Skip to content

Skip to table of contents

ਅੱਲੜ੍ਹ ਉਮਰ ਦੇ ਬੱਚਿਆਂ ਨੂੰ ਯਹੋਵਾਹ ਦੀ ਸੇਵਾ ਕਰਨ ਦੀ ਸਿਖਲਾਈ ਦਿਓ

ਅੱਲੜ੍ਹ ਉਮਰ ਦੇ ਬੱਚਿਆਂ ਨੂੰ ਯਹੋਵਾਹ ਦੀ ਸੇਵਾ ਕਰਨ ਦੀ ਸਿਖਲਾਈ ਦਿਓ

“ਯਿਸੂ ਵੱਡਾ ਹੁੰਦਾ ਗਿਆ ਅਤੇ ਸਮਝ ਵਿਚ ਵਧਦਾ ਗਿਆ। ਪਰਮੇਸ਼ੁਰ ਦੀ ਮਿਹਰ ਹਮੇਸ਼ਾ ਉਸ ਉੱਤੇ ਰਹੀ ਅਤੇ ਲੋਕ ਵੀ ਉਸ ਤੋਂ ਖ਼ੁਸ਼ ਸਨ।”ਲੂਕਾ 2:52.

ਗੀਤ: 41, 11

1, 2. (ੳ) ਕੁਝ ਮਾਪਿਆਂ ਨੂੰ ਆਪਣੇ ਅੱਲੜ੍ਹ ਉਮਰ ਦੇ ਬੱਚਿਆਂ ਬਾਰੇ ਕਿਹੜੀਆਂ ਚਿੰਤਾਵਾਂ ਹਨ? (ਅ) ਅੱਲੜ੍ਹ ਉਮਰ ਦੇ ਬੱਚੇ ਇਸ ਉਮਰ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹਨ?

ਸ਼ਾਇਦ ਮਸੀਹੀ ਮਾਪਿਆਂ ਲਈ ਇਸ ਤੋਂ ਵੱਡੀ ਖ਼ੁਸ਼ੀ ਦੀ ਗੱਲ ਹੋ ਹੀ ਨਹੀਂ ਸਕਦੀ ਜਦੋਂ ਉਨ੍ਹਾਂ ਦੇ ਬੱਚੇ ਬਪਤਿਸਮਾ ਲੈਂਦੇ ਹਨ। ਬੇਰੇਨਾਈਸੀ ਨਾਂ ਦੀ ਭੈਣ ਦੇ ਚਾਰਾਂ ਬੱਚਿਆਂ ਨੇ 14 ਸਾਲ ਦੀ ਉਮਰ ਤੋਂ ਪਹਿਲਾਂ ਹੀ ਬਪਤਿਸਮਾ ਲੈ ਲਿਆ। ਉਹ ਦੱਸਦੀ ਹੈ: “ਇਹ ਸਾਡੇ ਲਈ ਬਹੁਤ ਹੀ ਖ਼ੁਸ਼ੀ ਦਾ ਮੌਕਾ ਸੀ। ਅਸੀਂ ਖ਼ੁਸ਼ ਸੀ ਕਿ ਸਾਡੇ ਬੱਚੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਸਨ। ਪਰ ਅਸੀਂ ਇਹ ਵੀ ਜਾਣਦੇ ਸੀ ਕਿ ਅੱਲੜ੍ਹ ਉਮਰ ਹੋਣ ਕਰਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਵੇਗਾ।” ਸ਼ਾਇਦ ਤੁਹਾਨੂੰ ਵੀ ਇਸ ਗੱਲ ਦੀ ਚਿੰਤਾ ਹੋਵੇ ਜੇ ਤੁਹਾਡੇ ਬੱਚੇ ਅੱਲੜ੍ਹ ਉਮਰ ਦੇ ਹਨ ਜਾਂ ਉਹ ਜਲਦੀ ਹੀ ਅੱਲੜ੍ਹ ਉਮਰ ਵਿਚ ਪੈਰ ਰੱਖਣ ਵਾਲੇ ਹਨ।

2 ਬੱਚਿਆਂ ਦੇ ਮਨੋਵਿਗਿਆਨ ਦੇ ਇਕ ਮਾਹਰ ਨੇ ਕਿਹਾ ਕਿ ਅੱਲੜ੍ਹ ਉਮਰ ਦਾ ਦੌਰ ਬੱਚਿਆਂ ਦੇ ਨਾਲ-ਨਾਲ ਮਾਪਿਆਂ ਲਈ ਵੀ ਮੁਸ਼ਕਲ ਭਰਿਆ ਹੋ ਸਕਦਾ ਹੈ। ਉਹ ਕਹਿੰਦਾ ਹੈ: ‘ਮਾਪਿਆਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਨ੍ਹਾਂ ਦੇ ਅੱਲੜ੍ਹ ਉਮਰ ਦੇ ਬੱਚਿਆਂ ਦੀਆਂ ਹਰਕਤਾਂ ਬਚਕਾਨਾ ਜਾਂ ਅਜੀਬ ਹਨ। ਇਸ ਦੀ ਬਜਾਇ, ਅੱਲੜ੍ਹ ਉਮਰ ਦੇ ਬੱਚਿਆਂ ਦੀਆਂ ਭਾਵਨਾਵਾਂ ਬਹੁਤ ਡੂੰਘੀਆਂ ਹੁੰਦੀਆਂ ਹਨ। ਨਾਲੇ ਉਨ੍ਹਾਂ ਵਿਚ ਨਵੇਂ-ਨਵੇਂ ਕੰਮ ਕਰਨ ਦੀ ਕਾਬਲੀਅਤ ਹੁੰਦੀ ਹੈ ਅਤੇ ਉਹ ਆਪਣੇ ਦੋਸਤਾਂ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ।’ ਸੋ ਤੁਹਾਡੇ ਬੱਚੇ ਯਿਸੂ ਵਾਂਗ ਅੱਲੜ੍ਹ ਉਮਰ ਵਿਚ ਯਹੋਵਾਹ ਨਾਲ ਕਰੀਬੀ ਰਿਸ਼ਤਾ ਜੋੜ ਸਕਦੇ ਹਨ। (ਲੂਕਾ 2:52 ਪੜ੍ਹੋ।) ਉਹ ਪ੍ਰਚਾਰ ਕਰਨ ਦੀ ਆਪਣੀ ਕਾਬਲੀਅਤ ਵਿਚ ਵੀ ਨਿਖਾਰ ਲਿਆ ਸਕਦੇ ਹਨ ਤੇ ਪਰਮੇਸ਼ੁਰ ਦੀ ਹੋਰ ਜ਼ਿਆਦਾ ਸੇਵਾ ਕਰਨ ਦੀ ਆਪਣੀ ਇੱਛਾ ਨੂੰ ਮਜ਼ਬੂਤ ਕਰ ਸਕਦੇ ਹਨ। ਨਾਲੇ ਉਹ ਆਪਣੇ ਫ਼ੈਸਲੇ ਖ਼ੁਦ ਕਰ ਸਕਦੇ ਹਨ, ਜਿਵੇਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਤੇ ਉਸ ਦਾ ਕਹਿਣਾ ਮੰਨਣਾ। ਪਰ ਮਾਪਿਆਂ ਵਜੋਂ ਤੁਸੀਂ ਇਸ ਉਮਰ ਵਿਚ ਆਪਣੇ ਬੱਚਿਆਂ ਦੀ ਕਿੱਦਾਂ ਮਦਦ ਕਰ ਸਕਦੇ ਹੋ? ਤੁਸੀਂ ਯਿਸੂ ਦੀ ਰੀਸ ਕਰ ਸਕਦੇ ਹੋ ਜਿਸ ਨੇ ਪਿਆਰ, ਨਿਮਰਤਾ ਤੇ ਸਮਝਦਾਰੀ ਨਾਲ ਆਪਣੇ ਚੇਲਿਆਂ ਨੂੰ ਸਿਖਲਾਈ ਦਿੱਤੀ ਸੀ।

ਆਪਣੇ ਅੱਲੜ੍ਹ ਉਮਰ ਦੇ ਬੱਚਿਆਂ ਨੂੰ ਪਿਆਰ ਕਰੋ

3. ਰਸੂਲਾਂ ਨੂੰ ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਸੀ ਕਿ ਯਿਸੂ ਉਨ੍ਹਾਂ ਨੂੰ ਆਪਣੇ ਦੋਸਤ ਮੰਨਦਾ ਸੀ?

3 ਯਿਸੂ ਪਿਆਰ ਕਰਨ ਵਾਲਾ ਤੇ ਵਫ਼ਾਦਾਰ ਦੋਸਤ ਸੀ। (ਯੂਹੰਨਾ 15:15 ਪੜ੍ਹੋ।) ਬਾਈਬਲ ਜ਼ਮਾਨੇ ਵਿਚ ਮਾਲਕ ਆਪਣੇ ਨੌਕਰਾਂ ਨਾਲ ਆਪਣੇ ਵਿਚਾਰ ਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਨਹੀਂ ਕਰਦੇ ਸਨ। ਪਰ ਯਿਸੂ ਆਪਣੇ ਵਫ਼ਾਦਾਰ ਰਸੂਲਾਂ ਦਾ ਮਾਲਕ ਹੋਣ ਦੇ ਨਾਲ-ਨਾਲ ਦੋਸਤ ਵੀ ਸੀ। ਉਹ ਉਨ੍ਹਾਂ ਨੂੰ ਪਿਆਰ ਕਰਦਾ ਸੀ ਤੇ ਉਨ੍ਹਾਂ ਨਾਲ ਸਮਾਂ ਬਿਤਾਉਂਦਾ ਸੀ। ਉਹ ਉਨ੍ਹਾਂ ਨਾਲ ਆਪਣੇ ਖ਼ਿਆਲ ਤੇ ਜਜ਼ਬਾਤ ਸਾਂਝੇ ਕਰਦਾ ਸੀ। ਨਾਲੇ ਜਦੋਂ ਉਹ ਆਪਣੇ ਦਿਲ ਦੀਆਂ ਗੱਲਾਂ ਯਿਸੂ ਨੂੰ ਦੱਸਦੇ ਸਨ, ਤਾਂ ਉਹ ਧਿਆਨ ਨਾਲ ਸੁਣਦਾ ਸੀ। (ਮਰ. 6:30-32) ਇਸ ਕਰਕੇ ਯਿਸੂ ਤੇ ਉਸ ਦੇ ਚੇਲਿਆਂ ਵਿਚ ਆਪਸੀ ਰਿਸ਼ਤਾ ਗੂੜ੍ਹਾ ਹੋਇਆ ਤੇ ਉਹ ਭਵਿੱਖ ਵਿਚ ਯਹੋਵਾਹ ਦੀ ਸੇਵਾ ਵਿਚ ਮਿਲਣ ਵਾਲੀਆਂ ਜ਼ਿੰਮੇਵਾਰੀਆਂ ਲਈ ਤਿਆਰ ਹੋਏ।

4. ਮਾਪਿਓ, ਤੁਸੀਂ ਆਪਣੇ ਬੱਚਿਆਂ ਦੇ ਦੋਸਤ ਕਿਵੇਂ ਬਣ ਸਕਦੇ ਹੋ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

4 ਦੋ ਬੱਚਿਆਂ ਦਾ ਪਿਤਾ ਮਾਈਕਲ ਕਹਿੰਦਾ ਹੈ: “ਭਾਵੇਂ ਕਿ ਮਾਪੇ ਆਪਣੇ ਬੱਚਿਆਂ ਦੇ ਹਾਣ ਦੇ ਨਹੀਂ ਬਣ ਸਕਦੇ, ਪਰ ਫਿਰ ਵੀ ਉਹ ਉਨ੍ਹਾਂ ਦੇ ਦੋਸਤ ਬਣ ਸਕਦੇ ਹਨ।” ਦੋਸਤ ਇਕੱਠੇ ਸਮਾਂ ਬਿਤਾਉਂਦੇ ਹਨ। ਪ੍ਰਾਰਥਨਾ ਕਰੋ ਕਿ ਤੁਸੀਂ ਆਪਣੇ ਕੰਮ ਜਾਂ ਹੋਰ ਗ਼ੈਰ-ਜ਼ਰੂਰੀ ਕੰਮਾਂ ਦਾ ਸਮਾਂ ਘਟਾ ਸਕੋ ਤਾਂਕਿ ਤੁਸੀਂ ਆਪਣੇ ਬੱਚਿਆਂ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾ ਸਕੋ। ਦੋਸਤ ਇੱਕੋ ਜਿਹੇ ਕੰਮ ਕਰਨੇ ਪਸੰਦ ਕਰਦੇ ਹਨ। ਇਸ ਲਈ ਪਤਾ ਕਰੋ ਕਿ ਤੁਹਾਡੇ ਅੱਲੜ੍ਹ ਉਮਰ ਦੇ ਬੱਚਿਆਂ ਨੂੰ ਕੀ ਪਸੰਦ ਹੈ, ਜਿਵੇਂ ਉਨ੍ਹਾਂ ਦਾ ਮਨਪਸੰਦ ਸੰਗੀਤ, ਫ਼ਿਲਮਾਂ ਜਾਂ ਖੇਡਾਂ। ਫਿਰ ਉਨ੍ਹਾਂ ਕੰਮਾਂ ਦਾ ਮਜ਼ਾ ਲਓ ਜਿਨ੍ਹਾਂ ਦਾ ਉਹ ਮਜ਼ਾ ਲੈਂਦੇ ਹਨ। ਇਟਲੀ ਦੀ ਰਹਿਣ ਵਾਲੀ ਈਲਾਰੀਆ ਦੱਸਦੀ ਹੈ: “ਮੇਰੇ ਮਾਪੇ ਉਹੀ ਸੰਗੀਤ ਸੁਣਦੇ ਸਨ ਜੋ ਮੈਂ ਸੁਣਦੀ ਸੀ। ਦਰਅਸਲ ਮੇਰੇ ਡੈਡੀ ਜੀ ਮੇਰੇ ਸਭ ਤੋਂ ਵਧੀਆ ਦੋਸਤ ਬਣ ਗਏ। ਮੈਂ ਆਪਣੇ ਡੈਡੀ ਜੀ ਨਾਲ ਉਹ ਗੱਲਾਂ ਕਰ ਸਕਦੀ ਸੀ ਜੋ ਮੈਂ ਆਪਣੇ ਮੰਮੀ ਜੀ ਨਾਲ ਕਰ ਸਕਦੀ ਸੀ।” ਆਪਣੇ ਬੱਚਿਆਂ ਦੇ ਦੋਸਤ ਬਣ ਕੇ ਅਤੇ ਉਨ੍ਹਾਂ ਦੀ ਯਹੋਵਾਹ ਨਾਲ “ਦੋਸਤੀ” ਕਰਨ ਵਿਚ ਮਦਦ ਕਰ ਕੇ ਤੁਸੀਂ ਮਾਪਿਆਂ ਵਜੋਂ ਆਪਣਾ ਅਧਿਕਾਰ ਨਹੀਂ ਖੋਂਹਦੇ। (ਕਹਾ. 3:32) ਜਦੋਂ ਤੁਹਾਡੇ ਬੱਚੇ ਦੇਖਣਗੇ ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ ਤੇ ਉਨ੍ਹਾਂ ਨੂੰ ਐਵੇਂ ਨਹੀਂ ਸਮਝਦੇ, ਤਾਂ ਉਨ੍ਹਾਂ ਲਈ ਤੁਹਾਡੇ ਨਾਲ ਕਿਸੇ ਵੀ ਵਿਸ਼ੇ ’ਤੇ ਗੱਲ ਕਰਨੀ ਸੌਖੀ ਹੋ ਜਾਵੇਗੀ।

5. ਯਿਸੂ ਦੇ ਚੇਲੇ ਯਹੋਵਾਹ ਦਾ ਕੰਮ ਕਰ ਕੇ ਸੱਚੀ ਖ਼ੁਸ਼ੀ ਕਿਵੇਂ ਪਾ ਸਕਦੇ ਸਨ?

5 ਯਿਸੂ ਜਾਣਦਾ ਸੀ ਕਿ ਜੇ ਉਸ ਦੇ ਚੇਲੇ ਯਹੋਵਾਹ ਦੀ ਸੇਵਾ ਲਈ ਆਪਣਾ ਜੋਸ਼ ਬਰਕਰਾਰ ਰੱਖਣ ਅਤੇ ਪ੍ਰਚਾਰ ਵਿਚ ਲੱਗੇ ਰਹਿਣ, ਤਾਂ ਉਨ੍ਹਾਂ ਨੂੰ ਸੱਚੀ ਖ਼ੁਸ਼ੀ ਮਿਲਣੀ ਸੀ। ਇਸ ਲਈ ਯਿਸੂ ਨੇ ਉਨ੍ਹਾਂ ਨੂੰ ਪ੍ਰਚਾਰ ਵਿਚ ਸਖ਼ਤ ਮਿਹਨਤ ਕਰਨ ਲਈ ਕਿਹਾ। ਉਸ ਨੇ ਚੇਲਿਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਮਦਦ ਕਰੇਗਾ।ਮੱਤੀ 28:19, 20.

6, 7. ਬੱਚਿਆਂ ਨੂੰ ਬਾਕਾਇਦਾ ਯਹੋਵਾਹ ਦੀ ਸੇਵਾ ਕਰਨ ਦੀ ਸਿਖਲਾਈ ਦਿੰਦੇ ਵੇਲੇ ਤੁਹਾਡਾ ਉਨ੍ਹਾਂ ਲਈ ਪਿਆਰ ਕਿਵੇਂ ਝਲਕਦਾ ਹੈ?

6 ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਯਹੋਵਾਹ ਦੇ ਨੇੜੇ ਰਹਿਣ। ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਿਖਲਾਈ ਤੇ ਅਨੁਸ਼ਾਸਨ ਦਿਓ। ਉਸ ਨੇ ਤੁਹਾਨੂੰ ਇੱਦਾਂ ਕਰਨ ਦਾ ਅਧਿਕਾਰ ਦਿੱਤਾ ਹੈ। (ਅਫ਼. 6:4) ਇਸ ਲਈ ਤੁਹਾਨੂੰ ਇਹ ਗੱਲ ਪੱਕੀ ਕਰਨ ਦੀ ਲੋੜ ਹੈ ਕਿ ਤੁਹਾਡੇ ਬੱਚੇ ਬਾਕਾਇਦਾ ਇਹ ਸਿਖਲਾਈ ਲੈਣ। ਇਸ ਬਾਰੇ ਸੋਚੋ: ਤੁਸੀਂ ਇਹ ਗੱਲ ਪੱਕੀ ਕਰਦੇ ਹੋ ਕਿ ਤੁਹਾਡੇ ਬੱਚੇ ਸਕੂਲ ਜਾਣ ਕਿਉਂਕਿ ਤੁਸੀਂ ਜਾਣਦੇ ਹੋ ਕਿ ਪੜ੍ਹਾਈ ਕਰਨੀ ਉਨ੍ਹਾਂ ਲਈ ਜ਼ਰੂਰੀ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਉਹ ਨਵੀਆਂ-ਨਵੀਆਂ ਗੱਲਾਂ ਸਿੱਖ ਕੇ ਮਜ਼ਾ ਲੈਣ। ਇਸੇ ਤਰ੍ਹਾਂ ਤੁਸੀਂ ਇਹ ਪੱਕਾ ਕਰਦੇ ਹੋ ਕਿ ਉਹ ਮੀਟਿੰਗਾਂ, ਅਸੈਂਬਲੀਆਂ ਤੇ ਪਰਿਵਾਰਕ ਸਟੱਡੀ ਵਿਚ ਹਾਜ਼ਰ ਹੋਣ। ਕਿਉਂ? ਕਿਉਂਕਿ ਯਹੋਵਾਹ ਵੱਲੋਂ ਦਿੱਤੀ ਜਾਂਦੀ ਜਾਣਕਾਰੀ ਨਾਲ ਉਨ੍ਹਾਂ ਦੀਆਂ ਜ਼ਿੰਦਗੀਆਂ ਬਚ ਸਕਦੀਆਂ ਹਨ। ਇਸ ਲਈ ਯਹੋਵਾਹ ਬਾਰੇ ਸਿੱਖਣ ਵਿਚ ਉਨ੍ਹਾਂ ਦੀ ਮਦਦ ਕਰੋ ਤੇ ਉਨ੍ਹਾਂ ਨੂੰ ਅਹਿਸਾਸ ਕਰਾਓ ਕਿ ਯਹੋਵਾਹ ਉਨ੍ਹਾਂ ਨੂੰ ਬੁੱਧੀਮਾਨ ਬਣਨ ਦੀ ਸਿੱਖਿਆ ਦੇ ਸਕਦਾ ਹੈ। (ਕਹਾ. 24:14) ਨਾਲੇ ਆਪਣੇ ਬੱਚਿਆਂ ਨੂੰ ਬਾਕਾਇਦਾ ਪ੍ਰਚਾਰ ਕਰਨ ਦੀ ਸਿਖਲਾਈ ਦਿਓ। ਯਿਸੂ ਵਾਂਗ ਆਪਣੇ ਬੱਚਿਆਂ ਦੀ ਮਦਦ ਕਰੋ ਕਿ ਉਹ ਦੂਜਿਆਂ ਨੂੰ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣ ਦਾ ਆਨੰਦ ਮਾਣਨ।

7 ਅੱਲੜ੍ਹ ਉਮਰ ਦੇ ਬੱਚਿਆਂ ਨੂੰ ਬਾਕਾਇਦਾ ਸਟੱਡੀ ਕਰਨ, ਮੀਟਿੰਗਾਂ ਅਤੇ ਪ੍ਰਚਾਰ ’ਤੇ ਜਾਣ ਦੇ ਨਾਲ-ਨਾਲ ਪਰਮੇਸ਼ੁਰ ਦੀ ਹੋਰ ਤਰੀਕਿਆਂ ਨਾਲ ਸੇਵਾ ਕਰਨ ਦਾ ਕੀ ਫ਼ਾਇਦਾ ਹੋ ਸਕਦਾ ਹੈ? ਦੱਖਣੀ ਅਫ਼ਰੀਕਾ ਦੀ ਰਹਿਣ ਵਾਲੀ ਏਰਿਨ ਕਹਿੰਦੀ ਹੈ: “ਜਦੋਂ ਅਸੀਂ ਬੱਚੇ ਸੀ, ਤਾਂ ਅਸੀਂ ਬਾਈਬਲ ਸਟੱਡੀ ਕਰਨ, ਮੀਟਿੰਗਾਂ ਅਤੇ ਪ੍ਰਚਾਰ ’ਤੇ ਜਾਣ ਵੇਲੇ ਚੂੰ-ਚੂੰ ਕਰਦੇ ਹੁੰਦੇ ਸੀ। ਕਈ ਵਾਰ ਅਸੀਂ ਪਰਿਵਾਰਕ ਸਟੱਡੀ ਨਾ ਕਰਨ ਦੇ ਬਹਾਨੇ ਲੱਭਦੇ ਸੀ। ਪਰ ਫਿਰ ਵੀ ਸਾਡੇ ਮਾਪਿਆਂ ਨੇ ਹਾਰ ਨਹੀਂ ਮੰਨੀ।” ਏਰਿਨ ਆਪਣੇ ਮਾਪਿਆਂ ਦੀ ਸ਼ੁਕਰਗੁਜ਼ਾਰ ਹੈ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਦੀ ਸੇਵਾ ਕਰਨ ਦੀ ਅਹਿਮੀਅਤ ਨੂੰ ਪਛਾਣਨ ਵਿਚ ਉਸ ਦੀ ਮਦਦ ਕੀਤੀ। ਜੇ ਹੁਣ ਉਹ ਕਦੇ ਕਿਸੇ ਕਾਰਨ ਕਰਕੇ ਮੀਟਿੰਗ ਜਾਂ ਪ੍ਰਚਾਰ ’ਤੇ ਨਾ ਜਾ ਸਕੇ, ਤਾਂ ਉਹ ਜਲਦੀ ਤੋਂ ਜਲਦੀ ਇਨ੍ਹਾਂ ਵਿਚ ਜਾਣ ਲਈ ਉਤਾਵਲੀ ਹੁੰਦੀ ਹੈ।

ਨਿਮਰ ਬਣੋ

8. (ੳ) ਯਿਸੂ ਨੇ ਨਿਮਰਤਾ ਕਿਵੇਂ ਦਿਖਾਈ? (ਅ) ਯਿਸੂ ਦੀ ਨਿਮਰਤਾ ਨੇ ਉਸ ਦੇ ਚੇਲਿਆਂ ਦੀ ਕਿਵੇਂ ਮਦਦ ਕੀਤੀ?

8 ਮੁਕੰਮਲ ਹੋਣ ਦੇ ਬਾਵਜੂਦ ਵੀ ਯਿਸੂ ਨਿਮਰ ਸੀ ਤੇ ਉਸ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਉਸ ਨੂੰ ਯਹੋਵਾਹ ਦੀ ਮਦਦ ਦੀ ਲੋੜ ਹੈ। (ਯੂਹੰਨਾ 5:19 ਪੜ੍ਹੋ।) ਕੀ ਯਿਸੂ ਦੀ ਨਿਮਰਤਾ ਕਰਕੇ ਚੇਲਿਆਂ ਦੀਆਂ ਨਜ਼ਰਾਂ ਵਿਚ ਉਸ ਦੀ ਇੱਜ਼ਤ ਘੱਟ ਗਈ ਸੀ? ਨਹੀਂ। ਜਿੰਨਾ ਜ਼ਿਆਦਾ ਉਹ ਦੇਖਦੇ ਸਨ ਕਿ ਉਹ ਯਹੋਵਾਹ ’ਤੇ ਭਰੋਸਾ ਰੱਖਦਾ ਸੀ, ਉੱਨਾ ਜ਼ਿਆਦਾ ਉਹ ਯਿਸੂ ’ਤੇ ਭਰੋਸਾ ਰੱਖਦੇ ਸਨ। ਬਾਅਦ ਵਿਚ ਉਨ੍ਹਾਂ ਨੇ ਯਿਸੂ ਦੀ ਨਿਮਰਤਾ ਦੀ ਰੀਸ ਕੀਤੀ।ਰਸੂ. 3:12, 13, 16.

9. ਜਦੋਂ ਤੁਸੀਂ ਆਪਣੀਆਂ ਗ਼ਲਤੀਆਂ ਕਬੂਲ ਕਰ ਕੇ ਮਾਫ਼ੀ ਮੰਗਦੇ ਹੋ, ਤਾਂ ਇਸ ਨਾਲ ਤੁਹਾਡੇ ਅੱਲੜ੍ਹ ਉਮਰ ਦੇ ਬੱਚਿਆਂ ਦੀ ਕਿਵੇਂ ਮਦਦ ਹੁੰਦੀ ਹੈ?

9 ਯਿਸੂ ਤੋਂ ਉਲਟ, ਅਸੀਂ ਸਾਰੇ ਪਾਪੀ ਹਾਂ ਤੇ ਗ਼ਲਤੀਆਂ ਕਰਦੇ ਹਾਂ। ਇਸ ਲਈ ਨਿਮਰ ਬਣੋ। ਇਹ ਗੱਲ ਮੰਨੋ ਕਿ ਕੁਝ ਕੰਮ ਕਰਨੇ ਤੁਹਾਡੇ ਵੱਸ ਤੋਂ ਬਾਹਰ ਹਨ। ਨਾਲੇ ਆਪਣੀਆਂ ਗ਼ਲਤੀਆਂ ਨੂੰ ਵੀ ਕਬੂਲ ਕਰੋ। (1 ਯੂਹੰ. 1:8) ਫਿਰ ਤੁਹਾਡਾ ਅੱਲੜ੍ਹ ਉਮਰ ਦਾ ਬੱਚਾ ਵੀ ਆਪਣੀਆਂ ਗ਼ਲਤੀਆਂ ਮੰਨਣੀਆਂ ਸਿੱਖੇਗਾ ਅਤੇ ਉਹ ਤੁਹਾਡੀ ਹੋਰ ਵੀ ਇੱਜ਼ਤ ਕਰੇਗਾ। ਤੁਸੀਂ ਕਿਸ ਮਾਲਕ ਦੀ ਜ਼ਿਆਦਾ ਇੱਜ਼ਤ ਕਰਦੇ ਹੋ? ਉਸ ਦੀ ਜੋ ਆਪਣੀਆਂ ਗ਼ਲਤੀਆਂ ਦੀ ਮਾਫ਼ੀ ਮੰਗਦਾ ਹੈ ਜਾਂ ਜਿਹੜਾ ਕਦੇ ਮਾਫ਼ੀ ਨਹੀਂ ਮੰਗਦਾ? ਤਿੰਨ ਬੱਚਿਆਂ ਦੀ ਮਾਂ ਰੋਜ਼ਮੈਰੀ ਕਹਿੰਦੀ ਹੈ: “ਮੈਂ ਤੇ ਮੇਰਾ ਪਤੀ ਆਪਣੀਆਂ ਗ਼ਲਤੀਆਂ ਮੰਨਦੇ ਸੀ ਜਿਸ ਕਰਕੇ ਸਾਡੇ ਬੱਚੇ ਕੋਈ ਵੀ ਸਮੱਸਿਆ ਆਉਣ ’ਤੇ ਸਾਡੇ ਨਾਲ ਖੁੱਲ੍ਹ ਕੇ ਗੱਲ ਕਰਨ ਲੱਗ ਪਏ। ਅਸੀਂ ਆਪਣੇ ਬੱਚਿਆਂ ਨੂੰ ਸਿਖਾਇਆ ਕਿ ਸਮੱਸਿਆਵਾਂ ਆਉਣ ਤੇ ਉਨ੍ਹਾਂ ਨੂੰ ਸਭ ਤੋਂ ਵਧੀਆ ਸਲਾਹ ਕਿੱਥੋਂ ਮਿਲ ਸਕਦੀ ਹੈ। ਜਦੋਂ ਵੀ ਉਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਸੀ, ਤਾਂ ਅਸੀਂ ਹਮੇਸ਼ਾ ਉਨ੍ਹਾਂ ਨੂੰ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਨ ਲਈ ਕਹਿੰਦੇ ਸੀ ਅਤੇ ਇਕੱਠਿਆਂ ਪ੍ਰਾਰਥਨਾ ਕਰਦੇ ਸੀ।”

10. ਆਪਣੇ ਚੇਲਿਆਂ ਨੂੰ ਹੁਕਮ ਦਿੰਦਿਆਂ ਯਿਸੂ ਨੇ ਨਿਮਰਤਾ ਕਿਵੇਂ ਦਿਖਾਈ?

10 ਯਿਸੂ ਕੋਲ ਆਪਣੇ ਚੇਲਿਆਂ ਨੂੰ ਇਹ ਦੱਸਣ ਦਾ ਅਧਿਕਾਰ ਸੀ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ। ਪਰ ਨਿਮਰ ਹੋਣ ਕਰਕੇ ਉਹ ਅਕਸਰ ਉਨ੍ਹਾਂ ਨੂੰ ਸਮਝਾਉਂਦਾ ਹੁੰਦਾ ਸੀ ਕਿ ਉਨ੍ਹਾਂ ਨੂੰ ਕੋਈ ਕੰਮ ਕਿਉਂ ਕਰਨਾ ਚਾਹੀਦਾ ਹੈ ਤੇ ਕਿਉਂ ਨਹੀਂ। ਮਿਸਾਲ ਲਈ, ਉਸ ਨੇ ਸਿਰਫ਼ ਉਨ੍ਹਾਂ ਨੂੰ ਇੰਨਾ ਹੀ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣੀ ਚਾਹੀਦੀ ਹੈ ਅਤੇ ਉਹੀ ਕੰਮ ਕਰਨੇ ਚਾਹੀਦੇ ਹਨ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹਨ। ਸਗੋਂ ਉਸ ਨੇ ਇਹ ਵੀ ਦੱਸਿਆ: “ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।” ਜਦੋਂ ਯਿਸੂ ਨੇ ਕਿਹਾ ਕਿ ਤੁਹਾਨੂੰ ਕਿਸੇ ਵਿਚ ਨੁਕਸ ਨਹੀਂ ਕੱਢਣੇ ਚਾਹੀਦੇ, ਤਾਂ ਉਸ ਨੇ ਸਮਝਾਇਆ: “ਤੁਹਾਡੇ ਵਿਚ ਵੀ ਨੁਕਸ ਨਹੀਂ ਕੱਢੇ ਜਾਣਗੇ; ਕਿਉਂਕਿ ਜਿਸ ਆਧਾਰ ’ਤੇ ਤੁਸੀਂ ਦੂਸਰਿਆਂ ’ਤੇ ਦੋਸ਼ ਲਾਉਂਦੇ ਹੋ, ਉਸੇ ਆਧਾਰ ’ਤੇ ਤੁਹਾਡੇ ’ਤੇ ਵੀ ਦੋਸ਼ ਲਾਇਆ ਜਾਵੇਗਾ।”ਮੱਤੀ 6:31–7:2.

11. ਇਹ ਦੱਸਣਾ ਸਮਝਦਾਰੀ ਦੀ ਗੱਲ ਕਿਉਂ ਹੈ ਕਿ ਤੁਸੀਂ ਮਾਪਿਆਂ ਵਜੋਂ ਕੋਈ ਫ਼ੈਸਲਾ ਕਿਉਂ ਕੀਤਾ ਹੈ?

11 ਜਦੋਂ ਢੁਕਵਾਂ ਹੋਵੇ, ਤਾਂ ਆਪਣੇ ਬੱਚੇ ਨੂੰ ਸਮਝਾਓ ਕਿ ਤੁਸੀਂ ਕਿਉਂ ਕੋਈ ਕਾਨੂੰਨ ਬਣਾਇਆ ਜਾਂ ਫ਼ੈਸਲਾ ਕੀਤਾ ਹੈ। ਜਦੋਂ ਉਹ ਇਸ ਦਾ ਕਾਰਨ ਸਮਝ ਜਾਂਦਾ ਹੈ, ਤਾਂ ਉਹ ਤੁਹਾਡਾ ਕਹਿਣਾ ਮੰਨਣ ਲਈ ਦਿਲੋਂ ਤਿਆਰ ਹੋਵੇਗਾ। ਬੈਰੀ ਨੇ ਚਾਰ ਬੱਚਿਆਂ ਦੀ ਪਰਵਰਿਸ਼ ਕੀਤੀ ਤੇ ਉਹ ਦੱਸਦਾ ਹੈ: “ਕਾਰਨ ਦੱਸਣ ਨਾਲ ਤੁਹਾਡੇ ਅੱਲੜ੍ਹ ਉਮਰ ਦੇ ਬੱਚੇ ਤੁਹਾਡੇ ’ਤੇ ਭਰੋਸਾ ਰੱਖਣਾ ਸਿੱਖਦੇ ਹਨ।” ਤੁਹਾਡੇ ਬੱਚੇ ਦੇਖ ਸਕਣਗੇ ਕਿ ਤੁਸੀਂ ਕੋਈ ਕਾਨੂੰਨ ਜਾਂ ਫ਼ੈਸਲਾ ਆਪਣੇ ਅਧਿਕਾਰ ਨੂੰ ਵਰਤਣ ਲਈ ਹੀ ਨਹੀਂ ਲਿਆ, ਸਗੋਂ ਇੱਦਾਂ ਕਰਨ ਦਾ ਤੁਹਾਡੇ ਕੋਲ ਕੋਈ ਚੰਗਾ ਕਾਰਨ ਹੈ। ਨਾਲੇ ਯਾਦ ਰੱਖੋ ਕਿ ਤੁਹਾਡੇ ਅੱਲੜ੍ਹ ਉਮਰ ਦੇ ਬੱਚੇ ਹੁਣ ਨਿਆਣੇ ਨਹੀਂ ਰਹੇ। ਉਹ ਆਪਣੇ ਫ਼ੈਸਲੇ ਖ਼ੁਦ ਕਰਨੇ ਸਿੱਖ ਰਹੇ ਹਨ ਅਤੇ ਉਹ ਆਪਣੇ ਫ਼ੈਸਲੇ ਖ਼ੁਦ ਕਰਨੇ ਚਾਹੁੰਦੇ ਹਨ। (ਰੋਮੀ. 12:1) ਬੈਰੀ ਸਮਝਾਉਂਦਾ ਹੈ: “ਅੱਲੜ੍ਹ ਉਮਰ ਦੇ ਬੱਚਿਆਂ ਨੂੰ ਸਹੀ ਫ਼ੈਸਲੇ ਜਜ਼ਬਾਤਾਂ ਦੇ ਆਧਾਰ ’ਤੇ ਕਰਨ ਦੀ ਬਜਾਇ ਸਮਝਦਾਰੀ ਨਾਲ ਕਰਨ ਦੀ ਲੋੜ ਹੈ।” (ਜ਼ਬੂ. 119:34) ਸੋ ਨਿਮਰ ਬਣੋ ਤੇ ਆਪਣੇ ਅੱਲੜ੍ਹ ਉਮਰ ਦੇ ਬੱਚਿਆਂ ਨੂੰ ਸਮਝਾਓ ਕਿ ਤੁਸੀਂ ਕੋਈ ਫ਼ੈਸਲਾ ਕਿਉਂ ਕੀਤਾ ਹੈ। ਇਸ ਤਰ੍ਹਾਂ ਉਹ ਆਪਣੇ ਫ਼ੈਸਲੇ ਆਪ ਕਰਨੇ ਸਿੱਖਣਗੇ। ਨਾਲੇ ਅੱਲੜ੍ਹ ਉਮਰ ਦੇ ਬੱਚਿਆਂ ਨੂੰ ਪਤਾ ਲੱਗੇਗਾ ਕਿ ਤੁਸੀਂ ਉਨ੍ਹਾਂ ਨੂੰ ਐਵੇਂ ਨਹੀਂ ਸਮਝਦੇ। ਇਸ ਦੇ ਨਾਲ-ਨਾਲ ਉਹ ਜਾਣਨਗੇ ਕਿ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਸਮਝਦਾਰੀ ਵੱਲ ਕਦਮ ਵਧਾ ਰਹੇ ਹਨ।

ਸਮਝਦਾਰੀ ਦਿਖਾਓ ਤੇ ਆਪਣੇ ਅੱਲੜ੍ਹ ਉਮਰ ਦੇ ਬੱਚੇ ਨੂੰ ਸਮਝੋ

12. ਯਿਸੂ ਨੇ ਸਮਝਦਾਰੀ ਦਿਖਾ ਕੇ ਪਤਰਸ ਦੀ ਕਿਵੇਂ ਮਦਦ ਕੀਤੀ?

12 ਯਿਸੂ ਨੇ ਸਮਝਦਾਰੀ ਦਿਖਾਉਂਦੇ ਹੋਏ ਇਹ ਗੱਲ ਸਮਝੀ ਕਿ ਉਸ ਦੇ ਚੇਲਿਆਂ ਨੂੰ ਕਿਸ ਗੱਲ ਵਿਚ ਮਦਦ ਦੀ ਲੋੜ ਸੀ। ਮਿਸਾਲ ਲਈ, ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਉਸ ਨੂੰ ਮਾਰਿਆ ਜਾਵੇਗਾ, ਤਾਂ ਪਤਰਸ ਨੇ ਯਿਸੂ ਨੂੰ ਕਿਹਾ ਕਿ ਉਹ ਆਪਣੇ ’ਤੇ ਤਰਸ ਖਾਵੇ। ਯਿਸੂ ਜਾਣਦਾ ਸੀ ਕਿ ਪਤਰਸ ਉਸ ਨੂੰ ਪਿਆਰ ਕਰਦਾ ਸੀ, ਪਰ ਉਹ ਜਾਣਦਾ ਸੀ ਕਿ ਪਤਰਸ ਦੀ ਸੋਚਣੀ ਗ਼ਲਤ ਸੀ। ਯਿਸੂ ਨੇ ਉਸ ਦੀ ਤੇ ਹੋਰ ਚੇਲਿਆਂ ਦੀ ਕਿਵੇਂ ਮਦਦ ਕੀਤੀ? ਪਹਿਲਾ, ਉਸ ਨੇ ਪਤਰਸ ਨੂੰ ਸੁਧਾਰਿਆ। ਫਿਰ ਯਿਸੂ ਨੇ ਸਮਝਾਇਆ ਕਿ ਜਿਹੜੇ ਮੁਸ਼ਕਲ ਹਾਲਾਤਾਂ ਵਿਚ ਯਹੋਵਾਹ ਦੀ ਇੱਛਾ ਪੂਰੀ ਕਰਨ ਤੋਂ ਮੂੰਹ ਫੇਰ ਲੈਂਦੇ ਹਨ ਉਨ੍ਹਾਂ ਨਾਲ ਕੀ ਹੋ ਸਕਦਾ ਹੈ। ਨਾਲੇ ਯਿਸੂ ਨੇ ਇਹ ਵੀ ਦੱਸਿਆ ਕਿ ਜਿਹੜੇ ਬਿਨਾਂ ਕਿਸੇ ਸੁਆਰਥ ਤੋਂ ਕੰਮ ਕਰਦੇ ਹਨ, ਯਹੋਵਾਹ ਉਨ੍ਹਾਂ ਨੂੰ ਇਨਾਮ ਦੇਵੇਗਾ। (ਮੱਤੀ 16:21-27) ਪਤਰਸ ਨੇ ਇਸ ਤੋਂ ਸਬਕ ਸਿੱਖਿਆ।1 ਪਤ. 2:20, 21.

13, 14. (ੳ) ਸ਼ਾਇਦ ਕਿਹੜੀਆਂ ਗੱਲਾਂ ਤੋਂ ਤੁਹਾਨੂੰ ਲੱਗੇ ਕਿ ਤੁਹਾਡੇ ਬੱਚੇ ਦੀ ਨਿਹਚਾ ਕਮਜ਼ੋਰ ਹੋ ਰਹੀ ਹੈ? (ਅ) ਤੁਸੀਂ ਆਪਣੇ ਬੱਚਿਆਂ ਦੀਆਂ ਲੋੜਾਂ ਕਿਵੇਂ ਪਛਾਣ ਸਕਦੇ ਹੋ?

13 ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੇ ਅੱਲੜ੍ਹ ਉਮਰ ਦੇ ਬੱਚਿਆਂ ਦੀਆਂ ਲੋੜਾਂ ਪਛਾਣਨ ਵਿਚ ਤੁਹਾਨੂੰ ਸਮਝ ਦੇਵੇ। (ਜ਼ਬੂ. 32:8) ਮਿਸਾਲ ਲਈ, ਸ਼ਾਇਦ ਕਿਹੜੀਆਂ ਗੱਲਾਂ ਤੋਂ ਤੁਹਾਨੂੰ ਲੱਗੇ ਕਿ ਤੁਹਾਡੇ ਬੱਚੇ ਦੀ ਨਿਹਚਾ ਕਮਜ਼ੋਰ ਹੋ ਰਹੀ ਹੈ? ਸ਼ਾਇਦ ਯਹੋਵਾਹ ਦੀ ਸੇਵਾ ਕਰ ਕੇ ਉਸ ਨੂੰ ਖ਼ੁਸ਼ੀ ਨਹੀਂ ਮਿਲ ਰਹੀ, ਉਹ ਭੈਣਾਂ-ਭਰਾਵਾਂ ਦੀ ਨੁਕਤਾਚੀਨੀ ਕਰਦਾ ਹੈ ਜਾਂ ਉਹ ਤੁਹਾਡੇ ਤੋਂ ਆਪਣੀਆਂ ਗੱਲਾਂ ਲੁਕਾਉਂਦਾ ਹੈ। ਇਕਦਮ ਇਹ ਨਾ ਸੋਚੋ ਕਿ ਤੁਹਾਡਾ ਅੱਲੜ੍ਹ ਉਮਰ ਦਾ ਬੱਚਾ ਚੋਰੀ-ਛੁਪੇ ਕੋਈ ਬਹੁਤ ਗ਼ਲਤ ਕੰਮ ਕਰ ਰਿਹਾ ਹੈ। * ਪਰ ਨਾ ਹੀ ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰੋ ਤੇ ਨਾ ਹੀ ਇਹ ਸੋਚੋ ਕਿ ਸਾਰਾ ਕੁਝ ਆਪਣੇ ਆਪ ਹੀ ਠੀਕ ਹੋ ਜਾਵੇਗਾ। ਸ਼ਾਇਦ ਤੁਹਾਨੂੰ ਉਸ ਦੀ ਨਿਹਚਾ ਮਜ਼ਬੂਤ ਕਰਨ ਦੀ ਲੋੜ ਹੋਵੇ।

ਮੰਡਲੀ ਵਿਚ ਚੰਗੇ ਦੋਸਤ ਬਣਾਉਣ ਲਈ ਆਪਣੇ ਅੱਲੜ੍ਹ ਉਮਰ ਦੇ ਬੱਚਿਆਂ ਦੀ ਮਦਦ ਕਰੋ (ਪੈਰਾ 14 ਦੇਖੋ)

14 ਆਪਣੇ ਅੱਲੜ੍ਹ ਉਮਰ ਦੇ ਬੱਚਿਆਂ ਦੀ ਮਦਦ ਕਰਨ ਲਈ ਯਿਸੂ ਵਾਂਗ ਉਨ੍ਹਾਂ ਨੂੰ ਪਿਆਰ ਤੇ ਇੱਜ਼ਤ ਨਾਲ ਸਵਾਲ ਪੁੱਛੋ। ਸਵਾਲ ਪੁੱਛਣੇ ਖੂਹ ਵਿੱਚੋਂ ਪਾਣੀ ਕੱਢਣ ਵਾਂਗ ਹਨ। ਜੇ ਤੁਸੀਂ ਜਲਦੀ ਨਾਲ ਪਾਣੀ ਦੀ ਬਾਲਟੀ ਖਿੱਚਦੇ ਹੋ, ਤਾਂ ਥੋੜ੍ਹਾ ਪਾਣੀ ਡੁੱਲ੍ਹ ਜਾਵੇਗਾ। ਇਸੇ ਤਰ੍ਹਾਂ ਜੇ ਤੁਸੀਂ ਧੀਰਜ ਦਿਖਾਏ ਬਿਨਾਂ ਸਵਾਲ ਪੁੱਛੋ ਤੇ ਆਪਣੇ ਬੱਚਿਆਂ ਨੂੰ ਗੱਲ ਦੱਸਣ ਲਈ ਮਜਬੂਰ ਕਰੋ, ਤਾਂ ਤੁਸੀਂ ਉਨ੍ਹਾਂ ਦੇ ਦਿਲ ਦੀਆਂ ਗੱਲਾਂ ਬਾਹਰ ਨਹੀਂ ਕੱਢ ਸਕੋਗੇ। (ਕਹਾਉਤਾਂ 20:5 ਪੜ੍ਹੋ।) ਈਲਾਰੀਆ ਯਾਦ ਕਰਦੀ ਹੈ ਕਿ ਜਦੋਂ ਉਹ ਅੱਲੜ੍ਹ ਉਮਰ ਦੀ ਸੀ, ਤਾਂ ਉਹ ਜ਼ਿਆਦਾ ਸਮਾਂ ਆਪਣੇ ਸਕੂਲ ਦੇ ਦੋਸਤਾਂ ਨਾਲ ਬਿਤਾਉਣਾ ਚਾਹੁੰਦੀ ਸੀ, ਪਰ ਉਹ ਜਾਣਦੀ ਸੀ ਕਿ ਇਹ ਗ਼ਲਤ ਹੈ। ਉਸ ਦੇ ਮਾਪਿਆਂ ਨੇ ਦੇਖਿਆ ਕਿ ਉਹ ਕਿਸੇ ਗੱਲ ਕਰਕੇ ਪਰੇਸ਼ਾਨ ਸੀ। ਈਲਾਰੀਆ ਦੱਸਦੀ ਹੈ: “ਉਨ੍ਹਾਂ ਨੇ ਇਕ ਸ਼ਾਮ ਬਸ ਇੰਨਾ ਹੀ ਕਿਹਾ ਕਿ ਤੂੰ ਅੱਜ-ਕੱਲ੍ਹ ਠੀਕ ਨਹੀਂ ਲੱਗਦੀ ਤੇ ਪੁੱਛਿਆ ਕਿ ਕੀ ਹੋਇਆ। ਮੈਂ ਰੋਣ ਲੱਗ ਪਈ। ਫਿਰ ਮੈਂ ਆਪਣੀ ਸਮੱਸਿਆ ਉਨ੍ਹਾਂ ਨੂੰ ਦੱਸੀ ਤੇ ਮਦਦ ਮੰਗੀ। ਉਨ੍ਹਾਂ ਨੇ ਮੈਨੂੰ ਕਲਾਵੇ ਵਿਚ ਲੈ ਕੇ ਕਿਹਾ ਕਿ ਉਹ ਮੇਰੀ ਸਮੱਸਿਆ ਸਮਝਦੇ ਹਨ ਅਤੇ ਮੇਰੀ ਮਦਦ ਕਰਨਗੇ।” ਈਲਾਰੀਆ ਦੇ ਮਾਪਿਆਂ ਨੇ ਮੰਡਲੀ ਵਿਚ ਉਸ ਦੇ ਚੰਗੇ ਦੋਸਤ ਬਣਾਉਣ ਵਿਚ ਜਲਦੀ ਹੀ ਉਸ ਦੀ ਮਦਦ ਕੀਤੀ।

15. ਸਮਝਾਓ ਕਿ ਦੂਜਿਆਂ ਨਾਲ ਪੇਸ਼ ਆਉਂਦਿਆਂ ਯਿਸੂ ਨੇ ਸਮਝਦਾਰੀ ਕਿਵੇਂ ਦਿਖਾਈ।

15 ਯਿਸੂ ਨੇ ਆਪਣੇ ਚੇਲਿਆਂ ਵਿਚ ਵਧੀਆ ਗੁਣ ਦੇਖਣ ਲਈ ਵੀ ਸਮਝ ਦਾ ਇਸਤੇਮਾਲ ਕੀਤਾ। ਮਿਸਾਲ ਲਈ, ਜਦੋਂ ਨਥਾਨਿਏਲ ਨੇ ਸੁਣਿਆ ਕਿ ਯਿਸੂ ਨਾਸਰਤ ਤੋਂ ਸੀ, ਤਾਂ ਉਸ ਨੇ ਕਿਹਾ: “ਭਲਾ ਨਾਸਰਤ ਵਿਚ ਵੀ ਕੋਈ ਚੰਗਾ ਆਦਮੀ ਹੋ ਸਕਦਾ ਹੈ?” (ਯੂਹੰ. 1:46) ਜੇ ਤੁਸੀਂ ਉੱਥੇ ਹੁੰਦੇ, ਤਾਂ ਕੀ ਤੁਸੀਂ ਨਥਾਨਿਏਲ ਬਾਰੇ ਬੁਰਾ-ਭਲਾ ਕਹਿੰਦੇ ਜਾਂ ਕਹਿੰਦੇ ਕਿ ਉਹ ਪੱਖਪਾਤ ਕਰਦਾ ਜਾਂ ਉਸ ਵਿਚ ਨਿਹਚਾ ਦੀ ਘਾਟ ਸੀ? ਯਿਸੂ ਨੇ ਇਸ ਤਰ੍ਹਾਂ ਨਹੀਂ ਸੋਚਿਆ। ਇਸ ਦੀ ਬਜਾਇ, ਉਸ ਨੇ ਸਮਝਦਾਰੀ ਨਾਲ ਪਛਾਣਿਆ ਕਿ ਨਥਾਨਿਏਲ ਵਿਚ ਚੰਗੇ ਗੁਣ ਸਨ। ਇਸ ਲਈ ਉਸ ਨੇ ਕਿਹਾ: “ਦੇਖੋ, ਇਕ ਇਜ਼ਰਾਈਲੀ ਜਿਸ ਦੇ ਮਨ ਵਿਚ ਸੱਚ-ਮੁੱਚ ਕੋਈ ਖੋਟ ਨਹੀਂ ਹੈ।” (ਯੂਹੰ. 1:47) ਯਿਸੂ ਦਿਲਾਂ ਨੂੰ ਪੜ੍ਹ ਸਕਦਾ ਸੀ ਤੇ ਉਸ ਨੇ ਇਹ ਕਾਬਲੀਅਤ ਲੋਕਾਂ ਵਿਚ ਚੰਗੇ ਗੁਣਾਂ ਨੂੰ ਪਛਾਣਨ ਲਈ ਵਰਤੀ।

16. ਤੁਸੀਂ ਆਪਣੇ ਅੱਲੜ੍ਹ ਉਮਰ ਦੇ ਬੱਚਿਆਂ ਨੂੰ ਚੰਗੇ ਗੁਣ ਪੈਦਾ ਕਰਨ ਦੀ ਹੱਲਾਸ਼ੇਰੀ ਕਿਵੇਂ ਦੇ ਸਕਦੇ ਹੋ?

16 ਭਾਵੇਂ ਕਿ ਤੁਸੀਂ ਯਿਸੂ ਵਾਂਗ ਦਿਲ ਨਹੀਂ ਪੜ੍ਹ ਸਕਦੇ, ਫਿਰ ਵੀ ਤੁਸੀਂ ਪਰਮੇਸ਼ੁਰ ਦੀ ਮਦਦ ਨਾਲ ਸਮਝਦਾਰ ਬਣ ਸਕਦੇ ਹੋ। ਯਹੋਵਾਹ ਤੁਹਾਡੇ ਅੱਲੜ੍ਹ ਉਮਰ ਦੇ ਬੱਚਿਆਂ ਵਿਚ ਚੰਗੇ ਗੁਣ ਦੇਖਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਜੇ ਤੁਹਾਡੇ ਅੱਲੜ੍ਹ ਉਮਰ ਦੇ ਬੱਚੇ ਤੁਹਾਨੂੰ ਨਿਰਾਸ਼ ਕਰਦੇ ਹਨ, ਤਾਂ ਇਹ ਨਾ ਕਹੋ ਕਿ ਉਹ ਚੰਗੇ ਨਹੀਂ ਹਨ ਜਾਂ ਉਹ ਲੜਾਈ ਦੀ ਜੜ੍ਹ ਹਨ। ਇੱਦਾਂ ਦੀਆਂ ਗੱਲਾਂ ਬਾਰੇ ਤਾਂ ਸੋਚੋ ਵੀ ਨਾ। ਇਸ ਦੀ ਬਜਾਇ, ਉਨ੍ਹਾਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਵਿਚ ਚੰਗੇ ਗੁਣ ਦੇਖ ਸਕਦੇ ਹੋ। ਨਾਲੇ ਦੱਸੋ ਕਿ ਤੁਹਾਨੂੰ ਉਨ੍ਹਾਂ ’ਤੇ ਪੂਰਾ ਯਕੀਨ ਹੈ ਕਿ ਉਹ ਸਹੀ ਕੰਮ ਕਰਨੇ ਚਾਹੁੰਦੇ ਹਨ। ਜਦੋਂ ਵੀ ਉਹ ਆਪਣੇ ਆਪ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਦੀ ਤਾਰੀਫ਼ ਕਰੋ। ਜਦੋਂ ਮੁਮਕਿਨ ਹੋਵੇ, ਉਨ੍ਹਾਂ ਨੂੰ ਹੋਰ ਜ਼ਿੰਮੇਵਾਰੀਆਂ ਦਿਓ ਤਾਂਕਿ ਉਹ ਆਪਣੇ ਗੁਣਾਂ ਵਿਚ ਹੋਰ ਵੀ ਨਿਖਾਰ ਲਿਆ ਸਕਣ। ਯਿਸੂ ਨੇ ਆਪਣੇ ਚੇਲਿਆਂ ਨਾਲ ਇੱਦਾਂ ਹੀ ਕੀਤਾ ਸੀ। ਡੇਢ ਸਾਲ ਬਾਅਦ ਨਥਾਨਿਏਲ (ਜਿਸ ਨੂੰ ਬਰਥੁਲਮਈ ਵੀ ਕਿਹਾ ਜਾਂਦਾ ਸੀ) ਨੂੰ ਮਿਲਣ ਤੇ ਯਿਸੂ ਨੇ ਉਸ ਨੂੰ ਇਕ ਅਹਿਮ ਜ਼ਿੰਮੇਵਾਰੀ ਦਿੱਤੀ। ਉਸ ਨੇ ਨਥਾਨਿਏਲ ਨੂੰ ਰਸੂਲ ਵਜੋਂ ਚੁਣਿਆ ਤੇ ਉਹ ਇਕ ਜੋਸ਼ੀਲਾ ਮਸੀਹੀ ਸਾਬਤ ਹੋਇਆ। (ਲੂਕਾ 6:13, 14; ਰਸੂ. 1:13, 14) ਸੋ ਆਪਣੇ ਅੱਲੜ੍ਹ ਉਮਰ ਦੇ ਬੱਚਿਆਂ ਨੂੰ ਇਹ ਅਹਿਸਾਸ ਨਾ ਕਰਾਓ ਕਿ ਉਹ ਕਿਸੇ ਕੰਮ ਦੇ ਨਹੀਂ, ਸਗੋਂ ਉਨ੍ਹਾਂ ਦੀ ਤਾਰੀਫ਼ ਕਰੋ ਤੇ ਉਨ੍ਹਾਂ ਦਾ ਹੌਸਲਾ ਵਧਾਓ। ਉਨ੍ਹਾਂ ਨੂੰ ਅਹਿਸਾਸ ਕਰਾਓ ਕਿ ਉਹ ਤੁਹਾਨੂੰ ਤੇ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹਨ ਅਤੇ ਉਹ ਯਹੋਵਾਹ ਦੀ ਸੇਵਾ ਕਰਨ ਲਈ ਆਪਣੀਆਂ ਕਾਬਲੀਅਤਾਂ ਵਰਤ ਸਕਦੇ ਹਨ।

ਬੱਚਿਆਂ ਨੂੰ ਸਿਖਲਾਈ ਦੇ ਕੇ ਬੇਸ਼ੁਮਾਰ ਖ਼ੁਸ਼ੀਆਂ ਪਾਓ

17, 18. ਆਪਣੇ ਅੱਲੜ੍ਹ ਉਮਰ ਦੇ ਬੱਚਿਆਂ ਨੂੰ ਯਹੋਵਾਹ ਦੀ ਸੇਵਾ ਕਰਨ ਦੀ ਸਿਖਲਾਈ ਦਿੰਦੇ ਰਹਿਣ ਦਾ ਕੀ ਫ਼ਾਇਦਾ ਹੋਵੇਗਾ?

17 ਤੁਸੀਂ ਸ਼ਾਇਦ ਪੌਲੁਸ ਰਸੂਲ ਵਾਂਗ ਮਹਿਸੂਸ ਕਰੋ। ਪੌਲੁਸ ਉਨ੍ਹਾਂ ਨੂੰ ਆਪਣੇ ਬੱਚਿਆਂ ਵਾਂਗ ਸਮਝਦਾ ਸੀ ਜਿਨ੍ਹਾਂ ਨੂੰ ਉਸ ਨੇ ਯਹੋਵਾਹ ਬਾਰੇ ਸੱਚਾਈ ਸਿਖਾਈ ਸੀ। ਉਹ ਉਨ੍ਹਾਂ ਦਾ ਬਹੁਤ ਫ਼ਿਕਰ ਕਰਦਾ ਸੀ ਅਤੇ ਉਨ੍ਹਾਂ ਨੂੰ ਪਿਆਰ ਕਰਦਾ ਸੀ। ਸੋ ਉਸ ਲਈ ਇਹ ਸੋਚਣਾ ਵੀ ਦੁਖਦਾਈ ਸੀ ਕਿ ਇਨ੍ਹਾਂ ਵਿੱਚੋਂ ਕੁਝ ਸ਼ਾਇਦ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਣ। (2 ਕੁਰਿੰ. 2:4; 1 ਕੁਰਿੰ. 4:15) ਵਿਕਟਰ ਨੇ ਤਿੰਨ ਬੱਚਿਆਂ ਦੀ ਪਰਵਰਿਸ਼ ਕੀਤੀ। ਉਹ ਦੱਸਦਾ ਹੈ: “ਅੱਲੜ੍ਹ ਉਮਰ ਦਾ ਦੌਰ ਸੌਖਾ ਨਹੀਂ ਸੀ। ਪਰ ਸਾਨੂੰ ਜੋ ਖ਼ੁਸ਼ੀਆਂ ਮਿਲੀਆਂ ਉਨ੍ਹਾਂ ਸਾਮ੍ਹਣੇ ਮੁਸ਼ਕਲਾਂ ਤਾਂ ਕੁਝ ਵੀ ਨਹੀਂ ਸਨ। ਯਹੋਵਾਹ ਦੀ ਮਦਦ ਨਾਲ ਅਸੀਂ ਆਪਣੇ ਬੱਚਿਆਂ ਨਾਲ ਵਧੀਆ ਰਿਸ਼ਤੇ ਦਾ ਆਨੰਦ ਮਾਣਿਆ।”

18 ਬੱਚਿਆਂ ਨਾਲ ਬਹੁਤ ਪਿਆਰ ਹੋਣ ਕਰਕੇ ਮਾਪੇ ਉਨ੍ਹਾਂ ਨੂੰ ਸਿਖਲਾਈ ਦੇਣ ਵਿਚ ਅਣਥੱਕ ਮਿਹਨਤ ਕਰਦੇ ਹਨ। ਇੱਦਾਂ ਕਰਦਿਆਂ ਕਦੇ ਹਾਰ ਨਾ ਮੰਨੋ। ਜ਼ਰਾ ਸੋਚੋ, ਤੁਹਾਡੀ ਖ਼ੁਸ਼ੀ ਦੀ ਉਦੋਂ ਕੋਈ ਸੀਮਾ ਨਹੀਂ ਹੋਵੇਗੀ ਜਦੋਂ ਤੁਹਾਡੇ ਬੱਚੇ ਪਰਮੇਸ਼ੁਰ ਦੀ ਸੇਵਾ ਕਰਨ ਅਤੇ ‘ਸੱਚਾਈ ਦੇ ਰਾਹ ਉੱਤੇ ਚੱਲਦੇ ਰਹਿਣ’ ਦਾ ਫ਼ੈਸਲਾ ਕਰਨਗੇ।3 ਯੂਹੰ. 4.

^ ਪੈਰਾ 13 ਨੌਜਵਾਨਾਂ ਦੇ ਸਵਾਲਵਿਵਹਾਰਕ ਜਵਾਬ, ਭਾਗ 1 (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦਾ ਸਫ਼ਾ 317 ਅਤੇ ਭਾਗ 2 (ਅੰਗ੍ਰੇਜ਼ੀ) ਦੇ ਸਫ਼ੇ 136-141 ਦੇਖੋ।