ਮੰਡਲੀ ਵਿੱਚੋਂ ਛੇਕਿਆ ਜਾਣਾ ਪਿਆਰ ਦਾ ਸਬੂਤ —ਕਿਉਂ?
ਹੂਲੀਯਾਨ ਨਾਂ ਦਾ ਭਰਾ ਦੱਸਦਾ ਹੈ: “ਜਦੋਂ ਮੈਂ ਮੰਡਲੀ ਵਿਚ ਘੋਸ਼ਣਾ ਸੁਣੀ ਕਿ ਮੇਰੇ ਮੁੰਡੇ ਨੂੰ ਛੇਕ ਦਿੱਤਾ ਗਿਆ ਸੀ, ਤਾਂ ਮੇਰੀ ਦੁਨੀਆਂ ਹੀ ਉਜੜ ਗਈ। ਉਹ ਮੇਰਾ ਪਹਿਲਾ ਬੱਚਾ ਸੀ ਅਤੇ ਸਾਡਾ ਆਪਸ ਵਿਚ ਬਹੁਤ ਪਿਆਰ ਸੀ। ਉਹ ਹਮੇਸ਼ਾ ਹੀ ਬੀਬਾ ਪੁੱਤ ਰਿਹਾ, ਪਰ ਫਿਰ ਅਚਾਨਕ ਉਹ ਗ਼ਲਤ ਰਾਹ ਪੈ ਗਿਆ। ਮੇਰੀ ਪਤਨੀ ਰੋਂਦੀ ਰਹਿੰਦੀ ਸੀ ਤੇ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਮੈਂ ਉਸ ਨੂੰ ਕਿਵੇਂ ਦਿਲਾਸਾ ਦਿਆਂ। ਸਾਡੇ ਮਨ ਵਿਚ ਵਾਰ-ਵਾਰ ਇਹ ਸਵਾਲ ਆਉਂਦਾ ਰਿਹਾ ਕਿ ਉਸ ਦੀ ਪਰਵਰਿਸ਼ ਕਰਨ ਵਿਚ ਕੀ ਕਮੀ ਰਹੀ ਗਈ ਸੀ।”
ਕਿਸੇ ਮਸੀਹੀ ਨੂੰ ਮੰਡਲੀ ਵਿੱਚੋਂ ਛੇਕੇ ਜਾਣ ਕਰਕੇ ਜੇ ਇੰਨਾ ਦਰਦ ਹੁੰਦਾ ਹੈ, ਤਾਂ ਫਿਰ ਇਹ ਪਿਆਰ ਦਾ ਸਬੂਤ ਕਿੱਦਾਂ ਹੋਇਆ? ਬਾਈਬਲ ਵਿਚ ਕਿਸੇ ਨੂੰ ਛੇਕਣ ਦੇ ਕਿਹੜੇ ਕਾਰਨ ਦਿੱਤੇ ਗਏ ਹਨ? ਕਿਸੇ ਵਿਅਕਤੀ ਨੂੰ ਕਿਉਂ ਛੇਕਿਆ ਜਾਂਦਾ ਹੈ?
ਛੇਕੇ ਜਾਣ ਦੇ ਦੋ ਕਾਰਨ
ਕਿਸੇ ਯਹੋਵਾਹ ਦੇ ਗਵਾਹ ਨੂੰ ਦੋ ਗੱਲਾਂ ਕਰਕੇ ਮੰਡਲੀ ਵਿੱਚੋਂ ਛੇਕਿਆ ਜਾਂਦਾ ਹੈ। ਪਹਿਲੀ, ਇਕ ਬਪਤਿਸਮਾ-ਪ੍ਰਾਪਤ ਗਵਾਹ ਗੰਭੀਰ ਪਾਪ ਕਰਦਾ ਹੈ। ਦੂਸਰੀ, ਉਹ ਆਪਣੇ ਪਾਪ ਤੋਂ ਤੋਬਾ ਨਹੀਂ ਕਰਦਾ।
ਭਾਵੇਂ ਯਹੋਵਾਹ ਇਹ ਮੰਗ ਨਹੀਂ ਕਰਦਾ ਕਿ ਅਸੀਂ ਬਿਲਕੁਲ ਵੀ ਗ਼ਲਤੀ ਨਾ ਕਰੀਏ, ਪਰ ਉਹ ਉਮੀਦ ਰੱਖਦਾ ਹੈ ਕਿ ਅਸੀਂ ਉਸ ਦੇ ਪਵਿੱਤਰਤਾ ਦੇ ਮਿਆਰਾਂ ਉੱਤੇ ਖਰੇ ਉੱਤਰੀਏ। ਮਿਸਾਲ ਲਈ, ਉਹ ਜ਼ੋਰ ਦਿੰਦਾ ਹੈ ਕਿ ਅਸੀਂ ਹਰਾਮਕਾਰੀ, ਮੂਰਤੀ-ਪੂਜਾ, ਚੋਰੀ, ਲੁੱਟ-ਖਸੁੱਟ, ਕਤਲ ਅਤੇ ਜਾਦੂਗਰੀ ਵਰਗੇ ਗੰਭੀਰ ਪਾਪਾਂ ਤੋਂ ਦੂਰ ਰਹੀਏ।—1 ਕੁਰਿੰ. 6:9, 10; ਪ੍ਰਕਾ. 21:8.
ਤੁਸੀਂ ਜ਼ਰੂਰ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਯਹੋਵਾਹ ਦੇ ਪਵਿੱਤਰਤਾ ਦੇ ਮਿਆਰ ਇੰਨੇ ਉੱਚੇ ਨਹੀਂ ਕਿ ਅਸੀਂ ਇਨ੍ਹਾਂ ’ਤੇ ਪੂਰੇ ਨਾ ਉੱਤਰ ਸਕੀਏ। ਨਾਲੇ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਇਹ ਮਿਆਰ ਸਾਡੇ ਭਲੇ ਲਈ ਹਨ। ਹਰ ਕੋਈ ਸ਼ਾਂਤੀ-ਪਸੰਦ, ਭਰੋਸੇਮੰਦ ਤੇ ਚੰਗੇ ਲੋਕਾਂ ਵਿਚ ਰਹਿਣਾ ਚਾਹੁੰਦਾ ਹੈ। ਇਹ ਗੁਣ ਸਾਡੇ ਮਸੀਹੀ ਭੈਣਾਂ-ਭਰਾਵਾਂ ਵਿਚ ਹਨ ਕਿਉਂਕਿ ਉਨ੍ਹਾਂ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਵੇਲੇ ਵਾਅਦਾ ਕੀਤਾ ਸੀ ਕਿ ਉਹ ਉਸ ਦੇ ਬਚਨ ਵਿਚ ਦਿੱਤੀਆਂ ਸਿੱਖਿਆਵਾਂ ਮੁਤਾਬਕ ਜ਼ਿੰਦਗੀ ਜੀਉਣਗੇ।
ਪਰ ਉਦੋਂ ਕੀ ਜਦੋਂ ਇਕ ਬਪਤਿਸਮਾ-ਪ੍ਰਾਪਤ ਮਸੀਹੀ ਕਿਸੇ ਕਮਜ਼ੋਰੀ ਕਰਕੇ ਗੰਭੀਰ ਪਾਪ ਕਰਦਾ ਹੈ? ਪੁਰਾਣੇ ਸਮੇਂ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੇ ਵੀ ਗ਼ਲਤ ਕੰਮ ਕੀਤੇ ਸਨ, ਪਰ ਯਹੋਵਾਹ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਹੀਂ ਤਿਆਗਿਆ ਸੀ। ਮਿਸਾਲ ਲਈ, ਰਾਜਾ ਦਾਊਦ ਨੇ ਕਿਸੇ ਹੋਰ ਦੀ ਪਤਨੀ ਨਾਲ ਹਰਾਮਕਾਰੀ ਕੀਤੀ ਸੀ ਅਤੇ ਇਕ ਕਤਲ ਕਰਵਾਇਆ ਸੀ। ਪਰ ਨਬੀ ਨਾਥਾਨ ਨੇ ਉਸ ਨੂੰ ਦੱਸਿਆ ਸੀ: ‘ਯਹੋਵਾਹ ਨੇ ਤੇਰਾ ਪਾਪ ਬਖਸ਼ਿਆ ਹੈ।’—2 ਸਮੂ. 12:13.
ਪਰਮੇਸ਼ੁਰ ਨੇ ਦਾਊਦ ਦਾ ਪਾਪ ਇਸ ਕਰਕੇ ਮਾਫ਼ ਕੀਤਾ ਸੀ ਕਿਉਂਕਿ ਦਾਊਦ ਨੇ ਸੱਚੇ ਦਿਲੋਂ ਤੋਬਾ ਕੀਤੀ ਸੀ। (ਜ਼ਬੂ. 32:1-5) ਇਸੇ ਤਰ੍ਹਾਂ ਯਹੋਵਾਹ ਦੇ ਕਿਸੇ ਸੇਵਕ ਨੂੰ ਉਦੋਂ ਹੀ ਮੰਡਲੀ ਵਿੱਚੋਂ ਛੇਕਿਆ ਜਾਂਦਾ ਹੈ ਜਦੋਂ ਉਹ ਤੋਬਾ ਨਹੀਂ ਕਰਦਾ ਜਾਂ ਗ਼ਲਤ ਕੰਮ ਕਰਨ ਵਿਚ ਲੱਗਾ ਰਹਿੰਦਾ ਹੈ। (ਰਸੂ. 3:19; 26:20) ਜੇ ਜੁਡੀਸ਼ਲ ਕਮੇਟੀ ਵਿਚ ਬੈਠੇ ਬਜ਼ੁਰਗਾਂ ਸਾਮ੍ਹਣੇ ਗ਼ਲਤੀ ਕਰਨ ਵਾਲਾ ਵਿਅਕਤੀ ਸੱਚੇ ਦਿਲੋਂ ਤੋਬਾ ਕਰਨ ਦਾ ਸਬੂਤ ਨਹੀਂ ਦਿੰਦਾ, ਤਾਂ ਉਸ ਵਿਅਕਤੀ ਨੂੰ ਛੇਕ ਦਿੱਤਾ ਜਾਵੇ।
ਪਹਿਲਾਂ-ਪਹਿਲਾਂ ਸ਼ਾਇਦ ਸਾਨੂੰ ਲੱਗੇ ਕਿ ਗ਼ਲਤੀ ਕਰਨ ਵਾਲੇ ਵਿਅਕਤੀ ਨੂੰ ਛੇਕ ਦੇਣ ਦਾ ਫ਼ੈਸਲਾ ਬਹੁਤ ਸਖ਼ਤ ਤੇ ਬੇਰਹਿਮ ਹੈ, ਖ਼ਾਸ ਤੌਰ ਤੇ ਜੇ ਉਸ ਵਿਅਕਤੀ ਨਾਲ ਸਾਡਾ ਨਜ਼ਦੀਕੀ ਰਿਸ਼ਤਾ ਹੈ।
ਪਰ ਯਹੋਵਾਹ ਦਾ ਬਚਨ ਸਾਨੂੰ ਇਸ ਗੱਲ ’ਤੇ ਯਕੀਨ ਰੱਖਣ ਦੇ ਠੋਸ ਕਾਰਨ ਦਿੰਦਾ ਹੈ ਕਿ ਇਹ ਫ਼ੈਸਲਾ ਪਿਆਰ ਦਾ ਸਬੂਤ ਹੈ।ਕਿਸੇ ਨੂੰ ਛੇਕਣ ਦੇ ਫ਼ਾਇਦੇ
ਤੋਬਾ ਨਾ ਕਰਨ ਵਾਲੇ ਵਿਅਕਤੀ ਨੂੰ ਛੇਕਣ ਦੇ ਬੁੱਧੀਮਤਾ ਭਰੇ ਫ਼ੈਸਲੇ ਦੇ ਚੰਗੇ ਨਤੀਜੇ ਨਿਕਲਦੇ ਹਨ। ਇਨ੍ਹਾਂ ਵਿੱਚੋਂ ਇਨ੍ਹਾਂ ਤਿੰਨ ਨਤੀਜਿਆਂ ’ਤੇ ਗੌਰ ਕਰੋ।
ਛੇਕਣ ਨਾਲ ਪਰਮੇਸ਼ੁਰ ਦੇ ਨਾਂ ਦਾ ਆਦਰ ਹੁੰਦਾ ਹੈ। ਅਸੀਂ ਯਹੋਵਾਹ ਦੇ ਨਾਂ ਤੋਂ ਜਾਣੇ ਜਾਂਦੇ ਹਾਂ, ਇਸ ਲਈ ਸਾਡੇ ਚਾਲ-ਚਲਣ ਦਾ ਉਸ ਦੇ ਨਾਂ ਉੱਤੇ ਜ਼ਰੂਰ ਅਸਰ ਪੈਂਦਾ ਹੈ। (ਯਸਾ. 43:10) ਉਦਾਹਰਣ ਲਈ, ਇਕ ਮੁੰਡੇ ਦੇ ਚਾਲ-ਚਲਣ ਕਰਕੇ ਉਸ ਦੇ ਮਾਤਾ-ਪਿਤਾ ਦੇ ਨਾਂ ਦਾ ਜਾਂ ਤਾਂ ਆਦਰ ਹੋ ਸਕਦਾ ਹੈ ਜਾਂ ਅਪਮਾਨ ਹੋ ਸਕਦਾ ਹੈ। ਉਸੇ ਤਰ੍ਹਾਂ ਯਹੋਵਾਹ ਦੇ ਲੋਕਾਂ ਦੀ ਚੰਗੀ ਜਾਂ ਬੁਰੀ ਮਿਸਾਲ ਦੇਖ ਕੇ ਲੋਕ ਉਸ ਬਾਰੇ ਕੁਝ ਹੱਦ ਤਕ ਰਾਇ ਕਾਇਮ ਕਰਨਗੇ। ਹਿਜ਼ਕੀਏਲ ਦੇ ਦਿਨਾਂ ਵਿਚ ਹੋਰ ਕੌਮਾਂ ਦੇ ਲੋਕ ਯਹੂਦੀਆਂ ਦਾ ਸੰਬੰਧ ਯਹੋਵਾਹ ਦੇ ਨਾਂ ਨਾਲ ਜੋੜਦੇ ਸਨ। (ਹਿਜ਼. 36:19-23) ਉਸੇ ਤਰ੍ਹਾਂ, ਅੱਜ ਦੁਨੀਆਂ ਦੇ ਲੋਕ ਯਹੋਵਾਹ ਦੇ ਗਵਾਹਾਂ ਦਾ ਸੰਬੰਧ ਯਹੋਵਾਹ ਦੇ ਨਾਂ ਨਾਲ ਜੋੜਦੇ ਹਨ। ਜੇ ਅਸੀਂ ਉਸ ਦੇ ਨੈਤਿਕ ਮਿਆਰਾਂ ਉੱਤੇ ਖਰੇ ਉੱਤਰਦੇ ਹਾਂ, ਤਾਂ ਉਸ ਦਾ ਨਾਂ ਰੌਸ਼ਨ ਹੁੰਦਾ ਹੈ।
ਜੇ ਅਸੀਂ ਹਰਾਮਕਾਰੀ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੇ ਨਾਂ ਨੂੰ ਬਦਨਾਮ ਕਰਦੇ ਹਾਂ। ਪਤਰਸ ਰਸੂਲ ਨੇ ਮਸੀਹੀਆਂ ਨੂੰ ਸਲਾਹ ਦਿੱਤੀ ਸੀ: “ਆਗਿਆਕਾਰ ਬੱਚਿਆਂ ਵਾਂਗ ਆਪਣੇ ਆਪ ਨੂੰ ਉਨ੍ਹਾਂ ਪੁਰਾਣੀਆਂ ਇੱਛਾਵਾਂ ਮੁਤਾਬਕ ਢਾਲਣਾ ਛੱਡ ਦਿਓ ਜੋ ਪਰਮੇਸ਼ੁਰ ਦਾ ਗਿਆਨ ਨਾ ਹੋਣ ਕਾਰਨ ਪਹਿਲਾਂ ਤੁਹਾਡੇ ਵਿਚ ਸਨ, ਪਰ ਪਵਿੱਤਰ ਪਰਮੇਸ਼ੁਰ ਵਾਂਗ ਜਿਸ ਨੇ ਤੁਹਾਨੂੰ ਸੱਦਿਆ ਹੈ, ਤੁਸੀਂ ਵੀ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣੋ ਕਿਉਂਕਿ ਲਿਖਿਆ ਹੈ: ‘ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ।’” (1 ਪਤ. 1:14-16) ਸ਼ੁੱਧ ਚਾਲ-ਚਲਣ ਕਰਕੇ ਯਹੋਵਾਹ ਦੇ ਨਾਂ ਦਾ ਆਦਰ ਹੁੰਦਾ ਹੈ।
ਜੇ ਯਹੋਵਾਹ ਦਾ ਕੋਈ ਗਵਾਹ ਕਿਸੇ ਗ਼ਲਤ ਕੰਮ ਵਿਚ ਲੱਗਾ ਰਹਿੰਦਾ ਹੈ, ਤਾਂ ਸ਼ਾਇਦ ਉਸ ਦੇ ਦੋਸਤਾਂ ਤੇ ਜਾਣ-ਪਛਾਣ ਵਾਲਿਆਂ ਨੂੰ ਇਸ ਬਾਰੇ ਪਤਾ ਲੱਗ ਜਾਵੇ। ਕਿਸੇ ਨੂੰ ਛੇਕਿਆ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਦੇ ਲੋਕ ਸ਼ੁੱਧ ਹਨ ਅਤੇ ਉਹ ਪਵਿੱਤਰਤਾ ਕਾਇਮ ਰੱਖਣ ਲਈ ਬਾਈਬਲ ਵਿਚ ਦਿੱਤੀਆਂ ਹਿਦਾਇਤਾਂ ਮੁਤਾਬਕ ਚੱਲਦੇ ਹਨ। ਇਕ ਵਾਰ ਸਵਿਟਜ਼ਰਲੈਂਡ ਵਿਚ ਇਕ ਅਣਜਾਣ ਆਦਮੀ ਨੇ ਕਿੰਗਡਮ ਹਾਲ ਆ ਕੇ ਕਿਹਾ ਕਿ ਉਹ ਮੰਡਲੀ ਦਾ ਮੈਂਬਰ ਬਣਨਾ ਚਾਹੁੰਦਾ ਸੀ। ਉਸ ਦੀ ਭੈਣ ਨੂੰ ਹਰਾਮਕਾਰੀ ਕਰਨ ਕਰਕੇ ਮੰਡਲੀ ਵਿੱਚੋਂ ਛੇਕਿਆ ਗਿਆ ਸੀ। ਉਸ ਨੇ ਕਿਹਾ ਕਿ ਉਹ ਅਜਿਹੇ ਸੰਗਠਨ ਦਾ ਮੈਂਬਰ ਬਣਨਾ ਚਾਹੁੰਦਾ ਸੀ ਜੋ “ਬੁਰੇ ਚਾਲ-ਚਲਣ ਨੂੰ ਬਰਦਾਸ਼ਤ ਨਹੀਂ ਕਰਦਾ।”
ਪਾਪੀ ਨੂੰ ਛੇਕਣ ਨਾਲ ਮਸੀਹੀ ਮੰਡਲੀ ਸ਼ੁੱਧ ਰਹਿੰਦੀ ਹੈ। ਪੌਲੁਸ ਰਸੂਲ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਖ਼ਬਰਦਾਰ ਕੀਤਾ ਸੀ ਕਿ ਜੇ ਉਨ੍ਹਾਂ ਨੇ ਜਾਣ-ਬੁੱਝ ਕੇ ਪਾਪ ਕਰਨ ਵਾਲੇ ਵਿਅਕਤੀਆਂ ਨੂੰ ਆਪਣੇ ਵਿਚ ਰਹਿਣ ਦਿੱਤਾ, ਤਾਂ ਉਨ੍ਹਾਂ ਨੂੰ ਕਿਹੜੇ ਖ਼ਤਰੇ ਹੋ ਸਕਦੇ ਸਨ। ਉਸ ਨੇ ਅਜਿਹੇ ਲੋਕਾਂ ਦੇ ਬੁਰੇ ਅਸਰ ਦੀ ਤੁਲਨਾ ਖਮੀਰ ਨਾਲ ਕੀਤੀ ਜਿਸ ਕਰਕੇ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ। ਉਸ ਨੇ ਕਿਹਾ ਸੀ: “ਥੋੜ੍ਹੇ ਜਿਹੇ ਖਮੀਰ ਨਾਲ ਆਟੇ ਦੀ ਪੂਰੀ ਤੌਣ ਖਮੀਰੀ ਹੋ ਜਾਂਦੀ ਹੈ।” ਫਿਰ ਉਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ: “ਆਪਣੇ ਵਿੱਚੋਂ ਦੁਸ਼ਟ ਇਨਸਾਨ ਨੂੰ ਕੱਢ ਦਿਓ।”—1 ਕੁਰਿੰ. 5:6, 11-13.
ਪੌਲੁਸ ਨੇ ਜਿਸ “ਦੁਸ਼ਟ ਇਨਸਾਨ” ਦਾ ਜ਼ਿਕਰ ਕੀਤਾ ਸੀ, ਉਹ ਸ਼ਰੇਆਮ ਹਰਾਮਕਾਰੀ ਕਰ ਰਿਹਾ ਸੀ। ਮੰਡਲੀ ਦੇ ਦੂਸਰੇ ਮੈਂਬਰ ਉਸ ਦੇ ਇਸ ਗ਼ਲਤ ਕੰਮ ਨੂੰ ਜਾਇਜ਼ ਠਹਿਰਾਉਣ ਲੱਗ ਪਏ ਸਨ। (1 ਕੁਰਿੰ. 5:1, 2) ਜੇ ਇਸ ਗੰਭੀਰ ਪਾਪ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ, ਤਾਂ ਸ਼ਾਇਦ ਹੋਰ ਮਸੀਹੀ ਵੀ ਆਪਣੇ ਸ਼ਹਿਰ ਦੇ ਅੱਤ ਬਦਚਲਣ ਲੋਕਾਂ ਵਾਂਗ ਗ਼ਲਤ ਕੰਮ ਕਰਨ ਲੱਗ ਪੈਂਦੇ। ਜਾਣ-ਬੁੱਝ ਕੇ ਕੀਤੇ ਪਾਪਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਸਾਰਿਆਂ ਨੂੰ ਇਹੋ ਲੱਗਣਾ ਸੀ ਕਿ ਪਰਮੇਸ਼ੁਰ ਦੇ ਮਿਆਰ ਤਾਂ ਐਵੇਂ ਹੀ ਸਨ। (ਉਪ. 8:11) ਇਸ ਤੋਂ ਇਲਾਵਾ, ਤੋਬਾ ਨਾ ਕਰਨ ਵਾਲੇ ਪਾਪੀ “ਪਾਣੀ ਵਿਚ ਲੁਕੇ ਹੋਏ ਪੱਥਰ” ਸਨ ਜਿਨ੍ਹਾਂ ਕਰਕੇ ਮੰਡਲੀ ਦੇ ਹੋਰ ਮਸੀਹੀਆਂ ਦੀ ਨਿਹਚਾ ਦੀ ਬੇੜੀ ਡੁੱਬ ਸਕਦੀ ਸੀ।—ਯਹੂ. 4, 12.
ਛੇਕੇ ਜਾਣ ਕਰਕੇ ਪਾਪੀ ਦੀ ਅਕਲ ਟਿਕਾਣੇ ਆ ਸਕਦੀ ਹੈ। ਯਿਸੂ ਨੇ ਇਕ ਵਾਰ ਇਕ ਨੌਜਵਾਨ ਦੀ ਉਦਾਹਰਣ ਦਿੱਤੀ ਸੀ। ਉਹ ਮੁੰਡਾ ਆਪਣੇ ਪਿਤਾ ਦਾ ਘਰ ਛੱਡ ਕੇ ਚਲਾ ਗਿਆ ਅਤੇ ਆਪਣੀ ਸਾਰੀ ਜਾਇਦਾਦ ਅਯਾਸ਼ੀ ਵਿਚ ਉਡਾ ਦਿੱਤੀ। ਉਜਾੜੂ ਪੁੱਤਰ ਨੇ ਦਰ-ਦਰ ਦੀਆਂ ਠੋਕਰਾਂ ਖਾ ਕੇ ਸਿੱਖਿਆ ਕਿ ਉਸ ਦੇ ਪਿਤਾ ਦੇ ਘਰ ਤੋਂ ਬਾਹਰ ਬੇਰਹਿਮ ਦੁਨੀਆਂ ਵਿਚ ਜ਼ਿੰਦਗੀ ਕੱਟਣੀ ਕਿੰਨੀ ਔਖੀ ਸੀ! ਫਿਰ ਅਕਲ ਟਿਕਾਣੇ ਆਉਣ ਤੇ ਉਸ ਨੇ ਆਪਣੇ ਪਰਿਵਾਰ ਕੋਲ ਵਾਪਸ ਜਾਣ ਦਾ ਫ਼ੈਸਲਾ ਕੀਤਾ। (ਲੂਕਾ 15:11-24) ਯਿਸੂ ਨੇ ਦੱਸਿਆ ਕਿ ਉਸ ਮੁੰਡੇ ਦੇ ਪਿਤਾ ਦਾ ਦਿਲ ਪਿਆਰ ਨਾਲ ਭਰਿਆ ਹੋਇਆ ਸੀ। ਜਦੋਂ ਉਸ ਨੇ ਦੇਖਿਆ ਕਿ ਉਸ ਦੇ ਮੁੰਡੇ ਨੇ ਆਪਣੇ ਆਪ ਨੂੰ ਬਦਲ ਲਿਆ ਸੀ, ਤਾਂ ਉਸ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਇਸੇ ਤਰ੍ਹਾਂ ਕਿਸੇ ਪਾਪੀ ਦੇ ਵਾਪਸ ਮੁੜ ਆਉਣ ਤੇ ਯਹੋਵਾਹ ਦਾ ਦਿਲ ਵੀ ਖ਼ੁਸ਼ੀ ਨਾਲ ਭਰ ਜਾਂਦਾ ਹੈ। ਉਹ ਸਾਨੂੰ ਭਰੋਸਾ ਦਿੰਦਾ ਹੈ: “ਦੁਸ਼ਟ ਦੀ ਮੌਤ ਵਿੱਚ ਮੈਨੂੰ ਕੋਈ ਖ਼ੁਸ਼ੀ ਨਹੀਂ, ਸਗੋਂ ਇਸ ਵਿੱਚ ਹੈ, ਕਿ ਦੁਸ਼ਟ ਆਪਣੀ ਰਾਹ ਤੋਂ ਮੁੜੇ, ਅਤੇ ਜੀਉਂਦਾ ਰਹੇ।”—ਹਿਜ਼. 33:11.
ਇਸੇ ਤਰ੍ਹਾਂ, ਪਰਮੇਸ਼ੁਰ ਦੇ ਪਰਿਵਾਰ ਯਾਨੀ ਮਸੀਹੀ ਮੰਡਲੀ ਵਿੱਚੋਂ ਕੱਢੇ ਗਏ ਵਿਅਕਤੀ ਨੂੰ ਸ਼ਾਇਦ ਅਹਿਸਾਸ ਹੋਵੇ ਕਿ ਉਸ ਨੇ ਕੀ ਗੁਆਇਆ ਹੈ। ਉਸ ਨੂੰ ਸ਼ਾਇਦ ਯਾਦ ਆਵੇ ਕਿ ਪਰਮੇਸ਼ੁਰ ਅਤੇ ਉਸ
ਦੇ ਲੋਕਾਂ ਨਾਲ ਚੰਗਾ ਰਿਸ਼ਤਾ ਹੋਣ ਕਰਕੇ ਉਸ ਦੀ ਜ਼ਿੰਦਗੀ ਵਿਚ ਕਿੰਨੀਆਂ ਖ਼ੁਸ਼ੀਆਂ ਸਨ। ਨਾਲੇ ਉਹ ਦੇਖੇ ਕਿ ਪਾਪ ਕਰਕੇ ਉਸ ਨੂੰ ਕਿੰਨੇ ਦੁੱਖ ਭੋਗਣੇ ਪੈ ਰਹੇ ਹਨ। ਇਨ੍ਹਾਂ ਗੱਲਾਂ ਕਰਕੇ ਸ਼ਾਇਦ ਉਸ ਦੀ ਅਕਲ ਟਿਕਾਣੇ ਆ ਜਾਵੇ।ਜੇ ਅਸੀਂ ਚਾਹੁੰਦੇ ਹਾਂ ਕਿ ਛੇਕੇ ਜਾਣ ਦਾ ਚੰਗਾ ਨਤੀਜਾ ਨਿਕਲੇ, ਤਾਂ ਸਾਨੂੰ ਪਿਆਰ ਦਿਖਾਉਣ ਅਤੇ ਇਰਾਦੇ ਦੇ ਪੱਕੇ ਰਹਿਣ ਦੀ ਲੋੜ ਹੈ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ ਸੀ: “ਧਰਮੀ ਮੈਨੂੰ ਮਾਰੇ, ਉਹ ਦੀ ਦਯਾ ਹੈ, ਉਹ ਮੈਨੂੰ ਦਬਕਾਵੇ, ਉਹ ਸਿਰ ਲਈ ਤੇਲ ਹੈ।” (ਜ਼ਬੂ. 141:5) ਕਲਪਨਾ ਕਰੋ ਕੋਈ ਜਣਾ ਰੋਟੀ ਖਾ ਰਿਹਾ ਹੈ ਅਤੇ ਖਾਂਦੇ-ਖਾਂਦੇ ਬੁਰਕੀ ਉਸ ਦੇ ਸੰਘ ਵਿਚ ਫਸ ਜਾਂਦੀ ਹੈ ਜਿਸ ਕਰਕੇ ਉਸ ਨੂੰ ਸਾਹ ਨਹੀਂ ਆਉਂਦਾ। ਜੇ ਕੋਈ ਤੁਰੰਤ ਉਸ ਦੀ ਮਦਦ ਨਹੀਂ ਕਰਦਾ, ਤਾਂ ਉਹ ਮਰ ਜਾਵੇਗਾ। ਫਿਰ ਇਕ ਦੋਸਤ ਉਸ ਦੀ ਪਿੱਠ ’ਤੇ ਜ਼ੋਰ-ਜ਼ੋਰ ਦੀ ਥੱਪੜ ਮਾਰਦਾ ਹੈ। ਹਾਲਾਂਕਿ ਥੱਪਣ ਨਾਲ ਸੱਟ ਤਾਂ ਲੱਗਦੀ ਹੈ, ਪਰ ਉਸ ਦੀ ਜਾਨ ਬਚ ਸਕਦੀ ਹੈ। ਇਸੇ ਤਰ੍ਹਾਂ ਦਾਊਦ ਨੂੰ ਅਹਿਸਾਸ ਹੋਇਆ ਕਿ ਧਰਮੀ ਇਨਸਾਨ ਵੱਲੋਂ ਦਿੱਤੀ ਤਾੜਨਾ ਤੋਂ ਸ਼ਾਇਦ ਉਸ ਨੂੰ ਦਰਦ ਹੋਵੇ, ਪਰ ਇਹ ਉਸ ਦੇ ਭਲੇ ਲਈ ਹੋਵੇਗੀ।
ਗ਼ਲਤੀ ਕਰਨ ਵਾਲੇ ਵਿਅਕਤੀ ਨੂੰ ਛੇਕੇ ਜਾਣ ਕਰਕੇ ਅਨੁਸ਼ਾਸਨ ਮਿਲਦਾ ਹੈ। ਭਰਾ ਹੂਲੀਯਾਨ ਦੇ ਮੁੰਡੇ ਨੇ ਲਗਭਗ ਦਸ ਸਾਲ ਬਾਅਦ ਆਪਣੇ ਆਪ ਨੂੰ ਸੁਧਾਰਿਆ ਅਤੇ ਮੰਡਲੀ ਵਿਚ ਵਾਪਸ ਆ ਗਿਆ ਅਤੇ ਹੁਣ ਉਹ ਬਜ਼ੁਰਗ ਦੇ ਤੌਰ ਤੇ ਸੇਵਾ ਕਰਦਾ ਹੈ। ਉਸ ਨੇ ਕਬੂਲ ਕੀਤਾ: “ਛੇਕੇ ਜਾਣ ਤੋਂ ਬਾਅਦ ਮੈਨੂੰ ਆਪਣੀ ਗ਼ਲਤੀ ਦੇ ਨਤੀਜੇ ਭੁਗਤਣੇ ਪਏ। ਮੈਨੂੰ ਇਸ ਅਨੁਸ਼ਾਸਨ ਦੀ ਲੋੜ ਸੀ।”—ਇਬ. 12:7-11.
ਛੇਕੇ ਗਏ ਵਿਅਕਤੀ ਨਾਲ ਪਿਆਰ ਨਾਲ ਪੇਸ਼ ਆਉਣਾ
ਇਹ ਸੱਚ ਹੈ ਕਿ ਛੇਕੇ ਗਏ ਵਿਅਕਤੀ ਦਾ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਨਾਲ ਰਿਸ਼ਤਾ ਟੁੱਟ ਜਾਂਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਰਿਸ਼ਤਾ ਹਮੇਸ਼ਾ ਲਈ ਟੁੱਟਿਆ ਰਹੇ। ਸਾਨੂੰ ਸਾਰਿਆਂ ਨੂੰ ਕੁਝ-ਨਾ-ਕੁਝ ਕਰਨਾ ਪਵੇਗਾ ਤਾਂਕਿ ਛੇਕੇ ਗਏ ਵਿਅਕਤੀ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਵੇ।
ਬਜ਼ੁਰਗਾਂ ਲਈ ਕਿਸੇ ਨੂੰ ਛੇਕੇ ਜਾਣ ਦੀ ਖ਼ਬਰ ਦੇਣੀ ਸੌਖੀ ਨਹੀਂ ਹੁੰਦੀ। ਪਰ ਉਹ ਯਹੋਵਾਹ ਵਾਂਗ ਪਿਆਰ ਦਿਖਾਉਂਦੇ ਹੋਏ ਛੇਕੇ ਗਏ ਵਿਅਕਤੀ ਨੂੰ ਸਾਫ਼-ਸਾਫ਼ ਦੱਸ ਸਕਦੇ ਹਨ ਕਿ ਉਸ ਨੂੰ ਮੰਡਲੀ ਵਿਚ ਮੁੜ ਬਹਾਲ ਹੋਣ ਲਈ ਕੀ ਕਰਨ ਦੀ ਲੋੜ ਹੈ। ਛੇਕੇ ਗਏ ਵਿਅਕਤੀਆਂ ਨੂੰ ਯਾਦ ਕਰਾਉਣ ਲਈ ਕਿ ਉਹ ਯਹੋਵਾਹ ਕੋਲ ਵਾਪਸ ਕਿੱਦਾਂ ਆ ਸਕਦੇ ਹਨ, ਬਜ਼ੁਰਗ ਸਮੇਂ-ਸਮੇਂ ਤੇ ਉਨ੍ਹਾਂ ਵਿਅਕਤੀਆਂ ਨੂੰ ਮਿਲਦੇ ਹਨ ਜਿਹੜੇ ਆਪਣੇ ਆਪ ਨੂੰ ਬਦਲਣ ਦਾ ਸਬੂਤ ਦਿੰਦੇ ਹਨ। *
ਪਰਿਵਾਰ ਦੇ ਮੈਂਬਰ ਛੇਕੇ ਜਾਣ ਦੇ ਫ਼ੈਸਲੇ ਦਾ ਸਮਰਥਨ ਕਰ ਕੇ ਮੰਡਲੀ ਅਤੇ ਗ਼ਲਤੀ ਕਰਨ ਵਾਲੇ ਲਈ ਆਪਣੇ ਪਿਆਰ ਦਾ ਸਬੂਤ ਦੇ ਸਕਦੇ ਹਨ। ਭਰਾ ਹੂਲੀਯਾਨ ਕਹਿੰਦਾ ਹੈ: “ਉਹ ਅਜੇ ਵੀ ਮੇਰਾ ਮੁੰਡਾ ਸੀ, ਪਰ ਉਸ ਦੇ ਗ਼ਲਤ ਕੰਮਾਂ ਨੇ ਸਾਡੇ ਵਿਚਕਾਰ ਦੀਵਾਰ ਖੜ੍ਹੀ ਕਰ ਦਿੱਤੀ ਸੀ।”
ਮੰਡਲੀ ਦੇ ਸਾਰੇ ਮੈਂਬਰ ਛੇਕੇ ਗਏ ਵਿਅਕਤੀ ਨਾਲ ਕਿਸੇ ਵੀ ਤਰੀਕੇ ਨਾਲ ਗੱਲਬਾਤ ਨਾ ਕਰ ਕੇ ਸੱਚੇ ਪਿਆਰ ਦਾ ਸਬੂਤ ਦੇ ਸਕਦੇ ਹਨ। (1 ਕੁਰਿੰ. 5:11; 2 ਯੂਹੰ. 10, 11) ਇਸ ਤਰ੍ਹਾਂ ਉਹ ਛੇਕੇ ਗਏ ਵਿਅਕਤੀ ਨੂੰ ਅਹਿਸਾਸ ਕਰਾਉਂਦੇ ਹਨ ਕਿ ਯਹੋਵਾਹ ਨੇ ਬਜ਼ੁਰਗਾਂ ਦੇ ਜ਼ਰੀਏ ਜੋ ਅਨੁਸ਼ਾਸਨ ਦਿੱਤਾ ਹੈ, ਉਹ ਬਹੁਤ ਗੰਭੀਰ ਹੈ। ਇਸ ਤੋਂ ਇਲਾਵਾ, ਉਹ ਛੇਕੇ ਗਏ ਵਿਅਕਤੀ ਦੇ ਦੁਖੀ ਪਰਿਵਾਰ ਨੂੰ ਹੋਰ ਜ਼ਿਆਦਾ ਪਿਆਰ ਦਿਖਾ ਸਕਦੇ ਹਨ ਅਤੇ ਉਨ੍ਹਾਂ ਦਾ ਸਾਥ ਦੇ ਸਕਦੇ ਹਨ। ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਕਰਾਇਆ ਜਾਣਾ ਚਾਹੀਦਾ ਕਿ ਦੂਸਰੇ ਭੈਣ-ਭਰਾ ਉਨ੍ਹਾਂ ਨਾਲ ਕੋਈ ਮੇਲ-ਜੋਲ ਨਹੀਂ ਰੱਖਣਗੇ।—ਰੋਮੀ. 12:13, 15.
ਭਰਾ ਹੂਲੀਯਾਨ ਅਖ਼ੀਰ ਵਿਚ ਕਹਿੰਦਾ ਹੈ: “ਵਾਕਈ, ਸਾਨੂੰ ਛੇਕੇ ਜਾਣ ਦੇ ਪ੍ਰਬੰਧ ਦੀ ਲੋੜ ਹੈ! ਇਹ ਪ੍ਰਬੰਧ ਸਾਡੀ ਯਹੋਵਾਹ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਣ ਵਿਚ ਮਦਦ ਕਰਦਾ ਹੈ। ਭਾਵੇਂ ਇਸ ਕਰਕੇ ਦੁੱਖ ਹੁੰਦਾ ਹੈ, ਪਰ ਸਮੇਂ ਦੇ ਬੀਤਣ ਨਾਲ ਇਸ ਦੇ ਚੰਗੇ ਨਤੀਜੇ ਨਿਕਲਦੇ ਹਨ। ਜੇ ਮੈਂ ਆਪਣੇ ਪੁੱਤਰ ਦੇ ਬੁਰੇ ਕੰਮਾਂ ਨੂੰ ਬਰਦਾਸ਼ਤ ਕਰਦਾ ਰਹਿੰਦਾ, ਤਾਂ ਉਸ ਨੇ ਕਦੀ ਵਾਪਸ ਮੁੜ ਕੇ ਨਹੀਂ ਆਉਣਾ ਸੀ।”
^ ਪੈਰਾ 24 ਪਹਿਰਾਬੁਰਜ 15 ਅਪ੍ਰੈਲ 1991 (ਅੰਗ੍ਰੇਜ਼ੀ), ਸਫ਼ੇ 21-23 ਦੇਖੋ।