ਪਰਮੇਸ਼ੁਰੀ ਗੱਲਾਂ ’ਤੇ ਸੋਚ-ਵਿਚਾਰ ਕਰਦੇ ਰਹੋ
“ਇਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰ; ਇਨ੍ਹਾਂ ਵਿਚ ਮਗਨ ਰਹਿ, ਤਾਂਕਿ ਸਾਰੇ ਜਣੇ ਤੇਰੀ ਤਰੱਕੀ ਸਾਫ਼-ਸਾਫ਼ ਦੇਖ ਸਕਣ।”
ਗੀਤ: 22, 52
1, 2. ਇਨਸਾਨ ਜਾਨਵਰਾਂ ਤੋਂ ਕਿਵੇਂ ਵੱਖਰੇ ਹਨ?
ਇਨਸਾਨਾਂ ਦਾ ਦਿਮਾਗ਼ ਕਮਾਲ ਦਾ ਹੈ। ਮਿਸਾਲ ਲਈ, ਇਨਸਾਨਾਂ ਕੋਲ ਭਾਸ਼ਾ ਸਿੱਖਣ ਦੀ ਕਾਬਲੀਅਤ ਹੈ। ਭਾਸ਼ਾ ਕਰਕੇ ਅਸੀਂ ਦੂਜਿਆਂ ਦੀਆਂ ਗੱਲਾਂ ਸਮਝਣ ਦੇ ਨਾਲ-ਨਾਲ ਪੜ੍ਹ, ਲਿਖ ਤੇ ਬੋਲ ਵੀ ਸਕਦੇ ਹਾਂ। ਨਾਲੇ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਅਤੇ ਗੀਤ ਗਾ ਕੇ ਉਸ ਦੀ ਮਹਿਮਾ ਕਰ ਸਕਦੇ ਹਾਂ। ਇਨ੍ਹਾਂ ਕਾਰਨਾਂ ਕਰਕੇ ਅਸੀਂ ਜਾਨਵਰਾਂ ਤੋਂ ਵੱਖਰੇ ਹਾਂ। ਵਿਗਿਆਨੀ ਹਾਲੇ ਤਕ ਪੂਰੀ ਤਰ੍ਹਾਂ ਨਹੀਂ ਸਮਝ ਪਾਏ ਕਿ ਸਾਡਾ ਦਿਮਾਗ਼ ਇੰਨੇ ਹੈਰਾਨੀਜਨਕ ਕੰਮ ਕਿਵੇਂ ਕਰਦਾ ਹੈ।
2 ਇਹ ਕਾਬਲੀਅਤ ਯਹੋਵਾਹ ਨੇ ਸਾਨੂੰ ਇਕ ਤੋਹਫ਼ੇ ਵਜੋਂ ਦਿੱਤੀ ਹੈ। (ਜ਼ਬੂ. 139:14; ਪ੍ਰਕਾ. 4:11) ਪਰਮੇਸ਼ੁਰ ਵੱਲੋਂ ਦਿੱਤਾ ਸਾਡਾ ਦਿਮਾਗ਼ ਇਕ ਹੋਰ ਕਾਰਨ ਕਰਕੇ ਵੀ ਕਮਾਲ ਦਾ ਹੈ। ਜਾਨਵਰਾਂ ਤੋਂ ਉਲਟ ਪਰਮੇਸ਼ੁਰ ਨੇ ਸਾਨੂੰ “ਆਪਣੇ ਸਰੂਪ ਉੱਤੇ” ਬਣਾਇਆ ਹੈ। ਸਾਡੇ ਕੋਲ ਆਜ਼ਾਦ ਇੱਛਾ ਹੈ ਅਤੇ ਅਸੀਂ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਆਪਣੀ ਭਾਸ਼ਾ ਦੀ ਕਾਬਲੀਅਤ ਨੂੰ ਵਰਤਣ ਦਾ ਫ਼ੈਸਲਾ ਕਰ ਸਕਦੇ ਹਾਂ।
3. ਬੁੱਧੀਮਾਨ ਬਣਨ ਲਈ ਯਹੋਵਾਹ ਨੇ ਸਾਨੂੰ ਕਿਹੜਾ ਬੇਸ਼ਕੀਮਤੀ ਤੋਹਫ਼ਾ ਦਿੱਤਾ ਹੈ?
3 ਜਿਹੜੇ ਲੋਕ ਭਾਸ਼ਾ ਦੇ ਬਣਾਉਣ ਵਾਲੇ ਦੀ ਮਹਿਮਾ ਕਰਨੀ ਚਾਹੁੰਦੇ ਹਨ, ਉਨ੍ਹਾਂ ਨੂੰ ਪਰਮੇਸ਼ੁਰ ਨੇ ਇਕ ਬੇਸ਼ਕੀਮਤੀ ਤੋਹਫ਼ਾ ਦਿੱਤਾ ਹੈ, ਉਹ ਹੈ ਬਾਈਬਲ। ਪੂਰੀ ਬਾਈਬਲ ਜਾਂ ਇਸ ਦਾ ਕੁਝ ਹਿੱਸਾ 2,800 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹੈ। ਜਦੋਂ ਅਸੀਂ ਬਾਈਬਲ ਵਿਚ ਦੱਸੀਆਂ ਗੱਲਾਂ ’ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਅਸੀਂ ਆਪਣੇ ਜ਼ਬੂ. 40:5; 92:5; 139:17) ਫਿਰ ਅਸੀਂ ਉਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰਨ ਦਾ ਆਨੰਦ ਮਾਣ ਸਕਦੇ ਹਾਂ ਜੋ ਸਾਨੂੰ ‘ਬੁੱਧੀਮਾਨ ਬਣਾ ਸਕਦੀਆਂ ਹਨ’ ਅਤੇ ‘ਇਨ੍ਹਾਂ ਦੀ ਮਦਦ ਨਾਲ ਅਸੀਂ ਮੁਕਤੀ ਪਾ ਸਕਦੇ ਹਾਂ।’
4. ਸੋਚ-ਵਿਚਾਰ ਕਰਨ ਦਾ ਕੀ ਮਤਲਬ ਹੈ? ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?
4 ਸੋਚ-ਵਿਚਾਰ ਕਰਨ ਦਾ ਮਤਲਬ ਹੈ, ਕਿਸੇ ਵਿਸ਼ੇ ਉੱਤੇ ਆਪਣਾ ਪੂਰਾ ਧਿਆਨ ਲਾਉਣਾ ਅਤੇ ਉਸ ਬਾਰੇ ਗਹਿਰਾਈ ਨਾਲ ਸੋਚਣਾ। (ਜ਼ਬੂ. 77:12; ਕਹਾ. 24:1, 2) ਜਦੋਂ ਅਸੀਂ ਯਹੋਵਾਹ ਅਤੇ ਯਿਸੂ ਬਾਰੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਹੁੰਦਾ ਹੈ। (ਯੂਹੰ. 17:3) ਅਸੀਂ ਇਸ ਲੇਖ ਵਿਚ ਇਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ: ਪੜ੍ਹਨ ਅਤੇ ਸੋਚ-ਵਿਚਾਰ ਕਰਨ ਵਿਚ ਕੀ ਸੰਬੰਧ ਹੈ? ਅਸੀਂ ਕਿਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰ ਸਕਦੇ ਹਾਂ? ਅਸੀਂ ਸੋਚ-ਵਿਚਾਰ ਕਰਨ ਦੀ ਆਦਤ ਨੂੰ ਮਜ਼ੇਦਾਰ ਕਿਵੇਂ ਬਣਾ ਸਕਦੇ ਹਾਂ?
ਆਪਣੀ ਸਟੱਡੀ ਤੋਂ ਪੂਰਾ-ਪੂਰਾ ਫ਼ਾਇਦਾ ਲਓ
5, 6. ਪੜ੍ਹਦੇ ਵੇਲੇ ਗੱਲਾਂ ਨੂੰ ਯਾਦ ਰੱਖਣ ਅਤੇ ਚੰਗੀ ਤਰ੍ਹਾਂ ਸਮਝਣ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?
5 ਕੀ ਤੁਸੀਂ ਕਦੀ ਗੌਰ ਕੀਤਾ ਹੈ ਕਿ ਇੱਦਾਂ ਦੇ ਕੁਝ ਕੰਮ ਹਨ ਜਿਨ੍ਹਾਂ ਨੂੰ ਕਰਨ ਵੇਲੇ ਸਾਨੂੰ ਸੋਚਣ ਦੀ ਵੀ ਲੋੜ ਨਹੀਂ ਪੈਂਦੀ, ਜਿਵੇਂ ਕਿ ਸਾਹ ਲੈਣਾ, ਤੁਰਨਾ-ਫਿਰਨਾ ਜਾਂ ਖਾਣਾ-ਪੀਣਾ? ਕਦੇ-ਕਦੇ ਸ਼ਾਇਦ ਪੜ੍ਹਨ ਵੇਲੇ ਵੀ ਤੁਹਾਡੇ ਨਾਲ ਇੱਦਾਂ ਹੀ ਹੋਵੇ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਪੜ੍ਹਦੇ ਵੇਲੇ ਸੋਚੋ ਕਿ ਇਨ੍ਹਾਂ ਗੱਲਾਂ ਦਾ ਕੀ ਮਤਲਬ ਹੈ। ਜਦ ਤੁਸੀਂ ਪੂਰਾ ਪੈਰਾ ਜਾਂ ਉਪ-ਸਿਰਲੇਖ ਹੇਠ ਦਿੱਤੀ ਸਾਰੀ ਜਾਣਕਾਰੀ ਪੜ੍ਹ ਲੈਂਦੇ ਹੋ, ਤਾਂ ਥੋੜ੍ਹਾ ਰੁਕੋ ਅਤੇ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰੋ। ਨਾਲੇ ਦੇਖੋ ਕਿ ਤੁਹਾਨੂੰ ਸਾਰਾ ਕੁਝ ਠੀਕ-ਠੀਕ ਸਮਝ ਆਇਆ ਹੈ। ਇਹ ਤਾਂ ਸੱਚ ਹੈ ਕਿ ਆਲੇ-ਦੁਆਲੇ ਹੋ ਰਹੇ ਕੰਮਾਂ ਜਾਂ ਖ਼ੁਦ ਪੂਰਾ ਧਿਆਨ ਨਾ ਲਾਉਣ ਕਰਕੇ ਸ਼ਾਇਦ ਤੁਹਾਡਾ ਧਿਆਨ ਭਟਕ ਜਾਵੇ। ਸੋ ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਹਾਡੇ ਨਾਲ ਇੱਦਾਂ ਨਾ ਹੋਵੇ?
6 ਵਿਗਿਆਨਕ ਖੋਜ ਤੋਂ ਪਤਾ ਲੱਗਾ ਹੈ ਕਿ ਮੂੰਹ ਵਿਚ ਪੜ੍ਹਨ ਨਾਲ ਅਸੀਂ ਸੌਖਿਆਂ ਹੀ ਗੱਲਾਂ ਨੂੰ ਯਾਦ ਰੱਖ ਸਕਦੇ ਹਾਂ। ਸਾਡੇ ਦਿਮਾਗ਼ ਦੇ ਬਣਾਉਣ ਵਾਲੇ ਨੂੰ ਤਾਂ ਇਹ ਗੱਲ ਪਹਿਲਾਂ ਹੀ ਪਤਾ ਸੀ। ਇਸੇ ਕਰਕੇ ਉਸ ਨੇ ਯਹੋਸ਼ੁਆ ਨੂੰ ਆਪਣੀ ਬਿਵਸਥਾ ਦੀ ਕਿਤਾਬ ਨੂੰ “ਧਿਆਨ” ਨਾਲ ਪੜ੍ਹਨ ਦੀ ਹਿਦਾਇਤ ਦਿੱਤੀ ਸੀ। ਇਬਰਾਨੀ ਭਾਸ਼ਾ ਦੇ ਜਿਸ ਸ਼ਬਦ ਦਾ ਅਨੁਵਾਦ ‘ਧਿਆਨ ਰੱਖਣਾ’ ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਧੀਮੀ ਆਵਾਜ਼ ਵਿਚ ਪੜ੍ਹਨਾ”। (ਯਹੋਸ਼ੁਆ 1:8 ਪੜ੍ਹੋ।) ਧੀਮੀ ਆਵਾਜ਼ ਨਾਲ ਬਾਈਬਲ ਪੜ੍ਹ ਕੇ ਤੁਸੀਂ ਪੜ੍ਹੀਆਂ ਗੱਲਾਂ ’ਤੇ ਜ਼ਿਆਦਾ ਧਿਆਨ ਲਾ ਸਕਦੇ ਹੋ ਅਤੇ ਇਨ੍ਹਾਂ ਨੂੰ ਜ਼ਿਆਦਾ ਸਮੇਂ ਲਈ ਯਾਦ ਵੀ ਰੱਖ ਸਕਦੇ ਹੋ।
7. ਬਾਈਬਲ ’ਤੇ ਸੋਚ-ਵਿਚਾਰ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੁੰਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
7 ਅਸੀਂ ਜੋ ਪੜ੍ਹਦੇ ਹਾਂ ਉਸ ਉੱਤੇ ਧਿਆਨ ਲਾਉਣ ਲਈ ਸਾਨੂੰ ਕਾਫ਼ੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਇਸ ਕਰਕੇ ਸੋਚ-ਵਿਚਾਰ ਕਰਨ ਲਈ ਸਭ ਤੋਂ ਵਧੀਆ ਸਮਾਂ ਉਦੋਂ ਹੁੰਦਾ ਹੈ ਜਦੋਂ ਅਸੀਂ ਥੱਕੇ ਨਾ ਹੋਈਏ ਅਤੇ ਮਾਹੌਲ ਸ਼ਾਂਤ ਹੋਵੇ ਜਿੱਥੇ ਸਾਡਾ ਧਿਆਨ ਨਾ ਭਟਕੇ। ਜ਼ਬੂਰਾਂ ਦਾ ਲਿਖਾਰੀ ਦਾਊਦ ਰਾਤ ਵੇਲੇ ਆਪਣੇ ਬਿਸਤਰੇ ’ਤੇ ਸੋਚ-ਵਿਚਾਰ ਕਰਦਾ ਹੁੰਦਾ ਸੀ। (ਜ਼ਬੂ. 63:6) ਭਾਵੇਂ ਯਿਸੂ ਸੰਪੂਰਣ ਸੀ, ਫਿਰ ਵੀ ਉਹ ਸੋਚ-ਵਿਚਾਰ ਤੇ ਪ੍ਰਾਰਥਨਾ ਕਰਨ ਲਈ ਸ਼ਾਂਤ ਜਗ੍ਹਾ ਚੁਣਦਾ ਹੁੰਦਾ ਸੀ।
ਚੰਗੀਆਂ ਚੀਜ਼ਾਂ ’ਤੇ ਸੋਚ-ਵਿਚਾਰ ਕਰੋ
8. (ੳ) ਅਸੀਂ ਕਿਹੜੀਆਂ ਗੱਲਾਂ ’ਤੇ ਸੋਚ-ਵਿਚਾਰ ਕਰ ਸਕਦੇ ਹਾਂ? (ਅ) ਜਦੋਂ ਅਸੀਂ ਦੂਜਿਆਂ ਨਾਲ ਯਹੋਵਾਹ ਬਾਰੇ ਗੱਲਾਂ ਕਰਦੇ ਹਾਂ, ਤਾਂ ਉਸ ਨੂੰ ਕਿਵੇਂ ਲੱਗਦਾ ਹੈ?
8 ਬਾਈਬਲ ਵਿਚ ਪੜ੍ਹੀਆਂ ਗੱਲਾਂ ਦੇ ਨਾਲ-ਨਾਲ ਤੁਸੀਂ ਹੋਰ ਗੱਲਾਂ ’ਤੇ ਵੀ ਸੋਚ-ਵਿਚਾਰ ਕਰ ਸਕਦੇ ਹੋ। ਮਿਸਾਲ ਲਈ, ਜਦੋਂ ਤੁਸੀਂ ਯਹੋਵਾਹ ਦੀ ਸ੍ਰਿਸ਼ਟੀ ਵਿਚ ਕੋਈ ਸ਼ਾਨਦਾਰ ਚੀਜ਼ ਦੇਖਦੇ ਹੋ, ਤਾਂ ਰੁਕ ਕੇ ਆਪਣੇ ਆਪ ਨੂੰ ਪੁੱਛੋ: ‘ਇਸ ਸ੍ਰਿਸ਼ਟੀ ਤੋਂ ਮੈਂ ਯਹੋਵਾਹ ਬਾਰੇ ਕੀ ਸਿੱਖਦਾ ਹਾਂ?’ ਇਸ ਤਰ੍ਹਾਂ ਸੋਚ-ਵਿਚਾਰ ਕਰਨ ਨਾਲ ਤੁਸੀਂ ਪ੍ਰਾਰਥਨਾ ਵਿਚ ਜ਼ਰੂਰ ਯਹੋਵਾਹ ਦਾ ਲੱਖ-ਲੱਖ ਧੰਨਵਾਦ ਕਰੋਗੇ। ਜੇ ਤੁਸੀਂ ਦੂਜਿਆਂ ਨਾਲ ਹੋ, ਤਾਂ ਤੁਸੀਂ ਆਪਣੇ ਜਜ਼ਬਾਤ ਉਨ੍ਹਾਂ ਨਾਲ ਜ਼ਰੂਰ ਸਾਂਝੇ ਕਰਨੇ ਚਾਹੋਗੇ। (ਜ਼ਬੂ. 104:24; ਰਸੂ. 14:17) ਜਦੋਂ ਅਸੀਂ ਪ੍ਰਾਰਥਨਾ ਵਿਚ ਉਸ ਦਾ ਧੰਨਵਾਦ ਕਰਦੇ ਹਾਂ ਤੇ ਦੂਜਿਆਂ ਨਾਲ ਉਸ ਬਾਰੇ ਗੱਲਾਂ ਕਰਦੇ ਹਾਂ, ਤਾਂ ਕੀ ਯਹੋਵਾਹ ਇਨ੍ਹਾਂ ਗੱਲਾਂ ਦੀ ਕਦਰ ਕਰਦਾ ਹੈ? ਆਓ ਆਪਾਂ ਦੇਖੀਏ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ। ਇਨ੍ਹਾਂ ਮੁਸੀਬਤਾਂ ਭਰੇ ਆਖ਼ਰੀ ਦਿਨਾਂ ਵਿਚ ਯਹੋਵਾਹ ਸਾਡੇ ਨਾਲ ਇਹ ਵਾਅਦਾ ਕਰਦਾ ਹੈ: ‘ਤਦ ਯਹੋਵਾਹ ਦਾ ਭੈ ਮੰਨਣ ਵਾਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ। ਯਹੋਵਾਹ ਨੇ ਧਿਆਨ ਦੇ ਕੇ ਸੁਣੀਆਂ ਤਾਂ ਯਹੋਵਾਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗੀਰੀ ਦੀ ਪੁਸਤਕ ਲਿਖੀ ਗਈ।’
9. (ੳ) ਪੌਲੁਸ ਨੇ ਤਿਮੋਥਿਉਸ ਨੂੰ ਕਿਹੜੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਲਈ ਕਿਹਾ ਸੀ? (ਅ) ਪ੍ਰਚਾਰ ਦੀ ਤਿਆਰੀ ਕਰਦਿਆਂ ਅਸੀਂ ਕਿਹੜੀਆਂ ਗੱਲਾਂ ’ਤੇ ਸੋਚ-ਵਿਚਾਰ ਕਰ ਸਕਦੇ ਹਾਂ?
9 ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਆਪਣੀ ਬੋਲੀ, ਆਪਣੇ ਚਾਲ-ਚਲਣ ਅਤੇ ਆਪਣੀ ਸਿੱਖਿਆ ’ਤੇ ਸੋਚ-ਵਿਚਾਰ ਕਰਨ ਲਈ ਕਿਹਾ ਕਿ ਇਨ੍ਹਾਂ ਦਾ ਦੂਜਿਆਂ ’ਤੇ ਕੀ ਅਸਰ ਪੈ ਸਕਦਾ ਹੈ। (1 ਤਿਮੋਥਿਉਸ 4:12-16 ਪੜ੍ਹੋ।) ਤਿਮੋਥਿਉਸ ਵਾਂਗ ਅਸੀਂ ਵੀ ਇਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰ ਸਕਦੇ ਹਾਂ। ਮਿਸਾਲ ਲਈ, ਅਸੀਂ ਬਾਈਬਲ ਸਟੱਡੀ ਕਰਾਉਣ ਦੀ ਤਿਆਰੀ ਕਰਦੇ ਵੇਲੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢ ਸਕਦੇ ਹਾਂ। ਆਪਣੇ ਵਿਦਿਆਰਥੀ ਬਾਰੇ ਸੋਚੋ ਕਿ ਅਸੀਂ ਕਿਹੜੀ ਮਿਸਾਲ ਜਾਂ ਸਵਾਲ ਵਰਤ ਸਕਦੇ ਹਾਂ ਜੋ ਉਸ ਦੀ ਤਰੱਕੀ ਕਰਨ ਵਿਚ ਮਦਦ ਕਰ ਸਕਦਾ ਹੈ। ਜਦੋਂ ਅਸੀਂ ਇਸ ਤਰੀਕੇ ਨਾਲ ਬਾਈਬਲ ਸਟੱਡੀ ਕਰਾਉਣ ਦੀ ਤਿਆਰੀ ਕਰਦੇ ਹਾਂ, ਤਾਂ ਸਾਡਾ ਵਿਸ਼ਵਾਸ ਮਜ਼ਬੂਤ ਹੁੰਦਾ ਹੈ, ਅਸੀਂ ਹੋਰ ਵਧੀਆ ਤਰੀਕੇ ਨਾਲ ਬਾਈਬਲ ਬਾਰੇ ਸਿਖਾਉਣ ਦੇ ਕਾਬਲ ਬਣਦੇ ਹਾਂ ਅਤੇ ਅਸੀਂ ਹੋਰ ਵੀ ਜੋਸ਼ ਨਾਲ ਇਹ ਕੰਮ ਕਰਦੇ ਹਾਂ। ਪ੍ਰਚਾਰ ’ਤੇ ਜਾਣ ਤੋਂ ਪਹਿਲਾਂ ਸੋਚ-ਵਿਚਾਰ ਕਰਨ ਨਾਲ ਵੀ ਸਾਨੂੰ ਫ਼ਾਇਦਾ ਹੋਵੇਗਾ। (ਅਜ਼ਰਾ 7:10 ਪੜ੍ਹੋ।) ਹੋਰ ਜੋਸ਼ੀਲੇ ਪ੍ਰਚਾਰਕ ਬਣਨ ਲਈ ਸ਼ਾਇਦ ਅਸੀਂ ਰਸੂਲਾਂ ਦੇ ਕੰਮ ਦੀ ਕਿਤਾਬ ਵਿੱਚੋਂ ਕੋਈ ਅਧਿਆਇ ਪੜ੍ਹ ਸਕਦੇ ਹਾਂ। ਅਸੀਂ ਪ੍ਰਚਾਰ ਦੌਰਾਨ ਜਿਹੜੀਆਂ ਵੀ ਆਇਤਾਂ ਪੜ੍ਹਨੀਆਂ ਅਤੇ ਪ੍ਰਕਾਸ਼ਨ ਪੇਸ਼ ਕਰਨੇ ਚਾਹੁੰਦੇ ਹਾਂ, ਅਸੀਂ ਉਨ੍ਹਾਂ ’ਤੇ ਵੀ ਸੋਚ-ਵਿਚਾਰ ਕਰ ਸਕਦੇ ਹਾਂ। (2 ਤਿਮੋ. 1:6) ਆਪਣੇ ਇਲਾਕੇ ਵਿਚ ਰਹਿੰਦੇ ਲੋਕਾਂ ਬਾਰੇ ਸੋਚੋ ਕਿ ਕਿਹੜੀ ਗੱਲ ਕਰਕੇ ਉਹ ਸਾਡੀ ਗੱਲ ਸੁਣਨ ਲਈ ਤਿਆਰ ਹੋਣਗੇ। ਇੱਦਾਂ ਤਿਆਰੀ ਕਰਕੇ ਅਸੀਂ ਦੂਜਿਆਂ ਨੂੰ ਗਵਾਹੀ ਦੇਣ ਵੇਲੇ ਬਾਈਬਲ ਦੀ ਵਧੀਆ ਵਰਤੋਂ ਕਰ ਸਕਾਂਗੇ।
10. ਅਸੀਂ ਹੋਰ ਕਿਹੜੀਆਂ ਚੰਗੀਆਂ ਗੱਲਾਂ ਉੱਤੇ ਸੋਚ-ਵਿਚਾਰ ਕਰ ਸਕਦੇ ਹਾਂ?
10 ਕੀ ਤੁਸੀਂ ਕਦੇ-ਕਦਾਈਂ ਪਬਲਿਕ ਭਾਸ਼ਣ, ਅਸੈਂਬਲੀਆਂ ਅਤੇ ਵੱਡੇ ਸੰਮੇਲਨਾਂ ਵਿਚ ਨੋਟਸ ਲੈਂਦੇ ਹੋ? ਜੇ ਹਾਂ, ਤਾਂ ਇਨ੍ਹਾਂ ’ਤੇ ਸੋਚ-ਵਿਚਾਰ ਕਰਨ ਲਈ ਸਮਾਂ ਕੱਢੋ। ਸੋਚ-ਵਿਚਾਰ ਕਰਦਿਆਂ ਆਪਣੇ ਆਪ ਤੋਂ ਪੁੱਛੋ: ‘ਮੈਂ ਪਰਮੇਸ਼ੁਰ ਦੇ ਬਚਨ ਅਤੇ ਉਸ ਦੇ ਸੰਗਠਨ ਤੋਂ ਕੀ ਸਿੱਖਿਆ ਹੈ?’ ਹਰ ਮਹੀਨੇ ਦੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਅਤੇ ਹੁਣੇ-ਹੁਣੇ ਵੱਡੇ ਸੰਮੇਲਨ ’ਤੇ ਰੀਲੀਜ਼ ਕੀਤੇ ਗਏ ਪ੍ਰਕਾਸ਼ਨ ਪੜ੍ਹ ਕੇ ਵੀ ਤੁਸੀਂ ਉਨ੍ਹਾਂ ’ਤੇ ਸੋਚ-ਵਿਚਾਰ ਕਰ ਸਕਦੇ ਹੋ। ਜਦੋਂ ਤੁਸੀਂ ਯੀਅਰਬੁੱਕ ਪੜ੍ਹਦੇ ਹੋ, ਤਾਂ ਕੋਈ ਵੀ ਤਜਰਬਾ ਪੜ੍ਹਨ ਤੋਂ ਬਾਅਦ ਥੋੜ੍ਹਾ ਰੁਕੋ ਅਤੇ ਇਸ ਬਾਰੇ ਸੋਚੋ ਅਤੇ ਇਸ ਨੂੰ ਆਪਣੇ ਦਿਲ ਤਕ ਪਹੁੰਚਣ ਦਿਓ। ਜਦੋਂ ਤੁਸੀਂ ਕੋਈ ਪ੍ਰਕਾਸ਼ਨ ਪੜ੍ਹਦੇ ਹੋ, ਤਾਂ ਤੁਸੀਂ ਸ਼ਾਇਦ ਮੁੱਖ ਗੱਲਾਂ ਥੱਲੇ ਲਕੀਰ ਲਾਉਣੀ ਚਾਹੋ ਜਾਂ ਆਲੇ-ਦੁਆਲੇ ਖਾਲੀ ਜਗ੍ਹਾ ਵਿਚ ਨੋਟਸ ਲਿਖਣੇ ਚਾਹੋ। ਇਸ ਤਰ੍ਹਾਂ ਤੁਹਾਡੀ ਮਦਦ ਹੋਵੇਗੀ ਜਦੋਂ ਤੁਸੀਂ ਕਿਸੇ ਵਿਅਕਤੀ ਨੂੰ ਦੁਬਾਰਾ ਮਿਲਣ ਦੀ ਤਿਆਰੀ ਕਰਦੇ ਹੋ, ਜਦੋਂ ਕੋਈ ਬਜ਼ੁਰਗ ਕਿਸੇ ਭੈਣ ਜਾਂ ਭਰਾ ਨੂੰ ਹੌਸਲਾ ਦੇਣ ਦੀ ਤਿਆਰੀ ਕਰਦਾ ਹੈ ਜਾਂ ਜਦੋਂ ਤੁਸੀਂ ਕਿਸੇ ਭਾਸ਼ਣ ਦੇਣ ਦੀ ਤਿਆਰੀ ਕਰਦੇ ਹੋ। ਜਦੋਂ ਤੁਸੀਂ ਰੁਕ ਕੇ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰਦੇ ਹੋ, ਤਾਂ ਤੁਸੀਂ ਇਨ੍ਹਾਂ ਨੂੰ ਆਪਣੇ ਦਿਲ ਤਕ ਪਹੁੰਚਣ ਲਈ ਸਮਾਂ ਦਿੰਦੇ ਹੋ ਅਤੇ ਜਿਹੜੀਆਂ ਚੰਗੀਆਂ ਗੱਲਾਂ ਤੁਸੀਂ ਸਿੱਖੀਆਂ ਹਨ ਉਨ੍ਹਾਂ ਲਈ ਯਹੋਵਾਹ ਦਾ ਧੰਨਵਾਦ ਕਰ ਸਕਦੇ ਹੋ।
ਰੋਜ਼ ਪਰਮੇਸ਼ੁਰ ਦੇ ਬਚਨ ’ਤੇ ਸੋਚ-ਵਿਚਾਰ ਕਰੋ
11. ਸੋਚ-ਵਿਚਾਰ ਕਰਨ ਲਈ ਸਾਡੇ ਕੋਲ ਸਭ ਤੋਂ ਜ਼ਰੂਰੀ ਪ੍ਰਕਾਸ਼ਨ ਕਿਹੜਾ ਹੈ ਅਤੇ ਇਸ ’ਤੇ ਸੋਚ-ਵਿਚਾਰ ਕਰਨ ਨਾਲ ਸਾਡੀ ਕਿਵੇਂ ਮਦਦ ਹੋਵੇਗੀ? (ਫੁਟਨੋਟ ਵੀ ਦੇਖੋ।)
11 ਜੀ ਹਾਂ, ਸੋਚ-ਵਿਚਾਰ ਕਰਨ ਲਈ ਬਾਈਬਲ ਸਭ ਤੋਂ ਜ਼ਰੂਰੀ ਪ੍ਰਕਾਸ਼ਨ ਹੈ। ਪਰ ਸੋਚੋ, ਉਦੋਂ ਕੀ ਜਦੋਂ ਸਾਡੇ ਕੋਲ ਬਾਈਬਲ ਹੀ ਨਾ ਹੋਵੇ? * ਸਾਨੂੰ ਉਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਜੋ ਅਸੀਂ ਯਾਦ ਕੀਤੀਆਂ ਹਨ, ਜਿਵੇਂ ਕਿ ਮਨਪਸੰਦ ਆਇਤਾਂ ਜਾਂ ਰਾਜ ਦੇ ਗੀਤ। (ਰਸੂ. 16:25) ਪਰਮੇਸ਼ੁਰ ਦੀ ਸ਼ਕਤੀ ਪੜ੍ਹੀਆਂ ਗੱਲਾਂ ਨੂੰ ਯਾਦ ਰੱਖਣ ਵਿਚ ਸਾਡੀ ਮਦਦ ਕਰੇਗੀ ਜਿਨ੍ਹਾਂ ਕਰਕੇ ਅਸੀਂ ਵਫ਼ਾਦਾਰ ਰਹਿ ਸਕਾਂਗੇ।
12. ਤੁਸੀਂ ਰੋਜ਼ਾਨਾ ਬਾਈਬਲ ਪੜ੍ਹਨ ਦੀ ਕਿਹੜੀ ਯੋਜਨਾ ਬਣਾ ਸਕਦੇ ਹੋ?
12 ਤੁਸੀਂ ਰੋਜ਼ਾਨਾ ਬਾਈਬਲ ਪੜ੍ਹਨ ਦੀ ਕਿਹੜੀ ਯੋਜਨਾ ਬਣਾ ਸਕਦੇ ਹੋ? ਸ਼ਾਇਦ ਤੁਸੀਂ ਹਫ਼ਤੇ ਦੇ ਕੁਝ ਦਿਨ ਬਾਈਬਲ ਸਿਖਲਾਈ ਸਕੂਲ ਵਿਚ ਬਾਈਬਲ ਰੀਡਿੰਗ ਲਈ ਦਿੱਤੇ ਅਧਿਆਇ ਪੜ੍ਹ ਕੇ ਉਸ ’ਤੇ ਸੋਚ-ਵਿਚਾਰ ਕਰ ਸਕਦੇ ਹੋ। ਹੋਰ ਦਿਨ ਤੁਸੀਂ ਮੱਤੀ, ਮਰਕੁਸ, ਲੂਕਾ ਤੇ ਯੂਹੰਨਾ ਦੀਆਂ ਕਿਤਾਬਾਂ ਪੜ੍ਹ ਸਕਦੇ ਹੋ ਅਤੇ ਯਿਸੂ ਦੀਆਂ ਗੱਲਾਂ ਅਤੇ ਕੰਮਾਂ ਉੱਤੇ ਸੋਚ-ਵਿਚਾਰ ਕਰ ਸਕਦੇ ਹੋ। (ਰੋਮੀ. 10:17; ਇਬ. 12:2; 1 ਪਤ. 2:21) ਨਾਲੇ ਸਾਡੇ ਕੋਲ ਸਰਬ ਮਹਾਨ ਮਨੁੱਖ ਕਿਤਾਬ ਵੀ ਹੈ ਜਿਸ ਵਿਚ ਯਿਸੂ ਦੀ ਜ਼ਿੰਦਗੀ ਵਿਚ ਹੋਈਆਂ ਘਟਨਾਵਾਂ ਬਾਰੇ ਤਰਤੀਬਵਾਰ ਦੱਸਿਆ ਗਿਆ ਹੈ। ਇਹ ਕਿਤਾਬ ਸਾਡੀ ਇੰਜੀਲਾਂ ਨੂੰ ਸਮਝਣ ਵਿਚ ਹੋਰ ਵੀ ਮਦਦ ਕਰੇਗੀ।
ਸੋਚ-ਵਿਚਾਰ ਕਰਨਾ ਇੰਨਾ ਜ਼ਰੂਰੀ ਕਿਉਂ ਹੈ?
13, 14. ਸਾਡੇ ਲਈ ਯਹੋਵਾਹ ਅਤੇ ਯਿਸੂ ਬਾਰੇ ਸੋਚ-ਵਿਚਾਰ ਕਰਦੇ ਰਹਿਣਾ ਇੰਨਾ ਜ਼ਰੂਰੀ ਕਿਉਂ ਹੈ ਤੇ ਇੱਦਾਂ ਕਰਦੇ ਰਹਿਣ ਲਈ ਕਿਹੜੀ ਗੱਲ ਸਾਨੂੰ ਪ੍ਰੇਰਦੀ ਹੈ?
13 ਯਹੋਵਾਹ ਤੇ ਯਿਸੂ ਬਾਰੇ ਸੋਚ-ਵਿਚਾਰ ਕਰਨ ਨਾਲ ਅਸੀਂ ਇਕ ਸਮਝਦਾਰ ਮਸੀਹੀ ਬਣ ਸਕਾਂਗੇ ਤੇ ਆਪਣੀ ਨਿਹਚਾ ਨੂੰ ਮਜ਼ਬੂਤ ਰੱਖ ਸਕਾਂਗੇ। (ਇਬ. 5:14; 6:1) ਇਕ ਇਨਸਾਨ ਜੋ ਪਰਮੇਸ਼ੁਰ ਬਾਰੇ ਸੋਚ-ਵਿਚਾਰ ਕਰਨ ਵਿਚ ਥੋੜ੍ਹਾ ਹੀ ਸਮਾਂ ਲਾਉਂਦਾ ਹੈ, ਉਸ ਦਾ ਪਰਮੇਸ਼ੁਰ ਨਾਲ ਰਿਸ਼ਤਾ ਹੌਲੀ-ਹੌਲੀ ਕਮਜ਼ੋਰ ਹੋ ਜਾਵੇਗਾ ਜਾਂ ਇੱਥੋਂ ਤਕ ਕਿ ਟੁੱਟ ਜਾਵੇਗਾ। (ਇਬ. 2:1; 3:12) ਯਿਸੂ ਨੇ ਸਾਨੂੰ ਖ਼ਬਰਦਾਰ ਕੀਤਾ ਕਿ ਜੇ ਅਸੀਂ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਨਹੀਂ ਮੰਨਦੇ, ਤਾਂ ਅਸੀਂ ‘ਆਪਣੇ ਨੇਕਦਿਲਾਂ ਵਿਚ ਇਸ ਨੂੰ ਜੜ੍ਹ ਫੜਨ ਨਹੀਂ ਦਿੰਦੇ।’ ਇਸ ਦੀ ਬਜਾਇ, “ਜ਼ਿੰਦਗੀ ਦੀਆਂ ਚਿੰਤਾਵਾਂ, ਧਨ-ਦੌਲਤ ਤੇ ਐਸ਼ਪਰਸਤੀ ਕਰਕੇ” ਸਾਡਾ ਧਿਆਨ ਸੌਖਿਆਂ ਹੀ ਭਟਕ ਸਕਦਾ ਹੈ।
14 ਸੋ ਆਓ ਆਪਾਂ ਲਗਾਤਾਰ ਬਾਈਬਲ ’ਤੇ ਸੋਚ-ਵਿਚਾਰ ਕਰਦੇ ਰਹੀਏ ਤੇ ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ 2 ਕੁਰਿੰ. 3:18) ਅਸੀਂ ਆਪਣੇ ਸਵਰਗੀ ਪਿਤਾ ਬਾਰੇ ਹੋਰ ਜ਼ਿਆਦਾ ਸਿੱਖਦੇ ਤੇ ਹਮੇਸ਼ਾ ਉਸ ਦੀ ਰੀਸ ਕਰਦੇ ਰਹਿ ਸਕਦੇ ਹਾਂ। ਇਸ ਤੋਂ ਵੱਡਾ ਸਨਮਾਨ ਹੋਰ ਕੋਈ ਹੋ ਹੀ ਨਹੀਂ ਸਕਦਾ!
15, 16. (ੳ) ਯਹੋਵਾਹ ਅਤੇ ਯਿਸੂ ਬਾਰੇ ਸੋਚ-ਵਿਚਾਰ ਕਰ ਕੇ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ? (ਅ) ਕਈ ਵਾਰ ਸ਼ਾਇਦ ਸੋਚ-ਵਿਚਾਰ ਕਰਨਾ ਕਿਉਂ ਮੁਸ਼ਕਲ ਹੋਵੇ, ਪਰ ਸਾਨੂੰ ਇੱਦਾਂ ਕਿਉਂ ਕਰਦੇ ਰਹਿਣਾ ਚਾਹੀਦਾ ਹੈ?
15 ਯਹੋਵਾਹ ਅਤੇ ਯਿਸੂ ਬਾਰੇ ਸੋਚ-ਵਿਚਾਰ ਕਰਦੇ ਰਹਿਣ ਨਾਲ ਅਸੀਂ ਸੱਚਾਈ ਵਿਚ ਹੋਰ ਵੀ ਜੋਸ਼ੀਲੇ ਹੋਵਾਂਗੇ। ਸਾਡਾ ਜੋਸ਼ ਸਾਡੇ ਭੈਣਾਂ-ਭਰਾਵਾਂ ਨੂੰ ਤੇ ਪ੍ਰਚਾਰ ਵਿਚ ਮਿਲਣ ਵਾਲੇ ਲੋਕਾਂ ਨੂੰ ਹੌਸਲਾ ਦੇਵੇਗਾ। ਜਦੋਂ ਅਸੀਂ ਇਸ ਗੱਲ ’ਤੇ ਸੋਚ-ਵਿਚਾਰ ਕਰਦੇ ਹਾਂ ਕਿ ਯਹੋਵਾਹ ਨੇ ਯਿਸੂ ਦੀ ਰਿਹਾਈ ਦੀ ਕੀਮਤ ਦੇਣ ਲਈ ਕੀ ਕੀਤਾ ਹੈ, ਤਾਂ ਅਸੀਂ ਹਮੇਸ਼ਾ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਅਨਮੋਲ ਸਮਝਾਂਗੇ। (ਰੋਮੀ. 3:24; ਯਾਕੂ. 4:8) ਦੱਖਣੀ ਅਫ਼ਰੀਕਾ ਦੇ ਰਹਿਣ ਵਾਲੇ ਮਾਰਕ ਨਾਂ ਦੇ ਭਰਾ ਨੇ ਆਪਣੀ ਨਿਹਚਾ ਕਰਕੇ ਤਿੰਨ ਸਾਲਾਂ ਦੀ ਜੇਲ੍ਹ ਕੱਟੀ। ਉਹ ਕਹਿੰਦਾ ਹੈ: “ਸੋਚ-ਵਿਚਾਰ ਕਰਨ ਦੀ ਤੁਲਨਾ ਨਵੇਂ-ਨਵੇਂ ਮਜ਼ੇਦਾਰ ਕੰਮਾਂ ਨਾਲ ਕੀਤੀ ਜਾ ਸਕਦੀ ਹੈ। ਅਸੀਂ ਜਿੰਨਾ ਜ਼ਿਆਦਾ ਪਰਮੇਸ਼ੁਰ ਦੀਆਂ ਗੱਲਾਂ ’ਤੇ ਸੋਚ-ਵਿਚਾਰ ਕਰਾਂਗੇ, ਉੱਨਾ ਜ਼ਿਆਦਾ ਸਾਨੂੰ ਆਪਣੇ ਪਰਮੇਸ਼ੁਰ ਯਹੋਵਾਹ ਬਾਰੇ ਨਵੀਆਂ ਗੱਲਾਂ ਪਤਾ ਲੱਗਣਗੀਆਂ। ਜਦੋਂ ਮੈਂ ਭਵਿੱਖ ਬਾਰੇ ਸੋਚ ਕੇ ਥੋੜ੍ਹਾ-ਬਹੁਤਾ ਚਿੰਤਿਤ ਹੋ ਜਾਂਦਾ ਹਾਂ, ਤਾਂ ਮੈਂ ਬਾਈਬਲ ਦੀਆਂ ਕੁਝ ਆਇਤਾਂ ਪੜ੍ਹ ਕੇ ਉਨ੍ਹਾਂ ’ਤੇ ਸੋਚ-ਵਿਚਾਰ ਕਰਦਾ ਹਾਂ। ਇੱਦਾਂ ਕਰਕੇ ਮੈਨੂੰ ਸ਼ਾਂਤੀ ਮਿਲਦੀ ਹੈ।”
16 ਅੱਜ ਦੁਨੀਆਂ ਵਿਚ ਧਿਆਨ ਭਟਕਾਉਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਹੋਣ ਕਰਕੇ ਬਾਈਬਲ ’ਤੇ ਸੋਚ-ਵਿਚਾਰ ਕਰਨ ਲਈ ਕਈ ਵਾਰ ਸਮਾਂ ਕੱਢਣਾ ਮੁਸ਼ਕਲ ਹੁੰਦਾ ਹੈ। ਅਫ਼ਰੀਕਾ ਦਾ ਰਹਿਣ ਵਾਲਾ ਪੈਟਰਿਕ ਨਾਂ ਦਾ ਭਰਾ ਕਹਿੰਦਾ ਹੈ: “ਮੇਰਾ ਦਿਮਾਗ਼ ਲੈੱਟਰ ਬਾਕਸ ਦੀ ਤਰ੍ਹਾਂ ਹੈ ਜੋ ਤਰ੍ਹਾਂ-ਤਰ੍ਹਾਂ ਦੀਆਂ ਜ਼ਰੂਰੀ ਤੇ ਗ਼ੈਰ-ਜ਼ਰੂਰੀ ਗੱਲਾਂ ਨਾਲ ਭਰਿਆ ਹੋਇਆ ਹੈ। ਮੈਨੂੰ ਹਰ ਰੋਜ਼ ਸੋਚਣਾ ਪੈਂਦਾ ਹੈ ਕਿ ਕਿਹੜੀਆਂ ਗੱਲਾਂ ਮੈਂ ਆਪਣੇ ਦਿਮਾਗ਼ ਵਿਚ ਰੱਖਣੀਆਂ ਹਨ ਤੇ ਕਿਹੜੀਆਂ ਨਹੀਂ। ਜਦੋਂ ਮੇਰੇ ਮਨ ਵਿਚ “ਚਿੰਤਾ” ਹੁੰਦੀ ਹੈ, ਤਾਂ ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਮੈਂ ਆਪਣੀ ਚਿੰਤਾ ਬਾਰੇ ਨਾ ਸੋਚਾਂ, ਸਗੋਂ ਪੜ੍ਹੀਆਂ ਗੱਲਾਂ ’ਤੇ ਸੋਚ-ਵਿਚਾਰ ਕਰ ਸਕਾਂ। ਪਰਮੇਸ਼ੁਰ ਦੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਤੋਂ ਪਹਿਲਾਂ ਮੈਨੂੰ ਇੱਦਾਂ ਕਰਨ ਲਈ ਕੁਝ ਸਮਾਂ ਲਾਉਣਾ ਪੈਂਦਾ ਹੈ। ਇਸ ਤਰ੍ਹਾਂ ਕਰ ਕੇ ਮੈਂ ਯਹੋਵਾਹ ਦੇ ਹੋਰ ਵੀ ਨੇੜੇ ਮਹਿਸੂਸ ਕਰਦਾ ਹਾਂ। ਨਾਲੇ ਸੱਚਾਈ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਸਮਝਣ ਲਈ ਮੇਰਾ ਮਨ ਤਿਆਰ ਹੁੰਦਾ।” (ਜ਼ਬੂ. 94:19) ਜੀ ਹਾਂ, ਜਦੋਂ ਅਸੀਂ ਹਰ ਰੋਜ਼ ਬਾਈਬਲ ਪੜ੍ਹ ਕੇ ਉਸ ’ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਸਾਨੂੰ ਬਹੁਤ ਸਾਰੇ ਤਰੀਕਿਆਂ ਨਾਲ ਫ਼ਾਇਦਾ ਹੁੰਦਾ ਹੈ।
ਤੁਸੀਂ ਸਮਾਂ ਕਿਵੇਂ ਕੱਢਦੇ ਹੋ?
17. ਤੁਸੀਂ ਸੋਚ-ਵਿਚਾਰ ਕਰਨ ਲਈ ਸਮਾਂ ਕਿਵੇਂ ਕੱਢਦੇ ਹੋ?
17 ਕੁਝ ਭੈਣ-ਭਰਾ ਤੜਕੇ ਉੱਠ ਕੇ ਪੜ੍ਹਦੇ, ਸੋਚ-ਵਿਚਾਰ ਕਰਦੇ ਤੇ ਪ੍ਰਾਰਥਨਾ ਕਰਦੇ ਹਨ। ਕਈ ਲੋਕ ਅੱਧੀ ਛੁੱਟੀ ਵੇਲੇ ਇੱਦਾਂ ਕਰਦੇ ਹਨ। ਸ਼ਾਇਦ ਤੁਹਾਡੇ ਲਈ ਬਾਈਬਲ ਪੜ੍ਹਨ ਦਾ ਸਭ ਤੋਂ ਵਧੀਆ ਸਮਾਂ ਸ਼ਾਮ ਦਾ ਜਾਂ ਸੌਣ ਤੋਂ ਪਹਿਲਾਂ ਹੋਵੇ। (ਯਹੋ. 1:8) ਕਈ ਲੋਕ ਸਵੇਰੇ ਜਾਂ ਸੌਣ ਤੋਂ ਪਹਿਲਾਂ ਬਾਈਬਲ ਪੜ੍ਹਨੀ ਪਸੰਦ ਕਰਦੇ ਹਨ। ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ‘ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੀਏ’ ਯਾਨੀ ਹਰ ਰੋਜ਼ ਪਰਮੇਸ਼ੁਰ ਦੇ ਬਚਨ ’ਤੇ ਸੋਚ-ਵਿਚਾਰ ਕਰਨ ਲਈ ਘੱਟ ਜ਼ਰੂਰੀ ਗੱਲਾਂ ਵਿੱਚੋਂ ਸਮਾਂ ਕੱਢੀਏ।
18. ਬਾਈਬਲ ਉਨ੍ਹਾਂ ਲੋਕਾਂ ਨਾਲ ਕੀ ਵਾਅਦਾ ਕਰਦੀ ਹੈ ਜਿਹੜੇ ਹਰ ਰੋਜ਼ ਪਰਮੇਸ਼ੁਰ ਦੇ ਬਚਨ ’ਤੇ ਸੋਚ-ਵਿਚਾਰ ਕਰ ਕੇ ਸਿੱਖੀਆਂ ਗੱਲਾਂ ਨੂੰ ਲਾਗੂ ਕਰਦੇ ਹਨ?
18 ਬਾਈਬਲ ਵਾਅਦਾ ਕਰਦੀ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਬਰਕਤ ਦੇਵੇਗਾ ਜੋ ਉਸ ਦੇ ਬਚਨ ’ਤੇ ਸੋਚ-ਵਿਚਾਰ ਕਰਦੇ ਹਨ ਅਤੇ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। (ਜ਼ਬੂਰਾਂ ਦੀ ਪੋਥੀ 1:1-3 ਪੜ੍ਹੋ।) ਯਿਸੂ ਨੇ ਕਿਹਾ: “ਧੰਨ ਉਹ ਹਨ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਇਸ ਅਨੁਸਾਰ ਚੱਲਦੇ ਹਨ!” (ਲੂਕਾ 11:28) ਪਰ ਸਭ ਤੋਂ ਜ਼ਰੂਰੀ ਗੱਲ ਹੈ ਕਿ ਜਦੋਂ ਅਸੀਂ ਹਰ ਰੋਜ਼ ਯਹੋਵਾਹ ਦੇ ਬਚਨ ’ਤੇ ਸੋਚ-ਵਿਚਾਰ ਕਰਾਂਗੇ, ਤਾਂ ਅਸੀਂ ਉਸ ਤਰੀਕੇ ਨਾਲ ਕੰਮ ਕਰ ਸਕਾਂਗੇ ਜਿਸ ਨਾਲ ਉਸ ਦੀ ਮਹਿਮਾ ਹੋਵੇਗੀ। ਜਦੋਂ ਅਸੀਂ ਇੱਦਾਂ ਕਰਾਂਗੇ, ਤਾਂ ਯਹੋਵਾਹ ਸਾਨੂੰ ਹੁਣ ਖ਼ੁਸ਼ੀ ਦੇਵੇਗਾ ਤੇ ਆਪਣੀ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ।
^ ਪੈਰਾ 11 1 ਦਸੰਬਰ 2006 ਦੇ ਪਹਿਰਾਬੁਰਜ ਵਿਚ “ਦੁੱਖ ਵੀ ਯਹੋਵਾਹ ਨਾਲ ਸਾਡਾ ਰਿਸ਼ਤਾ ਤੋੜ ਨਾ ਪਾਏ” ਨਾਂ ਦਾ ਲੇਖ ਦੇਖੋ।