Skip to content

Skip to table of contents

ਜੀਵਨੀ

“ਟਾਪੂ ਜਿਹੜੇ ਬਹੁਤ ਸਾਰੇ ਹਨ ਅਨੰਦ ਹੋਣ!”

“ਟਾਪੂ ਜਿਹੜੇ ਬਹੁਤ ਸਾਰੇ ਹਨ ਅਨੰਦ ਹੋਣ!”

22 ਮਈ 2000 ਦਾ ਦਿਨ ਸੀ। ਮੈਂ ਇਹ ਦਿਨ ਕਦੇ ਨਹੀਂ ਭੁੱਲਾਂਗਾ। ਮੇਰੇ ਨਾਲ ਦੁਨੀਆਂ ਦੇ ਵੱਖੋ-ਵੱਖਰੇ ਦੇਸ਼ਾਂ ਤੋਂ ਆਏ ਬਹੁਤ ਸਾਰੇ ਭਰਾ ਸਨ ਤੇ ਅਸੀਂ ਪ੍ਰਬੰਧਕ ਸਭਾ ਦੇ ਕਮਰੇ ਵਿਚ ਬੈਠੇ ਇੰਤਜ਼ਾਰ ਕਰ ਰਹੇ ਸੀ। ਅਸੀਂ ਘਬਰਾਏ ਹੋਏ ਸੀ। ਰਾਇਟਿੰਗ ਕਮੇਟੀ ਵਿਚ ਕੰਮ ਕਰਦੇ ਭਰਾ ਅੰਦਰ ਆਉਣ ਵਾਲੇ ਸਨ। ਸਾਨੂੰ ਕਿਹਾ ਗਿਆ ਸੀ ਕਿ ਅਸੀਂ ਅਨੁਵਾਦ ਦਾ ਕੰਮ ਕਰਨ ਵਾਲੇ ਭੈਣਾਂ-ਭਰਾਵਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਬਾਰੇ ਕੁਝ ਸੁਝਾਅ ਦੇਈਏ। ਹੁਣ ਅਸੀਂ ਰਾਇਟਿੰਗ ਕਮੇਟੀ ਨੂੰ ਇਹੀ ਸੁਝਾਅ ਦੇਣ ਲਈ ਆਏ ਸੀ। ਪਰ ਇਹ ਮੀਟਿੰਗ ਇੰਨੀ ਅਹਿਮ ਕਿਉਂ ਸੀ? ਇਹ ਦੱਸਣ ਤੋਂ ਪਹਿਲਾਂ ਆਓ ਮੈਂ ਤੁਹਾਨੂੰ ਆਪਣੇ ਬਾਰੇ ਕੁਝ ਦੱਸਾਂ।

ਕੁਈਨਜ਼ਲੈਂਡ ਵਿਚ ਬਪਤਿਸਮਾ ਲਿਆ, ਤਸਮਾਨੀਆ ਵਿਚ ਪਾਇਨੀਅਰਿੰਗ ਕੀਤੀ, ਟੂਵਾਲੂ, ਸਮੋਆ ਅਤੇ ਫਿਜੀ ਵਿਚ ਮਿਸ਼ਨਰੀ ਸੇਵਾ ਕੀਤੀ

ਮੈਂ 1955 ਨੂੰ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਵਿਚ ਪੈਦਾ ਹੋਇਆ। ਮੇਰੇ ਜਨਮ ਤੋਂ ਥੋੜ੍ਹੀ ਦੇਰ ਬਾਅਦ ਮੇਰੇ ਮਾਤਾ ਜੀ ਅਸਟੈਲ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨ ਲੱਗ ਪਏ ਤੇ ਅਗਲੇ ਸਾਲ ਉਨ੍ਹਾਂ ਨੇ ਬਪਤਿਸਮਾ ਲੈ ਲਿਆ। ਇਸ ਤੋਂ 13 ਸਾਲਾਂ ਬਾਅਦ ਮੇਰੇ ਪਿਤਾ ਜੀ ਰੌਨ ਵੀ ਸੱਚਾਈ ਵਿਚ ਆ ਗਏ। ਮੇਰਾ ਬਪਤਿਸਮਾ 1968 ਵਿਚ ਕੁਈਨਜ਼ਲੈਂਡ ਦੇ ਇਕ ਦੂਰ-ਦੁਰਾਡੇ ਇਲਾਕੇ ਵਿਚ ਹੋਇਆ।

ਮੈਨੂੰ ਬਚਪਨ ਤੋਂ ਹੀ ਪੜ੍ਹਨ ਦਾ ਸ਼ੌਕ ਸੀ ਤੇ ਭਾਸ਼ਾ ਨਾਲ ਲਗਾਅ ਸੀ। ਜਦੋਂ ਅਸੀਂ ਸਾਰਾ ਪਰਿਵਾਰ ਗੱਡੀ ਵਿਚ ਲੰਬੇ ਸਫ਼ਰ ’ਤੇ ਜਾਂਦੇ ਹੁੰਦੇ ਸੀ, ਤਾਂ ਮੈਂ ਪਿਛਲੀ ਸੀਟ ’ਤੇ ਬੈਠ ਕੇ ਕਿਤਾਬਾਂ ਪੜ੍ਹਦਾ ਹੁੰਦਾ ਸੀ। ਮੇਰੇ ਮਾਪਿਆਂ ਨੂੰ ਗੁੱਸਾ ਆਉਂਦਾ ਸੀ ਕਿਉਂਕਿ ਮੈਂ ਆਲੇ-ਦੁਆਲੇ ਦੇ ਨਜ਼ਾਰਿਆਂ ਨੂੰ ਦੇਖਣ ਦੀ ਬਜਾਇ ਕਿਤਾਬ ਵਿਚ ਹੀ ਖੁੱਭਿਆ ਰਹਿੰਦਾ ਸੀ। ਪਰ ਪੜ੍ਹਨ ਦਾ ਸ਼ੌਕ ਹੋਣ ਕਰਕੇ ਮੈਂ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਇਸ ਕਰਕੇ ਤਸਮਾਨੀਆ ਟਾਪੂ ਉੱਤੇ ਗਲੈਨੋਰਕੀ ਸ਼ਹਿਰ ਦੇ ਹਾਈ ਸਕੂਲ ਵਿਚ ਮੈਨੂੰ ਬਹੁਤ ਸਾਰੇ ਇਨਾਮ ਮਿਲੇ।

ਪਰ ਫਿਰ ਇਕ ਗੰਭੀਰ ਫ਼ੈਸਲਾ ਕਰਨ ਦਾ ਸਮਾਂ ਆਇਆ। ਕੀ ਮੈਂ ਯੂਨੀਵਰਸਿਟੀ ਜਾਣ ਲਈ ਮਿਲਦਾ ਵਜ਼ੀਫ਼ਾ ਸਵੀਕਾਰ ਕਰਾਂਗਾ? ਭਾਵੇਂ ਮੈਨੂੰ ਕਿਤਾਬਾਂ ਪੜ੍ਹਨ ਤੇ ਸਿੱਖਣ ਦਾ ਬੜਾ ਸ਼ੌਕ ਸੀ, ਪਰ ਮੇਰੇ ਮਾਤਾ ਜੀ ਨੇ ਮੈਨੂੰ ਸਿਖਾਇਆ ਸੀ ਕਿ ਮੈਂ ਹੋਰ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਯਹੋਵਾਹ ਨੂੰ ਪਿਆਰ ਕਰਾਂ। (1 ਕੁਰਿੰ. 3:18, 19) ਇਸ ਲਈ ਮੈਂ ਆਪਣੇ ਮਾਪਿਆਂ ਦੀ ਇਜਾਜ਼ਤ ਨਾਲ ਲਾਜ਼ਮੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਕੂਲੋਂ ਹਟ ਗਿਆ ਤੇ 15 ਸਾਲ ਦੀ ਉਮਰ ਵਿਚ ਜਨਵਰੀ 1971 ਵਿਚ ਪਾਇਨੀਅਰਿੰਗ ਕਰਨ ਲੱਗ ਪਿਆ।

ਅਗਲੇ ਅੱਠ ਸਾਲਾਂ ਤਕ ਮੈਨੂੰ ਤਸਮਾਨੀਆ ਵਿਚ ਪਾਇਨੀਅਰਿੰਗ ਕਰਨ ਦਾ ਸਨਮਾਨ ਮਿਲਿਆ। ਇਸ ਸਮੇਂ ਦੌਰਾਨ ਮੈਂ ਤਸਮਾਨੀਆ ਦੀ ਖ਼ੂਬਸੂਰਤ ਕੁੜੀ ਜੈਨੀ ਅਲਕੋਕ ਨਾਲ ਵਿਆਹ ਕਰਾ ਲਿਆ। ਅਸੀਂ ਚਾਰ ਸਾਲਾਂ ਤਕ ਇਕੱਠਿਆਂ ਨੇ ਸਮਿਥਟਨ ਅਤੇ ਕੁਇਨਜ਼ਟਾਊਨ ਕਸਬਿਆਂ ਵਿਚ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕੀਤੀ।

ਸ਼ਾਂਤ ਮਹਾਂਸਾਗਰ ਦੇ ਟਾਪੂਆਂ ’ਤੇ ਮਿਸ਼ਨਰੀ ਸੇਵਾ

1978 ਵਿਚ ਅਸੀਂ ਪਹਿਲੀ ਵਾਰ ਅੰਤਰ-ਰਾਸ਼ਟਰੀ ਸੰਮੇਲਨ ਲਈ ਪੋਰਟ ਮੌਰਸਬੀ, ਪਾਪੂਆਂ ਨਿਊ ਗਿਨੀ ਗਏ। ਮੈਨੂੰ ਹਾਲੇ ਵੀ ਯਾਦ ਹੈ ਜਦੋਂ ਹਿਰੀ ਮੋਟੂ ਭਾਸ਼ਾ ਵਿਚ ਮੈਂ ਇਕ ਮਿਸ਼ਨਰੀ ਭਰਾ ਦੇ ਭਾਸ਼ਣ ਨੂੰ ਸੁਣਿਆ ਸੀ। ਭਾਵੇਂ ਕਿ ਉਸ ਦੀ ਇਕ ਗੱਲ ਵੀ ਮੇਰੇ ਖਾਨੇ ਨਹੀਂ ਪਈ, ਪਰ ਉਸ ਦੇ ਭਾਸ਼ਣ ਤੋਂ ਮੈਨੂੰ ਮਿਸ਼ਨਰੀ ਬਣਨ, ਹੋਰ ਭਾਸ਼ਾਵਾਂ ਸਿੱਖਣ ਅਤੇ ਉਸ ਭਰਾ ਵਾਂਗ ਭਾਸ਼ਣ ਦੇਣ ਦੀ ਪ੍ਰੇਰਣਾ ਮਿਲੀ। ਇਸ ਲਈ ਮੈਂ ਸੋਚਿਆ ਕਿ ਭਾਸ਼ਾਵਾਂ ਨਾਲ ਆਪਣੇ ਪਿਆਰ ਨੂੰ ਮੈਂ ਯਹੋਵਾਹ ਦੀ ਸੇਵਾ ਕਰਨ ਲਈ ਵਰਤ ਸਕਦਾ ਹਾਂ।

ਆਸਟ੍ਰੇਲੀਆ ਵਾਪਸ ਆ ਕੇ ਅਸੀਂ ਹੈਰਾਨ ਰਹਿ ਗਏ ਜਦੋਂ ਸਾਨੂੰ ਟੂਵਾਲੂ (ਪਹਿਲਾਂ ਐਲਿਸ ਟਾਪੂ) ਦੇ ਫੁਨਾਫੁਟੀ ਟਾਪੂ ’ਤੇ ਮਿਸ਼ਨਰੀਆਂ ਵਜੋਂ ਸੇਵਾ ਕਰਨ ਦਾ ਸੱਦਾ ਮਿਲਿਆ। ਅਸੀਂ ਇਹ ਸੇਵਾ ਜਨਵਰੀ 1979 ਵਿਚ ਕਰਨੀ ਸ਼ੁਰੂ ਕੀਤੀ। ਪੂਰੇ ਟੂਵਾਲੂ ਵਿਚ ਸਾਡੇ ਤੋਂ ਇਲਾਵਾ ਸਿਰਫ਼ ਤਿੰਨ ਭੈਣ-ਭਰਾ ਸਨ।

ਟੂਵਾਲੂ ਵਿਚ ਜੈਨੀ ਨਾਲ

ਟੂਵਾਲੂਅਨ ਸਿੱਖਣੀ ਆਸਾਨ ਨਹੀਂ ਸੀ। ਇਸ ਭਾਸ਼ਾ ਵਿਚ ਸਿਰਫ਼ “ਨਵਾਂ ਨੇਮ” ਹੀ ਉਪਲਬਧ ਸੀ। ਉੱਥੇ ਕੋਈ ਡਿਕਸ਼ਨਰੀ ਜਾਂ ਭਾਸ਼ਾ ਸਿੱਖਣ ਲਈ ਕੋਰਸ ਨਹੀਂ ਸੀ, ਇਸ ਲਈ ਅਸੀਂ ਹਰ ਰੋਜ਼ 10-20 ਨਵੇਂ ਸ਼ਬਦ ਸਿੱਖਣ ਦਾ ਫ਼ੈਸਲਾ ਕੀਤਾ। ਪਰ ਜਲਦੀ ਹੀ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਬਦਾਂ ਦਾ ਸਹੀ ਮਤਲਬ ਨਹੀਂ ਸਮਝੇ ਸੀ। ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਸੀ ਕਿ ਟੇਵੇ ਲਾਉਣੇ ਗ਼ਲਤ ਹਨ, ਪਰ ਅਸਲ ਵਿਚ ਅਸੀਂ ਕਹਿ ਰਹੇ ਸੀ ਕਿ ਤੋਲਣ ਲਈ ਤੱਕੜੀਆਂ ਅਤੇ ਤੁਰਨ-ਫਿਰਨ ਲਈ ਖੂੰਡੀਆਂ ਨਾ ਵਰਤੋ! ਪਰ ਅਸੀਂ ਜਿੰਨੀਆਂ ਵੀ ਸਟੱਡੀਆਂ ਸ਼ੁਰੂ ਕੀਤੀਆਂ ਸਨ, ਉਨ੍ਹਾਂ ਨੂੰ ਸਟੱਡੀ ਕਰਾਉਣ ਲਈ ਭਾਸ਼ਾ ਸਿੱਖਣੀ ਜ਼ਰੂਰੀ ਸੀ। ਇਸ ਲਈ ਅਸੀਂ ਸਿੱਖਣ ਦੀ ਕੋਸ਼ਿਸ਼ ਕਰਦੇ ਰਹੇ। ਕਈ ਸਾਲਾਂ ਬਾਅਦ ਇਕ ਔਰਤ, ਜਿਸ ਨੂੰ ਅਸੀਂ ਸਟੱਡੀ ਕਰਾਉਂਦੇ ਸੀ, ਨੇ ਕਿਹਾ: “ਅਸੀਂ ਬਹੁਤ ਖ਼ੁਸ਼ ਆਂ ਕਿ ਤੁਸੀਂ ਹੁਣ ਸਾਡੀ ਭਾਸ਼ਾ ਬੋਲਦੇ ਹੋ। ਪਹਿਲਾਂ ਤਾਂ ਤੁਹਾਡੀ ਗੱਲ ਸਾਡੇ ਬਿਲਕੁਲ ਵੀ ਪੱਲੇ ਨਹੀਂ ਸੀ ਪੈਂਦੀ!”

ਪਰ ਇਕ ਕਾਰਨ ਕਰਕੇ ਅਸੀਂ ਜਲਦੀ ਹੀ ਟੂਵਾਲੂਅਨ ਭਾਸ਼ਾ ਸਿੱਖ ਗਏ। ਸਾਨੂੰ ਕਿਰਾਏ ’ਤੇ ਘਰ ਨਹੀਂ ਸੀ ਮਿਲ ਰਿਹਾ ਜਿਸ ਕਰਕੇ ਅਸੀਂ ਪਿੰਡ ਵਿਚ ਇਕ ਪਰਿਵਾਰ ਨਾਲ ਰਹਿਣ ਲੱਗ ਪਏ ਜੋ ਯਹੋਵਾਹ ਦਾ ਗਵਾਹ ਸੀ। ਅਸੀਂ ਜਿੱਥੇ ਵੀ ਜਾਂਦੇ ਸੀ, ਸਾਨੂੰ ਟੂਵਾਲੂਅਨ ਬੋਲਣੀ ਪੈਂਦੀ ਸੀ, ਇੱਥੋਂ ਤਕ ਕਿ ਘਰ ਵਿਚ ਵੀ। ਕੁਝ ਸਾਲਾਂ ਤਕ ਅਸੀਂ ਅੰਗ੍ਰੇਜ਼ੀ ਵਿਚ ਗੱਲ ਨਹੀਂ ਕੀਤੀ ਜਿਸ ਕਰਕੇ ਟੂਵਾਲੂਅਨ ਹੀ ਸਾਡੀ ਮੁੱਖ ਭਾਸ਼ਾ ਬਣ ਗਈ।

ਸਾਡੇ ਉੱਥੇ ਪਹੁੰਚਣ ਤੋਂ ਜਲਦੀ ਬਾਅਦ ਕਈ ਲੋਕ ਸੱਚਾਈ ਵਿਚ ਦਿਲਚਸਪੀ ਲੈਣ ਲੱਗ ਪਏ। ਪਰ ਅਸੀਂ ਉਨ੍ਹਾਂ ਨਾਲ ਸਟੱਡੀ ਕਰਨ ਲਈ ਕਿਹੜਾ ਪ੍ਰਕਾਸ਼ਨ ਵਰਤ ਸਕਦੇ ਸੀ? ਉਨ੍ਹਾਂ ਦੀ ਭਾਸ਼ਾ ਦਾ ਸਾਡੇ ਕੋਲ ਕੋਈ ਪ੍ਰਕਾਸ਼ਨ ਨਹੀਂ ਸੀ। ਉਹ ਆਪ ਕਿਹੜੇ ਪ੍ਰਕਾਸ਼ਨ ਤੋਂ ਸਟੱਡੀ ਕਰ ਸਕਦੇ ਸਨ? ਜਦੋਂ ਉਨ੍ਹਾਂ ਨੇ ਸਭਾਵਾਂ ਵਿਚ ਆਉਣਾ ਸ਼ੁਰੂ ਕਰਨਾ ਸੀ, ਉਦੋਂ ਉਹ ਕਿਹੜੇ ਗੀਤ ਗਾ ਸਕਦੇ ਸਨ, ਭਾਸ਼ਣ ਕਿਵੇਂ ਦੇ ਸਕਦੇ ਸਨ ਅਤੇ ਸਭਾਵਾਂ ਲਈ ਤਿਆਰੀ ਕਿਵੇਂ ਕਰ ਸਕਦੇ ਸਨ? ਉਹ ਬਪਤਿਸਮਾ ਲੈਣ ਲਈ ਤਰੱਕੀ ਕਿਵੇਂ ਕਰ ਸਕਦੇ ਸਨ? ਯਹੋਵਾਹ ਬਾਰੇ ਸਿੱਖਣ ਲਈ ਇਨ੍ਹਾਂ ਨਿਮਰ ਲੋਕਾਂ ਨੂੰ ਆਪਣੀ ਭਾਸ਼ਾ ਵਿਚ ਪ੍ਰਕਾਸ਼ਨ ਚਾਹੀਦੇ ਸਨ! (1 ਕੁਰਿੰ. 14:9) ਅਸੀਂ ਸੋਚਦੇ ਸਾਂ, ‘ਕੀ ਟੂਵਾਲੂਅਨ ਵਿਚ ਕਦੇ ਪ੍ਰਕਾਸ਼ਨ ਛਪਣਗੇ ਜਿਸ ਭਾਸ਼ਾ ਨੂੰ ਸਿਰਫ਼ 15,000 ਤੋਂ ਵੀ ਘੱਟ ਲੋਕ ਬੋਲਦੇ ਹਨ?’ ਇਨ੍ਹਾਂ ਸਵਾਲਾਂ ਦੇ ਜਵਾਬ ਯਹੋਵਾਹ ਨੇ ਦੋ ਗੱਲਾਂ ਦਾ ਸਬੂਤ ਦੇ ਕੇ ਦਿੱਤੇ: (1) ਉਹ ਚਾਹੁੰਦਾ ਹੈ ਕਿ ਉਸ ਦਾ ਬਚਨ “ਦੂਰ ਦੇ ਟਾਪੂਆਂ ਵਿੱਚ” ਐਲਾਨ ਕੀਤਾ ਜਾਵੇ ਅਤੇ (2) ਉਹ ਚਾਹੁੰਦਾ ਹੈ ਕਿ ਲੋਕ ਉਸ ਦੇ ਨਾਂ ਵਿਚ ਪਨਾਹ ਲੈਣ ਜਿਨ੍ਹਾਂ ਨੂੰ ਦੁਨੀਆਂ “ਮਾਮੂਲੀ ਤੇ ਤੁੱਛ” ਸਮਝਦੀ ਹੈ।ਯਿਰ. 31:10; 1 ਕੁਰਿੰ. 1:28.

ਪ੍ਰਕਾਸ਼ਨਾਂ ਦਾ ਅਨੁਵਾਦ

ਬ੍ਰਾਂਚ ਆਫ਼ਿਸ ਨੇ 1980 ਵਿਚ ਸਾਨੂੰ ਅਨੁਵਾਦਕਾਂ ਵਜੋਂ ਕੰਮ ਕਰਨ ਲਈ ਕਿਹਾ। ਅਸੀਂ ਆਪਣੇ ਆਪ ਨੂੰ ਬਿਲਕੁਲ ਵੀ ਇਸ ਕੰਮ ਦੇ ਲਾਇਕ ਨਹੀਂ ਸਮਝਦੇ ਸੀ। (1 ਕੁਰਿੰ. 1:28, 29) ਪਹਿਲਾਂ-ਪਹਿਲਾਂ ਅਸੀਂ ਇਕ ਪੁਰਾਣੀ ਮਿਮੀਓਗ੍ਰਾਫ ਮਸ਼ੀਨ (ਹੱਥ ਨਾਲ ਚੱਲਣ ਵਾਲੀ ਮਸ਼ੀਨ) ਖ਼ਰੀਦ ਲਈ ਤੇ ਇਸ ਨਾਲ ਸਭਾਵਾਂ ਲਈ ਜਾਣਕਾਰੀ ਛਾਪਦੇ ਸੀ। ਅਸੀਂ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ ਕਿਤਾਬ ਵੀ ਅਨੁਵਾਦ ਕੀਤੀ ਤੇ ਇਸੇ ਮਸ਼ੀਨ ’ਤੇ ਛਾਪੀ। ਮੈਨੂੰ ਹਾਲੇ ਵੀ ਯਾਦ ਹੈ ਕਿ ਇਸ ਮਸ਼ੀਨ ’ਤੇ ਪ੍ਰਕਾਸ਼ਨ ਪ੍ਰਿੰਟ ਕਰਦੇ ਸਮੇਂ ਸਿਆਹੀ ਦੀ ਬਹੁਤ ਬਦਬੂ ਆਉਂਦੀ ਸੀ ਤੇ ਅੱਤ ਦੀ ਗਰਮੀ ਵਿਚ ਬਹੁਤ ਮਿਹਨਤ ਕਰਨੀ ਪੈਂਦੀ ਸੀ। ਉਸ ਵੇਲੇ ਤਾਂ ਉੱਥੇ ਬਿਜਲੀ ਵੀ ਨਹੀਂ ਹੁੰਦੀ ਸੀ!

ਟੂਵਾਲੂਅਨ ਵਿਚ ਅਨੁਵਾਦ ਕਰਨਾ ਸੌਖਾ ਨਹੀਂ ਸੀ ਕਿਉਂਕਿ ਸ਼ਬਦ ਦੇਖਣ ਲਈ ਇਕ ਵੀ ਡਿਕਸ਼ਨਰੀ ਨਹੀਂ ਸੀ ਜਾਂ ਰਿਸਰਚ ਕਰਨ ਲਈ ਬਹੁਤ ਘੱਟ ਕਿਤਾਬਾਂ ਸਨ। ਪਰ ਫਿਰ ਵੀ ਕਿਤਿਓਂ ਨਾ ਕਿਤਿਓਂ ਸਾਨੂੰ ਮਦਦ ਮਿਲ ਹੀ ਜਾਂਦੀ ਸੀ। ਇਕ ਦਿਨ ਸਵੇਰ ਨੂੰ ਗ਼ਲਤੀ ਨਾਲ ਮੈਂ ਉਸ ਬੰਦੇ ਦੇ ਘਰ ਚਲਾ ਗਿਆ ਜੋ ਸੱਚਾਈ ਦਾ ਵਿਰੋਧ ਕਰਦਾ ਸੀ। ਇਹ ਬਿਰਧ ਆਦਮੀ ਟੀਚਰ ਸੀ ਜਿਸ ਨੇ ਇਕਦਮ ਮੈਨੂੰ ਯਾਦ ਕਰਾਇਆ ਕਿ ਸਾਨੂੰ ਉਸ ਦੇ ਘਰ ਪ੍ਰਚਾਰ ਕਰਨ ਨਹੀਂ ਆਉਣਾ ਚਾਹੀਦਾ। ਫਿਰ ਉਸ ਨੇ ਕਿਹਾ: “ਮੈਂ ਬਸ ਤੁਹਾਨੂੰ ਇਕ ਗੱਲ ਦੱਸਣੀ ਚਾਹੁੰਦਾ। ਤੁਸੀਂ ਜਿਸ ਤਰ੍ਹਾਂ ਅਨੁਵਾਦ ਕਰਦੇ ਹੋ, ਲੋਕ ਉਸ ਤਰ੍ਹਾਂ ਟੂਵਾਲੂਅਨ ਨਹੀਂ ਬੋਲਦੇ।” ਇਸ ਬਾਰੇ ਦੂਜਿਆਂ ਤੋਂ ਪੁੱਛਣ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਕਿ ਉਹ ਬੰਦਾ ਸਹੀ ਕਹਿੰਦਾ ਸੀ। ਇਸ ਲਈ ਅਸੀਂ ਆਪਣੇ ਅਨੁਵਾਦ ਵਿਚ ਸੁਧਾਰ ਕੀਤਾ। ਪਰ ਮੈਂ ਹੈਰਾਨ ਸੀ ਕਿ ਯਹੋਵਾਹ ਨੇ ਇਕ ਵਿਰੋਧੀ ਦੇ ਜ਼ਰੀਏ ਸਾਡੀ ਮਦਦ ਕੀਤੀ ਜੋ ਜ਼ਰੂਰ ਸਾਡੇ ਪ੍ਰਕਾਸ਼ਨ ਪੜ੍ਹਦਾ ਸੀ!

ਟੂਵਾਲੂਅਨ ਵਿਚ ਕਿੰਗਡਮ ਨਿਊਜ਼ ਨੰ. 30

ਲੋਕਾਂ ਨੂੰ ਵੰਡਣ ਲਈ ਟੂਵਾਲੂਅਨ ਭਾਸ਼ਾ ਵਿਚ ਜੋ ਪਹਿਲਾ ਪ੍ਰਕਾਸ਼ਨ ਛਾਪਿਆ ਗਿਆ, ਉਹ ਸੀ ਮੈਮੋਰੀਅਲ ਦਾ ਸੱਦਾ-ਪੱਤਰ। ਇਸ ਤੋਂ ਬਾਅਦ ਕਿੰਗਡਮ ਨਿਊਜ਼ ਨੰ. 30 ਉਸੇ ਸਮੇਂ ਰਿਲੀਜ਼ ਹੋਇਆ ਜਦੋਂ ਅੰਗ੍ਰੇਜ਼ੀ ਦਾ ਹੋਇਆ ਸੀ। ਅਸੀਂ ਕਿੰਨੇ ਖ਼ੁਸ਼ ਸੀ ਕਿ ਅਸੀਂ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਕੁਝ ਦੇ ਸਕੇ! ਹੌਲੀ-ਹੌਲੀ ਕੁਝ ਬਰੋਸ਼ਰ ਅਤੇ ਕਿਤਾਬਾਂ ਵੀ ਟੂਵਾਲੂਅਨ ਵਿਚ ਛਪ ਗਈਆਂ। 1983 ਵਿਚ ਆਸਟ੍ਰੇਲੀਆ ਬ੍ਰਾਂਚ ਨੇ ਹਰ ਤਿੰਨ ਮਹੀਨਿਆਂ ਬਾਅਦ ਇਕ 24 ਸਫ਼ਿਆਂ ਦਾ ਪਹਿਰਾਬੁਰਜ ਛਾਪਣਾ ਸ਼ੁਰੂ ਕੀਤਾ ਜਿਸ ਕਰਕੇ ਅਸੀਂ ਹਰ ਹਫ਼ਤੇ 7 ਪੈਰੇ ਪੜ੍ਹ ਸਕਦੇ ਸੀ। ਸਾਡੇ ਪ੍ਰਕਾਸ਼ਨ ਟੂਵਾਲੂ ਲੋਕਾਂ ਨੂੰ ਕਿਹੋ ਜਿਹੇ ਲੱਗੇ? ਟੂਵਾਲੂ ਲੋਕਾਂ ਨੂੰ ਪੜ੍ਹਨ ਦਾ ਬੜਾ ਸ਼ੌਕ ਹੈ ਜਿਸ ਕਰਕੇ ਸਾਡੇ ਪ੍ਰਕਾਸ਼ਨ ਬਹੁਤ ਮਸ਼ਹੂਰ ਹੋ ਗਏ। ਜਦੋਂ ਵੀ ਕੋਈ ਨਵਾਂ ਪ੍ਰਕਾਸ਼ਨ ਆਉਂਦਾ ਸੀ, ਤਾਂ ਸਰਕਾਰੀ ਰੇਡੀਓ ਖ਼ਬਰਾਂ ਦੌਰਾਨ ਇਸ ਦੀ ਘੋਸ਼ਣਾ ਕਰ ਦਿੰਦਾ ਸੀ। ਕਦੇ-ਕਦੇ ਤਾਂ ਇਹ ਖ਼ਬਰ ਅਖ਼ਬਾਰ ਦੀ ਸੁਰਖੀ ਬਣ ਜਾਂਦੀ ਸੀ! *

ਅਸੀਂ ਕਾਗਜ਼ ਤੇ ਪੈੱਨ ਨਾਲ ਅਨੁਵਾਦ ਕਰਨਾ ਸ਼ੁਰੂ ਕਰਦੇ ਸੀ। ਫਿਰ ਅਸੀਂ ਇਸ ਅਨੁਵਾਦ ਨੂੰ ਉਦੋਂ ਤਕ ਟਾਈਪ ਕਰਦੇ ਰਹਿੰਦੇ ਸੀ ਜਦ ਤਕ ਇਹ ਆਸਟ੍ਰੇਲੀਆ ਬ੍ਰਾਂਚ ਨੂੰ ਭੇਜਣ ਲਈ ਤਿਆਰ ਨਹੀਂ ਹੋ ਜਾਂਦਾ ਸੀ। ਬ੍ਰਾਂਚ ਵਿਚ ਦੋ ਭੈਣਾਂ ਇਸ ਜਾਣਕਾਰੀ ਨੂੰ ਕੰਪਿਊਟਰ ਉੱਤੇ ਵੱਖੋ-ਵੱਖਰਾ ਟਾਈਪ ਕਰ ਲੈਂਦੀਆਂ ਸਨ, ਭਾਵੇਂ ਕਿ ਉਨ੍ਹਾਂ ਨੂੰ ਟੂਵਾਲੂਅਨ ਭਾਸ਼ਾ ਸਮਝ ਨਹੀਂ ਆਉਂਦੀ ਸੀ। ਕੰਪਿਊਟਰ ਉੱਤੇ ਇੱਕੋ ਜਾਣਕਾਰੀ ਨੂੰ ਵੱਖੋ-ਵੱਖਰਾ ਟਾਈਪ ਕਰਨ ਅਤੇ ਫਿਰ ਦੋਹਾਂ ਫਾਈਲਾਂ ਨੂੰ ਮਿਲਾ ਕੇ ਦੇਖਣ ਨਾਲ ਗ਼ਲਤੀਆਂ ਪਤਾ ਲੱਗ ਜਾਂਦੀਆਂ ਸਨ। ਇਸ ਤਰੀਕੇ ਨਾਲ ਅਨੁਵਾਦ ਵਿਚ ਜ਼ਿਆਦਾ ਗ਼ਲਤੀਆਂ ਕਰਨ ਤੋਂ ਬਚਿਆ ਜਾ ਸਕਦਾ ਸੀ। ਫਿਰ ਕੰਪੋਜ਼ (ਅਨੁਵਾਦ ਕੀਤੀ ਜਾਣਕਾਰੀ ਨੂੰ ਤਸਵੀਰਾਂ ਨਾਲ ਸਜਾਉਣਾ) ਕੀਤੇ ਸਫ਼ਿਆਂ ਨੂੰ ਚੈੱਕ ਕਰਨ ਲਈ ਹਵਾਈ ਡਾਕ ਰਾਹੀਂ ਟੀਮ ਕੋਲ ਭੇਜ ਦਿੱਤਾ ਜਾਂਦਾ ਸੀ। ਅਖ਼ੀਰ ਵਿਚ ਟੀਮ ਇਨ੍ਹਾਂ ਸਫ਼ਿਆਂ ਨੂੰ ਛਾਪਣ ਲਈ ਬ੍ਰਾਂਚ ਨੂੰ ਵਾਪਸ ਘੱਲ ਦਿੰਦੀ ਸੀ।

ਪਰ ਹੁਣ ਬਹੁਤ ਕੁਝ ਬਦਲ ਗਿਆ ਹੈ! ਅਨੁਵਾਦ ਕਰਨ ਵਾਲੀਆਂ ਟੀਮਾਂ ਆਪ ਹੀ ਜਾਣਕਾਰੀ ਨੂੰ ਕੰਪਿਊਟਰਾਂ ਉੱਤੇ ਟਾਈਪ ਕਰ ਲੈਂਦੀਆਂ ਹਨ। ਜ਼ਿਆਦਾਤਰ ਟੀਮਾਂ ਵਿਚ ਇਕ ਮੈਂਬਰ ਹੁੰਦਾ ਹੈ ਜੋ ਪ੍ਰਕਾਸ਼ਨਾਂ ਨੂੰ ਕੰਪੋਜ਼ ਕਰਦਾ ਹੈ। ਫਿਰ ਛਪਾਈ ਵਾਸਤੇ ਫਾਈਲਾਂ ਨੂੰ ਇੰਟਰਨੈੱਟ ਰਾਹੀਂ ਬ੍ਰਾਂਚਾਂ ਨੂੰ ਭੇਜ ਦਿੱਤਾ ਜਾਂਦਾ ਹੈ। ਹੁਣ ਉਹ ਜ਼ਮਾਨਾ ਬੀਤ ਚੁੱਕਾ ਹੈ ਜਦੋਂ ਟਾਈਪ ਕੀਤੀਆਂ ਫਾਈਲਾਂ ਭੇਜਣ ਲਈ ਡਾਕਖ਼ਾਨੇ ਨੂੰ ਭੱਜਣਾ ਪੈਂਦਾ ਸੀ।

ਹੋਰ ਸਨਮਾਨ

ਜਿੱਦਾਂ-ਜਿੱਦਾਂ ਸਾਲ ਬੀਤਦੇ ਗਏ, ਮੈਨੂੰ ਤੇ ਜੈਨੀ ਨੂੰ ਸ਼ਾਂਤ ਮਹਾਂਸਾਗਰ ਦੇ ਅਲੱਗ-ਅਲੱਗ ਟਾਪੂਆਂ ’ਤੇ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਮਿਲੀਆਂ। ਟੂਵਾਲੂ ਤੋਂ ਸਾਨੂੰ 1985 ਵਿਚ ਸਮੋਆ ਬ੍ਰਾਂਚ ਵਿਚ ਭੇਜਿਆ ਗਿਆ। ਟੂਵਾਲੂਅਨ ਭਾਸ਼ਾ ਦੇ ਅਨੁਵਾਦ ਤੋਂ ਇਲਾਵਾ, ਅਸੀਂ ਉੱਥੇ ਸਾਮੋਆ, ਤੋਂਗਨ ਅਤੇ ਟੋਕਲਾਊਅਨ ਭਾਸ਼ਾਵਾਂ ਵਿਚ ਅਨੁਵਾਦ ਕਰਨ ਵਿਚ ਵੀ ਮਦਦ ਕਰਦੇ ਸੀ। * ਫਿਰ 1996 ਵਿਚ ਸਾਨੂੰ ਫਿਜੀ ਬ੍ਰਾਂਚ ਵਿਚ ਇਹੀ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ। ਉੱਥੇ ਅਸੀਂ ਫਿਜੀ, ਕਿਰੀਬਤੀ, ਨਾਊਰੁਅਨ, ਰੋਟੁਮਨ ਅਤੇ ਟੂਵਾਲੂਅਨ ਭਾਸ਼ਾਵਾਂ ਦੇ ਅਨੁਵਾਦ ਵਿਚ ਮਦਦ ਕਰਦੇ ਸੀ।

ਦੂਜਿਆਂ ਦੀ ਮਦਦ ਕਰਨ ਲਈ ਟੂਵਾਲੂਅਨ ਪ੍ਰਕਾਸ਼ਨ ਵਰਤਦਾ ਹੋਇਆ

ਮੈਂ ਹਮੇਸ਼ਾ ਇਸ ਗੱਲੋਂ ਹੈਰਾਨ ਹੁੰਦਾ ਹਾਂ ਕਿ ਅਨੁਵਾਦਕਾਂ ਨੂੰ ਆਪਣਾ ਕੰਮ ਕਰਨਾ ਕਿੰਨਾ ਪਸੰਦ ਹੈ, ਭਾਵੇਂ ਕਿ ਇਹ ਕੰਮ ਆਸਾਨ ਨਹੀਂ ਹੈ ਤੇ ਕਾਫ਼ੀ ਥਕਾ ਦੇਣ ਵਾਲਾ ਹੈ। ਯਹੋਵਾਹ ਵਾਂਗ ਇਹ ਵਫ਼ਾਦਾਰ ਭੈਣ-ਭਰਾ ਚਾਹੁੰਦੇ ਹਨ ਕਿ “ਹਰ ਕੌਮ, ਹਰ ਕਬੀਲੇ, ਹਰ ਬੋਲੀ ਬੋਲਣ ਵਾਲੇ” ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਈ ਜਾਵੇ। (ਪ੍ਰਕਾ. 14:6) ਮਿਸਾਲ ਲਈ, ਜਦੋਂ ਤੋਂਗਨ ਭਾਸ਼ਾ ਵਿਚ ਪਹਿਲੇ ਪਹਿਰਾਬੁਰਜ ਦਾ ਅਨੁਵਾਦ ਕਰਨ ਬਾਰੇ ਗੱਲ ਚੱਲ ਰਹੀ ਸੀ, ਤਾਂ ਮੈਂ ਟੋਂਗਾ ਦੇ ਸਾਰੇ ਬਜ਼ੁਰਗਾਂ ਨੂੰ ਮਿਲ ਕੇ ਪੁੱਛਿਆ ਕਿ ਕਿਸ ਭੈਣ ਜਾਂ ਭਰਾ ਨੂੰ ਅਨੁਵਾਦ ਕਰਨ ਦੀ ਸਿਖਲਾਈ ਦਿੱਤੀ ਜਾ ਸਕਦੀ ਹੈ। ਉਨ੍ਹਾਂ ਵਿੱਚੋਂ ਇਕ ਬਜ਼ੁਰਗ, ਜੋ ਮਕੈਨਿਕ ਦਾ ਕੰਮ ਕਰ ਰਿਹਾ ਸੀ, ਨੇ ਕਿਹਾ ਕਿ ਉਹ ਅਗਲੇ ਦਿਨ ਆਪਣਾ ਕੰਮ ਛੱਡ ਕੇ ਅਨੁਵਾਦ ਦਾ ਕੰਮ ਸ਼ੁਰੂ ਕਰ ਸਕਦਾ ਹੈ। ਮੈਂ ਉਸ ਦੀ ਪੱਕੀ ਨਿਹਚਾ ਤੋਂ ਬਹੁਤ ਪ੍ਰਭਾਵਿਤ ਹੋਇਆ ਕਿਉਂਕਿ ਉਹ ਬਾਲ-ਬੱਚੇਦਾਰ ਭਰਾ ਸੀ ਤੇ ਉਸ ਨੂੰ ਇਹ ਨਹੀਂ ਪਤਾ ਸੀ ਕਿ ਪਰਿਵਾਰ ਦਾ ਗੁਜ਼ਾਰਾ ਤੋਰਨ ਜੋਗੇ ਪੈਸੇ ਕਿੱਥੋਂ ਆਉਣਗੇ। ਪਰ ਯਹੋਵਾਹ ਨੇ ਉਸ ਦੀ ਤੇ ਉਸ ਦੇ ਪਰਿਵਾਰ ਦੀ ਦੇਖ-ਭਾਲ ਕੀਤੀ ਅਤੇ ਉਹ ਕਈ ਸਾਲਾਂ ਤਕ ਅਨੁਵਾਦ ਦਾ ਕੰਮ ਕਰਦਾ ਰਿਹਾ।

ਇਹੋ ਜਿਹੇ ਅਨੁਵਾਦਕਾਂ ਦਾ ਨਜ਼ਰੀਆ ਪ੍ਰਬੰਧਕ ਸਭਾ ਦੇ ਮੈਂਬਰਾਂ ਵਰਗਾ ਹੈ ਜੋ ਸਾਰੀਆਂ ਭਾਸ਼ਾਵਾਂ ਵਿਚ ਪ੍ਰਕਾਸ਼ਨ ਤਿਆਰ ਕਰਨਾ ਚਾਹੁੰਦੇ ਹਨ, ਉਨ੍ਹਾਂ ਭਾਸ਼ਾਵਾਂ ਵਿਚ ਵੀ ਜਿਨ੍ਹਾਂ ਨੂੰ ਬਹੁਤ ਘੱਟ ਲੋਕ ਬੋਲਦੇ ਹਨ। ਮਿਸਾਲ ਲਈ, ਇਕ ਵਾਰ ਇਹ ਸਵਾਲ ਖੜ੍ਹਾ ਹੋਇਆ ਕਿ ਟੂਵਾਲੂਅਨ ਵਿਚ ਪ੍ਰਕਾਸ਼ਨਾਂ ਦਾ ਅਨੁਵਾਦ ਕਰਨ ਵਿਚ ਇੰਨੀ ਜ਼ਿਆਦਾ ਮਿਹਨਤ ਕਰਨ ਦਾ ਕੋਈ ਫ਼ਾਇਦਾ ਹੈ। ਮੈਨੂੰ ਪ੍ਰਬੰਧਕ ਸਭਾ ਦਾ ਇਹ ਜਵਾਬ ਪੜ੍ਹ ਕੇ ਬਹੁਤ ਚੰਗਾ ਲੱਗਾ: “ਸਾਨੂੰ ਇਸ ਗੱਲ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਕਿ ਤੁਹਾਨੂੰ ਟੂਵਾਲੂਅਨ ਭਾਸ਼ਾ ਵਿਚ ਅਨੁਵਾਦ ਕਰਨਾ ਕਿਉਂ ਬੰਦ ਕਰ ਦੇਣਾ ਚਾਹੀਦਾ ਹੈ। ਭਾਵੇਂ ਕਿ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਸ਼ਾਇਦ ਬਹੁਤ ਘੱਟ ਲੋਕ ਟੂਵਾਲੂਅਨ ਬੋਲਦੇ ਹਨ, ਫਿਰ ਵੀ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਖ਼ੁਸ਼ ਖ਼ਬਰੀ ਸੁਣਾਉਣ ਦੀ ਲੋੜ ਹੈ।”

ਇਕ ਝੀਲ ਵਿਚ ਬਪਤਿਸਮਾ ਦਿੰਦੇ ਹੋਏ

2003 ਵਿਚ ਮੈਨੂੰ ਤੇ ਜੈਨੀ ਨੂੰ ਫਿਜੀ ਬ੍ਰਾਂਚ ਦੇ ਅਨੁਵਾਦ ਵਿਭਾਗ ਤੋਂ ਪੈਟਰਸਨ, ਨਿਊਯਾਰਕ ਵਿਚ ਅਨੁਵਾਦ ਸੇਵਾ ਵਿਭਾਗ ਵਿਚ ਭੇਜ ਦਿੱਤਾ ਗਿਆ। ਮੇਰੇ ਲਈ ਇਹ ਕਿਸੇ ਸੁਪਨੇ ਤੋਂ ਘੱਟ ਨਹੀਂ ਸੀ ਜੋ ਪੂਰਾ ਹੋ ਗਿਆ! ਅਸੀਂ ਉਸ ਟੀਮ ਦਾ ਹਿੱਸਾ ਬਣ ਗਏ ਜੋ ਜ਼ਿਆਦਾ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਪ੍ਰਕਾਸ਼ਨਾਂ ਦਾ ਅਨੁਵਾਦ ਕਰਨ ਵਿਚ ਮਦਦ ਕਰਦੀ ਹੈ। ਅਗਲੇ ਦੋ ਸਾਲਾਂ ਤਕ ਸਾਨੂੰ ਅਨੁਵਾਦ ਕਰਨ ਵਾਲੀਆਂ ਟੀਮਾਂ ਨੂੰ ਸਿਖਲਾਈ ਦੇਣ ਲਈ ਵੱਖੋ-ਵੱਖਰੇ ਦੇਸ਼ਾਂ ਵਿਚ ਜਾਣ ਦਾ ਸਨਮਾਨ ਮਿਲਿਆ।

ਕੁਝ ਅਹਿਮ ਫ਼ੈਸਲੇ

ਆਓ ਹੁਣ ਮੈਂ ਤੁਹਾਨੂੰ ਉਸ ਮੀਟਿੰਗ ਬਾਰੇ ਦੱਸਦਾ ਹਾਂ ਜਿਸ ਬਾਰੇ ਮੈਂ ਸ਼ੁਰੂ ਵਿਚ ਗੱਲ ਕੀਤੀ ਸੀ। ਸਾਲ 2000 ਤਕ ਪ੍ਰਬੰਧਕ ਸਭਾ ਨੂੰ ਲੱਗਾ ਕਿ ਦੁਨੀਆਂ ਭਰ ਵਿਚ ਅਨੁਵਾਦ ਕਰਨ ਵਾਲੀਆਂ ਟੀਮਾਂ ਨੂੰ ਮਦਦ ਦੀ ਲੋੜ ਸੀ। ਉਸ ਸਮੇਂ ਤਕ ਜ਼ਿਆਦਾਤਰ ਅਨੁਵਾਦਕਾਂ ਨੂੰ ਅਨੁਵਾਦ ਦੇ ਕੰਮ ਦੀ ਬਹੁਤ ਘੱਟ ਸਿਖਲਾਈ ਮਿਲੀ ਸੀ। ਰਾਇਟਿੰਗ ਕਮੇਟੀ ਨਾਲ ਮੀਟਿੰਗ ਕਰਨ ਤੋਂ ਬਾਅਦ ਪ੍ਰਬੰਧਕ ਸਭਾ ਨੇ ਫ਼ੈਸਲਾ ਕੀਤਾ ਕਿ ਦੁਨੀਆਂ ਭਰ ਵਿਚ ਸਾਰੇ ਅਨੁਵਾਦਕਾਂ ਨੂੰ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਸਿਖਾਉਣਾ ਸੀ ਕਿ ਅੰਗ੍ਰੇਜ਼ੀ ਨੂੰ ਕਿਵੇਂ ਸਮਝਿਆ ਜਾਣਾ ਚਾਹੀਦਾ ਹੈ, ਅਨੁਵਾਦ ਕਰਨ ਵਿਚ ਆ ਰਹੀਆਂ ਸਮੱਸਿਆਵਾਂ ਨੂੰ ਕਿਵੇਂ ਸੁਲਝਾਇਆ ਜਾਣਾ ਚਾਹੀਦਾ ਹੈ ਤੇ ਪੂਰੀ ਟੀਮ ਮਿਲ ਕੇ ਕਿਵੇਂ ਕੰਮ ਕਰ ਸਕਦੀ ਹੈ।

ਅਨੁਵਾਦਕਾਂ ਨੂੰ ਦਿੱਤੀ ਜਾਂਦੀ ਇਸ ਸਿਖਲਾਈ ਦਾ ਫ਼ਾਇਦਾ ਕੀ ਹੋਇਆ ਹੈ? ਇਕ ਗੱਲ ਤਾਂ ਇਹ ਹੈ ਕਿ ਅਨੁਵਾਦ ਵਿਚ ਬਹੁਤ ਸੁਧਾਰ ਹੋਇਆ ਹੈ। ਪਹਿਲਾਂ ਨਾਲੋਂ ਕਿਤੇ ਜ਼ਿਆਦਾ ਭਾਸ਼ਾਵਾਂ ਵਿਚ ਪ੍ਰਕਾਸ਼ਨਾਂ ਦਾ ਅਨੁਵਾਦ ਹੋਣਾ ਸ਼ੁਰੂ ਹੋਇਆ ਹੈ। ਜਦੋਂ ਅਸੀਂ 1979 ਵਿਚ ਪਹਿਲੀ ਵਾਰ ਮਿਸ਼ਨਰੀ ਸੇਵਾ ਕਰਨ ਗਏ ਸੀ, ਉਦੋਂ ਸਿਰਫ਼ 82 ਭਾਸ਼ਾਵਾਂ ਵਿਚ ਪਹਿਰਾਬੁਰਜ ਉਪਲਬਧ ਸੀ। ਜ਼ਿਆਦਾਤਰ ਭਾਸ਼ਾਵਾਂ ਦੇ ਪਹਿਰਾਬੁਰਜ ਰਸਾਲੇ ਅੰਗ੍ਰੇਜ਼ੀ ਦੇ ਪਹਿਰਾਬੁਰਜ ਰਸਾਲੇ ਤੋਂ ਕਈ ਮਹੀਨਿਆਂ ਬਾਅਦ ਆਉਂਦੇ ਸਨ। ਪਰ ਹੁਣ ਪਹਿਰਾਬੁਰਜ 240 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਵੰਡਿਆ ਜਾਂਦਾ ਹੈ ਜੋ ਉਸੇ ਸਮੇਂ ਆ ਜਾਂਦਾ ਹੈ ਜਦੋਂ ਅੰਗ੍ਰੇਜ਼ੀ ਦਾ ਪਹਿਰਾਬੁਰਜ ਆਉਂਦਾ ਹੈ। ਇਸ ਵੇਲੇ ਲੋਕ 700 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਕੁਝ-ਨਾ-ਕੁਝ ਪੜ੍ਹ ਸਕਦੇ ਹਨ ਜਿਸ ਤੋਂ ਉਨ੍ਹਾਂ ਨੂੰ ਬਾਈਬਲ ਵਿਚ ਪਾਈ ਜਾਂਦੀ ਸੱਚਾਈ ਪਤਾ ਲੱਗਦੀ ਹੈ। ਕੁਝ ਸਾਲ ਪਹਿਲਾਂ ਤਾਂ ਇਹ ਗੱਲ ਇਕ ਸੁਪਨਾ ਹੀ ਲੱਗਦੀ ਸੀ।

2004 ਵਿਚ ਪ੍ਰਬੰਧਕ ਸਭਾ ਨੇ ਇਕ ਹੋਰ ਅਹਿਮ ਫ਼ੈਸਲਾ ਕੀਤਾ। ਉਹ ਸੀ ਨਵੀਂ ਦੁਨੀਆਂ ਅਨੁਵਾਦ ਬਾਈਬਲ ਦਾ ਜ਼ਿਆਦਾ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਛੇਤੀ ਤੋਂ ਛੇਤੀ ਅਨੁਵਾਦ ਕਰਨਾ। ਇਸ ਤੋਂ ਕੁਝ ਮਹੀਨਿਆਂ ਬਾਅਦ ਟੀਮਾਂ ਨੇ ਹੋਰ ਪ੍ਰਕਾਸ਼ਨਾਂ ਦੇ ਨਾਲ-ਨਾਲ ਬਾਈਬਲ ਦਾ ਅਨੁਵਾਦ ਕਰਨਾ ਵੀ ਸ਼ੁਰੂ ਕਰ ਦਿੱਤਾ। ਇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ ਉਪਲਬਧ ਹੋਣ ਲੱਗੀ। ਇਸ ਤਰ੍ਹਾਂ 2014 ਤਕ ਪੂਰੀ ਬਾਈਬਲ ਜਾਂ ਇਸ ਦਾ ਕੁਝ ਹਿੱਸਾ 128 ਭਾਸ਼ਾਵਾਂ ਵਿਚ ਛਾਪਿਆ ਗਿਆ, ਉਨ੍ਹਾਂ ਕਈ ਭਾਸ਼ਾਵਾਂ ਵਿਚ ਵੀ ਜੋ ਦੱਖਣੀ ਸ਼ਾਂਤ ਮਹਾਂਸਾਗਰ ਦੇ ਟਾਪੂਆਂ ’ਤੇ ਬੋਲੀਆਂ ਜਾਂਦੀਆਂ ਹਨ।

ਟੂਵਾਲੂਅਨ ਵਿਚ ਪਵਿੱਤਰ ਬਾਈਬਲ—ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ (ਨਵੀਂ ਦੁਨੀਆਂ ਅਨੁਵਾਦ) ਰਿਲੀਜ਼ ਕਰਦਾ ਹੋਇਆ

2011 ਵਿਚ ਟੂਵਾਲੂ ਵਿਚ ਹੋਇਆ ਇਕ ਵੱਡਾ ਸੰਮੇਲਨ ਮੇਰੇ ਲਈ ਯਾਦਗਾਰ ਬਣ ਕੇ ਰਹਿ ਗਿਆ। ਕਈ ਮਹੀਨਿਆਂ ਤੋਂ ਸਾਰਾ ਦੇਸ਼ ਸੋਕੇ ਦੀ ਲਪੇਟ ਵਿਚ ਆਇਆ ਹੋਇਆ ਸੀ। ਭਰਾਵਾਂ ਨੂੰ ਲੱਗਦਾ ਸੀ ਕਿ ਸੰਮੇਲਨ ਕੈਂਸਲ ਕਰਨਾ ਪਵੇਗਾ। ਪਰ ਖ਼ੁਸ਼ੀ ਦੀ ਗੱਲ ਹੈ ਕਿ ਜਦੋਂ ਮੈਂ ਸ਼ਾਮ ਨੂੰ ਉੱਥੇ ਪਹੁੰਚਿਆ, ਤਾਂ ਭਾਰੀ ਮੀਂਹ ਪੈਣ ਲੱਗ ਪਿਆ ਤੇ ਸਾਨੂੰ ਸੰਮੇਲਨ ਕੈਂਸਲ ਨਹੀਂ ਕਰਨਾ ਪਿਆ! ਮੇਰੇ ਲਈ ਇਹ ਕਿੰਨਾ ਵੱਡਾ ਸਨਮਾਨ ਸੀ ਕਿ ਮੈਂ ਟੂਵਾਲੂਅਨ ਵਿਚ ਪਵਿੱਤਰ ਬਾਈਬਲ—ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ (ਨਵੀਂ ਦੁਨੀਆਂ ਅਨੁਵਾਦ) ਰਿਲੀਜ਼ ਕੀਤੀ! ਇਸ ਭਾਸ਼ਾ ਨੂੰ ਬੋਲਣ ਵਾਲੇ ਇਨ੍ਹਾਂ ਥੋੜ੍ਹੇ ਜਿਹੇ ਲੋਕਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਉਨ੍ਹਾਂ ਨੂੰ ਯਹੋਵਾਹ ਤੋਂ ਇਹ ਖ਼ੂਬਸੂਰਤ ਤੋਹਫ਼ਾ ਮਿਲੇਗਾ! ਸੰਮੇਲਨ ਖ਼ਤਮ ਹੋਣ ਤੇ ਦੁਬਾਰਾ ਭਾਰੀ ਮੀਂਹ ਪੈਣ ਲੱਗ ਪਿਆ। ਇਸ ਤਰ੍ਹਾਂ ਭੈਣਾਂ-ਭਰਾਵਾਂ ਨੂੰ ਨਾ ਸਿਰਫ਼ ਸੱਚਾਈ ਦਾ ਭਰਪੂਰ ਪਾਣੀ ਮਿਲਿਆ, ਸਗੋਂ ਮੀਂਹ ਦਾ ਪਾਣੀ ਵੀ ਬਹੁਤਾਤ ਵਿਚ ਮਿਲਿਆ!

2014 ਵਿਚ ਟਾਊਨਜ਼ਵਿਲੇ, ਆਸਟ੍ਰੇਲੀਆ ਵਿਚ ਆਪਣੇ ਮਾਤਾ-ਪਿਤਾ ਰੌਨ ਅਤੇ ਐਸਟਲ ਦੀ ਇੰਟਰਵਿਊ ਲੈਂਦੇ ਹੋਏ

ਅਫ਼ਸੋਸ ਦੀ ਗੱਲ ਹੈ ਕਿ 35 ਸਾਲਾਂ ਤੋਂ ਵਫ਼ਾਦਾਰੀ ਨਾਲ ਮੇਰਾ ਸਾਥ ਦੇ ਰਹੀ ਮੇਰੀ ਪਤਨੀ ਜੈਨੀ ਇਸ ਖ਼ੁਸ਼ੀ ਦੇ ਮੌਕੇ ਨੂੰ ਦੇਖਣ ਲਈ ਮੇਰੇ ਨਾਲ ਨਹੀਂ ਸੀ। ਉਹ 10 ਸਾਲਾਂ ਤਕ ਛਾਤੀ ਦੇ ਕੈਂਸਰ ਨਾਲ ਸੰਘਰਸ਼ ਕਰਦਿਆਂ 2009 ਵਿਚ ਮੌਤ ਦੀ ਨੀਂਦ ਸੌਂ ਗਈ। ਜਦੋਂ ਉਹ ਦੁਬਾਰਾ ਜੀਉਂਦੀ ਹੋਵੇਗੀ, ਤਾਂ ਉਹ ਟੂਵਾਲੂਅਨ ਵਿਚ ਬਾਈਬਲ ਦੇ ਰਿਲੀਜ਼ ਹੋਣ ਬਾਰੇ ਸੁਣ ਕੇ ਖ਼ੁਸ਼ੀ ਨਾਲ ਫੁੱਲੀ ਨਹੀਂ ਸਮਾਵੇਗੀ।

ਯਹੋਵਾਹ ਨੇ ਮੈਨੂੰ ਇਕ ਵਾਰ ਫਿਰ ਸੋਹਣੀ ਪਤਨੀ ਲੋਰੇਨੀ ਸੀਕੀਵੋ ਦਿੱਤੀ ਹੈ। ਲੋਰੇਨੀ ਤੇ ਜੈਨੀ ਦੋਵੇਂ ਫਿਜੀ ਬੈਥਲ ਵਿਚ ਇਕੱਠੀਆਂ ਕੰਮ ਕਰਦੀਆਂ ਸਨ ਤੇ ਲੋਰੇਨੀ ਫਿਜੀ ਭਾਸ਼ਾ ਵਿਚ ਅਨੁਵਾਦ ਕਰਦੀ ਸੀ। ਮੈਨੂੰ ਦੁਬਾਰਾ ਵਫ਼ਾਦਾਰ ਪਤਨੀ ਮਿਲੀ ਹੈ ਜੋ ਮੇਰੇ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਦੀ ਹੈ ਤੇ ਮੇਰੇ ਵਾਂਗ ਭਾਸ਼ਾ ਨਾਲ ਲਗਾਅ ਰੱਖਦੀ ਹੈ!

ਫਿਜੀ ਵਿਚ ਲੌਰੀਨੀ ਨਾਲ ਪ੍ਰਚਾਰ ਕਰਦੇ ਹੋਏ

ਜਦੋਂ ਮੈਂ ਬੀਤੇ ਸਾਲਾਂ ’ਤੇ ਝਾਤੀ ਮਾਰਦਾ ਹਾਂ, ਤਾਂ ਮੈਨੂੰ ਇਹ ਦੇਖ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਸਾਡਾ ਪਿਆਰਾ ਸਵਰਗੀ ਪਿਤਾ ਯਹੋਵਾਹ ਸਾਰੀਆਂ ਭਾਸ਼ਾਵਾਂ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ, ਭਾਵੇਂ ਉਨ੍ਹਾਂ ਭਾਸ਼ਾਵਾਂ ਨੂੰ ਬਹੁਤ ਘੱਟ ਲੋਕ ਬੋਲਦੇ ਹਨ। (ਜ਼ਬੂ. 49:1-3) ਮੈਂ ਦੇਖਿਆ ਹੈ ਕਿ ਲੋਕਾਂ ਦੇ ਚਿਹਰੇ ਖ਼ੁਸ਼ੀ ਨਾਲ ਖਿੜ ਉੱਠਦੇ ਹਨ ਜਦੋਂ ਉਹ ਪਹਿਲੀ ਵਾਰ ਆਪਣੀ ਭਾਸ਼ਾ ਵਿਚ ਪ੍ਰਕਾਸ਼ਨ ਦੇਖਦੇ ਹਨ ਜਾਂ ਜਦੋਂ ਉਹ ਆਪਣੇ ਦਿਲ ਨੂੰ ਛੂਹ ਜਾਣ ਵਾਲੀ ਭਾਸ਼ਾ ਵਿਚ ਗੀਤ ਗਾਉਂਦੇ ਹਨ। (ਰਸੂ. 2:8, 11) ਸਾਉਲੋ ਟੀਆਸੀ ਨਾਂ ਦੇ ਇਕ ਬਿਰਧ ਟੂਵਾਲੂਅਨ ਭਰਾ ਦੇ ਸ਼ਬਦ ਹਾਲੇ ਵੀ ਮੇਰੇ ਕੰਨਾਂ ਵਿਚ ਗੂੰਜਦੇ ਹਨ। ਆਪਣੀ ਭਾਸ਼ਾ ਵਿਚ ਪਹਿਲੀ ਵਾਰ ਰਾਜ ਦਾ ਗੀਤ ਗਾਉਣ ਤੋਂ ਬਾਅਦ ਉਸ ਨੇ ਕਿਹਾ: “ਮੇਰੇ ਖ਼ਿਆਲ ਨਾਲ ਤੁਹਾਨੂੰ ਪ੍ਰਬੰਧਕ ਸਭਾ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਗੀਤ ਜਿੰਨੇ ਟੂਵਾਲੂਅਨ ਭਾਸ਼ਾ ਵਿਚ ਗਾਉਣੇ ਚੰਗੇ ਲੱਗਦੇ ਹਨ, ਉੱਨੇ ਅੰਗ੍ਰੇਜ਼ੀ ਵਿਚ ਨਹੀਂ ਲੱਗਦੇ।”

ਸਤੰਬਰ 2005 ਵਿਚ ਮੈਨੂੰ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਹਾਲਾਂਕਿ ਮੈਂ ਅਨੁਵਾਦ ਦਾ ਕੰਮ ਨਹੀਂ ਕਰਦਾ, ਪਰ ਮੈਂ ਯਹੋਵਾਹ ਦਾ ਸ਼ੁਕਰਗੁਜ਼ਾਰ ਹਾਂ ਕਿ ਉਹ ਦੁਨੀਆਂ ਭਰ ਵਿਚ ਹੋ ਰਹੇ ਅਨੁਵਾਦ ਦੇ ਕੰਮ ਵਿਚ ਮਦਦ ਕਰਨ ਲਈ ਮੈਨੂੰ ਵਰਤ ਰਿਹਾ ਹੈ। ਮੈਨੂੰ ਇਹ ਜਾਣ ਕੇ ਖ਼ੁਸ਼ੀ ਹੁੰਦੀ ਹੈ ਕਿ ਯਹੋਵਾਹ ਆਪਣੇ ਸਾਰੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ, ਇੱਥੋਂ ਤਕ ਕਿ ਸ਼ਾਂਤ ਮਹਾਂਸਾਗਰ ਦੇ ਵਿਚਕਾਰ ਵੱਸੇ ਦੂਰ-ਦੂਰਾਡੇ ਟਾਪੂਆਂ ਦੇ ਲੋਕਾਂ ਦੀਆਂ ਵੀ! ਜੀ ਹਾਂ, ਜਿਵੇਂ ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ, “ਯਹੋਵਾਹ ਰਾਜ ਕਰਦਾ ਹੈ, ਧਰਤੀ ਖੁਸ਼ ਹੋਵੇ, ਟਾਪੂ ਜਿਹੜੇ ਬਹੁਤ ਸਾਰੇ ਹਨ ਅਨੰਦ ਹੋਣ!”ਜ਼ਬੂ. 97:1.

^ ਪੈਰਾ 18 ਸਾਡੇ ਪ੍ਰਕਾਸ਼ਨ ਲੋਕਾਂ ਨੂੰ ਕਿਹੋ ਜਿਹੇ ਲੱਗੇ, ਇਸ ਬਾਰੇ 15 ਦਸੰਬਰ 2000 ਦਾ ਪਹਿਰਾਬੁਰਜ, ਸਫ਼ਾ 32 ਅਤੇ ਅਕਤੂਬਰ-ਦਸੰਬਰ 2000 ਜਾਗਰੂਕ ਬਣੋ! ਦਾ ਸਫ਼ਾ 9 ਦੇਖੋ।

^ ਪੈਰਾ 22 ਸਾਮੋਆ ਵਿਚ ਅਨੁਵਾਦ ਦੇ ਕੰਮ ਬਾਰੇ ਹੋਰ ਜਾਣਕਾਰੀ ਲਈ 2009 ਯੀਅਰਬੁੱਕ ਦੇ ਸਫ਼ੇ 120-121, 123-124 ਦੇਖੋ।