ਪਰਮੇਸ਼ੁਰ ਦੇ ਬਚਨ ਦਾ ਇਕ ਜੀਉਂਦਾ ਅਨੁਵਾਦ
‘ਪਰਮੇਸ਼ੁਰ ਦਾ ਬਚਨ ਜੀਉਂਦਾ ਹੈ।’
ਗੀਤ: 37, 43
1. (ੳ) ਪਰਮੇਸ਼ੁਰ ਨੇ ਆਦਮ ਨੂੰ ਕਿਹੜਾ ਕੰਮ ਦਿੱਤਾ? (ਅ) ਉਦੋਂ ਤੋਂ ਪਰਮੇਸ਼ੁਰ ਦੇ ਲੋਕਾਂ ਨੇ ਬੋਲਣ ਦੀ ਦਾਤ ਨੂੰ ਕਿਵੇਂ ਵਰਤਿਆ ਹੈ?
ਯਹੋਵਾਹ ਪਰਮੇਸ਼ੁਰ ਨੇ ਇਨਸਾਨਾਂ ਨੂੰ ਬੋਲਣ ਦੀ ਦਾਤ ਦਿੱਤੀ ਹੈ। ਅਦਨ ਦੇ ਬਾਗ਼ ਵਿਚ ਪਰਮੇਸ਼ੁਰ ਨੇ ਆਦਮ ਨੂੰ ਸਾਰੇ ਜਾਨਵਰਾਂ ਦੇ ਨਾਂ ਰੱਖਣ ਦਾ ਕੰਮ ਦਿੱਤਾ। ਆਦਮ ਨੇ ਹਰ ਜਾਨਵਰ ਨੂੰ ਢੁਕਵਾਂ ਨਾਂ ਦਿੱਤਾ। (ਉਤ. 2:19, 20) ਉਦੋਂ ਤੋਂ ਪਰਮੇਸ਼ੁਰ ਦੇ ਲੋਕਾਂ ਨੇ ਇਸ ਦਾਤ ਨੂੰ ਯਹੋਵਾਹ ਦੀ ਮਹਿਮਾ ਕਰਨ ਅਤੇ ਦੂਜਿਆਂ ਨੂੰ ਉਸ ਬਾਰੇ ਦੱਸਣ ਲਈ ਵਰਤਿਆ ਹੈ। ਹਾਲ ਹੀ ਦੇ ਸਾਲਾਂ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਅਲੱਗ-ਅਲੱਗ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ ਕੀਤਾ ਹੈ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਯਹੋਵਾਹ ਬਾਰੇ ਜਾਣ ਸਕਣ।
2. (ੳ) “ਨਵੀਂ ਦੁਨੀਆਂ ਬਾਈਬਲ ਅਨੁਵਾਦ ਕਮੇਟੀ” ਨੇ ਬਾਈਬਲ ਦਾ ਅਨੁਵਾਦ ਕਰਨ ਲਈ ਕਿਨ੍ਹਾਂ ਅਸੂਲਾਂ ਨੂੰ ਧਿਆਨ ਵਿਚ ਰੱਖਿਆ? (ਅ) ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?
2 ਬਾਈਬਲ ਦੇ ਹਜ਼ਾਰਾਂ ਹੀ ਅਨੁਵਾਦ ਹਨ, ਪਰ ਕੁਝ ਅਨੁਵਾਦ ਦੂਜੇ ਅਨੁਵਾਦਾਂ ਤੋਂ ਜ਼ਿਆਦਾ ਸਹੀ ਹਨ। ਇਸ ਲਈ ਬਾਈਬਲ ਦਾ ਸਹੀ ਅਨੁਵਾਦ ਕਰਨ ਲਈ “ਨਵੀਂ ਦੁਨੀਆਂ ਬਾਈਬਲ ਅਨੁਵਾਦ ਕਮੇਟੀ” ਨੇ ਅੱਗੇ ਲਿਖੇ ਤਿੰਨ ਅਸੂਲਾਂ ਨੂੰ ਧਿਆਨ ਵਿਚ ਰੱਖਿਆ ਹੈ: (1) ਪਰਮੇਸ਼ੁਰ ਦੇ ਨਾਂ ਦਾ ਆਦਰ ਕਰੋ ਤੇ ਉਸ ਦੇ ਬਚਨ ਵਿਚ ਉਸ ਦਾ ਨਾਂ ਉੱਨੀ ਹੀ ਵਾਰ ਇਸਤੇਮਾਲ ਕਰੋ ਜਿੰਨੀ ਵਾਰ ਮੁਢਲੀਆਂ ਲਿਖਤਾਂ ਵਿਚ ਪਾਇਆ ਗਿਆ ਹੈ। (ਮੱਤੀ 6:9 ਪੜ੍ਹੋ।) (2) ਜਿੱਥੇ ਹੋ ਸਕੇ, ਉੱਥੇ ਸੰਦੇਸ਼ ਨੂੰ ਸ਼ਬਦ-ਬ-ਸ਼ਬਦ ਅਨੁਵਾਦ ਕਰੋ। ਜਿੱਥੇ ਇੱਦਾਂ ਨਹੀਂ ਹੋ ਸਕਦਾ, ਉੱਥੇ ਮਤਲਬ ਸਮਝਾ ਦਿਓ। (3) ਉਹ ਭਾਸ਼ਾ ਵਰਤੋ ਜੋ ਪੜ੍ਹਨ ਤੇ ਸਮਝਣ ਵਿਚ ਸੌਖੀ ਹੋਵੇ। * (ਨਹਮਯਾਹ 8:8, 12 ਪੜ੍ਹੋ।) ਬਾਈਬਲ ਨੂੰ 130 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕਰਨ ਲਈ ਇਨ੍ਹਾਂ ਤਿੰਨਾਂ ਅਸੂਲਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਅਸੀਂ ਇਸ ਲੇਖ ਵਿਚ ਦੇਖਾਂਗੇ ਕਿ 2013 ਵਿਚ ਰੀਲੀਜ਼ ਕੀਤੀ ਬਾਈਬਲ ਯਾਨੀ ਨਵੀਂ ਦੁਨੀਆਂ ਅਨੁਵਾਦ (ਅੰਗ੍ਰੇਜ਼ੀ) ਦਾ ਨਵਾਂ ਐਡੀਸ਼ਨ ਤਿਆਰ ਕਰਨ ਲਈ ਇਨ੍ਹਾਂ ਅਸੂਲਾਂ ਨੂੰ ਕਿਵੇਂ ਧਿਆਨ ਵਿਚ ਰੱਖਿਆ ਗਿਆ ਹੈ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਹੋਰ ਭਾਸ਼ਾਵਾਂ ਦੇ ਅਨੁਵਾਦਕਾਂ ਨੇ ਇਸ ਦਾ ਅਨੁਵਾਦ ਕਰਨ ਲਈ ਇਨ੍ਹਾਂ ਅਸੂਲਾਂ ਨੂੰ ਕਿਵੇਂ ਧਿਆਨ ਵਿਚ ਰੱਖਿਆ ਹੈ।
ਪਰਮੇਸ਼ੁਰ ਦੇ ਨਾਂ ਦਾ ਆਦਰ ਕਰਨ ਵਾਲੀ ਬਾਈਬਲ
3, 4. (ੳ) ਕਿਹੜੀਆਂ ਪੁਰਾਣੀਆਂ ਹੱਥ-ਲਿਖਤਾਂ ਵਿਚ ਟੈਟ੍ਰਾਗ੍ਰਾਮਟਨ ਦੇਖਿਆ ਜਾ ਸਕਦਾ ਹੈ? (ਅ) ਬਹੁਤ ਸਾਰੇ ਬਾਈਬਲ ਅਨੁਵਾਦਕਾਂ ਨੇ ਪਰਮੇਸ਼ੁਰ ਦੇ ਨਾਂ ਨਾਲ ਕੀ ਕੀਤਾ?
3 ਪਰਮੇਸ਼ੁਰ ਦਾ ਨਾਂ ਚਾਰ ਇਬਰਾਨੀ ਅੱਖਰਾਂ ਵਿਚ ਲਿਖਿਆ ਗਿਆ ਹੈ ਜਿਸ ਨੂੰ ਟੈਟ੍ਰਾਗ੍ਰਾਮਟਨ ਕਿਹਾ ਜਾਂਦਾ ਹੈ। ਟੈਟ੍ਰਾਗ੍ਰਾਮਟਨ ਨੂੰ ਬਹੁਤ ਸਾਰੀਆਂ ਪੁਰਾਣੀਆਂ ਇਬਰਾਨੀ ਹੱਥ-ਲਿਖਤਾਂ ਵਿਚ ਦੇਖਿਆ ਜਾ ਸਕਦਾ ਹੈ, ਜਿਵੇਂ ਕਿ ਮ੍ਰਿਤ ਸਾਗਰ ਪੋਥੀਆਂ ਵਿਚ। ਇਸ ਨੂੰ ਯੂਨਾਨੀ ਸੈਪਟੁਜਿੰਟ ਦੀਆਂ ਕੁਝ ਕਾਪੀਆਂ ਵਿਚ ਵੀ ਦੇਖਿਆ ਜਾ ਸਕਦਾ ਹੈ। ਇਹ ਕਾਪੀਆਂ ਯਿਸੂ ਦੇ ਆਉਣ ਤੋਂ 200 ਸਾਲ ਪਹਿਲਾਂ ਅਤੇ ਉਸ ਦੀ ਮੌਤ ਤੋਂ 100 ਸਾਲ ਬਾਅਦ ਬਣਾਈਆਂ ਗਈਆਂ ਸਨ। ਇਹ ਦੇਖ ਕੇ ਬਹੁਤ ਸਾਰੇ ਲੋਕ ਹੈਰਾਨ ਹੁੰਦੇ ਹਨ ਕਿ ਪੁਰਾਣੀਆਂ ਹੱਥ-ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ ਕਿੰਨੀ ਵਾਰ ਪਾਇਆ ਗਿਆ ਹੈ।
4 ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਹੋਣਾ ਚਾਹੀਦਾ ਹੈ। ਪਰ ਬਹੁਤ ਸਾਰੇ ਅਨੁਵਾਦਾਂ ਵਿਚ ਪਰਮੇਸ਼ੁਰ ਦਾ ਨਾਂ ਨਹੀਂ ਪਾਇਆ ਜਾਂਦਾ। ਮਿਸਾਲ ਲਈ, 1950 ਵਿਚ ਪਵਿੱਤਰ ਬਾਈਬਲ—ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ (ਨਵੀਂ ਦੁਨੀਆਂ ਅਨੁਵਾਦ ਅੰਗ੍ਰੇਜ਼ੀ) ਦੇ ਰਿਲੀਜ਼ ਹੋਣ ਤੋਂ ਸਿਰਫ਼ ਦੋ ਸਾਲਾਂ ਬਾਅਦ ਅਮੈਰੀਕਨ ਸਟੈਂਡਡ ਵਰਯਨ ਨੂੰ ਦੁਬਾਰਾ ਤਿਆਰ ਕਰ ਕੇ ਰਿਲੀਜ਼ ਕੀਤਾ ਗਿਆ। 1901 ਦੇ ਅਮੈਰੀਕਨ ਸਟੈਂਡਡ ਵਰਯਨ ਵਿਚ ਪਰਮੇਸ਼ੁਰ ਦਾ ਨਾਂ ਵਰਤਿਆ ਗਿਆ ਸੀ, ਜਦ ਕਿ 1952 ਦੇ ਐਡੀਸ਼ਨ ਵਿਚ ਨਹੀਂ ਸੀ। ਕਿਉਂ? ਕਿਉਂਕਿ ਇਸ ਦੇ ਅਨੁਵਾਦਕਾਂ ਨੂੰ ਲੱਗਾ ਕਿ ਸੱਚੇ ਪਰਮੇਸ਼ੁਰ ਦਾ ਨਾਂ ਲੈਣਾ “ਬਿਲਕੁਲ ਗ਼ਲਤ” ਹੈ। ਅੰਗ੍ਰੇਜ਼ੀ ਅਤੇ ਹੋਰ ਭਾਸ਼ਾਵਾਂ ਦੇ ਬਹੁਤ ਸਾਰੇ ਅਨੁਵਾਦਾਂ ਵਿਚ ਵੀ ਇਹੀ ਕੀਤਾ ਗਿਆ ਹੈ।
5. ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਵਰਤਣਾ ਕਿਉਂ ਜ਼ਰੂਰੀ ਹੈ?
5 ਕੀ ਇਸ ਗੱਲ ਨਾਲ ਕੋਈ ਫ਼ਰਕ ਪੈਂਦਾ ਹੈ ਕਿ ਅਨੁਵਾਦਕ ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਵਰਤਦੇ ਹਨ ਜਾਂ ਨਹੀਂ? ਬਿਲਕੁਲ! ਬਾਈਬਲ ਦਾ ਲੇਖਕ ਯਹੋਵਾਹ ਚਾਹੁੰਦਾ ਹੈ ਕਿ ਲੋਕ ਉਸ ਦਾ ਨਾਂ ਜਾਣਨ। ਇਕ ਵਧੀਆ ਅਨੁਵਾਦਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕ ਲੇਖਕ ਕੀ ਚਾਹੁੰਦਾ ਹੈ। ਨਾਲੇ ਇਹ ਜਾਣਕਾਰੀ ਹੋਣ ਕਰਕੇ ਉਸ ਨੂੰ ਲੇਖਕ ਦੇ ਵਿਚਾਰਾਂ ਅਨੁਸਾਰ ਫ਼ੈਸਲੇ ਲੈਣੇ ਚਾਹੀਦੇ ਹਨ। ਬਹੁਤ ਸਾਰੀਆਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਨਾਂ ਕਿੰਨਾ ਅਹਿਮ ਹੈ ਅਤੇ ਇਸ ਦਾ ਆਦਰ ਕਰਨਾ ਬਹੁਤ ਹੀ ਜ਼ਰੂਰੀ ਹੈ। (ਕੂਚ 3:15; ਜ਼ਬੂ. 83:18; 148:13; ਯਸਾ. 42:8; 43:10; ਯੂਹੰ. 17:6, 26; ਰਸੂ. 15:14) ਨਾਲੇ ਯਹੋਵਾਹ ਨੇ ਬਾਈਬਲ ਲੇਖਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਬਿਨਾਂ ਝਿਜਕੇ ਉਸ ਦਾ ਨਾਂ ਵਰਤਣ। (ਹਿਜ਼ਕੀਏਲ 38:23 ਪੜ੍ਹੋ।) ਇਸ ਲਈ ਜਦੋਂ ਅਨੁਵਾਦਕ ਪਰਮੇਸ਼ੁਰ ਦਾ ਨਾਂ ਕੱਢ ਦਿੰਦੇ ਹਨ, ਤਾਂ ਉਹ ਉਸ ਦੇ ਨਾਂ ਲਈ ਆਦਰ ਨਹੀਂ ਦਿਖਾਉਂਦੇ।
6. 2013 ਦੇ ਨਵੀਂ ਦੁਨੀਆਂ ਅਨੁਵਾਦ ਵਿਚ ਪਰਮੇਸ਼ੁਰ ਦਾ ਨਾਂ ਛੇ ਹੋਰ ਥਾਵਾਂ ’ਤੇ ਕਿਉਂ ਪਾਇਆ ਗਿਆ?
6 ਅੱਜ ਸਾਡੇ ਕੋਲ ਹੋਰ ਵੀ ਸਬੂਤ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਯਹੋਵਾਹ ਦਾ ਨਾਂ ਵਰਤਣਾ ਚਾਹੀਦਾ ਹੈ। 2013 ਦੇ ਨਵੀਂ ਦੁਨੀਆਂ ਅਨੁਵਾਦ ਵਿਚ 7,216 ਵਾਰ ਪਰਮੇਸ਼ੁਰ ਦਾ ਨਾਂ ਵਰਤਿਆ ਗਿਆ ਹੈ। ਪੁਰਾਣੇ ਐਡੀਸ਼ਨ ਨਾਲੋਂ ਇਸ ਨਵੇਂ ਐਡੀਸ਼ਨ ਵਿਚ ਛੇ ਹੋਰ ਵਾਰ ਯਹੋਵਾਹ ਦਾ ਨਾਂ ਪਾਇਆ ਗਿਆ ਹੈ। ਪੰਜ ਵਾਰ ਇਹ ਨਾਂ ਇਸ ਲਈ ਪਾਇਆ ਗਿਆ ਕਿਉਂਕਿ ਮ੍ਰਿਤ ਸਾਗਰ ਪੋਥੀਆਂ ਵਿਚ ਪਰਮੇਸ਼ੁਰ ਦਾ ਨਾਂ ਸੀ। * 1 ਸਮੂਏਲ 2:25; 6:3; 10:26; 23:14, 16 ਵਿਚ ਪੰਜ ਵਾਰ ਇਹ ਨਾਂ ਪਾਇਆ ਗਿਆ ਹੈ। ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਦੀ ਹੋਰ ਜ਼ਿਆਦਾ ਜਾਂਚ-ਪੜਤਾਲ ਕਰਨ ਤੋਂ ਬਾਅਦ ਨਿਆਈਆਂ 19:18 ਵਿਚ ਯਹੋਵਾਹ ਦਾ ਨਾਂ ਪਾਇਆ ਗਿਆ। ਇਹ ਛੇਵੀਂ ਥਾਂ ਹੈ ਜਿੱਥੇ ਪਰਮੇਸ਼ੁਰ ਦਾ ਨਾਂ ਵਰਤਿਆ ਗਿਆ ਹੈ।
7, 8. ਯਹੋਵਾਹ ਦੇ ਨਾਂ ਦਾ ਕੀ ਮਤਲਬ ਹੈ?
7 ਸੱਚੇ ਮਸੀਹੀ ਜਾਣਦੇ ਹਨ ਕਿ ਪਰਮੇਸ਼ੁਰ ਦੇ ਨਾਂ ਦਾ ਸਹੀ ਮਤਲਬ ਸਮਝਣਾ ਕਿੰਨਾ ਜ਼ਰੂਰੀ ਹੈ। ਉਸ ਦੇ ਨਾਂ ਦਾ ਮਤਲਬ ਹੈ, “ਉਹ ਕਰਨ ਤੇ ਕਰਾਉਣ ਵਾਲਾ ਬਣਦਾ ਹੈ।” * ਪਹਿਲਾਂ ਸਾਡੇ ਪ੍ਰਕਾਸ਼ਨਾਂ ਵਿਚ ਕੂਚ 3:14 ਵਰਤ ਕੇ ਪਰਮੇਸ਼ੁਰ ਦੇ ਨਾਂ ਦਾ ਮਤਲਬ ਸਮਝਾਇਆ ਜਾਂਦਾ ਸੀ, ਜਿਸ ਵਿਚ ਲਿਖਿਆ ਹੈ: “ਮੈਂ ਉਹ ਬਣਾਂਗਾ ਜੋ ਮੈਂ ਬਣਨਾ ਚਾਹੁੰਦਾ ਹਾਂ।” (ਕੂਚ 3:14, NW) 1984 ਦੀ ਨਵੀਂ ਦੁਨੀਆਂ ਅਨੁਵਾਦ (ਅੰਗ੍ਰੇਜ਼ੀ) ਵਿਚ ਸਮਝਾਇਆ ਗਿਆ ਸੀ ਕਿ ਯਹੋਵਾਹ ਆਪਣੇ ਵਾਅਦੇ ਪੂਰੇ ਕਰਨ ਵਾਸਤੇ ਉਹ ਬਣ ਜਾਂਦਾ ਹੈ ਜੋ ਉਸ ਨੂੰ ਬਣਨ ਦੀ ਜ਼ਰੂਰਤ ਹੁੰਦੀ ਹੈ। * ਪਰ 2013 ਦਾ ਨਵਾਂ ਐਡੀਸ਼ਨ ਸਮਝਾਉਂਦਾ ਹੈ: “ਉਸ ਦੇ ਨਾਂ ਦਾ ਮਤਲਬ ਇਸ ਗੱਲ ਤਕ ਹੀ ਸੀਮਿਤ ਨਹੀਂ ਹੈ ਕਿ ਉਹ ਜੋ ਚਾਹੇ ਬਣ ਸਕਦਾ ਹੈ। ਸਗੋਂ ਇਸ ਵਿਚ ਇਹ ਗੱਲ ਵੀ ਸ਼ਾਮਲ ਹੈ ਕਿ ਉਹ ਆਪਣਾ ਮਕਸਦ ਪੂਰਾ ਕਰਨ ਲਈ ਆਪਣੀ ਸ੍ਰਿਸ਼ਟੀ ਤੋਂ ਕੁਝ ਵੀ ਕਰਵਾ ਸਕਦਾ ਹੈ।”
8 ਯਹੋਵਾਹ ਜੋ ਚਾਹੇ ਆਪਣੀ ਸ੍ਰਿਸ਼ਟੀ ਤੋਂ ਕਰਵਾ ਸਕਦਾ ਹੈ। ਮਿਸਾਲ ਲਈ, ਪਰਮੇਸ਼ੁਰ ਨੇ ਨੂਹ ਤੋਂ ਕਿਸ਼ਤੀ ਬਣਵਾਈ, ਬਸਲਏਲ ਨੂੰ ਇਕ ਮਾਹਰ ਕਾਰੀਗਰ ਬਣਾਇਆ, ਗਿਦਾਊਨ ਨੂੰ ਇਕ ਮਹਾਨ ਯੋਧਾ ਬਣਾਇਆ ਅਤੇ ਪੌਲੁਸ ਤੋਂ ਮਿਸ਼ਨਰੀ ਦਾ ਕੰਮ ਕਰਾਇਆ। ਪਰਮੇਸ਼ੁਰ ਦੇ ਲੋਕਾਂ ਲਈ ਉਸ ਦੇ ਨਾਂ ਦਾ ਮਤਲਬ ਬਹੁਤ ਮਾਅਨੇ ਰੱਖਦਾ ਹੈ। ਇਸੇ ਕਰਕੇ ਬਾਈਬਲ ਅਨੁਵਾਦ ਕਮੇਟੀ ਨੇ ਬਾਈਬਲ ਦੇ ਨਵੇਂ ਅਨੁਵਾਦ ਵਿਚ ਪਰਮੇਸ਼ੁਰ ਦਾ ਨਾਂ ਇਸਤੇਮਾਲ ਕੀਤਾ ਹੈ।
9. ਹੋਰ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ ਕਰਨ ਨੂੰ ਪਹਿਲ ਕਿਉਂ ਦਿੱਤੀ ਜਾ ਰਹੀ ਹੈ?
9 ਜ਼ਿਆਦਾ ਤੋਂ ਜ਼ਿਆਦਾ ਬਾਈਬਲ ਦੇ ਅਨੁਵਾਦਾਂ ਵਿੱਚੋਂ ਪਰਮੇਸ਼ੁਰ ਦਾ ਨਾਂ ਕੱਢ ਕੇ ਇਸ ਦੀ ਜਗ੍ਹਾ “ਪ੍ਰਭੂ” ਜਾਂ ਆਪਣੇ ਕਿਸੇ ਦੇਵੀ-ਦੇਵਤੇ ਦਾ ਨਾਂ ਵਰਤਿਆ ਜਾ ਰਿਹਾ ਹੈ। ਇਸ ਖ਼ਾਸ ਕਾਰਨ ਕਰਕੇ ਪ੍ਰਬੰਧਕ ਸਭਾ ਚਾਹੁੰਦੀ ਹੈ ਕਿ ਸਾਰੀਆਂ ਭਾਸ਼ਾਵਾਂ ਦੇ ਲੋਕਾਂ ਕੋਲ ਬਾਈਬਲ ਹੋਵੇ ਜੋ ਪਰਮੇਸ਼ੁਰ ਦੇ ਨਾਂ ਦੀ ਮਹਿਮਾ ਕਰੇ। (ਮਲਾਕੀ 3:16 ਪੜ੍ਹੋ।) ਹੁਣ ਤਕ ਨਵੀਂ ਦੁਨੀਆਂ ਅਨੁਵਾਦ ਨੂੰ 130 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਤਿਆਰ ਕੀਤਾ ਗਿਆ ਹੈ ਜਿਸ ਵਿਚ ਯਹੋਵਾਹ ਦੇ ਨਾਂ ਨੂੰ ਆਦਰ ਦਿੱਤਾ ਗਿਆ ਹੈ।
ਸਾਫ਼-ਸਾਫ਼ ਅਤੇ ਸਹੀ ਅਨੁਵਾਦ
10, 11. ਨਵੀਂ ਦੁਨੀਆਂ ਅਨੁਵਾਦ ਨੂੰ ਹੋਰ ਭਾਸ਼ਾਵਾਂ ਵਿਚ ਅਨੁਵਾਦ ਕਰਦਿਆਂ ਕਿਹੜੀਆਂ ਕੁਝ ਮੁਸ਼ਕਲਾਂ ਆਈਆਂ?
10 ਅੰਗ੍ਰੇਜ਼ੀ ਦੀ ਨਵੀਂ ਦੁਨੀਆਂ ਅਨੁਵਾਦ ਨੂੰ ਹੋਰ ਭਾਸ਼ਾਵਾਂ ਵਿਚ ਅਨੁਵਾਦ ਕਰਦਿਆਂ ਕਈ ਮੁਸ਼ਕਲਾਂ ਆਈਆਂ। ਮਿਸਾਲ ਲਈ, ਨਵੀਂ ਦੁਨੀਆਂ ਅਨੁਵਾਦ (ਅੰਗ੍ਰੇਜ਼ੀ) ਦੇ ਪੁਰਾਣੇ ਐਡੀਸ਼ਨ ਵਿਚ ਉਪਦੇਸ਼ਕ ਦੀ ਪੋਥੀ 9:10 ਅਤੇ ਹੋਰ ਹਵਾਲਿਆਂ ਵਿਚ ਇਬਰਾਨੀ ਸ਼ਬਦ “ਸ਼ੀਓਲ” ਵਰਤਿਆ ਗਿਆ ਹੈ। ਹੋਰ ਅੰਗ੍ਰੇਜ਼ੀ ਬਾਈਬਲਾਂ ਵਿਚ ਵੀ ਇਹ ਸ਼ਬਦ ਆਮ ਹੈ। ਪਰ ਹੋਰ ਭਾਸ਼ਾਵਾਂ ਵਿਚ ਇਸ ਤਰ੍ਹਾਂ ਦੇ ਇਬਰਾਨੀ ਸ਼ਬਦ ਨਹੀਂ ਵਰਤੇ ਜਾ ਸਕਦੇ ਕਿਉਂਕਿ ਇਨ੍ਹਾਂ ਭਾਸ਼ਾਵਾਂ ਦੇ ਬਹੁਤ ਸਾਰੇ ਲੋਕ ਇਬਰਾਨੀ ਭਾਸ਼ਾ ਦੇ ਇਹ ਸ਼ਬਦ ਨਹੀਂ ਜਾਣਦੇ। ਇਹ ਸ਼ਬਦ ਉਨ੍ਹਾਂ ਦੇ ਸ਼ਬਦ-ਕੋਸ਼ਾਂ ਵਿਚ ਨਹੀਂ ਹਨ ਅਤੇ ਇੱਥੋਂ ਤਕ ਕਿ ਕਈ ਲੋਕ ਸੋਚਦੇ ਸਨ ਕਿ ਇਹ ਕਿਸੇ ਜਗ੍ਹਾ ਦਾ ਨਾਂ ਸੀ। ਇਨ੍ਹਾਂ ਕਾਰਨਾਂ ਕਰਕੇ ਅਨੁਵਾਦਕਾਂ ਨੂੰ ਇਬਰਾਨੀ ਸ਼ਬਦ “ਸ਼ੀਓਲ” ਅਤੇ ਯੂਨਾਨੀ ਸ਼ਬਦ “ਹੇਡੀਜ਼” ਨੂੰ “ਕਬਰ” ਅਨੁਵਾਦ ਕਰਨ ਦੀ ਮਨਜ਼ੂਰੀ ਦਿੱਤੀ ਗਈ। ਸੋ ਇਸ ਆਇਤ ਦਾ ਅਨੁਵਾਦ ਸਹੀ ਕੀਤਾ ਗਿਆ ਹੈ ਅਤੇ ਇਹ ਆਇਤ ਸਮਝਣ ਵਿਚ ਵੀ ਸੌਖੀ ਹੈ।
11 ਨਾਲੇ ਜਿਨ੍ਹਾਂ ਇਬਰਾਨੀ ਅਤੇ ਯੂਨਾਨੀ ਸ਼ਬਦਾਂ ਦਾ ਅਨੁਵਾਦ “ਆਤਮਾ” ਕੀਤਾ ਜਾਂਦਾ ਹੈ ਉਨ੍ਹਾਂ ਨੂੰ ਹੋਰ ਭਾਸ਼ਾਵਾਂ ਵਿਚ ਅਨੁਵਾਦ ਕਰਨਾ ਔਖਾ ਸੀ। ਇਨ੍ਹਾਂ ਭਾਸ਼ਾਵਾਂ ਵਿਚ “ਆਤਮਾ” ਸ਼ਬਦ ਅਕਸਰ ਭੂਤ ਜਾਂ ਮੌਤ ਵੇਲੇ ਸਰੀਰ ਵਿੱਚੋਂ ਨਿਕਲੀ ਕਿਸੇ ਚੀਜ਼ ਨੂੰ ਦਰਸਾਉਂਦਾ ਹੈ। ਇਸ ਗ਼ਲਤਫ਼ਹਿਮੀ ਨੂੰ ਦੂਰ ਕਰਨ ਲਈ ਅਨੁਵਾਦਕਾਂ ਨੂੰ “ਆਤਮਾ” ਸ਼ਬਦ ਨੂੰ ਆਲੇ-ਦੁਆਲੇ ਦੀਆਂ ਆਇਤਾਂ ਅਨੁਸਾਰ ਅਨੁਵਾਦ ਕਰਨ ਦੀ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਸ਼ਬਦਾਂ ਦੇ ਮਤਲਬ ਪਹਿਲਾਂ ਹੀ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ—ਵਿਦ ਰੈਫ਼ਰੈਂਸਿਸ ਦੇ ਅਪੈਂਡਿਕਸ ਵਿਚ ਸਮਝਾਏ ਗਏ ਹਨ। 2013 ਦੇ ਨਵੀਂ ਦੁਨੀਆਂ ਅਨੁਵਾਦ ਵਿਚ ਇਬਰਾਨੀ ਅਤੇ
ਯੂਨਾਨੀ ਸ਼ਬਦਾਂ ਬਾਰੇ ਵਾਧੂ ਜਾਣਕਾਰੀ ਫੁਟਨੋਟਾਂ ਵਿਚ ਦਿੱਤੀ ਗਈ ਹੈ ਤਾਂਕਿ ਬਾਈਬਲ ਪੜ੍ਹਨੀ ਤੇ ਸਮਝਣੀ ਸੌਖੀ ਹੋਵੇ।12. 2013 ਦੇ ਨਵੀਂ ਦੁਨੀਆਂ ਅਨੁਵਾਦ ਵਿਚ ਹੋਰ ਕਿਹੜੀਆਂ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ? (ਇਸ ਅੰਕ ਵਿਚ “2013 ਦਾ ਨਵੀਂ ਦੁਨੀਆਂ ਅਨੁਵਾਦ” ਨਾਂ ਦਾ ਲੇਖ ਵੀ ਦੇਖੋ।)
12 ਅਨੁਵਾਦਕਾਂ ਵੱਲੋਂ ਪੁੱਛੇ ਗਏ ਸਵਾਲਾਂ ਤੋਂ ਪਤਾ ਲੱਗਾ ਕਿ ਹੋਰ ਕਿਹੜੀਆਂ ਗ਼ਲਤਫ਼ਹਿਮੀਆਂ ਹੋ ਸਕਦੀਆਂ ਹਨ। ਇਸ ਲਈ ਸਤੰਬਰ 2007 ਵਿਚ ਪ੍ਰਬੰਧਕ ਸਭਾ ਨੇ ਅੰਗ੍ਰੇਜ਼ੀ ਬਾਈਬਲ ਨੂੰ ਦੁਬਾਰਾ ਤਿਆਰ ਕਰਨ ਦੀ ਮਨਜ਼ੂਰੀ ਦਿੱਤੀ। ਅੰਗ੍ਰੇਜ਼ੀ ਬਾਈਬਲ ਨੂੰ ਤਿਆਰ ਕਰਦਿਆਂ ਕਮੇਟੀ ਨੇ ਬਾਈਬਲ ਅਨੁਵਾਦਕਾਂ ਵੱਲੋਂ ਭੇਜੇ ਗਏ ਹਜ਼ਾਰਾਂ ਹੀ ਸਵਾਲਾਂ ’ਤੇ ਸੋਚ-ਵਿਚਾਰ ਕੀਤਾ। ਪੁਰਾਣੇ ਅੰਗ੍ਰੇਜ਼ੀ ਦੇ ਸ਼ਬਦਾਂ ਅਤੇ ਵਾਕਾਂ ਨੂੰ ਅੱਜ ਬੋਲੀ ਜਾਂਦੀ ਅੰਗ੍ਰੇਜ਼ੀ ਵਿਚ ਬਦਲਿਆ ਗਿਆ ਹੈ। ਇਸ ਕਰਕੇ ਇਹ ਬਾਈਬਲ ਪੜ੍ਹਨੀ ਤੇ ਸਮਝਣੀ ਸੌਖੀ ਹੋ ਗਈ ਹੈ, ਪਰ ਮਤਲਬ ਨਹੀਂ ਬਦਲਿਆ ਗਿਆ। ਹੋਰ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ ਹੋਣ ਕਰਕੇ ਅੰਗ੍ਰੇਜ਼ੀ ਭਾਸ਼ਾ ਵਿਚ ਬਾਈਬਲ ਨੂੰ ਸੁਧਾਰਨ ਵਿਚ ਵੀ ਮਦਦ ਹੋਈ।—ਕਹਾ. 27:17.
ਦਿਲੋਂ ਕਦਰਦਾਨੀ
13. 2013 ਦੇ ਨਵੇਂ ਐਡੀਸ਼ਨ ਬਾਰੇ ਕਈ ਭੈਣ-ਭਰਾ ਕਿਵੇਂ ਮਹਿਸੂਸ ਕਰਦੇ ਹਨ?
13 2013 ਦੇ ਨਵੀਂ ਦੁਨੀਆਂ ਅਨੁਵਾਦ ਬਾਰੇ ਕਈ ਭੈਣ-ਭਰਾ ਕਿਵੇਂ ਮਹਿਸੂਸ ਕਰਦੇ ਹਨ? ਬਰੁਕਲਿਨ, ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਨੂੰ ਭੈਣਾਂ-ਭਰਾਵਾਂ ਵੱਲੋਂ ਸ਼ੁਕਰਗੁਜ਼ਾਰੀ ਦੀਆਂ ਹਜ਼ਾਰਾਂ ਹੀ ਚਿੱਠੀਆਂ ਮਿਲੀਆਂ। ਬਹੁਤ ਸਾਰੇ ਭੈਣ-ਭਰਾ ਇਸ ਭੈਣ ਵਾਂਗ ਮਹਿਸੂਸ ਕਰਦੇ ਹਨ ਜਿਸ ਨੇ ਲਿਖਿਆ: “ਬਾਈਬਲ ਇਕ ਕੀਮਤੀ ਸੰਦੂਕ ਵਾਂਗ ਹੈ ਜਿਸ ਵਿਚ ਹੀਰੇ-ਜਵਾਹਰਾਤ ਭਰੇ ਪਏ ਹਨ। 2013 ਵਿਚ ਰਿਲੀਜ਼ ਹੋਈ ਬਾਈਬਲ ਪੜ੍ਹਨੀ ਹਰ ਹੀਰੇ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੇ ਬਰਾਬਰ ਹੈ। ਆਇਤਾਂ ਨੂੰ ਸੌਖੀ ਭਾਸ਼ਾ ਵਿਚ ਲਿਖੇ ਜਾਣ ਕਰਕੇ ਮੈਂ ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕੀ ਹਾਂ। ਜਦੋਂ ਮੈਂ ਇਸ ਬਾਈਬਲ ਨੂੰ ਪੜ੍ਹਦੀ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਯਹੋਵਾਹ ਮੇਰੇ ਨਾਲ ਬੈਠ ਕੇ ਆਪਣੇ ਬਚਨ ਨਾਲ ਮੈਨੂੰ ਤਰੋ-ਤਾਜ਼ਾ ਕਰ ਰਿਹਾ ਹੈ।”
14, 15. ਅੰਗ੍ਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿਚ ਨਵੀਂ ਦੁਨੀਆਂ ਅਨੁਵਾਦ ਮਿਲਣ ਦਾ ਭੈਣਾਂ-ਭਰਾਵਾਂ ’ਤੇ ਕੀ ਅਸਰ ਪਿਆ?
14 ਸਿਰਫ਼ ਅੰਗ੍ਰੇਜ਼ੀ ਬਾਈਬਲ ਨੇ ਹੀ ਨਹੀਂ, ਸਗੋਂ ਹੋਰ ਭਾਸ਼ਾਵਾਂ ਦੀ ਨਵੀਂ ਦੁਨੀਆਂ ਅਨੁਵਾਦ ਨੇ ਵੀ ਭੈਣ-ਭਰਾਵਾਂ ’ਤੇ ਜ਼ਬਰਦਸਤ ਅਸਰ ਪਾਇਆ ਹੈ। ਬਲਗੇਰੀਆ ਦੇ ਸੋਫ਼ੀਆ ਸ਼ਹਿਰ ਤੋਂ ਇਕ ਸਿਆਣੇ ਭਰਾ ਨੇ ਬਲਗੇਰੀਅਨ ਭਾਸ਼ਾ ਦੀ ਨਵੀਂ ਦੁਨੀਆਂ ਅਨੁਵਾਦ ਬਾਰੇ ਕਿਹਾ: “ਮੈਂ ਕਈ ਸਾਲ ਬਾਈਬਲ ਪੜ੍ਹੀ ਹੈ, ਪਰ ਮੈਂ ਕਦੇ ਵੀ ਬਾਈਬਲ ਦਾ ਅਜਿਹਾ ਅਨੁਵਾਦ ਨਹੀਂ ਪੜ੍ਹਿਆ ਜੋ ਸਮਝਣ ਵਿਚ ਬਹੁਤ ਸੌਖਾ ਅਤੇ ਸਿੱਧਾ ਦਿਲ ’ਤੇ ਅਸਰ ਕਰਨ ਵਾਲਾ ਹੋਵੇ।” ਇਸੇ ਤਰ੍ਹਾਂ ਅਲਬਾਨੀਆ ਤੋਂ ਇਕ
ਭੈਣ ਨੇ ਲਿਖਿਆ: “ਯਹੋਵਾਹ ਦਾ ਬਚਨ ਅਲਬਾਨੀ ਭਾਸ਼ਾ ਵਿਚ ਕਿੰਨਾ ਹੀ ਵਧੀਆ ਲੱਗਦਾ ਹੈ! ਇਹ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ ਕਿ ਯਹੋਵਾਹ ਸਾਡੇ ਨਾਲ ਸਾਡੀ ਭਾਸ਼ਾ ਵਿਚ ਗੱਲ ਕਰਦਾ ਹੈ!”15 ਬਹੁਤ ਸਾਰੇ ਦੇਸ਼ਾਂ ਵਿਚ ਬਾਈਬਲਾਂ ਮਹਿੰਗੀਆਂ ਹਨ ਅਤੇ ਇਹ ਸੌਖਿਆਂ ਨਹੀਂ ਮਿਲਦੀਆਂ। ਇਸ ਲਈ ਇਨ੍ਹਾਂ ਦੇਸ਼ਾਂ ਵਿਚ ਬਾਈਬਲ ਮਿਲਣੀ ਇਕ ਬਹੁਤ ਵੱਡੀ ਬਰਕਤ ਹੈ। ਰਵਾਂਡਾ ਤੋਂ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ: “ਭੈਣ-ਭਰਾ ਜਿਨ੍ਹਾਂ ਲੋਕਾਂ ਨੂੰ ਕਾਫ਼ੀ ਸਾਲਾਂ ਤੋਂ ਸਟੱਡੀ ਕਰਵਾ ਰਹੇ ਸਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਸੱਚਾਈ ਵਿਚ ਤਰੱਕੀ ਨਹੀਂ ਕਰ ਰਹੇ ਸਨ ਕਿਉਂਕਿ ਉਨ੍ਹਾਂ ਕੋਲ ਬਾਈਬਲਾਂ ਨਹੀਂ ਸਨ। ਚਰਚ ਦੀਆਂ ਬਾਈਬਲਾਂ ਖ਼ਰੀਦਣੀਆਂ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਸਨ। ਨਾਲੇ ਅਕਸਰ ਉਨ੍ਹਾਂ ਨੂੰ ਕੁਝ ਆਇਤਾਂ ਦਾ ਮਤਲਬ ਸਾਫ਼-ਸਾਫ਼ ਸਮਝ ਨਹੀਂ ਸੀ ਆਉਂਦਾ ਜਿਸ ਕਰਕੇ ਉਹ ਸੱਚਾਈ ਵਿਚ ਤਰੱਕੀ ਨਹੀਂ ਕਰ ਪਾ ਰਹੇ ਸਨ।” ਜਦੋਂ ਰਵਾਂਡਾ ਦੇ ਲੋਕਾਂ ਨੂੰ ਨਵੀਂ ਦੁਨੀਆਂ ਅਨੁਵਾਦ ਆਪਣੀ ਭਾਸ਼ਾ ਵਿਚ ਮਿਲੀ, ਤਾਂ ਉਹ ਸੱਚਾਈ ਵਿਚ ਤਰੱਕੀ ਕਰਨ ਲੱਗੇ। ਰਵਾਂਡਾ ਦੇ ਇਕ ਪਰਿਵਾਰ ਵਿਚ ਚਾਰ ਨੌਜਵਾਨ ਬੱਚੇ ਹਨ, ਉਹ ਪਰਿਵਾਰ ਦੱਸਦਾ ਹੈ: “ਅਸੀਂ ਯਹੋਵਾਹ ਤੇ ਵਫ਼ਾਦਾਰ ਅਤੇ ਸਮਝਦਾਰ ਨੌਕਰ ਦਾ ਇਹ ਬਾਈਬਲ ਦੇਣ ਲਈ ਦਿਲੋਂ ਧੰਨਵਾਦ ਕਰਦੇ ਹਾਂ। ਅਸੀਂ ਬਹੁਤ ਹੀ ਗ਼ਰੀਬ ਹਾਂ ਅਤੇ ਸਾਡੇ ਕੋਲ ਪਰਿਵਾਰ ਦੇ ਹਰ ਮੈਂਬਰ ਲਈ ਬਾਈਬਲ ਖ਼ਰੀਦਣ ਲਈ ਪੈਸੇ ਨਹੀਂ ਸਨ। ਪਰ ਹੁਣ ਸਾਡੇ ਸਾਰਿਆਂ ਕੋਲ ਆਪਣੀ-ਆਪਣੀ ਬਾਈਬਲ ਹੈ। ਅਸੀਂ ਯਹੋਵਾਹ ਲਈ ਆਪਣੀ ਕਦਰਦਾਨੀ ਦਿਖਾਉਣ ਲਈ ਪੂਰਾ ਪਰਿਵਾਰ ਹਰ ਰੋਜ਼ ਇਕੱਠੇ ਬਾਈਬਲ ਪੜ੍ਹਦੇ ਹਾਂ।”
16, 17. (ੳ) ਯਹੋਵਾਹ ਆਪਣੇ ਲੋਕਾਂ ਤੋਂ ਕੀ ਚਾਹੁੰਦਾ ਹੈ? (ਅ) ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ?
16 ਭਵਿੱਖ ਵਿਚ ਨਵੀਂ ਦੁਨੀਆਂ ਅਨੁਵਾਦ ਨੂੰ ਹੋਰ ਭਾਸ਼ਾਵਾਂ ਵਿਚ ਵੀ ਉਪਲਬਧ ਕਰਾਇਆ ਜਾਵੇਗਾ। ਸ਼ੈਤਾਨ ਇਸ ਕੰਮ ਨੂੰ ਰੋਕਣ ਦੀ ਜੱਦੋ-ਜਹਿਦ ਕਰ ਰਿਹਾ ਹੈ, ਪਰ ਸਾਨੂੰ ਭਰੋਸਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸਾਰੇ ਲੋਕ ਉਸ ਦੀ ਗੱਲ ਸਾਫ਼-ਸਾਫ਼ ਸੁਣਨ ਤੇ ਸਮਝਣ। (ਯਸਾਯਾਹ 30:21 ਪੜ੍ਹੋ।) ਜਲਦੀ ਹੀ “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”
17 ਆਓ ਆਪਾਂ ਯਹੋਵਾਹ ਵੱਲੋਂ ਦਿੱਤੀ ਹਰ ਦਾਤ ਨੂੰ ਵਰਤਣ ਦਾ ਪੱਕਾ ਇਰਾਦਾ ਕਰੀਏ ਜਿਸ ਵਿਚ ਇਹ ਅਨੁਵਾਦ ਵੀ ਸ਼ਾਮਲ ਹੈ ਜੋ ਉਸ ਦੇ ਨਾਂ ਦਾ ਆਦਰ ਕਰਦਾ ਹੈ। ਉਸ ਨੂੰ ਹਰ ਰੋਜ਼ ਬਾਈਬਲ ਰਾਹੀਂ ਆਪਣੇ ਨਾਲ ਗੱਲ ਕਰਨ ਦਿਓ। ਉਹ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਨੂੰ ਧਿਆਨ ਨਾਲ ਸੁਣ ਸਕਦਾ ਹੈ। ਇਹ ਗੱਲਬਾਤ ਸਾਡੀ ਮਦਦ ਕਰੇਗੀ ਕਿ ਅਸੀਂ ਯਹੋਵਾਹ ਬਾਰੇ ਹੋਰ ਜਾਣੀਏ ਅਤੇ ਉਸ ਲਈ ਆਪਣੇ ਪਿਆਰ ਨੂੰ ਵਧਾਉਂਦੇ ਜਾਈਏ।
^ ਪੈਰਾ 2 ਨਵੀਂ ਦੁਨੀਆਂ ਅਨੁਵਾਦ (ਅੰਗ੍ਰੇਜ਼ੀ) ਦੇ ਨਵੇਂ ਐਡੀਸ਼ਨ ਦਾ ਅਪੈਂਡਿਕਸ A1 ਦੇਖੋ।
^ ਪੈਰਾ 6 ਮ੍ਰਿਤ ਸਾਗਰ ਪੋਥੀਆਂ ਇਬਰਾਨੀ ਮਸੋਰਾ ਹੱਥ-ਲਿਖਤਾਂ ਤੋਂ 1,000 ਤੋਂ ਜ਼ਿਆਦਾ ਸਾਲ ਪੁਰਾਣੀਆਂ ਹਨ।
^ ਪੈਰਾ 7 ਕਈ ਹੋਰ ਕਿਤਾਬਾਂ ਇਸੇ ਤਰ੍ਹਾਂ ਸਮਝਾਉਂਦੀਆਂ ਹਨ, ਪਰ ਸਾਰੇ ਮਾਹਰ ਇਸ ਗੱਲ ਨਾਲ ਸਹਿਮਤ ਨਹੀਂ ਹਨ।
^ ਪੈਰਾ 7 ਪਰਮੇਸ਼ੁਰ ਦੇ ਬਚਨ ਦੀ ਖੋਜਬੀਨ ਕਰੋ ਨਾਂ ਦੀ ਪੁਸਤਿਕਾ ਦੇ ਸਫ਼ਾ 1 ਉੱਤੇ “ਇਬਰਾਨੀ ਲਿਖਤਾਂ ਵਿਚ ਪਰਮੇਸ਼ੁਰ ਦਾ ਨਾਂ” ਦੇਖੋ।