‘ਉਨ੍ਹਾਂ ਵਰਗੇ ਭਰਾਵਾਂ ਦੀ ਕਦਰ ਕਰਦੇ ਰਹੋ’
1992 ਤੋਂ ਪ੍ਰਬੰਧਕ ਸਭਾ ਨੇ ਤਜਰਬੇਕਾਰ ਤੇ ਸਮਝਦਾਰ ਬਜ਼ੁਰਗਾਂ ਨੂੰ ਨਿਯੁਕਤ ਕਰਨਾ ਸ਼ੁਰੂ ਕੀਤਾ ਤਾਂਕਿ ਇਹ ਭਰਾ ਪ੍ਰਬੰਧਕ ਸਭਾ ਦੀਆਂ ਕਮੇਟੀਆਂ ਦੇ ਕੰਮਾਂ ਵਿਚ ਹੱਥ ਵਟਾ ਸਕਣ। * ਇਹ ਸਹਾਇਕ “ਹੋਰ ਭੇਡਾਂ” ਵਿੱਚੋਂ ਹਨ ਜੋ ਪ੍ਰਬੰਧਕ ਸਭਾ ਦਾ ਬਹੁਤ ਸਾਥ ਦਿੰਦੇ ਹਨ। (ਯੂਹੰ. 10:16) ਇਹ ਸਹਾਇਕ ਪ੍ਰਬੰਧਕ ਸਭਾ ਦੀਆਂ ਅਲੱਗ-ਅਲੱਗ ਕਮੇਟੀਆਂ ਦੇ ਮੈਂਬਰ ਹਨ ਅਤੇ ਇਹ ਹਰ ਹਫ਼ਤੇ ਆਪਣੀਆਂ-ਆਪਣੀਆਂ ਕਮੇਟੀਆਂ ਦੀਆਂ ਮੀਟਿੰਗਾਂ ਵਿਚ ਹਾਜ਼ਰ ਹੁੰਦੇ ਹਨ। ਇਨ੍ਹਾਂ ਮੀਟਿੰਗਾਂ ਵਿਚ ਉਹ ਜ਼ਰੂਰੀ ਜਾਣਕਾਰੀ ਅਤੇ ਸੁਝਾਅ ਦਿੰਦੇ ਹਨ, ਪਰ ਆਖ਼ਰੀ ਫ਼ੈਸਲੇ ਪ੍ਰਬੰਧਕ ਸਭਾ ਦੇ ਭਰਾ ਹੀ ਕਰਦੇ ਹਨ। ਫਿਰ ਇਹ ਸਹਾਇਕ ਉਨ੍ਹਾਂ ਫ਼ੈਸਲਿਆਂ ਨੂੰ ਲਾਗੂ ਕਰਨ ਵਿਚ ਮਦਦ ਕਰਦੇ ਹਨ ਜੋ ਪ੍ਰਬੰਧਕ ਸਭਾ ਵੱਲੋਂ ਲਏ ਜਾਂਦੇ ਹਨ। ਇਨ੍ਹਾਂ ਸਹਾਇਕਾਂ ਨੂੰ ਜੋ ਵੀ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ ਉਹ ਉਨ੍ਹਾਂ ਨੂੰ ਖ਼ੁਸ਼ੀ-ਖ਼ੁਸ਼ੀ ਨਿਭਾਉਂਦੇ ਹਨ। ਜਦੋਂ ਪ੍ਰਬੰਧਕ ਸਭਾ ਦੇ ਭਰਾ ਖ਼ਾਸ ਅਤੇ ਅੰਤਰਰਾਸ਼ਟਰੀ ਵੱਡੇ ਸੰਮੇਲਨਾਂ ਵਿਚ ਜਾਂਦੇ ਹਨ, ਤਾਂ ਇਹ ਸਹਾਇਕ ਭਰਾ ਇਨ੍ਹਾਂ ਨਾਲ ਜਾਂਦੇ ਹਨ। ਨਾਲੇ ਉਨ੍ਹਾਂ ਨੂੰ ਸ਼ਾਇਦ ਹੈੱਡਕੁਆਰਟਰ ਵੱਲੋਂ ਅਲੱਗ-ਅਲੱਗ ਬ੍ਰਾਂਚ ਆਫ਼ਿਸਾਂ ਦਾ ਦੌਰਾ ਕਰਨ ਲਈ ਵੀ ਭੇਜਿਆ ਜਾਵੇ।
1992 ਤੋਂ ਸਹਾਇਕ ਵਜੋਂ ਸੇਵਾ ਕਰ ਰਹੇ ਇਕ ਭਰਾ ਨੇ ਕਿਹਾ: “ਜਦੋਂ ਮੈਂ ਆਪਣੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾਉਂਦਾ ਹਾਂ, ਤਾਂ ਪ੍ਰਬੰਧਕ ਸਭਾ ਦੇ ਭਰਾ ਪਰਮੇਸ਼ੁਰ ਤੋਂ ਮਿਲੇ ਕੰਮਾਂ ’ਤੇ ਆਪਣਾ ਜ਼ਿਆਦਾ ਧਿਆਨ ਲਾ ਸਕਦੇ ਹਨ।” 20 ਸਾਲਾਂ ਤੋਂ ਸਹਾਇਕ ਵਜੋਂ ਸੇਵਾ ਕਰ ਰਿਹਾ ਇਕ ਹੋਰ ਭਰਾ ਦੱਸਦਾ ਹੈ: “ਮੈਂ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਕਦੇ ਇੰਨਾ ਵੱਡਾ ਸਨਮਾਨ ਮਿਲੇਗਾ!”
ਪ੍ਰਬੰਧਕ ਸਭਾ ਦੇ ਭਰਾ ਇਨ੍ਹਾਂ ਸਹਾਇਕਾਂ ਨੂੰ ਬਹੁਤ ਜ਼ਿੰਮੇਵਾਰੀਆਂ ਦਿੰਦੇ ਹਨ ਅਤੇ ਉਹ ਇਨ੍ਹਾਂ ਵਫ਼ਾਦਾਰ ਤੇ ਮਿਹਨਤੀ ਭਰਾਵਾਂ ਵੱਲੋਂ ਕੀਤੇ ਜਾਂਦੇ ਕੰਮਾਂ ਦੀ ਕਦਰ ਕਰਦੇ ਹਨ। ਆਓ ਆਪਾਂ ਸਾਰੇ ਜਣੇ ਇਨ੍ਹਾਂ “ਭਰਾਵਾਂ ਦੀ ਕਦਰ ਕਰਦੇ” ਰਹੀਏ।
^ ਪੈਰਾ 2 ਪ੍ਰਬੰਧਕ ਸਭਾ ਦੀਆਂ ਛੇ ਕਮੇਟੀਆਂ ਦੀਆਂ ਜ਼ਿੰਮੇਵਾਰੀਆਂ ਬਾਰੇ ਹੋਰ ਜਾਣਕਾਰੀ ਲੈਣ ਲਈ ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’ ਕਿਤਾਬ (ਹਿੰਦੀ) ਦਾ ਸਫ਼ਾ 110 ਦੇਖੋ।