Skip to content

Skip to table of contents

“ਸਾਨੂੰ ਹੋਰ ਨਿਹਚਾ ਦੇ”

“ਸਾਨੂੰ ਹੋਰ ਨਿਹਚਾ ਦੇ”

‘ਨਿਹਚਾ ਮਜ਼ਬੂਤ ਕਰਨ ਵਿਚ ਮੇਰੀ ਮਦਦ ਕਰੋ!’ਮਰ. 9:24.

ਗੀਤ: 54, 24

1. ਨਿਹਚਾ ਰੱਖਣੀ ਜ਼ਰੂਰੀ ਕਿਉਂ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਕੀ ਤੁਸੀਂ ਕਦੇ ਆਪਣੇ ਆਪ ਨੂੰ ਪੱਛਿਆ ਹੈ, ‘ਕੀ ਯਹੋਵਾਹ ਮੈਨੂੰ ਮਹਾਂਕਸ਼ਟ ਦੌਰਾਨ ਬਚਾਉਣਾ ਚਾਹੇਗਾ?’ ਪੌਲੁਸ ਰਸੂਲ ਨੇ ਕਿਹਾ ਕਿ ਮਹਾਂਕਸ਼ਟ ਵਿੱਚੋਂ ਬਚਣ ਲਈ ਨਿਹਚਾ ਰੱਖਣੀ ਬਹੁਤ ਹੀ ਜ਼ਰੂਰੀ ਹੈ। ਉਸ ਨੇ ਕਿਹਾ: “ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ।” (ਇਬ. 11:6) ਸ਼ਾਇਦ ਇਹ ਗੱਲ ਮਾਮੂਲੀ ਜਿਹੀ ਲੱਗੇ, ਪਰ ਸੱਚਾਈ ਤਾਂ ਇਹ ਹੈ ਕਿ “ਸਾਰੇ ਲੋਕ ਨਿਹਚਾ ਨਹੀਂ ਕਰਦੇ।” (2 ਥੱਸ. 3:2) ਇਹ ਦੋ ਹਵਾਲੇ ਸਾਡੀ ਇਹ ਗੱਲ ਸਮਝਣ ਵਿਚ ਮਦਦ ਕਰਦੇ ਹਨ ਕਿ ਸਾਡੇ ਲਈ ਆਪਣੀ ਨਿਹਚਾ ਮਜ਼ਬੂਤ ਕਰਨੀ ਕਿੰਨੀ ਜ਼ਰੂਰੀ ਹੈ।

2, 3. (ੳ) ਨਿਹਚਾ ਰੱਖਣੀ ਜ਼ਰੂਰੀ ਕਿਉਂ ਹੈ? (ਅ) ਅਸੀਂ ਹੁਣ ਕਿਨ੍ਹਾਂ ਗੱਲਾਂ ਉੱਤੇ ਚਰਚਾ ਕਰਾਂਗੇ?

2 ਪਤਰਸ ਰਸੂਲ ਨੇ “ਪਰਖੀ” ਨਿਹਚਾ ਬਾਰੇ ਗੱਲ ਕੀਤੀ। (1 ਪਤਰਸ 1:7 ਪੜ੍ਹੋ।) ਮਹਾਂਕਸ਼ਟ ਬਹੁਤ ਨੇੜੇ ਹੈ ਅਤੇ ‘ਅਸੀਂ ਅਜਿਹੇ ਨਿਹਚਾ ਕਰਨ ਵਾਲੇ ਇਨਸਾਨ’ ਬਣਨਾ ਚਾਹੁੰਦੇ ਹਾਂ ਜੋ ‘ਆਪਣੀਆਂ ਜਾਨਾਂ ਬਚਾਉਣਗੇ।’ (ਇਬ. 10:39) ਇਸ ਲਈ ਸਾਨੂੰ ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਜਦੋਂ ਸਾਡਾ ਰਾਜਾ ਯਿਸੂ ਮਸੀਹ ਪ੍ਰਗਟ ਹੋਵੇਗਾ ਉਸ ਵੇਲੇ ਅਸੀਂ ਉਨ੍ਹਾਂ ਲੋਕਾਂ ਵਿੱਚੋਂ ਹੋਣਾ ਚਾਹੁੰਦੇ ਹਾਂ ਜਿਨ੍ਹਾਂ ਨੂੰ ਇਨਾਮ ਮਿਲੇਗਾ। ਸੋ ਜਿੱਦਾਂ ਇਕ ਆਦਮੀ ਨੇ ਯਿਸੂ ਕੋਲ ਹੋਰ ਨਿਹਚਾ ਦੀ ਮੰਗ ਕੀਤੀ ਸੀ ਉਸੇ ਤਰ੍ਹਾਂ ਅਸੀਂ ਵੀ ਕਹਿ ਸਕਦੇ ਹਾਂ: “ਜੇ ਮੇਰੀ ਨਿਹਚਾ ਕਮਜ਼ੋਰ ਹੈ, ਤਾਂ ਇਸ ਨੂੰ ਮਜ਼ਬੂਤ ਕਰਨ ਵਿਚ ਮੇਰੀ ਮਦਦ ਕਰੋ!” (ਮਰ. 9:24) ਜਾਂ ਅਸੀਂ ਰਸੂਲਾਂ ਵਾਂਗ ਇਹ ਵੀ ਕਹਿ ਸਕਦੇ ਹਾਂ: “ਸਾਨੂੰ ਹੋਰ ਨਿਹਚਾ ਦੇ।”ਲੂਕਾ 17:5.

3 ਇਸ ਲੇਖ ਵਿਚ ਅਸੀਂ ਅੱਗੇ ਲਿਖੀਆਂ ਗੱਲਾਂ ਉੱਤੇ ਗੌਰ ਕਰਾਂਗੇ: ਅਸੀਂ ਆਪਣੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ, ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਡੀ ਨਿਹਚਾ ਮਜ਼ਬੂਤ ਹੈ ਅਤੇ ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਜਦੋਂ ਅਸੀਂ ਹੋਰ ਨਿਹਚਾ ਦੀ ਮੰਗ ਕਰਾਂਗੇ, ਤਾਂ ਪਰਮੇਸ਼ੁਰ ਸਾਨੂੰ ਨਿਹਚਾ ਦੇਵੇਗਾ?

ਨਿਹਚਾ ਮਜ਼ਬੂਤ ਕਰ ਕੇ ਪਰਮੇਸ਼ੁਰ ਨੂੰ ਖ਼ੁਸ਼ ਕਰੋ

4. ਕਿਨ੍ਹਾਂ ਦੀਆਂ ਮਿਸਾਲਾਂ ਸਾਨੂੰ ਆਪਣੀ ਨਿਹਚਾ ਮਜ਼ਬੂਤ ਕਰਨ ਲਈ ਪ੍ਰੇਰਿਤ ਕਰ ਸਕਦੀਆਂ ਹਨ?

4 ਨਿਹਚਾ ਰੱਖਣੀ ਬਹੁਤ ਜ਼ਰੂਰੀ ਹੈ, ਇਸ ਲਈ ਯਹੋਵਾਹ ਨੇ ਬਾਈਬਲ ਵਿਚ ਨਿਹਚਾ ਦੀਆਂ ਬਹੁਤ ਸਾਰੀਆਂ ਮਿਸਾਲਾਂ ਦਰਜ ਕਰਾਈਆਂ ਹਨ। ਇਹ ‘ਸਾਨੂੰ ਸਿੱਖਿਆ ਦੇਣ ਲਈ ਹੀ ਲਿਖੀਆਂ ਗਈਆਂ ਸਨ।’ (ਰੋਮੀ. 15:4) ਅਬਰਾਹਾਮ, ਸਾਰਾਹ, ਇਸਹਾਕ, ਯਾਕੂਬ, ਮੂਸਾ, ਰਾਹਾਬ, ਗਿਦਾਊਨ, ਬਾਰਾਕ ਅਤੇ ਹੋਰ ਬਹੁਤ ਸਾਰੀਆਂ ਮਿਸਾਲਾਂ ਸਾਨੂੰ ਆਪਣੀ ਨਿਹਚਾ ਮਜ਼ਬੂਤ ਕਰਨ ਲਈ ਪ੍ਰੇਰਿਤ ਕਰ ਸਕਦੀਆਂ ਹਨ। (ਇਬ. 11:32-35) ਬੀਤੇ ਸਮੇਂ ਦੀਆਂ ਮਿਸਾਲਾਂ ਦੇ ਨਾਲ-ਨਾਲ ਅੱਜ ਵੀ ਸਾਡੇ ਕੋਲ ਉਨ੍ਹਾਂ ਭੈਣਾਂ-ਭਰਾਵਾਂ ਦੀਆਂ ਮਿਸਾਲਾਂ ਹਨ ਜਿਨ੍ਹਾਂ ਦੀ ਨਿਹਚਾ ਮਜ਼ਬੂਤ ਹੈ। *

5. ਏਲੀਯਾਹ ਨੇ ਯਹੋਵਾਹ ਉੱਤੇ ਆਪਣੀ ਮਜ਼ਬੂਤ ਨਿਹਚਾ ਕਿਵੇਂ ਦਿਖਾਈ ਅਤੇ ਸਾਨੂੰ ਆਪਣੇ ਆਪ ਤੋਂ ਕੀ ਪੁੱਛਣਾ ਚਾਹੀਦਾ ਹੈ?

5 ਬਾਈਬਲ ਵਿਚ ਏਲੀਯਾਹ ਨਬੀ ਦੀ ਮਿਸਾਲ ਹੈ। ਜ਼ਰਾ ਗੌਰ ਕਰੋ ਕਿ ਉਸ ਨੇ ਪੰਜ ਹਾਲਾਤਾਂ ਵਿਚ ਯਹੋਵਾਹ ਉੱਤੇ ਆਪਣਾ ਮਜ਼ਬੂਤ ਵਿਸ਼ਵਾਸ ਕਿਵੇਂ ਦਿਖਾਇਆ। (1) ਜਦੋਂ ਏਲੀਯਾਹ ਨੇ ਅਹਾਬ ਰਾਜੇ ਨੂੰ ਦੱਸਿਆ ਕਿ ਯਹੋਵਾਹ ਸੋਕਾ ਪਾਏਗਾ, ਤਾਂ ਉਸ ਨੇ ਨਿਡਰ ਹੋ ਕੇ ਕਿਹਾ: “ਭਈ ਜੀਉਂਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸੌਂਹ ਜਿਹ ਦੇ ਅੱਗੇ ਮੈਂ ਖੜਾ ਹਾਂ ਇਨ੍ਹਾਂ ਵਰਿਹਾਂ ਵਿੱਚ ਮੇਰੇ ਬਚਨ ਤੋਂ ਬਿਨਾ ਨਾ ਤ੍ਰੇਲ ਪਵੇਗੀ ਨਾ ਮੀਂਹ।” (1 ਰਾਜ. 17:1) (2) ਏਲੀਯਾਹ ਨੂੰ ਪੂਰਾ ਭਰੋਸਾ ਸੀ ਕਿ ਸੋਕੇ ਦੌਰਾਨ ਯਹੋਵਾਹ ਉਸ ਦੀਆਂ ਤੇ ਹੋਰਨਾਂ ਦੀਆਂ ਲੋੜਾਂ ਪੂਰੀਆਂ ਕਰੇਗਾ। (1 ਰਾਜ. 17:4, 5, 13, 14) (3) ਏਲੀਯਾਹ ਨੂੰ ਇਹ ਵੀ ਵਿਸ਼ਵਾਸ ਸੀ ਕਿ ਯਹੋਵਾਹ ਵਿਧਵਾ ਦੇ ਮੁੰਡੇ ਨੂੰ ਜ਼ਰੂਰ ਜੀਉਂਦਾ ਕਰੇਗਾ। (1 ਰਾਜ. 17:21) (4) ਉਸ ਨੂੰ ਜ਼ਰਾ ਵੀ ਸ਼ੱਕ ਨਹੀਂ ਸੀ ਕਿ ਕਰਮਲ ਪਹਾੜ ਉੱਤੇ ਯਹੋਵਾਹ ਦੀ ਅੱਗ ਉਸ ਵੱਲੋਂ ਚੜ੍ਹਾਈ ਬਲ਼ੀ ਨੂੰ ਭਸਮ ਕਰ ਦੇਵੇਗੀ। (1 ਰਾਜ. 18:24, 37) (5) ਇੱਥੋਂ ਤਕ ਕਿ ਮੀਂਹ ਪੈਣ ਤੋਂ ਪਹਿਲਾਂ ਹੀ ਏਲੀਯਾਹ ਨੇ ਅਹਾਬ ਨੂੰ ਭਰੋਸੇ ਨਾਲ ਕਿਹਾ: “ਚੜ੍ਹ ਜਾਹ ਅਤੇ ਖਾ ਪੀ ਕਿਉਂ ਜੋ ਡਾਢੇ ਮੀਂਹ ਦੀ ਅਵਾਜ਼ ਆਈ ਹੈ।” (1 ਰਾਜ. 18:41) ਇਨ੍ਹਾਂ ਤਜਰਬਿਆਂ ਉੱਤੇ ਗੌਰ ਕਰਨ ਤੋਂ ਬਾਅਦ ਅਸੀਂ ਆਪਣੇ ਆਪ ਤੋਂ ਪੁੱਛੋ ਸਕਦੇ ਹਾਂ, ‘ਕੀ ਮੇਰੀ ਨਿਹਚਾ ਵੀ ਏਲੀਯਾਹ ਵਾਂਗ ਮਜ਼ਬੂਤ ਹੈ?’

ਅਸੀਂ ਨਿਹਚਾ ਮਜ਼ਬੂਤ ਕਰਨ ਲਈ ਕੀ ਕਰ ਸਕਦੇ ਹਾਂ?

6. ਆਪਣੀ ਨਿਹਚਾ ਨੂੰ ਮਜ਼ਬੂਤ ਕਰਨ ਲਈ ਸਾਨੂੰ ਯਹੋਵਾਹ ਤੋਂ ਕਿਸ ਚੀਜ਼ ਦੀ ਲੋੜ ਹੈ?

6 ਅਸੀਂ ਆਪਣੀ ਨਿਹਚਾ ਖ਼ੁਦ ਮਜ਼ਬੂਤ ਨਹੀਂ ਕਰ ਸਕਦੇ, ਇਸ ਲਈ ਸਾਨੂੰ ਪਰਮੇਸ਼ੁਰ ਤੋਂ ਪਵਿੱਤਰ ਸ਼ਕਤੀ ਮੰਗਣੀ ਚਾਹੀਦੀ ਹੈ। ਕਿਉਂ? ਕਿਉਂਕਿ ਨਿਹਚਾ ਪਵਿੱਤਰ ਸ਼ਕਤੀ ਦਾ ਇਕ ਗੁਣ ਹੈ। (ਗਲਾ. 5:22) ਅਸੀਂ ਸਮਝਦਾਰੀ ਦਾ ਸਬੂਤ ਦਿੰਦੇ ਹਾਂ ਜਦੋਂ ਅਸੀਂ ਯਿਸੂ ਦੀ ਸਲਾਹ ਮੰਨ ਕੇ ਹੋਰ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਦੇ ਹਾਂ। ਯਿਸੂ ਨੇ ਵਾਅਦਾ ਕੀਤਾ ਸੀ ਕਿ ਯਹੋਵਾਹ “ਮੰਗਣ ਤੇ ਤੁਹਾਨੂੰ ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ!”ਲੂਕਾ 11:13.

7. ਸਮਝਾਓ ਕਿ ਅਸੀਂ ਆਪਣੀ ਨਿਹਚਾ ਮਜ਼ਬੂਤ ਕਿਵੇਂ ਕਰ ਸਕਦੇ ਹਾਂ।

7 ਪਰਮੇਸ਼ੁਰ ’ਤੇ ਨਿਹਚਾ ਮਜ਼ਬੂਤ ਕਰਨ ਤੋਂ ਬਾਅਦ ਸਾਨੂੰ ਇਸ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਅਸੀਂ ਨਿਹਚਾ ਦੀ ਤੁਲਨਾ ਅੱਗ ਨਾਲ ਕਰ ਸਕਦੇ ਹਾਂ। ਜਦੋਂ ਅਸੀਂ ਅੱਗ ਬਾਲ਼ਦੇ ਹਾਂ, ਤਾਂ ਉਸ ਦੀਆਂ ਲਪਟਾਂ ਤੇਜ਼ ਹੁੰਦੀਆਂ ਹਨ। ਪਰ ਜੇ ਅਸੀਂ ਉਸ ਵਿਚ ਬਾਲ਼ਣ ਨਹੀਂ ਪਾਉਂਦੇ, ਤਾਂ ਹੌਲੀ-ਹੌਲੀ ਅੱਗ ਬੁੱਝ ਕੇ ਸੁਆਹ ਹੋ ਜਾਵੇਗੀ। ਪਰ ਜੇ ਅਸੀਂ ਲਗਾਤਾਰ ਅੱਗ ਵਿਚ ਬਾਲ਼ਣ ਪਾਉਂਦੇ ਰਹਿੰਦੇ ਹਾਂ, ਤਾਂ ਅਸੀਂ ਇਸ ਨੂੰ ਬਲ਼ਦੀ ਰੱਖ ਸਕਦੇ ਹਾਂ। ਇਸੇ ਤਰ੍ਹਾਂ ਸਾਡੀ ਨਿਹਚਾ ਨਾਲ ਵੀ ਹੈ। ਜੇ ਅਸੀਂ ਪਰਮੇਸ਼ੁਰ ਦਾ ਬਚਨ ਬਾਕਾਇਦਾ ਪੜ੍ਹਾਂਗੇ ਤੇ ਇਸ ਦੀ ਸਟੱਡੀ ਕਰਾਂਗੇ, ਤਾਂ ਬਾਈਬਲ ਅਤੇ ਯਹੋਵਾਹ ਲਈ ਸਾਡਾ ਪਿਆਰ ਵਧੇਗਾ। ਨਤੀਜੇ ਵਜੋਂ, ਅਸੀਂ ਆਪਣੀ ਨਿਹਚਾ ਬਰਕਰਾਰ ਤੇ ਮਜ਼ਬੂਤ ਰੱਖ ਸਕਾਂਗੇ।

8. ਨਿਹਚਾ ਨੂੰ ਮਜ਼ਬੂਤ ਕਰਨ ਤੇ ਬਰਕਰਾਰ ਰੱਖਣ ਵਿਚ ਕਿਹੜੀਆਂ ਗੱਲਾਂ ਤੁਹਾਡੀ ਮਦਦ ਕਰਨਗੀਆਂ?

8 ਤੁਹਾਨੂੰ ਉਨ੍ਹਾਂ ਗੱਲਾਂ ਨਾਲ ਹੀ ਸੰਤੁਸ਼ਟ ਨਹੀਂ ਰਹਿਣਾ ਚਾਹੀਦਾ ਜੋ ਤੁਸੀਂ ਬਪਤਿਸਮੇ ਤੋਂ ਪਹਿਲਾਂ ਸਿੱਖੀਆਂ ਸਨ। (ਇਬ. 6:1, 2) ਮਿਸਾਲ ਲਈ, ਤੁਹਾਨੂੰ ਉਨ੍ਹਾਂ ਭਵਿੱਖਬਾਣੀਆਂ ਤੋਂ ਸਿੱਖਦੇ ਰਹਿਣਾ ਚਾਹੀਦਾ ਹੈ ਜੋ ਪੂਰੀਆਂ ਹੋ ਚੁੱਕੀਆਂ ਹਨ। ਇਹ ਤੁਹਾਡੀ ਨਿਹਚਾ ਨੂੰ ਮਜ਼ਬੂਤ ਕਰਨ ਤੇ ਬਰਕਰਾਰ ਰੱਖਣ ਵਿਚ ਮਦਦ ਕਰਨਗੀਆਂ। ਤੁਸੀਂ ਪਰਮੇਸ਼ੁਰ ਦਾ ਬਚਨ ਵਰਤ ਕੇ ਵੀ ਦੇਖ ਸਕਦੇ ਹੋ ਕਿ ਤੁਹਾਡੀ ਨਿਹਚਾ ਸੱਚ-ਮੁੱਚ ਮਜ਼ਬੂਤ ਹੈ ਕਿ ਨਹੀਂ।ਯਾਕੂਬ 1:25; 2:24, 26 ਪੜ੍ਹੋ।

9, 10. ਅੱਗੇ ਦੱਸੀਆਂ ਗੱਲਾਂ ਸਾਡੀ ਨਿਹਚਾ ਮਜ਼ਬੂਤ ਕਰਨ ਵਿਚ ਕਿਵੇਂ ਮਦਦ ਕਰਦੀਆਂ ਹਨ: (ੳ) ਚੰਗੇ ਦੋਸਤ? (ਅ) ਮੰਡਲੀ ਦੀਆਂ ਮੀਟਿੰਗਾਂ? (ੲ) ਪ੍ਰਚਾਰ?

9 ਪੌਲੁਸ ਰਸੂਲ ਨੇ ਕਿਹਾ ਕਿ ਮਸੀਹੀਆਂ ਨੂੰ ਇਕ-ਦੂਜੇ ਦੀ “ਨਿਹਚਾ ਤੋਂ ਹੌਸਲਾ” ਮਿਲ ਸਕਦਾ ਹੈ। (ਰੋਮੀ. 1:12) ਇਸ ਦਾ ਕੀ ਮਤਲਬ ਹੈ? ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਂਦੇ ਹਾਂ, ਤਾਂ ਅਸੀਂ ਇਕ-ਦੂਜੇ ਦੀ ਨਿਹਚਾ ਮਜ਼ਬੂਤ ਕਰ ਸਕਦੇ ਹਾਂ। ਇਹ ਖ਼ਾਸ ਕਰਕੇ ਉਦੋਂ ਸੱਚ ਹੁੰਦਾ ਹੈ ਜਦੋਂ ਅਸੀਂ ਅਜਿਹੇ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਂਦੇ ਹਾਂ ਜਿਨ੍ਹਾਂ ਦੀ ਨਿਹਚਾ ‘ਪਰਖੀ’ ਗਈ ਹੈ। (ਯਾਕੂ. 1:3) ਬੁਰੇ ਦੋਸਤ ਸਾਡੀ ਨਿਹਚਾ ਦੀ ਬੇੜੀ ਡੋਬ ਦਿੰਦੇ ਹਨ, ਪਰ ਚੰਗੇ ਦੋਸਤ ਇਸ ਨੂੰ ਮਜ਼ਬੂਤ ਕਰਦੇ ਹਨ। (1 ਕੁਰਿੰ. 15:33) ਇਸੇ ਕਰਕੇ ਸਾਨੂੰ ਬਾਕਾਇਦਾ ਮੀਟਿੰਗਾਂ ’ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਉੱਥੇ ਅਸੀਂ “ਇਕ-ਦੂਜੇ ਨੂੰ ਹੌਸਲਾ ਦਿੰਦੇ” ਰਹਿ ਸਕਦੇ ਹਾਂ। (ਇਬਰਾਨੀਆਂ 10:24, 25 ਪੜ੍ਹੋ।) ਇਸ ਤੋਂ ਇਲਾਵਾ, ਮੀਟਿੰਗਾਂ ਵਿਚ ਮਿਲਦੀਆਂ ਸਲਾਹਾਂ ਤੋਂ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ। ਬਾਈਬਲ ਕਹਿੰਦੀ ਹੈ ਕਿ “ਨਿਹਚਾ ਸੰਦੇਸ਼ ਸੁਣਨ ਨਾਲ ਪੈਦਾ ਹੁੰਦੀ ਹੈ।” (ਰੋਮੀ. 10:17) ਸੋ ਆਪਣੇ ਆਪ ਨੂੰ ਪੁੱਛੋ, ‘ਕੀ ਮਸੀਹੀ ਮੀਟਿੰਗਾਂ ਮੇਰੀ ਜ਼ਿੰਦਗੀ ਦਾ ਹਿੱਸਾ ਹਨ?’

10 ਅਸੀਂ ਆਪਣੀ ਨਿਹਚਾ ਉਦੋਂ ਵੀ ਮਜ਼ਬੂਤ ਕਰਦੇ ਹਾਂ, ਜਦੋਂ ਅਸੀਂ ਦੂਜਿਆਂ ਨੂੰ ਬਾਈਬਲ ਤੋਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ ਅਤੇ ਇਸ ਬਾਰੇ ਸਿਖਾਉਂਦੇ ਹਾਂ। ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅਸੀਂ ਵੀ ਹਰ ਹਾਲਾਤ ਵਿਚ ਯਹੋਵਾਹ ’ਤੇ ਵਿਸ਼ਵਾਸ ਰੱਖਣਾ ਤੇ ਨਿਡਰ ਹੋ ਕੇ ਬੋਲਣਾ ਸਿੱਖਦੇ ਹਾਂ।ਰਸੂ. 4:17-20; 13:46.

11. ਕਾਲੇਬ ਤੇ ਯਹੋਸ਼ੁਆ ਦੀ ਨਿਹਚਾ ਮਜ਼ਬੂਤ ਕਿਉਂ ਸੀ ਅਤੇ ਅਸੀਂ ਉਨ੍ਹਾਂ ਵਰਗੇ ਕਿਵੇਂ ਬਣ ਸਕਦੇ ਹਾਂ?

11 ਯਹੋਵਾਹ ’ਤੇ ਸਾਡੀ ਨਿਹਚਾ ਉਦੋਂ ਵਧਦੀ ਹੈ, ਜਦੋਂ ਅਸੀਂ ਦੇਖਦੇ ਹਾਂ ਕਿ ਉਹ ਸਾਡੀ ਕਿਵੇਂ ਮਦਦ ਕਰਦਾ ਹੈ ਅਤੇ ਕਿਵੇਂ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ। ਕਾਲੇਬ ਤੇ ਯਹੋਸ਼ੁਆ ਨਾਲ ਇਹੀ ਹੋਇਆ ਸੀ। ਉਨ੍ਹਾਂ ਨੇ ਯਹੋਵਾਹ ’ਤੇ ਆਪਣੀ ਨਿਹਚਾ ਦਿਖਾਈ ਜਦੋਂ ਉਹ ਜਾਸੂਸਾਂ ਵਜੋਂ ਵਾਅਦਾ ਕੀਤੇ ਦੇਸ਼ ਵਿਚ ਗਏ। ਸਮੇਂ ਦੇ ਬੀਤਣ ਨਾਲ ਉਨ੍ਹਾਂ ਦੀ ਨਿਹਚਾ ਹਰ ਵਾਰ ਵਧੀ ਜਦੋਂ ਉਨ੍ਹਾਂ ਨੇ ਦੇਖਿਆ ਕਿ ਯਹੋਵਾਹ ਨੇ ਕਿਵੇਂ ਉਨ੍ਹਾਂ ਦੀ ਮਦਦ ਕੀਤੀ। ਯਹੋਸ਼ੁਆ ਇਜ਼ਰਾਈਲੀਆਂ ਨੂੰ ਪੂਰੇ ਭਰੋਸੇ ਨਾਲ ਕਹਿ ਸਕਿਆ “ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ।” ਉਸ ਨੇ ਬਾਅਦ ਵਿਚ ਕਿਹਾ: “ਯਹੋਵਾਹ ਤੋਂ ਡਰੋ ਅਤੇ ਉਸ ਦੀ ਉਪਾਸਨਾ ਸਿਧਿਆਈ ਅਤੇ ਸਚਿਆਈ ਨਾਲ ਕਰੋ।” ਫਿਰ ਉਸ ਨੇ ਅੱਗੇ ਕਿਹਾ: “ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ।” (ਯਹੋ. 23:14; 24:14, 15) ਜਦੋਂ ਅਸੀਂ ਯਹੋਵਾਹ ’ਤੇ ਭਰੋਸਾ ਰੱਖਦੇ ਹਾਂ ਅਤੇ ਦੇਖਦੇ ਹਾਂ ਕਿ ਉਹ ਸਾਡੀ ਕਿਵੇਂ ਮਦਦ ਕਰਦਾ ਹੈ, ਤਾਂ ਸਾਡੀ ਨਿਹਚਾ ਹੋਰ ਮਜ਼ਬੂਤ ਹੁੰਦੀ ਹੈ।ਜ਼ਬੂ. 34:8.

ਅਸੀਂ ਨਿਹਚਾ ਕਿਵੇਂ ਦਿਖਾ ਸਕਦੇ ਹਾਂ?

12. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਡੀ ਨਿਹਚਾ ਮਜ਼ਬੂਤ ਹੈ?

12 ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਡੀ ਨਿਹਚਾ ਮਜ਼ਬੂਤ ਹੈ? ਚੇਲੇ ਯਾਕੂਬ ਨੇ ਕਿਹਾ: “ਮੈਂ ਤੈਨੂੰ ਆਪਣੇ ਕੰਮਾਂ ਰਾਹੀਂ ਦਿਖਾਵਾਂਗਾ ਕਿ ਮੈਂ ਨਿਹਚਾ ਕਰਦਾ ਹਾਂ।” (ਯਾਕੂ. 2:18) ਸਾਡੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਸਾਡੀ ਨਿਹਚਾ ਮਜ਼ਬੂਤ ਹੈ। ਆਓ ਦੇਖੀਏ ਕਿਵੇਂ।

ਪ੍ਰਚਾਰ ਵਿਚ ਆਪਣੀ ਪੂਰੀ ਵਾਹ ਲਾਉਣ ਵਾਲੇ ਆਪਣੀ ਮਜ਼ਬੂਤ ਨਿਹਚਾ ਦਾ ਸਬੂਤ ਦਿੰਦੇ ਹਨ (ਪੈਰਾ 13 ਦੇਖੋ)

13. ਪ੍ਰਚਾਰ ਕਰ ਕੇ ਅਸੀਂ ਆਪਣੀ ਨਿਹਚਾ ਕਿਵੇਂ ਦਿਖਾਉਂਦੇ ਹਾਂ?

13 ਪ੍ਰਚਾਰ ਇਕ ਬਹੁਤ ਵਧੀਆ ਤਰੀਕਾ ਹੈ ਜਿਸ ਰਾਹੀਂ ਅਸੀਂ ਨਿਹਚਾ ਦਿਖਾ ਸਕਦੇ ਹਾਂ। ਕਿਉਂ? ਕਿਉਂਕਿ ਜਦੋਂ ਅਸੀਂ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਭਰੋਸਾ ਹੈ ਕਿ ਅੰਤ ਨੇੜੇ ਹੈ ਅਤੇ ਇਹ “ਚਿਰ ਨਾ ਲਾਵੇਗਾ।” (ਹਬ. 2:3) ਇਹ ਜਾਣਨ ਲਈ ਕਿ ਸਾਡੀ ਨਿਹਚਾ ਮਜ਼ਬੂਤ ਹੈ, ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਪ੍ਰਚਾਰ ਦਾ ਕੰਮ ਮੇਰੇ ਲਈ ਕਿੰਨਾ ਕੁ ਜ਼ਰੂਰੀ ਹੈ? ਕੀ ਮੈਂ ਦੂਜਿਆਂ ਨੂੰ ਪਰਮੇਸ਼ੁਰ ਬਾਰੇ ਦੱਸਣ ਲਈ ਆਪਣੀ ਪੂਰੀ ਵਾਹ ਲਾ ਰਿਹਾ ਹਾਂ? ਕੀ ਮੈਂ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰਨ ਲਈ ਮੌਕੇ ਭਾਲਦਾ ਹਾਂ? (2 ਕੁਰਿੰ. 13:5) ਆਓ ਅਸੀਂ ‘ਆਪਣੇ ਮੂੰਹੋਂ ਨਿਹਚਾ ਦਾ ਐਲਾਨ’ ਯਾਨੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਆਪਣੀ ਮਜ਼ਬੂਤ ਨਿਹਚਾ ਦਿਖਾਈਏ।ਰੋਮੀਆਂ 10:10 ਪੜ੍ਹੋ।

14, 15. (ੳ) ਅਸੀਂ ਹਰ ਰੋਜ਼ ਆਪਣੀ ਨਿਹਚਾ ਦਾ ਸਬੂਤ ਕਿਵੇਂ ਦੇ ਸਕਦੇ ਹਾਂ? (ਅ) ਇਕ ਤਜਰਬਾ ਦੱਸੋ ਜਿਸ ਵਿਚ ਕੰਮਾਂ ਰਾਹੀਂ ਨਿਹਚਾ ਦਿਖਾਈ ਗਈ ਹੈ।

14 ਅਸੀਂ ਹਰ ਰੋਜ਼ ਆਉਂਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰ ਕੇ ਵੀ ਯਹੋਵਾਹ ’ਤੇ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਾਂ। ਜਦੋਂ ਅਸੀਂ ਗ਼ਰੀਬੀ, ਬੀਮਾਰੀ, ਨਿਰਾਸ਼ਾ, ਡਿਪਰੈਸ਼ਨ ਜਾਂ ਹੋਰ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਸਾਨੂੰ ਨਿਹਚਾ ਰੱਖਣੀ ਚਾਹੀਦੀ ਹੈ ਕਿ ਯਹੋਵਾਹ ਤੇ ਯਿਸੂ “ਲੋੜ” ਵੇਲੇ ਸਾਡੀ ਮਦਦ ਕਰਨਗੇ। (ਇਬ. 4:16) ਜਦੋਂ ਅਸੀਂ ਯਹੋਵਾਹ ਤੋਂ ਮਦਦ ਮੰਗਦੇ ਹਾਂ, ਤਾਂ ਅਸੀਂ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਾਂ। ਯਿਸੂ ਨੇ ਕਿਹਾ ਕਿ ਅਸੀਂ ਯਹੋਵਾਹ ਨੂੰ “ਅੱਜ ਜੋਗੀ ਰੋਟੀ” ਦੇਣ ਲਈ ਪ੍ਰਾਰਥਨਾ ਕਰ ਸਕਦੇ ਹਾਂ। (ਲੂਕਾ 11:3) ਬਾਈਬਲ ਵਿਚ ਦਿੱਤੇ ਬਿਰਤਾਂਤਾਂ ਤੋਂ ਸਬੂਤ ਮਿਲਦਾ ਹੈ ਕਿ ਯਹੋਵਾਹ ਸਾਡੀ ਹਰ ਲੋੜ ਪੂਰੀ ਕਰ ਸਕਦਾ ਹੈ। ਮਿਸਾਲ ਲਈ, ਇਜ਼ਰਾਈਲ ਵਿਚ ਸੋਕੇ ਦੌਰਾਨ ਯਹੋਵਾਹ ਨੇ ਏਲੀਯਾਹ ਨੂੰ ਰੋਟੀ ਅਤੇ ਪਾਣੀ ਦਿੱਤਾ। ਬਾਈਬਲ ਦੱਸਦੀ ਹੈ ਕਿ “ਪਹਾੜੀ ਕਾਂ ਉਹ ਦੇ ਲਈ ਰੋਟੀ ਤੇ ਮਾਸ ਸਵੇਰ ਨੂੰ ਅਤੇ ਰੋਟੀ ਤੇ ਮਾਸ ਸ਼ਾਮ ਨੂੰ ਲਿਆਉਂਦੇ ਰਹੇ ਅਤੇ ਉਹ ਉਸ ਨਾਲੇ ਤੋਂ ਪਾਣੀ ਪੀ ਲੈਂਦਾ ਸੀ।” (1 ਰਾਜ. 17:3-6) ਅਸੀਂ ਨਿਹਚਾ ਕਰਦੇ ਹਾਂ ਕਿ ਯਹੋਵਾਹ ਸਾਡੀਆਂ ਵੀ ਲੋੜਾਂ ਪੂਰੀਆਂ ਕਰ ਸਕਦਾ ਹੈ।

ਹਰ ਰੋਜ਼ ਆਉਂਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰ ਕੇ ਅਸੀਂ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਾਂ (ਪੈਰਾ 14 ਦੇਖੋ)

15 ਸਾਨੂੰ ਪੂਰਾ ਭਰੋਸਾ ਹੈ ਕਿ ਜਦੋਂ ਅਸੀਂ ਬਾਈਬਲ ਦੇ ਅਸੂਲ ਆਪਣੀ ਜ਼ਿੰਦਗੀ ਵਿਚ ਲਾਗੂ ਕਰਾਂਗੇ, ਤਾਂ ਅਸੀਂ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਾਂਗੇ। ਏਸ਼ੀਆ ਦੀ ਰਹਿਣ ਵਾਲੀ ਰਿਬੈਕਾ ਨਾਂ ਦੀ ਇਕ ਵਿਆਹੀ ਭੈਣ ਦੱਸਦੀ ਹੈ ਕਿ ਕਿਵੇਂ ਉਸ ਨੇ ਤੇ ਉਸ ਦੇ ਪਰਿਵਾਰ ਨੇ ਮੱਤੀ 6:33 ਅਤੇ ਕਹਾਉਤਾਂ 10:4 ਵਿਚ ਦਿੱਤੇ ਅਸੂਲਾਂ ਨੂੰ ਲਾਗੂ ਕੀਤਾ। ਉਹ ਕਹਿੰਦੀ ਹੈ ਕਿ ਉਸ ਦੇ ਪਤੀ ਦੇ ਕੰਮ ਕਰਕੇ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਕਮਜ਼ੋਰ ਹੋ ਸਕਦਾ ਸੀ। ਸੋ ਉਸ ਦੇ ਪਤੀ ਨੇ ਆਪਣਾ ਕੰਮ ਛੱਡ ਦਿੱਤਾ। ਪਰ ਉਨ੍ਹਾਂ ਦੇ ਚਾਰ ਬੱਚੇ ਸਨ, ਇਸ ਲਈ ਉਨ੍ਹਾਂ ਨੇ ਖਾਣਾ ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਸਖ਼ਤ ਮਿਹਨਤ ਕਰਕੇ ਉਨ੍ਹਾਂ ਕੋਲ ਹਮੇਸ਼ਾ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਜੋਗੇ ਪੈਸੇ ਹੁੰਦੇ ਸਨ। ਉਹ ਕਹਿੰਦੀ ਹੈ: “ਅਸੀਂ ਮਹਿਸੂਸ ਕੀਤਾ ਕਿ ਯਹੋਵਾਹ ਨੇ ਸਾਨੂੰ ਕਦੀ ਨਹੀਂ ਛੱਡਿਆ। ਅਸੀਂ ਕਦੇ ਵੀ ਭੁੱਖੇ ਨਹੀਂ ਸੁੱਤੇ।” ਕੀ ਤੁਹਾਡਾ ਵੀ ਕੋਈ ਇਸ ਤਰ੍ਹਾਂ ਦਾ ਤਜਰਬਾ ਹੈ ਜਿਸ ਕਰਕੇ ਤੁਹਾਡੀ ਨਿਹਚਾ ਮਜ਼ਬੂਤ ਹੋਈ ਹੈ?

16. ਜੇ ਅਸੀਂ ਪਰਮੇਸ਼ੁਰ ’ਤੇ ਭਰੋਸਾ ਰੱਖਾਂਗੇ, ਤਾਂ ਕੀ ਹੋਵੇਗਾ?

16 ਸਾਨੂੰ ਕਦੀ ਵੀ ਸ਼ੱਕ ਨਹੀਂ ਕਰਨਾ ਚਾਹੀਦਾ ਕਿ ਜੇ ਅਸੀਂ ਯਹੋਵਾਹ ਦੀ ਸੇਧ ਅਨੁਸਾਰ ਚੱਲਾਂਗੇ, ਤਾਂ ਉਹ ਸਾਡੀ ਜ਼ਰੂਰ ਮਦਦ ਕਰੇਗਾ। ਪੌਲੁਸ ਨੇ ਹਬੱਕੂਕ ਦੇ ਸ਼ਬਦਾਂ ਦਾ ਹਵਾਲਾ ਦਿੱਤਾ ਜਦੋਂ ਉਸ ਨੇ ਕਿਹਾ: “ਧਰਮੀ ਆਪਣੀ ਨਿਹਚਾ ਸਦਕਾ ਜੀਉਂਦਾ ਰਹੇਗਾ।” (ਗਲਾ. 3:11; ਹਬ. 2:4) ਇਸ ਕਰਕੇ ਸਾਨੂੰ ਉਸ ਉੱਤੇ ਮਜ਼ਬੂਤ ਨਿਹਚਾ ਰੱਖਣੀ ਚਾਹੀਦੀ ਹੈ ਜੋ ਸੱਚ-ਮੁੱਚ ਸਾਡੀ ਮਦਦ ਕਰ ਸਕਦਾ ਹੈ। ਪੌਲੁਸ ਸਾਨੂੰ ਯਾਦ ਕਰਾਉਂਦਾ ਹੈ ਕਿ “ਪਰਮੇਸ਼ੁਰ ਦੀ ਸ਼ਕਤੀ ਸਾਡੇ ਅੰਦਰ ਕੰਮ ਕਰ ਰਹੀ ਹੈ ਤੇ ਉਹ ਇਸੇ ਸ਼ਕਤੀ ਨੂੰ ਵਰਤ ਕੇ ਸਾਡੀਆਂ ਮੰਗਾਂ ਅਤੇ ਸੋਚਾਂ ਤੋਂ ਵੀ ਕਿਤੇ ਵੱਧ ਸਾਡੇ ਲਈ ਕਰ ਸਕਦਾ ਹੈ।” (ਅਫ਼. 3:20) ਯਹੋਵਾਹ ਦੇ ਸੇਵਕ ਉਸ ਦੀ ਇੱਛਾ ਪੂਰੀ ਕਰਨ ਲਈ ਜੋ ਕਰ ਸਕਦੇ ਹਨ ਉਹ ਕਰਦੇ ਹਨ, ਪਰ ਉਹ ਆਪਣੀਆਂ ਹੱਦਾਂ ਪਛਾਣਦੇ ਹਨ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਪਰਮੇਸ਼ੁਰ ਸਾਡੇ ਨਾਲ ਹੈ ਅਤੇ ਉਹ ਸਾਡੀਆਂ ਕੋਸ਼ਿਸ਼ਾਂ ’ਤੇ ਬਰਕਤ ਵਰਸਾ ਰਿਹਾ ਹੈ।

ਨਿਹਚਾ ਲਈ ਕੀਤੀਆਂ ਪ੍ਰਾਰਥਨਾਵਾਂ ਦਾ ਜਵਾਬ

17. (ੳ) ਯਿਸੂ ਨੇ ਰਸੂਲਾਂ ਨੂੰ ਕਿਵੇਂ ਜਵਾਬ ਦਿੱਤਾ? (ਅ) ਅਸੀਂ ਕਿਉਂ ਉਮੀਦ ਕਰ ਸਕਦੇ ਹਾਂ ਕਿ ਯਹੋਵਾਹ ਹੋਰ ਨਿਹਚਾ ਲਈ ਕੀਤੀਆਂ ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਦੇਵੇਗਾ?

17 ਇਹ ਸਾਰਾ ਕੁਝ ਸਿੱਖਣ ਤੋਂ ਬਾਅਦ ਅਸੀਂ ਸ਼ਾਇਦ ਰਸੂਲਾਂ ਵਾਂਗ ਮਹਿਸੂਸ ਕਰੀਏ ਜਦੋਂ ਉਨ੍ਹਾਂ ਨੇ ਯਿਸੂ ਨੂੰ ਕਿਹਾ ਸੀ: “ਸਾਨੂੰ ਹੋਰ ਨਿਹਚਾ ਦੇ।” (ਲੂਕਾ 17:5) ਯਿਸੂ ਨੇ ਰਸੂਲਾਂ ਨੂੰ ਪੰਤੇਕੁਸਤ 33 ਈਸਵੀ ਨੂੰ ਇਕ ਖ਼ਾਸ ਤਰੀਕੇ ਨਾਲ ਜਵਾਬ ਦਿੱਤਾ ਜਦੋਂ ਉਨ੍ਹਾਂ ’ਤੇ ਪਵਿੱਤਰ ਸ਼ਕਤੀ ਆਈ ਅਤੇ ਉਹ ਪਰਮੇਸ਼ੁਰ ਦੇ ਮਕਸਦ ਦੀਆਂ ਡੂੰਘੀਆਂ ਸੱਚਾਈਆਂ ਨੂੰ ਸਮਝ ਸਕੇ। ਇਸ ਕਰਕੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਈ। ਇਸ ਦਾ ਕੀ ਨਤੀਜਾ ਨਿਕਲਿਆ? ਉਸ ਸਮੇਂ ਤੋਂ ਉਨ੍ਹਾਂ ਨੇ ਦੂਰ-ਦੂਰ ਤਕ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। (ਕੁਲੁ. 1:23) ਕੀ ਅਸੀਂ ਉਮੀਦ ਕਰ ਸਕਦੇ ਹਾਂ ਕਿ ਹੋਰ ਨਿਹਚਾ ਲਈ ਕੀਤੀਆਂ ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਮਿਲਣਗੇ? ਯਹੋਵਾਹ ਸਾਡੇ ਨਾਲ ਵਾਅਦਾ ਕਰਦਾ ਹੈ ਕਿ ਜਦੋਂ “ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਵਿਚ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।”1 ਯੂਹੰ. 5:14.

18. ਯਹੋਵਾਹ ਨਿਹਚਾ ਮਜ਼ਬੂਤ ਕਰਨ ਵਾਲਿਆਂ ਨੂੰ ਕਿਵੇਂ ਬਰਕਤ ਦਿੰਦਾ ਹੈ?

18 ਜਦੋਂ ਅਸੀਂ ਯਹੋਵਾਹ ’ਤੇ ਪੂਰਾ ਭਰੋਸਾ ਰੱਖਾਂਗੇ, ਤਾਂ ਉਹ ਸਾਡੇ ਤੋਂ ਖ਼ੁਸ਼ ਹੋਵੇਗਾ। ਉਹ ਹੋਰ ਨਿਹਚਾ ਲਈ ਕੀਤੀਆਂ ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਦੇਵੇਗਾ, ਸਾਡੀ ਨਿਹਚਾ ਹੋਰ ਮਜ਼ਬੂਤ ਹੋਵੇਗੀ ਅਤੇ ਅਸੀਂ “ਪਰਮੇਸ਼ੁਰ ਦੇ ਰਾਜ ਵਿਚ ਜਾਣ ਦੇ ਯੋਗ” ਗਿਣੇ ਜਾਵਾਂਗੇ।2 ਥੱਸ. 1:3, 5.

^ ਪੈਰਾ 4 ਫੋਰੈੱਸਟ ਲੀ (1 ਮਾਰਚ 2001 ਪਹਿਰਾਬੁਰਜ), ਔਰੀਸਟੌਟਲੀਸ ਔਪੌਸਟੋਲੀਡੀਸ (1 ਫਰਵਰੀ 2002 ਪਹਿਰਾਬੁਰਜ), ਏਨੇਲੇਸ ਮਜ਼ਾਂਗਾ (1 ਸਤੰਬਰ 2003 ਪਹਿਰਾਬੁਰਜ) ਅਤੇ ਜੈਕ ਯੋਹਾਨਸੰਨ (8 ਅਕਤੂਬਰ 1998 ਜਾਗਰੂਕ ਬਣੋ!) ਦੀਆਂ ਜੀਵਨੀਆਂ ਦੇਖੋ।