Skip to content

Skip to table of contents

ਮਸੀਹ ਦੇ ਭਰਾਵਾਂ ਦਾ ਵਫ਼ਾਦਾਰੀ ਨਾਲ ਸਾਥ ਦਿਓ

ਮਸੀਹ ਦੇ ਭਰਾਵਾਂ ਦਾ ਵਫ਼ਾਦਾਰੀ ਨਾਲ ਸਾਥ ਦਿਓ

“ਜੇ ਤੁਸੀਂ ਮੇਰੇ ਇਨ੍ਹਾਂ ਭਰਾਵਾਂ ਵਿੱਚੋਂ ਛੋਟੇ ਤੋਂ ਛੋਟੇ ਲਈ ਇਸ ਤਰ੍ਹਾਂ ਕੀਤਾ ਹੈ, ਤਾਂ ਸਮਝੋ ਤੁਸੀਂ ਮੇਰੇ ਲਈ ਕੀਤਾ ਹੈ।”—ਮੱਤੀ 25:40.

1, 2. (ੳ) ਯਿਸੂ ਨੇ ਆਪਣੇ ਕਰੀਬੀ ਦੋਸਤਾਂ ਨਾਲ ਕਿਹੜੀਆਂ ਮਿਸਾਲਾਂ ਬਾਰੇ ਗੱਲ ਕੀਤੀ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਸਾਨੂੰ ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਬਾਰੇ ਕਿਹੜੀ ਗੱਲ ਜਾਣਨ ਦੀ ਲੋੜ ਹੈ?

ਯਿਸੂ ਕਿਸੇ ਦਿਲਚਸਪ ਵਿਸ਼ੇ ’ਤੇ ਆਪਣੇ ਕਰੀਬੀ ਦੋਸਤਾਂ ਪਤਰਸ, ਅੰਦ੍ਰਿਆਸ, ਯਾਕੂਬ ਅਤੇ ਯੂਹੰਨਾ ਨਾਲ ਗੱਲ ਕਰ ਰਿਹਾ ਸੀ। ਉਸ ਵੇਲੇ ਯਿਸੂ ਨੇ ਉਨ੍ਹਾਂ ਨੂੰ ਵਫ਼ਾਦਾਰ ਅਤੇ ਸਮਝਦਾਰ ਨੌਕਰ, 10 ਕੁਆਰੀਆਂ ਤੇ ਚਾਂਦੀ ਦੇ ਸਿੱਕਿਆਂ ਦੀਆਂ ਮਿਸਾਲਾਂ ਦੱਸਣ ਤੋਂ ਬਾਅਦ ਉਸ ਸਮੇਂ ਬਾਰੇ ਗੱਲ ਕੀਤੀ ਜਦੋਂ “ਮਨੁੱਖ ਦਾ ਪੁੱਤਰ” “ਸਾਰੀਆਂ ਕੌਮਾਂ” ਦਾ ਨਿਆਂ ਕਰੇਗਾ। ਫਿਰ ਯਿਸੂ ਨੇ ਉਨ੍ਹਾਂ ਨੂੰ ਇਕ ਹੋਰ ਮਿਸਾਲ ਦੱਸੀ। ਉਸ ਨੇ ਕਿਹਾ ਕਿ “ਮਨੁੱਖ ਦਾ ਪੁੱਤਰ” ਲੋਕਾਂ ਨੂੰ ਦੋ ਗਰੁੱਪਾਂ ਵਿਚ ਵੰਡੇਗਾ ਜਿਨ੍ਹਾਂ ਨੂੰ ਉਸ ਨੇ ਭੇਡਾਂ ਅਤੇ ਬੱਕਰੀਆਂ ਕਿਹਾ। ਨਾਲੇ ਉਸ ਨੇ ਤੀਜੇ ਅਹਿਮ ਗਰੁੱਪ ਯਾਨੀ ਰਾਜੇ ਦੇ “ਭਰਾਵਾਂ” ਬਾਰੇ ਵੀ ਦੱਸਿਆ।—ਮੱਤੀ 25:31-46 ਪੜ੍ਹੋ।

2 ਰਸੂਲਾਂ ਦੀ ਤਰ੍ਹਾਂ ਅੱਜ ਸਾਡੇ ਸਮੇਂ ਦੇ ਯਹੋਵਾਹ ਦੇ ਸੇਵਕ ਵੀ ਇਸ ਮਿਸਾਲ ਵਿਚ ਦਿਲਚਸਪੀ ਲੈਂਦੇ ਹਨ ਕਿਉਂਕਿ ਇਹ ਉਨ੍ਹਾਂ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ। ਯਿਸੂ ਨੇ ਕਿਹਾ ਕਿ ਕੁਝ ਲੋਕ ਹਮੇਸ਼ਾ ਦੀ ਜ਼ਿੰਦਗੀ ਪਾਉਣਗੇ, ਪਰ ਹੋਰਾਂ ਨੂੰ ਨਾਸ਼ ਕੀਤਾ ਜਾਵੇਗਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਇਸ ਮਿਸਾਲ ਦਾ ਮਤਲਬ ਸਮਝੀਏ ਤੇ ਜਾਣੀਏ ਕਿ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ। ਸੋ ਇਸ ਲੇਖ ਵਿਚ ਅਸੀਂ ਅੱਗੇ ਦਿੱਤੇ ਸਵਾਲਾਂ ਦੇ ਜਵਾਬ ਜਾਣਾਂਗੇ: ਯਹੋਵਾਹ ਨੇ ਇਸ ਮਿਸਾਲ ਨੂੰ ਸਮਝਣ ਵਿਚ ਸਾਡੀ ਕਿਵੇਂ ਮਦਦ ਕੀਤੀ ਹੈ? ਅਸੀਂ ਕਿਵੇਂ ਜਾਣਦੇ ਹਾਂ ਕਿ ਮਿਸਾਲ ਵਿਚ ਪ੍ਰਚਾਰ ਦੇ ਕੰਮ ’ਤੇ ਜ਼ੋਰ ਦਿੱਤਾ ਗਿਆ ਹੈ? ਕਿਨ੍ਹਾਂ ਨੂੰ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਗਿਆ ਹੈ? ਨਾਲੇ ਕਿਉਂ ਜ਼ਰੂਰੀ ਹੈ ਕਿ ਅੱਜ ਲੋਕ ‘ਰਾਜੇ’ ਤੇ ਉਸ ਦੇ “ਭਰਾਵਾਂ” ਦੇ ਵਫ਼ਾਦਾਰ ਰਹਿਣ?

ਯਹੋਵਾਹ ਨੇ ਮਿਸਾਲ ਨੂੰ ਸਮਝਣ ਵਿਚ ਸਾਡੀ ਕਿਵੇਂ ਮਦਦ ਕੀਤੀ ਹੈ?

3, 4. (ੳ) ਭੇਡਾਂ ਤੇ ਬੱਕਰੀਆਂ ਦੀ ਮਿਸਾਲ ਨੂੰ ਸਮਝਣ ਲਈ ਸਾਨੂੰ ਕਿਹੜੀ ਗੱਲ ਜਾਣਨ ਦੀ ਲੋੜ ਹੈ? (ਅ) ਇਸ ਮਿਸਾਲ ਬਾਰੇ 1881 ਦੇ ਪਹਿਰਾਬੁਰਜ ਵਿਚ ਕੀ ਸਮਝਾਇਆ ਗਿਆ ਸੀ?

3 ਭੇਡਾਂ ਤੇ ਬੱਕਰੀਆਂ ਦੀ ਮਿਸਾਲ ਨੂੰ ਸਮਝਣ ਲਈ ਸਾਨੂੰ ਇਨ੍ਹਾਂ ਗੱਲਾਂ ਬਾਰੇ ਜਾਣਨ ਦੀ ਲੋੜ ਹੈ: (1) “ਮਨੁੱਖ ਦਾ ਪੁੱਤਰ” ਜਾਂ “ਰਾਜਾ” ਕੌਣ ਹੈ, ਭੇਡਾਂ ਤੇ ਬੱਕਰੀਆਂ ਕੌਣ ਹਨ ਅਤੇ ਰਾਜੇ ਦੇ ‘ਭਰਾ’ ਕੌਣ ਹਨ? (2) “ਮਨੁੱਖ ਦਾ ਪੁੱਤਰ” ਭੇਡਾਂ ਤੇ ਬੱਕਰੀਆਂ ਦਾ ਨਿਆਂ ਜਾਂ ਉਨ੍ਹਾਂ ਨੂੰ ਅੱਡ ਕਦੋਂ ਕਰੇਗਾ? (3) ਕੁਝ ਲੋਕਾਂ ਨੂੰ ਭੇਡਾਂ ਤੇ ਕੁਝ ਨੂੰ ਬੱਕਰੀਆਂ ਕਿਉਂ ਕਿਹਾ ਗਿਆ ਹੈ?

4 1881 ਦੇ ਪਹਿਰਾਬੁਰਜ ਵਿਚ ਯਿਸੂ ਨੂੰ “ਮਨੁੱਖ ਦਾ ਪੁੱਤਰ” ਜਾਂ “ਰਾਜਾ” ਕਿਹਾ ਗਿਆ ਸੀ। ਨਾਲੇ ਇਸ ਵਿਚ ਸਮਝਾਇਆ ਗਿਆ ਸੀ ਕਿ ਰਾਜੇ ਦੇ ‘ਭਰਾ’ ਸਿਰਫ਼ ਉਹੀ ਨਹੀਂ ਹਨ ਜੋ ਸਵਰਗ ਵਿਚ ਯਿਸੂ ਨਾਲ ਰਾਜ ਕਰਨਗੇ, ਪਰ ਇਨ੍ਹਾਂ ਵਿਚ ਉਹ ਸਾਰੇ ਲੋਕ ਵੀ ਸ਼ਾਮਲ ਹਨ ਜੋ ਧਰਤੀ ’ਤੇ ਹਮੇਸ਼ਾ ਲਈ ਰਹਿਣਗੇ ਜਦੋਂ ਉਹ ਮੁਕੰਮਲ ਹੋ ਜਾਣਗੇ। ਪਹਿਰਾਬੁਰਜ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਲੋਕਾਂ ਨੂੰ ਅੱਡ ਕੀਤਾ ਜਾਵੇਗਾ ਤੇ ਉਹ ਲੋਕ ਭੇਡਾਂ ਵਰਗੇ ਹੋਣਗੇ ਜਿਨ੍ਹਾਂ ਨੇ ਹਰ ਗੱਲ ਵਿਚ ਪਰਮੇਸ਼ੁਰ ਦੇ ਪਿਆਰ ਦੀ ਰੀਸ ਕੀਤੀ।

5. 1923 ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਇਸ ਮਿਸਾਲ ਬਾਰੇ ਕਿਹੜੀ ਸਮਝ ਸੀ?

5 ਬਾਅਦ ਵਿਚ ਯਹੋਵਾਹ ਨੇ ਆਪਣੇ ਲੋਕਾਂ ਦੀ ਇਸ ਮਿਸਾਲ ਨੂੰ ਸਮਝਣ ਵਿਚ ਹੋਰ ਮਦਦ ਕੀਤੀ। 15 ਅਕਤੂਬਰ 1923 ਦੇ ਪਹਿਰਾਬੁਰਜ ਵਿਚ ਯਿਸੂ ਨੂੰ “ਮਨੁੱਖ ਦਾ ਪੁੱਤਰ” ਕਿਹਾ ਗਿਆ ਸੀ। ਫਿਰ ਬਾਈਬਲ ਦੀਆਂ ਆਇਤਾਂ ਤੋਂ ਸਮਝਾਇਆ ਗਿਆ ਸੀ ਕਿ ਮਿਸਾਲ ਵਿਚ ਜ਼ਿਕਰ ਕੀਤੇ ਗਏ “ਭਰਾਵਾਂ” ਵਿਚ ਸਿਰਫ਼ ਉਹੀ ਲੋਕ ਸ਼ਾਮਲ ਹਨ ਜੋ ਯਿਸੂ ਨਾਲ ਰਾਜ ਕਰਨਗੇ ਤੇ ਹਜ਼ਾਰ ਸਾਲ ਦੇ ਰਾਜ ਦੌਰਾਨ ਉਹ ਸਵਰਗ ਵਿਚ ਹੋਣਗੇ। ਇਹ ਵੀ ਦੱਸਿਆ ਗਿਆ ਸੀ ਕਿ ਭੇਡਾਂ ਉਹ ਲੋਕ ਹਨ ਜੋ ਯਿਸੂ ਤੇ ਉਸ ਦੇ ਭਰਾਵਾਂ ਦੇ ਰਾਜ ਅਧੀਨ ਧਰਤੀ ’ਤੇ ਰਹਿਣਗੇ। ਨਾਲੇ ਮਿਸਾਲ ਵਿਚ ਦੱਸਿਆ ਗਿਆ ਹੈ ਕਿ ਭੇਡਾਂ ਵਰਗੇ ਲੋਕ ਰਾਜੇ ਦੇ ਭਰਾਵਾਂ ਦਾ ਸਾਥ ਦੇਣਗੇ। ਪਹਿਰਾਬੁਰਜ ਵਿਚ ਸਮਝਾਇਆ ਗਿਆ ਸੀ ਕਿ ਭੇਡਾਂ ਵਰਗੇ ਲੋਕ ਰਾਜੇ ਦੇ ਭਰਾਵਾਂ ਨਾਲ ਮਿਲ ਕੇ ਅੱਡ ਕਰਨ ਜਾਂ ਨਿਆਂ ਕਰਨ ਦੇ ਕੰਮ ਵਿਚ ਹਿੱਸਾ ਲੈਣਗੇ। ਇਸ ਦਾ ਮਤਲਬ ਸੀ ਕਿ ਨਿਆਂ ਦੇ ਸਮੇਂ ਚੁਣੇ ਹੋਏ ਮਸੀਹੀਆਂ ਨੇ ਧਰਤੀ ’ਤੇ ਹੀ ਹੋਣਾ ਸੀ ਅਤੇ ਇਹ ਨਿਆਂ ਮਸੀਹ ਦੇ ਹਜ਼ਾਰ ਸਾਲ ਤੋਂ ਪਹਿਲਾਂ ਕੀਤਾ ਜਾਣਾ ਸੀ। ਇਸ ਲੇਖ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਭੇਡਾਂ ਵਰਗੇ ਉਹ ਲੋਕ ਹੋਣਗੇ ਜੋ ਯਿਸੂ ’ਤੇ ਵਿਸ਼ਵਾਸ ਕਰਦੇ ਹਨ ਤੇ ਇਹ ਮੰਨਦੇ ਹਨ ਕਿ ਰਾਜ ਦੁਆਰਾ ਹੀ ਵਧੀਆ ਜ਼ਿੰਦਗੀ ਮਿਲੇਗੀ।

6. 1995 ਵਿਚ ਭੇਡਾਂ ਤੇ ਬੱਕਰੀਆਂ ਦੀ ਮਿਸਾਲ ਬਾਰੇ ਸਾਨੂੰ ਕਿਹੜੀ ਅਲੱਗ ਸਮਝ ਦਿੱਤੀ ਗਈ?

6 ਸਾਲਾਂ ਤੋਂ ਅਸੀਂ ਸੋਚਦੇ ਆਏ ਸੀ ਕਿ ਇਸ ਅੰਤ ਦੇ ਸਮੇਂ ਵਿਚ ਲੋਕਾਂ ਦਾ ਨਿਆਂ ਪ੍ਰਚਾਰ ਦੇ ਆਧਾਰ ’ਤੇ ਕੀਤਾ ਜਾਵੇਗਾ। ਜੇ ਉਹ ਸਾਡਾ ਸੰਦੇਸ਼ ਕਬੂਲ ਕਰਦੇ ਹਨ, ਤਾਂ ਉਹ ਭੇਡਾਂ ਵਰਗੇ ਲੋਕ ਹਨ ਅਤੇ ਜੇ ਉਹ ਸਾਡਾ ਸੰਦੇਸ਼ ਨਹੀਂ ਸੁਣਦੇ, ਤਾਂ ਉਹ ਬੱਕਰੀਆਂ ਵਰਗੇ ਲੋਕ ਹਨ। ਪਰ 1995 ਵਿਚ ਇਸ ਮਿਸਾਲ ਬਾਰੇ ਸਾਨੂੰ ਅਲੱਗ ਸਮਝ ਦਿੱਤੀ ਗਈ। ਪਹਿਰਾਬੁਰਜ ਵਿਚ ਮੱਤੀ 24:29-31 (ਪੜ੍ਹੋ) ਦੀ ਤੁਲਨਾ ਮੱਤੀ 25:31, 32 (ਪੜ੍ਹੋ) ਨਾਲ ਕੀਤੀ ਗਈ ਸੀ ਤੇ ਸਮਝਾਇਆ ਗਿਆ ਕਿ ਜਦੋਂ ਮਨੁੱਖ ਦਾ ਪੁੱਤਰ ਯਾਨੀ ਯਿਸੂ ਮਹਾਂਕਸ਼ਟ ਦੌਰਾਨ “ਪੂਰੀ ਸ਼ਾਨੋ-ਸ਼ੌਕਤ” ਨਾਲ ਆਵੇਗਾ, ਉਦੋਂ ਉਹ ਲੋਕਾਂ ਦਾ ਨਿਆਂ ਕਰੇਗਾ। *

7. ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਦਾ ਕੀ ਮਤਲਬ ਹੈ?

7 ਅੱਜ ਅਸੀਂ ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਸਾਨੂੰ ਪਤਾ ਹੈ ਕਿ “ਮਨੁੱਖ ਦਾ ਪੁੱਤਰ” ਜਾਂ “ਰਾਜਾ” ਯਿਸੂ ਹੈ। ਰਾਜੇ ਦੇ ‘ਭਰਾ’ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਮਸੀਹੀ ਹਨ ਜੋ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ। (ਰੋਮੀ. 8:16, 17) “ਭੇਡਾਂ ਅਤੇ ਬੱਕਰੀਆਂ” ਸਾਰੀਆਂ ਕੌਮਾਂ ਦੇ ਲੋਕ ਹਨ। ਉਨ੍ਹਾਂ ਦਾ ਨਿਆਂ ਮਹਾਂਕਸ਼ਟ ਖ਼ਤਮ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਕੀਤਾ ਜਾਵੇਗਾ ਜੋ ਜਲਦੀ ਹੀ ਸ਼ੁਰੂ ਹੋਵੇਗਾ। ਨਾਲੇ ਸਾਨੂੰ ਪਤਾ ਹੈ ਕਿ ਯਿਸੂ ਉਨ੍ਹਾਂ ਲੋਕਾਂ ਦਾ ਨਿਆਂ ਇਸ ਆਧਾਰ ’ਤੇ ਕਰੇਗਾ ਕਿ ਉਨ੍ਹਾਂ ਨੇ ਧਰਤੀ ’ਤੇ ਰਹਿ ਰਹੇ ਚੁਣੇ ਹੋਏ ਮਸੀਹੀਆਂ ਨਾਲ ਕਿਹੋ ਜਿਹਾ ਵਰਤਾਅ ਕੀਤਾ ਹੈ। ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਜਿਸ ਨੇ ਸਾਲਾਂ ਤੋਂ ਇਸ ਮਿਸਾਲ ਤੇ ਮੱਤੀ 24 ਤੇ 25 ਅਧਿਆਇ ਵਿਚ ਦਿੱਤੀਆਂ ਹੋਰ ਮਿਸਾਲਾਂ ਨੂੰ ਸਮਝਣ ਵਿਚ ਸਾਡੀ ਮਦਦ ਕੀਤੀ!

ਮਿਸਾਲ ਸਾਨੂੰ ਸਮਝਾਉਂਦੀ ਹੈ ਕਿ ਪ੍ਰਚਾਰ ਦਾ ਕੰਮ ਕਿੰਨਾ ਜ਼ਰੂਰੀ ਹੈ

8, 9. ਯਿਸੂ ਨੇ ਭੇਡਾਂ ਵਰਗੇ ਲੋਕਾਂ ਨੂੰ “ਧਰਮੀ” ਕਿਉਂ ਕਿਹਾ ਸੀ?

8 ਯਿਸੂ ਨੇ ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਵਿਚ “ਪ੍ਰਚਾਰ” ਜਾਂ “ਪ੍ਰਚਾਰ ਕੰਮ” ਵਰਗੇ ਸ਼ਬਦ ਨਹੀਂ ਵਰਤੇ ਸਨ। ਸੋ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਇਸ ਮਿਸਾਲ ਵਿਚ ਸਮਝਾਇਆ ਗਿਆ ਹੈ ਕਿ ਪ੍ਰਚਾਰ ਦਾ ਕੰਮ ਬਹੁਤ ਜ਼ਰੂਰੀ ਹੈ?

9 ਇਸ ਸਵਾਲ ਦਾ ਜਵਾਬ ਜਾਣਨ ਲਈ ਸਾਨੂੰ ਪਹਿਲਾਂ ਇਹ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਯਿਸੂ ਮਿਸਾਲ ਰਾਹੀਂ ਇਕ ਸਬਕ ਸਿਖਾ ਰਿਹਾ ਸੀ। ਇਸ ਮਿਸਾਲ ਵਿਚ ਉਹ ਅਸਲੀ ਭੇਡਾਂ ਅਤੇ ਬੱਕਰੀਆਂ ਦੀ ਗੱਲ ਨਹੀਂ ਕਰ ਰਿਹਾ ਸੀ। ਇਸੇ ਤਰ੍ਹਾਂ ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਹਰ ਮਸੀਹੀ ਨੂੰ ਤਾਂ ਹੀ ਭੇਡ ਸਮਝਿਆ ਜਾਵੇਗਾ ਜੇ ਉਹ ਯਿਸੂ ਦੇ ਕਿਸੇ ਭਰਾ ਨੂੰ ਖਾਣਾ ਤੇ ਕੱਪੜੇ ਦੇਵੇ, ਬੀਮਾਰ ਦੀ ਦੇਖ-ਭਾਲ ਕਰੇ ਜਾਂ ਜੇਲ੍ਹ ਵਿਚ ਜਾ ਕੇ ਉਸ ਨੂੰ ਮਿਲੇ। ਇੱਥੇ ਯਿਸੂ ਦੱਸ ਰਿਹਾ ਸੀ ਕਿ “ਧਰਮੀ” ਲੋਕ ਭੇਡਾਂ ਵਰਗੇ ਹਨ ਕਿਉਂਕਿ ਉਹ ਮੰਨਦੇ ਹਨ ਕਿ ਚੁਣੇ ਹੋਏ ਮਸੀਹੀ ਯਿਸੂ ਦੇ ਭਰਾ ਹਨ ਤੇ ਮੁਸ਼ਕਲਾਂ ਭਰੇ ਆਖ਼ਰੀ ਦਿਨਾਂ ਦੌਰਾਨ ਉਨ੍ਹਾਂ ਦੇ ਵਫ਼ਾਦਾਰ ਰਹਿੰਦੇ ਹਨ।—ਮੱਤੀ 10:40-42; 25:40, 46; 2 ਤਿਮੋ. 3:1-5.

10. ਭੇਡਾਂ ਵਰਗੇ ਲੋਕ ਮਸੀਹ ਦੇ ਭਰਾਵਾਂ ਦੀ ਮਦਦ ਕਿਵੇਂ ਕਰ ਸਕਦੇ ਹਨ?

10 ਜਦੋਂ ਯਿਸੂ ਨੇ ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਦਿੱਤੀ, ਤਾਂ ਉਹ ਦੱਸ ਰਿਹਾ ਸੀ ਕਿ ਆਖ਼ਰੀ ਸਮੇਂ ਦੌਰਾਨ ਕੀ ਹੋਵੇਗਾ। (ਮੱਤੀ 24:3) ਮਿਸਾਲ ਲਈ, ਉਸ ਨੇ ਕਿਹਾ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ।” (ਮੱਤੀ 24:14) ਫਿਰ ਯਿਸੂ ਨੇ ਭੇਡਾਂ ਅਤੇ ਬੱਕਰੀਆਂ ਬਾਰੇ ਗੱਲ ਕਰਨ ਤੋਂ ਪਹਿਲਾਂ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਦਿੱਤੀ ਸੀ। ਯਿਸੂ ਨੇ ਇਹ ਮਿਸਾਲ ਦੇ ਕੇ ਸਿਖਾਇਆ ਸੀ ਕਿ ਚੁਣੇ ਹੋਏ ਭਰਾਵਾਂ ਨੂੰ ਪ੍ਰਚਾਰ ਦੇ ਕੰਮ ਵਿਚ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਪਰ ਧਰਤੀ ’ਤੇ ਚੁਣੇ ਹੋਏ ਮਸੀਹੀਆਂ ਦੀ ਗਿਣਤੀ ਬਹੁਤ ਥੋੜ੍ਹੀ ਰਹਿ ਗਈ ਹੈ ਤੇ ਕੰਮ ਅਜੇ ਬਹੁਤ ਪਿਆ ਹੈ। ਚੁਣੇ ਹੋਏ ਮਸੀਹੀਆਂ ਨੂੰ ਕਿਹਾ ਗਿਆ ਕਿ ਅੰਤ ਆਉਣ ਤੋਂ ਪਹਿਲਾਂ ਉਹ “ਸਾਰੀਆਂ ਕੌਮਾਂ” ਨੂੰ ਪ੍ਰਚਾਰ ਕਰਨ। ਜਿੱਦਾਂ ਅਸੀਂ ਭੇਡਾਂ ਤੇ ਬੱਕਰੀਆਂ ਦੀ ਮਿਸਾਲ ਤੋਂ ਸਿੱਖਿਆ ਕਿ “ਭੇਡਾਂ” ਵਰਗੇ ਲੋਕ ਯਿਸੂ ਦੇ ਭਰਾਵਾਂ ਦੀ ਮਦਦ ਕਰਨਗੇ। ਯਿਸੂ ਦੇ ਭਰਾਵਾਂ ਦੀ ਹੋਰ ਕੰਮਾਂ ਵਿਚ ਮਦਦ ਕਰਨ ਦੇ ਨਾਲ-ਨਾਲ ਅਸੀਂ ਪ੍ਰਚਾਰ ਦੇ ਕੰਮ ਵਿਚ ਵੀ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਪਰ ਕੀ ਸਿਰਫ਼ ਇਸ ਕੰਮ ਲਈ ਪੈਸੇ ਦਾਨ ਕਰਨੇ ਜਾਂ ਉਨ੍ਹਾਂ ਨੂੰ ਪ੍ਰਚਾਰ ਦਾ ਕੰਮ ਕਰਨ ਦੀ ਹੱਲਾਸ਼ੇਰੀ ਦੇਣੀ ਹੀ ਕਾਫ਼ੀ ਹੈ?

ਕਿਨ੍ਹਾਂ ਨੇ ਪ੍ਰਚਾਰ ਕਰਨਾ ਹੈ?

11. ਕੁਝ ਸ਼ਾਇਦ ਕਿਹੜਾ ਸਵਾਲ ਪੁੱਛਣ ਤੇ ਕਿਉਂ?

11 ਅੱਜ ਲਗਭਗ 80 ਲੱਖ ਤੋਂ ਜ਼ਿਆਦਾ ਯਿਸੂ ਦੇ ਚੇਲੇ ਹਨ ਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਮਸੀਹੀ ਚੁਣੇ ਹੋਏ ਨਹੀਂ ਹਨ। ਯਿਸੂ ਨੇ ਸਿਰਫ਼ ਆਪਣੇ ਚੁਣੇ ਹੋਏ ਭਰਾਵਾਂ ਨੂੰ ਚਾਂਦੀ ਦੇ ਸਿੱਕੇ ਦਿੱਤੇ ਸਨ, ਨਾ ਕਿ ਸਾਰੇ ਚੇਲਿਆਂ ਨੂੰ। (ਮੱਤੀ 25:14-18) ਸੋ ਕੁਝ ਸ਼ਾਇਦ ਪੁੱਛਣ: ‘ਜੇ ਯਿਸੂ ਨੇ ਉਨ੍ਹਾਂ ਨੂੰ ਚਾਂਦੀ ਦੇ ਸਿੱਕੇ ਨਹੀਂ ਦਿੱਤੇ, ਤਾਂ ਕੀ ਸੱਚ-ਮੁੱਚ ਉਨ੍ਹਾਂ ਨੂੰ ਪ੍ਰਚਾਰ ਕਰਨ ਦੀ ਲੋੜ ਹੈ?’ ਜੀ ਹਾਂ। ਆਓ ਦੇਖੀਏ ਕਿਉਂ।

12. ਮੱਤੀ 28:19, 20 ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖਦੇ ਹਾਂ?

12 ਯਿਸੂ ਨੇ ਆਪਣੇ ਸਾਰੇ ਚੇਲਿਆਂ ਨੂੰ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਸੀ। ਯਿਸੂ ਨੇ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਆਪਣੇ ਚੁਣੇ ਹੋਏ ਚੇਲਿਆਂ ਨੂੰ ਹੁਕਮ ਦਿੱਤਾ ਸੀ ਕਿ ਉਹ “ਚੇਲੇ” ਬਣਾਉਣ ਤੇ ਉਨ੍ਹਾਂ ਨੂੰ ‘ਸਾਰੀਆਂ’ ਗੱਲਾਂ ਸਿਖਾਉਣ। ਸੋ ਅੱਗੋਂ ਬਣਨ ਵਾਲੇ ਨਵੇਂ ਚੇਲਿਆਂ ਨੇ ਵੀ ਪ੍ਰਚਾਰ ਕਰਨ ਦਾ ਇਹ ਹੁਕਮ ਮੰਨਣਾ ਸੀ। (ਮੱਤੀ 28:19, 20 ਪੜ੍ਹੋ।) ਇਸ ਲਈ ਮਸੀਹ ਦੇ ਸਾਰੇ ਚੇਲਿਆਂ ਨੂੰ ਪ੍ਰਚਾਰ ਕਰਨ ਦੀ ਲੋੜ ਹੈ ਚਾਹੇ ਉਨ੍ਹਾਂ ਦੀ ਉਮੀਦ ਸਵਰਗ ਜਾਣ ਦੀ ਹੈ ਜਾਂ ਧਰਤੀ ’ਤੇ ਰਹਿਣ ਦੀ।—ਰਸੂ. 10:42.

13. ਯੂਹੰਨਾ ਵੱਲੋਂ ਦੇਖੇ ਦਰਸ਼ਣ ਤੋਂ ਅਸੀਂ ਕੀ ਸਿੱਖਦੇ ਹਾਂ?

13 ਪ੍ਰਕਾਸ਼ ਦੀ ਕਿਤਾਬ ਦੱਸਦੀ ਹੈ ਕਿ ਪ੍ਰਚਾਰ ਦਾ ਕੰਮ ਚੁਣੇ ਹੋਏ ਮਸੀਹੀ ਤੇ ਹੋਰ ਭੇਡਾਂ ਕਰਨਗੀਆਂ। ਯਿਸੂ ਨੇ ਯੂਹੰਨਾ ਰਸੂਲ ਨੂੰ “ਲਾੜੀ” ਦਾ ਦਰਸ਼ਣ ਦਿਖਾਇਆ ਜੋ ਲੋਕਾਂ ਨੂੰ ਜ਼ਿੰਦਗੀ ਦੇਣ ਵਾਲਾ ਜਲ ਪੀਣ ਦਾ ਸੱਦਾ ਦਿੰਦੀ ਹੈ। ਲਾੜੀ ਚੁਣੇ ਹੋਏ 1,44,000 ਮਸੀਹੀਆਂ ਨੂੰ ਦਰਸਾਉਂਦੀ ਹੈ ਜੋ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ। (ਪ੍ਰਕਾ. 14:1, 3; 22:17) ਜਲ ਯਿਸੂ ਦੀ ਕੁਰਬਾਨੀ ਨੂੰ ਦਰਸਾਉਂਦਾ ਹੈ ਜੋ ਲੋਕਾਂ ਨੂੰ ਪਾਪ ਤੇ ਮੌਤ ਤੋਂ ਬਿਨਾਂ ਜ਼ਿੰਦਗੀ ਦੇਣ ਦਾ ਵਾਅਦਾ ਕਰਦਾ ਹੈ। (ਮੱਤੀ 20:28; ਯੂਹੰ. 3:16; 1 ਯੂਹੰ. 4:9, 10) ਚੁਣੇ ਹੋਏ ਮਸੀਹੀ ਜੋਸ਼ ਨਾਲ ਲੋਕਾਂ ਨੂੰ ਇਸ ਕੁਰਬਾਨੀ ਬਾਰੇ ਦੱਸਣ ਦੇ ਨਾਲ-ਨਾਲ ਇਹ ਵੀ ਦੱਸਦੇ ਹਨ ਕਿ ਉਹ ਇਸ ਕੁਰਬਾਨੀ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹਨ। (1 ਕੁਰਿੰ. 1:23) ਪਰ ਦਰਸ਼ਣ ਵਿਚ ਇਕ ਹੋਰ ਗਰੁੱਪ ਬਾਰੇ ਵੀ ਦੱਸਿਆ ਗਿਆ ਹੈ ਜੋ ਚੁਣੇ ਹੋਏ ਮਸੀਹੀ ਨਹੀਂ ਹਨ, ਪਰ ਉਨ੍ਹਾਂ ਨੂੰ ਧਰਤੀ ’ਤੇ ਰਹਿਣ ਦੀ ਉਮੀਦ ਦਿੱਤੀ ਗਈ ਹੈ। ਉਨ੍ਹਾਂ ਨੂੰ ਵੀ ਲੋਕਾਂ ਨੂੰ ਸੱਦਾ ਦੇਣ ਦਾ ਹੁਕਮ ਦਿੱਤਾ ਗਿਆ ਹੈ। ਉਹ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਹੁਕਮ ਦੀ ਪਾਲਣਾ ਕਰਦੇ ਹਨ। ਸੋ ਇਸ ਦਰਸ਼ਣ ਤੋਂ ਪਤਾ ਲੱਗਦਾ ਹੈ ਕਿ ਖ਼ੁਸ਼ ਖ਼ਬਰੀ ਦਾ ਸੰਦੇਸ਼ ਕਬੂਲ ਕਰਨ ਵਾਲੇ ਸਾਰੇ ਮਸੀਹੀਆਂ ਨੂੰ ਦੂਜਿਆਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ।

14. ਅਸੀਂ “ਮਸੀਹ ਦਾ ਕਾਨੂੰਨ” ਕਿਵੇਂ ਮੰਨਦੇ ਹਾਂ?

14 “ਮਸੀਹ ਦਾ ਕਾਨੂੰਨ” ਮੰਨਣ ਵਾਲਿਆਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ। (ਗਲਾ. 6:2) ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸਾਰੇ ਭਗਤ ਇੱਕੋ ਜਿਹੇ ਕਾਨੂੰਨਾਂ ਦੀ ਪਾਲਣਾ ਕਰਨ। ਪੁਰਾਣੇ ਸਮੇਂ ਵਿਚ ਪਰਮੇਸ਼ੁਰ ਇਜ਼ਰਾਈਲੀਆਂ ਤੇ ਉਨ੍ਹਾਂ ਨਾਲ ਰਹਿਣ ਵਾਲੇ ਪਰਦੇਸੀਆਂ ਤੋਂ ਉਮੀਦ ਕਰਦਾ ਸੀ ਕਿ ਉਹ ਉਸ ਦੇ ਕਾਨੂੰਨਾਂ ਦੀ ਪਾਲਣਾ ਕਰਨ। (ਕੂਚ 12:49; ਲੇਵੀ. 24:22) ਬਿਨਾਂ ਸ਼ੱਕ ਅੱਜ ਸਾਨੂੰ ਇਜ਼ਰਾਈਲੀਆਂ ਨੂੰ ਦਿੱਤੇ ਸਾਰੇ ਕਾਨੂੰਨ ਮੰਨਣ ਦੀ ਲੋੜ ਨਹੀਂ ਹੈ। ਇਸ ਦੀ ਬਜਾਇ, ਸਾਨੂੰ “ਮਸੀਹ ਦਾ ਕਾਨੂੰਨ” ਮੰਨਣਾ ਚਾਹੀਦਾ ਹੈ, ਚਾਹੇ ਅਸੀਂ ਚੁਣੇ ਹੋਏ ਮਸੀਹੀ ਹਾਂ ਜਾਂ ਨਹੀਂ। ਬਹੁਤ ਸਾਰੀਆਂ ਅਹਿਮ ਗੱਲਾਂ ਵਿੱਚੋਂ ਯਿਸੂ ਨੇ ਸਾਨੂੰ ਪਿਆਰ ਕਰਨਾ ਸਿਖਾਇਆ। (ਯੂਹੰ. 13:35; ਯਾਕੂ. 2:8) ਸਾਨੂੰ ਯਹੋਵਾਹ, ਯਿਸੂ ਤੇ ਲੋਕਾਂ ਨੂੰ ਪਿਆਰ ਕਰਨਾ ਚਾਹੀਦਾ ਹੈ। ਪਿਆਰ ਦਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ, ਦੂਜਿਆਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਦੱਸਣਾ।—ਯੂਹੰ. 15:10; ਰਸੂ. 1:8.

15. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਨੇ ਆਪਣੇ ਸਾਰੇ ਚੇਲਿਆਂ ਨੂੰ ਪ੍ਰਚਾਰ ਕਰਨ ਦਾ ਹੁਕਮ ਦਿੱਤਾ ਸੀ?

15 ਥੋੜ੍ਹੇ ਚੇਲਿਆਂ ਨੂੰ ਕਹੀਆਂ ਯਿਸੂ ਦੀਆਂ ਗੱਲਾਂ ਕਈ ਵਾਰ ਬਹੁਤ ਸਾਰੇ ਚੇਲਿਆਂ ’ਤੇ ਲਾਗੂ ਕੀਤੀਆਂ ਜਾ ਸਕਦੀਆਂ ਹਨ। ਮਿਸਾਲ ਲਈ, ਯਿਸੂ ਨੇ ਸਿਰਫ਼ ਆਪਣੇ 11 ਚੇਲਿਆਂ ਨਾਲ ਇਕਰਾਰ ਕੀਤਾ ਸੀ ਕਿ ਉਹ ਉਸ ਨਾਲ ਸਵਰਗ ਵਿਚ ਰਾਜ ਕਰਨਗੇ। ਪਰ ਅਸਲ ਵਿਚ 1,44,000 ਜਣੇ ਉਸ ਨਾਲ ਰਾਜ ਕਰਨਗੇ। (ਲੂਕਾ 22:29, 30; ਪ੍ਰਕਾ. 5:10; 7:4-8) ਯਿਸੂ ਦੇ ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਸਿਰਫ਼ ਕੁਝ ਚੇਲਿਆਂ ਨੇ ਹੀ ਪ੍ਰਚਾਰ ਕਰਨ ਦਾ ਹੁਕਮ ਉਸ ਦੇ ਮੂੰਹੋਂ ਸੁਣਿਆ ਸੀ। (ਰਸੂ. 10:40-42; 1 ਕੁਰਿੰ. 15:6) ਪਰ ਪਹਿਲੀ ਸਦੀ ਵਿਚ ਯਿਸੂ ਦੇ ਸਾਰੇ ਚੇਲਿਆਂ ਨੇ ਉਸ ਦਾ ਇਹ ਹੁਕਮ ਮੰਨਿਆ ਸੀ। (ਰਸੂ. 8:4; 1 ਪਤ. 1:8) ਅੱਜ ਸਾਨੂੰ ਵੀ ਪ੍ਰਚਾਰ ਕਰਨਾ ਚਾਹੀਦਾ ਹੈ ਭਾਵੇਂ ਕਿ ਅਸੀਂ ਯਿਸੂ ਦੇ ਇਸ ਹੁਕਮ ਨੂੰ ਉਸ ਦੇ ਮੂੰਹੋਂ ਨਹੀਂ ਸੁਣਿਆ ਹੈ। ਦਰਅਸਲ ਲਗਭਗ 80 ਲੱਖ ਲੋਕ ਪ੍ਰਚਾਰ ਦਾ ਇਹ ਕੰਮ ਕਰ ਰਹੇ ਹਨ। ਸਾਨੂੰ ਪਤਾ ਹੈ ਕਿ ਪ੍ਰਚਾਰ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਿਸੂ ’ਤੇ ਸੱਚ-ਮੁੱਚ ਨਿਹਚਾ ਰੱਖਦੇ ਹਾਂ।—ਯਾਕੂ. 2:18.

ਹੁਣ ਵਫ਼ਾਦਾਰੀ ਦਿਖਾਉਣ ਦਾ ਸਮਾਂ ਹੈ

16-18. ਅਸੀਂ ਮਸੀਹ ਦੇ ਭਰਾਵਾਂ ਦੀ ਵਫ਼ਾਦਾਰੀ ਨਾਲ ਮਦਦ ਕਿਵੇਂ ਕਰ ਸਕਦੇ ਹਾਂ ਅਤੇ ਸਾਨੂੰ ਹੁਣ ਇਸ ਤਰ੍ਹਾਂ ਕਿਉਂ ਕਰਨਾ ਚਾਹੀਦਾ ਹੈ?

16 ਸ਼ੈਤਾਨ ਧਰਤੀ ’ਤੇ ਰਹਿ ਰਹੇ ਯਿਸੂ ਦੇ ਚੁਣੇ ਹੋਏ ਭਰਾਵਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਲੜਾਈ ਕਰ ਰਿਹਾ ਹੈ ਅਤੇ ਉਸ ਨੂੰ ਪਤਾ ਹੈ ਕਿ ਉਸ ਕੋਲ “ਥੋੜ੍ਹਾ ਹੀ ਸਮਾਂ” ਬਾਕੀ ਰਹਿ ਗਿਆ ਹੈ। (ਪ੍ਰਕਾ. 12:9, 12, 17) ਸ਼ੈਤਾਨ ਦੇ ਹਮਲਿਆਂ ਦੇ ਬਾਵਜੂਦ ਵੀ ਚੁਣੇ ਹੋਏ ਮਸੀਹੀ ਪ੍ਰਚਾਰ ਦੇ ਕੰਮ ਦੀ ਅਗਵਾਈ ਕਰ ਰਹੇ ਹਨ ਅਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾ ਰਹੀ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਚੁਣੇ ਹੋਏ ਮਸੀਹੀਆਂ ਨਾਲ ਹੈ ਤੇ ਉਹ ਉਨ੍ਹਾਂ ਦੀ ਅਗਵਾਈ ਕਰ ਰਿਹਾ ਹੈ।—ਮੱਤੀ 28:20.

17 ਅਸੀਂ ਪ੍ਰਚਾਰ ਵਿਚ ਮਸੀਹ ਦੇ ਭਰਾਵਾਂ ਦੀ ਮਦਦ ਕਰਨ ਨੂੰ ਸਨਮਾਨ ਦੀ ਗੱਲ ਸਮਝਦੇ ਹਾਂ। ਅਸੀਂ ਦਾਨ ਦੇ ਕੇ ਅਤੇ ਕਿੰਗਡਮ ਹਾਲ, ਅਸੈਂਬਲੀ ਹਾਲ ਤੇ ਬ੍ਰਾਂਚ ਆਫ਼ਿਸ ਬਣਾਉਣ ਦੇ ਕੰਮ ਵਿਚ ਸਖ਼ਤ ਮਿਹਨਤ ਕਰ ਕੇ ਵੀ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਜਦੋਂ ਅਸੀਂ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵੱਲੋਂ ਨਿਯੁਕਤ ਕੀਤੇ ਬਜ਼ੁਰਗਾਂ ਤੇ ਹੋਰ ਭਰਾਵਾਂ ਦਾ ਕਹਿਣਾ ਮੰਨਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਮਸੀਹ ਦੇ ਭਰਾਵਾਂ ਦੀ ਮਦਦ ਕਰਨੀ ਚਾਹੁੰਦੇ ਹਾਂ।—ਮੱਤੀ 24:45-47; ਇਬ. 13:17.

ਭੇਡਾਂ ਵਰਗੇ ਲੋਕ ਅਲੱਗ-ਅਲੱਗ ਤਰੀਕਿਆਂ ਨਾਲ ਮਸੀਹ ਦੇ ਭਰਾਵਾਂ ਦੀ ਮਦਦ ਕਰਦੇ ਹਨ (ਪੈਰਾ 17 ਦੇਖੋ)

18 ਜਲਦੀ ਹੀ ਬਾਕੀ ਰਹਿ ਗਏ ਚੁਣੇ ਹੋਏ ਮਸੀਹੀਆਂ ’ਤੇ ਆਖ਼ਰੀ ਮੁਹਰ ਲੱਗ ਜਾਵੇਗੀ। ਫਿਰ ਦੂਤ ਜਾ ਕੇ “ਧਰਤੀ ਦੀਆਂ ਚਾਰੇ ਹਵਾਵਾਂ” ਨੂੰ ਛੱਡ ਦੇਣਗੇ ਅਤੇ ਮਹਾਂਕਸ਼ਟ ਸ਼ੁਰੂ ਹੋ ਜਾਵੇਗਾ। (ਪ੍ਰਕਾ. 7:1-3) ਆਰਮਾਗੇਡਨ ਸ਼ੁਰੂ ਹੋਣ ਤੋਂ ਪਹਿਲਾਂ ਯਿਸੂ ਚੁਣੇ ਹੋਏ ਮਸੀਹੀਆਂ ਨੂੰ ਸਵਰਗ ਲੈ ਜਾਵੇਗਾ। (ਮੱਤੀ 13:41-43) ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਯਿਸੂ ਭੇਡਾਂ ਵਜੋਂ ਸਾਡਾ ਨਿਆਂ ਕਰੇ, ਤਾਂ ਹੁਣ ਹੀ ਸਮਾਂ ਹੈ ਕਿ ਅਸੀਂ ਮਸੀਹ ਦੇ ਚੁਣੇ ਹੋਏ ਭਰਾਵਾਂ ਦੇ ਵਫ਼ਾਦਾਰ ਰਹੀਏ।

^ ਪੈਰਾ 6 ਇਸ ਮਿਸਾਲ ਬਾਰੇ ਹੋਰ ਜਾਣਨ ਲਈ 1 ਅਕਤੂਬਰ 1995 ਦੇ ਪਹਿਰਾਬੁਰਜ ਵਿਚ “ਤੁਸੀਂ ਨਿਆਉਂ-ਗੱਦੀ ਦੇ ਅੱਗੇ ਕਿਵੇਂ ਖੜ੍ਹੇ ਹੋਵੋਗੇ?” ਅਤੇ “ਭੇਡਾਂ ਅਤੇ ਬੱਕਰੀਆਂ ਦੇ ਲਈ ਕੀ ਭਵਿੱਖ?” ਨਾਂ ਦੇ ਲੇਖ ਦੇਖੋ।