ ਦੀਆਂ ਵਾਲ਼ੀਆਂ, ਮੁੰਦੀਆਂ, ਸੋਨਾ, ਚਾਂਦੀ, ਤਾਂਬਾ, ਨੀਲਾ ਧਾਗਾ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦਾ ਕੱਪੜਾ, ਮਹੀਨ ਕਤਾਨ, ਬੱਕਰੇ ਦੇ ਵਾਲ਼, ਭੇਡੂ ਦੀ ਲਾਲ ਰੰਗੀ ਹੋਈ ਖੱਲ, ਹੋਰ ਜਾਨਵਰਾਂ ਦੀਆਂ ਖੱਲਾਂ, ਸ਼ਿੱਟੀਮ ਦੀ ਲੱਕੜ, ਕੀਮਤੀ ਪੱਥਰ, ਬਲਸਾਨ ਅਤੇ ਤੇਲ। ਬਾਈਬਲ ਦੱਸਦੀ ਹੈ ਕਿ “ਲੋਕਾਂ ਨੇ ਪਰਮੇਸ਼ੁਰ ਦੇ ਪਵਿੱਤਰ ਸਥਾਨ ਦੀ ਉਸਾਰੀ ਲਈ ਲੋੜ ਤੋਂ ਵੱਧ ਲੈ ਆਂਦਾ ਸੀ।”
ਇੰਨਾ ਸਾਰਾ ਦਾਨ ਦੇਖ ਕੇ ਯਹੋਵਾਹ ਨੂੰ ਖ਼ੁਸ਼ੀ ਹੋਈ, ਪਰ ਉਸ ਨੂੰ ਇਸ ਗੱਲ ਤੋਂ ਜ਼ਿਆਦਾ ਖ਼ੁਸ਼ੀ ਹੋਈ ਕਿ ਲੋਕ ਸੱਚੀ ਭਗਤੀ ਲਈ ਆਪਣੀ ਖ਼ੁਸ਼ੀ ਨਾਲ ਦਾਨ ਲੈ ਕੇ ਆਏ ਸਨ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਡੇਰੇ ਦਾ ਸਾਮਾਨ ਬਣਾਉਣ ਵਿਚ ਮਿਹਨਤ ਵੀ ਕੀਤੀ। ਬਾਈਬਲ ਦੱਸਦੀ ਹੈ: “ਸਾਰੀਆਂ ਚਤਰੀਆਂ [ਯਾਨੀ ਹੁਨਰਮੰਦ] ਇਸਤਰੀਆਂ ਨੇ ਆਪਣੇ ਹੱਥੀਂ ਕੱਤਿਆ।” ਜੀ ਹਾਂ, “ਸਾਰੀਆਂ ਇਸਤਰੀਆਂ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਬੁੱਧ ਨਾਲ ਪਰੇਰਿਆ ਪਸ਼ਮ ਕੱਤੀ।” ਇਸ ਤੋਂ ਇਲਾਵਾ, ਯਹੋਵਾਹ ਨੇ ਬਸਲਏਲ ਨੂੰ “ਬੁੱਧ, ਸਮਝ, ਵਿੱਦਿਆ ਅਤੇ ਸਾਰੀ ਕਾਰੀਗਰੀ ਨਾਲ ਭਰਪੂਰ ਕੀਤਾ।” ਬਸਲਏਲ ਅਤੇ ਆਹਾਲੀਆਬ ਨੂੰ ਡੇਰੇ ਦਾ ਕੰਮ ਕਰਨ ਲਈ ਜਿਹੜੇ ਵੀ ਹੁਨਰ ਦੀ ਲੋੜ ਸੀ, ਯਹੋਵਾਹ ਨੇ ਉਨ੍ਹਾਂ ਨੂੰ ਉਹ ਹੁਨਰ ਸਿੱਖਣ ਦੀ ਸਮਝ ਦਿੱਤੀ।
ਇਜ਼ਰਾਈਲੀਆਂ ਨੂੰ ਦਾਨ ਦੇਣ ਲਈ ਕਹਿੰਦੇ ਵੇਲੇ ਯਹੋਵਾਹ ਨੂੰ ਪੂਰਾ ਭਰੋਸਾ ਸੀ ਕਿ ‘ਜਿਹ ਦੇ ਮਨ ਦੀ ਭਾਉਣੀ ਹੋਵੇਗੀ,’ ਉਹ ਦਾਨ ਜ਼ਰੂਰ ਦੇਵੇਗਾ। ਉਨ੍ਹਾਂ ਦੀ ਖੁੱਲ੍ਹ-ਦਿਲੀ ਦੇਖ ਕੇ ਯਹੋਵਾਹ ਨੇ ਉਨ੍ਹਾਂ ਦੀ ਖ਼ੁਸ਼ੀ ਨੂੰ ਵਧਾਇਆ ਅਤੇ ਉਨ੍ਹਾਂ ਨੂੰ ਕੰਮ ਕਰਨ ਦੀਆਂ ਹਿਦਾਇਤਾਂ ਦਿੱਤੀਆਂ। ਇਸ ਤਰ੍ਹਾਂ ਯਹੋਵਾਹ ਨੇ ਦਿਖਾਇਆ ਕਿ ਉਹ ਖ਼ੁਸ਼ੀ ਨਾਲ ਕੰਮ ਕਰਨ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ ਅਤੇ ਉਸ ਦੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਨੂੰ ਜਿਸ ਵੀ ਚੀਜ਼ ਜਾਂ ਹੁਨਰ ਦੀ ਲੋੜ ਹੈ, ਉਸ ਦੀ ਕਦੇ ਕਮੀ ਨਹੀਂ ਆਉਣ ਦਿੰਦਾ। (ਜ਼ਬੂ. 34:9) ਸੋ ਜਦੋਂ ਤੁਸੀਂ ਬਿਨਾਂ ਸੁਆਰਥ ਯਹੋਵਾਹ ਦੀ ਸੇਵਾ ਕਰਦੇ ਹੋ, ਤਾਂ ਉਹ ਜ਼ਰੂਰ ਤੁਹਾਨੂੰ ਬੇਸ਼ੁਮਾਰ ਬਰਕਤਾਂ ਦੇਵੇਗਾ।
^ ਪੈਰਾ 9 ਭਾਰਤ ਵਿਚ ਚੈੱਕ “Jehovah’s Witnesses of India” ਦੇ ਨਾਂ ’ਤੇ ਬਣਾਇਆ ਜਾਣਾ ਚਾਹੀਦਾ ਹੈ।
^ ਪੈਰਾ 11 ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਹੈ, ਉਹ jwindiagift.org ਵੈੱਬਸਾਈਟ ’ਤੇ ਦਾਨ ਕਰ ਸਕਦੇ ਹਨ।
^ ਪੈਰਾ 16 ਫ਼ੈਸਲਾ ਲੈਣ ਤੋਂ ਪਹਿਲਾਂ ਆਪਣੇ ਬ੍ਰਾਂਚ ਆਫ਼ਿਸ ਨਾਲ ਗੱਲਬਾਤ ਕਰੋ।
^ ਪੈਰਾ 24 ਭਾਰਤ ਵਿਚ “ਆਪਣੇ ਮਾਲ-ਧਨ ਨਾਲ ਯਹੋਵਾਹ ਦੀ ਮਹਿਮਾ ਕਰੋ” ਨਾਂ ਦਾ ਦਸਤਾਵੇਜ਼ ਅੰਗ੍ਰੇਜ਼ੀ, ਹਿੰਦੀ, ਕੰਨੜ, ਤਾਮਿਲ, ਤੇਲਗੂ ਅਤੇ ਮਲਿਆਲਮ ਭਾਸ਼ਾਵਾਂ ਵਿਚ ਉਪਲਬਧ ਹੈ।