ਸਾਰੀਆਂ ਕੌਮਾਂ ਲਈ ‘ਯਹੋਵਾਹ ਬਾਰੇ ਸਿੱਖਣ’ ਦਾ ਰਾਹ ਖੁੱਲ੍ਹਿਆ
‘ਰਾਜਪਾਲ ਨਿਹਚਾ ਕਰਨ ਲੱਗ ਪਿਆ ਅਤੇ ਉਸ ਨੂੰ ਯਹੋਵਾਹ ਬਾਰੇ ਸਿੱਖ ਕੇ ਬਹੁਤ ਹੈਰਾਨੀ ਹੋਈ।’
1-3. ਯਿਸੂ ਦੇ ਚੇਲਿਆਂ ਵਾਸਤੇ “ਸਾਰੀਆਂ ਕੌਮਾਂ” ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸੌਖਾ ਕਿਉਂ ਨਹੀਂ ਸੀ?
ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਇਕ ਵੱਡਾ ਕੰਮ ਸੌਂਪਦੇ ਹੋਏ ਹੁਕਮ ਦਿੱਤਾ ਸੀ: “ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ।” ਇਹ ਕੰਮ ਪੂਰਾ ਕਰਨ ਲਈ ਉਨ੍ਹਾਂ ਨੇ ‘ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕਰਨਾ’ ਸੀ।
2 ਚੇਲੇ ਯਿਸੂ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਖ਼ੁਸ਼ ਖ਼ਬਰੀ ਬਾਰੇ ਗੱਲ ਕਰਨੀ ਪਸੰਦ ਕਰਦੇ ਸਨ। ਪਰ ਉਨ੍ਹਾਂ ਨੇ ਸ਼ਾਇਦ ਸੋਚਿਆ ਹੋਣਾ, ‘ਅਸੀਂ ਯਿਸੂ ਦਾ ਇਹ ਹੁਕਮ ਕਿੱਦਾਂ ਪੂਰਾ ਕਰਾਂਗੇ?’ ਪਹਿਲੀ ਗੱਲ, ਉਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ। ਨਾਲੇ ਉਹ ਸਿਖਾ ਰਹੇ ਸਨ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ, ਪਰ ਉਸ ਨੂੰ ਜਾਨੋਂ ਮਾਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ, ਜ਼ਿਆਦਾਤਰ ਲੋਕ ਸੋਚਦੇ ਸਨ ਕਿ ਚੇਲੇ “ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ ਸਨ।” (ਰਸੂ. 4:13) ਯਹੂਦੀ ਧਾਰਮਿਕ ਆਗੂ ਧਾਰਮਿਕ ਸਕੂਲਾਂ ਵਿਚ ਪੜ੍ਹੇ-ਲਿਖੇ ਸਨ, ਪਰ ਯਿਸੂ ਦੇ ਚੇਲਿਆਂ ਨੂੰ ਇੱਦਾਂ ਦੀ ਕੋਈ ਸਿੱਖਿਆ ਨਹੀਂ ਸੀ ਮਿਲੀ। ਨਾਲੇ ਉਨ੍ਹਾਂ ਦਾ ਸੰਦੇਸ਼ ਸਦੀਆਂ ਤੋਂ ਮੰਨੇ ਜਾਂਦੇ ਯਹੂਦੀ ਰੀਤਾਂ-ਰਿਵਾਜਾਂ ਤੋਂ ਬਿਲਕੁਲ ਉਲਟ ਸੀ। ਉਹ ਸੋਚਦੇ ਹੋਣੇ ਕਿ ਉਨ੍ਹਾਂ ਦੀ ਤਾਂ ਇਜ਼ਰਾਈਲ ਵਿਚ ਵੀ ਇੱਜ਼ਤ ਨਹੀਂ ਕੀਤੀ ਜਾਂਦੀ ਸੀ, ਤਾਂ ਫਿਰ ਇੰਨੇ ਵੱਡੇ ਰੋਮੀ ਸਾਮਰਾਜ ਵਿਚ ਕੌਣ ਉਨ੍ਹਾਂ ਦਾ ਸੰਦੇਸ਼ ਸੁਣੇਗਾ?
3 ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਨਾਲ ਨਫ਼ਰਤ ਕੀਤੀ ਜਾਵੇਗੀ ਤੇ ਸਤਾਇਆ ਜਾਵੇਗਾ ਅਤੇ ਕਈਆਂ ਨੂੰ ਜਾਨੋਂ ਵੀ ਮਾਰਿਆ ਜਾਵੇਗਾ। (ਲੂਕਾ 21:16, 17) ਉਨ੍ਹਾਂ ਦੇ ਘਰ ਦੇ ਅਤੇ ਦੋਸਤ ਉਨ੍ਹਾਂ ਨੂੰ ਧੋਖਾ ਦੇਣਗੇ। ਨਾਲੇ ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਝੂਠੀਆਂ ਸਿੱਖਿਆਵਾਂ ਸਿਖਾਉਣਗੇ ਅਤੇ ਉਨ੍ਹਾਂ ਨੂੰ ਹਿੰਸਾ ਤੇ ਅਪਰਾਧ ਨਾਲ ਭਰੇ ਇਲਾਕਿਆਂ ਵਿਚ ਪ੍ਰਚਾਰ ਕਰਨਾ ਪੈਣਾ ਸੀ। (ਮੱਤੀ 24:10-12) ਜੇ ਸਾਰੀ ਜਗ੍ਹਾ ਲੋਕਾਂ ਨੂੰ ਉਨ੍ਹਾਂ ਦਾ ਸੰਦੇਸ਼ ਚੰਗਾ ਵੀ ਲੱਗਦਾ, ਤਾਂ ਵੀ ਉਹ “ਧਰਤੀ ਦੇ ਕੋਨੇ-ਕੋਨੇ ਵਿਚ” ਪ੍ਰਚਾਰ ਦਾ ਕੰਮ ਕਿਵੇਂ ਕਰ ਪਾਉਣਗੇ? (ਰਸੂ. 1:8) ਇਨ੍ਹਾਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਚੇਲਿਆਂ ਨੇ ਸੋਚਿਆ ਹੋਣਾ ਕਿ ਉਹ ਆਪਣੀ ਇਹ ਜ਼ਿੰਮੇਵਾਰੀ ਕਿੱਦਾਂ ਪੂਰੀ ਕਰ ਪਾਉਣਗੇ।
4. ਪਹਿਲੇ ਸਦੀ ਦੇ ਚੇਲੇ ਪ੍ਰਚਾਰ ਦੇ ਕੰਮ ਵਿਚ ਕਿੰਨੇ ਕੁ ਕਾਮਯਾਬ ਸਨ?
4 ਭਾਵੇਂ ਚੇਲਿਆਂ ਨੂੰ ਪਤਾ ਸੀ ਕਿ ਉਨ੍ਹਾਂ ਵਾਸਤੇ ਇਹ ਕੰਮ ਕਰਨਾ ਸੌਖਾ ਨਹੀਂ ਸੀ, ਫਿਰ ਵੀ ਉਨ੍ਹਾਂ ਨੇ ਯਿਸੂ ਦਾ ਇਹ ਹੁਕਮ ਮੰਨ ਕੇ ਪੂਰੇ ਯਰੂਸ਼ਲਮ, ਸਾਮਰੀਆ ਅਤੇ ਹੋਰ ਦੇਸ਼ਾਂ ਵਿਚ ਵੀ ਪ੍ਰਚਾਰ ਕੀਤਾ। ਚੇਲਿਆਂ ਨੇ 30 ਸਾਲਾਂ ਦੇ ਅੰਦਰ-ਅੰਦਰ ਵੱਖੋ-ਵੱਖਰੇ ਦੇਸ਼ਾਂ ਵਿਚ ਪ੍ਰਚਾਰ ਕੀਤਾ। ਇਸ ਲਈ ਪੌਲੁਸ ਰਸੂਲ ਕਹਿ ਸਕਿਆ: “ਆਕਾਸ਼ ਹੇਠ ਪੂਰੀ ਦੁਨੀਆਂ ਵਿਚ” ਪ੍ਰਚਾਰ ਕੀਤਾ ਗਿਆ ਹੈ। ਨਤੀਜੇ ਵਜੋਂ, ਵੱਖੋ-ਵੱਖਰੀਆਂ ਕੌਮਾਂ ਦੇ ਲੋਕ ਚੇਲੇ ਬਣੇ। (ਕੁਲੁ. 1:6, 23) ਮਿਸਾਲ ਲਈ, ਜਦੋਂ ਪੌਲੁਸ ਨੇ ਸਾਈਪ੍ਰਸ ਟਾਪੂ ’ਤੇ ਪ੍ਰਚਾਰ ਕੀਤਾ, ਤਾਂ ਉਸ ਪ੍ਰਾਂਤ ਦਾ ਰਾਜਪਾਲ ਵੀ ਚੇਲਾ ਬਣ ਗਿਆ ਕਿਉਂਕਿ ਉਸ ਨੂੰ “ਯਹੋਵਾਹ ਬਾਰੇ ਸਿੱਖ ਕੇ ਬਹੁਤ ਹੈਰਾਨੀ ਹੋਈ।”
5. (ੳ) ਯਿਸੂ ਨੇ ਆਪਣੇ ਚੇਲਿਆਂ ਨਾਲ ਕੀ ਵਾਅਦਾ ਕੀਤਾ ਸੀ? (ਅ) ਇਤਿਹਾਸ ਦੀ ਇਕ ਕਿਤਾਬ ਨੇ ਪਹਿਲੀ ਸਦੀ ਬਾਰੇ ਕੀ ਕਿਹਾ ਸੀ?
5 ਯਿਸੂ ਦੇ ਚੇਲੇ ਜਾਣਦੇ ਸਨ ਕਿ ਉਹ ਆਪਣੀ ਤਾਕਤ ਨਾਲ ਪੂਰੀ ਦੁਨੀਆਂ ਵਿਚ ਪ੍ਰਚਾਰ ਨਹੀਂ ਕਰ ਸਕਦੇ ਸਨ। ਪਰ ਉਹ ਇਹ ਵੀ ਜਾਣਦੇ ਸਨ ਕਿ ਯਿਸੂ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨਾਲ ਹੋਵੇਗਾ ਅਤੇ ਪਵਿੱਤਰ ਸ਼ਕਤੀ ਵੀ ਉਨ੍ਹਾਂ ਦੀ ਮਦਦ ਕਰੇਗੀ। (ਮੱਤੀ 28:20) ਕਈ ਹੋਰ ਕਾਰਨਾਂ ਕਰਕੇ ਵੀ ਚੇਲੇ ਪ੍ਰਚਾਰ ਦਾ ਕੰਮ ਕਰ ਸਕੇ। ਇਤਿਹਾਸ ਦੀ ਇਕ ਕਿਤਾਬ ਦੱਸਦੀ ਹੈ ਕਿ ਪਹਿਲੀ ਸਦੀ ਮਸੀਹੀਆਂ ਲਈ ਪ੍ਰਚਾਰ ਕਰਨ ਦਾ ਸ਼ਾਇਦ ਸਭ ਤੋਂ ਵਧੀਆ ਸਮਾਂ ਸੀ। ਬਾਅਦ ਵਿਚ ਮਸੀਹੀਆਂ ਨੇ ਮਹਿਸੂਸ ਕੀਤਾ ਕਿ ਉਸ ਸਮੇਂ ਪਰਮੇਸ਼ੁਰ ਨੇ ਉਨ੍ਹਾਂ ਵਾਸਤੇ ਪ੍ਰਚਾਰ ਕਰਨ ਦਾ ਰਾਹ ਖੋਲ੍ਹ ਦਿੱਤਾ ਸੀ।
6. ਅਸੀਂ ਇਸ ਲੇਖ ਅਤੇ ਅਗਲੇ ਲੇਖ ਵਿਚ ਕੀ ਦੇਖਾਂਗੇ?
6 ਕੀ ਯਹੋਵਾਹ ਨੇ ਪਹਿਲੀ ਸਦੀ ਦੌਰਾਨ ਦੁਨੀਆਂ ਵਿਚ ਵਾਪਰ ਰਹੀਆਂ ਘਟਨਾਵਾਂ ਉੱਤੇ ਕੁਝ ਹੱਦ ਤਕ ਕੰਟ੍ਰੋਲ ਰੱਖਿਆ ਸੀ ਤਾਂਕਿ ਮਸੀਹੀ ਪ੍ਰਚਾਰ ਦਾ ਕੰਮ ਕਰ ਸਕਣ? ਇਸ ਬਾਰੇ ਬਾਈਬਲ ਕੁਝ ਨਹੀਂ ਦੱਸਦੀ। ਪਰ ਅਸੀਂ ਇਹ ਦੋ ਗੱਲਾਂ ਜਾਣਦੇ ਹਾਂ। ਪਹਿਲੀ ਗੱਲ ਕਿ ਯਹੋਵਾਹ ਚਾਹੁੰਦਾ ਸੀ ਕਿ ਉਸ ਦੇ ਲੋਕ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ। ਦੂਜੀ ਗੱਲ ਕਿ ਸ਼ੈਤਾਨ ਉਨ੍ਹਾਂ ਨੂੰ ਰੋਕਣ ਲਈ ਕੁਝ ਨਹੀਂ ਕਰ ਸਕਦਾ ਸੀ। ਇਸ ਲੇਖ ਵਿਚ ਅਸੀਂ ਕੁਝ ਗੱਲਾਂ ਉੱਤੇ ਗੌਰ ਕਰਾਂਗੇ ਜਿਨ੍ਹਾਂ ਕਰਕੇ ਚੇਲੇ ਸ਼ਾਇਦ ਪ੍ਰਚਾਰ ਕਰ ਸਕੇ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਹਾਲ ਹੀ ਦੇ ਸਮਿਆਂ ਵਿਚ ਅਸੀਂ ਕੁਝ ਗੱਲਾਂ ਕਰਕੇ ਪੂਰੀ ਦੁਨੀਆਂ ਵਿਚ ਪ੍ਰਚਾਰ ਕਿਵੇਂ ਕਰ ਸਕੇ ਹਾਂ।
ਰੋਮੀ ਸਾਮਰਾਜ ਵਿਚ ਸ਼ਾਂਤੀ
7. ਪਹਿਲੀ ਸਦੀ ਦੌਰਾਨ ਰੋਮੀ ਸਾਮਰਾਜ ਵਿਚ ਕਿਹੋ ਜਿਹੇ ਹਾਲਾਤ ਸਨ ਅਤੇ ਇਹ ਸਮਾਂ ਹੋਰਨਾਂ ਸਮਿਆਂ ਤੋਂ ਵੱਖਰਾ ਕਿਉਂ ਸੀ?
7 ਪਹਿਲੀ ਸਦੀ ਦੌਰਾਨ ਰੋਮੀ ਸਾਮਰਾਜ ਵਿਚ ਸ਼ਾਂਤੀ ਸੀ ਜਿਸ ਕਰਕੇ ਚੇਲਿਆਂ ਲਈ ਪ੍ਰਚਾਰ ਕਰਨਾ ਸੌਖਾ ਹੋ ਗਿਆ। ਇਸ ਸਮੇਂ ਨੂੰ ਰੋਮੀ ਸ਼ਾਂਤੀ ਜਾਂ ਲਾਤੀਨੀ ਵਿਚ ਪੈਕਸ ਰੋਮਾਨਾ ਕਿਹਾ ਜਾਂਦਾ ਸੀ। ਉਸ ਸਮੇਂ ਰੋਮੀ ਸਰਕਾਰ ਕੋਈ ਵੀ ਛੋਟੀ-ਮੋਟੀ ਬਗਾਵਤ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਰੋਕ ਦਿੰਦੀ ਸੀ। ਯਿਸੂ ਦੀ ਭਵਿੱਖਬਾਣੀ ਅਨੁਸਾਰ ਕਦੇ-ਕਦੇ ਤਾਂ “ਲੜਾਈਆਂ ਦਾ ਰੌਲ਼ਾ ਅਤੇ ਲੜਾਈਆਂ ਦੀਆਂ ਖ਼ਬਰਾਂ” ਸੁਣਨ ਨੂੰ ਮਿਲਦੀਆਂ ਸਨ। (ਮੱਤੀ 24:6) ਮਿਸਾਲ ਲਈ, ਰੋਮੀ ਫ਼ੌਜ ਨੇ 70 ਈਸਵੀ ਵਿਚ ਯਰੂਸ਼ਲਮ ਨੂੰ ਤਬਾਹ ਕਰ ਦਿੱਤਾ ਸੀ ਅਤੇ ਸਾਮਰਾਜ ਦੀਆਂ ਸਰਹੱਦਾਂ ’ਤੇ ਕਈ ਲੜਾਈਆਂ ਲੜੀਆਂ ਸਨ। ਪਰ ਸਾਮਰਾਜ ਦੀਆਂ ਜ਼ਿਆਦਾਤਰ ਥਾਵਾਂ ’ਤੇ ਸ਼ਾਂਤੀ ਸੀ ਅਤੇ ਚੇਲੇ ਬਿਨਾਂ ਕਿਸੇ ਖ਼ਤਰੇ ਦੇ ਸਫ਼ਰ ਕਰ ਕੇ ਪ੍ਰਚਾਰ ਕਰ ਸਕਦੇ ਸਨ। ਇਹ ਸ਼ਾਂਤੀ ਦਾ ਸਮਾਂ ਲਗਭਗ 200 ਸਾਲਾਂ ਤਕ ਬਣਿਆ ਰਿਹਾ। ਇਕ ਕਿਤਾਬ ਦੱਸਦੀ ਹੈ ਕਿ ਇਤਿਹਾਸ ਵਿਚ ਕਦੀ ਵੀ ਇੰਨੇ ਲੰਬੇ ਸਮੇਂ ਤਕ ਸ਼ਾਂਤੀ ਨਹੀਂ ਬਣੀ ਰਹੀ ਜਿਸ ਦਾ ਇੰਨੇ ਸਾਰੇ ਲੋਕਾਂ ਉੱਤੇ ਅਸਰ ਪਿਆ।
8. ਚੇਲਿਆਂ ਨੇ ਸ਼ਾਂਤੀ ਦੇ ਸਮੇਂ ਦਾ ਲਾਹਾ ਕਿਵੇਂ ਲਿਆ?
8 ਮਸੀਹ ਤੋਂ ਲਗਭਗ 300 ਸਾਲ ਬਾਅਦ ਔਰਿਜਨ ਨਾਂ ਦੇ ਵਿਦਵਾਨ ਨੇ ਉਸ ਸ਼ਾਂਤੀ ਦੇ ਸਮੇਂ ਬਾਰੇ ਲਿਖਿਆ। ਉਸ ਨੇ ਕਿਹਾ ਕਿ ਰੋਮੀ ਬਹੁਤ ਸਾਰੇ ਦੇਸ਼ਾਂ ਉੱਤੇ ਰਾਜ ਕਰ ਰਹੇ ਸਨ, ਇਸ ਕਰਕੇ ਚੇਲੇ ਉਨ੍ਹਾਂ ਸਾਰੇ ਦੇਸ਼ਾਂ ਵਿਚ ਜਾ ਕੇ ਪ੍ਰਚਾਰ ਕਰ ਸਕਦੇ ਸਨ। ਲੋਕਾਂ ਨੂੰ ਆਪਣੇ ਦੇਸ਼ ਦੀ ਰਖਵਾਲੀ ਕਰਨ ਲਈ ਲੜਨ ਦੀ ਲੋੜ ਨਹੀਂ ਸੀ, ਸਗੋਂ ਉਹ ਆਪਣੇ ਪਿੰਡਾਂ ਵਿਚ ਇਕ-ਦੂਜੇ ਨਾਲ ਸ਼ਾਂਤੀ ਨਾਲ ਰਹਿ ਰਹੇ ਸਨ। ਸੋ ਔਰਿਜਨ ਨੂੰ ਲੱਗਾ ਕਿ ਇਨ੍ਹਾਂ ਗੱਲਾਂ ਕਰਕੇ ਬਹੁਤ ਸਾਰੇ ਲੋਕਾਂ ਨੂੰ ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਸੁਣਨ ਦਾ ਮੌਕਾ ਮਿਲਿਆ। ਭਾਵੇਂ ਕਿ ਚੇਲਿਆਂ ਨੂੰ ਸਤਾਇਆ ਗਿਆ ਸੀ, ਫਿਰ ਵੀ ਉਨ੍ਹਾਂ ਨੇ ਉਸ ਸ਼ਾਂਤੀ ਦੇ ਸਮੇਂ ਦਾ ਲਾਹਾ ਲਿਆ ਅਤੇ ਸਾਰੇ ਪਾਸੇ ਖ਼ੁਸ਼ ਖ਼ਬਰੀ ਦਾ ਸੰਦੇਸ਼ ਫੈਲਾਇਆ।
ਸਫ਼ਰ ਕਰਨਾ ਸੌਖਾ ਹੋ ਗਿਆ
9, 10. ਕਿਨ੍ਹਾਂ ਕਾਰਨਾਂ ਕਰਕੇ ਚੇਲਿਆਂ ਲਈ ਸਫ਼ਰ ਕਰਨਾ ਸੌਖਾ ਸੀ?
9 ਰੋਮੀ ਸਰਕਾਰ ਨੇ 80,000 ਕਿਲੋਮੀਟਰ (50,000 ਮੀਲ) ਤੋਂ ਜ਼ਿਆਦਾ ਲੰਬੀਆਂ ਸੜਕਾਂ ਬਣਾਈਆਂ ਜਿਸ ’ਤੇ ਸਫ਼ਰ ਕਰ ਕੇ ਰੋਮੀ ਸਾਮਰਾਜ ਦੇ ਲਗਭਗ ਕਿਸੇ ਵੀ ਕੋਨੇ ਵਿਚ ਪਹੁੰਚਿਆ ਜਾ ਸਕਦਾ ਸੀ। ਆਪਣੇ ਇਲਾਕੇ ਦੀ ਦੁਸ਼ਮਣਾਂ ਤੋਂ ਰਖਵਾਲੀ ਕਰਨ ਲਈ ਸ਼ਕਤੀਸ਼ਾਲੀ ਰੋਮੀ ਫ਼ੌਜਾਂ ਇਨ੍ਹਾਂ ਸੜਕਾਂ ਰਾਹੀਂ ਤੇਜ਼ੀ ਨਾਲ ਸਫ਼ਰ ਕਰ ਸਕਦੀਆਂ ਸਨ ਅਤੇ ਲੋਕਾਂ ਉੱਤੇ ਕੰਟ੍ਰੋਲ ਵੀ ਰੱਖ ਸਕਦੀਆਂ ਸਨ। ਵੱਖੋ-ਵੱਖਰੀਆਂ ਥਾਵਾਂ ’ਤੇ ਪ੍ਰਚਾਰ ਕਰਨ ਲਈ ਮਸੀਹੀਆਂ ਨੇ ਇਨ੍ਹਾਂ ਸੜਕਾਂ ਰਾਹੀਂ ਜੰਗਲਾਂ, ਰੇਗਿਸਤਾਨ ਅਤੇ ਪਹਾੜੀ ਇਲਾਕਿਆਂ ਵਿੱਚੋਂ ਦੀ ਸਫ਼ਰ ਕੀਤਾ।
10 ਸੜਕਾਂ ਤੋਂ ਇਲਾਵਾ, ਰੋਮੀ ਲੋਕ ਦਰਿਆਵਾਂ ਅਤੇ ਨਹਿਰਾਂ ਰਾਹੀਂ ਵੀ ਸਫ਼ਰ ਕਰਦੇ ਸਨ। ਨਾਲੇ ਸਮੁੰਦਰੀ ਜਹਾਜ਼ਾਂ ਰਾਹੀਂ ਸਾਮਰਾਜ ਦੀਆਂ ਸੈਂਕੜੇ ਬੰਦਰਗਾਹਾਂ ’ਤੇ ਪਹੁੰਚ ਸਕਦੇ ਸਨ। ਦਿਲਚਸਪੀ ਦੀ ਗੱਲ ਹੈ ਕਿ ਰੋਮੀ ਲੋਕ 900 ਸਮੁੰਦਰੀ ਮਾਰਗ ਇਸਤੇਮਾਲ ਕਰਦੇ ਹੁੰਦੇ ਸਨ। ਸੋ ਮਸੀਹੀਆਂ ਨੇ ਵੀ ਵੱਖੋ-ਵੱਖਰੀਆਂ ਥਾਵਾਂ ’ਤੇ ਜਾਣ ਲਈ ਕਿਸ਼ਤੀਆਂ ਅਤੇ ਸਮੁੰਦਰੀ ਜਹਾਜ਼ਾਂ ਰਾਹੀਂ ਸਫ਼ਰ ਕੀਤਾ। ਉਨ੍ਹਾਂ ਨੂੰ ਹੋਰ ਦੇਸ਼ਾਂ ਨੂੰ ਜਾਣ ਲਈ ਪਾਸਪੋਰਟ ਜਾਂ ਕੋਈ ਹੋਰ ਕਾਨੂੰਨੀ ਦਸਤਾਵੇਜ਼ ਦੀ ਲੋੜ ਨਹੀਂ ਸੀ। ਨਾਲੇ ਸੜਕਾਂ ’ਤੇ ਡਾਕੂਆਂ ਤੋਂ ਖ਼ਤਰਾ ਘੱਟ ਹੁੰਦਾ ਸੀ ਕਿਉਂਕਿ ਉਹ ਜਾਣਦੇ ਸਨ ਕਿ ਰੋਮੀ ਸਰਕਾਰ ਅਪਰਾਧੀਆਂ ਨੂੰ ਸਖ਼ਤ ਸਜ਼ਾ ਦਿੰਦੀ ਸੀ। ਇਸ ਦੇ ਨਾਲ-ਨਾਲ ਰੋਮੀ ਜਲ-ਸੈਨਾ ਸਮੁੰਦਰੀ ਮਾਰਗਾਂ ਦੀ ਰਾਖੀ ਕਰਦੀ ਸੀ ਜਿਸ ਕਰਕੇ ਸਮੁੰਦਰੀ ਸਫ਼ਰ ਕਰਦੇ ਲੋਕਾਂ ਨੂੰ ਡਾਕੂਆਂ ਤੋਂ ਖ਼ਤਰਾ ਨਹੀਂ ਹੁੰਦਾ ਸੀ। ਭਾਵੇਂ ਬਾਈਬਲ ਦੱਸਦੀ ਹੈ ਕਿ ਜਿਨ੍ਹਾਂ ਜਹਾਜ਼ਾਂ ’ਤੇ ਪੌਲੁਸ ਨੇ ਸਫ਼ਰ ਕੀਤਾ ਸੀ, ਉਨ੍ਹਾਂ ਵਿੱਚੋਂ ਕਈ ਤਬਾਹ ਹੋਏ ਸਨ, ਪਰ ਇਹ ਨਹੀਂ ਦੱਸਦੀ ਕਿ ਉਨ੍ਹਾਂ ’ਤੇ ਕਦੇ ਸਮੁੰਦਰੀ ਡਾਕੂਆਂ ਨੇ ਹਮਲਾ ਕੀਤਾ ਸੀ। ਸੋ ਸੜਕਾਂ ਅਤੇ ਸਮੁੰਦਰੀ ਜਹਾਜ਼ਾਂ ਰਾਹੀਂ ਸਫ਼ਰ ਕਰਨਾ ਆਮ ਤੌਰ ਤੇ ਸੁਰੱਖਿਅਤ ਹੁੰਦਾ ਸੀ।
ਯੂਨਾਨੀ ਭਾਸ਼ਾ
11. ਚੇਲਿਆਂ ਨੇ ਯੂਨਾਨੀ ਭਾਸ਼ਾ ਕਿਉਂ ਵਰਤੀ ਸੀ?
11 ਰੋਮੀ ਸਰਕਾਰ ਤੋਂ ਪਹਿਲਾਂ ਯੂਨਾਨੀ ਹਾਕਮ ਸਿਕੰਦਰ ਮਹਾਨ ਨੇ ਕਈ ਦੇਸ਼ਾਂ ’ਤੇ ਰਾਜ ਕੀਤਾ ਸੀ ਜਿਸ ਕਰਕੇ ਉਨ੍ਹਾਂ ਥਾਵਾਂ ’ਤੇ ਯੂਨਾਨੀ ਦੀ ਉਪਭਾਸ਼ਾ ਕੋਇਨੀ ਬੋਲੀ ਜਾਂਦੀ ਸੀ। ਨਤੀਜੇ ਵਜੋਂ, ਚੇਲੇ ਲੋਕਾਂ ਨੂੰ ਇਸ ਭਾਸ਼ਾ ਵਿਚ ਪ੍ਰਚਾਰ ਕਰ ਸਕਦੇ ਸਨ। ਨਾਲੇ ਮਿਸਰ ਵਿਚ ਰਹਿੰਦੇ ਯਹੂਦੀਆਂ ਨੇ ਇਬਰਾਨੀ ਲਿਖਤਾਂ ਦਾ ਯੂਨਾਨੀ ਵਿਚ ਅਨੁਵਾਦ ਕੀਤਾ ਸੀ ਜਿਸ ਨੂੰ ਸੈਪਟੁਜਿੰਟ ਕਿਹਾ ਜਾਂਦਾ ਹੈ। ਕਈ ਲੋਕ ਇਸ ਅਨੁਵਾਦ ਬਾਰੇ ਜਾਣਦੇ ਸਨ ਜਿਸ ਕਰਕੇ ਚੇਲੇ ਇਸ ਵਿੱਚੋਂ ਇਬਰਾਨੀ ਲਿਖਤਾਂ ਦੇ ਹਵਾਲੇ ਦੇ ਸਕਦੇ ਸਨ। ਚੇਲਿਆਂ ਨੇ ਬਾਈਬਲ ਦਾ ਦੂਜਾ ਹਿੱਸਾ ਯੂਨਾਨੀ ਵਿਚ ਲਿਖਿਆ ਸੀ। ਯੂਨਾਨੀ ਭਾਸ਼ਾ ਵਿਚ ਸ਼ਬਦਾਂ ਦਾ ਭੰਡਾਰ ਸੀ, ਸੋ ਬਾਈਬਲ ਦੀਆਂ ਡੂੰਘੀਆਂ ਗੱਲਾਂ ਸਮਝਾਉਣ ਲਈ ਇਹ ਬਹੁਤ ਵਧੀਆ ਭਾਸ਼ਾ ਸੀ। ਇਸ ਕਾਰਨ ਇੱਕੋ ਜਿਹੀ ਸਿੱਖਿਆ ਮਿਲਣ ਕਰਕੇ ਉਨ੍ਹਾਂ ਦੀ ਏਕਤਾ ਬਣੀ ਰਹੀ।
12. (ੳ) ਕੋਡੈਕਸ ਕੀ ਹੈ ਤੇ ਲਪੇਟਵੀਂਆਂ ਪੱਤਰੀਆਂ ਨਾਲੋਂ ਇਹ ਵਰਤਣਾ ਸੌਖਾ ਕਿਉਂ ਸੀ? (ਅ) ਜ਼ਿਆਦਾਤਰ ਮਸੀਹੀਆਂ ਨੇ ਇਨ੍ਹਾਂ ਕਿਤਾਬਾਂ ਨੂੰ ਕਦੋਂ ਵਰਤਣਾ ਸ਼ੁਰੂ ਕੀਤਾ?
12 ਪਹਿਲੀ ਸਦੀ ਵਿਚ ਚੇਲੇ ਬਾਈਬਲ ਤੋਂ ਸਿਖਾਉਣ ਲਈ ਕੀ ਵਰਤਦੇ ਹੁੰਦੇ ਸਨ? ਉਹ ਪਹਿਲਾਂ ਲਪੇਟਵੀਂਆਂ ਪੱਤਰੀਆਂ ਵਰਤਦੇ ਹੁੰਦੇ ਸਨ। ਪਰ ਇਨ੍ਹਾਂ ਪੱਤਰੀਆਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣਾ ਤੇ ਇਸਤੇਮਾਲ ਕਰਨਾ ਔਖਾ ਸੀ। ਜਦੋਂ ਵੀ ਕੋਈ ਮਸੀਹੀ ਇਸ ਵਿੱਚੋਂ ਕੋਈ ਹਵਾਲਾ ਦੇਖਣਾ ਚਾਹੁੰਦਾ ਸੀ, ਤਾਂ ਉਸ ਨੂੰ ਪੱਤਰੀ ਖੋਲ੍ਹਣੀ ਤੇ ਫਿਰ ਮੁੜ ਕੇ ਲਪੇਟਣੀ ਪੈਂਦੀ ਸੀ। ਆਮ ਤੌਰ ਤੇ ਚੰਮ-ਪੱਤਰਾਂ ਦੇ ਸਿਰਫ਼ ਇਕ ਪਾਸੇ ’ਤੇ ਲਿਖਿਆ ਹੁੰਦਾ ਸੀ। ਮੱਤੀ ਦੀ ਪੂਰੀ ਦੀ ਪੂਰੀ ਕਿਤਾਬ ਇਕ ਹੀ ਪੱਤਰੀ ’ਤੇ ਲਿਖੀ ਹੋਈ ਸੀ। ਪਰ ਦੂਜੀ ਸਦੀ ਦੇ ਸ਼ੁਰੂ ਵਿਚ ਲੋਕਾਂ ਨੇ ਕੋਡੈਕਸ ਵਰਤਣਾ ਸ਼ੁਰੂ ਕਰ ਦਿੱਤਾ ਸੀ ਜੋ ਅੱਜ ਦੀਆਂ ਕਿਤਾਬਾਂ ਵਰਗਾ ਹੁੰਦਾ ਸੀ। ਪੜ੍ਹਨ ਵਾਲਾ ਇਹ ਕਿਤਾਬ ਖੋਲ੍ਹ ਕੇ ਆਸਾਨੀ ਨਾਲ ਹਵਾਲੇ ਲੱਭ ਸਕਦਾ ਸੀ। ਇਤਿਹਾਸਕਾਰ ਕਹਿੰਦੇ ਹਨ ਕਿ ਮਸੀਹੀਆਂ ਨੇ ਹੋਰਨਾਂ ਲੋਕਾਂ ਨਾਲੋਂ ਪਹਿਲਾਂ ਇਹ ਕਿਤਾਬਾਂ ਵਰਤਣੀਆਂ ਸ਼ੁਰੂ ਕੀਤੀਆਂ ਸਨ ਅਤੇ ਦੂਜੀ ਸਦੀ ਵਿਚ ਜ਼ਿਆਦਾਤਰ ਮਸੀਹੀ ਇਨ੍ਹਾਂ ਨੂੰ ਇਸਤੇਮਾਲ ਕਰ ਰਹੇ ਸਨ।
ਰੋਮੀ ਕਾਨੂੰਨ
13, 14. (ੳ) ਪੌਲੁਸ ਨੇ ਰੋਮੀ ਨਾਗਰਿਕ ਹੋਣ ਦੇ ਆਪਣੇ ਹੱਕ ਨੂੰ ਕਿਵੇਂ ਇਸਤੇਮਾਲ ਕੀਤਾ ਸੀ? (ਅ) ਮਸੀਹੀਆਂ ਨੂੰ ਰੋਮੀ ਕਾਨੂੰਨ ਤੋਂ ਕੀ ਫ਼ਾਇਦਾ ਹੋਇਆ ਸੀ?
13 ਪਹਿਲੀ ਸਦੀ ਦੇ ਮਸੀਹੀਆਂ ਨੂੰ ਰੋਮੀ ਕਾਨੂੰਨ ਤੋਂ ਫ਼ਾਇਦਾ ਹੋਇਆ ਸੀ। ਰੋਮੀ ਨਾਗਰਿਕਾਂ ਨੂੰ ਕਈ ਅਧਿਕਾਰ ਦਿੱਤੇ ਗਏ ਸਨ ਅਤੇ ਉਨ੍ਹਾਂ ’ਤੇ ਬਿਨਾਂ ਵਜ੍ਹਾ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਸੀ। ਮਿਸਾਲ ਲਈ, ਪੌਲੁਸ ਨੇ ਰੋਮੀ ਨਾਗਰਿਕ ਹੋਣ ਦੇ ਆਪਣੇ ਹੱਕ ਨੂੰ ਕਈ ਵਾਰ ਇਸਤੇਮਾਲ ਕੀਤਾ ਸੀ। ਇਕ ਵਾਰ ਜਦੋਂ ਰੋਮੀ ਫ਼ੌਜੀ ਯਰੂਸ਼ਲਮ ਵਿਚ ਪੌਲੁਸ ਨੂੰ ਗਿਰਫ਼ਤਾਰ ਕਰ ਕੇ ਕੋਰੜੇ ਮਾਰਨ ਲੱਗੇ ਸਨ, ਤਾਂ ਉਦੋਂ ਉਸ ਨੇ ਫ਼ੌਜੀ ਅਫ਼ਸਰ ਨੂੰ ਪੁੱਛਿਆ: “ਕੀ ਦੋਸ਼ ਸਾਬਤ ਕੀਤੇ ਬਿਨਾਂ ਕਿਸੇ ਰੋਮੀ ਨਾਗਰਿਕ ਨੂੰ ਕੋਰੜੇ ਮਾਰਨੇ ਜਾਇਜ਼ ਹਨ?” ਜਦੋਂ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਇਕ ਰੋਮੀ ਨਾਗਰਿਕ ਸੀ, ਤਾਂ “ਜਿਹੜੇ ਫ਼ੌਜੀ ਤਸੀਹੇ ਦੇ ਕੇ ਉਸ ਤੋਂ ਪੁੱਛ-ਗਿੱਛ ਕਰਨ ਵਾਲੇ ਸਨ, ਉਹ ਸਾਰੇ ਉਸੇ ਵੇਲੇ ਪਿੱਛੇ ਹਟ ਗਏ। ਫ਼ੌਜ ਦਾ ਕਮਾਂਡਰ ਇਹ ਜਾਣ ਕੇ ਡਰ ਗਿਆ ਕਿ [ਪੌਲੁਸ] ਰੋਮੀ ਨਾਗਰਿਕ ਸੀ ਅਤੇ ਉਸ ਨੇ ਉਸ ਨੂੰ ਬੇੜੀਆਂ ਨਾਲ ਬੰਨ੍ਹਿਆ ਸੀ।”
14 ਜਦੋਂ ਫ਼ਿਲਿੱਪੈ ਵਿਚ ਇਸ ਗੱਲ ਦਾ ਪਤਾ ਲੱਗਾ ਕਿ ਪੌਲੁਸ ਰੋਮੀ ਨਾਗਰਿਕ ਸੀ, ਤਾਂ ਦੂਜਿਆਂ ਦਾ ਉਸ ਪ੍ਰਤੀ ਰਵੱਈਆ ਬਦਲ ਗਿਆ। (ਰਸੂ. 16:35-40) ਅਫ਼ਸੁਸ ਦੇ ਨਗਰ-ਪ੍ਰਧਾਨ ਨੇ ਗੁੱਸੇ ਵਿਚ ਭੜਕੀ ਭੀੜ ਨੂੰ ਸ਼ਾਂਤ ਕਰਾਉਣ ਤੋਂ ਬਾਅਦ ਉਨ੍ਹਾਂ ਨੂੰ ਰੋਮੀ ਕਾਨੂੰਨਾਂ ਬਾਰੇ ਯਾਦ ਕਰਾਇਆ। (ਰਸੂ. 19:35-41) ਕੈਸਰੀਆ ਵਿਚ ਪੌਲੁਸ ਨੇ ਸਮਰਾਟ ਨੂੰ ਫ਼ਰਿਆਦ ਕਰਨ ਦੇ ਆਪਣੇ ਕਾਨੂੰਨੀ ਹੱਕ ਨੂੰ ਵਰਤਿਆ ਸੀ ਜਿਸ ਕਰਕੇ ਉਹ ਸਮਰਾਟ ਦੇ ਸਾਮ੍ਹਣੇ ਆਪਣੇ ਵਿਸ਼ਵਾਸਾਂ ਦੇ ਪੱਖ ਵਿਚ ਬੋਲ ਸਕਿਆ। (ਰਸੂ. 25:8-12) ਇਸ ਤਰ੍ਹਾਂ, ਰੋਮੀ ਕਾਨੂੰਨ ਦੀ ਮਦਦ ਨਾਲ ‘ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਹੱਕ’ ਦੀ ਰਾਖੀ ਕੀਤੀ ਗਈ।
ਯਹੂਦੀ ਕਈ ਦੇਸ਼ਾਂ ਵਿਚ ਰਹਿੰਦੇ ਸਨ
15. ਪਹਿਲੀ ਸਦੀ ਵਿਚ ਯਹੂਦੀ ਕਿੱਥੇ-ਕਿੱਥੇ ਰਹਿੰਦੇ ਸਨ?
15 ਕਈ ਹੋਰ ਕਾਰਨਾਂ ਕਰਕੇ ਪਹਿਲੀ ਸਦੀ ਦੇ ਮਸੀਹੀਆਂ ਲਈ ਪੂਰੀ ਦੁਨੀਆਂ ਵਿਚ ਪ੍ਰਚਾਰ ਕਰਨਾ ਸੌਖਾ ਹੋ ਗਿਆ ਸੀ। ਉਸ ਸਮੇਂ ਯਹੂਦੀ ਇਜ਼ਰਾਈਲ ਵਿਚ ਹੀ ਨਹੀਂ, ਸਗੋਂ ਹੋਰ ਬਹੁਤ ਸਾਰੇ ਦੇਸ਼ਾਂ ਵਿਚ ਵੱਸ ਚੁੱਕੇ ਸਨ। ਕਿਉਂ? ਸੈਂਕੜੇ ਸਾਲ ਪਹਿਲਾਂ ਅੱਸ਼ੂਰੀ ਕੌਮ ਯਹੂਦੀਆਂ ਨੂੰ ਬੰਦੀ ਬਣਾ ਕੇ ਲੈ ਗਈ ਸੀ ਅਤੇ ਕਈ ਸਾਲਾਂ ਬਾਅਦ ਬਾਬਲੀ ਹੋਰ ਯਹੂਦੀਆਂ ਨੂੰ ਗ਼ੁਲਾਮ ਬਣਾ ਕੇ ਲੈ ਗਏ ਸਨ। ਫ਼ਾਰਸੀਆਂ ਦੁਆਰਾ ਬਾਬਲ ਨੂੰ ਹਰਾਉਣ ਤੋਂ ਬਾਅਦ ਲਗਭਗ 5ਵੀਂ ਸਦੀ ਈਸਵੀ ਪੂਰਵ ਵਿਚ ਯਹੂਦੀ ਫ਼ਾਰਸੀ ਸਾਮਰਾਜ ਦੇ 127 ਸੂਬਿਆਂ ਵਿਚ ਰਹਿ ਰਹੇ ਸਨ। (ਅਸ. 9:30) ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਰੋਮੀ ਸਾਮਰਾਜ ਦੇ ਅਧੀਨ ਯਹੂਦੀ ਮਿਸਰ ਤੋਂ ਇਲਾਵਾ ਉੱਤਰੀ ਅਫ਼ਰੀਕਾ ਦੇ ਹੋਰ ਦੇਸ਼ਾਂ, ਏਸ਼ੀਆ ਮਾਈਨਰ (ਅੱਜ ਤੁਰਕੀ ਦਾ ਇਲਾਕਾ), ਗ੍ਰੀਸ ਅਤੇ ਮਸੋਪੋਤਾਮੀਆ (ਅੱਜ ਇਰਾਕ ਦਾ ਇਲਾਕਾ) ਵਿਚ ਰਹਿ ਰਹੇ ਸਨ। ਅੰਦਾਜ਼ਾ ਲਾਇਆ ਜਾਂਦਾ ਹੈ ਕਿ ਸਾਮਰਾਜ ਵਿਚ ਰਹਿੰਦੇ ਲਗਭਗ 6 ਕਰੋੜ ਲੋਕਾਂ ਵਿੱਚੋਂ 40 ਲੱਖ ਤੋਂ ਜ਼ਿਆਦਾ ਯਹੂਦੀ ਲੋਕ ਸਨ। ਭਾਵੇਂ ਉਹ ਖਿੰਡ-ਪੁੰਡ ਗਏ ਸਨ, ਪਰ ਉਨ੍ਹਾਂ ਨੇ ਆਪਣਾ ਧਰਮ ਨਹੀਂ ਬਦਲਿਆ ਸੀ।
16, 17. (ੳ) ਬਹੁਤ ਸਾਰੇ ਦੇਸ਼ਾਂ ਵਿਚ ਰਹਿਣ ਵਾਲੇ ਯਹੂਦੀਆਂ ਤੋਂ ਗ਼ੈਰ-ਯਹੂਦੀ ਲੋਕਾਂ ਨੂੰ ਕੀ ਫ਼ਾਇਦਾ ਹੋਇਆ? (ਅ) ਮਸੀਹੀ ਕਿਨ੍ਹਾਂ ਤਰੀਕਿਆਂ ਨਾਲ ਯਹੂਦੀਆਂ ਦੀ ਮਿਸਾਲ ’ਤੇ ਚੱਲਦੇ ਹਨ?
16 ਬਹੁਤ ਸਾਰੇ ਦੇਸ਼ਾਂ ਵਿਚ ਰਹਿੰਦੇ ਯਹੂਦੀਆਂ ਤੋਂ ਗ਼ੈਰ-ਯਹੂਦੀ ਲੋਕਾਂ ਨੂੰ ਇਬਰਾਨੀ ਲਿਖਤਾਂ ਅਤੇ ਉਨ੍ਹਾਂ ਦੇ ਵਿਸ਼ਵਾਸਾਂ ਬਾਰੇ ਕੁਝ ਜਾਣਕਾਰੀ ਮਿਲੀ। ਮਿਸਾਲ ਲਈ, ਉਹ ਜਾਣਦੇ ਸੀ ਕਿ ਇੱਕੋ ਸੱਚਾ ਰੱਬ ਹੈ ਅਤੇ ਉਸ ਦੀ ਸੇਵਾ ਕਰਨ ਵਾਲੇ ਲੋਕਾਂ ਨੂੰ ਉਸ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਨਾਲੇ ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ ਇਬਰਾਨੀ ਲਿਖਤਾਂ ਪਰਮੇਸ਼ੁਰ ਵੱਲੋਂ ਸਨ ਜਿਸ ਵਿਚ ਮਸੀਹ ਬਾਰੇ ਬਹੁਤ ਸਾਰੀਆਂ ਭਵਿੱਖਬਾਣੀਆਂ ਲਿਖੀਆਂ ਸਨ। (ਲੂਕਾ 24:44) ਇਸ ਕਰਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਵੇਲੇ ਮਸੀਹੀਆਂ ਲਈ ਉਨ੍ਹਾਂ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਨਾਲ ਗੱਲ ਕਰਨੀ ਸੌਖੀ ਹੁੰਦੀ ਸੀ। ਪੌਲੁਸ ਉਨ੍ਹਾਂ ਲੋਕਾਂ ਨੂੰ ਲੱਭਣਾ ਚਾਹੁੰਦਾ ਸੀ ਜੋ ਖ਼ੁਸ਼ ਖ਼ਬਰੀ ਬਾਰੇ ਸਿੱਖਣਾ ਚਾਹੁੰਦੇ ਸਨ। ਇਸ ਲਈ ਉਹ ਅਕਸਰ ਸਭਾ ਘਰਾਂ ਵਿਚ ਜਾ ਕੇ ਯਹੂਦੀਆਂ ਨਾਲ ਲਿਖਤਾਂ ਵਿੱਚੋਂ ਚਰਚਾ ਕਰਦਾ ਹੁੰਦਾ ਸੀ ਜਿੱਥੇ ਉਹ ਭਗਤੀ ਕਰਨ ਆਉਂਦੇ ਸਨ।
17 ਯਹੂਦੀ ਬਾਕਾਇਦਾ ਸਭਾ ਘਰਾਂ ਵਿਚ ਜਾਂ ਕਿਤੇ ਬਾਹਰ ਭਗਤੀ ਕਰਨ ਲਈ ਇਕੱਠੇ ਹੁੰਦੇ ਸਨ। ਉਹ ਭਜਨ ਗਾਉਂਦੇ, ਪ੍ਰਾਰਥਨਾ ਕਰਦੇ ਅਤੇ ਬਾਈਬਲ ਦੇ ਹਵਾਲਿਆਂ ਉੱਤੇ ਚਰਚਾ ਕਰਦੇ ਹੁੰਦੇ ਸਨ। ਅੱਜ ਵੀ ਮਸੀਹੀ ਉਨ੍ਹਾਂ ਦੀ ਮਿਸਾਲ ’ਤੇ ਚੱਲ ਕੇ ਇਸੇ ਤਰ੍ਹਾਂ ਕਰਦੇ ਹਨ।
ਯਹੋਵਾਹ ਦੀ ਮਦਦ ਨਾਲ ਹੋਇਆ ਮੁਮਕਿਨ
18, 19. (ੳ) ਪਹਿਲੀ ਸਦੀ ਦੇ ਹਾਲਾਤਾਂ ਕਰਕੇ ਮਸੀਹੀਆਂ ਦੀ ਮਦਦ ਕਿਵੇਂ ਹੋਈ ਸੀ? (ਅ) ਇਹ ਲੇਖ ਪੜ੍ਹ ਕੇ ਤੁਸੀਂ ਯਹੋਵਾਹ ਬਾਰੇ ਕਿਵੇਂ ਮਹਿਸੂਸ ਕਰਦੇ ਹੋ?
18 ਪਹਿਲੀ ਸਦੀ ਦੇ ਹਾਲਾਤਾਂ ਕਰਕੇ ਮਸੀਹੀਆਂ ਲਈ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸੌਖਾ ਸੀ। ਰੋਮੀ ਸਾਮਰਾਜ ਵਿਚ ਸ਼ਾਂਤੀ ਸੀ, ਬਹੁਤ ਸਾਰੇ ਲੋਕ ਇੱਕੋ ਭਾਸ਼ਾ ਬੋਲਦੇ ਸਨ ਅਤੇ ਕਾਨੂੰਨ ਲੋਕਾਂ ਦੀ ਰਖਵਾਲੀ ਕਰਦਾ ਸੀ। ਉਸ ਸਮੇਂ ਇਕ ਥਾਂ ਤੋਂ ਦੂਜੀ ਥਾਂ ਜਾਣਾ ਸੌਖਾ ਸੀ ਅਤੇ ਬਹੁਤ ਸਾਰੇ ਦੇਸ਼ਾਂ ਵਿਚ ਲੋਕ ਯਹੂਦੀਆਂ ਬਾਰੇ ਅਤੇ ਇਬਰਾਨੀ ਲਿਖਤਾਂ ਬਾਰੇ ਕੁਝ-ਨਾ-ਕੁਝ ਜਾਣਦੇ ਸਨ। ਇਨ੍ਹਾਂ ਸਾਰੇ ਕਾਰਨਾਂ ਕਰਕੇ ਮਸੀਹੀ ਪਰਮੇਸ਼ੁਰ ਵੱਲੋਂ ਦਿੱਤੇ ਕੰਮ ਨੂੰ ਪੂਰਾ ਕਰ ਸਕੇ।
19 ਯਿਸੂ ਦੇ ਧਰਤੀ ’ਤੇ ਆਉਣ ਤੋਂ 400 ਸਾਲ ਪਹਿਲਾਂ ਪਲੈਟੋ ਨਾਂ ਦੇ ਯੂਨਾਨੀ ਫ਼ਿਲਾਸਫ਼ਰ ਨੇ ਲਿਖਿਆ ਸੀ ਕਿ ਲੋਕਾਂ ਲਈ ਰੱਬ ਨੂੰ ਜਾਣਨਾ ਮੁਸ਼ਕਲ ਹੈ ਅਤੇ ਪੂਰੀ ਦੁਨੀਆਂ ਨੂੰ ਉਸ ਬਾਰੇ ਦੱਸਣਾ ਨਾਮੁਮਕਿਨ ਹੈ। ਪਰ ਯਿਸੂ ਨੇ ਕਿਹਾ: “ਜਿਹੜੇ ਕੰਮ ਇਨਸਾਨ ਲਈ ਨਾਮੁਮਕਿਨ ਹਨ, ਉਹ ਪਰਮੇਸ਼ੁਰ ਲਈ ਮੁਮਕਿਨ ਹਨ।” (ਲੂਕਾ 18:27) ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਦੀ ਮਦਦ ਨਾਲ ਪ੍ਰਚਾਰ ਦਾ ਕੰਮ ਕਰਨਾ ਮੁਮਕਿਨ ਹੋਇਆ ਹੈ। ਪਰਮੇਸ਼ੁਰ ਚਾਹੁੰਦਾ ਹੈ ਕਿ ‘ਸਾਰੀਆਂ ਕੌਮਾਂ ਦੇ ਲੋਕਾਂ’ ਤਕ ਖ਼ੁਸ਼ ਖ਼ਬਰੀ ਪਹੁੰਚੇ ਅਤੇ ਉਹ ਉਸ ਬਾਰੇ ਜਾਣਨ। (ਮੱਤੀ 28:19) ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਅੱਜ ਪੂਰੀ ਦੁਨੀਆਂ ਵਿਚ ਪ੍ਰਚਾਰ ਦਾ ਕੰਮ ਕਿਵੇਂ ਕੀਤਾ ਜਾ ਰਿਹਾ ਹੈ।