Skip to content

Skip to table of contents

ਬਿਨਾਂ ਧਿਆਨ ਭਟਕਾਏ ਯਹੋਵਾਹ ਦੀ ਸੇਵਾ ਕਰੋ

ਬਿਨਾਂ ਧਿਆਨ ਭਟਕਾਏ ਯਹੋਵਾਹ ਦੀ ਸੇਵਾ ਕਰੋ

‘ਮਰੀਅਮ ਪ੍ਰਭੂ ਦੀਆਂ ਗੱਲਾਂ ਸੁਣ ਰਹੀ ਸੀ। ਪਰ ਮਾਰਥਾ ਦਾ ਸਾਰਾ ਧਿਆਨ ਰੋਟੀ-ਪਾਣੀ ਤਿਆਰ ਕਰਨ ਵਿਚ ਲੱਗਾ ਹੋਇਆ ਸੀ।’ਲੂਕਾ 10:39, 40.

ਗੀਤ: 40, 55

1, 2. ਯਿਸੂ ਮਾਰਥਾ ਨੂੰ ਭੈਣਾਂ ਵਾਂਗ ਕਿਉਂ ਪਿਆਰ ਕਰਦਾ ਸੀ, ਪਰ ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਮਾਰਥਾ ਤੋਂ ਵੀ ਗ਼ਲਤੀਆਂ ਹੁੰਦੀਆਂ ਸਨ?

ਜਦੋਂ ਤੁਸੀਂ ਲਾਜ਼ਰ ਦੀ ਭੈਣ ਮਾਰਥਾ ਬਾਰੇ ਸੋਚਦੇ ਹੋ, ਤਾਂ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਮਾਰਥਾ ਨੂੰ ਭੈਣਾਂ ਵਾਂਗ ਪਿਆਰ ਕਰਦਾ ਸੀ। ਪਰ ਉਹ ਹੋਰ ਔਰਤਾਂ ਨੂੰ ਵੀ ਮਾਵਾਂ ਤੇ ਭੈਣਾਂ ਵਾਂਗ ਪਿਆਰ ਕਰਦਾ ਸੀ ਤੇ ਉਨ੍ਹਾਂ ਦੀ ਇੱਜ਼ਤ ਕਰਦਾ ਸੀ। ਮਿਸਾਲ ਲਈ, ਯਿਸੂ ਮਰੀਅਮ ਦੀ ਭੈਣ ਮਾਰਥਾ ਨੂੰ ਵੀ ਭੈਣ ਮੰਨਦਾ ਸੀ। ਇਸ ਤੋਂ ਇਲਾਵਾ, ਯਿਸੂ ਆਪਣੀ ਮਾਂ ਮਰੀਅਮ ਨੂੰ ਵੀ ਪਿਆਰ ਕਰਦਾ ਸੀ। (ਯੂਹੰ. 11:5; 19:25-27) ਸੋ ਯਿਸੂ ਮਾਰਥਾ ਨੂੰ ਕਿਉਂ ਪਿਆਰ ਕਰਦਾ ਸੀ?

2 ਯਿਸੂ ਮਾਰਥਾ ਨੂੰ ਇਸ ਲਈ ਪਿਆਰ ਕਰਦਾ ਸੀ ਕਿਉਂਕਿ ਉਹ ਦਿਆਲਤਾ ਤੇ ਖੁੱਲ੍ਹ-ਦਿਲੀ ਦਿਖਾਉਣ ਦੇ ਨਾਲ-ਨਾਲ ਸਖ਼ਤ ਮਿਹਨਤ ਵੀ ਕਰਦੀ ਸੀ। ਪਰ ਯਿਸੂ ਦੇ ਪਿਆਰ ਦਾ ਮੁੱਖ ਕਾਰਨ ਸੀ, ਮਾਰਥਾ ਦੀ ਪੱਕੀ ਨਿਹਚਾ। ਉਹ ਯਿਸੂ ਦੀ ਹਰ ਗੱਲ ਉੱਤੇ ਵਿਸ਼ਵਾਸ ਕਰਦੀ ਸੀ ਅਤੇ ਉਸ ਨੂੰ ਪੱਕਾ ਯਕੀਨ ਸੀ ਕਿ ਉਹੀ ਵਾਅਦਾ ਕੀਤਾ ਹੋਇਆ ਮਸੀਹ ਹੈ। (ਯੂਹੰ. 11:21-27) ਪਰ ਸਾਡੇ ਸਾਰਿਆਂ ਵਾਂਗ ਮਾਰਥਾ ਤੋਂ ਵੀ ਗ਼ਲਤੀਆਂ ਹੁੰਦੀਆਂ ਸਨ। ਮਿਸਾਲ ਲਈ, ਇਕ ਦਿਨ ਜਦੋਂ ਯਿਸੂ ਮਾਰਥਾ ਦੇ ਘਰ ਗਿਆ, ਤਾਂ ਮਾਰਥਾ ਮਰੀਅਮ ’ਤੇ ਖਿਝੀ ਹੋਈ ਸੀ। ਉਸ ਨੇ ਯਿਸੂ ਨੂੰ ਮਰੀਅਮ ਨੂੰ ਡਾਂਟਣ ਲਈ ਕਿਹਾ: “ਪ੍ਰਭੂ, ਤੈਨੂੰ ਜ਼ਰਾ ਵੀ ਖ਼ਿਆਲ ਨਹੀਂ ਆਇਆ ਕਿ ਮੇਰੀ ਭੈਣ ਨੇ ਸਾਰਾ ਕੰਮ ਮੇਰੇ ਸਿਰ ’ਤੇ ਛੱਡਿਆ ਹੋਇਆ ਹੈ? ਇਹ ਨੂੰ ਕਹਿ, ਆ ਕੇ ਮੇਰੀ ਮਦਦ ਕਰੇ।” (ਲੂਕਾ 10:38-42 ਪੜ੍ਹੋ।) ਮਾਰਥਾ ਨੇ ਇਹ ਗੱਲ ਕਿਉਂ ਕਹੀ? ਯਿਸੂ ਨੇ ਮਾਰਥਾ ਨੂੰ ਜੋ ਕਿਹਾ ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

ਮਾਰਥਾ ਦਾ ਸਾਰਾ ਧਿਆਨ ਰੋਟੀ-ਪਾਣੀ ਤਿਆਰ ਕਰਨ ਵਿਚ ਲੱਗਾ ਹੋਇਆ ਸੀ

3, 4. ਮਰੀਅਮ ਨੇ ਆਪਣੇ ਲਈ “ਚੰਗਾ ਹਿੱਸਾ” ਕਿਵੇਂ ਚੁਣਿਆ ਅਤੇ ਮਾਰਥਾ ਨੇ ਯਿਸੂ ਦੀ ਸਲਾਹ ਤੋਂ ਕਿਹੜਾ ਸਬਕ ਸਿੱਖਿਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

3 ਯਿਸੂ ਨੂੰ ਬਹੁਤ ਚੰਗਾ ਲੱਗਾ ਜਦੋਂ ਮਾਰਥਾ ਤੇ ਮਰੀਅਮ ਨੇ ਉਸ ਨੂੰ ਆਪਣੇ ਘਰ ਖਾਣੇ ’ਤੇ ਬੁਲਾਇਆ। ਯਿਸੂ ਇਹ ਸਮਾਂ ਉਨ੍ਹਾਂ ਨੂੰ ਕੀਮਤੀ ਸੱਚਾਈਆਂ ਸਿਖਾਉਣ ਵਿਚ ਲਾਉਣਾ ਚਾਹੁੰਦਾ ਸੀ। ਮਰੀਅਮ ਫਟਾਫਟ ਉਸ ਕੋਲ ਜਾ ਕਿ ਬਹਿ ਗਈ ਅਤੇ ‘ਉਸ ਦੀਆਂ ਗੱਲਾਂ ਸੁਣਨ ਲੱਗ ਪਈ।’ ਉਹ ਇਸ ਮਹਾਨ ਗੁਰੂ ਤੋਂ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਸਿੱਖਣ ਦਾ ਮੌਕਾ ਹੱਥੋਂ ਨਹੀਂ ਗੁਆਉਣਾ ਚਾਹੁੰਦੀ ਸੀ। ਮਾਰਥਾ ਵੀ ਇਸ ਤਰ੍ਹਾਂ ਕਰ ਸਕਦੀ ਸੀ। ਬਿਨਾਂ ਸ਼ੱਕ ਜੇ ਮਾਰਥਾ ਆਪਣੇ ਕੰਮਾਂ ਨੂੰ ਛੱਡ ਕੇ ਉਸ ਦੀਆਂ ਗੱਲਾਂ ਪੂਰੇ ਧਿਆਨ ਨਾਲ ਸੁਣਦੀ, ਤਾਂ ਯਿਸੂ ਜ਼ਰੂਰ ਉਸ ਦੀ ਸ਼ਲਾਘਾ ਕਰਦਾ।

4 ਪਰ ਮਾਰਥਾ ਦਾ ਧਿਆਨ ਕਿਤੇ ਹੋਰ ਸੀ। ਉਹ ਯਿਸੂ ਲਈ ਖ਼ਾਸ ਰੋਟੀ-ਪਾਣੀ ਤਿਆਰ ਕਰਨ ਤੇ ਹੋਰ ਕੰਮਾਂ ਵਿਚ ਰੁੱਝੀ ਹੋਈ ਸੀ ਤਾਂਕਿ ਉਹ ਵਧੀਆ ਮਹਿਮਾਨ­ਨਿਵਾਜ਼ੀ ਦਿਖਾ ਸਕੇ। ਜਦੋਂ ਉਸ ਨੇ ਦੇਖਿਆ ਕਿ ਮਰੀਅਮ ਉਸ ਦੀ ਮਦਦ ਨਹੀਂ ਕਰ ਰਹੀ ਸੀ, ਤਾਂ ਉਸ ਨੇ ਖਿਝ ਕੇ ਯਿਸੂ ਨੂੰ ਸ਼ਿਕਾਇਤ ਕੀਤੀ। ਯਿਸੂ ਨੂੰ ਪਤਾ ਸੀ ਕਿ ਉਹ ਬਹੁਤ ਜ਼ਿਆਦਾ ਚੀਜ਼ਾਂ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਸੋ ਯਿਸੂ ਨੇ ਪਿਆਰ ਨਾਲ ਉਸ ਨੂੰ ਕਿਹਾ: “ਮਾਰਥਾ, ਮਾਰਥਾ, ਤੂੰ ਇੰਨੀਆਂ ਚੀਜ਼ਾਂ ਦੀ ਚਿੰਤਾ ਕਿਉਂ ਕਰ ਰਹੀ ਹੈਂ?” ਨਾਲੇ ਉਸ ਨੇ ਇਹ ਵੀ ਕਿਹਾ ਕਿ ਥੋੜ੍ਹੀਆਂ ਚੀਜ਼ਾਂ ਨਾਲ ਹੀ ਸਰ ਜਾਣਾ ਸੀ, ਸਗੋਂ ਇੱਕੋ ਹੀ ਬਥੇਰੀ ਸੀ। ਮਰੀਅਮ ਦਾ ਧਿਆਨ ਯਿਸੂ ਦੀਆਂ ਗੱਲਾਂ ਵੱਲ ਲੱਗਾ ਹੋਇਆ ਸੀ, ਇਸ ਲਈ ਯਿਸੂ ਨੇ ਉਸ ਦੀ ਤਾਰੀਫ਼ ਕਰਦਿਆਂ ਕਿਹਾ: “ਮਰੀਅਮ ਨੇ ਤਾਂ ਆਪਣੇ ਲਈ ਚੰਗਾ ਹਿੱਸਾ ਚੁਣਿਆ ਹੈ ਜੋ ਉਸ ਤੋਂ ਖੋਹਿਆ ਨਹੀਂ ਜਾਵੇਗਾ।” ਮਰੀਅਮ ਸ਼ਾਇਦ ਭੁੱਲ ਗਈ ਹੋਵੇ ਕਿ ਉਸ ਨੇ ਉਸ ਦਿਨ ਕੀ-ਕੀ ਖਾਧਾ ਸੀ, ਪਰ ਬਿਨਾਂ ਸ਼ੱਕ ਉਹ ਯਿਸੂ ਦੀਆਂ ਕਹੀਆਂ ਗੱਲਾਂ ਅਤੇ ਉਸ ਵੱਲੋਂ ਕੀਤੀ ਸਿਫ਼ਤ ਕਦੀ ਨਹੀਂ ਭੁੱਲੀ ਹੋਣੀ। ਕੁਝ 60 ਸਾਲਾਂ ਬਾਅਦ ਯੂਹੰਨਾ ਰਸੂਲ ਨੇ ਲਿਖਿਆ: ‘ਯਿਸੂ ਮਾਰਥਾ ਅਤੇ ਉਸ ਦੀ ਭੈਣ ਮਰੀਅਮ ਨੂੰ ਪਿਆਰ ਕਰਦਾ ਸੀ।’ (ਯੂਹੰ. 11:5) ਮਾਰਥਾ ਨੇ ਯਿਸੂ ਦੀ ਸਲਾਹ ਬਾਰੇ ਗੰਭੀਰਤਾ ਨਾਲ ਜ਼ਰੂਰ ਸੋਚਿਆ ਹੋਣਾ ਅਤੇ ਪੂਰੀ ਜ਼ਿੰਦਗੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ ਹੋਣੀ।

5. ਅੱਜ ਜ਼ਰੂਰੀ ਗੱਲਾਂ ’ਤੇ ਧਿਆਨ ਲਾਈ ਰੱਖਣਾ ਪਹਿਲਾਂ ਨਾਲੋਂ ਮੁਸ਼ਕਲ ਕਿਉਂ ਹੈ ਅਤੇ ਇਸ ਕਰਕੇ ਕਿਹੜਾ ਸਵਾਲ ਉੱਠਦਾ ਹੈ?

5 ਅਸੀਂ ਜਾਣਦੇ ਹਾਂ ਕਿ ਬਾਈਬਲ ਦੇ ਜ਼ਮਾਨੇ ਨਾਲੋਂ ਅੱਜ ਜ਼ਿਆਦਾ ਅਜਿਹੀਆਂ ਚੀਜ਼ਾਂ ਹਨ ਜੋ ਯਹੋਵਾਹ ਦੀ ਸੇਵਾ ਤੋਂ ਸਾਡਾ ਧਿਆਨ ਭਟਕਾ ਸਕਦੀਆਂ ਹਨ। 15 ਸਤੰਬਰ 1958 ਦੇ ਪਹਿਰਾਬੁਰਜ ਵਿਚ ਭੈਣਾਂ-ਭਰਾਵਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਤਕਨਾਲੋਜੀ ਨੂੰ ਯਹੋਵਾਹ ਦੀ ਸੇਵਾ ਵਿਚ ਰੋੜਾ ਨਾ ਬਣਨ ਦੇਣ। ਇੱਦਾਂ ਲੱਗਦਾ ਸੀ ਕਿ ਉਸ ਜ਼ਮਾਨੇ ਵਿਚ ਵੀ ਦਿਨ-ਬਦਿਨ ਨਵੀਆਂ ਤੋਂ ਨਵੀਆਂ ਕਾਢਾਂ ਕੱਢੀਆਂ ਜਾ ਰਹੀਆਂ ਸਨ। ਰੰਗ-ਬਰੰਗੇ ਰਸਾਲੇ, ਰੇਡੀਓ, ਫ਼ਿਲਮਾਂ ਅਤੇ ਟੀ. ਵੀ. ਤੋਂ ਇਲਾਵਾ ਹੋਰ ਵੀ ਚੀਜ਼ਾਂ ਮਸ਼ਹੂਰ ਹੋ ਚੁੱਕੀਆਂ ਸਨ। ਉਸ ਪਹਿਰਾਬੁਰਜ ਵਿਚ ਲਿਖਿਆ ਸੀ ਕਿ ਜਿੱਦਾਂ-ਜਿੱਦਾਂ ਅਸੀਂ ਅੰਤ ਦੇ ਨੇੜੇ ਜਾਵਾਂਗੇ, ਉੱਦਾਂ-ਉੱਦਾਂ “ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਵਿਚ ਵਾਧਾ ਹੁੰਦਾ ਜਾਵੇਗਾ।” ਇਹ ਗੱਲ ਬਿਲਕੁਲ ਸੱਚ ਨਿਕਲੀ। ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਇੱਦਾਂ ਦੀਆਂ ਚੀਜ਼ਾਂ ਹਨ ਜੋ ਸਾਡਾ ਧਿਆਨ ਭਟਕਾ ਸਕਦੀਆਂ ਹਨ। ਇਸ ਕਰਕੇ ਇਕ ਅਹਿਮ ਸਵਾਲ ਉੱਠਦਾ ਹੈ: ਅਸੀਂ ਮਰੀਅਮ ਵਾਂਗ ਬਣਨ ਲਈ ਕੀ ਕਰ ਸਕਦੇ ਹਾਂ ਤਾਂਕਿ ਅਸੀਂ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਤੋਂ ਬਚੇ ਰਹੀਏ ਅਤੇ ਆਪਣਾ ਧਿਆਨ ਯਹੋਵਾਹ ਦੀ ਸੇਵਾ ’ਤੇ ਲਾਈ ਰੱਖੀਏ?

ਦੁਨੀਆਂ ਨੂੰ ਪੂਰੀ ਤਰ੍ਹਾਂ ਨਾ ਵਰਤੋ

6. ਯਹੋਵਾਹ ਦੇ ਲੋਕਾਂ ਨੇ ਤਕਨਾਲੋਜੀ ਦੀ ਚੰਗੀ ਵਰਤੋ ਕਿਵੇਂ ਕੀਤੀ?

6 ਯਹੋਵਾਹ ਦੇ ਲੋਕਾਂ ਨੇ ਦੁਨੀਆਂ ਦੀ ਤਕਨਾਲੋਜੀ ਵਰਤ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਹੈ। “ਸ੍ਰਿਸ਼ਟੀ ਦੇ ਫੋਟੋ-ਡਰਾਮੇ” ਦੀ ਮਿਸਾਲ ਲਓ ਜਿਸ ਵਿਚ ਰੰਗਦਾਰ ਤਸਵੀਰਾਂ, ਛੋਟੀਆਂ-ਛੋਟੀਆਂ ਫ਼ਿਲਮਾਂ ਅਤੇ ਆਵਾਜ਼ਾਂ ਸਨ। ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਅਤੇ ਯੁੱਧ ਦੇ ਦੌਰਾਨ ਇਸ ਡਰਾਮੇ ਨੂੰ ਦੁਨੀਆਂ ਭਰ ਦੇ ਲੱਖਾਂ ਹੀ ਲੋਕਾਂ ਨੂੰ ਦਿਖਾਇਆ ਗਿਆ ਸੀ। ਇਸ ਡਰਾਮੇ ਨੇ ਲੋਕਾਂ ਨੂੰ ਦਿਲਾਸਾ ਦਿੱਤਾ ਕਿਉਂਕਿ ਇਸ ਦੇ ਅਖ਼ੀਰ ਵਿਚ ਸਮਝਾਇਆ ਗਿਆ ਸੀ ਕਿ ਯਿਸੂ ਦੇ 1,000 ਸਾਲ ਦੇ ਰਾਜ ਦੌਰਾਨ ਧਰਤੀ ਉੱਤੇ ਸ਼ਾਂਤੀ ਹੋਵੇਗੀ। ਕੁਝ ਸਾਲਾਂ ਬਾਅਦ ਯਹੋਵਾਹ ਦੇ ਲੋਕਾਂ ਨੇ ਰੇਡੀਓ ਰਾਹੀਂ ਦੁਨੀਆਂ ਭਰ ਦੇ ਲੱਖਾਂ ਹੀ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਇਆ। ਅਸੀਂ ਅੱਜ ਕੰਪਿਊਟਰ ਅਤੇ ਇੰਟਰਨੈੱਟ ਵਰਤ ਕੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਾਂ, ਇੱਥੋਂ ਤਕ ਕਿ ਦੂਰ-ਦੁਰਾਡੇ ਇਲਾਕਿਆਂ ਵਿਚ ਵੀ।

ਗ਼ੈਰ-ਜ਼ਰੂਰੀ ਚੀਜ਼ਾਂ ਨੂੰ ਯਹੋਵਾਹ ਦੀ ਸੇਵਾ ਵਿਚ ਰੋੜਾ ਨਾ ਬਣਨ ਦਿਓ (ਪੈਰਾ 7 ਦੇਖੋ)

7. (ੳ) ਦੁਨੀਆਂ ਨੂੰ ਪੂਰੀ ਤਰ੍ਹਾਂ ਵਰਤਣਾ ਖ਼ਤਰਨਾਕ ਕਿਉਂ ਹੈ? (ਅ) ਸਾਨੂੰ ਕਿਨ੍ਹਾਂ ਗੱਲਾਂ ਪ੍ਰਤੀ ਖ਼ਬਰਦਾਰ ਰਹਿਣਾ ਚਾਹੀਦਾ ਹੈ? (ਫੁਟਨੋਟ ਦੇਖੋ।)

7 ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਸਾਨੂੰ ਦੁਨੀਆਂ ਦੀ ਪੂਰੀ ਤਰ੍ਹਾਂ ਵਰਤੋ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਅਸੀਂ ਖ਼ਤਰੇ ਵਿਚ ਪੈ ਸਕਦੇ ਹਾਂ। (1 ਕੁਰਿੰਥੀਆਂ 7:29-31 ਪੜ੍ਹੋ।) ਇਕ ਮਸੀਹੀ ਸੌਖਿਆਂ ਹੀ ਉਨ੍ਹਾਂ ਕੰਮਾਂ ਵਿਚ ਆਪਣਾ ਹੱਦੋਂ ਵੱਧ ਸਮਾਂ ਬਰਬਾਦ ਕਰ ਸਕਦਾ ਹੈ ਜੋ ਕੰਮ ਆਪਣੇ ਆਪ ਵਿਚ ਗ਼ਲਤ ਨਹੀਂ ਹੁੰਦੇ। ਮਿਸਾਲ ਲਈ, ਸ਼ੌਂਕ ਪੂਰੇ ਕਰਨੇ, ਕਿਤਾਬਾਂ ਪੜ੍ਹਨੀਆਂ, ਟੀ. ਵੀ ਦੇਖਣਾ, ਘੁੰਮਣਾ-ਫਿਰਨਾ, ਖ਼ਰੀਦਾਰੀ ਕਰਨੀ ਅਤੇ ਨਵੀਆਂ-ਨਵੀਆਂ ਇਲੈਕਟ੍ਰਾਨਿਕ ਚੀਜ਼ਾਂ ਜਾਂ ਐਸ਼ੋ-ਆਰਾਮ ਦੀਆਂ ਚੀਜ਼ਾਂ ਬਾਰੇ ਜਾਣਕਾਰੀ ਇਕੱਠੀ ਕਰਨੀ। ਨਾਲੇ ਬਹੁਤ ਸਾਰੇ ਆਨ-ਲਾਈਨ ਚੈਟਿੰਗ ਕਰਨ, ਮੈਸਿਜ ਅਤੇ ਈ-ਮੇਲਾਂ ਭੇਜਣ ਅਤੇ ਲਗਾਤਾਰ ਖ਼ਬਰਾਂ ਜਾਂ ਖੇਡਾਂ ਦੇ ਨਤੀਜੇ ਦੇਖਣਾ ਪਸੰਦ ਕਰਦੇ ਹਨ। ਇਨ੍ਹਾਂ ਕੰਮਾਂ ਵਿਚ ਵੀ ਸਾਡਾ ਸਮਾਂ ਬਰਬਾਦ ਹੋ ਸਕਦਾ ਹੈ ਅਤੇ ਇੱਥੋਂ ਤਕ ਕਿ ਸਾਨੂੰ ਇਨ੍ਹਾਂ ਕੰਮਾਂ ਦੀ ਲਤ ਵੀ ਲੱਗ ਸਕਦੀ ਹੈ। * (ਉਪ. 3:1, 6) ਜੇ ਅਸੀਂ ਗ਼ੈਰ-ਜ਼ਰੂਰੀ ਕੰਮਾਂ ਵਿਚ ਜ਼ਿਆਦਾ ਸਮਾਂ ਲਾਉਂਦੇ ਹਾਂ, ਤਾਂ ਅਸੀਂ ਸ਼ਾਇਦ ਸਭ ਤੋਂ ਜ਼ਰੂਰੀ ਕੰਮ ਭੁੱਲ ਜਾਈਏ, ਉਹ ਹੈ ਯਹੋਵਾਹ ਦੀ ਭਗਤੀ ਕਰਨੀ।ਅਫ਼ਸੀਆਂ 5:15-17 ਪੜ੍ਹੋ।

8. ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਦੁਨੀਆਂ ਦੀਆਂ ਚੀਜ਼ਾਂ ਨੂੰ ਪਿਆਰ ਨਾ ਕਰੀਏ?

8 ਸ਼ੈਤਾਨ ਨੇ ਦੁਨੀਆਂ ਨੂੰ ਇੱਦਾਂ ਦਾ ਬਣਾ ਦਿੱਤਾ ਹੈ ਕਿ ਸਾਡਾ ਸਾਰਾ ਧਿਆਨ ਇਸ ਵੱਲ ਲੱਗਾ ਰਹੇ ਅਤੇ ਸਾਡਾ ਧਿਆਨ ਯਹੋਵਾਹ ਦੀ ਸੇਵਾ ਤੋਂ ਭਟਕ ਜਾਵੇ। ਸ਼ੈਤਾਨ ਨੇ ਪਹਿਲੀ ਸਦੀ ਵਿਚ ਵੀ ਇਸੇ ਤਰ੍ਹਾਂ ਕੀਤਾ ਸੀ ਤੇ ਉਹ ਅੱਜ ਵੀ ਇਸੇ ਤਰ੍ਹਾਂ ਕਰਨ ਦੀ ਹੋਰ ਵੀ ਜ਼ਿਆਦਾ ਕੋਸ਼ਿਸ਼ ਕਰ ਰਿਹਾ ਹੈ। (2 ਤਿਮੋ. 4:10) ਇਸ ਲਈ ਸਾਨੂੰ ਲਗਾਤਾਰ ਆਪਣੀ ਜਾਂਚ ਕਰਨੀ ਚਾਹੀਦੀ ਹੈ ਕਿ ਅਸੀਂ ਇਸ ਦੁਨੀਆਂ ਦੀਆਂ ਚੀਜ਼ਾਂ ਬਾਰੇ ਕੀ ਸੋਚਦੇ ਹਾਂ ਅਤੇ ਸਾਨੂੰ ਜ਼ਰੂਰੀ ਤਬਦੀਲੀਆਂ ਵੀ ਕਰਨੀਆਂ ਚਾਹੀਦੀਆਂ ਹਨ। ਬਾਈਬਲ ਸਾਨੂੰ ਕਹਿੰਦੀ ਕਿ ਸਾਨੂੰ “ਦੁਨੀਆਂ ਦੀਆਂ ਚੀਜ਼ਾਂ ਨੂੰ ਪਿਆਰ” ਕਰਨ ਦੀ ਬਜਾਇ ਯਹੋਵਾਹ ਨਾਲ ਆਪਣਾ ਪਿਆਰ ਮਜ਼ਬੂਤ ਕਰਨਾ ਚਾਹੀਦਾ ਹੈ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਸਾਡੇ ਲਈ ਯਹੋਵਾਹ ਦੇ ਕਹਿਣੇ ਵਿਚ ਰਹਿਣਾ ਸੌਖਾ ਹੋਵੇਗਾ ਅਤੇ ਅਸੀਂ ਹਮੇਸ਼ਾ ਉਸ ਦੀ ਛਤਰ-ਛਾਇਆ ਹੇਠ ਰਹਾਂਗੇ।1 ਯੂਹੰ. 2:15-17.

ਜ਼ਰੂਰੀ ਗੱਲਾਂ ਤੋਂ ਆਪਣਾ ਧਿਆਨ ਭਟਕਣ ਨਾ ਦਿਓ

9. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀਆਂ ਗੱਲਾਂ ਉੱਤੇ ਧਿਆਨ ਲਾਈ ਰੱਖਣ ਲਈ ਕਿਹਾ ਅਤੇ ਉਸ ਨੇ ਇਸ ਮਾਮਲੇ ਵਿਚ ਖ਼ੁਦ ਵਧੀਆ ਮਿਸਾਲ ਕਿਵੇਂ ਰੱਖੀ?

9 ਜਿਸ ਤਰ੍ਹਾਂ ਯਿਸੂ ਨੇ ਪਿਆਰ ਨਾਲ ਮਾਰਥਾ ਨੂੰ ਸਲਾਹ ਦਿੱਤੀ ਸੀ ਕਿ ਉਹ ਬਹੁਤੀਆਂ ਚੀਜ਼ਾਂ ਕਰਕੇ ਆਪਣਾ ਧਿਆਨ ਭਟਕਣ ਨਾ ਦੇਵੇ, ਉਸੇ ਤਰ੍ਹਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਵੀ ਇਹੀ ਸਲਾਹ ਦਿੰਦੇ ਹੋਏ ਇਕ ਜ਼ਰੂਰੀ ਸਬਕ ਸਿਖਾਇਆ। ਉਸ ਨੇ ਉਨ੍ਹਾਂ ਨੂੰ ਆਪਣਾ ਧਿਆਨ ਯਹੋਵਾਹ ਦੀ ਸੇਵਾ ਅਤੇ ਉਸ ਦੇ ਰਾਜ ’ਤੇ ਲਾਈ ਰੱਖਣ ਦੀ ਹੱਲਾਸ਼ੇਰੀ ਦਿੱਤੀ। (ਮੱਤੀ 6:22, 33 ਪੜ੍ਹੋ।) ਯਿਸੂ ਨੇ ਖ਼ੁਦ ਇਸ ਮਾਮਲੇ ਵਿਚ ਵਧੀਆ ਮਿਸਾਲ ਰੱਖੀ। ਉਸ ਕੋਲ ਨਾ ਤਾਂ ਜ਼ਿਆਦਾ ਚੀਜ਼ਾਂ ਸਨ ਤੇ ਨਾ ਹੀ ਉਸ ਕੋਲ ਆਪਣਾ ਘਰ ਜਾਂ ਜ਼ਮੀਨ-ਜਾਇਦਾਦ ਸੀ।ਲੂਕਾ 9:58; 19:33-35.

10. ਯਿਸੂ ਨੇ ਸਾਡੇ ਲਈ ਕਿਹੜੀ ਵਧੀਆ ਮਿਸਾਲ ਰੱਖੀ?

10 ਯਿਸੂ ਨੇ ਕਿਸੇ ਵੀ ਚੀਜ਼ ਕਰਕੇ ਆਪਣਾ ਧਿਆਨ ਪ੍ਰਚਾਰ ਦੇ ਕੰਮ ਤੋਂ ਭਟਕਣ ਨਹੀਂ ਦਿੱਤਾ। ਮਿਸਾਲ ਲਈ, ਯਿਸੂ ਨੂੰ ਪ੍ਰਚਾਰ ਦਾ ਕੰਮ ਸ਼ੁਰੂ ਕੀਤਿਆਂ ਥੋੜ੍ਹਾ ਹੀ ਚਿਰ ਹੋਇਆ ਸੀ ਅਤੇ ਕਫ਼ਰਨਾਹੂਮ ਦੇ ਲੋਕਾਂ ਨੇ ਉਸ ਨੂੰ ਆਪਣੇ ਸ਼ਹਿਰ ਵਿਚ ਥੋੜ੍ਹਾ ਹੋਰ ਸਮਾਂ ਰੁਕਣ ਲਈ ਕਿਹਾ। ਪਰ ਉਸ ਨੇ ਕੀ ਕੀਤਾ? ਉਸ ਨੇ ਆਪਣਾ ਧਿਆਨ ਆਪਣੀ ਸੇਵ­ਕਾਈ ਉੱਤੇ ਲਾਈ ਰੱਖਿਆ। ਉਸ ਨੇ ਕਿਹਾ: “ਇਹ ਜ਼ਰੂਰੀ ਹੈ ਕਿ ਮੈਂ ਹੋਰਨਾਂ ਸ਼ਹਿਰਾਂ ਵਿਚ ਵੀ ਜਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ, ਕਿਉਂਕਿ ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ।” (ਲੂਕਾ 4:42-44) ਯਿਸੂ ਨੇ ਦੂਰ-ਦੂਰ ਜਾ ਕੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਤਾਂਕਿ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਿਖਾ ਸਕੇ। ਮੁਕੰਮਲ ਹੋਣ ਦੇ ਬਾਵਜੂਦ ਯਿਸੂ ਨੂੰ ਆਰਾਮ ਦੀ ਲੋੜ ਸੀ ਕਿਉਂਕਿ ਉਹ ਵੀ ਸਖ਼ਤ ਮਿਹਨਤ ਕਰ ਕੇ ਥੱਕ ਜਾਂਦਾ ਸੀ।ਲੂਕਾ 8:23; ਯੂਹੰ. 4:6.

11. ਯਿਸੂ ਨੇ ਉਸ ਆਦਮੀ ਨੂੰ ਕੀ ਕਿਹਾ ਜਿਸ ਦਾ ਆਪਣੇ ਭਰਾ ਨਾਲ ਝਗੜਾ ਸੀ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਕਿਹੜਾ ਸਬਕ ਸਿਖਾਇਆ?

11 ਕੁਝ ਸਮੇਂ ਬਾਅਦ ਜਦੋਂ ਯਿਸੂ ਆਪਣੇ ਚੇਲਿਆਂ ਨੂੰ ਇਕ ਅਹਿਮ ਸਬਕ ਸਿਖਾ ਰਿਹਾ ਸੀ, ਤਾਂ ਇਕ ਆਦਮੀ ਨੇ ਵਿੱਚੋਂ ਹੀ ਟੋਕ ਕੇ ਕਿਹਾ: “ਗੁਰੂ ਜੀ, ਮੇਰੇ ਭਰਾ ਨੂੰ ਕਹਿ ਕਿ ਸਾਡੇ ਪਿਤਾ ਨੇ ਜੋ ਜਾਇਦਾਦ ਛੱਡੀ ਹੈ, ਉਹ ਮੇਰੇ ਨਾਲ ਵੰਡ ਲਵੇ।” ਪਰ ਯਿਸੂ ਨੇ ਉਸ ਦੇ ਮਾਮਲੇ ਵਿਚ ਦਖ਼ਲ ਨਹੀਂ ਦਿੱਤਾ। ਯਿਸੂ ਨੇ ਕਿਹਾ: “ਕਿਸ ਨੇ ਮੈਨੂੰ ਤੁਹਾਡਾ ਨਿਆਂਕਾਰ ਜਾਂ ਜਾਇਦਾਦ ਵੰਡਣ ਵਾਲਾ ਨਿਯੁਕਤ ਕੀਤਾ ਹੈ?” ਯਿਸੂ ਨੇ ਆਪਣਾ ਧਿਆਨ ਚੇਲਿਆਂ ਨੂੰ ਸਿਖਾਉਣ ’ਤੇ ਲਾਈ ਰੱਖਿਆ। ਦਰਅਸਲ ਉਸ ਨੇ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਨੂੰ ਦੱਸਿਆ ਕਿ ਜੇ ਉਹ ਆਪਣਾ ਧਿਆਨ ਬਹੁਤੀਆਂ ਚੀਜ਼ਾਂ ’ਤੇ ਲਾਉਣ, ਤਾਂ ਉਨ੍ਹਾਂ ਦਾ ਧਿਆਨ ਪਰਮੇਸ਼ੁਰ ਦੀ ਸੇਵਾ ਤੋਂ ਭਟਕ ਸਕਦਾ ਸੀ।ਲੂਕਾ 12:13-15.

12, 13. (ੳ) ਯਿਸੂ ਦੀ ਮੌਤ ਤੋਂ ਥੋੜ੍ਹੇ ਦਿਨ ਪਹਿਲਾਂ ਕਿਸ ਗੱਲ ਕਰਕੇ ਕੁਝ ਯੂਨਾਨੀ ਲੋਕ ਦੰਗ ਰਹਿ ਗਏ? (ਅ) ਜਦੋਂ ਫ਼ਿਲਿੱਪੁਸ ਨੇ ਯਿਸੂ ਨੂੰ ਕਿਹਾ ਕਿ ਯੂਨਾਨੀ ਲੋਕ ਉਸ ਨੂੰ ਮਿਲਣਾ ਚਾਹੁੰਦੇ ਸਨ, ਤਾਂ ਯਿਸੂ ਨੇ ਕੀ ਕਿਹਾ?

12 ਧਰਤੀ ’ਤੇ ਆਖ਼ਰੀ ਕੁਝ ਦਿਨਾਂ ਦੌਰਾਨ ਯਿਸੂ ਬਹੁਤ ਪਰੇਸ਼ਾਨ ਸੀ। (ਮੱਤੀ 26:38; ਯੂਹੰ. 12:27) ਉਸ ਨੂੰ ਪਤਾ ਸੀ ਕਿ ਉਸ ਨੂੰ ਬਹੁਤ ਸਤਾਇਆ ਜਾਣਾ ਸੀ ਤੇ ਅਖ਼ੀਰ ਵਿਚ ਮੌਤ ਦੇ ਘਾਟ ਉਤਾਰਿਆ ਜਾਣਾ ਸੀ। ਉਸ ਨੂੰ ਇਹ ਵੀ ਪਤਾ ਸੀ ਕਿ ਮੌਤ ਤੋਂ ਪਹਿਲਾਂ ਉਸ ਨੇ ਬਹੁਤ ਸਾਰਾ ਕੰਮ ਕਰਨਾ ਸੀ। ਮਿਸਾਲ ਲਈ, ਐਤਵਾਰ 9 ਨੀਸਾਨ ਨੂੰ ਯਿਸੂ ਗਧੇ ਦੇ ਬੱਚੇ ਉੱਤੇ ਬੈਠ ਕੇ ਯਰੂਸ਼ਲਮ ਆਇਆ। ਭੀੜਾਂ ਉੱਚੀ-ਉੱਚੀ ਕਹਿਣ ਲੱਗੀਆਂ: “ਧੰਨ ਹੈ ਇਹ ਜਿਹੜਾ ਯਹੋਵਾਹ ਦੇ ਨਾਂ ’ਤੇ ਰਾਜੇ ਵਜੋਂ ਆ ਰਿਹਾ ਹੈ!” (ਲੂਕਾ 19:38) ਅਗਲੇ ਦਿਨ ਯਿਸੂ ਮੰਦਰ ਵਿਚ ਗਿਆ ਤੇ ਲਾਲਚੀ ਵਪਾਰੀਆਂ ਨੂੰ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਕਿਉਂਕਿ ਉਹ ਚੀਜ਼ਾਂ ਨੂੰ ਜ਼ਿਆਦਾ ਭਾਅ ’ਤੇ ਵੇਚ ਕੇ ਆਪਣੇ ਹੀ ਯਹੂਦੀ ਭਰਾਵਾਂ ਨੂੰ ਲੁੱਟ ਰਹੇ ਸਨ।ਲੂਕਾ 19:45, 46.

13 ਇਨ੍ਹਾਂ ਭੀੜਾਂ ਵਿਚ ਕੁਝ ਯੂਨਾਨੀ ਲੋਕ ਵੀ ਸਨ ਜੋ ਯਰੂਸ਼ਲਮ ਵਿਚ ਪਸਾਹ ਦਾ ਤਿਉਹਾਰ ਮਨਾਉਣ ਆਏ ਹੋਏ ਸਨ। ਇਹ ਯਿਸੂ ਦੇ ਵੱਡੇ-ਵੱਡੇ ਕੰਮ ਦੇਖ ਕੇ ਦੰਗ ਰਹਿ ਗਏ। ਇਨ੍ਹਾਂ ਨੇ ਰਸੂਲ ਫ਼ਿਲਿੱਪੁਸ ਨੂੰ ਕਿਹਾ ਕਿ ਉਹ ਯਿਸੂ ਨੂੰ ਮਿਲਣਾ ਚਾਹੁੰਦੇ ਸਨ। ਪਰ ਯਿਸੂ ਨੇ ਆਪਣੇ ਦੁਸ਼ਮਣਾਂ ਤੋਂ ਬਚਣ ਲਈ ਲੋਕਾਂ ਦਾ ਸਮਰਥਨ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਜਾਣਦਾ ਸੀ ਕਿ ਉਸ ਲਈ ਸਭ ਤੋਂ ਜ਼ਰੂਰੀ ਕੀ ਸੀ। ਉਸ ਨੇ ਆਪਣਾ ਧਿਆਨ ਯਹੋਵਾਹ ਦੀ ਮਰਜ਼ੀ ਨੂੰ ਪੂਰਾ ਕਰਨ ’ਤੇ ਲਾਇਆ ਯਾਨੀ ਆਪਣੀ ਜਾਨ ਕੁਰਬਾਨ ਕਰਨ ’ਤੇ। ਸੋ ਉਸ ਨੇ ਆਪਣੇ ਚੇਲਿਆਂ ਨੂੰ ਯਾਦ ਕਰਾਇਆ ਕਿ ਉਹ ਜਲਦੀ ਹੀ ਮਰਨ ਵਾਲਾ ਸੀ ਤੇ ਜਿਹੜੇ ਵੀ ਉਸ ਦੇ ਪਿੱਛੇ ਆਉਣਾ ਚਾਹੁੰਦੇ ਸਨ, ਉਨ੍ਹਾਂ ਨੂੰ ਵੀ ਆਪਣੀ ਜਾਨ ਦੇਣ ਲਈ ਤਿਆਰ ਰਹਿਣਾ ਚਾਹੀਦਾ ਸੀ। ਉਸ ਨੇ ਕਿਹਾ: “ਜਿਹੜਾ ਆਪਣੀ ਜਾਨ ਨਾਲ ਪਿਆਰ ਕਰਦਾ ਹੈ, ਉਹ ਇਸ ਨੂੰ ਗੁਆ ਬੈਠੇਗਾ, ਪਰ ਜਿਹੜਾ ਇਸ ਦੁਨੀਆਂ ਵਿਚ ਆਪਣੀ ਜਾਨ ਨਾਲ ਨਫ਼ਰਤ ਕਰਦਾ ਹੈ, ਉਹ ਇਸ ਨੂੰ ਬਚਾਵੇਗਾ ਅਤੇ ਹਮੇਸ਼ਾ ਦੀ ਜ਼ਿੰਦਗੀ ਪਾਵੇਗਾ।” ਪਰ ਉਸ ਨੇ ਇਹ ਵੀ ਵਾਅਦਾ ਕੀਤਾ ਕਿ “ਪਿਤਾ ਮੇਰੀ ਸੇਵਾ ਕਰਨ ਵਾਲੇ ਨੂੰ ਬਰਕਤਾਂ” ਦੇ ਨਾਲ-ਨਾਲ ਹਮੇਸ਼ਾ ਦੀ ਜ਼ਿੰਦਗੀ ਵੀ ਦੇਵੇਗਾ। ਬਿਨਾਂ ਸ਼ੱਕ ਫ਼ਿਲਿੱਪੁਸ ਨੇ ਯਿਸੂ ਦੀਆਂ ਇਹ ਵਧੀਆ ਗੱਲਾਂ ਇਨ੍ਹਾਂ ਯੂਨਾਨੀ ਲੋਕਾਂ ਨੂੰ ਦੱਸੀਆਂ ਹੋਣੀਆਂ।ਯੂਹੰ. 12:20-26.

14. ਭਾਵੇਂ ਯਿਸੂ ਦੀ ਜ਼ਿੰਦਗੀ ਵਿਚ ਪ੍ਰਚਾਰ ਕਰਨਾ ਸਭ ਤੋਂ ਜ਼ਰੂਰੀ ਕੰਮ ਸੀ, ਫਿਰ ਵੀ ਉਸ ਨੇ ਕਿਹੜੇ ਕੰਮਾਂ ਲਈ ਸਮਾਂ ਕੱਢਿਆ?

14 ਭਾਵੇਂ ਯਿਸੂ ਨੇ ਆਪਣਾ ਪੂਰਾ ਧਿਆਨ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ’ਤੇ ਲਾਇਆ ਸੀ, ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਉਹ ਸੰਨਿਆਸੀ ਸੀ। ਮਿਸਾਲ ਲਈ, ਉਹ ਇਕ ਵਿਆਹ ’ਤੇ ਗਿਆ ਜਿੱਥੇ ਉਸ ਨੇ ਪਾਣੀ ਨੂੰ ਵਧੀਆ ਦਾਖਰਸ ਵਿਚ ਬਦਲ ਕੇ ਉਨ੍ਹਾਂ ਦੀ ਖ਼ੁਸ਼ੀ ਨੂੰ ਚਾਰ ਚੰਨ ਲਾ ਦਿੱਤੇ। (ਯੂਹੰ. 2:2, 6-10) ਨਾਲੇ ਉਸ ਨੇ ਆਪਣੇ ਦੋਸਤਾਂ ਤੇ ਉਨ੍ਹਾਂ ਲੋਕਾਂ ਦੇ ਘਰਾਂ ਵਿਚ ਵੀ ਖਾਣਾ ਖਾਧਾ ਜੋ ਖ਼ੁਸ਼ ਖ਼ਬਰੀ ਸੁਣਨ ਵਿਚ ਰੁਚੀ ਰੱਖਦੇ ਸਨ। (ਲੂਕਾ 5:29; ਯੂਹੰ. 12:2) ਪਰ ਇਸ ਤੋਂ ਵੀ ਜ਼ਰੂਰੀ ਗੱਲ ਸੀ ਕਿ ਯਿਸੂ ਨੇ ਆਰਾਮ ਕਰਨ, ਇਕੱਲਿਆਂ ਸੋਚ-ਵਿਚਾਰ ਕਰਨ ਅਤੇ ਪ੍ਰਾਰਥਨਾ ਕਰਨ ਲਈ ਵੀ ਸਮਾਂ ਕੱਢਿਆ।ਮੱਤੀ 14:23; ਮਰ. 1:35; 6:31, 32.

‘ਹਰ ਬੋਝ ਨੂੰ ਲਾਹ ਕੇ ਸੁੱਟ ਦਿਓ’

15. ਪੌਲੁਸ ਨੇ ਮਸੀਹੀਆਂ ਨੂੰ ਕੀ ਕਰਨ ਲਈ ਕਿਹਾ ਅਤੇ ਉਸ ਨੇ ਇਸ ਮਾਮਲੇ ਵਿਚ ਵਧੀਆ ਮਿਸਾਲ ਕਿਵੇਂ ਰੱਖੀ?

15 ਪੌਲੁਸ ਨੇ ਕਿਹਾ ਕਿ ਮਸੀਹੀ ਦੌੜਾਕ ਵਾਂਗ ਹਨ ਜੋ ਇਕ ਲੰਬੀ ਦੌੜ ਵਿਚ ਦੌੜ ਰਹੇ ਹਨ। ਇਸ ਦੌੜ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ ਕਿ ਮਸੀਹੀ ਹਰ ਬੋਝ ਨੂੰ ਲਾਹ ਸੁੱਟਣ। ਇਹ ਬੋਝ ਉਨ੍ਹਾਂ ਨੂੰ ਇਸ ਦੌੜ ਵਿਚ ਜਾਂ ਤਾਂ ਹੌਲੀ ਕਰ ਸਕਦਾ ਹੈ ਜਾਂ ਰੋਕ ਸਕਦਾ ਹੈ। (ਇਬਰਾਨੀਆਂ 12:1 ਪੜ੍ਹੋ।) ਪੌਲੁਸ ਨੇ ਖ਼ੁਦ ਇਸ ਮਾਮਲੇ ਵਿਚ ਵਧੀਆ ਮਿਸਾਲ ਰੱਖੀ। ਉਹ ਅਮੀਰ ਬਣ ਸਕਦਾ ਸੀ ਤੇ ਯਹੂਦੀ ਧਾਰਮਿਕ ਆਗੂ ਵਜੋਂ ਮਸ਼ਹੂਰ ਹੋ ਸਕਦਾ ਸੀ। ਪਰ ਉਸ ਨੇ ਇੱਦਾਂ ਨਹੀਂ ਕੀਤਾ, ਸਗੋਂ “ਜ਼ਿਆਦਾ ਜ਼ਰੂਰੀ ਗੱਲਾਂ” ’ਤੇ ਧਿਆਨ ਲਾਇਆ। ਉਸ ਨੇ ਪ੍ਰਚਾਰ ਦੇ ਕੰਮ ਵਿਚ ਸਖ਼ਤ ਮਿਹਨਤ ਕੀਤੀ ਅਤੇ ਉਹ ਬਹੁਤ ਸਾਰੇ ਦੇਸ਼ਾਂ ਵਿਚ ਗਿਆ ਜਿਵੇਂ ਕਿ ਸੀਰੀਆ, ਏਸ਼ੀਆ ਮਾਈਨਰ, ਮਕਦੂਨਿਯਾ ਅਤੇ ਯਹੂਦੀਆ। ਪੌਲੁਸ ਨੇ ਸਵਰਗ ਵਿਚ ਹਮੇਸ਼ਾ ਰਹਿਣ ਦੇ ਆਪਣੇ ਇਨਾਮ ਨੂੰ ਪਾਉਣ ਦੀ ਬੇਸਬਰੀ ਨਾਲ ਉਡੀਕ ਕੀਤੀ। ਉਸ ਨੇ ਕਿਹਾ: ‘ਮੈਂ ਪਿੱਛੇ ਛੱਡੀਆਂ ਗੱਲਾਂ ਨੂੰ ਭੁੱਲ ਕੇ ਉਨ੍ਹਾਂ ਗੱਲਾਂ ਵੱਲ ਵਧ ਰਿਹਾ ਹਾਂ ਜਿਹੜੀਆਂ ਮੇਰੇ ਅੱਗੇ ਹਨ, ਮੈਂ ਸਵਰਗੀ ਸੱਦੇ ਦਾ ਇਨਾਮ ਹਾਸਲ ਕਰਨ ਲਈ ਅੱਗੇ ਵਧ ਰਿਹਾ ਹਾਂ।’ (ਫ਼ਿਲਿ. 1:10; 3:8, 13, 14) ਪੌਲੁਸ ਕੁਆਰਾ ਸੀ, ਇਸ ਲਈ ਉਹ “ਹਮੇਸ਼ਾ ਪੂਰਾ ਧਿਆਨ ਲਾ ਕੇ ਲਗਨ ਨਾਲ ਪ੍ਰਭੂ ਦੀ ਸੇਵਾ ਕਰ” ਸਕਿਆ।1 ਕੁਰਿੰ. 7:32-35.

16, 17. ਭਾਵੇਂ ਅਸੀਂ ਵਿਆਹੇ ਹਾਂ ਜਾ ਕੁਆਰੇ ਅਸੀਂ ਪੌਲੁਸ ਦੀ ਮਿਸਾਲ ’ਤੇ ਕਿਵੇਂ ਚੱਲ ਸਕਦੇ ਹਨ? ਮਾਰਕ ਤੇ ਕਲੇਰ ਨੇ ਇੱਦਾਂ ਕਿਵੇਂ ਕੀਤਾ?

16 ਅੱਜ ਪੌਲੁਸ ਵਾਂਗ ਕੁਝ ਯਹੋਵਾਹ ਦੇ ਸੇਵਕ ਕੁਆਰੇ ਰਹਿਣ ਦਾ ਫ਼ੈਸਲਾ ਕਰਦੇ ਹਨ ਤਾਂਕਿ ਉਹ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰ ਸਕਣ। (ਮੱਤੀ 19:11, 12) ਵਿਆਹੇ ਲੋਕਾਂ ਨਾਲੋਂ ਕੁਆਰੇ ਲੋਕਾਂ ਕੋਲ ਘੱਟ ਪਰਿਵਾਰਕ ਜ਼ਿੰਮੇਵਾਰੀਆਂ ਹੁੰਦੀਆਂ ਹਨ। ਪਰ ਚਾਹੇ ਵਿਆਹੇ ਹੋਣ ਜਾਂ ਕੁਆਰੇ ਸਾਨੂੰ ਸਾਰਿਆਂ ਨੂੰ ਉਹ ‘ਹਰ ਬੋਝ ਆਪਣੇ ਉੱਪਰੋਂ ਲਾਹ ਕੇ ਸੁੱਟ’ ਦੇਣਾ ਚਾਹੀਦਾ ਹੈ ਜੋ ਯਹੋਵਾਹ ਦੀ ਸੇਵਾ ਵਿਚ ਸਾਡਾ ਧਿਆਨ ਭਟਕਾ ਸਕਦਾ ਹੈ। ਯਹੋਵਾਹ ਦੀ ਸੇਵਾ ਵਿਚ ਹੋਰ ਸਮਾਂ ਲਾਉਣ ਲਈ ਸਾਨੂੰ ਸ਼ਾਇਦ ਆਪਣੀਆਂ ਕੁਝ ਆਦਤਾਂ ਬਦਲਣੀਆਂ ਪੈਣ ਜਿਨ੍ਹਾਂ ਨਾਲ ਸਾਡਾ ਸਮਾਂ ਬਰਬਾਦ ਹੁੰਦਾ ਹੈ।

17 ਮਿਸਾਲ ਲਈ, ਮਾਰਕ ਅਤੇ ਕਲੇਰ ਦੀ ਪਰਵਰਿਸ਼ ਵੇਲਜ਼ ਨਾਂ ਦੇ ਦੇਸ਼ ਵਿਚ ਹੋਈ ਸੀ ਅਤੇ ਉਨ੍ਹਾਂ ਨੇ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਤੁਰੰਤ ਬਾਅਦ ਪਾਇਨੀਅਰਿੰਗ ਸ਼ੁਰੂ ਕਰ ਦਿੱਤੀ। ਵਿਆਹ ਹੋਣ ਤੋਂ ਬਾਅਦ ਵੀ ਇਨ੍ਹਾਂ ਨੇ ਪਾਇਨੀਅਰਿੰਗ ਕਰਨੀ ਨਹੀਂ ਛੱਡੀ। ਪਰ ਉਹ ਹੋਰ ਵੀ ਜ਼ਿਆਦਾ ਸੇਵਾ ਕਰਨੀ ਚਾਹੁੰਦੇ ਸਨ। ਮਾਰਕ ਦੱਸਦਾ ਹੈ: “ਆਪਣੀਆਂ ਜ਼ਿੰਦਗੀਆਂ ਨੂੰ ਹੋਰ ਵੀ ਸਾਦਾ ਕਰਨ ਲਈ ਉਨ੍ਹਾਂ ਨੇ ਆਪਣਾ ਤਿੰਨ ਕਮਰਿਆਂ ਵਾਲਾ ਮਕਾਨ ਵੇਚਣ ਦੇ ਨਾਲ-ਨਾਲ ਥੋੜ੍ਹੇ ਘੰਟਿਆਂ ਵਾਲਾ ਕੰਮ ਵੀ ਛੱਡ ਦਿੱਤਾ। ਇਸ ਤਰ੍ਹਾਂ ਕਰਨ ਕਰਕੇ ਅਸੀਂ ਹੋਰ ਦੇਸ਼ਾਂ ਵਿਚ ਜਾ ਕੇ ਉਸਾਰੀ ਦੇ ਕੰਮ ਵਿਚ ਹੱਥ ਵਟਾ ਸਕੇ।” ਪਿਛਲੇ 20 ਸਾਲਾਂ ਤੋਂ ਇਨ੍ਹਾਂ ਨੇ ਅਫ਼ਰੀਕਾ ਦੇ ਬਹੁਤ ਸਾਰੇ ਦੇਸ਼ਾਂ ਵਿਚ ਜਾ ਕੇ ਕਿੰਗਡਮ ਹਾਲ ਬਣਾਉਣ ਵਿਚ ਮਦਦ ਕੀਤੀ। ਉਨ੍ਹਾਂ ਨੇ ਇੱਦਾਂ ਦੇ ਵੀ ਦਿਨ ਦੇਖੇ ਜਦੋਂ ਉਨ੍ਹਾਂ ਕੋਲੋਂ ਬਹੁਤ ਥੋੜ੍ਹੇ ਪੈਸੇ ਸੀ, ਪਰ ਯਹੋਵਾਹ ਨੇ ਹਮੇਸ਼ਾ ਉਨ੍ਹਾਂ ਦੀ ਦੇਖ-ਭਾਲ ਕੀਤੀ। ਕਲੇਰ ਕਹਿੰਦੀ ਹੈ: “ਅਸੀਂ ਬਹੁਤ ਖ਼ੁਸ਼ ਹਾਂ ਕਿ ਅਸੀਂ ਹਰ ਦਿਨ ਯਹੋਵਾਹ ਦੀ ਸੇਵਾ ਵਿਚ ਲਾਉਂਦੇ ਹਾਂ। ਅਸੀਂ ਬਹੁਤ ਸਾਰੇ ਦੋਸਤ ਬਣਾਏ ਅਤੇ ਸਾਡੇ ਕੋਲ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ। ਸਾਨੂੰ ਯਹੋਵਾਹ ਦੀ ਪੂਰੇ ਸਮੇਂ ਦੀ ਸੇਵਾ ਕਰਦਿਆਂ ਜੋ ਖ਼ੁਸ਼ੀ ਮਿਲਦੀ ਹੈ ਉਸ ਸਾਮ੍ਹਣੇ ਸਾਡੇ ਵੱਲੋਂ ਕੀਤੀਆਂ ਕੁਰਬਾਨੀਆਂ ਕੁਝ ਵੀ ਨਹੀਂ ਹਨ।” ਪੂਰੇ ਸਮੇਂ ਦੀ ਸੇਵਾ ਕਰਨ ਵਾਲੇ ਬਹੁਤ ਸਾਰੇ ਸੇਵਕ ਇੱਦਾਂ ਹੀ ­ਮਹਿਸੂਸ ਕਰਦੇ ਹਨ। *

18. ਤੁਹਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣ ਦੀ ਲੋੜ ਹੈ?

18 ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਯਹੋਵਾਹ ਦੀ ਸੇਵਾ ਹੋਰ ਵੀ ਵਧ ਚੜ੍ਹ ਕੇ ਕਰ ਸਕਦੇ ਹੋ? ਕੀ ਇੱਦਾਂ ਦੀਆਂ ਕੁਝ ਚੀਜ਼ਾਂ ਹਨ ਜੋ ਤੁਹਾਡਾ ਧਿਆਨ ਜ਼ਰੂਰੀ ਗੱਲਾਂ ਤੋਂ ਹਟਾ ਰਹੀਆਂ ਹਨ? ਜੇ ਹਾਂ, ਤਾਂ ਤੁਸੀਂ ਕੀ ਕਰ ਸਕਦੇ ਹੋ? ਸ਼ਾਇਦ ਤੁਹਾਨੂੰ ਬਾਈਬਲ ਪੜ੍ਹਨ ਤੇ ਸਟੱਡੀ ਕਰਨ ਦੇ ਆਪਣੇ ਤਰੀਕੇ ਵਿਚ ਸੁਧਾਰ ਕਰਨ ਦੀ ਲੋੜ ਹੋਵੇ। ਅਗਲੇ ਲੇਖ ਵਿਚ ਸਮਝਾਇਆ ਜਾਵੇਗਾ ਕਿ ਤੁਸੀਂ ਇੱਦਾਂ ਕਿਵੇਂ ਕਰ ਸਕਦੇ ਹੋ।

^ ਪੈਰਾ 17ਸਹੀ ਕੰਮ ਕਰਨ ਦਾ ਹੌਸਲਾ ਰੱਖਣਾ” ਨਾਂ ਦੇ ਲੇਖ ਵਿਚ ਹੇਡਨ ਅਤੇ ਮੈਲੋਡੀ ਸੈਂਡਰਸਨ ਦੀ ਜੀਵਨੀ ਵੀ ਦੇਖੋ। (1 ਮਾਰਚ 2006 ਦਾ ਪਹਿਰਾਬੁਰਜ) ਆਸਟ੍ਰੇਲੀਆ ਵਿਚ ਉਨ੍ਹਾਂ ਦਾ ਕਾਰੋਬਾਰ ਬਹੁਤ ਵਧੀਆ ਸੀ, ਪਰ ਉਨ੍ਹਾਂ ਨੇ ਪੂਰੇ ਸਮੇਂ ਦੀ ਸੇਵਾ ਕਰਨ ਲਈ ਆਪਣਾ ਸਭ ਕੁਝ ਛੱਡ ਦਿੱਤਾ। ਪੜ੍ਹੋ ਉਦੋਂ ਕੀ ਹੋਇਆ, ਜਦੋਂ ਭਾਰਤ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰਦਿਆਂ ਉਨ੍ਹਾਂ ਕੋਲ ਪੈਸੇ ਖ਼ਤਮ ਹੋ ਗਏ ਸਨ।