Skip to content

Skip to table of contents

ਕੀ ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰਦਾ ਹੈ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ?’

ਕੀ ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰਦਾ ਹੈ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ?’

“ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।”ਮੱਤੀ 22:39.

ਗੀਤ: 25, 36

1, 2. ਬਾਈਬਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਪਿਆਰ ਕਰਨਾ ਜ਼ਰੂਰੀ ਹੈ?

ਯਹੋਵਾਹ ਦਾ ਮੁੱਖ ਗੁਣ ਪਿਆਰ ਹੈ। (1 ਯੂਹੰ. 4:16) ਯਹੋਵਾਹ ਨੇ ਸਭ ਤੋਂ ਪਹਿਲਾਂ ਯਿਸੂ ਮਸੀਹ ਨੂੰ ਬਣਾਇਆ ਜਿਸ ਨੇ ਸਵਰਗ ਵਿਚ ਲੱਖਾਂ-ਕਰੋੜਾਂ ਸਾਲ ਆਪਣੇ ਪਿਤਾ ਨਾਲ ਬਿਤਾਏ। ਇਨ੍ਹਾਂ ਸਾਲਾਂ ਦੌਰਾਨ ਯਿਸੂ ਨੇ ਦੇਖਿਆ ਕਿ ਉਸ ਦਾ ਪਿਤਾ ਕਿੰਨਾ ਹੀ ਪਿਆਰ ਕਰਨ ਵਾਲਾ ਹੈ! (ਕੁਲੁ. 1:15) ਯਿਸੂ ਨੇ ਸਵਰਗ ਅਤੇ ਧਰਤੀ ’ਤੇ ਹੁੰਦਿਆਂ ਹੂ-ਬਹੂ ਆਪਣੇ ਪਿਤਾ ਵਾਂਗ ਪਿਆਰ ਦਿਖਾਇਆ। ਸੋ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਅਤੇ ਯਿਸੂ ਹਮੇਸ਼ਾ ਪਿਆਰ ਨਾਲ ਰਾਜ ਕਰਦੇ ਰਹਿਣਗੇ।

2 ਜਦੋਂ ਕਿਸੇ ਨੇ ਯਿਸੂ ਤੋਂ ਸਭ ਤੋਂ ਵੱਡੇ ਹੁਕਮ ਬਾਰੇ ਪੁੱਛਿਆ, ਤਾਂ ਉਸ ਨੇ ਕਿਹਾ: “‘ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ ਅਤੇ ਆਪਣੀ ਪੂਰੀ ਸਮਝ ਨਾਲ ਪਿਆਰ ਕਰ।’ ਇਹੀ ਪਹਿਲਾ ਅਤੇ ਸਭ ਤੋਂ ਵੱਡਾ ਹੁਕਮ ਹੈ। ਅਤੇ ਦੂਸਰਾ ਹੁਕਮ ਇਹ ਹੈ: ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’”ਮੱਤੀ 22:37-39.

3. ਸਾਡਾ “ਗੁਆਂਢੀ” ਕੌਣ ਹੈ?

3 ਗੌਰ ਕਰੋ ਕਿ ਯਿਸੂ ਨੇ ਯਹੋਵਾਹ ਨੂੰ ਪਿਆਰ ਕਰਨ ਤੋਂ ਬਾਅਦ ਆਪਣੇ ਗੁਆਂਢੀ ਨੂੰ ਪਿਆਰ ਕਰਨ ਲਈ ਕਿਹਾ। ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਸਾਰਿਆਂ ਲਈ ਪਿਆਰ ਦਿਖਾਉਣਾ ਕਿੰਨਾ ਜ਼ਰੂਰੀ ਹੈ! ਪਰ ਸਾਡਾ “ਗੁਆਂਢੀ” ਹੈ ਕੌਣ? ਜੇ ਅਸੀਂ ਵਿਆਹੇ ਹਾਂ, ਤਾਂ ਸਾਡਾ ਸਭ ਤੋਂ ਨੇੜਲਾ ਗੁਆਂਢੀ ਸਾਡਾ ਜੀਵਨ ਸਾਥੀ ਹੈ। ਨਾਲੇ ਮੰਡਲੀ ਦੇ ਭੈਣ-ਭਰਾ ਵੀ ਸਾਡੇ ਕਰੀਬੀ ਗੁਆਂਢੀ ਹਨ। ਇਸ ਤੋਂ ਇਲਾਵਾ, ਪ੍ਰਚਾਰ ਵਿਚ ਮਿਲਣ ਵਾਲੇ ਲੋਕ ਵੀ ਸਾਡੇ ਗੁਆਂਢੀ ਹਨ। ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਅਸੀਂ ਆਪਣੇ ਗੁਆਂਢੀ ਨੂੰ ਪਿਆਰ ਕਿਵੇਂ ਦਿਖਾ ਸਕਦੇ ਹਾਂ।

ਆਪਣੇ ਜੀਵਨ ਸਾਥੀ ਨਾਲ ਪਿਆਰ ਕਰੋ

4. ਪਾਪੀ ਹੋਣ ਦੇ ਬਾਵਜੂਦ ਵੀ ਅਸੀਂ ਆਪਣੇ ਵਿਆਹੁਤਾ ਜੀਵਨ ਵਿਚ ਖ਼ੁਸ਼ੀਆਂ ਦੀ ਬਹਾਰ ਕਿਵੇਂ ਲਿਆ ਸਕਦੇ ਹਾਂ?

4 ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਬਣਾ ਕੇ ਉਨ੍ਹਾਂ ਦਾ ਵਿਆਹ ਕਰਵਾਇਆ। ਇਹ ਸਭ ਤੋਂ ਪਹਿਲਾਂ ਵਿਆਹ ਸੀ। ਪਰਮੇਸ਼ੁਰ ਚਾਹੁੰਦਾ ਸੀ ਕਿ ਉਹ ਖ਼ੁਸ਼ਹਾਲ ਵਿਆਹੁਤਾ ਜ਼ਿੰਦਗੀ ਗੁਜ਼ਾਰਨ ਅਤੇ ਧਰਤੀ ਨੂੰ ਆਪਣੇ ਬੱਚਿਆਂ ਨਾਲ ਭਰ ਦੇਣ। (ਉਤ. 1:27, 28) ਪਰ ਯਹੋਵਾਹ ਦਾ ਹੁਕਮ ਤੋੜਨ ਤੋਂ ਬਾਅਦ ਉਨ੍ਹਾਂ ਦੇ ਵਿਆਹੁਤਾ ਰਿਸ਼ਤੇ ਨੂੰ ਗ੍ਰਹਿਣ ਲੱਗ ਗਿਆ। ਇਸ ਕਰਕੇ ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਵਿਰਾਸਤ ਵਿਚ ਪਾਪ ਅਤੇ ਮੌਤ ਦਿੱਤੀ। (ਰੋਮੀ. 5:12) ਪਰ ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਆਪਣੇ ਵਿਆਹੁਤਾ ਜੀਵਨ ਵਿਚ ਖ਼ੁਸ਼ੀਆਂ ਦੀ ਬਹਾਰ ਕਿਵੇਂ ਲਿਆ ਸਕਦੇ ਹਾਂ। ਇਸ ਵਿਚ ਵਿਆਹ ਬਾਰੇ ਸਭ ਤੋਂ ਵਧੀਆ ਸਲਾਹ ਦਿੱਤੀ ਗਈ ਹੈ ਕਿਉਂਕਿ ਇਹ ਸਲਾਹ ਯਹੋਵਾਹ ਵੱਲੋਂ ਹੈ ਜਿਸ ਨੇ ਵਿਆਹ ਦੀ ਨੀਂਹ ਧਰੀ ਸੀ।2 ਤਿਮੋਥਿਉਸ 3:16, 17 ਪੜ੍ਹੋ।

5. ਵਿਆਹੁਤਾ ਜੀਵਨ ਵਿਚ ਪਿਆਰ ਕਿੰਨਾ ਕੁ ਜ਼ਰੂਰੀ ਹੈ?

5 ਬਾਈਬਲ ਦਿਖਾਉਂਦੀ ਹੈ ਕਿ ਸਾਰੇ ਰਿਸ਼ਤਿਆਂ ਵਿਚ ਖ਼ੁਸ਼ੀ ਪਾਉਣ ਲਈ ਪਿਆਰ ਜ਼ਰੂਰੀ ਹੈ। ਇਹ ਗੱਲ ਵਿਆਹੁਤਾ ਰਿਸ਼ਤੇ ਵਿਚ ਵੀ ਸੱਚ ਹੈ। ਪੌਲੁਸ ਰਸੂਲ ਨੇ ਸੱਚੇ ਪਿਆਰ ਬਾਰੇ ਸਮਝਾਉਂਦਿਆਂ ਕਿਹਾ: “ਪਿਆਰ ਧੀਰਜਵਾਨ ਅਤੇ ਦਿਆਲੂ ਹੈ। ਪਿਆਰ ਈਰਖਾ ਨਹੀਂ ਕਰਦਾ, ਸ਼ੇਖ਼ੀਆਂ ਨਹੀਂ ਮਾਰਦਾ, ਘਮੰਡ ਨਾਲ ਫੁੱਲਦਾ ਨਹੀਂ, ਬਦਤਮੀਜ਼ੀ ਨਾਲ ਪੇਸ਼ ਨਹੀਂ ਆਉਂਦਾ, ਆਪਣੇ ਬਾਰੇ ਹੀ ਨਹੀਂ ਸੋਚਦਾ, ਖਿਝਦਾ ਨਹੀਂ। ਇਹ ਗਿਲੇ-ਸ਼ਿਕਵਿਆਂ ਦਾ ਹਿਸਾਬ ਨਹੀਂ ਰੱਖਦਾ। ਇਹ ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ, ਪਰ ਸੱਚਾਈ ਤੋਂ ਖ਼ੁਸ਼ ਹੁੰਦਾ ਹੈ। ਇਹ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ, ਸਾਰੀਆਂ ਗੱਲਾਂ ਉੱਤੇ ਭਰੋਸਾ ਕਰਦਾ ਹੈ, ਸਾਰੀਆਂ ਗੱਲਾਂ ਦੀ ਆਸ ਰੱਖਦਾ ਹੈ, ਕਿਸੇ ਗੱਲ ਵਿਚ ਹਿੰਮਤ ਨਹੀਂ ਹਾਰਦਾ। ਪਿਆਰ ਕਦੇ ਖ਼ਤਮ ਨਹੀਂ ਹੁੰਦਾ।” (1 ਕੁਰਿੰ. 13:4-8) ਪੌਲੁਸ ਦੇ ਇਨ੍ਹਾਂ ਸ਼ਬਦਾਂ ’ਤੇ ਸੋਚ-ਵਿਚਾਰ ਕਰ ਕੇ ਅਤੇ ਇਨ੍ਹਾਂ ਨੂੰ ਲਾਗੂ ਕਰ ਕੇ ਸਾਡਾ ਵਿਆਹੁਤਾ ਜੀਵਨ ਖ਼ੁਸ਼ੀਆਂ ਨਾਲ ਭਰ ਜਾਵੇਗਾ।

ਬਾਈਬਲ ਦੱਸਦੀ ਹੈ ਕਿ ਅਸੀਂ ਵਿਆਹੁਤਾ ਜੀਵਨ ਵਿਚ ਖ਼ੁਸ਼ੀਆਂ ਦੀ ਬਹਾਰ ਕਿਵੇਂ ਲਿਆ ਸਕਦੇ ਹਾਂ (ਪੈਰੇ 6, 7 ਦੇਖੋ)

6, 7. (ੳ) ਬਾਈਬਲ ਘਰ ਦੇ ਮੁਖੀ ਨੂੰ ਕਿਹੜੀ ਸਲਾਹ ਦਿੰਦੀ ਹੈ? (ਅ) ਇਕ ਮਸੀਹੀ ਪਤੀ ਨੂੰ ਆਪਣੀ ਪਤਨੀ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

6 ਯਹੋਵਾਹ ਨੇ ਤੈਅ ਕੀਤਾ ਹੈ ਕਿ ਪਰਿਵਾਰ ਵਿਚ ਕਿਸ ਨੂੰ ਮੁਖੀ ਹੋਣਾ ਚਾਹੀਦਾ ਹੈ। ਪੌਲੁਸ ਨੇ ਦੱਸਿਆ: “ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਜਾਣ ਲਵੋ ਕਿ ਹਰ ਆਦਮੀ ਦਾ ਸਿਰ ਮਸੀਹ ਹੈ; ਅਤੇ ਹਰ ਤੀਵੀਂ ਦਾ ਸਿਰ ਆਦਮੀ ਹੈ; ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।” (1 ਕੁਰਿੰ. 11:3) ਪਰ ਯਹੋਵਾਹ ਚਾਹੁੰਦਾ ਹੈ ਕਿ ਪਤੀ ਪਿਆਰ ਕਰਨ ਵਾਲਾ ਮੁਖੀ ਹੋਵੇ, ਨਾ ਕਿ ਰੁੱਖੇ ਜਾਂ ਬੇਰਹਿਮ ਤਰੀਕੇ ਨਾਲ ਪੇਸ਼ ਆਉਣ ਵਾਲਾ। ਯਹੋਵਾਹ ਖ਼ੁਦ ਇਕ ਪਿਆਰ ਕਰਨ ਵਾਲਾ ਤੇ ਨਿਰਸੁਆਰਥ ਮੁਖੀ ਹੈ। ਇਸ ਲਈ ਯਿਸੂ ਯਹੋਵਾਹ ਦੇ ਪਿਆਰ ਭਰੇ ਅਧਿਕਾਰ ਲਈ ਆਦਰ ਦਿਖਾਉਂਦਾ ਹੈ। ਉਸ ਨੇ ਕਿਹਾ: “ਮੈਂ ਪਿਤਾ ਨਾਲ ਪਿਆਰ ਕਰਦਾ ਹਾਂ।” (ਯੂਹੰ. 14:31) ਯਿਸੂ ਨੇ ਕਦੀ ਵੀ ਇਸ ਤਰ੍ਹਾਂ ਮਹਿਸੂਸ ਨਹੀਂ ਕੀਤਾ ਕਿ ਯਹੋਵਾਹ ਉਸ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਇਆ।

7 ਭਾਵੇਂ ਕਿ ਪਤੀ ਆਪਣੀ ਪਤਨੀ ਦਾ ਸਿਰ ਹੈ, ਪਰ ਫਿਰ ਵੀ ਬਾਈਬਲ ਦੱਸਦੀ ਹੈ ਕਿ ਉਹ ਆਪਣੀ ਪਤਨੀ ਦਾ ਆਦਰ ਕਰੇ। (1 ਪਤ. 3:7) ਇਕ ਪਤੀ ਇਹ ਕਿਵੇਂ ਕਰ ਸਕਦਾ ਹੈ? ਆਪਣੀ ਪਤਨੀ ਦੀਆਂ ਲੋੜਾਂ ਵੱਲ ਧਿਆਨ ਦੇ ਕੇ ਅਤੇ ਕੁਝ ਮਾਮਲਿਆਂ ਵਿਚ ਉਸ ਦੀ ਰਾਇ ਨੂੰ ਪਹਿਲੀ ਥਾਂ ਦੇ ਕੇ। ਬਾਈਬਲ ਦੱਸਦੀ ਹੈ: “ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰਦੇ ਰਹੋ, ਠੀਕ ਜਿਵੇਂ ਮਸੀਹ ਨੇ ਮੰਡਲੀ ਨਾਲ ਪਿਆਰ ਕੀਤਾ ਅਤੇ ਇਸ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ।” (ਅਫ਼. 5:25) ਜੀ ਹਾਂ, ਯਿਸੂ ਨੇ ਤਾਂ ਆਪਣੇ ਚੇਲਿਆਂ ਲਈ ਆਪਣੀ ਜਾਨ ਤਕ ਵੀ ਵਾਰ ਦਿੱਤੀ। ਜਦੋਂ ਇਕ ਪਤੀ ਯਿਸੂ ਵਾਂਗ ਇਕ ਪਿਆਰ ਕਰਨ ਵਾਲਾ ਮੁਖੀ ਬਣੇਗਾ, ਤਾਂ ਉਸ ਦੀ ਪਤਨੀ ਲਈ ਉਸ ਨਾਲ ਪਿਆਰ ਕਰਨਾ, ਉਸ ਦੀ ਇੱਜ਼ਤ ਕਰਨੀ ਅਤੇ ਉਸ ਵੱਲੋਂ ਕੀਤੇ ਫ਼ੈਸਲਿਆਂ ਦਾ ਸਾਥ ਦੇਣਾ ਹੋਰ ਵੀ ਆਸਾਨ ਹੋ ਜਾਵੇਗਾ।ਤੀਤੁਸ 2:3-5 ਪੜ੍ਹੋ।

ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਕਰੋ

8. ਤੁਸੀਂ ਆਪਣੇ ਭੈਣਾਂ-ਭਰਾਵਾਂ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

8 ਅੱਜ ਪੂਰੀ ਧਰਤੀ ’ਤੇ ਲੱਖਾਂ ਹੀ ਲੋਕ ਯਹੋਵਾਹ ਦੀ ਭਗਤੀ ਕਰ ਰਹੇ ਹਨ। ਤੁਸੀਂ ਆਪਣੇ ਭੈਣਾਂ-ਭਰਾਵਾਂ ਬਾਰੇ ਕਿਵੇਂ ਮਹਿਸੂਸ ਕਰਦੇ ਹੋ? ਬਾਈਬਲ ਕਹਿੰਦੀ ਹੈ: “ਆਓ ਆਪਾਂ ਸਾਰਿਆਂ ਦਾ ਭਲਾ ਕਰਦੇ ਰਹੀਏ, ਪਰ ਖ਼ਾਸ ਕਰਕੇ ਉਨ੍ਹਾਂ ਦਾ ਜੋ ਸਾਡੇ ਮਸੀਹੀ ਭੈਣ-ਭਰਾ ਹਨ।” (ਗਲਾ. 6:10; ਰੋਮੀਆਂ 12:10 ਪੜ੍ਹੋ।) ਪਤਰਸ ਰਸੂਲ ਨੇ ਲਿਖਿਆ: “ਹੁਣ ਤੁਸੀਂ ਸੱਚਾਈ ਉੱਤੇ ਚੱਲ ਕੇ ਆਪਣੇ ਆਪ ਨੂੰ ਸ਼ੁੱਧ ਕੀਤਾ ਹੈ ਅਤੇ ਇਸ ਨਾਲ ਤੁਹਾਡੇ ਅੰਦਰ ਭਰਾਵਾਂ ਲਈ ਸੱਚਾ ਪਿਆਰ ਪੈਦਾ ਹੋਇਆ ਹੈ, ਇਸ ਲਈ ਇਕ-ਦੂਸਰੇ ਨਾਲ ਦਿਲੋਂ ਗੂੜ੍ਹਾ ਪਿਆਰ ਕਰੋ।” ਪਤਰਸ ਨੇ ਇਹ ਵੀ ਕਿਹਾ ਕਿ “ਸਭ ਤੋਂ ਜ਼ਰੂਰੀ ਗੱਲ ਹੈ ਕਿ ਇਕ-ਦੂਜੇ ਨਾਲ ਦਿਲੋਂ ਪਿਆਰ ਕਰੋ।”1 ਪਤ. 1:22; 4:8.

9, 10. ਪਰਮੇਸ਼ੁਰ ਦੇ ਲੋਕਾਂ ਵਿਚ ਏਕਤਾ ਕਿਉਂ ਹੈ?

9 ਦੁਨੀਆਂ ਭਰ ਵਿਚ ਸਾਡਾ ਸੰਗਠਨ ਬਿਲਕੁਲ ਹੀ ਵੱਖਰਾ ਹੈ। ਕਿਉਂ? ਕਿਉਂਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਦਿਲੋਂ ਪਿਆਰ ਕਰਦੇ ਹਾਂ। ਪਰ ਸਭ ਤੋਂ ਜ਼ਰੂਰੀ ਕਾਰਨ ਇਹ ਹੈ ਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ ਤੇ ਉਸ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਹਾਂ। ਇਸ ਤੋਂ ਇਲਾਵਾ, ਯਹੋਵਾਹ ਕਾਇਨਾਤ ਦੀ ਸਭ ਤੋਂ ਜ਼ਬਰਦਸਤ ਸ਼ਕਤੀ ਯਾਨੀ ਆਪਣੀ ਪਵਿੱਤਰ ਸ਼ਕਤੀ ਨਾਲ ਸਾਡੀ ਸਹਾਇਤਾ ਕਰਦਾ ਹੈ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਡੇ ਦੁਨੀਆਂ ਭਰ ਦੇ ਭਾਈਚਾਰੇ ਦੀ ਡੋਰ ਨੂੰ ਮਜ਼ਬੂਤ ਰੱਖਣ ਵਿਚ ਮਦਦ ਕਰਦੀ ਹੈ।1 ਯੂਹੰਨਾ 4:20, 21 ਪੜ੍ਹੋ।

10 ਪੌਲੁਸ ਨੇ ਮਸੀਹੀਆਂ ਵਿਚ ਆਪਸੀ ਪਿਆਰ ਦੀ ਲੋੜ ’ਤੇ ਜ਼ੋਰ ਦਿੰਦਿਆਂ ਲਿਖਿਆ: “ਪਿਆਰੇ ਸੇਵਕਾਂ ਵਜੋਂ, ਹਮਦਰਦੀ, ਦਇਆ, ਨਿਮਰਤਾ, ਨਰਮਾਈ ਤੇ ਧੀਰਜ ਨੂੰ ਕੱਪੜਿਆਂ ਵਾਂਗ ਪਹਿਨ ਲਓ। ਜੇ ਕਿਸੇ ਨੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਕੀਤਾ ਵੀ ਹੈ, ਤਾਂ ਵੀ ਤੁਸੀਂ ਇਕ-ਦੂਜੇ ਦੀ ਸਹਿੰਦੇ ਰਹੋ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ। ਜਿਵੇਂ ਯਹੋਵਾਹ ਨੇ ਤੁਹਾਨੂੰ ਦਿਲੋਂ ਮਾਫ਼ ਕੀਤਾ ਹੈ, ਤੁਸੀਂ ਵੀ ਇਸੇ ਤਰ੍ਹਾਂ ਕਰੋ। ਪਰ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਇਕ-ਦੂਜੇ ਨਾਲ ਪਿਆਰ ਕਰੋ ਕਿਉਂਕਿ ਪਿਆਰ ਹੀ ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।” (ਕੁਲੁ. 3:12-14) ਅਸੀਂ ਕਿੰਨੇ ਹੀ ਸ਼ੁਕਰਗੁਜ਼ਾਰ ਹਾਂ ਕਿ ਵੱਖੋ-ਵੱਖਰੀਆਂ ਕੌਮਾਂ ਜਾਂ ਨਸਲਾਂ ਦੇ ਹੋਣ ਦੇ ਬਾਵਜੂਦ ਵੀ ਸਾਡੇ ਵਿਚ ਇਸ ਤਰ੍ਹਾਂ ਦਾ ਪਿਆਰ ਹੈ ਜੋ “ਸਾਰਿਆਂ ਨੂੰ ਏਕਤਾ ਦੇ ਬੰਧਨ ਵਿਚ ਪੂਰੀ ਤਰ੍ਹਾਂ ਬੰਨ੍ਹਦਾ ਹੈ।”

11. ਪਰਮੇਸ਼ੁਰ ਦੇ ਸੰਗਠਨ ਦੀ ਪਛਾਣ ਕੀ ਹੈ?

11 ਯਹੋਵਾਹ ਦੇ ਸੇਵਕਾਂ ਵਿਚ ਸੱਚਾ ਪਿਆਰ ਅਤੇ ਏਕਤਾ ਇਸ ਗੱਲ ਦੀ ਪਛਾਣ ਹੈ ਕਿ ਉਹੀ ਸੱਚੇ ਧਰਮ ਨੂੰ ਮੰਨਦੇ ਹਨ। ਯਿਸੂ ਨੇ ਕਿਹਾ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” (ਯੂਹੰ. 13:34, 35) ਨਾਲੇ ਯੂਹੰਨਾ ਰਸੂਲ ਨੇ ਵੀ ਲਿਖਿਆ: “ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਕੌਣ ਪਰਮੇਸ਼ੁਰ ਦੇ ਬੱਚੇ ਹਨ ਅਤੇ ਕੌਣ ਸ਼ੈਤਾਨ ਦੇ ਬੱਚੇ ਹਨ: ਜਿਹੜੇ ਧਾਰਮਿਕਤਾ ਦੇ ਰਾਹ ’ਤੇ ਨਹੀਂ ਚੱਲਦੇ, ਉਹ ਪਰਮੇਸ਼ੁਰ ਦੇ ਬੱਚੇ ਨਹੀਂ ਹਨ ਤੇ ਨਾ ਹੀ ਉਹ ਜਿਹੜੇ ਆਪਣੇ ਭਰਾ ਨੂੰ ਪਿਆਰ ਨਹੀਂ ਕਰਦੇ। ਤੁਸੀਂ ਸ਼ੁਰੂ ਤੋਂ ਸੁਣੇ ਇਸ ਸੰਦੇਸ਼ ਨੂੰ ਯਾਦ ਰੱਖੋ ਕਿ ਸਾਨੂੰ ਇਕ-ਦੂਸਰੇ ਨਾਲ ਪਿਆਰ ਕਰਨਾ ਚਾਹੀਦਾ ਹੈ।” (1 ਯੂਹੰ. 3:10, 11) ਯਹੋਵਾਹ ਦੇ ਗਵਾਹਾਂ ਵਿਚ ਪਿਆਰ ਅਤੇ ਏਕਤਾ ਤੋਂ ਪਤਾ ਲੱਗਦਾ ਹੈ ਕਿ ਉਹੀ ਮਸੀਹ ਦੇ ਸੱਚੇ ਚੇਲੇ ਹਨ। ਪਰਮੇਸ਼ੁਰ ਆਪਣੇ ਲੋਕਾਂ ਰਾਹੀਂ ਧਰਤੀ ਦੇ ਕੋਨੇ-ਕੋਨੇ ਤਕ ਰਾਜ ਦੀ ਖ਼ੁਸ਼ ਖ਼ਬਰੀ ਫੈਲਾ ਰਿਹਾ ਹੈ।ਮੱਤੀ 24:14.

“ਇਕ ਵੱਡੀ ਭੀੜ” ਨੂੰ ਇਕੱਠਾ ਕਰਨਾ

12, 13. ਅੱਜ “ਵੱਡੀ ਭੀੜ” ਦੇ ਲੋਕ ਕੀ ਕਰ ਰਹੇ ਹਨ ਅਤੇ ਉਹ ਜਲਦੀ ਹੀ ਕਿਹੜਾ ਵਾਅਦਾ ਪੂਰਾ ਹੁੰਦਾ ਦੇਖਣਗੇ?

12 ਅੱਜ ਯਹੋਵਾਹ ਦੇ ਜ਼ਿਆਦਾਤਰ ਸੇਵਕ “ਸਾਰੀਆਂ ਕੌਮਾਂ, ਕਬੀਲਿਆਂ, ਨਸਲਾਂ ਅਤੇ ਬੋਲੀਆਂ” ਵਿੱਚੋਂ ਹਨ। ਇਹ ‘ਵੱਡੀ ਭੀੜ ਪਰਮੇਸ਼ੁਰ ਦੇ ਸਿੰਘਾਸਣ ਦੇ ਸਾਮ੍ਹਣੇ ਅਤੇ ਲੇਲੇ ਯਿਸੂ ਮਸੀਹ ਦੇ ਸਾਮ੍ਹਣੇ ਖੜ੍ਹੀ ਹੈ।’ ਇਹ ਲੋਕ ਕੌਣ ਹਨ? “ਇਹ ਉਹ ਲੋਕ ਹਨ ਜਿਹੜੇ ਮਹਾਂਕਸ਼ਟ ਵਿੱਚੋਂ ਬਚ ਕੇ ਨਿਕਲੇ ਹਨ ਅਤੇ ਇਨ੍ਹਾਂ ਨੇ ਆਪਣੇ ਚੋਗੇ ਲੇਲੇ ਦੇ ਲਹੂ ਨਾਲ ਧੋ ਕੇ ਚਿੱਟੇ ਕੀਤੇ ਹਨ” ਕਿਉਂਕਿ ਇਹ ਯਿਸੂ ਦੀ ਕੁਰਬਾਨੀ ’ਤੇ ਨਿਹਚਾ ਦਿਖਾਉਂਦੇ ਹਨ। ਵਧ ਰਹੀ “ਵੱਡੀ ਭੀੜ” ਦੇ ਲੋਕ ਯਹੋਵਾਹ ਅਤੇ ਯਿਸੂ ਨੂੰ ਪਿਆਰ ਕਰਦੇ ਹਨ ਅਤੇ “ਦਿਨ-ਰਾਤ [ਪਰਮੇਸ਼ੁਰ] ਦੀ ਭਗਤੀ ਕਰਦੇ ਹਨ।”ਪ੍ਰਕਾ. 7:9, 14, 15.

13 ਪਰਮੇਸ਼ੁਰ ਜਲਦੀ ਹੀ “ਮਹਾਂਕਸ਼ਟ” ਰਾਹੀਂ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਰ ਦੇਵੇਗਾ। (ਮੱਤੀ 24:21; ਯਿਰਮਿਯਾਹ 25:32, 33 ਪੜ੍ਹੋ।) ਪਰ ਆਪਣੇ ਲੋਕਾਂ ਲਈ ਪਿਆਰ ਹੋਣ ਕਰਕੇ ਯਹੋਵਾਹ ਉਨ੍ਹਾਂ ਦੀ ਰੱਖਿਆ ਕਰੇਗਾ ਅਤੇ ਆਪਣੀ ਨਵੀਂ ਦੁਨੀਆਂ ਵਿਚ ਲਿਜਾਣ ਲਈ ਉਨ੍ਹਾਂ ਦੀ ਅਗਵਾਈ ਕਰੇਗਾ। ਉਸ ਨੇ ਲਗਭਗ 2,000 ਸਾਲ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ “ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।” ਕੀ ਤੁਸੀਂ ਉਸ ਨਵੀਂ ਦੁਨੀਆਂ ਵਿਚ ਰਹਿਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹੋ ਜਿੱਥੇ “ਪੁਰਾਣੀਆਂ ਗੱਲਾਂ ਖ਼ਤਮ ਹੋ” ਜਾਣਗੀਆਂ?ਪ੍ਰਕਾ. 21:4.

14. ਵੱਡੀ ਭੀੜ ਵਿਚ ਕਿੰਨੇ ਕੁ ਲੋਕ ਹਨ?

14 ਜਦੋਂ 1914 ਵਿਚ ਆਖ਼ਰੀ ਦਿਨ ਸ਼ੁਰੂ ਹੋਏ, ਤਾਂ ਉਸ ਸਮੇਂ ਸਵਰਗੀ ਉਮੀਦ ਰੱਖਣ ਵਾਲੇ ਲੋਕਾਂ ਦੀ ਗਿਣਤੀ ਕੁਝ ਹਜ਼ਾਰ ਹੀ ਸੀ। ਗੁਆਂਢੀ ਨਾਲ ਦਿਲੋਂ ਪਿਆਰ ਹੋਣ ਕਰਕੇ ਅਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਇਸ ਛੋਟੇ ਜਿਹੇ ਗਰੁੱਪ ਨੇ ਮੁਸ਼ਕਲਾਂ ਦੇ ਬਾਵਜੂਦ ਵੀ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। ਇਸ ਦਾ ਨਤੀਜਾ ਕੀ ਨਿਕਲਿਆ? ਧਰਤੀ ਉੱਤੇ ਹਮੇਸ਼ਾ ਰਹਿਣ ਦੀ ਆਸ ਰੱਖਣ ਵਾਲੇ ਲੋਕਾਂ ਦੀ ਵੱਡੀ ਭੀੜ ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਅੱਜ ਦੁਨੀਆਂ ਭਰ ਵਿਚ 1,15,400 ਮੰਡਲੀਆਂ ਵਿਚ ਲਗਭਗ 80 ਲੱਖ ਗਵਾਹ ਹਨ ਅਤੇ ਇਨ੍ਹਾਂ ਦੀ ਗਿਣਤੀ ਦਿਨ-ਬਦਿਨ ਵੱਧ ਰਹੀ ਹੈ। ਮਿਸਾਲ ਲਈ, 2014 ਦੇ ਸੇਵਾ ਸਾਲ ਵਿਚ 2,75,500 ਤੋਂ ਜ਼ਿਆਦਾ ਲੋਕਾਂ ਨੇ ਬਪਤਿਸਮਾ ਲਿਆ। ਇਸ ਦਾ ਮਤਲਬ ਹੈ ਕਿ ਹਰ ਹਫ਼ਤੇ ਲਗਭਗ 5,300 ਲੋਕਾਂ ਨੇ ਬਪਤਿਸਮਾ ਲਿਆ।

15. ਅੱਜ ਬਹੁਤ ਸਾਰੇ ਲੋਕਾਂ ਤਕ ਖ਼ੁਸ਼ ਖ਼ਬਰੀ ਕਿਵੇਂ ਪਹੁੰਚ ਰਹੀ ਹੈ?

15 ਇਹ ਹੈਰਾਨੀ ਦੀ ਗੱਲ ਹੈ ਕਿ ਕਿੰਨੇ ਹੀ ਲੋਕਾਂ ਨੇ ਰਾਜ ਦੀ ਖ਼ੁਸ਼ ਖ਼ਬਰੀ ਬਾਰੇ ਸੁਣਿਆ ਹੈ। ਅੱਜ 700 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਸਾਡੇ ਪ੍ਰਕਾਸ਼ਨ ਉਪਲਬਧ ਹਨ। ਪਹਿਰਾਬੁਰਜ ਰਸਾਲਾ ਦੁਨੀਆਂ ਭਰ ਵਿਚ ਸਭ ਤੋਂ ਜ਼ਿਆਦਾ ਵੰਡਿਆ ਜਾਣ ਵਾਲਾ ਰਸਾਲਾ ਹੈ। ਹਰ ਮਹੀਨੇ 247 ਭਾਸ਼ਾਵਾਂ ਵਿਚ ਇਸ ਦੀਆਂ 5 ਕਰੋੜ 20 ਲੱਖ ਤੋਂ ਜ਼ਿਆਦਾ ਕਾਪੀਆਂ ਛਾਪੀਆਂ ਜਾਂਦੀਆਂ ਹਨ। ਬਾਈਬਲ ਸਟੱਡੀ ਕਰਵਾਉਣ ਲਈ ਵਰਤੀ ਜਾਣ ਵਾਲੀ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ 250 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਹੁਣ ਤਕ ਇਸ ਦੀਆਂ 20 ਕਰੋੜ ਤੋਂ ਜ਼ਿਆਦਾ ਕਾਪੀਆਂ ਛਪ ਚੁੱਕੀਆਂ ਹਨ।

16. ਯਹੋਵਾਹ ਦਾ ਸੰਗਠਨ ਲਗਾਤਾਰ ਕਿਉਂ ਵਧ-ਫੁੱਲ ਰਿਹਾ ਹੈ?

16 ਸਾਡਾ ਸੰਗਠਨ ਵਧ-ਫੁੱਲ ਰਿਹਾ ਹੈ ਕਿਉਂਕਿ ਅਸੀਂ ਪਰਮੇਸ਼ੁਰ ’ਤੇ ਨਿਹਚਾ ਕਰਦੇ ਹਾਂ ਅਤੇ ਬਾਈਬਲ ਨੂੰ ਉਸ ਦਾ ਬਚਨ ਸਮਝ ਕੇ ਕਬੂਲ ਕਰਦੇ ਹਾਂ। (1 ਥੱਸ. 2:13) ਸ਼ੈਤਾਨ ਦੀ ਨਫ਼ਰਤ ਅਤੇ ਵਿਰੋਧਤਾ ਦੇ ਬਾਵਜੂਦ ਵੀ ਅਸੀਂ ਲਗਾਤਾਰ ਯਹੋਵਾਹ ਦੀਆਂ ਬਰਕਤਾਂ ਦਾ ਆਨੰਦ ਮਾਣ ਰਹੇ ਹਾਂ।2 ਕੁਰਿੰ. 4:4.

ਹਮੇਸ਼ਾ ਦੂਸਰਿਆਂ ਨਾਲ ਪਿਆਰ ਕਰੋ

17, 18. ਯਹੋਵਾਹ ਉਸ ਦੀ ਭਗਤੀ ਨਾ ਕਰਨ ਵਾਲੇ ਲੋਕਾਂ ਨਾਲ ਪੇਸ਼ ਆਉਣ ਸੰਬੰਧੀ ਸਾਡੇ ਤੋਂ ਕੀ ਉਮੀਦ ਰੱਖਦਾ ਹੈ?

17 ਸਾਡੇ ਪ੍ਰਚਾਰ ਪ੍ਰਤੀ ਲੋਕਾਂ ਦਾ ਅਲੱਗ-ਅਲੱਗ ਰਵੱਈਆ ਹੁੰਦਾ ਹੈ। ਕੁਝ ਲੋਕ ਸੁਣਦੇ ਹਨ ਜਦਕਿ ਹੋਰ ਲੋਕ ਇਸ ਦਾ ਵਿਰੋਧ ਕਰਦੇ ਹਨ। ਯਹੋਵਾਹ ਉਸ ਦੀ ਭਗਤੀ ਨਾ ਕਰਨ ਵਾਲੇ ਲੋਕਾਂ ਨਾਲ ਪੇਸ਼ ਆਉਣ ਸੰਬੰਧੀ ਸਾਡੇ ਤੋਂ ਕੀ ਉਮੀਦ ਰੱਖਦਾ ਹੈ? ਸਾਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਲੋਕ ਸਾਡਾ ਸੰਦੇਸ਼ ਸੁਣ ਕੇ ਸਾਡੇ ਨਾਲ ਕਿਵੇਂ ਪੇਸ਼ ਆਉਂਦੇ ਹਨ, ਪਰ ਅਸੀਂ ਹਮੇਸ਼ਾ ਬਾਈਬਲ ਦੀ ਇਹ ਸਲਾਹ ਲਾਗੂ ਕਰਦੇ ਹਾਂ: “ਜਿਵੇਂ ਲੂਣ ਖਾਣੇ ਨੂੰ ਸੁਆਦੀ ਬਣਾਉਂਦਾ ਹੈ, ਉਸੇ ਤਰ੍ਹਾਂ ਤੁਸੀਂ ਸਲੀਕੇ ਨਾਲ ਗੱਲ ਕਰੋ ਤਾਂਕਿ ਸੁਣਨ ਵਾਲੇ ਨੂੰ ਤੁਹਾਡੀਆਂ ਗੱਲਾਂ ਚੰਗੀਆਂ ਲੱਗਣ ਅਤੇ ਫਿਰ ਤੁਹਾਨੂੰ ਪਤਾ ਰਹੇਗਾ ਕਿ ਤੁਸੀਂ ਹਰੇਕ ਨੂੰ ਕਿਵੇਂ ਜਵਾਬ ਦੇਣਾ ਹੈ।” (ਕੁਲੁ. 4:6) ਜਦੋਂ ਵੀ ਅਸੀਂ ਆਪਣੇ ਵਿਸ਼ਵਾਸਾਂ ਦੇ ਹੱਕ ਵਿਚ ਬੋਲਦੇ ਹਾਂ, ਤਾਂ ਅਸੀਂ “ਨਰਮਾਈ ਅਤੇ ਪੂਰੇ ਆਦਰ ਨਾਲ” ਬੋਲਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਆਪਣੇ ਗੁਆਂਢੀ ਨੂੰ ਪਿਆਰ ਕਰਦੇ ਹਾਂ।1 ਪਤ. 3:15.

18 ਜਦੋਂ ਲੋਕ ਗੁੱਸੇ ਵਿਚ ਆ ਕੇ ਸਾਡਾ ਸੰਦੇਸ਼ ਨਹੀਂ ਸੁਣਦੇ, ਉਦੋਂ ਵੀ ਅਸੀਂ ਆਪਣੇ ਗੁਆਂਢੀ ਨੂੰ ਪਿਆਰ ਦਿਖਾਉਂਦੇ ਹਾਂ। ਅਸੀਂ ਵੀ ਇਸ ਮਾਮਲੇ ਵਿਚ ਯਿਸੂ ਦੀ ਰੀਸ ਕਰਦੇ ਹਾਂ: “ਜਦੋਂ ਲੋਕ ਉਸ ਦੀ ਬੇਇੱਜ਼ਤੀ ਕਰਦੇ ਸਨ, ਤਾਂ ਉਹ ਬਦਲੇ ਵਿਚ ਉਨ੍ਹਾਂ ਦੀ ਬੇਇੱਜ਼ਤੀ ਨਹੀਂ ਕਰਦਾ ਸੀ। ਜਦੋਂ ਲੋਕ ਉਸ ਨੂੰ ਸਤਾਉਂਦੇ ਸਨ, ਤਾਂ ਉਹ ਉਨ੍ਹਾਂ ਨੂੰ ਡਰਾਉਂਦਾ-ਧਮਕਾਉਂਦਾ ਨਹੀਂ ਸੀ, ਪਰ ਉਸ ਨੇ ਆਪਣੇ ਆਪ ਨੂੰ ਸੱਚਾ ਨਿਆਂ ਕਰਨ ਵਾਲੇ ਦੇ ਹੱਥ ਵਿਚ ਸੌਂਪ ਦਿੱਤਾ।” (1 ਪਤ. 2:23) ਇਸ ਲਈ ਅਸੀਂ ਹਰ ਵੇਲੇ ਨਿਮਰਤਾ ਦਿਖਾਉਂਦੇ ਹਾਂ ਅਤੇ ਇਸ ਸਲਾਹ ਨੂੰ ਲਾਗੂ ਕਰਦੇ ਹਾਂ: “ਜੇ ਕੋਈ ਤੁਹਾਡੇ ਨਾਲ ਬੁਰਾ ਕਰਦਾ ਹੈ, ਤਾਂ ਬਦਲੇ ਵਿਚ ਉਸ ਨਾਲ ਬੁਰਾ ਨਾ ਕਰੋ ਅਤੇ ਜੇ ਕੋਈ ਤੁਹਾਡੀ ਬੇਇੱਜ਼ਤੀ ਕਰਦਾ ਹੈ, ਤਾਂ ਬਦਲੇ ਵਿਚ ਉਸ ਦੀ ਬੇਇੱਜ਼ਤੀ ਨਾ ਕਰੋ। ਇਸ ਦੀ ਬਜਾਇ, ਉਨ੍ਹਾਂ ਦਾ ਭਲਾ ਕਰੋ।”1 ਪਤ. 3:8, 9.

19. ਸਾਨੂੰ ਆਪਣੇ ਵੈਰੀਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?

19 ਯਿਸੂ ਵੱਲੋਂ ਦਿੱਤੇ ਇਸ ਅਹਿਮ ਅਸੂਲ ਨੂੰ ਮੰਨਣ ਵਿਚ ਨਿਮਰਤਾ ਸਾਡੀ ਮਦਦ ਕਰਦੀ ਹੈ। ਉਸ ਨੇ ਸਮਝਾਇਆ: “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ: ‘ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਦੁਸ਼ਮਣ ਨਾਲ ਵੈਰ ਰੱਖ।’ ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ ਅਤੇ ਜੋ ਤੁਹਾਨੂੰ ਸਤਾਉਂਦੇ ਹਨ, ਉਨ੍ਹਾਂ ਲਈ ਪ੍ਰਾਰਥਨਾ ਕਰਦੇ ਰਹੋ, ਤਾਂਕਿ ਤੁਸੀਂ ਆਪਣੇ ਸਵਰਗੀ ਪਿਤਾ ਦੇ ਪੁੱਤਰ ਬਣੋ, ਕਿਉਂਜੋ ਉਹ ਆਪਣਾ ਸੂਰਜ ਬੁਰਿਆਂ ਅਤੇ ਚੰਗਿਆਂ ਦੋਹਾਂ ’ਤੇ ਚਾੜ੍ਹਦਾ ਹੈ ਅਤੇ ਨੇਕ ਤੇ ਦੁਸ਼ਟ ਲੋਕਾਂ ’ਤੇ ਮੀਂਹ ਵਰ੍ਹਾਉਂਦਾ ਹੈ।” (ਮੱਤੀ 5:43-45) ਸਾਨੂੰ ਪਰਮੇਸ਼ੁਰ ਦੇ ਸੇਵਕਾਂ ਵਜੋਂ ਆਪਣੇ ਵੈਰੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਚਾਹੇ ਉਹ ਸਾਡੇ ਨਾਲ ਜਿੱਦਾਂ ਦਾ ਮਰਜ਼ੀ ਸਲੂਕ ਕਰਨ।

20. ਅਸੀਂ ਕਿੱਦਾਂ ਜਾਣਦੇ ਹਾਂ ਕਿ ਇਕ ਦਿਨ ਸਾਰੇ ਲੋਕ ਯਹੋਵਾਹ ਅਤੇ ਆਪਣੇ ਗੁਆਂਢੀ ਨੂੰ ਪਿਆਰ ਕਰਨਗੇ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

20 ਸਾਨੂੰ ਹਰ ਵੇਲੇ ਯਹੋਵਾਹ ਅਤੇ ਆਪਣੇ ਗੁਆਂਢੀ ਨੂੰ ਪਿਆਰ ਦਿਖਾਉਣਾ ਚਾਹੀਦਾ ਹੈ। ਚਾਹੇ ਲੋਕ ਸਾਡਾ ਜਾਂ ਸਾਡੇ ਸੰਦੇਸ਼ ਦਾ ਵਿਰੋਧ ਕਰਨ, ਫਿਰ ਵੀ ਲੋੜ ਪੈਣ ਤੇ ਅਸੀਂ ਉਨ੍ਹਾਂ ਦੀ ਮਦਦ ਕਰਦੇ ਹਾਂ। ਪੌਲੁਸ ਰਸੂਲ ਨੇ ਲਿਖਿਆ: “ਇਕ-ਦੂਜੇ ਨੂੰ ਪਿਆਰ ਕਰਨ ਤੋਂ ਸਿਵਾਇ ਹੋਰ ਕਿਸੇ ਵੀ ਗੱਲ ਵਿਚ ਇਕ-ਦੂਜੇ ਦੇ ਕਰਜ਼ਦਾਰ ਨਾ ਬਣੋ; ਕਿਉਂਕਿ ਜਿਹੜਾ ਇਨਸਾਨ ਦੂਸਰਿਆਂ ਨਾਲ ਪਿਆਰ ਕਰਦਾ ਹੈ, ਉਹ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਦਾ ਹੈ। ਕਿਉਂਕਿ ਇਸ ਕਾਨੂੰਨ ਵਿਚ ਜਿੰਨੇ ਵੀ ਹੁਕਮ ਦਿੱਤੇ ਗਏ ਹਨ, ਜਿਵੇਂ ਕਿ ‘ਤੂੰ ਹਰਾਮਕਾਰੀ ਨਾ ਕਰ, ਤੂੰ ਖ਼ੂਨ ਨਾ ਕਰ, ਤੂੰ ਚੋਰੀ ਨਾ ਕਰ, ਤੂੰ ਲੋਭ ਨਾ ਕਰ,’ ਉਨ੍ਹਾਂ ਸਾਰੇ ਹੁਕਮਾਂ ਦਾ ਸਾਰ ਇਨ੍ਹਾਂ ਸ਼ਬਦਾਂ ਵਿਚ ਦਿੱਤਾ ਜਾ ਸਕਦਾ ਹੈ, ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ, ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’ ਪਿਆਰ ਕਰਨ ਵਾਲਾ ਇਨਸਾਨ ਆਪਣੇ ਗੁਆਂਢੀ ਨਾਲ ਬੁਰਾ ਨਹੀਂ ਕਰਦਾ; ਇਸ ਤਰ੍ਹਾਂ ਪਿਆਰ ਕਰਨ ਵਾਲਾ ਇਨਸਾਨ ਕਾਨੂੰਨ ਦੀ ਪਾਲਣਾ ਕਰਦਾ ਹੈ।” (ਰੋਮੀ. 13:8-10) ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਸ਼ੈਤਾਨ ਦੇ ਵੱਸ ਵਿਚ ਪਈ ਹਿੰਸਕ, ਦੁਸ਼ਟ ਅਤੇ ਫੁੱਟ ਪਈ ਦੁਨੀਆਂ ਵਿਚ ਆਪਣੇ ਗੁਆਂਢੀਆਂ ਨੂੰ ਸੱਚਾ ਪਿਆਰ ਦਿਖਾਉਂਦੇ ਹਾਂ। (1 ਯੂਹੰ. 5:19) ਜਦੋਂ ਸ਼ੈਤਾਨ, ਉਸ ਦੇ ਦੁਸ਼ਟ ਦੂਤਾਂ ਅਤੇ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਰ ਦਿੱਤਾ ਜਾਵੇਗਾ, ਤਾਂ ਪੂਰੀ ਧਰਤੀ ਪਿਆਰ ਨਾਲ ਭਰ ਜਾਵੇਗੀ। ਉਹ ਸਮਾਂ ਕਿੰਨਾ ਹੀ ਖ਼ੁਸ਼ੀਆਂ ਭਰਿਆ ਹੋਵੇਗਾ ਜਦੋਂ ਸਾਰੇ ਲੋਕ ਯਹੋਵਾਹ ਅਤੇ ਆਪਣੇ ਗੁਆਂਢੀ ਨੂੰ ਪਿਆਰ ਕਰਨਗੇ!