Skip to content

Skip to table of contents

ਯਹੋਵਾਹ ਦੀ ਸੇਵਾ ਕਰਨ ਲਈ ਆਪਣੇ ਬੱਚਿਆਂ ਨੂੰ ਸਿਖਲਾਈ ਦਿਓ

ਯਹੋਵਾਹ ਦੀ ਸੇਵਾ ਕਰਨ ਲਈ ਆਪਣੇ ਬੱਚਿਆਂ ਨੂੰ ਸਿਖਲਾਈ ਦਿਓ

“ਪਰਮੇਸ਼ੁਰ ਦਾ ਬੰਦਾ . . . ਸਾਨੂੰ ਸਿਖਾਵੇ ਕਿ ਜਿਹੜਾ ਮੁੰਡਾ ਜੰਮੇਗਾ ਉਸ ਨਾਲ ਕਿੱਕਰ ਕਰੀਏ।”ਨਿਆ. 13:8.

ਗੀਤ: 41, 6

1. ਮਾਨੋਆਹ ਨੇ ਉਦੋਂ ਕੀ ਕੀਤਾ ਜਦੋਂ ਉਸ ਨੇ ਸੁਣਿਆ ਕਿ ਉਹ ਪਿਤਾ ਬਣਨ ਵਾਲਾ ਸੀ?

ਮਾਨੋਆਹ ਤੇ ਉਸ ਦੀ ਪਤਨੀ ਨੂੰ ਪਤਾ ਸੀ ਕਿ ਉਨ੍ਹਾਂ ਦੇ ਘਰ ਕਦੇ ਬੱਚਾ ਨਹੀਂ ਹੋ ਸਕਦਾ। ਫਿਰ ਇਕ ਦਿਨ ਯਹੋਵਾਹ ਦੇ ਦੂਤ ਨੇ ਮਾਨੋਆਹ ਦੀ ਪਤਨੀ ਨੂੰ ਦੱਸਿਆ ਕਿ ਉਸ ਦੇ ਇਕ ਮੁੰਡਾ ਪੈਦਾ ਹੋਵੇਗਾ। ਕਿੰਨੀ ਹੀ ਖ਼ੁਸ਼ੀ ਦੀ ਗੱਲ! ਜਦੋਂ ਮਾਨੋਆਹ ਦੀ ਪਤਨੀ ਨੇ ਉਸ ਨੂੰ ਇਹ ਖ਼ਬਰ ਦੱਸੀ, ਤਾਂ ਉਹ ਖ਼ੁਸ਼ੀ ਨਾਲ ਫੁੱਲਿਆ ਨਹੀਂ ਸਮਾਇਆ। ਪਰ ਮਾਨੋਆਹ ਨੇ ਇਹ ਵੀ ਗੰਭੀਰਤਾ ਨਾਲ ਸੋਚਿਆ ਕਿ ਯਹੋਵਾਹ ਉਸ ਤੋਂ ਇਕ ਪਿਤਾ ਵਜੋਂ ਕੀ ਉਮੀਦ ਰੱਖਦਾ ਸੀ। ਇਜ਼ਰਾਈਲ ਵਿਚ ਬਹੁਤ ਸਾਰੇ ਲੋਕ ਬੁਰੇ ਕੰਮ ਕਰ ਰਹੇ ਸਨ। ਇਸ ਤਰ੍ਹਾਂ ਦੇ ਮਾਹੌਲ ਵਿਚ ਉਹ ਤੇ ਉਸ ਦੀ ਪਤਨੀ ਆਪਣੇ ਮੁੰਡੇ ਨੂੰ ਯਹੋਵਾਹ ਨਾਲ ਪਿਆਰ ਕਰਨਾ ਅਤੇ ਉਸ ਦੀ ਸੇਵਾ ਕਰਨੀ ਕਿਵੇਂ ਸਿਖਾ ਸਕਦੇ ਸਨ? ਮਾਨੋਆਹ ਨੇ “ਯਹੋਵਾਹ ਅੱਗੇ ਬੇਨਤੀ ਕਰ ਕੇ ਆਖਿਆ, ਹੇ ਪ੍ਰਭੁ, ਅਜਿਹਾ ਕਰ ਜੋ ਉਹ ਪਰਮੇਸ਼ੁਰ ਦਾ ਬੰਦਾ ਜਿਹ ਨੂੰ ਤੈਂ ਘੱਲਿਆ ਸੀ ਅਸਾਂ ਲੋਕਾਂ ਕੋਲ ਫੇਰ ਆਵੇ ਅਤੇ ਸਾਨੂੰ ਸਿਖਾਵੇ ਕਿ ਜਿਹੜਾ ਮੁੰਡਾ ਜੰਮੇਗਾ ਉਸ ਨਾਲ ਕਿੱਕਰ ਕਰੀਏ।”ਨਿਆ. 13:1-8.

2. ਬੱਚਿਆਂ ਨੂੰ ਸਿਖਲਾਈ ਦੇਣ ਵਿਚ ਕੀ ਕੁਝ ਸ਼ਾਮਲ ਹੈ? (“ ਤੁਹਾਡੇ ਸਭ ਤੋਂ ਅਹਿਮ ਬਾਈਬਲ ਵਿਦਿਆਰਥੀ” ਨਾਂ ਦੀ ਡੱਬੀ ਵੀ ਦੇਖੋ।)

2 ਜੇ ਤੁਸੀਂ ਮਾਪੇ ਹੋ, ਤਾਂ ਤੁਸੀਂ ਮਾਨੋਆਹ ਦੇ ਜਜ਼ਬਾਤ ਸਮਝ ਸਕਦੇ ਹੋ। ਤੁਹਾਡੀ ਵੀ ਇਹ ਗੰਭੀਰ ਜ਼ਿੰਮੇਵਾਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਦੇ ਨਾਲ-ਨਾਲ ਉਸ ਨਾਲ ਪਿਆਰ ਕਰਨਾ ਵੀ ਸਿਖਾਓ। (ਕਹਾ. 1:8) ਇਸ ਲਈ ਪਰਿਵਾਰਕ ਸਟੱਡੀ ਦੌਰਾਨ ਤੁਸੀਂ ਯਹੋਵਾਹ ਤੇ ਬਾਈਬਲ ਬਾਰੇ ਜਾਣਨ ਵਿਚ ਉਨ੍ਹਾਂ ਦੀ ਮਦਦ ਕਰਦੇ ਰਹਿ ਸਕਦੇ ਹੋ। ਪਰ ਆਪਣੇ ਬੱਚੇ ਦੇ ਦਿਲ ਤਕ ਸੱਚਾਈ ਪਹੁੰਚਾਉਣ ਲਈ ਹਰ ਹਫ਼ਤੇ ਪਰਿਵਾਰਕ ਸਟੱਡੀ ਕਰਾਉਣੀ ਹੀ ਕਾਫ਼ੀ ਨਹੀਂ ਹੈ। (ਬਿਵਸਥਾ ਸਾਰ 6:6-9 ਪੜ੍ਹੋ।) ਹੋਰ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ ਤਾਂਕਿ ਤੁਸੀਂ ਆਪਣੇ ਬੱਚਿਆਂ ਨੂੰ ਯਹੋਵਾਹ ਨੂੰ ਪਿਆਰ ਕਰਨਾ ਤੇ ਉਸ ਦੀ ਸੇਵਾ ਕਰਨੀ ਸਿਖਾ ਸਕੋ? ਇਸ ਲੇਖ ਤੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ ਕਿ ਮਾਪੇ ਯਿਸੂ ਦੀ ਮਿਸਾਲ ਦੀ ਰੀਸ ਕਿਵੇਂ ਕਰ ਸਕਦੇ ਹਨ। ਭਾਵੇਂ ਕਿ ਯਿਸੂ ਦੇ ਬੱਚੇ ਨਹੀਂ ਸਨ, ਪਰ ਫਿਰ ਵੀ ਉਸ ਨੇ ਆਪਣੇ ਚੇਲਿਆਂ ਨੂੰ ਪਿਆਰ ਤੇ ਨਿਮਰਤਾ ਨਾਲ ਸਿਖਾਇਆ। ਨਾਲੇ ਉਹ ਉਨ੍ਹਾਂ ਨਾਲ ਸਮਝਦਾਰੀ ਨਾਲ ਪੇਸ਼ ਆਉਂਦਾ ਸੀ। ਆਓ ਆਪਾਂ ਯਿਸੂ ਦੀਆਂ ਇਨ੍ਹਾਂ ਖੂਬੀਆਂ ’ਤੇ ਚਰਚਾ ਕਰੀਏ।

ਆਪਣੇ ਬੱਚਿਆਂ ਨੂੰ ਪਿਆਰ ਕਰੋ

3. ਯਿਸੂ ਦੇ ਚੇਲੇ ਕਿਵੇਂ ਜਾਣਦੇ ਸਨ ਕਿ ਉਹ ਉਨ੍ਹਾਂ ਨਾਲ ਪਿਆਰ ਕਰਦਾ ਸੀ?

3 ਯਿਸੂ ਆਪਣੇ ਚੇਲਿਆਂ ਨੂੰ ਅਕਸਰ ਕਹਿੰਦਾ ਹੁੰਦਾ ਸੀ ਕਿ ਉਹ ਉਨ੍ਹਾਂ ਨਾਲ ਪਿਆਰ ਕਰਦਾ ਹੈ। (ਯੂਹੰਨਾ 15:9 ਪੜ੍ਹੋ।) ਨਾਲੇ ਉਹ ਉਨ੍ਹਾਂ ਨਾਲ ਕਾਫ਼ੀ ਸਮਾਂ ਬਿਤਾਉਂਦਾ ਹੁੰਦਾ ਸੀ। (ਮਰ. 6:31, 32; ਯੂਹੰ. 2:2; 21:12, 13) ਯਿਸੂ ਸਿਰਫ਼ ਉਨ੍ਹਾਂ ਦਾ ਗੁਰੂ ਹੀ ਨਹੀਂ ਸੀ, ਸਗੋਂ ਉਨ੍ਹਾਂ ਦਾ ਦੋਸਤ ਵੀ ਸੀ। ਇਸ ਲਈ ਉਨ੍ਹਾਂ ਦੇ ਮਨਾਂ ਵਿਚ ਜ਼ਰਾ ਵੀ ਸ਼ੱਕ ਨਹੀਂ ਸੀ ਕਿ ਯਿਸੂ ਉਨ੍ਹਾਂ ਨਾਲ ਪਿਆਰ ਕਰਦਾ ਸੀ। ਤੁਸੀਂ ਯਿਸੂ ਤੋਂ ਕੀ ਸਿੱਖ ਸਕਦੇ ਹੋ?

4. ਤੁਸੀਂ ਆਪਣੇ ਬੱਚਿਆਂ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹੋ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

4 ਆਪਣੇ ਬੱਚਿਆਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਅਤੇ ਦਿਖਾਓ ਕਿ ਉਹ ਤੁਹਾਡੇ ਲਈ ਕਿੰਨੇ ਅਨਮੋਲ ਹਨ। (ਕਹਾ. 4:3; ਤੀਤੁ. 2:4) ਆਸਟ੍ਰੇਲੀਆ ਦਾ ਰਹਿਣ ਵਾਲਾ ਸੈਮੂਏਲ ਦੱਸਦਾ ਹੈ: “ਜਦੋਂ ਮੈਂ ਛੋਟਾ ਸੀ, ਮੇਰੇ ਡੈਡੀ ਜੀ ਹਰ ਰਾਤ ਮੈਨੂੰ ਬਾਈਬਲ ਕਹਾਣੀਆਂ ਦੀ ਕਿਤਾਬ ਪੜ੍ਹ ਕੇ ਸੁਣਾਉਂਦੇ ਹੁੰਦੇ ਸਨ। ਉਹ ਮੇਰੇ ਸਵਾਲਾਂ ਦੇ ਜਵਾਬ ਦਿੰਦੇ ਸਨ, ਮੈਨੂੰ ਜੱਫੀ ਪਾਉਂਦੇ ਸਨ ਤੇ ਸੌਣ ਤੋਂ ਪਹਿਲਾਂ ਮੈਨੂੰ ਪਾਰੀ ਕਰਦੇ ਸਨ। ਮੈਨੂੰ ਉਦੋਂ ਬਹੁਤ ਹੈਰਾਨੀ ਹੋਈ ਜਦੋਂ ਮੈਨੂੰ ਪਤਾ ਲੱਗਾ ਕਿ ਮੇਰੇ ਡੈਡੀ ਜੀ ਦੀ ਪਰਵਰਿਸ਼ ਇਸ ਤਰ੍ਹਾਂ ਦੇ ਪਰਿਵਾਰ ਵਿਚ ਹੋਈ ਜਿੱਥੇ ਪਿਆਰ ਦਾ ਇਜ਼ਹਾਰ ਕਰਨਾ ਆਮ ਨਹੀਂ ਸੀ। ਪਰ ਉਨ੍ਹਾਂ ਨੇ ਮੇਰੇ ਲਈ ਆਪਣਾ ਪਿਆਰ ਜ਼ਾਹਰ ਕੀਤਾ ਭਾਵੇਂ ਕਿ ਉਨ੍ਹਾਂ ਲਈ ਇਸ ਤਰ੍ਹਾਂ ਕਰਨਾ ਸੌਖਾ ਨਹੀਂ ਸੀ। ਇਸੇ ਕਰਕੇ ਮੈਂ ਆਪਣੇ ਡੈਡੀ ਜੀ ਨਾਲ ਮਜ਼ਬੂਤ ਰਿਸ਼ਤਾ ਬਣਾ ਸਕਿਆ। ਮੈਂ ਬਹੁਤ ਹੀ ਖ਼ੁਸ਼ ਹਾਂ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਡੈਡੀ ਜੀ ਮੇਰਾ ਹਮੇਸ਼ਾ ਸਾਥ ਦੇਣਗੇ।” ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਮਹਿਸੂਸ ਕਰਵਾਉਣ ਲਈ ਅਕਸਰ ਉਨ੍ਹਾਂ ਨੂੰ ਕਹੋ: “ਮੈਂ ਤੈਨੂੰ ਪਿਆਰ ਕਰਦਾ ਹਾਂ।” ਉਨ੍ਹਾਂ ਨੂੰ ਜੱਫੀ ਪਾਓ ਤੇ ਪਾਰੀ ਕਰੋ। ਉਨ੍ਹਾਂ ਨਾਲ ਗੱਲਾਂ ਕਰੋ, ਖਾਣਾ ਖਾਓ ਤੇ ਖੇਡੋ।

56. (ੳ) ਆਪਣੇ ਚੇਲਿਆਂ ਨਾਲ ਪਿਆਰ ਹੋਣ ਕਰਕੇ ਯਿਸੂ ਨੇ ਕੀ ਕੀਤਾ? (ਅ) ਤੁਹਾਨੂੰ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਕਿਵੇਂ ਦੇਣਾ ਚਾਹੀਦਾ ਹੈ?

5 ਯਿਸੂ ਨੇ ਕਿਹਾ: “ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਹਾਂ, ਉਨ੍ਹਾਂ ਸਾਰਿਆਂ ਨੂੰ ਮੈਂ ਝਿੜਕਦਾ ਅਤੇ ਤਾੜਨਾ ਦਿੰਦਾ ਹਾਂ।” * (ਪ੍ਰਕਾ. 3:19) ਮਿਸਾਲ ਲਈ, ਉਸ ਦੇ ਚੇਲਿਆਂ ਨੇ ਕਈ ਵਾਰ ਆਪਸ ਵਿਚ ਬਹਿਸ ਕੀਤੀ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਹੈ। ਯਿਸੂ ਨੇ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਨਹੀਂ ਕੀਤਾ। ਇਸ ਦੀ ਬਜਾਇ, ਉਸ ਨੇ ਧੀਰਜ ਨਾਲ ਉਨ੍ਹਾਂ ਨੂੰ ਵਾਰ-ਵਾਰ ਸਲਾਹ ਦਿੱਤੀ। ਪਰ ਉਹ ਹਮੇਸ਼ਾ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਉਂਦਾ ਸੀ ਤੇ ਉਨ੍ਹਾਂ ਨੂੰ ਸੁਧਾਰਨ ਲਈ ਸਹੀ ਸਮੇਂ ਤੇ ਮੌਕੇ ਦਾ ਇੰਤਜ਼ਾਰ ਕਰਦਾ ਸੀ।—ਮਰ. 9:33-37.

6 ਪਿਆਰ ਹੋਣ ਕਰਕੇ ਤੁਹਾਨੂੰ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਦੇਣਾ ਚਾਹੀਦਾ ਹੈ। ਕਈ ਵਾਰ ਬੱਚਿਆਂ ਨੂੰ ਇਹ ਸਮਝਾਉਣਾ ਹੀ ਕਾਫ਼ੀ ਹੁੰਦਾ ਹੈ ਕਿ ਕਿਹੜੀ ਗੱਲ ਕਿਉਂ ਸਹੀ ਜਾਂ ਕਿਉਂ ਗ਼ਲਤ ਹੈ। ਪਰ ਉਦੋਂ ਕੀ, ਜੇ ਉਹ ਫਿਰ ਵੀ ਤੁਹਾਡਾ ਕਹਿਣਾ ਨਾ ਮੰਨਣ? (ਕਹਾ. 22:15) ਯਿਸੂ ਤੋਂ ਸਿੱਖੋ। ਯਿਸੂ ਵਾਂਗ ਆਪਣੇ ਬੱਚਿਆਂ ਨੂੰ ਸਹੀ ਸਮੇਂ ਅਤੇ ਮੌਕੇ ’ਤੇ ਪਿਆਰ ਅਤੇ ਧੀਰਜ ਨਾਲ ਅਨੁਸ਼ਾਸਨ ਦਿਓ। ਦੱਖਣੀ ਅਫ਼ਰੀਕਾ ਤੋਂ ਈਲੇਨ ਨਾਂ ਦੀ ਭੈਣ ਨੂੰ ਯਾਦ ਹੈ ਕਿ ਉਸ ਦੇ ਮਾਪੇ ਉਸ ਨੂੰ ਕਿਵੇਂ ਅਨੁਸ਼ਾਸਨ ਦਿੰਦੇ ਸਨ। ਉਹ ਹਮੇਸ਼ਾ ਦੱਸਦੇ ਸਨ ਕਿ ਉਹ ਉਸ ਤੋਂ ਕੀ ਉਮੀਦ ਰੱਖਦੇ ਸਨ। ਉਹ ਦੱਸਦੀ ਹੈ: “ਉਹ ਮੈਨੂੰ ਕਹਿੰਦੇ ਹੁੰਦੇ ਸਨ ਕਿ ਜੇ ਮੈਂ ਉਨ੍ਹਾਂ ਦਾ ਕਹਿਣਾ ਨਾ ਮੰਨਿਆ, ਤਾਂ ਮੈਨੂੰ ਸਜ਼ਾ ਦਿੱਤੀ ਜਾਵੇਗੀ। ਉਹ ਆਪਣੀ ਗੱਲ ਤੋਂ ਟੱਸ ਤੋਂ ਮੱਸ ਨਹੀਂ ਹੁੰਦੇ ਸਨ। ਪਰ ਉਨ੍ਹਾਂ ਨੇ ਮੈਨੂੰ ਕਦੇ ਵੀ ਗੁੱਸੇ ਵਿਚ ਅਨੁਸ਼ਾਸਨ ਨਹੀਂ ਦਿੱਤਾ, ਸਗੋਂ ਉਹ ਮੈਨੂੰ ਸਮਝਾਉਂਦੇ ਸਨ ਕਿ ਉਨ੍ਹਾਂ ਨੇ ਮੈਨੂੰ ਅਨੁਸ਼ਾਸਨ ਕਿਉਂ ਦਿੱਤਾ ਹੈ। ਇਨ੍ਹਾਂ ਗੱਲਾਂ ਕਰਕੇ ਮੈਨੂੰ ਪਤਾ ਸੀ ਕਿ ਮੇਰੇ ਮਾਪੇ ਮੈਨੂੰ ਪਿਆਰ ਕਰਦੇ ਸਨ।”

ਨਿਮਰ ਬਣੋ

7, 8. (ੳ) ਯਿਸੂ ਦੇ ਚੇਲਿਆਂ ਨੇ ਉਸ ਦੀਆਂ ਪ੍ਰਾਰਥਨਾਵਾਂ ਤੋਂ ਕੀ ਸਿੱਖਿਆ? (ਅ) ਤੁਹਾਡੀਆਂ ਪ੍ਰਾਰਥਨਾਵਾਂ ਤੁਹਾਡੇ ਬੱਚਿਆਂ ਨੂੰ ਯਹੋਵਾਹ ’ਤੇ ਭਰੋਸਾ ਰੱਖਣਾ ਕਿਵੇਂ ਸਿਖਾ ਸਕਦੀਆਂ ਹਨ?

7 ਯਿਸੂ ਨੇ ਆਪਣੀ ਗਿਰਫ਼ਤਾਰੀ ਅਤੇ ਮੌਤ ਤੋਂ ਪਹਿਲਾਂ ਆਪਣੇ ਪਿਤਾ ਅੱਗੇ ਮਿੰਨਤਾਂ ਕੀਤੀਆਂ: “ਹੇ ਅੱਬਾ, ਮੇਰੇ ਪਿਤਾ, ਤੂੰ ਸਭ ਕੁਝ ਕਰ ਸਕਦਾ ਹੈਂ; ਇਹ ਪਿਆਲਾ ਮੇਰੇ ਤੋਂ ਦੂਰ ਕਰ ਦੇ। ਪਰ ਜੋ ਮੈਂ ਚਾਹੁੰਦਾ ਹਾਂ, ਉਹ ਨਾ ਹੋਵੇ, ਸਗੋਂ ਉਹੀ ਹੋਵੇ ਜੋ ਤੂੰ ਚਾਹੁੰਦਾ ਹੈਂ।” * (ਮਰ. 14:36) ਕਲਪਨਾ ਕਰੋ ਕਿ ਯਿਸੂ ਦੇ ਚੇਲਿਆਂ ਨੇ ਕਿਵੇਂ ਮਹਿਸੂਸ ਕੀਤਾ ਹੋਣਾ ਜਦੋਂ ਉਨ੍ਹਾਂ ਨੇ ਯਿਸੂ ਦੀ ਪ੍ਰਾਰਥਨਾ ਸੁਣੀ ਜਾਂ ਬਾਅਦ ਵਿਚ ਇਸ ਬਾਰੇ ਪਤਾ ਲੱਗਾ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਭਾਵੇਂ ਉਹ ਮੁਕੰਮਲ ਸੀ, ਪਰ ਫਿਰ ਵੀ ਉਸ ਨੇ ਆਪਣੇ ਪਿਤਾ ਤੋਂ ਮਦਦ ਮੰਗੀ। ਸੋ ਚੇਲਿਆਂ ਨੇ ਵੀ ਸਿੱਖਿਆ ਕਿ ਉਨ੍ਹਾਂ ਨੂੰ ਵੀ ਨਿਮਰ ਬਣਨਾ ਅਤੇ ਯਹੋਵਾਹ ’ਤੇ ਭਰੋਸਾ ਰੱਖਣਾ ਚਾਹੀਦਾ ਹੈ।

8 ਤੁਹਾਡੇ ਬੱਚੇ ਤੁਹਾਡੀਆਂ ਪ੍ਰਾਰਥਨਾਵਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਇਹ ਸੱਚ ਹੈ ਕਿ ਤੁਸੀਂ ਸਿਰਫ਼ ਆਪਣੇ ਬੱਚਿਆਂ ਨੂੰ ਸਿਖਾਉਣ ਲਈ ਹੀ ਪ੍ਰਾਰਥਨਾ ਨਹੀਂ ਕਰਦੇ। ਪਰ ਜਦੋਂ ਉਹ ਤੁਹਾਡੀਆਂ ਪ੍ਰਾਰਥਨਾਵਾਂ ਸੁਣਦੇ ਹਨ, ਤਾਂ ਉਹ ਯਹੋਵਾਹ ’ਤੇ ਨਿਰਭਰ ਰਹਿਣਾ ਸਿੱਖ ਸਕਦੇ ਹਨ। ਪ੍ਰਾਰਥਨਾਵਾਂ ਵਿਚ ਸਿਰਫ਼ ਯਹੋਵਾਹ ਤੋਂ ਇਹੀ ਨਾ ਮੰਗੋ ਕਿ ਉਹ ਤੁਹਾਡੇ ਬੱਚਿਆਂ ਦੀ ਮਦਦ ਕਰੇ, ਸਗੋਂ ਆਪਣੇ ਲਈ ਵੀ ਮਦਦ ਮੰਗੋ। ਬ੍ਰਾਜ਼ੀਲ ਵਿਚ ਰਹਿਣ ਵਾਲੀ ਭੈਣ ਆਨਾ ਦੱਸਦੀ ਹੈ: “ਜਦੋਂ ਸਾਡੇ ’ਤੇ ਮੁਸੀਬਤਾਂ ਆਉਂਦੀਆਂ ਸਨ, ਜਿਵੇਂ ਕਿ ਜਦੋਂ ਮੇਰੇ ਨਾਨਾ-ਨਾਨੀ ਜੀ ਬੀਮਾਰ ਹੁੰਦੇ ਸਨ, ਤਾਂ ਮੇਰੇ ਮਾਪੇ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਸਨ ਕਿ ਉਹ ਉਨ੍ਹਾਂ ਨੂੰ ਇਨ੍ਹਾਂ ਹਾਲਾਤਾਂ ਨਾਲ ਸਿੱਝਣ ਦੀ ਤਾਕਤ ਦੇਵੇ ਤੇ ਸਹੀ ਫ਼ੈਸਲੇ ਕਰਨ ਦੀ ਬੁੱਧ ਦੇਵੇ। ਇੱਥੋਂ ਤਕ ਕਿ ਔਖੀਆਂ ਤੋਂ ਔਖੀਆਂ ਘੜੀਆਂ ਵਿਚ ਵੀ ਮੇਰੇ ਮਾਪੇ ਆਪਣੀਆਂ ਸਮੱਸਿਆਵਾਂ ਦਾ ਬੋਝ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੰਦੇ ਸਨ। ਨਤੀਜੇ ਵਜੋਂ, ਮੈਂ ਯਹੋਵਾਹ ’ਤੇ ਭਰੋਸਾ ਰੱਖਣਾ ਸਿੱਖਿਆ।” ਜਦੋਂ ਤੁਹਾਡੇ ਬੱਚੇ ਯਹੋਵਾਹ ਨੂੰ ਕੀਤੀਆਂ ਤੁਹਾਡੀਆਂ ਪ੍ਰਾਰਥਨਾਵਾਂ ਸੁਣਦੇ ਹਨ ਕਿ ਉਹ ਤੁਹਾਨੂੰ ਹਿੰਮਤ ਬਖ਼ਸ਼ੇ ਤਾਂਕਿ ਤੁਸੀਂ ਗੁਆਂਢੀ ਨੂੰ ਗਵਾਹੀ ਦੇ ਸਕੋ ਜਾਂ ਵੱਡੇ ਸੰਮੇਲਨ ’ਤੇ ਜਾਣ ਲਈ ਤੁਸੀਂ ਆਪਣੇ ਮਾਲਕ ਤੋਂ ਛੁੱਟੀ ਮੰਗ ਸਕੋ, ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਮਦਦ ਲਈ ਯਹੋਵਾਹ ’ਤੇ ਭਰੋਸਾ ਰੱਖਦੇ ਹੋ। ਉਹ ਵੀ ਇਸੇ ਤਰ੍ਹਾਂ ਕਰਨਾ ਸਿੱਖਦੇ ਹਨ।

9. (ੳ) ਯਿਸੂ ਨੇ ਆਪਣੇ ਚੇਲਿਆਂ ਨੂੰ ਨਿਮਰ ਤੇ ਨਿਰਸੁਆਰਥ ਬਣਨਾ ਕਿਵੇਂ ਸਿਖਾਇਆ? (ਅ) ਜੇ ਤੁਸੀਂ ਨਿਮਰ ਤੇ ਨਿਰਸੁਆਰਥ ਹੋ, ਤਾਂ ਤੁਹਾਡੇ ਬੱਚੇ ਕੀ ਸਿੱਖਣਗੇ?

9 ਯਿਸੂ ਨੇ ਆਪਣੇ ਚੇਲਿਆਂ ਨੂੰ ਨਿਮਰ ਤੇ ਨਿਰਸੁਆਰਥ ਬਣਨ ਲਈ ਕਿਹਾ ਅਤੇ ਉਸ ਨੇ ਖ਼ੁਦ ਇਹ ਗੁਣ ਦਿਖਾ ਕੇ ਵਧੀਆ ਮਿਸਾਲ ਰੱਖੀ। (ਲੂਕਾ 22:27 ਪੜ੍ਹੋ।) ਉਸ ਦੇ ਰਸੂਲਾਂ ਨੇ ਦੇਖਿਆ ਕਿ ਉਸ ਨੇ ਯਹੋਵਾਹ ਦੀ ਸੇਵਾ ਕਰਨ ਅਤੇ ਦੂਜਿਆਂ ਦੀ ਮਦਦ ਕਰਨ ਲਈ ਕੁਰਬਾਨੀਆਂ ਕੀਤੀਆਂ ਸਨ। ਉਨ੍ਹਾਂ ਨੇ ਵੀ ਇਸੇ ਤਰ੍ਹਾਂ ਕਰਨਾ ਸਿੱਖਿਆ। ਤੁਸੀਂ ਵੀ ਆਪਣੇ ਬੱਚਿਆਂ ਨੂੰ ਆਪਣੀ ਮਿਸਾਲ ਦੁਆਰਾ ਸਿਖਾ ਸਕਦੇ ਹੋ। ਦੋ ਬੱਚਿਆਂ ਦੀ ਮਾਂ ਡੇਬੀ ਕਹਿੰਦੀ ਹੈ: “ਮੈਨੂੰ ਕਦੇ ਬੁਰਾ ਨਹੀਂ ਸੀ ਲੱਗਦਾ ਜਦੋਂ ਮੇਰੇ ਪਤੀ ਬਜ਼ੁਰਗ ਹੋਣ ਦੇ ਨਾਤੇ ਦੂਜਿਆਂ ਨਾਲ ਸਮਾਂ ਬਿਤਾਉਂਦੇ ਸਨ। ਮੈਂ ਜਾਣਦੀ ਸੀ ਕਿ ਜਦੋਂ ਵੀ ਪਰਿਵਾਰ ਨੂੰ ਮੇਰੇ ਪਤੀ ਦੀ ਲੋੜ ਹੋਵੇਗੀ, ਤਾਂ ਉਹ ਜ਼ਰੂਰ ਸਾਡੇ ਲਈ ਸਮਾਂ ਕੱਢਣਗੇ।” (1 ਤਿਮੋ. 3:4, 5) ਡੇਬੀ ਅਤੇ ਉਸ ਦੇ ਪਤੀ ਪਰਾਨਾਸ ਦੀ ਮਿਸਾਲ ਦਾ ਉਨ੍ਹਾਂ ਦੇ ਪਰਿਵਾਰ ’ਤੇ ਕੀ ਅਸਰ ਪਿਆ? ਉਹ ਕਹਿੰਦਾ ਹੈ: “ਸਾਡੇ ਬੱਚੇ ਹਮੇਸ਼ਾ ਸੰਮੇਲਨਾਂ ਵਿਚ ਮਦਦ ਕਰਨ ਲਈ ਤਿਆਰ ਰਹਿੰਦੇ ਸਨ। ਉਹ ਬਹੁਤ ਖ਼ੁਸ਼ ਸਨ, ਉਨ੍ਹਾਂ ਨੇ ਵਧੀਆ ਦੋਸਤ ਬਣਾਏ ਅਤੇ ਉਹ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਣਾ ਚਾਹੁੰਦੇ ਸਨ।” ਹੁਣ ਉਨ੍ਹਾਂ ਦਾ ਸਾਰਾ ਪਰਿਵਾਰ ਪੂਰੇ ਸਮੇਂ ਦੀ ਸੇਵਾ ਕਰਦਾ ਹੈ। ਤੁਸੀਂ ਨਿਮਰ ਤੇ ਨਿਰਸੁਆਰਥ ਬਣ ਕੇ ਆਪਣੇ ਬੱਚਿਆਂ ਨੂੰ ਦੂਜਿਆਂ ਦੀ ਮਦਦ ਕਰਨੀ ਸਿਖਾਉਂਦੇ ਹੋ।

ਸਮਝਦਾਰ ਬਣੋ ਤੇ ਆਪਣੇ ਬੱਚਿਆਂ ਨੂੰ ਸਮਝੋ

10. ਜਦੋਂ ਗਲੀਲ ਦੇ ਕੁਝ ਲੋਕ ਯਿਸੂ ਨੂੰ ਲੱਭਣ ਆਏ, ਤਾਂ ਉਸ ਨੇ ਸਮਝਦਾਰੀ ਕਿਵੇਂ ਦਿਖਾਈ?

10 ਯਿਸੂ ਵਰਗਾ ਸਮਝਦਾਰ ਕੋਈ ਨਹੀਂ ਸੀ। ਯਿਸੂ ਸਿਰਫ਼ ਲੋਕਾਂ ਦੇ ਕੰਮਾਂ ’ਤੇ ਹੀ ਧਿਆਨ ਨਹੀਂ ਲਾਉਂਦਾ ਸੀ, ਸਗੋਂ ਸਮਝਦਾ ਸੀ ਕਿ ਉਹ ਕੋਈ ਕੰਮ ਕਿਉਂ ਕਰਦੇ ਸਨ। ਉਹ ਉਨ੍ਹਾਂ ਦੇ ਦਿਲ ਪੜ੍ਹ ਸਕਦਾ ਸੀ। ਮਿਸਾਲ ਲਈ, ਇਕ ਵਾਰ ਗਲੀਲ ਦੇ ਕੁਝ ਲੋਕ ਉਸ ਨੂੰ ਲੱਭਣ ਆਏ। (ਯੂਹੰ. 6:22-24) ਯਿਸੂ ਨੂੰ ਪਤਾ ਸੀ ਕਿ ਉਹ ਲੋਕ ਉਸ ਦੀਆਂ ਗੱਲਾਂ ਸੁਣਨ ਲਈ ਨਹੀਂ, ਸਗੋਂ ਰੋਟੀ ਖਾਣ ਲਈ ਉਸ ਨੂੰ ਲੱਭ ਰਹੇ ਸਨ। (ਯੂਹੰ. 2:25) ਉਨ੍ਹਾਂ ਦੇ ਗ਼ਲਤ ਇਰਾਦਿਆਂ ਨੂੰ ਜਾਣ ਕੇ ਉਸ ਨੇ ਧੀਰਜ ਨਾਲ ਉਨ੍ਹਾਂ ਨੂੰ ਸੁਧਾਰਿਆ ਅਤੇ ਸਮਝਾਇਆ ਕਿ ਉਨ੍ਹਾਂ ਨੂੰ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਸੀ।ਯੂਹੰਨਾ 6:25-27 ਪੜ੍ਹੋ।

ਬੱਚਿਆਂ ਦੀ ਮਦਦ ਕਰੋ ਤਾਂਕਿ ਉਹ ਪ੍ਰਚਾਰ ਦਾ ਮਜ਼ਾ ਲੈ ਸਕਣ (ਪੈਰਾ 11 ਦੇਖੋ)

11. (ੳ) ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਹਾਡੇ ਬੱਚੇ ਪ੍ਰਚਾਰ ਬਾਰੇ ਕਿੱਦਾਂ ਮਹਿਸੂਸ ਕਰਦੇ ਹਨ? (ਅ) ਤੁਸੀਂ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹੋ ਤਾਂਕਿ ਉਹ ਪ੍ਰਚਾਰ ਦਾ ਮਜ਼ਾ ਲੈਣ?

11 ਭਾਵੇਂ ਕਿ ਤੁਸੀਂ ਕਿਸੇ ਦਾ ਦਿਲ ਨਹੀਂ ਪੜ੍ਹ ਸਕਦੇ, ਪਰ ਤੁਸੀਂ ਵੀ ਸਮਝਦਾਰੀ ਦਿਖਾ ਸਕਦੇ ਹੋ ਅਤੇ ਜਾਣ ਸਕਦੇ ਹੋ ਕਿ ਤੁਹਾਡੇ ਬੱਚੇ ਪ੍ਰਚਾਰ ’ਤੇ ਜਾਣ ਬਾਰੇ ਕੀ ਸੋਚਦੇ ਹਨ। ਪ੍ਰਚਾਰ ਦੌਰਾਨ ਕਈ ਮਾਪੇ ਆਪਣੇ ਬੱਚਿਆਂ ਨੂੰ ਆਰਾਮ ਕਰਨ ਅਤੇ ਕੁਝ ਖਾਣ-ਪੀਣ ਲਈ ਸਮਾਂ ਦਿੰਦੇ ਹਨ। ਪਰ ਸਮਝਦਾਰੀ ਦਿਖਾਉਂਦੇ ਹੋਏ ਤੁਸੀਂ ਸ਼ਾਇਦ ਆਪਣੇ ਆਪ ਤੋਂ ਪੁੱਛੋ: ‘ਕੀ ਮੇਰੇ ਬੱਚੇ ਪ੍ਰਚਾਰ ਕਰਨ ਦਾ ਮਜ਼ਾ ਲੈਂਦੇ ਹਨ ਜਾਂ ਸਿਰਫ਼ ਖਾਣ-ਪੀਣ ਜਾਂ ਆਰਾਮ ਕਰਨ ਦੇ ਸਮੇਂ ਬਾਰੇ ਹੀ ਸੋਚਦੇ ਰਹਿੰਦੇ ਹਨ?’ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚਿਆਂ ਨੂੰ ਪ੍ਰਚਾਰ ਕਰਨਾ ਪਸੰਦ ਨਹੀਂ ਹੈ, ਤਾਂ ਇਸ ਨੂੰ ਹੋਰ ਮਜ਼ੇਦਾਰ ਬਣਾਉਣ ਦੀ ਕੋਸ਼ਿਸ਼ ਕਰੋ। ਉਨ੍ਹਾਂ ਨੂੰ ਕੁਝ ਛੋਟੇ-ਛੋਟੇ ਕੰਮ ਦਿਓ ਤਾਂਕਿ ਉਨ੍ਹਾਂ ਨੂੰ ਲੱਗੇ ਕਿ ਉਹ ਵੀ ਪ੍ਰਚਾਰ ਵਿਚ ਹਿੱਸਾ ਲੈ ਰਹੇ ਹਨ।

12. (ੳ) ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਚੇਤਾਵਨੀ ਦਿੱਤੀ? (ਅ) ਯਿਸੂ ਦੇ ਚੇਲਿਆਂ ਨੂੰ ਇਸ ਚੇਤਾਵਨੀ ਦੀ ਕਿਉਂ ਲੋੜ ਸੀ?

12 ਯਿਸੂ ਨੇ ਹੋਰ ਕਿਹੜੀ ਗੱਲ ਵਿਚ ਸਮਝਦਾਰੀ ਦਿਖਾਈ? ਉਹ ਜਾਣਦਾ ਸੀ ਕਿ ਇਕ ਗ਼ਲਤੀ ਦੂਜੀ ਗ਼ਲਤੀ ਕਰਾ ਸਕਦੀ ਹੈ, ਇੱਥੋਂ ਤਕ ਕਿ ਗੰਭੀਰ ਪਾਪ ਵੀ। ਇਸ ਬਾਰੇ ਉਸ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ। ਮਿਸਾਲ ਲਈ, ਚੇਲੇ ਜਾਣਦੇ ਸਨ ਕਿ ਹਰਾਮਕਾਰੀ ਕਰਨੀ ਗ਼ਲਤ ਹੈ। ਪਰ ਯਿਸੂ ਨੇ ਚੇਤਾਵਨੀ ਦਿੱਤੀ ਕਿ ਇਕ ਇਨਸਾਨ ਨੂੰ ਕਿਹੜੀਆਂ ਗੱਲਾਂ ਹਰਾਮਕਾਰੀ ਕਰਨ ਦੇ ਫੰਦੇ ਵੱਲ ਲਿਜਾ ਸਕਦੀਆਂ ਹਨ। ਉਸ ਨੇ ਕਿਹਾ: “ਜੇ ਕੋਈ ਕਿਸੇ ਔਰਤ ਵੱਲ ਗੰਦੀ ਨਜ਼ਰ ਨਾਲ ਦੇਖਦਾ ਰਹਿੰਦਾ ਹੈ, ਤਾਂ ਉਹ ਉਸ ਨਾਲ ਆਪਣੇ ਦਿਲ ਵਿਚ ਹਰਾਮਕਾਰੀ ਕਰ ਚੁੱਕਾ ਹੈ। ਤਾਂ ਫਿਰ, ਜੇ ਤੇਰੀ ਸੱਜੀ ਅੱਖ ਤੇਰੇ ਤੋਂ ਪਾਪ ਕਰਵਾ ਰਹੀ ਹੈ, ਤਾਂ ਉਸ ਨੂੰ ਕੱਢ ਕੇ ਆਪਣੇ ਤੋਂ ਦੂਰ ਸੁੱਟ ਦੇ।” (ਮੱਤੀ 5:27-29) ਯਿਸੂ ਦੇ ਚੇਲੇ ਰੋਮ ਦੇ ਗੰਦੇ ਲੋਕਾਂ ਵਿਚ ਰਹਿੰਦੇ ਸਨ ਜੋ ਸੈਕਸ ਅਤੇ ਭੱਦੀ ਬੋਲੀ ਨਾਲ ਭਰੇ ਨਾਟਕ ਦੇਖਣੇ ਪਸੰਦ ਕਰਦੇ ਸਨ। ਇਸ ਲਈ ਯਿਸੂ ਨੇ ਪਿਆਰ ਨਾਲ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਕਿਸੇ ਵੀ ਅਜਿਹੀ ਚੀਜ਼ ਨੂੰ ਨਾ ਦੇਖਣ ਜਿਸ ਕਰਕੇ ਉਨ੍ਹਾਂ ਲਈ ਸਹੀ ਕੰਮ ਕਰਨੇ ਮੁਸ਼ਕਲ ਹੋ ਜਾਣ।

13, 14. ਤੁਸੀਂ ਆਪਣੇ ਬੱਚਿਆਂ ਦੀ ਅਨੈਤਿਕਤਾ ਭਰੇ ਮਨੋਰੰਜਨ ਤੋਂ ਦੂਰ ਰਹਿਣ ਵਿਚ ਕਿਵੇਂ ਮਦਦ ਕਰ ਸਕਦੇ ਹੋ?

13 ਮਾਪਿਆਂ ਵਜੋਂ, ਤੁਸੀਂ ਸਮਝਦਾਰੀ ਦਿਖਾ ਕੇ ਆਪਣੇ ਬੱਚਿਆਂ ਨੂੰ ਉਨ੍ਹਾਂ ਕੰਮਾਂ ਤੋਂ ਦੂਰ ਰੱਖ ਸਕਦੇ ਹੋ ਜੋ ਯਹੋਵਾਹ ਨੂੰ ਪਸੰਦ ਨਹੀਂ ਹਨ। ਅਫ਼ਸੋਸ ਦੀ ਗੱਲ ਹੈ ਕਿ ਅੱਜ ਛੋਟੋ-ਛੋਟੇ ਬੱਚੇ ਵੀ ਅਸ਼ਲੀਲ ਤਸਵੀਰਾਂ ਜਾਂ ਵੀਡੀਓ ਦੇਖਣ ਅਤੇ ਹੋਰ ਅਨੈਤਿਕ ਜਾਣਕਾਰੀ ਪੜ੍ਹਨ ਦੇ ਖ਼ਤਰੇ ਵਿਚ ਹਨ। ਇਹ ਤੁਹਾਡਾ ਫ਼ਰਜ਼ ਬਣਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਦੱਸੋ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣੀਆਂ ਜਾਂ ਪੜ੍ਹਨੀਆਂ ਗ਼ਲਤ ਹਨ। ਪਰ ਆਪਣੇ ਬੱਚਿਆਂ ਨੂੰ ਇਸ ਖ਼ਤਰੇ ਤੋਂ ਬਚਾਉਣ ਲਈ ਤੁਸੀਂ ਕੁਝ ਹੋਰ ਵੀ ਕਰ ਸਕਦੇ ਹੋ। ਆਪਣੇ ਆਪ ਤੋਂ ਪੁੱਛੋ: ‘ਕੀ ਮੇਰੇ ਬੱਚਿਆਂ ਨੂੰ ਪਤਾ ਹੈ ਕਿ ਅਸ਼ਲੀਲ ਤਸਵੀਰਾਂ ਦੇਖਣੀਆਂ ਕਿਉਂ ਖ਼ਤਰਨਾਕ ਹਨ? ਕਿਹੜੀ ਗੱਲ ਕਰਕੇ ਸ਼ਾਇਦ ਉਹ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣੀਆਂ ਚਾਹੁਣ? ਜੇ ਕਦੇ ਮੇਰੇ ਬੱਚੇ ਅਸ਼ਲੀਲ ਤਸਵੀਰਾਂ ਦੇਖਣ ਲਈ ਭਰਮਾਏ ਜਾਣ, ਤਾਂ ਕੀ ਉਹ ਇਸ ਫੰਦੇ ਤੋਂ ਬਚਣ ਲਈ ਮੇਰੇ ਤੋਂ ਬੇਝਿਜਕ ਹੋ ਕੇ ਮਦਦ ਮੰਗ ਸਕਦੇ ਹਨ?’ ਭਾਵੇਂ ਕਿ ਤੁਹਾਡੇ ਬੱਚੇ ਬਹੁਤ ਛੋਟੇ ਹਨ, ਫਿਰ ਵੀ ਤੁਸੀਂ ਉਨ੍ਹਾਂ ਨੂੰ ਕਹਿ ਸਕਦੇ ਹੋ: “ਜੇ ਕਦੀ ਇੰਟਰਨੈੱਟ ’ਤੇ ਕੋਈ ਅਨੈਤਿਕ ਵੈੱਬਸਾਈਟ ਖੁੱਲ੍ਹ ਜਾਵੇ ਤੇ ਤੁਹਾਡਾ ਦਿਲ ਅਸ਼ਲੀਲ ਤਸਵੀਰਾਂ ਦੇਖਣ ਨੂੰ ਕਰੇ, ਤਾਂ ਬਿਨਾਂ ਡਰੇ ਤੇ ਬਿਨਾਂ ਸ਼ਰਮਾਏ ਮੇਰੇ ਕੋਲ ਆ ਕੇ ਇਸ ਬਾਰੇ ਗੱਲ ਕਰੋ। ਇਸ ਫੰਦੇ ਤੋਂ ਦੂਰ ਰਹਿਣ ਵਿਚ ਮੈਂ ਤੁਹਾਡੀ ਮਦਦ ਕਰਨੀ ਚਾਹੁੰਦਾ ਹਾਂ।”

14 ਜਦੋਂ ਤੁਸੀਂ ਆਪਣੇ ਲਈ ਮਨੋਰੰਜਨ ਚੁਣਦੇ ਹੋ, ਤਾਂ ਧਿਆਨ ਨਾਲ ਇਸ ਬਾਰੇ ਸੋਚੋ ਕਿ ਤੁਸੀਂ ਆਪਣੇ ਬੱਚਿਆਂ ਲਈ ਕਿਵੇਂ ਵਧੀਆ ਮਿਸਾਲ ਰੱਖ ਸਕਦੇ ਹੋ। ਪਰਾਨਾਸ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਦੱਸਦਾ ਹੈ: “ਤੁਸੀਂ ਕਿਸੇ ਵੀ ਮਾਮਲੇ ਬਾਰੇ ਆਪਣੇ ਬੱਚਿਆਂ ਨੂੰ ਜਿੰਨੀਆਂ ਮਰਜ਼ੀ ਸਲਾਹਾਂ ਦਿਓ, ਪਰ ਉਨ੍ਹਾਂ ਨੇ ਉਹੀ ਕਰਨਾ ਜੋ ਤੁਸੀਂ ਕਰਦੇ ਹੋ।” ਜੇ ਤੁਸੀਂ ਹਮੇਸ਼ਾ ਧਿਆਨ ਨਾਲ ਉਹ ਸੰਗੀਤ, ਫ਼ਿਲਮਾਂ ਜਾਂ ਕਿਤਾਬਾਂ ਚੁਣਦੇ ਹੋ ਜੋ ਸਾਫ਼-ਸੁਥਰੀਆਂ ਹਨ, ਤਾਂ ਤੁਸੀਂ ਆਪਣੇ ਬੱਚਿਆਂ ਦੀ ਸਹੀ ਮਨੋਰੰਜਨ ਚੁਣਨ ਵਿਚ ਮਦਦ ਕਰ ਸਕਦੇ ਹੋ।ਰੋਮੀ. 2:21-24.

ਯਹੋਵਾਹ ਤੁਹਾਡੀ ਮਦਦ ਕਰੇਗਾ

15, 16. (ੳ) ਤੁਸੀਂ ਪੱਕਾ ਯਕੀਨ ਕਿਉਂ ਰੱਖ ਸਕਦੇ ਹੋ ਕਿ ਯਹੋਵਾਹ ਬੱਚਿਆਂ ਨੂੰ ਸਿਖਲਾਈ ਦੇਣ ਵਿਚ ਤੁਹਾਡੀ ਮਦਦ ਕਰੇਗਾ? (ਅ) ਅਸੀਂ ਅਗਲੇ ਲੇਖ ਵਿਚ ਕਿਸ ਗੱਲ ’ਤੇ ਚਰਚਾ ਕਰਾਂਗੇ?

15 ਉਦੋਂ ਕੀ ਹੋਇਆ, ਜਦੋਂ ਮਾਨੋਆਹ ਨੇ ਯਹੋਵਾਹ ਤੋਂ ਇਕ ਚੰਗਾ ਪਿਤਾ ਬਣਨ ਲਈ ਮਦਦ ਮੰਗੀ? “ਪਰਮੇਸ਼ੁਰ ਨੇ ਮਾਨੋਆਹ ਦੀ ਅਵਾਜ਼ ਸੁਣੀ।” (ਨਿਆ. 13:9) ਮਾਪਿਓ, ਯਹੋਵਾਹ ਤੁਹਾਡੀਆਂ ਵੀ ਪ੍ਰਾਰਥਨਾਵਾਂ ਸੁਣੇਗਾ। ਉਹ ਬੱਚਿਆਂ ਨੂੰ ਸਿਖਲਾਈ ਦੇਣ ਵਿਚ ਤੁਹਾਡੀ ਮਦਦ ਕਰੇਗਾ। ਨਾਲੇ ਉਹ ਤੁਹਾਡੀ ਮਦਦ ਕਰੇਗਾ ਤਾਂਕਿ ਤੁਸੀਂ ਬੱਚਿਆਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਸਕੋ, ਨਿਮਰ ਬਣ ਸਕੋ ਤੇ ਸਮਝਦਾਰੀ ਦਿਖਾ ਸਕੋ।

16 ਜਿਸ ਤਰ੍ਹਾਂ ਯਹੋਵਾਹ ਤੁਹਾਡੀ ਆਪਣੇ ਛੋਟੇ ਬੱਚਿਆਂ ਨੂੰ ਸਿਖਲਾਈ ਦੇਣ ਵਿਚ ਮਦਦ ਕਰਦਾ ਹੈ, ਉਸੇ ਤਰ੍ਹਾਂ ਉਹ ਅੱਲੜ੍ਹ ਉਮਰ ਦੇ ਬੱਚਿਆਂ ਨੂੰ ਵੀ ਸਿਖਲਾਈ ਦੇਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਅਸੀਂ ਅਗਲੇ ਲੇਖ ਵਿਚ ਚਰਚਾ ਕਰਾਂਗੇ ਕਿ ਯਿਸੂ ਦੀ ਮਿਸਾਲ ਮਾਪਿਆਂ ਦੀ ਅੱਲੜ੍ਹ ਉਮਰ ਦੇ ਬੱਚਿਆਂ ਨੂੰ ਯਹੋਵਾਹ ਦੀ ਸੇਵਾ ਕਰਨ ਲਈ ਸਿਖਲਾਈ ਦੇਣ ਵਿਚ ਕਿਵੇਂ ਮਦਦ ਕਰ ਸਕਦੀ ਹੈ।

^ ਪੈਰਾ 5 ਬਾਈਬਲ ਅਨੁਸਾਰ ਅਨੁਸ਼ਾਸਨ ਦਾ ਮਤਲਬ ਸੇਧ ਦੇਣੀ, ਸਿਖਲਾਈ ਦੇਣੀ, ਸੁਧਾਰ ਕਰਨਾ ਅਤੇ ਇੱਥੋਂ ਤਕ ਕਿ ਕਈ ਵਾਰ ਸਜ਼ਾ ਦੇਣੀ ਵੀ ਹੁੰਦਾ ਹੈ। ਪਰ ਮਾਪਿਆਂ ਨੂੰ ਕਦੀ ਵੀ ਗੁੱਸੇ ਵਿਚ ਅਨੁਸ਼ਾਸਨ ਨਹੀਂ ਦੇਣਾ ਚਾਹੀਦਾ।

^ ਪੈਰਾ 7 ਯਿਸੂ ਦੇ ਜ਼ਮਾਨੇ ਵਿਚ ਬੱਚੇ ਆਪਣੇ ਪਿਤਾ ਨੂੰ ਅੱਬਾ ਬੁਲਾਉਂਦੇ ਸਨ। ਇਸ ਸ਼ਬਦ ਵਿਚ ਲਾਡ ਅਤੇ ਆਦਰ ਦੋਵੇਂ ਸ਼ਾਮਲ ਹਨ।—ਦ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ।