Skip to content

Skip to table of contents

ਉਸ ਨੂੰ ਲੋਕਾਂ ਨਾਲ ਪਿਆਰ ਸੀ

ਉਸ ਨੂੰ ਲੋਕਾਂ ਨਾਲ ਪਿਆਰ ਸੀ

‘ਮੈਂ ਆਦਮ ਵੰਸੀਆਂ ਨਾਲ ਪਰਸੰਨ ਹੁੰਦਾ ਸਾਂ।’—ਕਹਾ. 8:31.

1, 2. ਯਿਸੂ ਨੇ ਇਨਸਾਨਾਂ ਲਈ ਆਪਣੇ ਗਹਿਰੇ ਪਿਆਰ ਦਾ ਸਬੂਤ ਕਿਵੇਂ ਦਿੱਤਾ?

ਯਹੋਵਾਹ ਦਾ ਜੇਠਾ ਪੁੱਤਰ ਉਸ ਦੀ ਅਥਾਹ ਬੁੱਧ ਦੀ ਬਿਹਤਰੀਨ ਮਿਸਾਲ ਹੈ ਜੋ ਆਪਣੇ ਪਿਤਾ ਨਾਲ “ਰਾਜ ਮਿਸਤਰੀ” ਸੀ। ਕਲਪਨਾ ਕਰੋ ਕਿ ਯਿਸੂ ਨੂੰ ਕਿੰਨੀ ਖ਼ੁਸ਼ੀ ਤੇ ਸੰਤੁਸ਼ਟੀ ਮਿਲੀ ਹੋਣੀ ਜਦੋਂ ਉਸ ਦੇ ਪਿਤਾ ਨੇ “ਅਕਾਸ਼ ਕਾਇਮ ਕੀਤੇ” ਅਤੇ “ਧਰਤੀ ਦੀਆਂ ਨੀਹਾਂ ਠਹਿਰਾਈਆਂ।” ਪਰ ਆਪਣੇ ਪਿਤਾ ਦੀਆਂ ਬਣਾਈਆਂ ਸਾਰੀਆਂ ਚੀਜ਼ਾਂ ਵਿੱਚੋਂ ਯਿਸੂ ਖ਼ਾਸ ਕਰਕੇ ‘ਆਦਮ ਵੰਸੀਆਂ ਨਾਲ ਪਰਸੰਨ ਹੁੰਦਾ ਸੀ’ ਯਾਨੀ ਉਨ੍ਹਾਂ ਨੂੰ ਪਿਆਰ ਕਰਦਾ ਸੀ। (ਕਹਾ. 8:22-31) ਹਾਂ, ਯਿਸੂ ਧਰਤੀ ’ਤੇ ਆਉਣ ਤੋਂ ਪਹਿਲਾ ਹੀ ਇਨਸਾਨਾਂ ਨਾਲ ਪਿਆਰ ਕਰਦਾ ਆਇਆ ਹੈ।

2 ਬਾਅਦ ਵਿਚ ਵੀ ਯਿਸੂ ਨੇ ਆਪਣੇ ਪਿਤਾ ਲਈ ਪਿਆਰ ਤੇ ਵਫ਼ਾਦਾਰੀ ਦਿਖਾਉਣ ਦੇ ਨਾਲ-ਨਾਲ ਲੋਕਾਂ ਲਈ ਵੀ ਪਿਆਰ ਦਾ ਸਬੂਤ ਦਿੱਤਾ ਜਦੋਂ ਉਹ “ਆਪਣਾ ਸਭ ਕੁਝ ਤਿਆਗ ਕੇ” ਇਨਸਾਨ ਦੇ ਰੂਪ ਵਿਚ ਧਰਤੀ ’ਤੇ ਆਇਆ। ਯਿਸੂ ਨੇ ਪਿਆਰ ਦੀ ਖ਼ਾਤਰ ਇਸ ਤਰ੍ਹਾਂ ਕੀਤਾ ਤਾਂਕਿ ਉਹ “ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ” ਆਪਣੀ ਜਾਨ ਕੁਰਬਾਨ ਕਰ ਸਕੇ। (ਫ਼ਿਲਿ. 2:5-8; ਮੱਤੀ 20:28) ਜਦ ਯਿਸੂ ਧਰਤੀ ਉੱਤੇ ਸੀ, ਤਾਂ ਪਰਮੇਸ਼ੁਰ ਨੇ ਉਸ ਨੂੰ ਚਮਤਕਾਰ ਕਰਨ ਦੀ ਤਾਕਤ ਦਿੱਤੀ। ਇਨ੍ਹਾਂ ਚਮਤਕਾਰਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਲੋਕਾਂ ਨਾਲ ਕਿੰਨਾ ਪਿਆਰ ਕਰਦਾ ਸੀ ਅਤੇ ਭਵਿੱਖ ਵਿਚ ਇਨਸਾਨਾਂ ਲਈ ਕਿਹੜੇ ਸ਼ਾਨਦਾਰ ਕੰਮ ਕਰੇਗਾ!

3. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

3 ਧਰਤੀ ’ਤੇ ਹੁੰਦਿਆਂ ਯਿਸੂ ਨੇ ਰਾਜ ਦੀ “ਖ਼ੁਸ਼ ਖ਼ਬਰੀ ਦਾ ਪ੍ਰਚਾਰ” ਵੀ ਕੀਤਾ। (ਲੂਕਾ 4:43) ਉਸ ਨੂੰ ਪਤਾ ਸੀ ਕਿ ਇਹ ਰਾਜ ਉਸ ਦੇ ਪਿਤਾ ਦੇ ਨਾਂ ਨੂੰ ਪਵਿੱਤਰ ਕਰੇਗਾ ਤੇ ਮਨੁੱਖਜਾਤੀ ਦੀਆਂ ਮੁਸ਼ਕਲਾਂ ਨੂੰ ਹਮੇਸ਼ਾ ਲਈ ਸੁਲਝਾਵੇਗਾ। ਪ੍ਰਚਾਰ ਕਰਨ ਦੇ ਨਾਲ-ਨਾਲ ਉਸ ਨੇ ਬਹੁਤ ਸਾਰੇ ਚਮਤਕਾਰ ਵੀ ਕੀਤੇ। ਇਨ੍ਹਾਂ ਚਮਤਕਾਰਾਂ ਤੋਂ ਜ਼ਾਹਰ ਹੋਇਆ ਕਿ ਉਸ ਨੂੰ ਸਾਰੇ ਲੋਕਾਂ ਦੀ ਦਿਲੋਂ ਪਰਵਾਹ ਸੀ। ਇਹ ਗੱਲ ਸਾਡੇ ਲਈ ਕਿਉਂ ਮਾਅਨੇ ਰੱਖਦੀ ਹੈ? ਉਸ ਨੇ ਜੋ ਕੁਝ ਵੀ ਕੀਤਾ, ਉਸ ਤੋਂ ਸਾਨੂੰ ਪੱਕੀ ਉਮੀਦ ਤੇ ਭਰੋਸਾ ਮਿਲਦਾ ਹੈ ਕਿ ਸਾਡਾ ਆਉਣ ਵਾਲਾ ਕੱਲ੍ਹ ਕਿੰਨਾ ਹੀ ਵਧੀਆ ਹੋਵੇਗਾ। ਇਸ ਲਈ ਆਓ ਆਪਾਂ ਯਿਸੂ ਦੇ ਚਾਰ ਚਮਤਕਾਰਾਂ ’ਤੇ ਧਿਆਨ ਦੇਈਏ।

‘ਉਸ ਨੂੰ ਬੀਮਾਰਾਂ ਨੂੰ ਠੀਕ ਕਰਨ ਦੀ ਸ਼ਕਤੀ ਦਿੱਤੀ ਗਈ’

4. ਉਦੋਂ ਕੀ ਹੋਇਆ ਜਦੋਂ ਯਿਸੂ ਇਕ ਕੋੜ੍ਹੀ ਨੂੰ ਮਿਲਿਆ?

4 ਪ੍ਰਚਾਰ ਦੇ ਦੌਰਾਨ ਯਿਸੂ ਗਲੀਲ ਨਾਂ ਦੇ ਇਲਾਕੇ ਵਿਚ ਗਿਆ। ਇਸ ਇਲਾਕੇ ਦੇ ਇਕ ਸ਼ਹਿਰ ਵਿਚ ਯਿਸੂ ਇਕ ਆਦਮੀ ਨੂੰ ਮਿਲਿਆ ਜਿਸ ਨੂੰ ਕੋੜ੍ਹ ਦੀ ਭਿਆਨਕ ਬੀਮਾਰੀ ਲੱਗੀ ਹੋਈ ਸੀ। (ਮਰ. 1:39, 40) ਉਸ ਦੀ ਬੀਮਾਰੀ ਇੰਨੀ ਵਧ ਚੁੱਕੀ ਸੀ ਕਿ ਹਕੀਮ ਲੂਕਾ ਨੇ ਕਿਹਾ ਕਿ ਉਸ ਦਾ “ਸਾਰਾ ਸਰੀਰ ਕੋੜ੍ਹ ਨਾਲ ਭਰਿਆ ਹੋਇਆ ਸੀ।” (ਲੂਕਾ 5:12) ਬਾਈਬਲ ਕਹਿੰਦੀ ਹੈ ਕਿ ਜਦੋਂ ਉਸ ਕੋੜ੍ਹੀ ਦੀ ਨਜ਼ਰ ਯਿਸੂ ’ਤੇ ਪਈ, ਤਾਂ ਉਹ “ਉਸ ਦੇ ਸਾਮ੍ਹਣੇ ਗੋਡਿਆਂ ਭਾਰ ਬੈਠ ਕੇ ਬੇਨਤੀ ਕਰਨ ਲੱਗਾ: ‘ਪ੍ਰਭੂ, ਜੇ ਤੂੰ ਚਾਹੇਂ, ਤਾਂ ਤੂੰ ਮੈਨੂੰ ਸ਼ੁੱਧ ਕਰ ਸਕਦਾ ਹੈਂ।’” ਉਸ ਆਦਮੀ ਨੂੰ ਕੋਈ ਸ਼ੱਕ ਨਹੀਂ ਸੀ ਕਿ ਯਿਸੂ ਉਸ ਨੂੰ ਨੌਂ-ਬਰ-ਨੌਂ ਕਰਨ ਦੀ ਤਾਕਤ ਰੱਖਦਾ ਸੀ, ਪਰ ਉਹ ਇਹ ਜਾਣਨਾ ਚਾਹੁੰਦਾ ਸੀ ਕਿ ਕੀ ਯਿਸੂ ਉਸ ਨੂੰ ਠੀਕ ਕਰਨਾ ਚਾਹੁੰਦਾ ਸੀ ਜਾਂ ਨਹੀਂ? ਯਿਸੂ ਨੇ ਉਸ ਦੀ ਬੇਨਤੀ ਸੁਣ ਕੇ ਕੀ ਕੀਤਾ? ਕੋੜ੍ਹੀ ਨੂੰ ਦੇਖ ਕੇ ਯਿਸੂ ਦੇ ਮਨ ਵਿਚ ਕੀ ਚੱਲ ਰਿਹਾ ਸੀ ਜੋ ਸ਼ਾਇਦ ਦੇਖਣ ਨੂੰ ਬਦਸੂਰਤ ਲੱਗਦਾ ਸੀ? ਕੀ ਯਿਸੂ ਫ਼ਰੀਸੀਆਂ ਵਰਗਾ ਨਿਰਦਈ ਸੀ ਜੋ ਕੋੜ੍ਹੀਆਂ ਨੂੰ ਘਟੀਆ ਸਮਝਦੇ ਸਨ? ਜੇ ਤੁਸੀਂ ਯਿਸੂ ਦੀ ਜਗ੍ਹਾ ਹੁੰਦੇ, ਤਾਂ ਕੀ ਕਰਦੇ?

5. ਯਿਸੂ ਕੋੜ੍ਹੀ ਨੂੰ ਕਿਉਂ ਠੀਕ ਕਰਨਾ ਚਾਹੁੰਦਾ ਸੀ?

5 ਲੱਗਦਾ ਹੈ ਕਿ ਕੋੜ੍ਹੀ ਨੇ ਮੂਸਾ ਦੇ ਕਾਨੂੰਨ ਮੁਤਾਬਕ ਉੱਚੀ ਆਵਾਜ਼ ਵਿਚ “ਅਸ਼ੁੱਧ! ਅਸ਼ੁੱਧ!” ਨਹੀਂ ਕਿਹਾ। (ਲੇਵੀ. 13:43-46) ਪਰ ਯਿਸੂ ਨੂੰ ਉਸ ’ਤੇ ਗੁੱਸਾ ਨਹੀਂ ਆਇਆ। ਇਸ ਦੀ ਬਜਾਇ, ਯਿਸੂ ਨੂੰ ਉਸ ਦੀ ਪਰਵਾਹ ਸੀ ਤੇ ਉਹ ਉਸ ਦੀ ਮਦਦ ਕਰਨੀ ਚਾਹੁੰਦਾ ਸੀ। ਅਸੀਂ ਪੂਰੀ ਤਰ੍ਹਾਂ ਨਹੀਂ ਜਾਣਦੇ ਕਿ ਯਿਸੂ ਦੇ ਦਿਮਾਗ਼ ਵਿਚ ਕੀ ਚੱਲ ਰਿਹਾ ਸੀ, ਪਰ ਸਾਨੂੰ ਐਨਾ ਜ਼ਰੂਰ ਪਤਾ ਹੈ ਕਿ ਉਸ ਦੇ ਦਿਲ ਵਿਚ ਕੀ ਸੀ। ਉਸ ਨੂੰ ਕੋੜ੍ਹੀ ’ਤੇ ਇੰਨਾ ਤਰਸ ਆਇਆ ਕਿ ਉਸ ਨੇ ਇਕ ਕਮਾਲ ਦਾ ਕੰਮ ਕਰ ਦਿਖਾਇਆ! ਉਸ ਨੇ ਹੱਥ ਵਧਾ ਕੇ ਕੋੜ੍ਹੀ ਨੂੰ ਛੋਹਿਆ ਅਤੇ ਉਸ ਨੇ ਭਰੋਸੇ ਨਾਲ ਪਿਆਰ ਭਰੇ ਲਫ਼ਜ਼ਾਂ ਵਿਚ ਕਿਹਾ: “ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾਵੇਂ। ਤੂੰ ਸ਼ੁੱਧ ਹੋ ਜਾਹ।” ਫਿਰ “ਉਸੇ ਵੇਲੇ ਉਸ ਦਾ ਕੋੜ੍ਹ ਗਾਇਬ ਹੋ ਗਿਆ।” (ਲੂਕਾ 5:13) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਯਿਸੂ ਨੂੰ ਚਮਤਕਾਰ ਕਰਨ ਦੀ ਤਾਕਤ ਦਿੱਤੀ, ਜਿਸ ਤੋਂ ਜ਼ਾਹਰ ਹੋਇਆ ਕਿ ਉਹ ਲੋਕਾਂ ਨੂੰ ਡਾਢਾ ਪਿਆਰ ਕਰਦਾ ਸੀ।—ਲੂਕਾ 5:17.

6. ਯਿਸੂ ਦੇ ਚਮਤਕਾਰਾਂ ਬਾਰੇ ਕਿਹੜੀ ਗੱਲ ਦਿਲਚਸਪ ਹੈ ਤੇ ਇਨ੍ਹਾਂ ਚਮਤਕਾਰਾਂ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

6 ਪਰਮੇਸ਼ੁਰ ਦੀ ਤਾਕਤ ਨਾਲ ਯਿਸੂ ਬਹੁਤ ਸਾਰੇ ਕਮਾਲ ਦੇ ਕਰਿਸ਼ਮੇ ਕਰ ਪਾਇਆ। ਉਸ ਨੇ ਸਿਰਫ਼ ਕੋੜ੍ਹੀਆਂ ਨੂੰ ਹੀ ਠੀਕ ਨਹੀਂ ਕੀਤਾ, ਸਗੋਂ ਹਰ ਤਰ੍ਹਾਂ ਦੀ ਬੀਮਾਰੀ ਦੇ ਸ਼ਿਕਾਰ ਲੋਕਾਂ ਨੂੰ ਰਾਜ਼ੀ ਕੀਤਾ। ਬਾਈਬਲ ਸਾਨੂੰ ਦੱਸਦੀ ਹੈ ਕਿ “ਲੋਕ ਇਹ ਦੇਖ ਕੇ ਦੰਗ ਰਹਿ ਗਏ ਕਿ ਗੁੰਗੇ ਬੋਲਣ, ਲੰਗੜੇ ਤੁਰਨ ਤੇ ਅੰਨ੍ਹੇ ਦੇਖਣ ਲੱਗ ਪਏ ਸਨ।” (ਮੱਤੀ 15:31) ਜਦੋਂ ਯਿਸੂ ਕਿਸੇ ਨੂੰ ਚੰਗਾ ਕਰਦਾ ਸੀ, ਤਾਂ ਉਸ ਨੂੰ ਕਿਸੇ ਅੰਗ ਦਾਨ ਕਰਨ ਵਾਲੇ ਦੀ ਲੋੜ ਨਹੀਂ ਸੀ ਪੈਂਦੀ। ਉਹ ਤਾਂ ਉਨ੍ਹਾਂ ਅੰਗਾਂ ਨੂੰ ਹੀ ਠੀਕ ਕਰ ਦਿੰਦਾ ਸੀ ਜੋ ਖ਼ਰਾਬ ਹੋ ਚੁੱਕੇ ਸਨ। ਨਾਲੇ ਉਹ ਚੁਟਕੀਆਂ ਵਿਚ ਹੀ ਲੋਕਾਂ ਨੂੰ ਠੀਕ ਕਰ ਦਿੰਦਾ ਸੀ। ਕਈ ਵਾਰ ਤਾਂ ਉਹ ਕੋਸਾਂ ਦੂਰੋ ਲੋਕਾਂ ਨੂੰ ਨੌਂ-ਬਰ-ਨੌਂ ਕਰ ਦਿੰਦਾ ਸੀ। (ਯੂਹੰ. 4:46-54) ਇਨ੍ਹਾਂ ਹੈਰਾਨੀਜਨਕ ਮਿਸਾਲਾਂ ਤੋਂ ਕੀ ਪਤਾ ਲੱਗਦਾ ਹੈ? ਇਹੀ ਕਿ ਸਾਡੇ ਰਾਜੇ ਯਿਸੂ ਮਸੀਹ ਕੋਲ ਹਰ ਬੀਮਾਰੀ ਨੂੰ ਹਮੇਸ਼ਾ ਲਈ ਜੜ੍ਹੋਂ ਉਖਾੜਨ ਦੀ ਤਾਕਤ ਹੈ ਤੇ ਉਹ ਇੱਦਾਂ ਕਰਨਾ ਵੀ ਚਾਹੁੰਦਾ ਹੈ। ਜਦੋਂ ਅਸੀਂ ਸਿੱਖਦੇ ਹਾਂ ਕਿ ਯਿਸੂ ਨੇ ਲੋਕਾਂ ਨਾਲ ਕਿੰਨਾ ਚੰਗਾ ਸਲੂਕ ਕੀਤਾ, ਤਾਂ ਸਾਡਾ ਭਰੋਸਾ ਵਧਦਾ ਹੈ ਕਿ ਨਵੀਂ ਦੁਨੀਆਂ ਵਿਚ “ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ।” (ਜ਼ਬੂ. 72:13) ਉਸ ਵੇਲੇ ਯਿਸੂ ਦੁੱਖਾਂ ਦੀ ਗਰਿਫ਼ਤ ਵਿਚ ਜਕੜੇ ਸਾਰੇ ਲੋਕਾਂ ਨੂੰ ਤੰਦਰੁਸਤ ਕਰੇਗਾ ਕਿਉਂਕਿ ਉਹ ਇਸ ਤਰ੍ਹਾਂ ਕਰਨਾ ਚਾਹੁੰਦਾ ਹੈ।

“ਉੱਠ, ਆਪਣੀ ਮੰਜੀ ਚੁੱਕ ਤੇ ਤੁਰ-ਫਿਰ”

7, 8. ਗਲੀਲ ਤੋਂ ਯਹੂਦੀਆ ਜਾਂਦਿਆਂ ਯਿਸੂ ਨੇ ਕੀ ਕੀਤਾ?

7 ਕੋੜ੍ਹੀ ਨੂੰ ਠੀਕ ਕਰਨ ਤੋਂ ਕੁਝ ਮਹੀਨਿਆਂ ਬਾਅਦ ਯਿਸੂ ਗਲੀਲ ਤੋਂ ਯਹੂਦੀਆ ਗਿਆ ਜਿੱਥੇ ਉਸ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣੀ ਜਾਰੀ ਰੱਖੀ। ਯਿਸੂ ਦਾ ਸੰਦੇਸ਼ ਅਤੇ ਉਸ ਦਾ ਪਿਆਰ ਉੱਥੇ ਦੇ ਹਜ਼ਾਰਾਂ ਹੀ ਲੋਕਾਂ ਦੇ ਦਿਲਾਂ ਨੂੰ ਛੂਹ ਗਿਆ ਹੋਣਾ। ਯਿਸੂ ਗ਼ਰੀਬਾਂ ਨੂੰ ਦਿਲੋਂ ਖ਼ੁਸ਼ ਖ਼ਬਰੀ ਸੁਣਾਉਣੀ ਅਤੇ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਣੀ ਚਾਹੁੰਦਾ ਸੀ।—ਯਸਾ. 61:1, 2; ਲੂਕਾ 4:18-21.

8 ਨੀਸਾਨ ਦੇ ਮਹੀਨੇ ਯਿਸੂ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਗਿਆ। ਇਹ ਖ਼ਾਸ ਤਿਉਹਾਰ ਮਨਾਉਣ ਆਏ ਲੋਕਾਂ ਕਰਕੇ ਸ਼ਹਿਰ ਵਿਚ ਬਹੁਤ ਚਹਿਲ-ਪਹਿਲ ਸੀ। ਮੰਦਰ ਦੇ ਉੱਤਰ ਵੱਲ ਬੇਥਜ਼ਥਾ ਨਾਂ ਦਾ ਸਰੋਵਰ ਸੀ ਜਿੱਥੇ ਯਿਸੂ ਇਕ ਬੀਮਾਰ ਆਦਮੀ ਨੂੰ ਮਿਲਿਆ।

9, 10. (ੳ) ਲੋਕ ਬੇਥਜ਼ਥਾ ਦੇ ਸਰੋਵਰ ਕੋਲ ਕਿਉਂ ਜਾਂਦੇ ਸਨ? (ਅ) ਯਿਸੂ ਨੇ ਸਰੋਵਰ ਕੋਲ ਕੀ ਕੀਤਾ ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

9 ਬੀਮਾਰਾਂ ਦੀਆਂ ਭੀੜਾਂ ਦੀਆਂ ਭੀੜਾਂ ਬੇਥਜ਼ਥਾ ਇਕੱਠੀਆਂ ਹੋਈਆਂ। ਕਿਉਂ? ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਜਦੋਂ ਸਰੋਵਰ ਦੇ ਪਾਣੀ ਵਿਚ ਹਲਚਲ ਹੁੰਦੀ ਸੀ, ਉਦੋਂ ਜੇ ਕੋਈ ਬੀਮਾਰ ਵਿਅਕਤੀ ਪਾਣੀ ਵਿਚ ਜਾਂਦਾ ਸੀ, ਤਾਂ ਉਹ ਚਮਤਕਾਰੀ ਢੰਗ ਨਾਲ ਠੀਕ ਹੋ ਜਾਂਦਾ ਸੀ। ਜ਼ਰਾ ਸੋਚੋ ਕਿ ਇੰਨੇ ਸਾਰੇ ਨਾਉਮੀਦ ਤੇ ਪਰੇਸ਼ਾਨ ਲੋਕਾਂ ਕਰਕੇ ਮਾਹੌਲ ਕਿੰਨਾ ਗਮਗੀਨ ਹੋਣਾ ਜਿਨ੍ਹਾਂ ਵਿਚ ਫਟਾਫਟ ਠੀਕ ਹੋਣ ਦੀ ਹੋੜ ਲੱਗੀ ਹੋਈ ਸੀ! ਯਿਸੂ ਮੁਕੰਮਲ ਸੀ ਤੇ ਉਸ ਨੂੰ ਕੋਈ ਬੀਮਾਰੀ ਨਹੀਂ ਸੀ, ਤਾਂ ਫਿਰ ਉਹ ਉੱਥੇ ਕੀ ਕਰਦਾ ਸੀ? ਉਹ ਲੋਕਾਂ ਨੂੰ ਪਿਆਰ ਕਰਦਾ ਸੀ ਇਸ ਲਈ ਉਹ ਉੱਥੇ ਗਿਆ ਸੀ। ਇਸੇ ਕਰਕੇ ਉੱਥੇ ਯਿਸੂ ਇਕ ਬੀਮਾਰ ਆਦਮੀ ਨੂੰ ਮਿਲਿਆ ਜੋ ਧਰਤੀ ਉੱਤੇ ਯਿਸੂ ਦੀ ਉਮਰ ਨਾਲੋਂ ਜ਼ਿਆਦਾ ਸਾਲਾਂ ਤੋਂ ਆਪਣੀ ਬੀਮਾਰੀ ਨਾਲ ਜੂਝ ਰਿਹਾ ਸੀ।—ਯੂਹੰਨਾ 5:5-9 ਪੜ੍ਹੋ।

10 ਕੀ ਤੁਸੀਂ ਮਨ ਦੀਆਂ ਅੱਖਾਂ ਨਾਲ ਉਸ ਬੀਮਾਰ ਆਦਮੀ ਦੀਆਂ ਅੱਖਾਂ ਵਿਚ ਨਿਰਾਸ਼ਾ ਦੇਖ ਸਕਦੇ ਹੋ ਜਦੋਂ ਯਿਸੂ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਠੀਕ ਹੋਣਾ ਚਾਹੁੰਦਾ ਸੀ? ਉਸ ਆਦਮੀ ਨੇ ਤੁਰੰਤ ਜਵਾਬ ਦਿੱਤਾ ਕਿ ਉਹ ਠੀਕ ਹੋਣਾ ਚਾਹੁੰਦਾ ਸੀ, ਪਰ ਨਹੀਂ ਹੋ ਸਕਦਾ ਸੀ ਕਿਉਂਕਿ ਕੋਈ ਵੀ ਉਸ ਨੂੰ ਸਰੋਵਰ ਵਿਚ ਲਿਜਾਣ ਵਾਲਾ ਨਹੀਂ ਸੀ। ਫਿਰ ਯਿਸੂ ਨੇ ਉਸ ਨੂੰ ਅਜਿਹਾ ਕੰਮ ਕਰਨ ਲਈ ਕਿਹਾ ਜੋ ਉਸ ਲਈ ਨਾਮੁਮਕਿਨ ਸੀ। ਉਸ ਨੇ ਉਸ ਨੂੰ ਕਿਹਾ ਕਿ ਆਪਣੀ ਮੰਜੀ ਚੁੱਕ ਤੇ ਤੁਰ-ਫਿਰ। ਸੋ ਉਸ ਆਦਮੀ ਨੇ ਆਪਣੀ ਮੰਜੀ ਚੁੱਕੀ ਤੇ ਤੁਰਨ-ਫਿਰਨ ਲੱਗਾ! ਇਹ ਚਮਤਕਾਰ ਇਸ ਗੱਲ ਦਾ ਜ਼ਬਰਦਸਤ ਸਬੂਤ ਸੀ ਕਿ ਯਿਸੂ ਨਵੀਂ ਦੁਨੀਆਂ ਵਿਚ ਕੀ ਕਰੇਗਾ! ਇਸ ਤੋਂ ਯਿਸੂ ਦਾ ਲੋਕਾਂ ਲਈ ਗਹਿਰਾ ਪਿਆਰ ਵੀ ਝਲਕਦਾ ਹੈ। ਉਹ ਲੋੜਵੰਦ ਲੋਕਾਂ ਦੀ ਭਾਲ ਕਰਦਾ ਸੀ। ਯਿਸੂ ਦੀ ਮਿਸਾਲ ਤੋਂ ਸਾਨੂੰ ਵੀ ਹੱਲਾਸ਼ੇਰੀ ਮਿਲਦੀ ਹੈ ਕਿ ਅਸੀਂ ਆਪਣੇ ਇਲਾਕੇ ਵਿਚ ਉਨ੍ਹਾਂ ਲੋਕਾਂ ਨੂੰ ਭਾਲਦੇ ਰਹੀਏ ਜੋ ਇਸ ਦੁਨੀਆਂ ਵਿਚ ਹੁੰਦੀਆਂ ਭਿਆਨਕ ਗੱਲਾਂ ਕਰਕੇ ਦੁਖੀ ਹਨ।

“ਕਿਸ ਨੇ ਮੇਰੇ ਕੱਪੜੇ ਨੂੰ ਛੂਹਿਆ?”

11. ਮਰਕੁਸ 5:25-34 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਿਸੂ ਬੀਮਾਰ ਲੋਕਾਂ ਨੂੰ ਪਿਆਰ ਕਰਦਾ ਸੀ?

11 ਮਰਕੁਸ 5:25-34 ਪੜ੍ਹੋ। 12 ਸਾਲਾਂ ਤੋਂ ਇਕ ਔਰਤ ਇਕ ਸ਼ਰਮਨਾਕ ਬੀਮਾਰੀ ਨਾਲ ਜੂਝ ਰਹੀ ਸੀ। ਉਸ ਦੀ ਬੀਮਾਰੀ ਦਾ ਅਸਰ ਉਸ ਦੀ ਜ਼ਿੰਦਗੀ ਦੇ ਹਰ ਪਹਿਲੂ ’ਤੇ ਪੈ ਰਿਹਾ ਸੀ, ਇੱਥੋਂ ਤਕ ਕਿ ਉਸ ਦੀ ਭਗਤੀ ’ਤੇ ਵੀ। ਇਲਾਜ ਲਈ ਉਹ ਬਹੁਤ ਸਾਰੇ ਡਾਕਟਰਾਂ ਕੋਲ ਗਈ ਤੇ ਆਪਣਾ ਸਾਰਾ ਪੈਸਾ ਖ਼ਰਚ ਦਿੱਤਾ, ਪਰ ਉਸ ਦਾ ਹਾਲ ਹੋਰ ਵੀ ਬੁਰਾ ਹੋ ਗਿਆ। ਇਕ ਦਿਨ ਉਸ ਨੇ ਠੀਕ ਹੋਣ ਦਾ ਨਵਾਂ ਤਰੀਕਾ ਸੋਚਿਆ। ਭਾਵੇਂ ਉਸ ਨੂੰ ਪਤਾ ਸੀ ਕਿ ਮੂਸਾ ਦੇ ਕਾਨੂੰਨ ਮੁਤਾਬਕ ਉਸ ਵਰਗੀ ਬੀਮਾਰੀ ਤੋਂ ਪੀੜਿਤ ਵਿਅਕਤੀ ਲਈ ਕਿਸੇ ਨੂੰ ਛੋਹਣਾ ਗ਼ਲਤ ਸੀ, ਪਰ ਫਿਰ ਵੀ ਉਸ ਨੇ ਭੀੜ ਵਿੱਚੋਂ ਲੰਘ ਕੇ ਯਿਸੂ ਦੇ ਕੱਪੜੇ ਨੂੰ ਛੂਹਿਆ। (ਲੇਵੀ. 15:19, 25) ਜਦੋਂ ਯਿਸੂ ਨੂੰ ਪਤਾ ਲੱਗਾ ਕਿ ਉਸ ਵਿੱਚੋਂ ਸ਼ਕਤੀ ਨਿਕਲੀ ਸੀ, ਤਾਂ ਉਸ ਨੇ ਪੁੱਛਿਆ ਕਿ ਉਸ ਨੂੰ ਕਿਸ ਨੇ ਛੂਹਿਆ। ਤੀਵੀਂ “ਡਰਦੀ ਅਤੇ ਕੰਬਦੀ ਹੋਈ ਆਈ ਅਤੇ ਉਸ ਨੇ ਯਿਸੂ ਦੇ ਪੈਰੀਂ ਪੈ ਕੇ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ।” ਯਿਸੂ ਜਾਣਦਾ ਸੀ ਕਿ ਯਹੋਵਾਹ ਨੇ ਉਸ ਔਰਤ ਨੂੰ ਠੀਕ ਕਰ ਦਿੱਤਾ ਸੀ, ਇਸ ਲਈ ਉਸ ਨੇ ਪਿਆਰ ਨਾਲ ਕਿਹਾ: “ਧੀਏ, ਤੂੰ ਆਪਣੀ ਨਿਹਚਾ ਕਰਕੇ ਚੰਗੀ ਹੋਈ ਹੈਂ। ਰਾਜ਼ੀ ਰਹਿ ਅਤੇ ਆਪਣੀ ਦਰਦਨਾਕ ਬੀਮਾਰੀ ਤੋਂ ਬਚੀ ਰਹਿ।”

ਯਿਸੂ ਨੇ ਚਮਤਕਾਰਾਂ ਰਾਹੀਂ ਸਾਬਤ ਕੀਤਾ ਕਿ ਉਹ ਸਾਡੀ ਪਰਵਾਹ ਕਰਦਾ ਹੈ ਤੇ ਸਾਡੀਆਂ ਪਰੇਸ਼ਾਨੀਆਂ ਨੂੰ ਸਮਝਦਾ ਹੈ (ਪੈਰੇ 11, 12 ਦੇਖੋ)

12. (ੳ) ਹੁਣ ਤਕ ਸਿੱਖੀਆਂ ਗੱਲਾਂ ਤੋਂ ਸਮਝਾਓ ਕਿ ਯਿਸੂ ਕਿਹੋ ਜਿਹਾ ਇਨਸਾਨ ਸੀ। (ਅ) ਯਿਸੂ ਨੇ ਸਾਡੇ ਲਈ ਕਿਹੜੀ ਮਿਸਾਲ ਕਾਇਮ ਕੀਤੀ?

12 ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ ਕਿ ਯਿਸੂ ਬੀਮਾਰ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਂਦਾ ਸੀ! ਯਿਸੂ ਅਤੇ ਸ਼ੈਤਾਨ ਵਿਚ ਵਾਕਈ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਸ਼ੈਤਾਨ ਸਾਨੂੰ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਅਸੀਂ ਕਿਸੇ ਕੰਮ ਦੇ ਨਹੀਂ ਹਾਂ ਤੇ ਸਾਨੂੰ ਕੋਈ ਪਿਆਰ ਨਹੀਂ ਕਰਦਾ। ਪਰ ਯਿਸੂ ਦੇ ਚਮਤਕਾਰਾਂ ਤੋਂ ਪਤਾ ਲੱਗਦਾ ਹੈ ਕਿ ਉਹ ਸਾਡੀ ਪਰਵਾਹ ਕਰਦਾ ਹੈ ਤੇ ਸਾਡੀਆਂ ਪਰੇਸ਼ਾਨੀਆਂ ਨੂੰ ਸਮਝਦਾ ਹੈ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਡਾ ਰਾਜਾ ਤੇ ਮਹਾਂ ਪੁਜਾਰੀ ਸਾਡੇ ਨਾਲ ਹਮਦਰਦੀ ਰੱਖਦਾ ਹੈ! (ਇਬ. 4:15) ਸਾਡੇ ਲਈ ਸ਼ਾਇਦ ਲੰਮੇ ਸਮੇਂ ਤੋਂ ਕਿਸੇ ਬੀਮਾਰੀ ਦੀ ਮਾਰ ਝੱਲ ਰਹੇ ਵਿਅਕਤੀ ਦੀਆਂ ਭਾਵਨਾਵਾਂ ਨੂੰ ਸਮਝਣਾ ਮੁਸ਼ਕਲ ਹੋਵੇ, ਖ਼ਾਸ ਕਰਕੇ ਜੇ ਸਾਨੂੰ ਉਹ ਬੀਮਾਰੀ ਨਹੀਂ ਲੱਗੀ ਹੋਈ। ਪਰ ਯਿਸੂ ਬਾਰੇ ਸੋਚੋ। ਭਾਵੇਂ ਕਿ ਉਹ ਆਪ ਕਦੇ ਬੀਮਾਰ ਨਹੀਂ ਹੋਇਆ, ਫਿਰ ਵੀ ਉਹ ਲੋਕਾਂ ਨਾਲ ਹਮਦਰਦੀ ਰੱਖਦਾ ਸੀ। ਆਓ ਆਪਾਂ ਪੂਰੀ ਵਾਹ ਲਾ ਕੇ ਉਸ ਦੀ ਰੀਸ ਕਰਨ ਦੀ ਕੋਸ਼ਿਸ਼ ਕਰੀਏ।—1 ਪਤ. 3:8.

“ਯਿਸੂ ਰੋਣ ਲੱਗ ਪਿਆ”

13. ਲਾਜ਼ਰ ਦਾ ਮੁੜ ਜੀਉਂਦਾ ਹੋਣਾ ਯਿਸੂ ਬਾਰੇ ਕੀ ਜ਼ਾਹਰ ਕਰਦਾ ਹੈ?

13 ਦੂਜਿਆਂ ਦੇ ਦੁੱਖਾਂ ਨੂੰ ਦੇਖ ਕੇ ਯਿਸੂ ਦਾ ਕਲੇਜਾ ਵਿੰਨ੍ਹਿਆ ਜਾਂਦਾ ਸੀ। ਮਿਸਾਲ ਲਈ, ਜਦੋਂ ਯਿਸੂ ਦਾ ਦੋਸਤ ਲਾਜ਼ਰ ਗੁਜ਼ਰ ਗਿਆ, ਤਾਂ ਲਾਜ਼ਰ ਦੇ ਪਰਿਵਾਰ ਤੇ ਉਸ ਦੇ ਦੋਸਤਾਂ ਦਾ ਦੁੱਖ ਦੇਖ ਕੇ ਯਿਸੂ ਦਾ “ਦਿਲ ਭਰ ਆਇਆ ਅਤੇ ਉਹ ਬਹੁਤ ਦੁਖੀ ਹੋਇਆ।” (ਯੂਹੰਨਾ 11:33-36 ਪੜ੍ਹੋ।) ਚਾਹੇ ਉਸ ਨੂੰ ਪਤਾ ਸੀ ਕਿ ਉਹ ਲਾਜ਼ਰ ਨੂੰ ਮੁੜ ਜੀਉਂਦਾ ਕਰ ਦੇਵੇਗਾ, ਫਿਰ ਵੀ ਉਹ ਆਪਣੇ ਹੰਝੂ ਰੋਕ ਨਹੀਂ ਸਕਿਆ। ਉਸ ਨੂੰ ਇਸ ਗੱਲ ਦਾ ਜ਼ਰਾ ਵੀ ਡਰ ਨਹੀਂ ਸੀ ਕਿ ਉਸ ਨੂੰ ਰੋਂਦਾ ਦੇਖ ਕੇ ਦੂਜੇ ਕੀ ਕਹਿਣਗੇ। ਯਿਸੂ ਲਾਜ਼ਰ ਤੇ ਉਸ ਦੇ ਪਰਿਵਾਰ ਨੂੰ ਬੇਹੱਦ ਪਿਆਰ ਕਰਦਾ ਸੀ ਜਿਸ ਕਰਕੇ ਉਸ ਨੇ ਪਰਮੇਸ਼ੁਰ ਤੋਂ ਮਿਲੀ ਤਾਕਤ ਨਾਲ ਲਾਜ਼ਰ ਨੂੰ ਦੁਬਾਰਾ ਜੀਉਂਦਾ ਕਰ ਦਿੱਤਾ।—ਯੂਹੰ. 11:43-44.

14, 15. (ੳ) ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਮਨੁੱਖਜਾਤੀ ਦੇ ਦੁੱਖਾਂ ਨੂੰ ਮਿਟਾਉਣਾ ਚਾਹੁੰਦਾ ਹੈ? (ਅ) “ਕਬਰਾਂ” ਸ਼ਬਦ ਤੋਂ ਅਸੀਂ ਕੀ ਸਿੱਖਦੇ ਹਾਂ?

14 ਬਾਈਬਲ ਸਾਨੂੰ ਦੱਸਦੀ ਹੈ ਕਿ ਯਿਸੂ ਹੂ-ਬਹੂ ਆਪਣੇ ਪਿਤਾ ਯਹੋਵਾਹ ਵਰਗਾ ਹੈ। (ਇਬ. 1:3) ਸੋ ਯਿਸੂ ਦੇ ਚਮਤਕਾਰਾਂ ਤੋਂ ਸਾਬਤ ਹੁੰਦਾ ਹੈ ਕਿ ਯਹੋਵਾਹ ਵੀ ਬੀਮਾਰੀਆਂ, ਦੁੱਖਾਂ ਤੇ ਮੌਤ ਨੂੰ ਹਮੇਸ਼ਾ-ਹਮੇਸ਼ਾ ਲਈ ਮਿਟਾਉਣਾ ਚਾਹੁੰਦਾ ਹੈ। ਬਹੁਤ ਜਲਦ ਯਹੋਵਾਹ ਤੇ ਯਿਸੂ ਅਰਬਾਂ ਹੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨਗੇ। ਯਿਸੂ ਨੇ ਕਿਹਾ: ‘ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ ਵਿਚ ਪਏ ਸਾਰੇ ਲੋਕ ਬਾਹਰ ਨਿਕਲ ਆਉਣਗੇ।’—ਯੂਹੰ. 5:28, 29.

15 ਯਿਸੂ ਨੇ ਇੱਥੇ “ਕਬਰਾਂ” ਲਈ ਜਿਹੜਾ ਯੂਨਾਨੀ ਸ਼ਬਦ ਵਰਤਿਆ ਸੀ, ਉਹ ਉਨ੍ਹਾਂ ਕਬਰਾਂ ਨੂੰ ਸੰਕੇਤ ਕਰਦਾ ਹੈ ਜੋ ਮਰੇ ਲੋਕਾਂ ਦੀ ਯਾਦ ਨੂੰ ਕਾਇਮ ਰੱਖਦੀਆਂ ਹਨ। ਕਹਿਣ ਦਾ ਮਤਲਬ ਹੈ ਕਿ ਮੌਤ ਦੀ ਨੀਂਦ ਸੁੱਤੇ ਪਏ ਲੋਕ ਯਹੋਵਾਹ ਦੀ ਯਾਦ ਵਿਚ ਹਨ। ਸਾਰੀ ਕਾਇਨਾਤ ਨੂੰ ਬਣਾਉਣ ਵਾਲਾ ਸਰਬਸ਼ਕਤੀਮਾਨ ਪਰਮੇਸ਼ੁਰ ਸਾਡੇ ਮਰ ਚੁੱਕੇ ਅਜ਼ੀਜ਼ਾਂ ਦੀ ਹਰ ਨਿੱਕੀ ਤੋਂ ਨਿੱਕੀ ਗੱਲ ਨੂੰ ਯਾਦ ਰੱਖ ਸਕਦਾ ਹੈ, ਇੱਥੋਂ ਤਕ ਕਿ ਉਨ੍ਹਾਂ ਦੇ ਸੁਭਾਅ ਨੂੰ ਵੀ। (ਯਸਾ. 40:26) ਯਹੋਵਾਹ ਨਾ ਸਿਰਫ਼ ਉਨ੍ਹਾਂ ਨੂੰ ਯਾਦ ਰੱਖ ਸਕਦਾ ਹੈ, ਬਲਕਿ ਉਹ ਤੇ ਉਸ ਦਾ ਪੁੱਤਰ ਉਨ੍ਹਾਂ ਨੂੰ ਯਾਦ ਰੱਖਣਾ ਵੀ ਚਾਹੁੰਦੇ ਹਨ। ਲਾਜ਼ਰ ਤੇ ਬਾਈਬਲ ਵਿਚ ਜ਼ਿਕਰ ਕੀਤੇ ਹੋਰ ਲੋਕਾਂ ਦਾ ਜੀ ਉਠਾਇਆ ਜਾਣਾ ਇਸ ਗੱਲ ਦਾ ਵੱਡਾ ਸਬੂਤ ਹੈ ਕਿ ਨਵੀਂ ਦੁਨੀਆਂ ਵਿਚ ਵੱਡੇ ਪੈਮਾਨੇ ਤੇ ਲੋਕਾਂ ਨੂੰ ਜੀ ਉਠਾਇਆ ਜਾਵੇਗਾ।

ਅਸੀਂ ਯਿਸੂ ਦੇ ਚਮਤਕਾਰਾਂ ਤੋਂ ਕੀ ਸਿੱਖਦੇ ਹਾਂ

16. ਪਰਮੇਸ਼ੁਰ ਦੇ ਬਹੁਤ ਸਾਰੇ ਸੇਵਕਾਂ ਕੋਲ ਕਿਹੜਾ ਮੌਕਾ ਹੋਵੇਗਾ?

16 ਜੇ ਅਸੀਂ ਵਫ਼ਾਦਾਰ ਰਹਾਂਗੇ, ਤਾਂ ਸ਼ਾਇਦ ਸਾਨੂੰ ਸਭ ਤੋਂ ਵੱਡਾ ਚਮਤਕਾਰ ਦੇਖਣ ਦਾ ਮੌਕਾ ਮਿਲੇ। ਉਹ ਹੈ ਮਹਾਂਕਸ਼ਟ ਵਿੱਚੋਂ ਬਚ ਨਿਕਲਣਾ। ਆਰਮਾਗੇਡਨ ਤੋਂ ਜਲਦੀ ਬਾਅਦ ਅਸੀਂ ਹੋਰ ਬਹੁਤ ਸਾਰੇ ਚਮਤਕਾਰ ਦੇਖਾਂਗੇ। ਉਸ ਸਮੇਂ ਹਰ ਇਨਸਾਨ ਤੰਦਰੁਸਤ ਹੋਵੇਗਾ। (ਯਸਾ. 33:24; 35:5, 6; ਪ੍ਰਕਾ. 21:4) ਕਲਪਨਾ ਕਰੋ ਜਦੋਂ ਲੋਕ ਆਪਣੀਆਂ ਐਨਕਾਂ, ਸੋਟੀਆਂ, ਫੌੜੀਆਂ, ਵੀਲ੍ਹਚੇਅਰਾਂ ਅਤੇ ਕੰਨਾਂ ਦੀਆਂ ਮਸ਼ੀਨਾਂ ਲਾਹ ਕੇ ਸੁੱਟ ਦੇਣਗੇ। ਜਿਹੜੇ ਲੋਕ ਆਰਮਾਗੇਡਨ ਤੋਂ ਬਚ ਨਿਕਲਣਗੇ, ਯਹੋਵਾਹ ਉਨ੍ਹਾਂ ਨੂੰ ਸਿਹਤਮੰਦ ਬਣਾਵੇਗਾ ਕਿਉਂਕਿ ਉਨ੍ਹਾਂ ਲਈ ਬਹੁਤ ਸਾਰਾ ਕੰਮ ਕਰਨ ਨੂੰ ਹੋਵੇਗਾ। ਉਨ੍ਹਾਂ ਨੇ ਹੀ ਸਾਡੀ ਪੂਰੀ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾਉਣਾ ਹੈ।—ਜ਼ਬੂ. 115:16.

17, 18. (ੳ) ਯਿਸੂ ਨੇ ਚਮਤਕਾਰ ਕਿਉਂ ਕੀਤੇ ਸਨ? (ਅ) ਤੁਹਾਨੂੰ ਉਹ ਕੁਝ ਕਰਨ ਲਈ ਤਿਆਰ ਕਿਉਂ ਰਹਿਣਾ ਚਾਹੀਦਾ ਜੋ ਨਵੀਂ ਦੁਨੀਆਂ ਵਿਚ ਜਾਣ ਲਈ ਜ਼ਰੂਰੀ ਹੈ?

17 ਅੱਜ “ਵੱਡੀ ਭੀੜ” ਦਾ ਹੌਸਲਾ ਵਧਦਾ ਹੈ ਜਦੋਂ ਉਹ ਪੜ੍ਹਦੇ ਹਨ ਕਿ ਯਿਸੂ ਨੇ ਕਿਵੇਂ ਬੀਮਾਰਾਂ ਨੂੰ ਠੀਕ ਕੀਤਾ ਸੀ। (ਪ੍ਰਕਾ. 7:9) ਇਹ ਚਮਤਕਾਰ ਸਾਡੀ ਉਮੀਦ ਨੂੰ ਹੋਰ ਵੀ ਪੱਕਾ ਕਰਦੇ ਹਨ ਕਿ ਭਵਿੱਖ ਵਿਚ ਸਾਨੂੰ ਹਰ ਇਕ ਬੀਮਾਰੀ ਤੋਂ ਛੁਟਕਾਰਾ ਮਿਲੇਗਾ। ਨਾਲੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਜੇਠਾ ਪੁੱਤਰ ਇਨਸਾਨਾਂ ਨੂੰ ਕਿੰਨਾ ਪਿਆਰ ਕਰਦਾ ਹੈ। (ਯੂਹੰ. 10:11; 15:12, 13) ਯਿਸੂ ਦੀ ਦਇਆ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਆਪਣੇ ਹਰ ਇਕ ਸੇਵਕ ਨਾਲ ਡਾਢਾ ਪਿਆਰ ਕਰਦਾ ਹੈ।—ਯੂਹੰ. 5:19.

18 ਅੱਜ ਦੁਨੀਆਂ ਵਿਚ ਦੁੱਖ-ਤਕਲੀਫ਼ਾਂ ਤੇ ਮੌਤ ਦਾ ਬੋਲਬਾਲਾ ਹੈ। (ਰੋਮੀ. 8:22) ਇਸ ਲਈ ਸਾਨੂੰ ਪਰਮੇਸ਼ੁਰ ਦੀ ਨਵੀਂ ਦੁਨੀਆਂ ਦੀ ਲੋੜ ਹੈ। ਉਸ ਦੁਨੀਆਂ ਵਿਚ ਪਰਮੇਸ਼ੁਰ ਦੇ ਵਾਅਦੇ ਮੁਤਾਬਕ ਸਾਰਿਆਂ ਦੀ ਸਿਹਤ ਵਧੀਆ ਹੋਵੇਗੀ। ਮਲਾਕੀ 4:2 ਵਿਚ ਸਾਨੂੰ ਵਧੀਆ ਉਮੀਦ ਮਿਲਦੀ ਹੈ ਕਿ ਅਸੀਂ ‘ਵਾੜੇ ਦੇ ਵੱਛਿਆਂ ਵਾਂਙੁ ਬਾਹਰ ਨਿੱਕਲਾਂਗੇ ਅਤੇ ਕੁੱਦਾਂਗੇ,’ ਯਾਨੀ ਅਸੀਂ ਖ਼ੁਸ਼ੀ ਨਾਲ ਝੂਮ ਉੱਠਾਂਗੇ ਕਿਉਂਕਿ ਸਾਨੂੰ ਪਾਪ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕੀਤਾ ਜਾਵੇਗਾ। ਆਓ ਆਪਾਂ ਯਹੋਵਾਹ ਦੇ ਸ਼ੁਕਰਗੁਜ਼ਾਰ ਹੋਈਏ ਅਤੇ ਉਸ ਦੇ ਵਾਅਦਿਆਂ ’ਤੇ ਨਿਹਚਾ ਕਰ ਕੇ ਹੁਣ ਉਹ ਕੁਝ ਕਰਨ ਲਈ ਤਿਆਰ ਰਹੀਏ ਜੋ ਨਵੀਂ ਦੁਨੀਆਂ ਵਿਚ ਜਾਣ ਲਈ ਜ਼ਰੂਰੀ ਹੈ। ਇਹ ਜਾਣ ਕੇ ਸਾਡਾ ਹੌਸਲਾ ਕਿੰਨਾ ਵਧਦਾ ਹੈ ਕਿ ਯਿਸੂ ਦੇ ਕੀਤੇ ਚਮਤਕਾਰ ਆਉਣ ਵਾਲੇ ਕੱਲ੍ਹ ਦੀ ਝਲਕ ਹਨ ਜਦੋਂ ਉਸ ਦੇ ਰਾਜ ਅਧੀਨ ਮਨੁੱਖਜਾਤੀ ਨੂੰ ਹਮੇਸ਼ਾ ਲਈ ਰਾਹਤ ਮਿਲੇਗੀ।