Skip to content

Skip to table of contents

ਹਮੇਸ਼ਾ ਯਹੋਵਾਹ ’ਤੇ ਭਰੋਸਾ ਰੱਖੋ!

ਹਮੇਸ਼ਾ ਯਹੋਵਾਹ ’ਤੇ ਭਰੋਸਾ ਰੱਖੋ!

“ਹੇ ਪਰਜਾ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ।”—ਜ਼ਬੂ. 62:8.

1-3. ਪੌਲੁਸ ਨੂੰ ਕਿਉਂ ਯਕੀਨ ਸੀ ਕਿ ਉਹ ਯਹੋਵਾਹ ’ਤੇ ਭਰੋਸਾ ਕਰ ਸਕਦਾ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਪਹਿਲੀ ਸਦੀ ਦਾ ਸਮਾਂ ਰੋਮ ਦੇ ਮਸੀਹੀਆਂ ਲਈ ਬਹੁਤ ਹੀ ਖ਼ਤਰਨਾਕ ਸੀ। ਰੋਮੀ ਲੋਕ ਮਸੀਹੀਆਂ ’ਤੇ ਬੇਰਹਿਮੀ ਨਾਲ ਜ਼ੁਲਮ ਢਾਹ ਰਹੇ ਸਨ। ਮਸੀਹੀਆਂ ’ਤੇ ਇਲਜ਼ਾਮ ਲਾਇਆ ਗਿਆ ਕਿ ਰੋਮ ਨੂੰ ਅੱਗ ਲਾਉਣ ਪਿੱਛੇ ਉਨ੍ਹਾਂ ਦਾ ਹੱਥ ਸੀ। ਬਹੁਤ ਸਾਰੇ ਮਸੀਹੀ ਭੈਣਾਂ-ਭਰਾਵਾਂ ਨੂੰ ਕੈਦ ਕੀਤਾ ਗਿਆ ਸੀ। ਉਨ੍ਹਾਂ ਵਿੱਚੋਂ ਕਈਆਂ ਨੂੰ ਜਾਨਵਰਾਂ ਨੇ ਨੋਚ-ਨੋਚ ਕੇ ਖਾਧਾ ਸੀ। ਦੂਜਿਆਂ ਨੂੰ ਖੰਭਿਆਂ ’ਤੇ ਕਿੱਲਾਂ ਨਾਲ ਠੋਕਿਆ ਗਿਆ ਅਤੇ ਫਿਰ ਰਾਤ ਨੂੰ ਰੌਸ਼ਨੀ ਕਰਨ ਲਈ ਜੀਉਂਦੇ ਸਾੜ ਦਿੱਤਾ ਗਿਆ। ਜੇ ਤੁਸੀਂ ਉਸ ਸਮੇਂ ਹੁੰਦੇ, ਤਾਂ ਤੁਹਾਨੂੰ ਵੀ ਹਰ ਦਿਨ ਇਹੀ ਡਰ ਰਹਿੰਦਾ ਕਿ ਤੁਹਾਡਾ ਵੀ ਇਹੀ ਹਸ਼ਰ ਹੋ ਸਕਦਾ ਸੀ।

2 ਇਸ ਔਖੇ ਸਮੇਂ ਦੌਰਾਨ ਪੌਲੁਸ ਰਸੂਲ ਰੋਮ ਦੀ ਜੇਲ੍ਹ ਵਿਚ ਕੈਦ ਸੀ। ਉਸ ਨੇ ਸ਼ਾਇਦ ਸੋਚਿਆ ਹੋਣਾ ਕਿ ਪਤਾ ਨਹੀਂ ਇਸ ਵਾਰ ਮਸੀਹੀ ਭੈਣ-ਭਰਾ ਉਸ ਦੀ ਮਦਦ ਕਰਨ ਲਈ ਆਉਣਗੇ ਜਾਂ ਨਹੀਂ ਕਿਉਂਕਿ ਪਹਿਲੀ ਵਾਰੀ ਕੈਦ ਦੌਰਾਨ ਕੋਈ ਵੀ ਉਸ ਦੀ ਮਦਦ ਕਰਨ ਲਈ ਅੱਗੇ ਨਹੀਂ ਸੀ ਆਇਆ। ਪਰ ਉਦੋਂ ਪੌਲੁਸ ਨੂੰ ਯਿਸੂ ਕੋਲੋਂ ਮਦਦ ਮਿਲੀ ਸੀ। ਉਸ ਨੇ ਲਿਖਿਆ: “ਪ੍ਰਭੂ ਨੇ ਮੇਰਾ ਸਾਥ ਦਿੱਤਾ ਅਤੇ ਮੈਨੂੰ ਤਾਕਤ ਬਖ਼ਸ਼ੀ।” ਯਿਸੂ ਨੇ ਪੌਲੁਸ ਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਬਖ਼ਸ਼ੀ। ਉਸ ਨੇ ਇਹ ਵੀ ਲਿਖਿਆ ਕਿ ਉਸ ਨੂੰ “ਸ਼ੇਰ ਦੇ ਮੂੰਹੋਂ ਬਚਾਇਆ ਗਿਆ।”—2 ਤਿਮੋ. 4:16, 17. *

3 ਪੌਲੁਸ ਨੂੰ ਯਾਦ ਸੀ ਕਿ ਯਹੋਵਾਹ ਨੇ ਪਹਿਲਾਂ ਔਖੀਆਂ ਘੜੀਆਂ ਵਿਚ ਉਸ ਦੀ ਮਦਦ ਕਿਵੇਂ ਕੀਤੀ ਸੀ। ਇਸ ਲਈ ਉਸ ਨੂੰ ਯਕੀਨ ਸੀ ਕਿ ਯਹੋਵਾਹ ਹੁਣ ਵੀ ਅਤੇ ਆਉਣ ਵਾਲੀਆਂ ਅਜ਼ਮਾਇਸ਼ਾਂ ਵਿਚ ਵੀ ਉਸ ਨੂੰ ਸਹਿਣ ਦੀ ਤਾਕਤ ਜ਼ਰੂਰ ਦੇਵੇਗਾ। ਉਸ ਨੇ ਪੂਰੇ ਭਰੋਸਾ ਨਾਲ ਲਿਖਿਆ: ‘ਪ੍ਰਭੂ ਮੈਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ ਬਚਾਵੇਗਾ।’ (2 ਤਿਮੋ. 4:18) ਪੌਲੁਸ ਨੇ ਸਿੱਖਿਆ ਸੀ ਕਿ ਭਾਵੇਂ ਉਸ ਦੇ ਭੈਣ-ਭਰਾ ਉਸ ਦੀ ਮਦਦ ਨਹੀਂ ਕਰ ਪਾਏ, ਪਰ ਉਹ ਹਮੇਸ਼ਾ ਮਦਦ ਲਈ ਯਹੋਵਾਹ ਅਤੇ ਯਿਸੂ ’ਤੇ ਭਰੋਸਾ ਰੱਖ ਸਕਦਾ ਸੀ। ਇਸ ਬਾਰੇ ਉਸ ਦੇ ਮਨ ਵਿਚ ਰਤਾ ਵੀ ਸ਼ੱਕ ਨਹੀਂ ਸੀ।

“ਯਹੋਵਾਹ ਉੱਤੇ ਭਰੋਸਾ” ਦਿਖਾਉਣ ਦੇ ਮੌਕੇ

4, 5. (ੳ) ਮੁਸ਼ਕਲਾਂ ਵਿਚ ਹਮੇਸ਼ਾ ਤੁਹਾਡੀ ਕੌਣ ਮਦਦ ਕਰ ਸਕਦਾ ਹੈ? (ਅ) ਤੁਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਕਰ ਸਕਦੇ ਹੋ?

4 ਕੀ ਤੁਸੀਂ ਕਦੇ ਕਿਸੇ ਮੁਸ਼ਕਲ ਘੜੀ ਵਿਚ ਖ਼ੁਦ ਨੂੰ ਇਕੱਲਾ ਮਹਿਸੂਸ ਕੀਤਾ ਹੈ? ਸ਼ਾਇਦ ਤੁਹਾਡੀ ਨੌਕਰੀ ਚਲੀ ਗਈ ਹੋਵੇ ਜਾਂ ਤੁਹਾਨੂੰ ਸਕੂਲ ਵਿਚ ਗ਼ਲਤ ਕੰਮ ਕਰਨ ਦੇ ਦਬਾਅ ਦਾ ਸਾਮ੍ਹਣਾ ਕਰਨਾ ਪਿਆ ਹੋਵੇ। ਹੋ ਸਕਦਾ ਹੈ ਕਿ ਤੁਸੀਂ ਬਹੁਤ ਬੀਮਾਰ ਸੀ ਜਾਂ ਤੁਸੀਂ ਕਿਸੇ ਹੋਰ ਅਜ਼ਮਾਇਸ਼ ਵਿੱਚੋਂ ਗੁਜ਼ਰੇ ਹੋਵੋ। ਤੁਸੀਂ ਸ਼ਾਇਦ ਦੂਜਿਆਂ ਕੋਲੋਂ ਮਦਦ ਮੰਗੀ ਹੋਵੇ, ਪਰ ਉਨ੍ਹਾਂ ਨੇ ਤੁਹਾਡੀ ਮਦਦ ਨਹੀਂ ਕੀਤੀ ਜਿਸ ਕਾਰਨ ਤੁਸੀਂ ਮਾਯੂਸ ਹੋ ਗਏ। ਇਹ ਸੱਚ ਹੈ ਕਿ ਕੁਝ ਸਮੱਸਿਆਵਾਂ ਦਾ ਹੱਲ ਇਨਸਾਨਾਂ ਦੇ ਵੱਸ ਤੋਂ ਬਾਹਰ ਹੈ। ਇਸ ਹਾਲਤ ਵਿਚ ਤੁਸੀਂ ਕੀ ਕਰੋਗੇ? ਬਾਈਬਲ ਸਾਨੂੰ ਕਹਿੰਦੀ ਹੈ ਕਿ ਅਸੀਂ “ਯਹੋਵਾਹ ਉੱਤੇ ਭਰੋਸਾ” ਰੱਖੀਏ। (ਕਹਾ. 3:5, 6) ਪਰ ਕੀ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਉਹ ਤੁਹਾਡੀ ਮਦਦ ਕਰੇਗਾ? ਬਿਲਕੁਲ! ਅਸੀਂ ਬਾਈਬਲ ਵਿਚ ਬਹੁਤ ਸਾਰੀਆਂ ਮਿਸਾਲਾਂ ਪੜ੍ਹਦੇ ਹਾਂ ਜਿਨ੍ਹਾਂ ਤੋਂ ਸਾਨੂੰ ਪੱਕਾ ਯਕੀਨ ਹੁੰਦਾ ਹੈ ਕਿ ਯਹੋਵਾਹ ਵਾਕਈ ਆਪਣੇ ਲੋਕਾਂ ਦੀ ਮਦਦ ਕਰਦਾ ਹੈ।

5 ਜਦ ਦੂਜੇ ਔਖੀਆਂ ਘੜੀਆਂ ਵਿਚ ਤੁਹਾਡੀ ਮਦਦ ਨਹੀਂ ਕਰ ਪਾਉਂਦੇ, ਤਾਂ ਮਨ ਵਿਚ ਨਾਰਾਜ਼ਗੀ ਨਾ ਪਾਲੋ। ਇਸ ਦੀ ਬਜਾਇ, ਯਾਦ ਰੱਖੋ ਕਿ ਅਜ਼ਮਾਇਸ਼ਾਂ ਦੌਰਾਨ ਤੁਹਾਡੇ ਕੋਲ ਇਹ ਦਿਖਾਉਣ ਦਾ ਮੌਕਾ ਹੈ ਕਿ ਤੁਸੀਂ ਯਹੋਵਾਹ ’ਤੇ ਪੂਰਾ-ਪੂਰਾ ਭਰੋਸਾ ਰੱਖਦੇ ਹੋ। ਨਾਲੇ ਤੁਹਾਨੂੰ ਇਹ ਪਤਾ ਲੱਗੇਗਾ ਕਿ ਯਹੋਵਾਹ ਤੁਹਾਡੀ ਕਿੰਨੀ ਪਰਵਾਹ ਕਰਦਾ ਹੈ। ਇਸ ਤਰ੍ਹਾਂ, ਯਹੋਵਾਹ ’ਤੇ ਤੁਹਾਡਾ ਭਰੋਸਾ ਅਤੇ ਉਸ ਨਾਲ ਤੁਹਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਵੇਗਾ।

ਯਹੋਵਾਹ ’ਤੇ ਭਰੋਸਾ ਰੱਖਣ ਦੀ ਲੋੜ

6. ਔਖੀਆਂ ਘੜੀਆਂ ਦੌਰਾਨ ਯਹੋਵਾਹ ’ਤੇ ਭਰੋਸਾ ਰੱਖਣਾ ਹਮੇਸ਼ਾ ਸੌਖਾ ਕਿਉਂ ਨਹੀਂ ਹੁੰਦਾ?

6 ਤੁਸੀਂ ਸ਼ਾਇਦ ਕਿਸੇ ਸਮੱਸਿਆ ਵਿੱਚੋਂ ਗੁਜ਼ਰ ਰਹੇ ਹੋ ਜਿਸ ਕਾਰਨ ਤੁਸੀਂ ਪਰੇਸ਼ਾਨ ਹੋ। ਤੁਸੀਂ ਆਪਣੇ ਵੱਲੋਂ ਉਸ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਯਹੋਵਾਹ ਨੂੰ ਮਦਦ ਲਈ ਫ਼ਰਿਆਦ ਕਰ ਕੇ ਮਾਮਲੇ ਨੂੰ ਉਸ ਦੇ ਹੱਥਾਂ ਵਿਚ ਛੱਡ ਦਿੱਤਾ ਹੈ। ਪ੍ਰਾਰਥਨਾ ਕਰਨ ਤੋਂ ਬਾਅਦ ਤੁਹਾਨੂੰ ਸਕੂਨ ਮਿਲਿਆ ਹੈ ਕਿਉਂਕਿ ਤੁਹਾਨੂੰ ਭਰੋਸਾ ਹੈ ਕਿ ਉਹ ਜ਼ਰੂਰ ਤੁਹਾਡੀ ਮਦਦ ਕਰੇਗਾ। (ਜ਼ਬੂਰਾਂ ਦੀ ਪੋਥੀ 62:8; 1 ਪਤਰਸ 5:7 ਪੜ੍ਹੋ।) ਉਸ ਨਾਲ ਵਧੀਆ ਰਿਸ਼ਤਾ ਰੱਖਣ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਯਹੋਵਾਹ ’ਤੇ ਭਰੋਸਾ ਕਰਨਾ ਸਿੱਖੋ। ਪਰ ਇੱਦਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਕਿਉਂ? ਕਿਉਂਕਿ ਯਹੋਵਾਹ ਹਮੇਸ਼ਾ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਫ਼ੌਰਨ ਨਹੀਂ ਦਿੰਦਾ।—ਜ਼ਬੂ.13:1,2; 74:10; 89:46; 90:13; ਹਬ. 1:2.

7. ਯਹੋਵਾਹ ਹਮੇਸ਼ਾ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਫ਼ੌਰਨ ਕਿਉਂ ਨਹੀਂ ਦਿੰਦਾ?

7 ਯਹੋਵਾਹ ਹਮੇਸ਼ਾ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਫ਼ੌਰਨ ਕਿਉਂ ਨਹੀਂ ਦਿੰਦਾ? ਬਾਈਬਲ ਦੱਸਦੀ ਹੈ ਕਿ ਯਹੋਵਾਹ ਇਕ ਪਿਤਾ ਵਰਗਾ ਹੈ। (ਜ਼ਬੂ. 103:13) ਇਕ ਪਿਤਾ ਆਪਣੇ ਬੱਚੇ ਦੀ ਹਰ ਫ਼ਰਮਾਇਸ਼ ਪੂਰੀ ਨਹੀਂ ਕਰਦਾ ਜਾਂ ਉਸੇ ਵੇਲੇ ਪੂਰੀ ਨਹੀਂ ਕਰਦਾ। ਉਹ ਜਾਣਦਾ ਹੈ ਕਿ ਕਈ ਵਾਰ ਬੱਚਾ ਐਵੇਂ ਹੀ ਚੀਜ਼ਾਂ ਮੰਗਣ ਲੱਗ ਪੈਂਦਾ ਹੈ। ਨਾਲੇ ਪਿਤਾ ਨੂੰ ਪਤਾ ਹੈ ਕਿ ਬੱਚੇ ਦੀ ਭਲਾਈ ਕਿਸ ਚੀਜ਼ ਵਿਚ ਹੈ ਅਤੇ ਉਹ ਜਾਣਦਾ ਹੈ ਕਿ ਇਸ ਦਾ ਦੂਜਿਆਂ ’ਤੇ ਕੀ ਅਸਰ ਪੈ ਸਕਦਾ ਹੈ। ਜੇ ਪਿਤਾ ਬੱਚੇ ਦੀ ਹਰ ਫ਼ਰਮਾਇਸ਼ ਫ਼ੌਰਨ ਪੂਰੀ ਕਰ ਦਿੰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਪਿਤਾ ਬੱਚੇ ਦਾ ਨੌਕਰ ਬਣ ਗਿਆ ਹੈ। ਸਾਡਾ ਸਵਰਗੀ ਪਿਤਾ ਯਹੋਵਾਹ ਸਾਨੂੰ ਪਿਆਰ ਕਰਦਾ ਹੈ। ਇਕ ਬੁੱਧੀਮਾਨ ਸਿਰਜਣਹਾਰ ਵਜੋਂ ਉਸ ਨੂੰ ਸਾਡੀਆਂ ਲੋੜਾਂ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੇ ਸਹੀ ਸਮੇਂ ਦਾ ਪਤਾ ਹੈ। ਇਸ ਲਈ ਸਾਨੂੰ ਧੀਰਜ ਨਾਲ ਇੰਤਜ਼ਾਰ ਕਰਨਾ ਚਾਹੀਦਾ ਹੈ ਕਿ ਯਹੋਵਾਹ ਸਾਡੀਆਂ ਦੁਆਵਾਂ ਦਾ ਜਵਾਬ ਕਿਵੇਂ ਦਿੰਦਾ ਹੈ।—ਯਸਾਯਾਹ 29:16; 45:9 ਵਿਚਲਾ ਨੁਕਤਾ ਦੇਖੋ।

8. ਮੁਸ਼ਕਲਾਂ ਦੇ ਸੰਬੰਧ ਵਿਚ ਯਹੋਵਾਹ ਕੀ ਵਾਅਦਾ ਕਰਦਾ ਹੈ?

8 ਇਹ ਵੀ ਯਾਦ ਰੱਖੋ ਕਿ ਯਹੋਵਾਹ ਜਾਣਦਾ ਹੈ ਕਿ ਹਰ ਇਨਸਾਨ ਕਿਸ ਹੱਦ ਤਕ ਮੁਸ਼ਕਲਾਂ ਸਹਿ ਸਕਦਾ ਹੈ। (ਜ਼ਬੂ. 103:14) ਸੋ ਉਹ ਸਾਨੂੰ ਇਨ੍ਹਾਂ ਨੂੰ ਸਹਿਣ ਦੀ ਤਾਕਤ ਵੀ ਬਖ਼ਸ਼ਦਾ ਹੈ। ਇਹ ਸੱਚ ਹੈ ਕਿ ਕਦੇ-ਕਦੇ ਅਸੀਂ ਹੋਰ ਸਹਿ ਨਹੀਂ ਸਕਦੇ। ਪਰ ਯਹੋਵਾਹ ਵਾਅਦਾ ਕਰਦਾ ਹੈ ਕਿ ਜੇ ਕੋਈ ਅਜ਼ਮਾਇਸ਼ ਸਹਿਣੀ ਸਾਡੇ ਵੱਸ ਤੋਂ ਬਾਹਰ ਹੋ ਜਾਂਦੀ ਹੈ, ਤਾਂ ਉਹ ਸਾਡੇ ਲਈ “ਰਾਹ ਵੀ ਖੋਲ੍ਹ ਦੇਵੇਗਾ।” (1 ਕੁਰਿੰਥੀਆਂ 10:13 ਪੜ੍ਹੋ।) ਇਹ ਜਾਣ ਕੇ ਸਾਡੇ ਮਨ ਨੂੰ ਕਿੰਨੀ ਰਾਹਤ ਮਿਲਦੀ ਹੈ ਕਿ ਯਹੋਵਾਹ ਸਾਡੇ ਸਹਿਣ ਦੀ ਹੱਦ ਜਾਣਦਾ ਹੈ।

9. ਜੇ ਯਹੋਵਾਹ ਮਦਦ ਲਈ ਕੀਤੀਆਂ ਦੁਆਵਾਂ ਦਾ ਫ਼ੌਰਨ ਜਵਾਬ ਨਹੀਂ ਦਿੰਦਾ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

9 ਜੇ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਦਾ ਫ਼ੌਰਨ ਜਵਾਬ ਨਹੀਂ ਮਿਲਦਾ, ਤਾਂ ਆਓ ਆਪਾਂ ਧੀਰਜ ਰੱਖੀਏ। ਨਾਲੇ ਯਾਦ ਰੱਖੀਏ ਕਿ ਯਹੋਵਾਹ ਸਾਡੀ ਮਦਦ ਕਰਨ ਲਈ ਉਤਾਵਲਾ ਹੈ, ਪਰ ਉਹ ਸਾਡੀ ਮਦਦ ਕਰਨ ਲਈ ਧੀਰਜ ਨਾਲ ਸਹੀ ਵਕਤ ਦਾ ਇੰਤਜ਼ਾਰ ਕਰਦਾ ਹੈ। ਬਾਈਬਲ ਦੱਸਦੀ ਹੈ: “ਯਹੋਵਾਹ ਉਡੀਕਦਾ ਹੈ, ਭਈ ਉਹ ਤੁਹਾਡੇ ਉੱਤੇ ਕਿਰਪਾ ਕਰੇ, ਅਤੇ ਏਸ ਲਈ ਉਹ ਆਪ ਨੂੰ ਉੱਚਾ ਕਰਦਾ ਹੈ, ਭਈ ਉਹ ਤੁਹਾਡੇ ਉੱਤੇ ਰਹਮ ਕਰੇ, ਕਿਉਂ ਜੋ ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ, ਧੰਨ ਓਹ ਸਾਰੇ ਜਿਹੜੇ ਉਸ ਨੂੰ ਉਡੀਕਦੇ ਹਨ!”—ਯਸਾ. 30:18.

“ਸ਼ੇਰ ਦੇ ਮੂੰਹੋਂ ਬਚਾਇਆ ਗਿਆ”

10-12. (ੳ) ਕਿਹੜੀ ਗੱਲ ਕਾਰਨ ਪਰਿਵਾਰ ਦੇ ਕਿਸੇ ਬੀਮਾਰ ਮੈਂਬਰ ਦੀ ਦੇਖ-ਰੇਖ ਕਰਨੀ ਮੁਸ਼ਕਲ ਹੋ ਸਕਦੀ ਹੈ? (ਅ) ਜਦ ਤੁਸੀਂ ਮੁਸ਼ਕਲ ਘੜੀਆਂ ਵਿਚ ਯਹੋਵਾਹ ’ਤੇ ਭਰੋਸਾ ਰੱਖਦੇ ਹੋ, ਤਾਂ ਯਹੋਵਾਹ ਨਾਲ ਤੁਹਾਡੇ ਰਿਸ਼ਤੇ ’ਤੇ ਕੀ ਅਸਰ ਪੈ ਸਕਦਾ ਹੈ? ਮਿਸਾਲ ਦਿਓ।

10 ਸ਼ਾਇਦ ਤੁਹਾਡੇ ਹਾਲਾਤ ਇੰਨੇ ਔਖੇ ਹੋਣ ਕਿ ਤੁਹਾਨੂੰ ਵੀ ਲੱਗੇ ਕਿ ਤੁਸੀਂ ਵੀ ਪੌਲੁਸ ਵਾਂਗ ‘ਸ਼ੇਰ ਦੇ ਮੂੰਹ’ ਵਿਚ ਹੋ। ਔਖੇ ਹਾਲਾਤਾਂ ਵਿਚ ਇਹ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਯਹੋਵਾਹ ’ਤੇ ਭਰੋਸਾ ਰੱਖੋ। ਮਿਸਾਲ ਲਈ, ਹੋ ਸਕਦਾ ਹੈ ਕਿ ਤੁਸੀਂ ਪਰਿਵਾਰ ਦੇ ਕਿਸੇ ਬੀਮਾਰ ਮੈਂਬਰ ਦੀ ਦੇਖ-ਭਾਲ ਕਰ ਰਹੇ ਹੋ। ਤੁਸੀਂ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕੀਤੀ ਹੈ ਤਾਂਕਿ ਤੁਸੀਂ ਸਹੀ ਫ਼ੈਸਲੇ ਕਰ ਸਕੋ ਅਤੇ ਹਰ ਤਰ੍ਹਾਂ ਨਾਲ ਮਜ਼ਬੂਤ ਰਹਿ ਸਕੋ। * ਪ੍ਰਾਰਥਨਾ ਕਰਨ ਤੋਂ ਬਾਅਦ ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਦੀ ਨਜ਼ਰ ਤੁਹਾਡੇ ’ਤੇ ਹੈ ਅਤੇ ਉਹ ਤੁਹਾਨੂੰ ਅਤੇ ਤੁਹਾਡੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਹ ਔਖੇ ਹਾਲਾਤਾਂ ਦੌਰਾਨ ਵਫ਼ਾਦਾਰ ਰਹਿਣ ਵਿਚ ਤੁਹਾਡੀ ਮਦਦ ਜ਼ਰੂਰ ਕਰੇਗਾ।—ਜ਼ਬੂ. 32:8.

11 ਕਈ ਵਾਰ ਔਖੇ ਹਾਲਾਤਾਂ ਵਿਚ ਸ਼ਾਇਦ ਤੁਹਾਨੂੰ ਲੱਗੇ ਕਿ ਯਹੋਵਾਹ ਤੁਹਾਡੀ ਮਦਦ ਨਹੀਂ ਕਰ ਰਿਹਾ। ਹੋ ਸਕਦਾ ਡਾਕਟਰ ਤੁਹਾਨੂੰ ਕੋਈ ਉਲਟ ਸਲਾਹ ਦੇਣ। ਜਾਂ ਤੁਹਾਨੂੰ ਉਮੀਦ ਸੀ ਕਿ ਤੁਹਾਡੇ ਰਿਸ਼ਤੇਦਾਰ ਤੁਹਾਨੂੰ ਦਿਲਾਸਾ ਦੇਣਗੇ, ਪਰ ਉਹ ਸ਼ਾਇਦ ਹਾਲਾਤ ਹੋਰ ਵੀ ਵਿਗਾੜ ਦੇਣ। ਇਨ੍ਹਾਂ ਮੌਕਿਆਂ ਦੌਰਾਨ ਵੀ ਹਮੇਸ਼ਾ ਯਹੋਵਾਹ ’ਤੇ ਭਰੋਸਾ ਰੱਖੋ ਕਿ ਉਹ ਤੁਹਾਨੂੰ ਤਾਕਤ ਬਖ਼ਸ਼ੇਗਾ। ਹਮੇਸ਼ਾ ਉਸ ਦੇ ਨੇੜੇ ਆਉਂਦੇ ਰਹੋ। (1 ਸਮੂਏਲ 30:3, 6 ਪੜ੍ਹੋ।) ਬਾਅਦ ਵਿਚ ਜਦ ਤੁਹਾਨੂੰ ਅਹਿਸਾਸ ਹੋਵੇਗਾ ਕਿ ਉਸ ਨੇ ਤੁਹਾਡੀ ਮਦਦ ਕੀਤੀ ਹੈ, ਤਾਂ ਤੁਹਾਡਾ ਉਸ ਨਾਲ ਰਿਸ਼ਤਾ ਹੋਰ ਵੀ ਪੱਕਾ ਹੋਵੇਗਾ।

12 ਲੀਲਾ * ਨੇ ਇੱਦਾਂ ਹੀ ਮਹਿਸੂਸ ਕੀਤਾ। ਉਹ ਲੰਬੇ ਸਮੇਂ ਤੋਂ ਆਪਣੇ ਬੀਮਾਰ ਮਾਪਿਆਂ ਦੀ ਦੇਖ-ਭਾਲ ਕਰ ਰਹੀ ਸੀ। ਉਹ ਕਹਿੰਦੀ ਹੈ: “ਉਸ ਸਮੇਂ ਮੈਨੂੰ, ਮੇਰੇ ਪਤੀ ਅਤੇ ਮੇਰੇ ਭਰਾ ਨੂੰ ਅਕਸਰ ਪਤਾ ਨਹੀਂ ਸੀ ਲੱਗਦਾ ਕਿ ਕੀ ਕਰੀਏ। ਅਸੀਂ ਕਦੇ-ਕਦੇ ਖ਼ੁਦ ਨੂੰ ਬੇਬੱਸ ਮਹਿਸੂਸ ਕਰਦੇ ਸੀ। ਜਦ ਮੈਂ ਹੁਣ ਇਸ ਬਾਰੇ ਸੋਚਦੀ ਹਾਂ, ਤਾਂ ਮੈਂ ਸਾਫ਼ ਦੇਖ ਸਕਦੀ ਹਾਂ ਕਿ ਯਹੋਵਾਹ ਨੇ ਹਮੇਸ਼ਾ ਸਾਡਾ ਸਾਥ ਦਿੱਤਾ। ਉਸ ਨੇ ਸਾਨੂੰ ਤਾਕਤ ਬਖ਼ਸ਼ੀ ਅਤੇ ਹਰ ਤਰ੍ਹਾਂ ਨਾਲ ਸਾਡੀ ਮਦਦ ਕੀਤੀ। ਉਦੋਂ ਵੀ ਜਦੋਂ ਸਾਨੂੰ ਲੱਗਦਾ ਸੀ ਕਿ ਹੁਣ ਕੋਈ ਰਸਤਾ ਨਹੀਂ ਹੈ।”

13. ਇਕ ਭੈਣ ਨੇ ਯਹੋਵਾਹ ’ਤੇ ਭਰੋਸਾ ਰੱਖ ਕੇ ਸਦਮਿਆਂ ਦਾ ਕਿਵੇਂ ਸਾਮ੍ਹਣਾ ਕੀਤਾ?

13 ਯਹੋਵਾਹ ’ਤੇ ਪੂਰਾ ਭਰੋਸਾ ਮੁਸੀਬਤਾਂ ਨੂੰ ਸਹਿਣ ਵਿਚ ਸਾਡੀ ਮਦਦ ਕਰਦਾ ਹੈ। ਮਿਸਾਲ ਲਈ, ਰੌਂਡਾ ਨੇ ਵੀ ਇਵੇਂ ਹੀ ਮਹਿਸੂਸ ਕੀਤਾ। ਉਸ ਦਾ ਪਤੀ ਜੋ ਯਹੋਵਾਹ ਦਾ ਗਵਾਹ ਨਹੀਂ ਹੈ, ਉਸ ਨੂੰ ਤਲਾਕ ਦੇਣ ਵਾਲਾ ਸੀ। ਇਸੇ ਸਮੇਂ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਦੇ ਛੋਟੇ ਭਰਾ ਨੂੰ ਇਕ ਜਾਨਲੇਵਾ ਬੀਮਾਰੀ ਸੀ ਜਿਸ ਨੂੰ ਲੂਪਸ ਕਹਿੰਦੇ ਹਨ। ਫਿਰ ਕੁਝ ਮਹੀਨਿਆਂ ਬਾਅਦ ਉਸ ਦੀ ਭਾਬੀ ਗੁਜ਼ਰ ਗਈ। ਜਦ ਰੌਂਡਾ ਇਨ੍ਹਾਂ ਸਾਰੇ ਸਦਮਿਆਂ ਤੋਂ ਉਭਰ ਰਹੀ ਸੀ, ਤਾਂ ਉਸ ਨੇ ਰੈਗੂਲਰ ਪਾਇਨੀਅਰਿੰਗ ਸ਼ੁਰੂ ਕੀਤੀ। ਪਰ ਉਸ ਵਕਤ ਉਸ ਦੀ ਮੰਮੀ ਜੀ ਗੁਜ਼ਰ ਗਏ। ਰੌਂਡਾ ਇਨ੍ਹਾਂ ਸਦਮਿਆਂ ਨੂੰ ਕਿਵੇਂ ਸਹਿ ਸਕੀ? ਉਹ ਕਹਿੰਦੀ ਹੈ: “ਮੈਂ ਯਹੋਵਾਹ ਨਾਲ ਰੋਜ਼ ਗੱਲ ਕਰਦੀ ਸੀ, ਇੱਥੋਂ ਤਕ ਕਿ ਜਦ ਛੋਟੇ ਫ਼ੈਸਲੇ ਵੀ ਲੈਣੇ ਹੁੰਦੇ ਸਨ। ਇੱਦਾਂ ਕਰਨ ਨਾਲ ਮੈਨੂੰ ਅਹਿਸਾਸ ਹੁੰਦਾ ਸੀ ਕਿ ਯਹੋਵਾਹ ਸੱਚ-ਮੁੱਚ ਹੈ। ਮੈਂ ਆਪਣੇ ਜਾਂ ਦੂਜੇ ਲੋਕਾਂ ’ਤੇ ਇਤਬਾਰ ਕਰਨ ਦੀ ਬਜਾਇ ਉਸ ਉੱਤੇ ਭਰੋਸਾ ਕਰਨਾ ਸਿੱਖਿਆ। ਵਾਕਈ ਉਸ ਨੇ ਮੇਰੀ ਹਰ ਜ਼ਰੂਰਤ ਦਾ ਖ਼ਿਆਲ ਰੱਖਿਆ। ਨਤੀਜੇ ਵਜੋਂ, ਮੈਂ ਮਹਿਸੂਸ ਕੀਤਾ ਕਿ ਯਹੋਵਾਹ ਨੇ ਹਮੇਸ਼ਾ ਮੇਰਾ ਹੱਥ ਫੜੀ ਰੱਖਿਆ।”

ਪਰਿਵਾਰ ਵਿਚ ਅਜ਼ਮਾਇਸ਼ਾਂ ਯਹੋਵਾਹ ਨਾਲ ਸਾਡੇ ਰਿਸ਼ਤੇ ਦੀ ਪਰੀਖਿਆ ਲੈ ਸਕਦੀਆਂ ਹਨ (ਪੈਰੇ 14-16 ਦੇਖੋ)

14. ਜੇ ਤੁਹਾਡੇ ਪਰਿਵਾਰ ਦਾ ਮੈਂਬਰ ਯਹੋਵਾਹ ਨੂੰ ਛੱਡ ਗਿਆ ਹੈ, ਤਾਂ ਯਹੋਵਾਹ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ?

14 ਜ਼ਰਾ ਇਕ ਹੋਰ ਔਖੀ ਹਾਲਤ ਬਾਰੇ ਸੋਚੋ। ਮੰਨ ਲਓ ਕਿ ਤੁਹਾਡੇ ਪਰਿਵਾਰ ਦਾ ਮੈਂਬਰ ਯਹੋਵਾਹ ਨੂੰ ਛੱਡ ਕੇ ਚਲਾ ਜਾਂਦਾ ਹੈ। ਤੁਸੀਂ ਜਾਣਦੇ ਹੋ ਕਿ ਬਾਈਬਲ ਅਜਿਹੇ ਲੋਕਾਂ ਬਾਰੇ ਕੀ ਦੱਸਦੀ ਹੈ। (1 ਕੁਰਿੰ. 5:11; 2 ਯੂਹੰ. 10) ਪਰ ਉਸ ਵਿਅਕਤੀ ਨਾਲ ਪਿਆਰ ਹੋਣ ਕਰਕੇ ਸ਼ਾਇਦ ਤੁਹਾਨੂੰ ਲੱਗੇ ਕਿ ਬਾਈਬਲ ਦਾ ਹੁਕਮ ਮੰਨਣਾ ਬਹੁਤ ਔਖਾ ਹੈ। * ਕੀ ਤੁਹਾਨੂੰ ਭਰੋਸਾ ਹੈ ਕਿ ਤੁਹਾਡਾ ਸਵਰਗੀ ਪਿਤਾ ਤੁਹਾਨੂੰ ਉਸ ਦਾ ਕਹਿਣਾ ਵਫ਼ਾਦਾਰੀ ਨਾਲ ਮੰਨਣ ਦੀ ਤਾਕਤ ਦੇਵੇਗਾ? ਕੀ ਤੁਸੀਂ ਇਸ ਹਾਲਤ ਵਿਚ ਯਹੋਵਾਹ ਦੇ ਨੇੜੇ ਆਉਣ ਦੀ ਪੂਰੀ ਕੋਸ਼ਿਸ਼ ਕਰੋਗੇ?

15. ਆਦਮ ਨੇ ਯਹੋਵਾਹ ਦਾ ਕਹਿਣਾ ਕਿਉਂ ਨਹੀਂ ਮੰਨਿਆ?

15 ਧਿਆਨ ਦਿਓ ਕਿ ਪਹਿਲੇ ਇਨਸਾਨ ਆਦਮ ਨੇ ਕੀ ਕੀਤਾ ਸੀ। ਕੀ ਉਹ ਸੋਚਦਾ ਸੀ ਕਿ ਉਹ ਯਹੋਵਾਹ ਦਾ ਕਹਿਣਾ ਨਾ ਮੰਨ ਕੇ ਜੀਉਂਦਾ ਰਹਿ ਸਕਦਾ ਸੀ? ਨਹੀਂ। ਬਾਈਬਲ ਦੱਸਦੀ ਹੈ ਕਿ ਆਦਮ “ਧੋਖੇ ਵਿਚ ਨਹੀਂ ਆਇਆ ਸੀ।” (1 ਤਿਮੋ. 2:14) ਫਿਰ ਉਸ ਨੇ ਕਹਿਣਾ ਕਿਉਂ ਨਹੀਂ ਮੰਨਿਆ? ਆਦਮ ਨੇ ਹੱਵਾਹ ਕੋਲੋਂ ਫਲ ਲੈ ਕੇ ਖਾਧਾ ਕਿਉਂਕਿ ਉਹ ਯਹੋਵਾਹ ਨਾਲੋਂ ਆਪਣੀ ਪਤਨੀ ਨੂੰ ਜ਼ਿਆਦਾ ਪਿਆਰ ਕਰਦਾ ਸੀ। ਉਸ ਨੇ ਯਹੋਵਾਹ ਦੇ ਹੁਕਮ ਨੂੰ ਮੰਨਣ ਤੋਂ ਜ਼ਿਆਦਾ ਆਪਣੀ ਪਤਨੀ ਦੀ ਗੱਲ ਸੁਣੀ।—ਉਤ. 3:6, 17.

16. ਸਾਨੂੰ ਸਭ ਤੋਂ ਜ਼ਿਆਦਾ ਪਿਆਰ ਕਿਸ ਨੂੰ ਕਰਨਾ ਚਾਹੀਦਾ ਹੈ ਅਤੇ ਕਿਉਂ?

16 ਆਦਮ ਦੇ ਫ਼ੈਸਲੇ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਸਭ ਤੋਂ ਜ਼ਿਆਦਾ ਪਿਆਰ ਯਹੋਵਾਹ ਨੂੰ ਕਰਨਾ ਚਾਹੀਦਾ ਹੈ। (ਮੱਤੀ 22:37, 38 ਪੜ੍ਹੋ।) ਨਾਲੇ ਜਦ ਅਸੀਂ ਯਹੋਵਾਹ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਹਾਂ, ਤਾਂ ਅਸੀਂ ਵਧੀਆ ਤਰੀਕੇ ਨਾਲ ਆਪਣੇ ਰਿਸ਼ਤੇਦਾਰਾਂ ਦੀ ਮਦਦ ਕਰ ਸਕਾਂਗੇ। ਭਾਵੇਂ ਉਹ ਯਹੋਵਾਹ ਦੀ ਸੇਵਾ ਕਰ ਰਹੇ ਹਨ ਜਾਂ ਨਹੀਂ। ਇਸ ਲਈ ਯਹੋਵਾਹ ਨਾਲ ਆਪਣਾ ਪਿਆਰ ਅਤੇ ਉਸ ’ਤੇ ਆਪਣਾ ਭਰੋਸਾ ਪੱਕਾ ਕਰਦੇ ਰਹੋ। ਜੇ ਤੁਸੀਂ ਪਰਿਵਾਰ ਦੇ ਕਿਸੇ ਛੇਕੇ ਗਏ ਮੈਂਬਰ ਬਾਰੇ ਫ਼ਿਕਰਮੰਦ ਹੋ, ਤਾਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਸਾਰਾ ਕੁਝ ਦੱਸੋ। * (ਰੋਮੀ. 12:12; ਫ਼ਿਲਿ. 4:6, 7) ਹਾਲਾਂਕਿ ਤੁਸੀਂ ਅੰਦਰੋਂ ਦੁਖੀ ਹੋ, ਪਰ ਇਸ ਹਾਲਤ ਵਿਚ ਵੀ ਦਿਖਾਓ ਕਿ ਤੁਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਦੇ ਰਹੋਗੇ। ਇੱਦਾਂ ਤੁਸੀਂ ਉਸ ’ਤੇ ਭਰੋਸਾ ਰੱਖਣਾ ਸਿੱਖੋਗੇ ਅਤੇ ਤੁਸੀਂ ਜਾਣੋਗੇ ਕਿ ਉਸ ਦਾ ਕਹਿਣਾ ਮੰਨਣ ਵਿਚ ਹੀ ਤੁਹਾਡੀ ਭਲਾਈ ਹੈ।

ਇੰਤਜ਼ਾਰ ਕਰੋ

ਯਹੋਵਾਹ ਦੇ ਕੰਮਾਂ ਵਿਚ ਬਿਜ਼ੀ ਰਹਿ ਕੇ ਉਸ ’ਤੇ ਆਪਣਾ ਭਰੋਸਾ ਦਿਖਾਓ (ਪੈਰਾ 17 ਦੇਖੋ)

17. ਪ੍ਰਚਾਰ ਵਿਚ ਰੁੱਝੇ ਰਹਿਣ ਨਾਲ ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਸਾਨੂੰ ਯਹੋਵਾਹ ’ਤੇ ਭਰੋਸਾ ਹੈ?

17 ਯਹੋਵਾਹ ਨੇ ਪੌਲੁਸ ਨੂੰ “ਸ਼ੇਰ ਦੇ ਮੂੰਹੋਂ” ਕਿਉਂ ਬਚਾਇਆ? ਉਹ ਦੱਸਦਾ ਹੈ: “ਤਾਂਕਿ ਮੈਂ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦਾ ਕੰਮ ਪੂਰਾ ਕਰਾਂ ਅਤੇ ਸਾਰੀਆਂ ਕੌਮਾਂ ਦੇ ਲੋਕ ਖ਼ੁਸ਼ ਖ਼ਬਰੀ ਸੁਣਨ।” (2 ਤਿਮੋ. 4:17) ਯਹੋਵਾਹ ਨੇ ਸਾਨੂੰ “ਖ਼ੁਸ਼ ਖ਼ਬਰੀ” ਸੁਣਾਉਣ ਦਾ ਕੰਮ ਬਖ਼ਸ਼ਿਆ ਹੈ ਅਤੇ ਅਸੀਂ ‘ਉਸ ਨਾਲ ਮਿਲ ਕੇ ਕੰਮ ਕਰਦੇ ਹਾਂ।’ (1 ਥੱਸ. 2:4; 1 ਕੁਰਿੰ. 3:9) ਜੇ ਅਸੀਂ ਇਸ ਕੰਮ ਵਿਚ ਜ਼ਿਆਦਾ ਤੋਂ ਜ਼ਿਆਦਾ ਰੁੱਝੇ ਰਹਾਂਗੇ, ਤਾਂ ਅਸੀਂ ਭਰੋਸਾ ਰੱਖ ਸਕਾਂਗੇ ਕਿ ਉਹ ਸਾਡੀ ਹਰ ਲੋੜ ਪੂਰੀ ਕਰੇਗਾ। (ਮੱਤੀ 6:33) ਇੱਦਾਂ ਸਾਡੇ ਲਈ ਆਪਣੀਆਂ ਪ੍ਰਾਰਥਨਾਵਾਂ ਦੇ ਜਵਾਬ ਦਾ ਇੰਤਜ਼ਾਰ ਕਰਨਾ ਆਸਾਨ ਹੋ ਜਾਵੇਗਾ।

18. ਤੁਸੀਂ ਯਹੋਵਾਹ ’ਤੇ ਆਪਣਾ ਭਰੋਸਾ ਅਤੇ ਉਸ ਨਾਲ ਆਪਣਾ ਰਿਸ਼ਤਾ ਕਿਵੇਂ ਗੂੜ੍ਹਾ ਕਰ ਸਕਦੇ ਹੋ?

18 ਇਸ ਲਈ, ਆਓ ਆਪਾਂ ਰੋਜ਼ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਗੂੜ੍ਹਾ ਕਰਦੇ ਰਹੀਏ। ਜੇ ਤੁਸੀਂ ਕਿਸੇ ਅਜ਼ਮਾਇਸ਼ ਕਾਰਨ ਪਰੇਸ਼ਾਨ ਹੋ, ਤਾਂ ਉਸ ਹਾਲਤ ਵਿਚ ਵੀ ਯਹੋਵਾਹ ਦੇ ਹੋਰ ਨੇੜੇ ਆਓ। ਜੀ ਹਾਂ, ਲਗਨ ਨਾਲ ਬਾਈਬਲ ਦੀ ਸਟੱਡੀ ਕਰ ਕੇ ਇਸ ’ਤੇ ਸੋਚ-ਵਿਚਾਰ ਕਰੋ। ਯਹੋਵਾਹ ਨੂੰ ਲਗਾਤਾਰ ਪ੍ਰਾਰਥਨਾ ਕਰਦੇ ਰਹੋ ਅਤੇ ਉਸ ਦੀ ਸੇਵਾ ਵਿਚ ਰੁੱਝੇ ਰਹੋ। ਇੱਦਾਂ ਤੁਸੀਂ ਭਰੋਸਾ ਰੱਖ ਸਕੋਗੇ ਕਿ ਯਹੋਵਾਹ ਤੁਹਾਨੂੰ ਅੱਜ ਅਤੇ ਭਵਿੱਖ ਵਿਚ ਆਉਣ ਵਾਲੀ ਹਰ ਅਜ਼ਮਾਇਸ਼ ਨੂੰ ਸਹਿਣ ਵਿਚ ਮਦਦ ਦੇਵੇਗਾ।

^ ਪੈਰਾ 2 ਪੌਲੁਸ ਨੂੰ ਸ਼ਾਇਦ ਸੱਚ-ਮੁੱਚ ਸ਼ੇਰਾਂ ਤੋਂ ਜਾਂ ਉਸ ਨੂੰ ਕਿਸੇ ਹੋਰ ਖ਼ਤਰਨਾਕ ਹਾਲਤ ਵਿੱਚੋਂ ਬਚਾਇਆ ਗਿਆ ਸੀ।

^ ਪੈਰਾ 10 ਬੀਮਾਰੀ ਨਾਲ ਸਿੱਝਣ ਅਤੇ ਬੀਮਾਰ ਲੋਕਾਂ ਦੀ ਦੇਖ-ਭਾਲ ਕਰਨ ਵਾਲਿਆਂ ਵਾਸਤੇ ਲੇਖ ਛਾਪੇ ਗਏ ਹਨ। ਪਹਿਰਾਬੁਰਜ 15 ਮਈ 2010, ਸਫ਼ੇ 17-19 ਦੇਖੋ।

^ ਪੈਰਾ 12 ਨਾਂ ਬਦਲੇ ਗਏ ਹਨ।

^ ਪੈਰਾ 16 ਜਦ ਪਰਿਵਾਰ ਦਾ ਮੈਂਬਰ ਯਹੋਵਾਹ ਨੂੰ ਛੱਡ ਕੇ ਚਲਾ ਜਾਂਦਾ ਹੈ, ਤਾਂ ਇਸ ਬਾਰੇ ਸਾਡੀ ਮਦਦ ਕਰਨ ਲਈ ਲੇਖ ਛਾਪੇ ਗਏ ਹਨ। ਪਹਿਰਾਬੁਰਜ 1 ਸਤੰਬਰ 2006, ਸਫ਼ੇ 17-21 ਅਤੇ ਪਹਿਰਾਬੁਰਜ 15 ਜਨਵਰੀ 2007, ਸਫ਼ੇ 17-20 ਦੇਖੋ।