Skip to content

Skip to table of contents

ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਸਾਨੂੰ ਪਿਆਰ ਕਰਦਾ ਹੈ?

ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਸਾਨੂੰ ਪਿਆਰ ਕਰਦਾ ਹੈ?

‘ਧਿਆਨ ਦਿਓ ਕਿ ਪਿਤਾ ਨੇ ਸਾਡੇ ਨਾਲ ਕਿੰਨਾ ਪਿਆਰ ਕੀਤਾ।’1 ਯੂਹੰ. 3:1.

ਗੀਤ: 51, 13

1. ਯੂਹੰਨਾ ਰਸੂਲ ਨੇ ਮਸੀਹੀਆਂ ਨੂੰ ਕਿਸ ਗੱਲ ਬਾਰੇ ਸੋਚਣ ਲਈ ਕਿਹਾ ਅਤੇ ਕਿਉਂ?

ਯੂਹੰਨਾ ਰਸੂਲ ਨੇ 1 ਯੂਹੰਨਾ 3:1 ਵਿਚ ਸਾਨੂੰ ਯਹੋਵਾਹ ਦੇ ਡਾਢੇ ਪਿਆਰ ਬਾਰੇ ਗਹਿਰਾਈ ਨਾਲ ਸੋਚਣ ਲਈ ਕਿਹਾ। ਉਸ ਨੇ ਕਿਹਾ: ‘ਧਿਆਨ ਦਿਓ ਕਿ ਪਿਤਾ ਨੇ ਸਾਡੇ ਨਾਲ ਕਿੰਨਾ ਪਿਆਰ ਕੀਤਾ।’ ਜਦੋਂ ਅਸੀਂ ਇਸ ਗੱਲ ’ਤੇ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਤੇ ਆਪਣਾ ਪਿਆਰ ਕਿਵੇਂ ਜ਼ਾਹਰ ਕਰਦਾ ਹੈ, ਤਾਂ ਅਸੀਂ ਉਸ ਦੇ ਹੋਰ ਨੇੜੇ ਜਾਂਦੇ ਹਾਂ ਅਤੇ ਉਸ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਦੇ ਹਾਂ।

2. ਕਈ ਲੋਕ ਇਸ ਗੱਲ ਨੂੰ ਕਿਉਂ ਨਹੀਂ ਸਮਝ ਪਾਉਂਦੇ ਕਿ ਪਰਮੇਸ਼ੁਰ ਉਨ੍ਹਾਂ ਨੂੰ ਪਿਆਰ ਕਰਦਾ ਹੈ?

2 ਅਫ਼ਸੋਸ ਦੀ ਗੱਲ ਹੈ ਕਿ ਕਈ ਲੋਕ ਇਸ ਗੱਲ ਨੂੰ ਨਹੀਂ ਸਮਝ ਪਾਉਂਦੇ ਕਿ ਪਰਮੇਸ਼ੁਰ ਉਨ੍ਹਾਂ ਨੂੰ ਕਿਵੇਂ ਪਿਆਰ ਕਰ ਸਕਦਾ ਹੈ। ਉਹ ਸੋਚਦੇ ਹਨ ਕਿ ਪਰਮੇਸ਼ੁਰ ਪੱਥਰ ਦਿਲ ਹੈ। ਉਹ ਸ਼ਾਇਦ ਇਹ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਸਿਰਫ਼ ਲੋਕਾਂ ਲਈ ਕਾਨੂੰਨ ਬਣਾਉਂਦਾ ਹੈ ਤੇ ਜਿਹੜੇ ਉਸ ਦਾ ਕਹਿਣਾ ਨਹੀਂ ਮੰਨਦੇ, ਉਹ ਉਨ੍ਹਾਂ ਨੂੰ ਸਜ਼ਾ ਦਿੰਦਾ ਹੈ। ਕਈ ਲੋਕ ਝੂਠੀਆਂ ਸਿੱਖਿਆਵਾਂ ਕਰਕੇ ਇੱਥੋਂ ਤਕ ਵੀ ਸੋਚਦੇ ਹਨ ਕਿ ਪਰਮੇਸ਼ੁਰ ਬੇਰਹਿਮ ਹੈ ਤੇ ਅਸੀਂ ਉਸ ਨੂੰ ਕਦੀ ਪਿਆਰ ਨਹੀਂ ਕਰ ਸਕਦੇ। ਦੂਜੇ ਪਾਸੇ, ਕਈ ਲੋਕ ਮਹਿਸੂਸ ਕਰਦੇ ਹਨ ਕਿ ਭਾਵੇਂ ਲੋਕ ਜੋ ਮਰਜ਼ੀ ਕਰਨ, ਫਿਰ ਵੀ ਪਰਮੇਸ਼ੁਰ ਸਾਰਿਆਂ ਨੂੰ ਪਿਆਰ ਕਰਦਾ ਹੈ। ਪਰ ਤੁਹਾਨੂੰ ਬਾਈਬਲ ਦੀ ਸਟੱਡੀ ਕਰ ਕੇ ਯਹੋਵਾਹ ਬਾਰੇ ਸੱਚਾਈ ਪਤਾ ਲੱਗੀ। ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਦਾ ਮੁੱਖ ਗੁਣ ਪਿਆਰ ਹੈ ਅਤੇ ਰਿਹਾਈ ਦੀ ਕੀਮਤ ਦੇਣ ਲਈ ਉਸ ਨੇ ਤੁਹਾਡੇ ਲਈ ਆਪਣਾ ਪੁੱਤਰ ਵਾਰ ਦਿੱਤਾ। (ਯੂਹੰ. 3:16; 1 ਯੂਹੰ. 4:8) ਪਰ ਤੁਹਾਡੀ ਜ਼ਿੰਦਗੀ ਵਿਚ ਹੋਈਆਂ ਬੁਰੀਆਂ ਘਟਨਾਵਾਂ ਹੋਣ ਕਰਕੇ ਸ਼ਾਇਦ ਤੁਹਾਡੇ ਲਈ ਇਹ ਗੱਲ ਸਮਝਣੀ ਔਖੀ ਹੋਵੇ ਕਿ ਯਹੋਵਾਹ ਤੁਹਾਨੂੰ ਬੇਹੱਦ ਪਿਆਰ ਕਰਦਾ ਹੈ।

3. ਕਿਹੜੀ ਗੱਲ ਯਹੋਵਾਹ ਦੇ ਪਿਆਰ ਨੂੰ ਸਮਝਣ ਵਿਚ ਸਾਡੀ ਮਦਦ ਕਰੇਗੀ?

3 ਫਿਰ ਯਹੋਵਾਹ ਸਾਨੂੰ ਕਿਨ੍ਹਾਂ ਤਰੀਕਿਆਂ ਨਾਲ ਪਿਆਰ ਕਰਦਾ ਹੈ? ਇਸ ਸਵਾਲ ਦਾ ਜਵਾਬ ਲੈਣ ਲਈ ਸਾਨੂੰ ਪਹਿਲਾਂ ਇਹ ਜਾਣਨ ਦੀ ਲੋੜ ਹੈ ਕਿ ਸਾਡੇ ਤੇ ਯਹੋਵਾਹ ਵਿਚ ਕੀ ਰਿਸ਼ਤਾ ਹੈ। ਯਹੋਵਾਹ ਨੇ ਹੀ ਸਾਨੂੰ ਬਣਾਇਆ ਹੈ। (ਜ਼ਬੂਰਾਂ ਦੀ ਪੋਥੀ 100:3-5 ਪੜ੍ਹੋ।) ਇਸੇ ਕਰਕੇ ਬਾਈਬਲ ਪਹਿਲੇ ਇਨਸਾਨ ਨੂੰ “ਪਰਮੇਸ਼ੁਰ ਦਾ ਪੁੱਤਰ” ਕਹਿੰਦੀ ਹੈ। (ਲੂਕਾ 3:38) ਨਾਲੇ ਆਪਣੇ ਚੇਲਿਆਂ ਨੂੰ ਯਿਸੂ ਨੇ ਯਹੋਵਾਹ ਨੂੰ ‘ਸਾਡਾ ਪਿਤਾ ਜਿਹੜਾ ਸਵਰਗ ਵਿਚ ਹੈ’ ਕਹਿਣ ਲਈ ਕਿਹਾ ਸੀ। (ਮੱਤੀ 6:9) ਸੋ ਯਹੋਵਾਹ ਸਾਡਾ ਪਿਤਾ ਹੈ ਅਤੇ ਉਹ ਸਾਨੂੰ ਉੱਦਾਂ ਪਿਆਰ ਕਰਦਾ ਹੈ ਜਿੱਦਾਂ ਇਕ ਚੰਗਾ ਪਿਤਾ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ।

4. (ੳ) ਯਹੋਵਾਹ ਕਿੱਦਾਂ ਦਾ ਪਿਤਾ ਹੈ? (ਅ) ਅਸੀਂ ਇਸ ਅਤੇ ਅਗਲੇ ਲੇਖ ਵਿਚ ਕਿਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ?

4 ਕਈ ਲੋਕਾਂ ਲਈ ਇਹ ਮੰਨਣਾ ਔਖਾ ਹੁੰਦਾ ਹੈ ਕਿ ਇਕ ਪਿਤਾ ਪਿਆਰ ਕਰ ਸਕਦਾ ਹੈ। ਹੋ ਸਕਦਾ ਹੈ ਕਿ ਬਚਪਨ ਵਿਚ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ ਹੋਵੇ ਤੇ ਉਹ ਜ਼ਖ਼ਮ ਅਜੇ ਵੀ ਹਰੇ ਹੋਣ। ਇਹ ਕਿੰਨੀ ਹੀ ਦੁੱਖ ਭਰੀ ਗੱਲ ਹੈ! ਪਰ ਯਹੋਵਾਹ ਆਪਣੇ ਬੱਚਿਆਂ ਨਾਲ ਕਦੀ ਵੀ ਇੱਦਾਂ ਨਹੀਂ ਕਰ ਸਕਦਾ। ਉਹ ਸਭ ਤੋਂ ਚੰਗਾ ਪਿਤਾ ਹੈ। (ਜ਼ਬੂ. 27:10) ਉਹ ਸਾਨੂੰ ਬਹੁਤ ਪਿਆਰ ਕਰਦਾ ਹੈ ਤੇ ਕਈ ਤਰੀਕਿਆਂ ਨਾਲ ਸਾਡੀ ਪਰਵਾਹ ਕਰਦਾ ਹੈ। ਜਿੰਨਾ ਜ਼ਿਆਦਾ ਅਸੀਂ ਯਹੋਵਾਹ ਦਾ ਪਿਆਰ ਮਹਿਸੂਸ ਕਰਾਂਗੇ, ਉੱਨਾ ਜ਼ਿਆਦਾ ਅਸੀਂ ਉਸ ਦੇ ਨੇੜੇ ਜਾਵਾਂਗੇ। (ਯਾਕੂ. 4:8) ਅਸੀਂ ਇਸ ਲੇਖ ਵਿਚ ਚਾਰ ਤਰੀਕਿਆਂ ’ਤੇ ਗੌਰ ਕਰਾਂਗੇ ਜਿਨ੍ਹਾਂ ਰਾਹੀਂ ਯਹੋਵਾਹ ਸਾਨੂੰ ਪਿਆਰ ਦਿਖਾਉਂਦਾ ਹੈ। ਅਸੀਂ ਅਗਲੇ ਲੇਖ ਵਿਚ ਚਾਰ ਤਰੀਕੇ ਦੇਖਾਂਗੇ ਜਿਨ੍ਹਾਂ ਰਾਹੀਂ ਅਸੀਂ ਯਹੋਵਾਹ ਨੂੰ ਪਿਆਰ ਦਿਖਾ ਸਕਦੇ ਹਾਂ।

ਯਹੋਵਾਹ ਪਿਆਰ ਕਰਨ ਤੇ ਖੁੱਲ੍ਹੇ ਦਿਲ ਵਾਲਾ ਹੈ

5. ਪੌਲੁਸ ਨੇ ਐਥਿਨਜ਼ ਦੇ ਲੋਕਾਂ ਨੂੰ ਪਰਮੇਸ਼ੁਰ ਬਾਰੇ ਕੀ ਦੱਸਿਆ?

5 ਜਦੋਂ ਪੌਲੁਸ ਐਥਿਨਜ਼, ਯੂਨਾਨ ਗਿਆ, ਤਾਂ ਉਸ ਨੇ ਉੱਥੇ ਬਹੁਤ ਸਾਰੀਆਂ ਮੂਰਤੀਆਂ ਦੇਖੀਆਂ ਅਤੇ ਉੱਥੋਂ ਦੇ ਲੋਕ ਮੰਨਦੇ ਸਨ ਕਿ ਉਨ੍ਹਾਂ ਦੇ ਦੇਵੀ-ਦੇਵਤਿਆਂ ਨੇ ਉਨ੍ਹਾਂ ਨੂੰ ਜ਼ਿੰਦਗੀ ਦਿੱਤੀ ਹੈ। ਸੋ ਪੌਲੁਸ ਨੇ ਉਨ੍ਹਾਂ ਨੂੰ ਉਸ “ਪਰਮੇਸ਼ੁਰ” ਬਾਰੇ ਦੱਸਿਆ “ਜਿਸ ਨੇ ਸਾਰੀ ਦੁਨੀਆਂ ਅਤੇ ਇਸ ਵਿਚਲੀਆਂ ਸਾਰੀਆਂ ਚੀਜ਼ਾਂ ਬਣਾਈਆਂ।” ਉਸ ਨੇ ਕਿਹਾ ਕਿ ਇਸੇ ਪਰਮੇਸ਼ੁਰ ਨੇ “ਆਪ ਸਾਰੇ ਇਨਸਾਨਾਂ ਨੂੰ ਜ਼ਿੰਦਗੀ ਅਤੇ ਸਾਹ ਤੇ ਹੋਰ ਸਾਰੀਆਂ ਚੀਜ਼ਾਂ” ਦਿੱਤੀਆਂ ਹਨ ਅਤੇ ‘ਇਸੇ ਰਾਹੀਂ ਸਾਨੂੰ ਜ਼ਿੰਦਗੀ ਮਿਲੀ ਹੈ, ਇਸੇ ਦੇ ਸਹਾਰੇ ਅਸੀਂ ਤੁਰਦੇ-ਫਿਰਦੇ ਹਾਂ।’ (ਰਸੂ. 17:24, 25, 28) ਯਹੋਵਾਹ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ ਤੇ ਸਾਨੂੰ ਉਹ ਸਭ ਕੁਝ ਦਿੰਦਾ ਹੈ ਜੋ ਜ਼ਿੰਦਗੀ ਦਾ ਮਜ਼ਾ ਲੈਣ ਲਈ ਜ਼ਰੂਰੀ ਹੈ। ਉਨ੍ਹਾਂ ਕੁਝ ਚੀਜ਼ਾਂ ਬਾਰੇ ਸੋਚੋ ਜੋ ਯਹੋਵਾਹ ਨੇ ਪਿਆਰ ਕਰਕੇ ਸਾਨੂੰ ਦਿੱਤੀਆਂ ਹਨ।

6. ਅਸੀਂ ਧਰਤੀ ਤੋਂ ਯਹੋਵਾਹ ਦਾ ਪਿਆਰ ਕਿਵੇਂ ਦੇਖ ਸਕਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

6 ਧਰਤੀ ਬਾਰੇ ਸੋਚੋ ਜੋ ਯਹੋਵਾਹ ਨੇ ‘ਮਨੁੱਖ ਦੇ ਵੰਸ ਨੂੰ ਦਿੱਤੀ ਹੈ।’ (ਜ਼ਬੂ. 115:15, 16) ਵਿਗਿਆਨੀਆਂ ਨੇ ਧਰਤੀ ਵਰਗੇ ਹੋਰ ਗ੍ਰਹਿਆਂ ਨੂੰ ਲੱਭਣ ਲਈ ਕਾਫ਼ੀ ਪੈਸੇ ਖ਼ਰਚ ਕੀਤੇ ਹਨ। ਭਾਵੇਂ ਕਿ ਉਨ੍ਹਾਂ ਨੂੰ ਸੈਂਕੜੇ ਗ੍ਰਹਿ ਲੱਭੇ ਹਨ, ਪਰ ਉਹ ਨਿਰਾਸ਼ ਹੋਏ ਹਨ ਕਿ ਧਰਤੀ ਵਰਗਾ ਕੋਈ ਵੀ ਗ੍ਰਹਿ ਨਹੀਂ ਲੱਭਾ ਜਿੱਥੇ ਇਨਸਾਨ ਲਈ ਰਹਿਣਾ ਮੁਮਕਿਨ ਹੈ। ਜ਼ਰਾ ਸੋਚੋ, ਭਾਵੇਂ ਬ੍ਰਹਿਮੰਡ ਅਤੇ ਆਕਾਸ਼ ਗੰਗਾ ਵਿਚ ਬਹੁਤ ਸਾਰੇ ਗ੍ਰਹਿ ਹਨ, ਪਰ ਯਹੋਵਾਹ ਨੇ ਸਿਰਫ਼ ਧਰਤੀ ਹੀ ਇਨਸਾਨ ਦੇ ਵੱਸਣ ਲਈ ਬਣਾਈ ਹੈ। ਯਹੋਵਾਹ ਨੇ ਸਾਨੂੰ ਸਿਰਫ਼ ਉਹੀ ਚੀਜ਼ਾਂ ਨਹੀਂ ਦਿੱਤੀਆਂ ਜੋ ਜੀਉਣ ਲਈ ਜ਼ਰੂਰੀ ਹਨ, ਪਰ ਉਸ ਨੇ ਧਰਤੀ ਨੂੰ ਖ਼ੂਬਸੂਰਤ, ਆਰਾਮਦਾਇਕ ਅਤੇ ਸੁਰੱਖਿਅਤ ਬਣਾਇਆ ਜਿੱਥੇ ਅਸੀਂ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਾਂ। (ਯਸਾ. 45:18) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਅਸੀਮ ਪਿਆਰ ਕਰਦਾ ਹੈ।ਅੱਯੂਬ 38:4, 7; ਜ਼ਬੂਰਾਂ ਦੀ ਪੋਥੀ 8:3-5 ਪੜ੍ਹੋ।

7. ਯਹੋਵਾਹ ਨੇ ਸਾਨੂੰ ਜਿਸ ਤਰੀਕੇ ਨਾਲ ਬਣਾਇਆ ਹੈ ਉਸ ਤੋਂ ਉਸ ਦਾ ਪਿਆਰ ਕਿਵੇਂ ਝਲਕਦਾ ਹੈ?

7 ਭਾਵੇਂ ਕਿ ਯਹੋਵਾਹ ਨੇ ਸਾਡੇ ਲਈ ਬਹੁਤ ਹੀ ਵਧੀਆ ਧਰਤੀ ਬਣਾਈ ਹੈ, ਪਰ ਉਹ ਜਾਣਦਾ ਹੈ ਕਿ ਸੱਚੀ ਖ਼ੁਸ਼ੀ ਪਾਉਣ ਲਈ ਸਿਰਫ਼ ਚੀਜ਼ਾਂ ਹੀ ਕਾਫ਼ੀ ਨਹੀਂ ਹਨ। ਬੱਚੇ ਉਦੋਂ ਦਿਲੋਂ ਖ਼ੁਸ਼ ਹੁੰਦੇ ਹਨ ਜਦੋਂ ਉਹ ਆਪਣੇ ਮਾਪਿਆਂ ਦਾ ਪਿਆਰ ਮਹਿਸੂਸ ਕਰਦੇ ਹਨ। ਯਹੋਵਾਹ ਨੇ ਸਾਨੂੰ ਆਪਣੇ ਸਰੂਪ ’ਤੇ ਬਣਾਇਆ ਹੈ ਤੇ ਸਾਡੇ ਵਿਚ ਇਹ ਕਾਬਲੀਅਤ ਪਾਈ ਹੈ ਕਿ ਅਸੀਂ ਉਸ ਦਾ ਪਿਆਰ ਮਹਿਸੂਸ ਕਰ ਸਕਦੇ ਹਾਂ ਅਤੇ ਉਸ ਲਈ ਆਪਣਾ ਪਿਆਰ ਜ਼ਾਹਰ ਕਰ ਸਕਦੇ ਹਾਂ। (ਉਤ. 1:27) ਇਸ ਤੋਂ ਇਲਾਵਾ, ਯਿਸੂ ਨੇ ਕਿਹਾ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।” (ਮੱਤੀ 5:3) ਪਿਆਰਾ ਪਿਤਾ ਹੋਣ ਕਰਕੇ ਯਹੋਵਾਹ ਸਾਨੂੰ “ਸਾਰੀਆਂ ਚੀਜ਼ਾਂ ਦਿਲ ਖੋਲ੍ਹ ਕੇ ਦਿੰਦਾ ਹੈ ਤਾਂਕਿ ਅਸੀਂ ਇਨ੍ਹਾਂ ਦਾ ਮਜ਼ਾ ਲੈ ਸਕੀਏ।”1 ਤਿਮੋ. 6:17; ਜ਼ਬੂ. 145:16.

ਯਹੋਵਾਹ ਸਾਨੂੰ ਹਮੇਸ਼ਾ ਸੱਚਾਈ ਸਿਖਾਉਂਦਾ ਹੈ

8. ਅਸੀਂ ਕਿਉਂ ਚਾਹੁੰਦੇ ਹਾਂ ਕਿ ਯਹੋਵਾਹ ਸਾਨੂੰ ਸਿਖਾਵੇ?

8 ਆਮ ਕਰਕੇ ਪਿਤਾ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ ਤੇ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਬੱਚੇ ਗੁਮਰਾਹ ਹੋਣ ਜਾਂ ਪੁੱਠੇ ਰਾਹ ਪੈਣ। ਪਰ ਅੱਜ ਬਹੁਤ ਸਾਰੇ ਮਾਪੇ ਬਾਈਬਲ ਦੇ ਅਸੂਲਾਂ ਨੂੰ ਨਹੀਂ ਮੰਨਦੇ। ਸੋ ਉਹ ਆਪਣੇ ਬੱਚਿਆਂ ਨੂੰ ਸਹੀ ਰਾਹ ਨਹੀਂ ਦੱਸ ਸਕਦੇ ਜਿਸ ਕਰਕੇ ਅਕਸਰ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗਦੀ ਹੈ ਤੇ ਉਹ ਦੁਖੀ ਹੁੰਦੇ ਹਨ। (ਕਹਾ. 14:12) ਪਰ ਯਹੋਵਾਹ ਆਪਣੇ ਬੱਚਿਆਂ ਨੂੰ ਸਭ ਤੋਂ ਵਧੀਆ ਸੇਧ ਦਿੰਦਾ ਹੈ ਕਿਉਂਕਿ ਉਹ ‘ਸਚਿਆਈ ਦਾ ਪਰਮੇਸ਼ੁਰ’ ਹੈ। (ਜ਼ਬੂ. 31:5) ਉਹ ਆਪਣੇ ਬਾਰੇ ਸੱਚਾਈ ਸਿਖਾਉਣ ਦੇ ਨਾਲ-ਨਾਲ ਇਹ ਵੀ ਦੱਸਦਾ ਹੈ ਕਿ ਉਸ ਦੀ ਭਗਤੀ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ਨਾਲੇ ਉਹ ਸਾਨੂੰ ਜ਼ਿੰਦਗੀ ਜੀਉਣ ਦਾ ਸਭ ਤੋਂ ਵਧੀਆ ਰਾਹ ਦਿਖਾਉਂਦਾ ਹੈ। ਇਹ ਸਭ ਕੁਝ ਸਿਖਾ ਕੇ ਉਸ ਨੂੰ ਖ਼ੁਸ਼ੀ ਹੁੰਦੀ ਹੈ। (ਜ਼ਬੂਰਾਂ ਦੀ ਪੋਥੀ 43:3 ਪੜ੍ਹੋ।) ਸੋ ਯਹੋਵਾਹ ਨੇ ਸਾਨੂੰ ਆਪਣੇ ਬਾਰੇ ਕੀ ਸਿਖਾਇਆ ਹੈ ਜਿਸ ਤੋਂ ਉਸ ਦੇ ਡਾਢੇ ਪਿਆਰ ਦਾ ਸਬੂਤ ਮਿਲਦਾ ਹੈ?

ਮਸੀਹੀ ਪਿਤਾ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸੱਚਾਈ ਸਿਖਾ ਕੇ ਅਤੇ ਉਨ੍ਹਾਂ ਦੇ ਸਵਰਗੀ ਪਿਤਾ ਨਾਲ ਰਿਸ਼ਤਾ ਜੋੜਨ ਵਿਚ ਮਦਦ ਕਰ ਕੇ ਯਹੋਵਾਹ ਦੀ ਰੀਸ ਕਰਦੇ ਹਨ (ਪੈਰੇ 8-10 ਦੇਖੋ)

9, 10. (ੳ) ਯਹੋਵਾਹ ਨੇ ਸਾਨੂੰ ਆਪਣੇ ਬਾਰੇ ਕਿਉਂ ਦੱਸਿਆ ਹੈ? (ਅ) ਸਾਡੇ ਲਈ ਰੱਖੇ ਆਪਣੇ ਮਕਸਦ ਬਾਰੇ ਉਸ ਨੇ ਸਾਨੂੰ ਕੀ ਸਿਖਾਇਆ ਹੈ?

9 ਪਹਿਲੀ ਗੱਲ, ਯਹੋਵਾਹ ਨੇ ਸਾਨੂੰ ਆਪਣੇ ਬਾਰੇ ਸੱਚਾਈ ਸਿਖਾਈ ਹੈ। ਉਸ ਨੇ ਆਪਣਾ ਨਾਂ ਦੱਸਿਆ ਹੈ ਜੋ ਬਾਈਬਲ ਵਿਚ ਕਿਸੇ ਵੀ ਨਾਂ ਨਾਲੋਂ ਜ਼ਿਆਦਾ ਵਾਰ ਆਉਂਦਾ ਹੈ। ਇਸ ਤਰੀਕੇ ਨਾਲ ਉਹ ਸਾਡੇ ਨੇੜੇ ਆਉਂਦਾ ਹੈ ਤੇ ਚਾਹੁੰਦਾ ਹੈ ਕਿ ਅਸੀਂ ਉਸ ਬਾਰੇ ਸਿੱਖੀਏ। (ਯਾਕੂ. 4:8) ਯਹੋਵਾਹ ਨੇ ਸਾਨੂੰ ਆਪਣੇ ਗੁਣਾਂ ਬਾਰੇ ਵੀ ਦੱਸਿਆ ਹੈ। ਜਦ ਕਿ ਪਰਮੇਸ਼ੁਰ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਤੋਂ ਉਸ ਦੀ ਬੁੱਧ ਤੇ ਸ਼ਕਤੀ ਦਾ ਪਤਾ ਲੱਗਦਾ ਹੈ, ਪਰ ਬਾਈਬਲ ਤੋਂ ਉਸ ਦੇ ਨਿਆਂ ਤੇ ਖ਼ਾਸ ਕਰਕੇ ਉਸ ਦੇ ਅਸੀਮ ਪਿਆਰ ਦਾ ਪਤਾ ਲੱਗਦਾ ਹੈ। (ਰੋਮੀ. 1:20) ਇਕ ਪਿਆਰ ਕਰਨ ਵਾਲੇ ਪਿਤਾ ਵਾਂਗ ਯਹੋਵਾਹ ਨਾ ਸਿਰਫ਼ ਬੁੱਧੀਮਾਨ ਤੇ ਸ਼ਕਤੀਸ਼ਾਲੀ ਹੈ, ਸਗੋਂ ਨਿਆਂ ਤੇ ਪਿਆਰ ਕਰਨ ਵਾਲਾ ਵੀ ਹੈ। ਇਸ ਕਰਕੇ ਅਸੀਂ ਉਸ ਨਾਲ ਬਿਨਾਂ ਝਿਜਕੇ ਕਰੀਬੀ ਰਿਸ਼ਤਾ ਜੋੜ ਸਕਦੇ ਹਾਂ।

10 ਯਹੋਵਾਹ ਨੇ ਸਾਨੂੰ ਇਹ ਵੀ ਸਿਖਾਇਆ ਹੈ ਕਿ ਉਸ ਦਾ ਮਕਸਦ ਕੀ ਹੈ। ਉਸ ਨੇ ਸਾਨੂੰ ਦੱਸਿਆ ਹੈ ਕਿ ਅਸੀਂ ਉਸ ਦੇ ਪਰਿਵਾਰ ਦਾ ਹਿੱਸਾ ਹਾਂ। ਨਾਲੇ ਇਹ ਵੀ ਦੱਸਿਆ ਹੈ ਕਿ ਉਹ ਸਾਡੇ ਤੋਂ ਕੀ ਚਾਹੁੰਦਾ ਹੈ ਤਾਂਕਿ ਅਸੀਂ ਸਾਰੇ ਜਣੇ ਉਸ ਦੇ ਪਰਿਵਾਰ ਵਿਚ ਏਕਤਾ ਤੇ ਸ਼ਾਂਤੀ ਨਾਲ ਕੰਮ ਕਰ ਸਕੀਏ। ਬਾਈਬਲ ਸਾਨੂੰ ਇਹ ਸਾਫ਼-ਸਾਫ਼ ਦੱਸਦੀ ਹੈ ਕਿ ਪਰਮੇਸ਼ੁਰ ਨੇ ਸਾਨੂੰ ਇਹ ਹੱਕ ਨਹੀਂ ਦਿੱਤਾ ਕਿ ਅਸੀਂ ਉਸ ਤੋਂ ਬਿਨਾਂ ਖ਼ੁਦ ਫ਼ੈਸਲੇ ਕਰੀਏ ਕਿ ਸਾਡੇ ਲਈ ਕੀ ਸਹੀ ਹੈ ਤੇ ਕੀ ਗ਼ਲਤ। (ਯਿਰ. 10:23) ਯਹੋਵਾਹ ਜਾਣਦਾ ਹੈ ਕਿ ਸਾਡੇ ਲਈ ਕੀ ਸਹੀ ਹੈ। ਉਸ ਦੇ ਅਧਿਕਾਰ ਤੇ ਕਹਿਣੇ ਵਿਚ ਰਹਿ ਕੇ ਸਾਡੀ ਜ਼ਿੰਦਗੀ ਵਿਚ ਖ਼ੁਸ਼ੀ ਤੇ ਸੁੱਖ-ਸ਼ਾਂਤੀ ਹੋਵੇਗੀ। ਯਹੋਵਾਹ ਨੇ ਸਾਨੂੰ ਇਹ ਅਹਿਮ ਸੱਚਾਈ ਸਿਖਾਈ ਹੈ ਕਿਉਂਕਿ ਉਹ ਸਾਨੂੰ ਪਿਆਰ ਕਰਦਾ ਹੈ।

11. ਸਾਡੇ ਪਿਆਰੇ ਪਿਤਾ ਯਹੋਵਾਹ ਨੇ ਸਾਨੂੰ ਭਵਿੱਖ ਬਾਰੇ ਕੀ ਦੱਸਿਆ ਹੈ?

11 ਇਕ ਪਿਆਰ ਕਰਨ ਵਾਲਾ ਪਿਤਾ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਗੰਭੀਰਤਾ ਨਾਲ ਸੋਚਦਾ ਹੈ। ਉਹ ਉਨ੍ਹਾਂ ਲਈ ਖ਼ੁਸ਼ਹਾਲ ਜ਼ਿੰਦਗੀ ਚਾਹੁੰਦਾ ਹੈ। ਪਰ ਅੱਜ ਲੋਕਾਂ ਨੂੰ ਨਹੀਂ ਪਤਾ ਕਿ ਭਵਿੱਖ ਵਿਚ ਕੀ ਹੋਣਾ ਹੈ ਜਾਂ ਉਹ ਆਪਣੀ ਜ਼ਿੰਦਗੀ ਪੈਸੇ ਕਮਾਉਣ ਜਾਂ ਹੋਰ ਕੰਮਾਂ ਵਿਚ ਲਗਾਉਂਦੇ ਹਨ ਜਿਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਹੈ। (ਜ਼ਬੂ. 90:10) ਅਸੀਂ ਆਪਣੇ ਪਿਤਾ ਯਹੋਵਾਹ ਦੇ ਕਿੰਨੇ ਹੀ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਡੇ ਨਾਲ ਸ਼ਾਨਦਾਰ ਭਵਿੱਖ ਦਾ ਵੀ ਵਾਅਦਾ ਕੀਤਾ ਹੈ। ਇਸ ਕਰਕੇ ਅਸੀਂ ਅੱਜ ਮਕਸਦ ਭਰੀ ਜ਼ਿੰਦਗੀ ਜੀਉਂਦੇ ਹਾਂ।

ਯਹੋਵਾਹ ਆਪਣੇ ਬੱਚਿਆਂ ਨੂੰ ਸਲਾਹ ਤੇ ਅਨੁਸ਼ਾਸਨ ਦਿੰਦਾ ਹੈ

12. ਯਹੋਵਾਹ ਨੇ ਕਾਇਨ ਤੇ ਬਾਰੂਕ ਦੀ ਕਿਵੇਂ ਮਦਦ ਕੀਤੀ?

12 ਜਦੋਂ ਯਹੋਵਾਹ ਨੇ ਦੇਖਿਆ ਕਿ ਕਾਇਨ ਕੁਝ ਬਹੁਤ ਹੀ ਬੁਰਾ ਕੰਮ ਕਰਨ ਵਾਲਾ ਸੀ, ਤਾਂ ਯਹੋਵਾਹ ਨੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਯਹੋਵਾਹ ਨੇ ਉਸ ਤੋਂ ਪੁੱਛਿਆ: “ਤੂੰ ਕਿਉਂ ਕਰੋਧਵਾਨ ਹੈਂ ਅਤੇ ਤੇਰਾ ਮੂੰਹ ਨੀਵਾਂ ਕਿਉਂ ਹੋ ਗਿਆ? ਜੇ ਤੂੰ ਭਲਾ ਕਰੇਂ ਕੀ ਉਹ ਉਤਾਹਾਂ ਨਾ ਕੀਤਾ ਜਾਵੇ?” (ਉਤ. 4:6, 7) ਕਾਇਨ ਨੇ ਯਹੋਵਾਹ ਦੀ ਗੱਲ ਨਹੀਂ ਸੁਣੀ, ਨਤੀਜੇ ਵਜੋਂ ਉਹ ਨੂੰ ਦੁੱਖ ਦਾ ਸਾਮ੍ਹਣਾ ਕਰਨਾ ਪਿਆ। (ਉਤ. 4:11-13) ਇਕ ਹੋਰ ਸਮੇਂ ਤੇ ਯਹੋਵਾਹ ਨੇ ਦੇਖਿਆ ਕਿ ਬਾਰੂਕ ਆਪਣੇ ਗ਼ਲਤ ਰਵੱਈਏ ਕਰਕੇ ਨਿਰਾਸ਼ ਤੇ ਟੁੱਟ ਚੁੱਕਾ ਸੀ। ਇਸ ਲਈ ਯਹੋਵਾਹ ਨੇ ਬਾਰੂਕ ਨੂੰ ਆਖਿਆ ਕਿ ਉਸ ਦੀ ਸੋਚ ਗ਼ਲਤ ਸੀ ਤੇ ਉਸ ਨੂੰ ਇਹ ਸੋਚ ਬਦਲਣ ਦੀ ਲੋੜ ਸੀ। ਬਾਰੂਕ ਨੇ ਯਹੋਵਾਹ ਦੀ ਸਲਾਹ ਸੁਣੀ ਜਿਸ ਕਰਕੇ ਉਸ ਦੀ ਜ਼ਿੰਦਗੀ ਬਚ ਗਈ।ਯਿਰ. 45:2-5.

13. ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕਾਂ ’ਤੇ ਔਖੀਆਂ ਘੜੀਆਂ ਕਿਉਂ ਆਉਣ ਦਿੱਤੀਆਂ?

13 ਪੌਲੁਸ ਨੇ ਲਿਖਿਆ: “ਯਹੋਵਾਹ ਜਿਸ ਨੂੰ ਪਿਆਰ ਕਰਦਾ ਹੈ, ਉਸੇ ਨੂੰ ਅਨੁਸ਼ਾਸਨ ਦਿੰਦਾ ਹੈ; ਅਸਲ ਵਿਚ, ਉਹ ਜਿਸ ਨੂੰ ਆਪਣੇ ਪੁੱਤਰ ਵਜੋਂ ਕਬੂਲ ਕਰਦਾ ਹੈ, ਉਸ ਨੂੰ ਸਜ਼ਾ ਦਿੰਦਾ ਹੈ।” (ਇਬ. 12:6) ਅਨੁਸ਼ਾਸਨ ਦੇਣ ਦਾ ਮਤਲਬ ਸਿਰਫ਼ ਤਾੜਨਾ ਦੇਣੀ ਹੀ ਨਹੀਂ, ਸਗੋਂ ਇਸ ਵਿਚ ਸਿਖਲਾਈ ਦੇਣੀ ਵੀ ਸ਼ਾਮਲ ਹੈ। ਬਾਈਬਲ ਵਿਚ ਬਹੁਤ ਸਾਰੇ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਨੂੰ ਔਖੀਆਂ ਘੜੀਆਂ ਦੌਰਾਨ ਸ਼ਾਇਦ ਸਜ਼ਾ ਜਾਂ ਤਾੜਨਾ ਦੇਣ ਦੇ ਨਾਲ-ਨਾਲ ਸਿਖਲਾਈ ਵੀ ਦਿੱਤੀ ਗਈ। ਜ਼ਰਾ ਯੂਸੁਫ਼, ਮੂਸਾ ਅਤੇ ਦਾਊਦ ਬਾਰੇ ਸੋਚੋ। ਬਾਈਬਲ ਵਿਚ ਇਨ੍ਹਾਂ ਦੀਆਂ ਜ਼ਿੰਦਗੀਆਂ ਬਾਰੇ ਬਹੁਤ ਕੁਝ ਦੱਸਿਆ ਗਿਆ ਹੈ। ਜਦੋਂ ਅਸੀਂ ਇਨ੍ਹਾਂ ਬਾਰੇ ਪੜ੍ਹਦੇ ਹਾਂ ਕਿ ਯਹੋਵਾਹ ਨੇ ਕਿਵੇਂ ਇਨ੍ਹਾਂ ਦੀ ਔਖੀਆਂ ਘੜੀਆਂ ਦੌਰਾਨ ਮਦਦ ਕੀਤੀ ਅਤੇ ਕਿਵੇਂ ਉਸ ਨੇ ਇਨ੍ਹਾਂ ਨੂੰ ਹੋਰ ਵੀ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੀ ਵੀ ਪਰਵਾਹ ਕਰਦਾ ਹੈ ਅਤੇ ਸਾਨੂੰ ਸੱਚ-ਮੁੱਚ ਪਿਆਰ ਕਰਦਾ ਹੈ।ਕਹਾਉਤਾਂ 3:11, 12 ਪੜ੍ਹੋ।

14. ਜਦੋਂ ਅਸੀਂ ਗ਼ਲਤੀਆਂ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਪਿਆਰ ਕਿਵੇਂ ਦਿਖਾਉਂਦਾ ਹੈ?

14 ਜਦੋਂ ਅਸੀਂ ਗ਼ਲਤੀਆਂ ਕਰਦੇ ਹਾਂ, ਉਦੋਂ ਵੀ ਯਹੋਵਾਹ ਸਾਨੂੰ ਪਿਆਰ ਦਿਖਾਉਂਦਾ ਹੈ। ਜੇ ਅਸੀਂ ਉਸ ਦਾ ਅਨੁਸ਼ਾਸਨ ਕਬੂਲ ਕਰ ਕੇ ਤੋਬਾ ਕਰਾਂਗੇ, ਤਾਂ ਉਹ ਸਾਨੂੰ ਮਾਫ਼ ਕਰੇਗਾ। (ਯਸਾ. 55:7) ਇਸ ਦਾ ਕੀ ਮਤਲਬ ਹੈ? ਦਾਊਦ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਮਾਫ਼ ਕਰਨ ਵਾਲਾ ਪਿਤਾ ਹੈ: “ਉਹ ਤੇਰੀਆਂ ਸਾਰੀਆਂ ਬੁਰਿਆਈਆਂ ਨੂੰ ਖਿਮਾ ਕਰਦਾ ਹੈ, ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਆ ਕਰਦਾ ਹੈ। ਉਹ ਤੇਰੀ ਜਿੰਦ ਨੂੰ ਟੋਏ ਤੋਂ ਨਿਸਤਾਰਾ ਦਿੰਦਾ ਹੈ, ਉਹ ਤੇਰੇ ਸਿਰ ਉੱਤੇ ਦਯਾ ਤੇ ਰਹਮ ਦਾ ਮੁਕਟ ਰੱਖਦਾ ਹੈ। ਜਿੰਨਾ ਚੜ੍ਹਦਾ ਲਹਿੰਦੇ ਤੋਂ ਦੂਰ ਹੈ, ਉੱਨੇ ਹੀ ਉਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ!” (ਜ਼ਬੂ. 103:3, 4, 12) ਯਹੋਵਾਹ ਸਾਨੂੰ ਅਲੱਗ-ਅਲੱਗ ਤਰੀਕਿਆਂ ਨਾਲ ਸਲਾਹ ਤੇ ਅਨੁਸ਼ਾਸਨ ਦਿੰਦਾ ਹੈ। ਕੀ ਅਸੀਂ ਉਸ ਦੀ ਸਲਾਹ ਨੂੰ ਝੱਟ ਮੰਨ ਕੇ ਆਪਣੇ ਵਿਚ ਸੁਧਾਰ ਕਰਦੇ ਹਾਂ? ਯਾਦ ਰੱਖੋ ਕਿ ਯਹੋਵਾਹ ਪਿਆਰ ਕਰਕੇ ਸਾਨੂੰ ਅਨੁਸ਼ਾਸਨ ਦਿੰਦਾ ਹੈ।ਜ਼ਬੂ. 30:5.

ਯਹੋਵਾਹ ਸਾਡੀ ਹਿਫਾਜ਼ਤ ਕਰਦਾ ਹੈ

15. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਦੇ ਲੋਕ ਉਸ ਲਈ ਅਨਮੋਲ ਹਨ?

15 ਇਕ ਪਿਆਰ ਕਰਨ ਵਾਲਾ ਪਿਤਾ ਆਪਣੇ ਪਰਿਵਾਰ ਨੂੰ ਖ਼ਤਰਿਆਂ ਤੋਂ ਬਚਾਉਂਦਾ ਹੈ। ਸਾਡਾ ਪਿਤਾ ਯਹੋਵਾਹ ਵੀ ਇਸੇ ਤਰ੍ਹਾਂ ਕਰਦਾ ਹੈ। ਜ਼ਬੂਰਾਂ ਦਾ ਲਿਖਾਰੀ ਯਹੋਵਾਹ ਬਾਰੇ ਕਹਿੰਦਾ ਹੈ: “ਉਹ ਆਪਣੇ [ਵਫ਼ਾਦਾਰ ਸੇਵਕਾਂ] ਦੀਆਂ ਜਾਨਾਂ ਦੀ ਰੱਖਿਆ ਕਰਦਾ ਹੈ, ਉਹ ਉਨ੍ਹਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਉਂਦਾ ਹੈ।” (ਜ਼ਬੂ. 97:10) ਜ਼ਰਾ ਸੋਚੋ: ਤੁਹਾਡੀਆਂ ਅੱਖਾਂ ਤੁਹਾਡੇ ਲਈ ਕਿੰਨੀਆਂ ਹੀ ਅਨਮੋਲ ਹਨ! ਯਹੋਵਾਹ ਵੀ ਆਪਣੇ ਲੋਕਾਂ ਬਾਰੇ ਇੱਦਾਂ ਹੀ ਮਹਿਸੂਸ ਕਰਦਾ ਹੈ। (ਜ਼ਕਰਯਾਹ 2:8 ਪੜ੍ਹੋ।) ਪਰਮੇਸ਼ੁਰ ਲਈ ਉਸ ਦੇ ਲੋਕ ਕਿੰਨੇ ਹੀ ਅਨਮੋਲ ਹਨ!

16, 17. ਯਹੋਵਾਹ ਨੇ ਕਿਸ ਤਰੀਕੇ ਨਾਲ ਬੀਤੇ ਸਮੇਂ ਵਿਚ ਅਤੇ ਅੱਜ ਵੀ ਆਪਣੇ ਲੋਕਾਂ ਨੂੰ ਬਚਾਇਆ ਹੈ?

16 ਯਹੋਵਾਹ ਨੇ ਬੀਤੇ ਸਮੇਂ ਵਿਚ ਅਤੇ ਅੱਜ ਵੀ ਦੂਤਾਂ ਰਾਹੀਂ ਆਪਣੇ ਲੋਕਾਂ ਨੂੰ ਬਚਾਇਆ ਹੈ। (ਜ਼ਬੂ. 91:11) ਇਕ ਦੂਤ ਨੇ ਇਕ ਰਾਤ ਵਿਚ ਅੱਸ਼ੂਰੀਆਂ ਦੇ 1,85,000 ਫ਼ੌਜੀਆਂ ਨੂੰ ਮਾਰ-ਮੁਕਾਇਆ ਅਤੇ ਪਰਮੇਸ਼ੁਰ ਦੇ ਲੋਕਾਂ ਨੂੰ ਬਚਾਇਆ। (2 ਰਾਜ. 19:35) ਪਹਿਲੀ ਸਦੀ ਵਿਚ ਦੂਤਾਂ ਨੇ ਪਤਰਸ, ਪੌਲੁਸ ਅਤੇ ਹੋਰਨਾਂ ਨੂੰ ਜੇਲ੍ਹਾਂ ਵਿੱਚੋਂ ਛੁਡਾਇਆ। (ਰਸੂ. 5:18-20; 12:6-11) ਹਾਲ ਹੀ ਦੇ ਸਮੇਂ ਵਿਚ ਅਫ਼ਰੀਕਾ ਦੇ ਇਕ ਦੇਸ਼ ਵਿਚ ਬਹੁਤ ਹੀ ਭਿਆਨਕ ਲੜਾਈ ਹੋਈ। ਪੂਰੇ ਦੇਸ਼ ਵਿਚ ਘੜਮੱਸ ਮਚਿਆ ਹੋਇਆ ਸੀ ਕਿਉਂਕਿ ਹਰ ਪਾਸੇ ਲੜਾਈ, ਲੁੱਟ, ਬਲਾਤਕਾਰ ਤੇ ਮਾਰ-ਧਾੜ ਹੋ ਰਹੀ ਸੀ। ਭਾਵੇਂ ਕਿ ਕਿਸੇ ਵੀ ਭੈਣ-ਭਰਾ ਦੀ ਜਾਨ ਨਹੀਂ ਗਈ, ਪਰ ਬਹੁਤ ਸਾਰੇ ਭੈਣਾਂ-ਭਰਾਵਾਂ ਦਾ ਸਭ ਕੁਝ ਤਬਾਹ ਹੋ ਗਿਆ। ਪਰ ਉਨ੍ਹਾਂ ਸਾਰਿਆਂ ਨੇ ਯਹੋਵਾਹ ਦਾ ਪਿਆਰ ਮਹਿਸੂਸ ਕੀਤਾ ਅਤੇ ਜਾਣਿਆ ਕਿ ਪਰਮੇਸ਼ੁਰ ਉਨ੍ਹਾਂ ਦੀ ਦੇਖ-ਭਾਲ ਕਰ ਰਿਹਾ ਸੀ। ਇੰਨੇ ਸਾਰੇ ਦੁੱਖ ਝੱਲਣ ਤੋਂ ਬਾਅਦ ਵੀ ਉਹ ਖ਼ੁਸ਼ ਸਨ। ਜਦੋਂ ਹੈੱਡ-ਕੁਆਰਟਰ ਤੋਂ ਇਕ ਭਰਾ ਉਨ੍ਹਾਂ ਨੂੰ ਮਿਲਣ ਆਇਆ ਤੇ ਉਸ ਨੇ ਭੈਣਾਂ-ਭਰਾਵਾਂ ਤੋਂ ਪੁੱਛਿਆ ਕਿ ਉਹ ਸਾਰੇ ਕਿਵੇਂ ਹਨ, ਤਾਂ ਉਨ੍ਹਾਂ ਨੇ ਕਿਹਾ, “ਯਹੋਵਾਹ ਦੀ ਮਿਹਰ ਕਰਕੇ ਸਭ ਕੁਝ ਠੀਕ ਹੈ।”

17 ਇਹ ਤਾਂ ਸੱਚ ਹੈ ਕਿ ਯਹੋਵਾਹ ਦੇ ਕੁਝ ਸੇਵਕਾਂ ਨੇ ਉਸ ਦੇ ਵਫ਼ਾਦਾਰ ਰਹਿਣ ਕਰਕੇ ਆਪਣੀਆਂ ਜਾਨਾਂ ਗੁਆਈਆਂ, ਜਿਵੇਂ ਕਿ ਇਸਤੀਫ਼ਾਨ ਤੇ ਉਸ ਵਰਗੇ ਹੋਰ ਸੇਵਕ। ਯਹੋਵਾਹ ਹਰ ਵਾਰ ਆਪਣੇ ਸੇਵਕਾਂ ਨੂੰ ਨਹੀਂ ਬਚਾਉਂਦਾ, ਪਰ ਉਹ ਆਪਣੇ ਲੋਕਾਂ ਨੂੰ ਸਮੂਹ ਵਜੋਂ ਸ਼ੈਤਾਨ ਦੀਆਂ ਚਾਲਾਂ ਬਾਰੇ ਚੇਤਾਵਨੀਆਂ ਦੇ ਕੇ ਜ਼ਰੂਰ ਬਚਾਉਂਦਾ ਹੈ। (ਅਫ਼. 6:10-12) ਸਾਨੂੰ ਇਹ ਚੇਤਾਵਨੀਆਂ ਬਾਈਬਲ ਅਤੇ ਉਸ ਦੇ ਸੰਗਠਨ ਵੱਲੋਂ ਤਿਆਰ ਕੀਤੇ ਗਏ ਪ੍ਰਕਾਸ਼ਨਾਂ ਰਾਹੀਂ ਮਿਲਦੀਆਂ ਹਨ। ਮਿਸਾਲ ਲਈ, ਸਾਨੂੰ ਇੰਟਰਨੈੱਟ, ਪੈਸੇ ਨਾਲ ਪਿਆਰ, ਗੰਦੀਆਂ ਅਤੇ ਹਿੰਸਕ ਫ਼ਿਲਮਾਂ, ਕਿਤਾਬਾਂ ਜਾਂ ਖੇਡਾਂ ਬਾਰੇ ਚੇਤਾਵਨੀ ਦਿੱਤੀ ਜਾਂਦੀ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਿਆਰਾ ਪਿਤਾ ਹੋਣ ਦੇ ਨਾਤੇ ਯਹੋਵਾਹ ਸਾਨੂੰ ਪਿਆਰ ਕਰਦਾ ਹੈ ਤੇ ਸਾਡੀ ਹਿਫਾਜ਼ਤ ਕਰਦਾ ਹੈ।

ਇਕ ਵੱਡਾ ਸਨਮਾਨ

18. ਤੁਹਾਨੂੰ ਕਿਵੇਂ ਲੱਗਦਾ ਹੈ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ?

18 ਅਸੀਂ ਸਿਰਫ਼ ਕੁਝ ਤਰੀਕਿਆਂ ਉੱਤੇ ਗੌਰ ਕੀਤਾ ਹੈ ਜਿਨ੍ਹਾਂ ਤੋਂ ਪਤਾ ਲੱਗਾ ਕਿ ਯਹੋਵਾਹ ਸਾਨੂੰ ਅਸੀਮ ਪਿਆਰ ਕਰਦਾ ਹੈ। ਇਹ ਸਾਰਾ ਕੁਝ ਪੜ੍ਹਨ ਤੋਂ ਬਾਅਦ ਅਸੀਂ ਵੀ ਮੂਸਾ ਵਾਂਗ ਮਹਿਸੂਸ ਕਰਦੇ ਹਾਂ। ਉਸ ਨੇ ਸਾਲਾਂ ਤੋਂ ਕੀਤੀ ਯਹੋਵਾਹ ਦੀ ਸੇਵਾ ਬਾਰੇ ਸੋਚਦਿਆਂ ਕਿਹਾ: “ਸਵੇਰ ਨੂੰ ਆਪਣੀ ਦਯਾ ਨਾਲ ਸਾਡੀ ਨਿਸ਼ਾ ਕਰ, ਭਈ ਅਸੀਂ ਆਪਣੇ ਸਾਰੇ ਦਿਨ ਜੈਕਾਰੇ ਗਜਾਈਏ ਅਤੇ ਅਨੰਦ ਕਰੀਏ।” (ਜ਼ਬੂ. 90:14) ਇਹ ਸਾਡੇ ਲਈ ਕਿੰਨੇ ਮਾਣ ਦੀ ਗੱਲ ਹੈ ਕਿ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਸਾਨੂੰ ਡਾਢਾ ਪਿਆਰ ਕਰਦਾ ਹੈ ਤੇ ਅਸੀਂ ਉਸ ਪਿਆਰ ਨੂੰ ਮਹਿਸੂਸ ਕਰਦੇ ਹਾਂ! ਅਸੀਂ ਵੀ ਯੂਹੰਨਾ ਰਸੂਲ ਵਾਂਗ ਮਹਿਸੂਸ ਕਰਦੇ ਹਾਂ ਜਿਸ ਨੇ ਕਿਹਾ: ‘ਧਿਆਨ ਦਿਓ ਕਿ ਪਿਤਾ ਨੇ ਸਾਡੇ ਨਾਲ ਕਿੰਨਾ ਪਿਆਰ ਕੀਤਾ।’1 ਯੂਹੰ. 3:1.