Skip to content

Skip to table of contents

ਯਹੋਵਾਹ ਦੀ ਸੇਵਾ ਕਰਨ ਦੇ ਸਨਮਾਨ ਦੀ ਕਦਰ ਕਰੋ!

ਯਹੋਵਾਹ ਦੀ ਸੇਵਾ ਕਰਨ ਦੇ ਸਨਮਾਨ ਦੀ ਕਦਰ ਕਰੋ!

‘ਅਸੀਂ ਪਰਮੇਸ਼ੁਰ ਦੀ ਸ਼ਕਤੀ ਨੂੰ ਕਬੂਲ ਕੀਤਾ ਹੈ ਤਾਂਕਿ ਅਸੀਂ ਉਨ੍ਹਾਂ ਗੱਲਾਂ ਨੂੰ ਸਮਝ ਸਕੀਏ ਜੋ ਪਰਮੇਸ਼ੁਰ ਨੇ ਸਾਨੂੰ ਪਿਆਰ ਨਾਲ ਦੱਸੀਆਂ ਹਨ।’1 ਕੁਰਿੰ. 2:12.

1. ਲੋਕ ਅਕਸਰ ਕੀ ਕਹਿੰਦੇ ਹਨ?

ਤੁਸੀਂ ਲੋਕਾਂ ਨੂੰ ਇਹ ਗੱਲ ਕਹਿੰਦੇ ਹੋਏ ਸੁਣਿਆ ਹੋਣਾ ਕਿ ‘ਕਿਸੇ ਚੀਜ਼ ਦੀ ਕਦਰ ਉਦੋਂ ਹੀ ਪਤਾ ਲੱਗਦੀ ਹੈ ਜਦ ਉਹ ਹੱਥੋਂ ਨਿਕਲ ਜਾਂਦੀ ਹੈ।’ ਕੀ ਤੁਸੀਂ ਵੀ ਇੱਦਾਂ ਹੀ ਮਹਿਸੂਸ ਕੀਤਾ ਹੈ? ਮਿਸਾਲ ਲਈ, ਜੇ ਕੋਈ ਅਮੀਰ ਖ਼ਾਨਦਾਨ ਵਿਚ ਪੈਦਾ ਹੁੰਦਾ ਹੈ, ਤਾਂ ਉਹ ਉਨ੍ਹਾਂ ਚੀਜ਼ਾਂ ਦੀ ਕਦਰ ਨਹੀਂ ਕਰਦਾ ਜੋ ਉਸ ਕੋਲ ਹੁੰਦੀਆਂ ਹਨ। ਖ਼ਾਸ ਕਰਕੇ ਨੌਜਵਾਨਾਂ ਨੂੰ ਜ਼ਿੰਦਗੀ ਦਾ ਤਜਰਬਾ ਨਾ ਹੋਣ ਕਰਕੇ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਲਈ ਕਿਹੜੀਆਂ ਚੀਜ਼ਾਂ ਜ਼ਿਆਦਾ ਮਾਅਨੇ ਰੱਖਦੀਆਂ ਹਨ।

2, 3. (ੳ) ਨੌਜਵਾਨਾਂ ਨੂੰ ਕਿਹੜੇ ਰਵੱਈਏ ਤੋਂ ਬਚਣਾ ਚਾਹੀਦਾ ਹੈ? (ਅ) ਕਿਹੜੀ ਗੱਲ ਸਾਨੂੰ ਆਪਣੀ ਅਨਮੋਲ ਵਿਰਾਸਤ ਦੀ ਕਦਰ ਕਰਨ ਵਿਚ ਮਦਦ ਦੇਵੇਗੀ?

2 ਨੌਜਵਾਨੋ, ਤੁਹਾਡੇ ਲਈ ਕਿਹੜੀ ਗੱਲ ਅਹਿਮੀਅਤ ਰੱਖਦੀ ਹੈ? ਦੁਨੀਆਂ ਦੇ ਬਹੁਤ ਸਾਰੇ ਲੋਕ ਜ਼ਿੰਦਗੀ ਭਰ ਚੰਗੀ ਤਨਖ਼ਾਹ, ਵਧੀਆ ਘਰ ਅਤੇ ਨਵੀਆਂ-ਨਵੀਆਂ ਇਲੈਕਟ੍ਰਾਨਿਕ ਚੀਜ਼ਾਂ ਦੇ ਮਗਰ ਭੱਜਦੇ ਰਹਿੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਲੋੜ ਹੈ। ਅਫ਼ਸੋਸ ਦੀ ਗੱਲ ਹੈ ਕਿ ਅੱਜ ਲੱਖਾਂ ਹੀ ਲੋਕ ਪਰਮੇਸ਼ੁਰ ਬਾਰੇ ਸੋਚਦੇ ਵੀ ਨਹੀਂ। ਪਰ ਨੌਜਵਾਨੋ, ਜੇ ਤੁਹਾਡੀ ਪਰਵਰਿਸ਼ ਸੱਚਾਈ ਵਿਚ ਹੋਈ ਹੈ, ਤਾਂ ਧਿਆਨ ਰੱਖੋ ਕਿ ਤੁਹਾਡੀਆਂ ਨਜ਼ਰਾਂ ਵਿਚ ਇਸ ਅਨਮੋਲ ਵਿਰਾਸਤ ਦੀ ਕਦਰ ਨਾ ਘਟੇ। (ਮੱਤੀ 5:3) ਨਹੀਂ ਤਾਂ ਤੁਹਾਨੂੰ ਜ਼ਿੰਦਗੀ ਵਿਚ ਬੁਰੇ ਅੰਜਾਮ ਭੁਗਤਣੇ ਪੈ ਸਕਦੇ ਹਨ।

3 ਪਰ ਤੁਸੀਂ ਇਨ੍ਹਾਂ ਬੁਰੇ ਅੰਜਾਮਾਂ ਤੋਂ ਬਚ ਸਕਦੇ ਹੋ। ਕਿਹੜੀ ਗੱਲ ਤੁਹਾਨੂੰ ਆਪਣੀ ਅਨਮੋਲ ਵਿਰਾਸਤ ਦੀ ਕਦਰ ਕਰਨ ਵਿਚ ਮਦਦ ਕਰੇਗੀ? ਆਓ ਆਪਾਂ ਬਾਈਬਲ ਦੀਆਂ ਕੁਝ ਮਿਸਾਲਾਂ ’ਤੇ ਗੌਰ ਕਰੀਏ ਜੋ ਸਾਡੀ ਇਹ ਦੇਖਣ ਵਿਚ ਮਦਦ ਕਰ ਸਕਦੀਆਂ ਹਨ ਕਿ ਅਸੀਂ ਆਪਣੀ ਅਨਮੋਲ ਵਿਰਾਸਤ ਦੀ ਕਦਰ ਕਿਵੇਂ ਕਰ ਸਕਦੇ ਹਾਂ। ਇਹ ਮਿਸਾਲਾਂ ਨਾ ਸਿਰਫ਼ ਨੌਜਵਾਨਾਂ ਦੀ, ਸਗੋਂ ਸਾਡੀ ਸਾਰਿਆਂ ਦੀ ਮਦਦ ਕਰਨਗੀਆਂ ਕਿ ਯਹੋਵਾਹ ਨੇ ਜੋ ਕੁਝ ਸਾਨੂੰ ਦਿੱਤਾ ਹੈ, ਅਸੀਂ ਉਸ ਦੀ ਕਦਰ ਕਰੀਏ।

ਉਨ੍ਹਾਂ ਨੇ ਕਦਰ ਨਹੀਂ ਕੀਤੀ

4. ਪਹਿਲਾ ਸਮੂਏਲ 8:1-5 ਵਿਚ ਸਮੂਏਲ ਦੇ ਮੁੰਡਿਆਂ ਬਾਰੇ ਕੀ ਦੱਸਿਆ ਗਿਆ ਹੈ?

4 ਬਾਈਬਲ ਵਿਚ ਅਸੀਂ ਕੁਝ ਜਣਿਆਂ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਨੇ ਆਪਣੀ ਅਨਮੋਲ ਵਿਰਾਸਤ ਦੀ ਕਦਰ ਨਹੀਂ ਕੀਤੀ। ਇਹ ਗੱਲ ਸਮੂਏਲ ਨਬੀ ਦੇ ਪਰਿਵਾਰ ਬਾਰੇ ਸੱਚ ਹੈ। ਉਸ ਨੇ ਬਚਪਨ ਤੋਂ ਹਮੇਸ਼ਾ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ। (1 ਸਮੂ. 12:1-5) ਉਸ ਦੇ ਮੁੰਡਿਆਂ ਯੋਏਲ ਅਤੇ ਅਬਿੱਯਾਹ ਨੂੰ ਉਸ ਦੇ ਨਕਸ਼ੇ-ਕਦਮਾਂ ’ਤੇ ਚੱਲਣਾ ਚਾਹੀਦਾ ਸੀ। ਇਸ ਦੀ ਬਜਾਇ, ਉਨ੍ਹਾਂ ਨੇ ਆਪਣੀ ਅਨਮੋਲ ਵਿਰਾਸਤ ਦੀ ਕਦਰ ਨਾ ਕੀਤੀ ਅਤੇ ਉਹ ਬੁਰੇ ਨਿਕਲੇ। ਬਾਈਬਲ ਦੱਸਦੀ ਹੈ ਕਿ ਆਪਣੇ ਪਿਤਾ ਤੋਂ ਉਲਟ ਉਹ ਨਿਆਂ ਕਰਨ ਵੇਲੇ ਪੱਖ-ਪਾਤ ਕਰਦੇ ਸਨ।1 ਸਮੂਏਲ 8:1-5 ਪੜ੍ਹੋ।

5, 6. ਯੋਸੀਯਾਹ ਦੇ ਮੁੰਡੇ ਅਤੇ ਉਸ ਦਾ ਪੋਤਾ ਕਿੱਦਾਂ ਦੇ ਨਿਕਲੇ?

5 ਰਾਜਾ ਯੋਸੀਯਾਹ ਦੇ ਮੁੰਡੇ ਵੀ ਮਾੜੇ ਨਿਕਲੇ। ਯੋਸੀਯਾਹ ਨੇ ਵਫ਼ਾਦਾਰੀ ਨਾਲ ਯਹੋਵਾਹ ਪਰਮੇਸ਼ੁਰ ਦੀ ਭਗਤੀ ਕੀਤੀ। ਜਦ ਮੰਦਰ ਵਿੱਚੋਂ ਮੂਸਾ ਦੀ ਬਿਵਸਥਾ ਦੀ ਪੋਥੀ ਲੱਭੀ ਅਤੇ ਯੋਸੀਯਾਹ ਨੂੰ ਪੜ੍ਹ ਕੇ ਸੁਣਾਈ ਗਈ, ਤਾਂ ਉਸ ਨੇ ਯਹੋਵਾਹ ਦੀਆਂ ਹਿਦਾਇਤਾਂ ਨੂੰ ਮੰਨਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ। ਉਸ ਨੇ ਮੂਰਤੀ-ਪੂਜਾ ਅਤੇ ਜਾਦੂ-ਟੂਣੇ ਨੂੰ ਦੇਸ਼ ਵਿੱਚੋਂ ਖ਼ਤਮ ਕੀਤਾ ਅਤੇ ਲੋਕਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਯਹੋਵਾਹ ਦਾ ਕਹਿਣਾ ਮੰਨਣ। (2 ਰਾਜ. 22:8; 23:2, 3, 12-15, 24, 25) ਉਸ ਦੇ ਮੁੰਡਿਆਂ ਨੂੰ ਕਿੰਨੀ ਅਨਮੋਲ ਵਿਰਾਸਤ ਮਿਲੀ ਸੀ! ਪਰ ਸਮੇਂ ਦੇ ਬੀਤਣ ਨਾਲ ਉਸ ਦੇ ਤਿੰਨ ਮੁੰਡੇ ਅਤੇ ਇਕ ਪੋਤਾ ਰਾਜੇ ਬਣੇ, ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਆਪਣੀ ਅਨਮੋਲ ਵਿਰਾਸਤ ਦੀ ਕਦਰ ਨਹੀਂ ਕੀਤੀ।

6 ਜਦ ਯੋਸੀਯਾਹ ਦਾ ਮੁੰਡਾ ਯਹੋਆਹਾਜ਼ ਰਾਜਾ ਬਣਿਆ, ਤਾਂ “ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ।” ਉਸ ਨੇ ਸਿਰਫ਼ ਤਿੰਨ ਮਹੀਨੇ ਰਾਜ ਕੀਤਾ ਅਤੇ ਫਿਰ ਮਿਸਰੀ ਫਿਰਊਨ ਨੇ ਉਸ ਨੂੰ ਕੈਦ ਕਰ ਲਿਆ ਜਿੱਥੇ ਉਸ ਦੀ ਮੌਤ ਹੋ ਗਈ। (2 ਰਾਜ. 23:31-34) ਫਿਰ ਉਸ ਦੇ ਭਰਾ ਯਹੋਯਾਕੀਮ ਨੇ 11 ਸਾਲ ਰਾਜ ਕੀਤਾ। ਉਸ ਨੇ ਵੀ ਆਪਣੇ ਪਿਤਾ ਤੋਂ ਮਿਲੀ ਅਨਮੋਲ ਵਿਰਾਸਤ ਦੀ ਕਦਰ ਨਹੀਂ ਕੀਤੀ। ਯਹੋਯਾਕੀਮ ਦੇ ਬੁਰੇ ਕੰਮਾਂ ਕਰਕੇ ਯਿਰਮਿਯਾਹ ਨੇ ਉਸ ਬਾਰੇ ਭਵਿੱਖਬਾਣੀ ਕੀਤੀ: “ਉਹ ਦਾ ਦਫਨਾਉਣਾ ਖੋਤੇ ਦੇ ਦਫਨਾਉਣ ਜਿਹਾ ਹੋਵੇਗਾ।” (ਯਿਰ. 22:17-19) ਯੋਸੀਯਾਹ ਦੇ ਹੋਰ ਵਾਰਸ ਜਿਵੇਂ ਕਿ ਉਸ ਦੇ ਬੇਟੇ ਸਿਦਕੀਯਾਹ ਅਤੇ ਉਸ ਦੇ ਪੋਤੇ ਯਹੋਯਾਕੀਨ ਵੀ ਬੁਰੇ ਨਿਕਲੇ ਅਤੇ ਉਹ ਯੋਸੀਯਾਹ ਦੀ ਵਧੀਆ ਮਿਸਾਲ ’ਤੇ ਨਹੀਂ ਚੱਲੇ।2 ਰਾਜ. 24:8, 9, 18, 19.

7, 8. (ੳ) ਸੁਲੇਮਾਨ ਨੇ ਕਿਸ ਤਰ੍ਹਾਂ ਆਪਣੀ ਅਨਮੋਲ ਵਿਰਾਸਤ ਦੀ ਕਦਰ ਕਰਨੀ ਛੱਡ ਦਿੱਤੀ? (ਅ) ਅਸੀਂ ਬਾਈਬਲ ਦੀਆਂ ਉਨ੍ਹਾਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ ਜਿਨ੍ਹਾਂ ਨੇ ਆਪਣੀ ਅਨਮੋਲ ਵਿਰਾਸਤ ਦੀ ਕਦਰ ਨਹੀਂ ਕੀਤੀ?

7 ਰਾਜਾ ਸੁਲੇਮਾਨ ਨੇ ਆਪਣੇ ਪਿਤਾ ਦਾਊਦ ਦੀ ਚੰਗੀ ਮਿਸਾਲ ਦੀ ਰੀਸ ਕਰਦੇ ਹੋਏ ਯਹੋਵਾਹ ਦੀ ਸੇਵਾ ਕੀਤੀ। ਪਰ ਬਾਅਦ ਵਿਚ ਉਸ ਨੇ ਆਪਣੀ ਅਨਮੋਲ ਵਿਰਾਸਤ ਦੀ ਕਦਰ ਕਰਨੀ ਛੱਡ ਦਿੱਤੀ। ਬਾਈਬਲ ਦੱਸਦੀ ਹੈ: “ਸੁਲੇਮਾਨ ਦੇ ਬੁਢਾਪੇ ਵਿੱਚ ਉਹ ਦੀਆਂ ਇਸਤ੍ਰੀਆਂ ਨੇ ਉਹ ਦੇ ਮਨ ਨੂੰ ਹੋਰ ਦੇਵਤਿਆਂ ਦੇ ਪਿੱਛੇ ਫੇਰ ਦਿੱਤਾ ਸੋ ਉਹ ਦਾ ਮਨ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਸੰਪੂਰਨ ਨਾ ਰਿਹਾ ਜਿਵੇਂ ਉਹ ਦੇ ਪਿਤਾ ਦਾਊਦ ਦਾ ਮਨ ਸੀ।” (1 ਰਾਜ. 11:4) ਆਖ਼ਰ ਵਿਚ ਸੁਲੇਮਾਨ ਯਹੋਵਾਹ ਦੀ ਮਿਹਰ ਗੁਆ ਬੈਠਾ।

8 ਇਨ੍ਹਾਂ ਆਦਮੀਆਂ ਕੋਲ ਯਹੋਵਾਹ ਨੂੰ ਜਾਣਨ ਅਤੇ ਉਸ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਨ ਦਾ ਮੌਕਾ ਸੀ। ਅਫ਼ਸੋਸ ਦੀ ਗੱਲ ਹੈ ਕਿ ਉਹ ਇਹ ਮੌਕਾ ਹੱਥੋਂ ਗੁਆ ਬੈਠੇ! ਪਰ ਬਾਈਬਲ ਸਮਿਆਂ ਵਿਚ ਅਤੇ ਅੱਜ ਵੀ ਸਾਰੇ ਨੌਜਵਾਨ ਇੱਦਾਂ ਦੇ ਨਹੀਂ ਹਨ। ਆਓ ਆਪਾਂ ਹੁਣ ਕੁਝ ਵਧੀਆ ਮਿਸਾਲਾਂ ’ਤੇ ਗੌਰ ਕਰੀਏ ਜਿਨ੍ਹਾਂ ਦੀ ਨੌਜਵਾਨ ਰੀਸ ਕਰ ਸਕਦੇ ਹਨ।

ਉਨ੍ਹਾਂ ਨੇ ਕਦਰ ਕੀਤੀ

9. ਨੂਹ ਦੇ ਮੁੰਡਿਆਂ ਨੇ ਵਧੀਆ ਮਿਸਾਲ ਕਿਵੇਂ ਕਾਇਮ ਕੀਤੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

9 ਨੂਹ ਦੇ ਮੁੰਡਿਆਂ ਨੇ ਇਕ ਵਧੀਆ ਮਿਸਾਲ ਕਾਇਮ ਕੀਤੀ। ਨੂਹ ਨੂੰ ਕਿਸ਼ਤੀ ਬਣਾਉਣ ਅਤੇ ਆਪਣੇ ਪਰਿਵਾਰ ਨੂੰ ਕਿਸ਼ਤੀ ਵਿਚ ਲਿਜਾਣ ਦਾ ਹੁਕਮ ਮਿਲਿਆ ਸੀ। ਉਸ ਦੇ ਮੁੰਡਿਆਂ ਨੇ ਦੇਖਿਆ ਕਿ ਯਹੋਵਾਹ ਦਾ ਹੁਕਮ ਮੰਨਣਾ ਕਿੰਨਾ ਜ਼ਰੂਰੀ ਸੀ। ਇਸੇ ਲਈ ਉਨ੍ਹਾਂ ਨੇ ਆਪਣੇ ਪਿਤਾ ਨਾਲ ਕਿਸ਼ਤੀ ਬਣਾਉਣ ਵਿਚ ਹੱਥ ਵਟਾਇਆ ਅਤੇ ਹੜ੍ਹ ਆਉਣ ਤੋਂ ਪਹਿਲਾਂ ਉਹ ਕਿਸ਼ਤੀ ਵਿਚ ਚਲੇ ਗਏ। (ਉਤ. 7:1, 7) ਕਿਸ਼ਤੀ ਬਣਾਉਣ ਦਾ ਮਕਸਦ ਕੀ ਸੀ? ਉਤਪਤ 7:3 ਦੱਸਦਾ ਹੈ ਕਿ ਉਹ ਸਾਰੇ ਜਾਨਵਰਾਂ ਨੂੰ ਕਿਸ਼ਤੀ ਵਿਚ ਲੈ ਗਏ ਤਾਂਕਿ ‘ਸਾਰੀ ਧਰਤੀ ਉੱਤੇ ਉਨ੍ਹਾਂ ਦੀ ਅੰਸ ਜੀਉਂਦੀ ਰਹੇ।’ ਇਨਸਾਨਾਂ ਦੀ ਜਾਨ ਵੀ ਬਚੀ। ਨੂਹ ਦੇ ਮੁੰਡਿਆਂ ਨੇ ਆਪਣੇ ਪਿਤਾ ਤੋਂ ਮਿਲੀ ਅਨਮੋਲ ਵਿਰਾਸਤ ਦੀ ਕਦਰ ਕੀਤੀ। ਉਨ੍ਹਾਂ ਦੇ ਇਸ ਰਵੱਈਏ ਕਰਕੇ ਮਨੁੱਖਜਾਤੀ ਨਾਸ਼ ਨਹੀਂ ਹੋਈ ਅਤੇ ਬੁਰੇ ਲੋਕਾਂ ਦੇ ਖ਼ਾਤਮੇ ਤੋਂ ਬਾਅਦ ਉਹ ਦੁਬਾਰਾ ਧਰਤੀ ’ਤੇ ਸੱਚੀ ਭਗਤੀ ਸ਼ੁਰੂ ਕਰ ਸਕੇ।ਉਤ. 8:20; 9:18, 19.

10. ਬਾਬਲ ਦੀ ਗ਼ੁਲਾਮੀ ਵਿਚ ਹੁੰਦਿਆਂ ਚਾਰ ਇਬਰਾਨੀ ਨੌਜਵਾਨਾਂ ਨੇ ਆਪਣੀ ਅਨਮੋਲ ਵਿਰਾਸਤ ਲਈ ਕਦਰ ਕਿਵੇਂ ਦਿਖਾਈ?

10 ਸਦੀਆਂ ਬਾਅਦ ਚਾਰ ਇਬਰਾਨੀ ਮੁੰਡਿਆਂ ਨੇ ਦਿਖਾਇਆ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਕਿਹੜੀ ਗੱਲ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੀ ਸੀ। 617 ਈਸਵੀ ਪੂਰਵ ਵਿਚ ਹਨਨਯਾਹ, ਮੀਸ਼ਾਏਲ, ਅਜ਼ਰਯਾਹ ਅਤੇ ਦਾਨੀਏਲ ਨੂੰ ਬਾਬਲ ਦੀ ਗ਼ੁਲਾਮੀ ਵਿਚ ਲਿਜਾਇਆ ਗਿਆ। ਉਹ ਸੋਹਣੇ-ਸੁਨੱਖੇ ਅਤੇ ਹੁਸ਼ਿਆਰ ਨੌਜਵਾਨ ਸਨ ਜੋ ਆਸਾਨੀ ਨਾਲ ਬਾਬਲੀਆਂ ਦੇ ਤੌਰ-ਤਰੀਕਿਆਂ ਮੁਤਾਬਕ ਢਲ਼ ਸਕਦੇ ਸਨ। ਪਰ ਉਨ੍ਹਾਂ ਨੇ ਇੱਦਾਂ ਨਹੀਂ ਕੀਤਾ। ਉਹ ਇਹ ਕਦੇ ਨਹੀਂ ਭੁੱਲੇ ਕਿ ਉਹ ਪਰਮੇਸ਼ੁਰ ਦੇ ਸੇਵਕ ਸਨ। ਨਾਲੇ ਉਨ੍ਹਾਂ ਨੇ ਬਚਪਨ ਵਿਚ ਮਿਲੀ ਸਿੱਖਿਆ ਨੂੰ ਹਮੇਸ਼ਾ ਯਾਦ ਰੱਖਿਆ। ਇਸ ਸਿੱਖਿਆ ਮੁਤਾਬਕ ਚੱਲਣ ਕਾਰਨ ਯਹੋਵਾਹ ਨੇ ਉਨ੍ਹਾਂ ਚਾਰਾਂ ਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ।ਦਾਨੀਏਲ 1:8, 11-15, 20 ਪੜ੍ਹੋ।

11. ਯਿਸੂ ਨੇ ਆਪਣੀ ਅਨਮੋਲ ਵਿਰਾਸਤ ਦੀ ਕਦਰ ਕਿਵੇਂ ਕੀਤੀ?

11 ਆਪਣੀ ਅਨਮੋਲ ਵਿਰਾਸਤ ਦੀ ਕਦਰ ਕਰਨ ਵਿਚ ਯਿਸੂ ਨੇ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਆਪਣੇ ਸਵਰਗੀ ਪਿਤਾ ਤੋਂ ਬਹੁਤ ਕੁਝ ਸਿੱਖਿਆ ਸੀ ਜਿਸ ਦੀ ਉਸ ਨੇ ਦਿਲੋਂ ਕਦਰ ਕੀਤੀ। ਉਸ ਦੇ ਇਨ੍ਹਾਂ ਸ਼ਬਦਾਂ ਤੋਂ ਇਹ ਗੱਲ ਸਾਫ਼ ਜ਼ਾਹਰ ਹੁੰਦੀ ਹੈ: “ਜੋ ਸਿੱਖਿਆ ਮੇਰੇ ਪਿਤਾ ਨੇ ਮੈਨੂੰ ਦਿੱਤੀ ਹੈ, ਉਹੀ ਸਿੱਖਿਆ ਮੈਂ ਦਿੰਦਾ ਹਾਂ।” (ਯੂਹੰ. 8:28) ਉਹ ਚਾਹੁੰਦਾ ਸੀ ਕਿ ਉਸ ਨੇ ਆਪ ਜੋ ਸਿੱਖਿਆ ਸੀ, ਉਹ ਦੂਜਿਆਂ ਨੂੰ ਵੀ ਸਿਖਾਵੇ ਤਾਂਕਿ ਉਨ੍ਹਾਂ ਨੂੰ ਫ਼ਾਇਦਾ ਹੋਵੇ। ਉਸ ਨੇ ਕਿਹਾ: “ਇਹ ਜ਼ਰੂਰੀ ਹੈ ਕਿ ਮੈਂ ਹੋਰਨਾਂ ਸ਼ਹਿਰਾਂ ਵਿਚ ਵੀ ਜਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ, ਕਿਉਂਕਿ ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ।” (ਲੂਕਾ 4:18, 43) ਦੁਨੀਆਂ ਦੇ ਲੋਕ ਪਰਮੇਸ਼ੁਰ ਤੋਂ ਮਿਲੀ ਸੱਚਾਈ ਦੀ ਕਦਰ ਨਹੀਂ ਕਰਦੇ ਅਤੇ ਇਸੇ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ‘ਦੁਨੀਆਂ ਵਰਗੇ ਨਾ’ ਬਣਨ।ਯੂਹੰ. 15:19.

ਆਪਣੀ ਅਨਮੋਲ ਵਿਰਾਸਤ ਦੀ ਕਦਰ ਕਰੋ

12. (ੳ) 2 ਤਿਮੋਥਿਉਸ 3:14-17 ਦੇ ਸ਼ਬਦ ਅੱਜ ਨੌਜਵਾਨਾਂ ’ਤੇ ਕਿਵੇਂ ਲਾਗੂ ਹੁੰਦੇ ਹਨ? (ਅ) ਮਸੀਹੀ ਨੌਜਵਾਨਾਂ ਨੂੰ ਕਿਹੜੇ ਸਵਾਲਾਂ ’ਤੇ ਗੌਰ ਕਰਨਾ ਚਾਹੀਦਾ ਹੈ?

12 ਜਿਨ੍ਹਾਂ ਨੌਜਵਾਨਾਂ ਬਾਰੇ ਅਸੀਂ ਪੜ੍ਹਿਆ ਹੈ, ਉਨ੍ਹਾਂ ਵਾਂਗ ਸ਼ਾਇਦ ਤੁਹਾਡੀ ਵੀ ਪਰਵਰਿਸ਼ ਸੱਚਾਈ ਵਿਚ ਹੋਈ ਹੋਵੇ। ਜੇ ਇੱਦਾਂ ਹੈ, ਤਾਂ ਸ਼ਾਇਦ ਬਾਈਬਲ ਵਿਚ ਤਿਮੋਥਿਉਸ ਬਾਰੇ ਲਿਖੀ ਗੱਲ ਤੁਹਾਡੇ ’ਤੇ ਲਾਗੂ ਹੋਵੇ। (2 ਤਿਮੋਥਿਉਸ 3:14-17 ਪੜ੍ਹੋ।) ਤੁਸੀਂ ਆਪਣੇ ਮਾਪਿਆਂ ਤੋਂ ਯਹੋਵਾਹ ਬਾਰੇ ਅਤੇ ਉਸ ਨੂੰ ਖ਼ੁਸ਼ ਕਰਨ ਬਾਰੇ ਸਿੱਖਿਆ ਹੈ। ਉਨ੍ਹਾਂ ਨੇ ਤੁਹਾਨੂੰ ਛੋਟੇ ਹੁੰਦਿਆਂ ਤੋਂ ਬਹੁਤ ਕੁਝ ਸਿਖਾਇਆ ਹੈ ਤਾਂਕਿ ਤੁਸੀਂ “ਬੁੱਧੀਮਾਨ” ਬਣ ਸਕੋ ਅਤੇ ‘ਯਿਸੂ ਮਸੀਹ ਉੱਤੇ ਨਿਹਚਾ ਕਰਨ ਕਰਕੇ ਤੁਹਾਨੂੰ ਮੁਕਤੀ ਮਿਲ ਸਕੇ।’ ਨਾਲੇ ਉਨ੍ਹਾਂ ਨੇ ਤੁਹਾਨੂੰ ਪਰਮੇਸ਼ੁਰ ਦੀ ਸੇਵਾ ਕਰਨ ਦੇ “ਪੂਰੀ ਤਰ੍ਹਾਂ ਕਾਬਲ” ਬਣਨ ਵਿਚ ਮਦਦ ਕੀਤੀ ਹੈ। ਸੋ ਹੁਣ ਸਵਾਲ ਇਹ ਪੈਦਾ ਹੁੰਦਾ ਹੈ: ਕੀ ਤੁਸੀਂ ਆਪਣੀ ਅਨਮੋਲ ਵਿਰਾਸਤ ਦੀ ਕਦਰ ਕਰਦੇ ਹੋ? ਇਸ ਦੇ ਲਈ ਸ਼ਾਇਦ ਤੁਹਾਨੂੰ ਆਪਣੀ ਜਾਂਚ ਕਰਨ ਦੀ ਲੋੜ ਪਵੇ। ਜ਼ਰਾ ਇਨ੍ਹਾਂ ਸਵਾਲਾਂ ’ਤੇ ਗੌਰ ਕਰੋ: ਪੁਰਾਣੇ ਅਤੇ ਅੱਜ ਦੇ ਜ਼ਮਾਨੇ ਦੇ ਵਫ਼ਾਦਾਰ ਸੇਵਕਾਂ ਵਿਚ ਗਿਣੇ ਜਾਣ ਬਾਰੇ ਮੈਨੂੰ ਕਿੱਦਾਂ ਲੱਗਦਾ ਹੈ? ਅੱਜ ਦੁਨੀਆਂ ਦੇ ਉਨ੍ਹਾਂ ਥੋੜ੍ਹੇ ਲੋਕਾਂ ਵਿਚ ਸ਼ਾਮਲ ਹੋਣ ਬਾਰੇ ਮੈਂ ਕਿਵੇਂ ਮਹਿਸੂਸ ਕਰਦਾ ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਜਾਣਦਾ ਹੈ? ਕੀ ਮੈਂ ਇਸ ਗੱਲ ਦੀ ਕਦਰ ਕਰਦਾ ਹਾਂ ਕਿ ਮੈਨੂੰ ਸੱਚਾਈ ਜਾਣਨ ਦਾ ਮਾਣ ਬਖ਼ਸ਼ਿਆ ਗਿਆ ਹੈ?

ਪੁਰਾਣੇ ਅਤੇ ਅੱਜ ਦੇ ਜ਼ਮਾਨੇ ਦੇ ਵਫ਼ਾਦਾਰ ਸੇਵਕਾਂ ਵਿਚ ਗਿਣੇ ਜਾਣ ਬਾਰੇ ਤੁਹਾਨੂੰ ਕਿੱਦਾਂ ਲੱਗਦਾ ਹੈ? (ਪੈਰੇ 9, 10, 12 ਦੇਖੋ)

13, 14. ਕਈ ਮਸੀਹੀ ਨੌਜਵਾਨਾਂ ਦੇ ਦਿਲ ਵਿਚ ਕੀ ਆਉਂਦਾ ਹੈ, ਪਰ ਆਪਣੇ ਦਿਲ ਦੀ ਸੁਣਨੀ ਨਾਸਮਝੀ ਕਿਉਂ ਹੈ? ਇਕ ਮਿਸਾਲ ਦਿਓ।

13 ਕੁਝ ਨੌਜਵਾਨ ਜਿਨ੍ਹਾਂ ਦੀ ਪਰਵਰਿਸ਼ ਸੱਚਾਈ ਵਿਚ ਹੋਈ ਹੈ, ਉਹ ਸ਼ਾਇਦ ਇਹ ਫ਼ਰਕ ਚੰਗੀ ਤਰ੍ਹਾਂ ਨਾ ਦੇਖ ਸਕਣ ਕਿ ਸੱਚਾਈ ਕਿੰਨੀ ਖੂਬਸੂਰਤ ਹੈ ਅਤੇ ਸ਼ੈਤਾਨ ਦੀ ਦੁਨੀਆਂ ਕਿੰਨੀ ਬਦਸੂਰਤ। ਕਈਆਂ ਦੇ ਦਿਲ ਵਿਚ ਆਇਆ ਹੈ ਕਿ ਉਹ ਵੀ ਦੁਨੀਆਂ ਦਾ ਮਜ਼ਾ ਲੈਣ। ਪਰ ਜ਼ਰਾ ਸੋਚੋ, ਤੁਸੀਂ ਤੇਜ਼ ਰਫ਼ਤਾਰ ਨਾਲ ਆਉਂਦੀ ਕਾਰ ਸਾਮ੍ਹਣੇ ਸਿਰਫ਼ ਇਹ ਦੇਖਣ ਲਈ ਖੜ੍ਹੇ ਨਹੀਂ ਹੋਵੋਗੇ ਕਿ ਤੁਹਾਨੂੰ ਕਿੰਨਾ ਕੁ ਦਰਦ ਹੋਵੇਗਾ ਜਾਂ ਤੁਹਾਡੀ ਜਾਨ ਜਾਵੇਗੀ ਜਾਂ ਨਹੀਂ! ਇਸੇ ਤਰ੍ਹਾਂ ਸਾਨੂੰ ਬੁਰੇ ਕੰਮਾਂ ਦੇ ਦਰਦਨਾਕ ਅੰਜਾਮ ਦੇਖਣ ਲਈ ਇਸ ਦੁਨੀਆਂ ਦੇ “ਅਯਾਸ਼ੀ ਦੇ ਰਾਹ” ਉੱਤੇ ਚੱਲਣ ਦੀ ਲੋੜ ਨਹੀਂ ਹੈ।1 ਪਤ. 4:4.

14 ਏਸ਼ੀਆ ਵਿਚ ਰਹਿੰਦੇ ਜੈਨਰ ਨਾਂ ਦੇ ਭਰਾ ਦੀ ਪਰਵਰਿਸ਼ ਸੱਚਾਈ ਵਿਚ ਹੋਈ ਸੀ। ਉਸ ਦਾ ਬਪਤਿਸਮਾ 12 ਸਾਲ ਦੀ ਉਮਰ ਵਿਚ ਹੋਇਆ। ਜਲਦੀ ਹੀ ਉਸ ਨੂੰ ਦੁਨੀਆਂ ਦੇ ਤੌਰ-ਤਰੀਕੇ ਚੰਗੇ ਲੱਗਣ ਲੱਗ ਪਏ। ਉਹ ਕਹਿੰਦਾ ਹੈ: “ਮੈਂ ਦੁਨੀਆਂ ਦੀ ਆਜ਼ਾਦੀ ਦਾ ਮਜ਼ਾ ਲੈਣਾ ਚਾਹੁੰਦਾ ਸੀ।” ਇਸ ਲਈ ਜੈਨਰ ਦੋਗਲੀ ਜ਼ਿੰਦਗੀ ਜੀਉਣ ਲੱਗ ਪਿਆ। 15 ਸਾਲ ਦੀ ਉਮਰ ਵਿਚ ਉਹ ਮਾੜੀ ਸੰਗਤ ਕਾਰਨ ਗ਼ਲਤ ਰਾਹ ਪੈ ਗਿਆ। ਉਹ ਆਪਣੇ ਮਾੜੇ ਦੋਸਤਾਂ ਵਾਂਗ ਸ਼ਰਾਬ ਪੀਣ ਅਤੇ ਗਾਲ਼ਾਂ ਕੱਢਣ ਲੱਗ ਪਿਆ। ਉਹ ਆਪਣੇ ਦੋਸਤਾਂ ਨਾਲ ਹਿੰਸਕ ਕੰਪਿਊਟਰ ਗੇਮਾਂ ਖੇਡ ਕੇ ਅਕਸਰ ਘਰ ਲੇਟ ਆਉਂਦਾ ਸੀ। ਸਮੇਂ ਦੇ ਬੀਤਣ ਨਾਲ ਉਸ ਨੂੰ ਅਹਿਸਾਸ ਹੋਇਆ ਕਿ ਦੁਨੀਆਂ ਦੀ ਚਮਕ-ਦਮਕ ਖੋਖਲੀ ਹੈ ਅਤੇ ਉਸ ਨੂੰ ਕੋਈ ਖ਼ੁਸ਼ੀ ਨਹੀਂ ਮਿਲੀ। ਉਹ ਹੁਣ ਮੰਡਲੀ ਵਿਚ ਵਾਪਸ ਆ ਗਿਆ ਹੈ ਅਤੇ ਕਹਿੰਦਾ ਹੈ: “ਸੱਚਾਈ ’ਤੇ ਚੱਲਣ ਲਈ ਮੈਨੂੰ ਅਜੇ ਵੀ ਕਈ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਪਰ ਯਹੋਵਾਹ ਤੋਂ ਮਿਲ ਰਹੀਆਂ ਬਰਕਤਾਂ ਸਾਮ੍ਹਣੇ ਇਹ ਚੁਣੌਤੀਆਂ ਕੁਝ ਵੀ ਨਹੀਂ ਹਨ।”

15. ਜਿਨ੍ਹਾਂ ਨੌਜਵਾਨਾਂ ਦੀ ਪਰਵਰਿਸ਼ ਸੱਚਾਈ ਵਿਚ ਨਹੀਂ ਹੋਈ ਹੈ, ਉਨ੍ਹਾਂ ਨੂੰ ਕਿਸ ਗੱਲ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ?

15 ਪਰ ਮੰਡਲੀ ਵਿਚ ਅਜਿਹੇ ਨੌਜਵਾਨ ਵੀ ਹਨ ਜਿਨ੍ਹਾਂ ਦੀ ਪਰਵਰਿਸ਼ ਸੱਚਾਈ ਵਿਚ ਨਹੀਂ ਹੋਈ ਹੈ। ਜੇ ਤੁਸੀਂ ਉਨ੍ਹਾਂ ਵਿੱਚੋਂ ਇਕ ਹੋ, ਤਾਂ ਸੋਚੋ ਕਿ ਸਿਰਜਣਹਾਰ ਨੂੰ ਜਾਣਨ ਅਤੇ ਉਸ ਦੀ ਸੇਵਾ ਕਰਨ ਦਾ ਤੁਹਾਡੇ ਕੋਲ ਕਿੰਨਾ ਸ਼ਾਨਦਾਰ ਸਨਮਾਨ ਹੈ! ਹਾਲਾਂਕਿ ਧਰਤੀ ਉੱਤੇ ਅਰਬਾਂ ਹੀ ਲੋਕ ਹਨ, ਪਰ ਫਿਰ ਵੀ ਯਹੋਵਾਹ ਨੇ ਤੁਹਾਨੂੰ ਆਪਣੇ ਵੱਲ ਖਿੱਚਿਆ ਹੈ ਅਤੇ ਤੁਹਾਨੂੰ ਸੱਚਾਈ ਸਿਖਾਈ ਹੈ। (ਯੂਹੰ. 6:44, 45) ਦੁਨੀਆਂ ਦੇ ਹਰ 1,000 ਲੋਕਾਂ ਵਿੱਚੋਂ 1 ਵਿਅਕਤੀ ਨੂੰ ਸੱਚਾਈ ਦਾ ਸਹੀ ਗਿਆਨ ਮਿਲਿਆ ਹੈ ਅਤੇ ਤੁਸੀਂ ਉਨ੍ਹਾਂ ਵਿੱਚੋਂ ਇਕ ਹੋ। ਕੀ ਇਹ ਗੱਲ ਜਾਣ ਕੇ ਤੁਹਾਨੂੰ ਖ਼ੁਸ਼ੀ ਨਹੀਂ ਹੁੰਦੀ? (1 ਕੁਰਿੰਥੀਆਂ 2:12 ਪੜ੍ਹੋ।) ਜੈਨਰ ਕਹਿੰਦਾ ਹੈ: “ਇਹ ਸੋਚ ਕੇ ਮੇਰੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਕਿ ਪੂਰੀ ਕਾਇਨਾਤ ਦਾ ਮਾਲਕ ਯਹੋਵਾਹ ਮੈਨੂੰ ਜਾਣਦਾ ਹੈ।” (ਜ਼ਬੂ. 8:4) ਉਸੇ ਇਲਾਕੇ ਵਿਚ ਰਹਿਣ ਵਾਲੀ ਇਕ ਭੈਣ ਕਹਿੰਦੀ ਹੈ: “ਜਦ ਕੋਈ ਟੀਚਰ ਕਿਸੇ ਸਟੂਡੈਂਟ ਨੂੰ ਯਾਦ ਰੱਖਦਾ ਹੈ, ਤਾਂ ਸਟੂਡੈਂਟ ਨੂੰ ਆਪਣੇ ’ਤੇ ਬੜਾ ਮਾਣ ਹੁੰਦਾ ਹੈ। ਸੋ ਸਾਨੂੰ ਹੋਰ ਵੀ ਜ਼ਿਆਦਾ ਮਾਣ ਹੋਣਾ ਚਾਹੀਦਾ ਹੈ ਕਿ ਸਾਡਾ ਮਹਾਨ ਸਿੱਖਿਅਕ ਯਹੋਵਾਹ ਸਾਨੂੰ ਜਾਣਦਾ ਹੈ!”

ਤੁਸੀਂ ਕੀ ਕਰੋਗੇ?

16. ਮਸੀਹੀ ਨੌਜਵਾਨਾਂ ਲਈ ਕੀ ਕਰਨਾ ਅਕਲਮੰਦੀ ਦੀ ਗੱਲ ਹੋਵੇਗੀ?

16 ਤੁਸੀਂ ਦੇਖਿਆ ਹੈ ਕਿ ਤੁਹਾਡੇ ਕੋਲ ਕਿੰਨਾ ਵੱਡਾ ਸਨਮਾਨ ਹੈ, ਇਸ ਲਈ ਕਿਉਂ ਨਾ ਤੁਸੀਂ ਹੋਰ ਵੀ ਪੱਕੇ ਇਰਾਦੇ ਨਾਲ ਯਹੋਵਾਹ ਦੀ ਸੇਵਾ ਕਰੋ? ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਸੇਵਕਾਂ ਦੀਆਂ ਵਧੀਆ ਮਿਸਾਲਾਂ ’ਤੇ ਚੱਲੋ। ਦੁਨੀਆਂ ਦੇ ਜ਼ਿਆਦਾਤਰ ਨੌਜਵਾਨਾਂ ਦੇ ਮਗਰ ਨਾ ਲੱਗੋ ਜੋ ਵਿਨਾਸ਼ ਦੇ ਰਾਹ ’ਤੇ ਚੱਲ ਰਹੇ ਹਨ।2 ਕੁਰਿੰ. 4:3, 4.

17-19. ਇਸ ਦੁਨੀਆਂ ਤੋਂ ਉਲਟ ਚੱਲਣਾ ਸਮਝਦਾਰੀ ਦੀ ਗੱਲ ਕਿਉਂ ਹੋਵੇਗੀ?

17 ਇਹ ਸੱਚ ਹੈ ਕਿ ਇਸ ਦੁਨੀਆਂ ਤੋਂ ਉਲਟ ਚੱਲਣਾ ਆਸਾਨ ਨਹੀਂ ਹੈ। ਪਰ ਇੱਦਾਂ ਕਰਨਾ ਸਮਝਦਾਰੀ ਦੀ ਗੱਲ ਹੈ। ਮਿਸਾਲ ਲਈ, ਓਲੰਪਕ ਖੇਡਾਂ ਵਿਚ ਹਿੱਸਾ ਲੈਣ ਵਾਲੇ ਇਕ ਖਿਡਾਰੀ ਬਾਰੇ ਸੋਚੋ। ਖੇਡਾਂ ਵਿਚ ਹਿੱਸਾ ਲੈਣ ਲਈ ਉਸ ਨੂੰ ਆਪਣੇ ਦੋਸਤਾਂ ਤੋਂ ਬਿਲਕੁਲ ਵੱਖਰਾ ਬਣਨਾ ਪੈਂਦਾ ਹੈ। ਆਪਣੀ ਟ੍ਰੇਨਿੰਗ ਵੱਲ ਧਿਆਨ ਦੇਣ ਲਈ ਉਸ ਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਪੈਂਦਾ ਹੈ ਜੋ ਉਸ ਦਾ ਸਮਾਂ ਬਰਬਾਦ ਕਰ ਸਕਦੀਆਂ ਹਨ ਅਤੇ ਉਸ ਦਾ ਧਿਆਨ ਹਟਾ ਸਕਦੀਆਂ ਹਨ। ਜੇ ਉਸ ਦੇ ਜੀਉਣ ਦਾ ਤਰੀਕਾ ਆਪਣੇ ਦੋਸਤਾਂ ਤੋਂ ਵੱਖਰਾ ਹੈ, ਤਾਂ ਉਹ ਜ਼ਿਆਦਾ ਤੋਂ ਜ਼ਿਆਦਾ ਟ੍ਰੇਨਿੰਗ ਲੈ ਸਕੇਗਾ ਅਤੇ ਆਪਣੇ ਟੀਚੇ ’ਤੇ ਪਹੁੰਚ ਸਕੇਗਾ।

18 ਦੁਨੀਆਂ ਦੇ ਜ਼ਿਆਦਾਤਰ ਲੋਕ ਅੱਜ ਬਾਰੇ ਹੀ ਸੋਚਦੇ ਹਨ। ਪਰ ਜੇ ਤੁਸੀਂ ਦੁਨੀਆਂ ਤੋਂ ਉਲਟ ਚੱਲਦੇ ਹੋਏ ਇਸ ਦੇ ਗ਼ਲਤ ਕੰਮਾਂ ਤੋਂ ਪਰੇ ਰਹਿੰਦੇ ਹੋ, ਤਾਂ ਤੁਸੀਂ ‘ਅਸਲੀ ਜ਼ਿੰਦਗੀ ਨੂੰ ਘੁੱਟ ਕੇ ਫੜ ਸਕੋਗੇ।’ (1 ਤਿਮੋ. 6:19) ਜਿਸ ਭੈਣ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਉਹ ਕਹਿੰਦੀ ਹੈ: “ਅਜ਼ਮਾਇਸ਼ਾਂ ਦੌਰਾਨ ਆਪਣੇ ਵਿਸ਼ਵਾਸਾਂ ’ਤੇ ਪੱਕੇ ਰਹਿ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਤੁਹਾਡੇ ਕੋਲ ਸ਼ੈਤਾਨ ਦੀ ਦੁਨੀਆਂ ਦੇ ਖ਼ਿਲਾਫ਼ ਜਾਣ ਦੀ ਹਿੰਮਤ ਹੈ। ਨਾਲੇ ਤੁਸੀਂ ਆਪਣੇ ਮਨ ਦੀਆਂ ਅੱਖਾਂ ਨਾਲ ਦੇਖ ਸਕੋਗੇ ਕਿ ਯਹੋਵਾਹ ਪਰਮੇਸ਼ੁਰ ਨੂੰ ਤੁਹਾਡੇ ’ਤੇ ਮਾਣ ਹੈ ਅਤੇ ਉਹ ਤੁਹਾਡੇ ਵੱਲ ਦੇਖ ਕੇ ਮੁਸਕਰਾ ਰਿਹਾ ਹੈ! ਉਦੋਂ ਤੁਹਾਨੂੰ ਹੋਰ ਵੀ ਜ਼ਿਆਦਾ ਖ਼ੁਸ਼ੀ ਹੋਵੇਗੀ ਕਿ ਤੁਸੀਂ ਇਸ ਦੁਨੀਆਂ ਤੋਂ ਵੱਖਰੇ ਹੋ।”

19 ਇਹ ਸੋਚ ਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ ਕਿ ਤੁਸੀਂ ਅੱਜ ਕੀ ਹਾਸਲ ਕਰ ਸਕਦੇ ਹੋ। (ਉਪ. 9:2, 10) ਨੌਜਵਾਨੋ, ਜੇ ਤੁਸੀਂ ਜ਼ਿੰਦਗੀ ਦੇ ਮਕਸਦ ਬਾਰੇ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ ਬਾਰੇ ਗੰਭੀਰਤਾ ਨਾਲ ਸੋਚ-ਵਿਚਾਰ ਕਰਦੇ ਹੋ, ਤਾਂ ਤੁਸੀਂ ‘ਦੁਨੀਆਂ ਦੇ ਲੋਕਾਂ ਵਾਂਗ ਚੱਲਣੋ ਹਟ ਜਾਓਗੇ’ ਅਤੇ ਸਹੀ ਤਰੀਕੇ ਨਾਲ ਆਪਣੀ ਜ਼ਿੰਦਗੀ ਜੀ ਸਕੋਗੇ।ਅਫ਼. 4:17; ਮਲਾ. 3:18.

20, 21. ਜੇ ਅਸੀਂ ਸਹੀ ਫ਼ੈਸਲੇ ਕਰਦੇ ਹਾਂ, ਤਾਂ ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ? ਪਰ ਯਹੋਵਾਹ ਸਾਡੇ ਤੋਂ ਕੀ ਉਮੀਦ ਰੱਖਦਾ ਹੈ?

20 ਜੇ ਅਸੀਂ ਸਹੀ ਫ਼ੈਸਲੇ ਕਰਦੇ ਹਾਂ, ਤਾਂ ਅਸੀਂ ਅੱਜ ਵੀ ਖ਼ੁਸ਼ ਰਹਾਂਗੇ ਅਤੇ ਆਉਣ ਵਾਲੇ ਸਮੇਂ ਵਿਚ ਅਸੀਂ ਹਮੇਸ਼ਾ ਲਈ “ਧਰਤੀ ਦੇ ਵਾਰਸ” ਬਣਾਂਗੇ। ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਭਵਿੱਖ ਵਿਚ ਯਹੋਵਾਹ ਸਾਨੂੰ ਕਿੰਨੀਆਂ ਸਾਰੀਆਂ ਬਰਕਤਾਂ ਨਾਲ ਨਿਵਾਜੇਗਾ। (ਮੱਤੀ 5:5; 19:29; 25:34) ਪਰ ਯਹੋਵਾਹ ਇਹ ਬਰਕਤਾਂ ਹਰ ਕਿਸੇ ਨੂੰ ਨਹੀਂ ਦਿੰਦਾ। ਉਹ ਚਾਹੁੰਦਾ ਹੈ ਕਿ ਅਸੀਂ ਉਸ ਦਾ ਕਹਿਣਾ ਮੰਨੀਏ। (1 ਯੂਹੰਨਾ 5:3, 4 ਪੜ੍ਹੋ।) ਜੇ ਅਸੀਂ ਅੱਜ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਨ ਵਿਚ ਪੂਰੀ ਵਾਹ ਲਾਉਂਦੇ ਹਾਂ, ਤਾਂ ਇਸ ਵਿਚ ਸਾਡਾ ਹੀ ਭਲਾ ਹੋਵੇਗਾ!

21 ਯਹੋਵਾਹ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਸਾਨੂੰ ਉਸ ਦੇ ਬਚਨ ਦਾ ਸਹੀ ਗਿਆਨ ਮਿਲਿਆ ਹੈ। ਸਾਨੂੰ ਉਸ ਬਾਰੇ ਅਤੇ ਉਸ ਦੇ ਮਕਸਦਾਂ ਬਾਰੇ ਸੱਚਾਈ ਪਤਾ ਲੱਗੀ ਹੈ। ਸਾਡੇ ਕੋਲ ਸਨਮਾਨ ਹੈ ਕਿ ਅਸੀਂ ਉਸ ਦੇ ਨਾਂ ਤੋਂ ਜਾਣੇ ਜਾਂਦੇ ਹਾਂ ਅਤੇ ਉਸ ਬਾਰੇ ਗਵਾਹੀ ਦਿੰਦੇ ਹਾਂ। ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਉਹ ਹਮੇਸ਼ਾ ਸਾਡਾ ਸਾਥ ਦੇਵੇਗਾ। (ਜ਼ਬੂ. 118:7) ਆਓ ਆਪਾਂ ਛੋਟੇ-ਵੱਡੇ ਸਾਰੇ ਦਿਖਾਈਏ ਕਿ ਅਸੀਂ ਆਪਣੀ ਅਨਮੋਲ ਵਿਰਾਸਤ ਦੀ ਕਦਰ ਕਰਦੇ ਹਾਂ ਅਤੇ ਯਹੋਵਾਹ ਦੀ ‘ਯੁਗੋ-ਯੁਗ ਮਹਿਮਾ’ ਕਰਨੀ ਚਾਹੁੰਦੇ ਹਾਂ।ਰੋਮੀ. 11:33-36; ਜ਼ਬੂ. 33:12.