Skip to content

Skip to table of contents

ਯਹੋਵਾਹ ਆਪਣੇ ਸੇਵਕਾਂ ਨਾਲ ਗੱਲ ਕਰਦਾ ਹੈ

ਯਹੋਵਾਹ ਆਪਣੇ ਸੇਵਕਾਂ ਨਾਲ ਗੱਲ ਕਰਦਾ ਹੈ

“ਜ਼ਰਾ ਸੁਣ ਤੇ ਮੈਂ ਬੋਲਾਂਗਾ।”ਅੱਯੂ. 42:4.

ਗੀਤ: 48, 52

1-3. (ੳ) ਇਨਸਾਨਾਂ ਦੇ ਖ਼ਿਆਲਾਂ ਤੇ ਭਾਸ਼ਾਵਾਂ ਤੋਂ ਪਰਮੇਸ਼ੁਰ ਦੇ ਖ਼ਿਆਲ ਅਤੇ ਭਾਸ਼ਾ ਉੱਤਮ ਕਿਉਂ ਹੈ? (ਅ) ਅਸੀਂ ਇਸ ਲੇਖ ਵਿਚ ਕੀ ਸਿੱਖਾਂਗੇ?

ਯਹੋਵਾਹ ਦੂਜਿਆਂ ਨੂੰ ਜ਼ਿੰਦਗੀ ਤੇ ਖ਼ੁਸ਼ੀ ਦੇਣੀ ਚਾਹੁੰਦਾ ਸੀ, ਇਸ ਕਰਕੇ ਉਸ ਨੇ ਦੂਤਾਂ ਅਤੇ ਫਿਰ ਇਨਸਾਨਾਂ ਨੂੰ ਬਣਾਇਆ। (ਜ਼ਬੂ. 36:9; 1 ਤਿਮੋ. 1:11) ਯਹੋਵਾਹ ਨੇ ਸਭ ਤੋਂ ਪਹਿਲਾਂ ਉਸ ਨੂੰ ਬਣਾਇਆ ਜਿਸ ਨੂੰ ਯੂਹੰਨਾ ਰਸੂਲ ਨੇ “ਸ਼ਬਦ” ਕਿਹਾ ਸੀ। (ਯੂਹੰ. 1:1; ਪ੍ਰਕਾ. 3:14) ਯਹੋਵਾਹ ਨੇ ਆਪਣੇ ਖ਼ਿਆਲ ਤੇ ਭਾਵਨਾਵਾਂ “ਸ਼ਬਦ” ਯਾਨੀ ਯਿਸੂ ਨੂੰ ਦੱਸੀਆਂ। (ਯੂਹੰ. 1:14, 17; ਕੁਲੁ. 1:15) ਪੌਲੁਸ ਰਸੂਲ ਨੇ ਦੱਸਿਆ ਕਿ ਦੂਤ ਵੀ ਗੱਲ ਕਰਦੇ ਹਨ ਅਤੇ ਉਨ੍ਹਾਂ ਦੀ ਆਪਣੀ ਭਾਸ਼ਾ ਹੈ ਜੋ ਇਨਸਾਨਾਂ ਦੀ ਭਾਸ਼ਾ ਤੋਂ ਕਿਤੇ ਉੱਤਮ ਹੈ।1 ਕੁਰਿੰ. 13:1.

2 ਯਹੋਵਾਹ ਆਪਣੇ ਵੱਲੋਂ ਬਣਾਏ ਲੱਖਾਂ-ਕਰੋੜਾਂ ਦੂਤਾਂ ਅਤੇ ਇਨਸਾਨਾਂ ਬਾਰੇ ਸਭ ਕੁਝ ਜਾਣਦਾ ਹੈ। ਉਹ ਇੱਕੋ ਸਮੇਂ ਤੇ ਲੱਖਾਂ-ਕਰੋੜਾਂ ਇਨਸਾਨਾਂ ਦੀਆਂ ਪ੍ਰਾਰਥਨਾਵਾਂ ਸੁਣ ਅਤੇ ਸਮਝ ਸਕਦਾ ਹੈ ਭਾਵੇਂ ਉਹ ਕਿਸੇ ਵੀ ਭਾਸ਼ਾ ਵਿਚ ਪ੍ਰਾਰਥਨਾ ਕਰਨ। ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਨ ਦੇ ਨਾਲ-ਨਾਲ ਯਹੋਵਾਹ ਦੂਤਾਂ ਨਾਲ ਵੀ ਗੱਲ ਕਰਦਾ ਹੈ ਤੇ ਉਨ੍ਹਾਂ ਦੀ ਅਗਵਾਈ ਕਰਦਾ ਹੈ। ਬਿਨਾਂ ਸ਼ੱਕ ਯਹੋਵਾਹ ਦੇ ਖ਼ਿਆਲ ਤੇ ਭਾਸ਼ਾ ਇਨਸਾਨਾਂ ਦੀਆਂ ਭਾਸ਼ਾਵਾਂ ਤੋਂ ਕਿਤੇ ਜ਼ਿਆਦਾ ਉੱਤਮ ਹੋਣੀ, ਤਾਂ ਹੀ ਉਹ ਇਹ ਸਾਰਾ ਕੁਝ ਕਰ ਸਕਦਾ ਹੈ। (ਯਸਾਯਾਹ 55:8, 9 ਪੜ੍ਹੋ।) ਸੋ ਜਦੋਂ ਯਹੋਵਾਹ ਇਨਸਾਨਾਂ ਨਾਲ ਗੱਲ ਕਰਦਾ ਹੈ, ਤਾਂ ਉਹ ਸੌਖੇ ਤਰੀਕੇ ਨਾਲ ਕਰਦਾ ਹੈ ਤਾਂਕਿ ਉਹ ਉਸ ਦੀ ਗੱਲ ਸਮਝ ਸਕਣ।

3 ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਯਹੋਵਾਹ ਇਨਸਾਨਾਂ ਨਾਲ ਕਿਵੇਂ ਸੌਖੇ ਤਰੀਕੇ ਨਾਲ ਗੱਲ ਕਰਦਾ ਹੈ। ਅਸੀਂ ਇਹ ਵੀ ਦੇਖਾਂਗੇ ਕਿ ਉਹ ਹਾਲਾਤਾਂ ਮੁਤਾਬਕ ਆਪਣੀ ਗੱਲਬਾਤ ਕਰਨ ਦੇ ਤਰੀਕੇ ਵਿਚ ਕਿਵੇਂ ਬਦਲਾਅ ਕਰਦਾ ਹੈ।

ਯਹੋਵਾਹ ਇਨਸਾਨਾਂ ਨਾਲ ਗੱਲ ਕਰਦਾ ਹੈ

4. (ੳ) ਯਹੋਵਾਹ ਨੇ ਮੂਸਾ, ਸਮੂਏਲ ਤੇ ਦਾਊਦ ਨਾਲ ਕਿਸ ਭਾਸ਼ਾ ਵਿਚ ਗੱਲ ਕੀਤੀ ਸੀ? (ਅ) ਬਾਈਬਲ ਵਿਚ ਕੀ-ਕੀ ਦੱਸਿਆ ਗਿਆ ਹੈ?

4 ਜਦੋਂ ਯਹੋਵਾਹ ਨੇ ਅਦਨ ਦੇ ਬਾਗ਼ ਵਿਚ ਪਹਿਲੇ ਮਨੁੱਖ ਆਦਮ ਨਾਲ ਗੱਲ ਕੀਤੀ, ਤਾਂ ਉਸ ਨੇ ਸ਼ਾਇਦ ਪ੍ਰਾਚੀਨ ਸਮੇਂ ਦੀ ਇਬਰਾਨੀ ਭਾਸ਼ਾ ਵਰਤੀ ਹੋਣੀ। ਕਈ ਸਾਲਾਂ ਬਾਅਦ ਯਹੋਵਾਹ ਨੇ ਇਬਰਾਨੀ ਬੋਲਣ ਵਾਲੇ ਮੂਸਾ, ਸਮੂਏਲ ਅਤੇ ਦਾਊਦ ਵਰਗੇ ਇਨਸਾਨਾਂ ਨੂੰ ਆਪਣੇ ਖ਼ਿਆਲ ਦੱਸੇ। ਉਨ੍ਹਾਂ ਨੇ ਯਹੋਵਾਹ ਦੇ ਹੀ ਖ਼ਿਆਲ ਲਿਖੇ ਸਨ, ਭਾਵੇਂ ਕਿ ਉਨ੍ਹਾਂ ਨੇ ਆਪਣੇ ਸ਼ਬਦਾਂ ਵਿਚ ਲਿਖਿਆ ਅਤੇ ਲਿਖਣ ਦਾ ਆਪਣਾ ਢੰਗ ਵਰਤਿਆ। ਉਨ੍ਹਾਂ ਨੇ ਯਹੋਵਾਹ ਵੱਲੋਂ ਦੱਸੀਆਂ ਗੱਲਾਂ ਲਿਖਣ ਦੇ ਨਾਲ-ਨਾਲ ਇਹ ਵੀ ਲਿਖਿਆ ਕਿ ਪਰਮੇਸ਼ੁਰ ਦਾ ਆਪਣੇ ਸੇਵਕਾਂ ਨਾਲ ਕਿਹੋ ਜਿਹਾ ਰਿਸ਼ਤਾ ਸੀ। ਮਿਸਾਲ ਲਈ, ਬਾਈਬਲ ਵਿਚ ਪਰਮੇਸ਼ੁਰ ਉੱਤੇ ਉਨ੍ਹਾਂ ਦੀ ਨਿਹਚਾ ਅਤੇ ਪਿਆਰ ਬਾਰੇ ਦੱਸਣ ਦੇ ਨਾਲ-ਨਾਲ ਉਨ੍ਹਾਂ ਦੀਆਂ ਗ਼ਲਤੀਆਂ ਅਤੇ ਅਣਆਗਿਆਕਾਰੀ ਬਾਰੇ ਵੀ ਦੱਸਿਆ ਗਿਆ ਹੈ। ਇਹ ਸਾਰੀ ਜਾਣਕਾਰੀ ਸਾਡੇ ਫ਼ਾਇਦੇ ਲਈ ਲਿਖੀ ਗਈ ਹੈ।ਰੋਮੀ. 15:4.

5. ਕੀ ਪਰਮੇਸ਼ੁਰ ਨੇ ਇਨਸਾਨਾਂ ਨਾਲ ਸਿਰਫ਼ ਇਬਰਾਨੀ ਭਾਸ਼ਾ ਵਿਚ ਗੱਲ ਕੀਤੀ? ਸਮਝਾਓ।

5 ਯਹੋਵਾਹ ਨੇ ਇਨਸਾਨਾਂ ਨਾਲ ਹਮੇਸ਼ਾ ਇਬਰਾਨੀ ਵਿਚ ਗੱਲ ਨਹੀਂ ਕੀਤੀ। ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਹੋਣ ਤੋਂ ਬਾਅਦ ਕੁਝ ਇਜ਼ਰਾਈਲੀ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਅਰਾਮੀ ਬੋਲਦੇ ਸਨ। ਸ਼ਾਇਦ ਇਸੇ ਕਰਕੇ ਯਹੋਵਾਹ ਨੇ ਦਾਨੀਏਲ, ਯਿਰਮਿਯਾਹ ਤੇ ਅਜ਼ਰਾ ਨੂੰ ਬਾਈਬਲ ਦੇ ਕੁਝ ਹਿੱਸੇ ਅਰਾਮੀ ਵਿਚ ਲਿਖਣ ਲਈ ਪ੍ਰੇਰਿਆ ਸੀ।ਅਜ਼ਰਾ 4:8, 7:12; ਯਿਰਮਿਯਾਹ 10:11 ਅਤੇ ਦਾਨੀਏਲ 2:4 ਦੇ ਨਵੀਂ ਦੁਨੀਆਂ ਅਨੁਵਾਦ (ਅੰਗ੍ਰੇਜ਼ੀ) ਵਿਚ ਫੁਟਨੋਟ ਦੇਖੋ।

6. ਇਬਰਾਨੀ ਲਿਖਤਾਂ ਨੂੰ ਯੂਨਾਨੀ ਭਾਸ਼ਾ ਵਿਚ ਕਿਉਂ ਅਨੁਵਾਦ ਕੀਤਾ ਗਿਆ?

6 ਸਿਕੰਦਰ ਮਹਾਨ ਵੱਲੋਂ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ’ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕੋਇਨੀ (ਆਮ ਬੋਲੀ ਜਾਂਦੀ ਯੂਨਾਨੀ ਭਾਸ਼ਾ) ਅੰਤਰਰਾਸ਼ਟਰੀ ਭਾਸ਼ਾ ਬਣ ਗਈ। ਬਹੁਤ ਸਾਰੇ ਯਹੂਦੀ ਲੋਕ ਯੂਨਾਨੀ ਭਾਸ਼ਾ ਬੋਲਣ ਲੱਗ ਪਏ, ਇਸ ਕਰਕੇ ਇਬਰਾਨੀ ਲਿਖਤਾਂ ਨੂੰ ਯੂਨਾਨੀ ਭਾਸ਼ਾ ਵਿਚ ਅਨੁਵਾਦ ਕੀਤਾ ਗਿਆ। ਇਸ ਅਨੁਵਾਦ ਨੂੰ ਸੈਪਟੁਜਿੰਟ ਕਿਹਾ ਜਾਂਦਾ ਹੈ। ਇਹ ਬਾਈਬਲ ਦਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਣ ਅਨੁਵਾਦ ਸੀ। ਮਾਹਰ ਮੰਨਦੇ ਹਨ ਕਿ ਸੈਪਟੁਜਿੰਟ ਨੂੰ 72 ਅਨੁਵਾਦਕਾਂ ਨੇ ਲਿਖਿਆ ਹੈ। * ਇਨ੍ਹਾਂ ਵਿੱਚੋਂ ਕੁਝ ਅਨੁਵਾਦਕਾਂ ਨੇ ਇਬਰਾਨੀ ਲਿਖਤਾਂ ਦਾ ਸ਼ਬਦ-ਬ-ਸ਼ਬਦ ਅਨੁਵਾਦ ਕੀਤਾ, ਜਦ ਕਿ ਕਈਆਂ ਨੇ ਇਸ ਤਰ੍ਹਾਂ ਨਹੀਂ ਕੀਤਾ। ਭਾਵੇਂ ਕਿ ਲਿਖਣ ਦੇ ਤਰੀਕੇ ਅਲੱਗ-ਅਲੱਗ ਸਨ, ਪਰ ਫਿਰ ਵੀ ਯੂਨਾਨੀ ਭਾਸ਼ਾ ਬੋਲਣ ਵਾਲੇ ਯਹੂਦੀ ਤੇ ਮਸੀਹੀ ਸੈਪਟੁਜਿੰਟ ਨੂੰ ਪਰਮੇਸ਼ੁਰ ਦਾ ਬਚਨ ਮੰਨਦੇ ਸਨ।

7. ਆਪਣੇ ਚੇਲਿਆਂ ਨੂੰ ਸਿਖਾਉਣ ਵੇਲੇ ਯਿਸੂ ਕਿਹੜੀ ਭਾਸ਼ਾ ਬੋਲਦਾ ਸੀ?

7 ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਸ਼ਾਇਦ ਉਹ ਇਬਰਾਨੀ ਬੋਲਦਾ ਸੀ। (ਯੂਹੰ. 19:20; 20:16; ਰਸੂ. 26:14) ਪਹਿਲੀ ਸਦੀ ਵਿਚ ਇਬਰਾਨੀ ਭਾਸ਼ਾ ’ਤੇ ਅਰਾਮੀ ਭਾਸ਼ਾ ਦਾ ਪ੍ਰਭਾਵ ਸੀ। ਇਸ ਕਰਕੇ ਸ਼ਾਇਦ ਉਸ ਨੇ ਅਰਾਮੀ ਦੇ ਕੁਝ ਵਾਕਾਂ ਨੂੰ ਵੀ ਵਰਤਿਆ। ਨਾਲੇ ਉਹ ਮੂਸਾ ਅਤੇ ਹੋਰ ਨਬੀਆਂ ਵੱਲੋਂ ਬੋਲੀ ਗਈ ਇਬਰਾਨੀ ਭਾਸ਼ਾ ਜਾਣਦਾ ਸੀ ਜਿਨ੍ਹਾਂ ਦੀਆਂ ਲਿਖਤਾਂ ਹਰ ਹਫ਼ਤੇ ਸਭਾ ਘਰ ਵਿਚ ਪੜ੍ਹੀਆਂ ਜਾਂਦੀਆਂ ਸਨ। (ਲੂਕਾ 4:17-19; 24:44, 45; ਰਸੂ. 15:21) ਭਾਵੇਂ ਕਿ ਯਿਸੂ ਦੇ ਜ਼ਮਾਨੇ ਵਿਚ ਯੂਨਾਨੀ ਤੇ ਲਾਤੀਨੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ, ਪਰ ਬਾਈਬਲ ਇਹ ਨਹੀਂ ਦੱਸਦੀ ਕਿ ਯਿਸੂ ਇਹ ਭਾਸ਼ਾਵਾਂ ਬੋਲਦਾ ਸੀ।

8, 9. ਬਹੁਤ ਸਾਰੇ ਮਸੀਹੀ ਯੂਨਾਨੀ ਕਿਉਂ ਬੋਲਦੇ ਸਨ? ਇਸ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?

8 ਯਿਸੂ ਦੇ ਮੁਢਲੇ ਚੇਲੇ ਇਬਰਾਨੀ ਭਾਸ਼ਾ ਬੋਲਦੇ ਸਨ, ਪਰ ਉਸ ਦੀ ਮੌਤ ਤੋਂ ਬਾਅਦ ਉਹ ਹੋਰ ਭਾਸ਼ਾਵਾਂ ਬੋਲਣ ਲੱਗ ਪਏ। (ਰਸੂਲਾਂ ਦੇ ਕੰਮ 6:1 ਪੜ੍ਹੋ।) ਜਿੱਦਾਂ-ਜਿੱਦਾਂ ਖ਼ੁਸ਼ ਖ਼ਬਰੀ ਫੈਲਦੀ ਗਈ, ਉੱਦਾਂ-ਉੱਦਾਂ ਬਹੁਤ ਸਾਰੇ ਮਸੀਹੀ ਇਬਰਾਨੀ ਬੋਲਣ ਦੀ ਬਜਾਇ ਯੂਨਾਨੀ ਬੋਲਣ ਲੱਗ ਪਏ। ਯੂਨਾਨੀ ਭਾਸ਼ਾ ਆਮ ਹੋਣ ਕਰਕੇ ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ ਦੀਆਂ ਕਿਤਾਬਾਂ ਯੂਨਾਨੀ ਭਾਸ਼ਾ ਵਿਚ ਲਿਖੀਆਂ ਅਤੇ ਵੰਡੀਆਂ ਗਈਆਂ। * ਨਾਲੇ ਪੌਲੁਸ ਰਸੂਲ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਅਤੇ ਹੋਰ ਬਾਈਬਲ ਦੀਆਂ ਕਿਤਾਬਾਂ ਨੂੰ ਯੂਨਾਨੀ ਵਿਚ ਲਿਖਿਆ ਅਤੇ ਵੰਡਿਆ ਗਿਆ।

9 ਇਹ ਦਿਲਚਸਪ ਗੱਲ ਹੈ ਕਿ ਜਦੋਂ ਯੂਨਾਨੀ ਲਿਖਤਾਂ ਦੇ ਲਿਖਾਰੀ ਇਬਰਾਨੀ ਲਿਖਤਾਂ ਤੋਂ ਹਵਾਲੇ ਦਿੰਦੇ ਸਨ, ਤਾਂ ਉਹ ਅਕਸਰ ਸੈਪਟੁਜਿੰਟ ਤੋਂ ਦਿੰਦੇ ਸਨ। ਕਈ ਵਾਰ ਇਹ ਹਵਾਲੇ ਮੁਢਲੀਆਂ ਇਬਰਾਨੀ ਲਿਖਤਾਂ ਤੋਂ ਥੋੜ੍ਹੇ ਵੱਖਰੇ ਹੁੰਦੇ ਸਨ। ਨਤੀਜੇ ਵਜੋਂ, ਨਾਮੁਕੰਮਲ ਅਨੁਵਾਦਕਾਂ ਦਾ ਇਹ ਕੰਮ ਪਰਮੇਸ਼ੁਰ ਦੇ ਬਚਨ ਦਾ ਹਿੱਸਾ ਬਣ ਗਿਆ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਕਿਸੇ ਭਾਸ਼ਾ ਜਾਂ ਸਭਿਆਚਾਰ ਨੂੰ ਇਕ-ਦੂਜੇ ਤੋਂ ਉੱਚਾ ਨਹੀਂ ਸਮਝਦਾ।ਰਸੂਲਾਂ ਦੇ ਕੰਮ 10:34 ਪੜ੍ਹੋ।

10. ਅਸੀਂ ਯਹੋਵਾਹ ਦੇ ਇਨਸਾਨਾਂ ਨਾਲ ਗੱਲ ਕਰਨ ਦੇ ਤਰੀਕੇ ਤੋਂ ਕੀ ਸਿੱਖਦੇ ਹਾਂ?

10 ਅਸੀਂ ਸਿੱਖਿਆ ਹੈ ਕਿ ਯਹੋਵਾਹ ਹਾਲਾਤਾਂ ਮੁਤਾਬਕ ਇਨਸਾਨਾਂ ਨਾਲ ਗੱਲ ਕਰਦਾ ਹੈ। ਉਹ ਸਾਡੇ ਤੋਂ ਇਹ ਉਮੀਦ ਨਹੀਂ ਰੱਖਦਾ ਕਿ ਅਸੀਂ ਉਸ ਬਾਰੇ ਜਾਂ ਉਸ ਦੇ ਮਕਸਦਾਂ ਬਾਰੇ ਸਿੱਖਣ ਲਈ ਕੋਈ ਖ਼ਾਸ ਭਾਸ਼ਾ ਸਿੱਖੀਏ। (ਜ਼ਕਰਯਾਹ 8:23; ਪ੍ਰਕਾਸ਼ ਦੀ ਕਿਤਾਬ 7:9, 10 ਪੜ੍ਹੋ।) ਅਸੀਂ ਇਹ ਵੀ ਸਿੱਖਿਆ ਹੈ ਕਿ ਯਹੋਵਾਹ ਨੇ ਬਾਈਬਲ ਦੇ ਲਿਖਾਰੀਆਂ ਨੂੰ ਪਵਿੱਤਰ ਸ਼ਕਤੀ ਨਾਲ ਲਿਖਣ ਲਈ ਪ੍ਰੇਰਿਤ ਕੀਤਾ, ਪਰ ਉਸ ਨੇ ਉਨ੍ਹਾਂ ਨੂੰ ਆਪਣੇ ਸ਼ਬਦਾਂ ਵਿਚ ਲਿਖਣ ਦਿੱਤਾ।

ਪਰਮੇਸ਼ੁਰ ਨੇ ਆਪਣਾ ਬਚਨ ਖ਼ਤਮ ਹੋਣ ਤੋਂ ਬਚਾਇਆ

11. ਯਹੋਵਾਹ ਲਈ ਵੱਖੋ-ਵੱਖਰੀਆਂ ਭਾਸ਼ਾਵਾਂ ਲੋਕਾਂ ਨਾਲ ਗੱਲ ਕਰਨ ਵਿਚ ਮੁਸ਼ਕਲ ਕਿਉਂ ਨਹੀਂ ਬਣੀਆਂ?

11 ਭਾਵੇਂ ਇਨਸਾਨ ਬਹੁਤ ਸਾਰੀਆਂ ਵੱਖੋ-ਵੱਖਰੀਆਂ ਭਾਸ਼ਾਵਾਂ ਵਰਤਦੇ ਹਨ, ਪਰ ਫਿਰ ਵੀ ਯਹੋਵਾਹ ਨੂੰ ਉਨ੍ਹਾਂ ਨਾਲ ਗੱਲ ਕਰਨ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ। ਅਸੀਂ ਇਹ ਕਿਵੇਂ ਜਾਣਦੇ ਹਾਂ? ਯਿਸੂ ਦੀ ਆਪਣੀ ਭਾਸ਼ਾ ਵਿਚ ਜੋ ਕਿਹਾ, ਉਸ ਵਿੱਚੋਂ ਸਿਰਫ਼ ਕੁਝ ਹੀ ਸ਼ਬਦ ਬਾਈਬਲ ਵਿਚ ਦਰਜ ਹਨ। (ਮੱਤੀ 27:46; ਮਰ. 5:41; 7:34; 14:36) ਪਰ ਯਹੋਵਾਹ ਨੇ ਇਹ ਪੱਕਾ ਕੀਤਾ ਕਿ ਯਿਸੂ ਦਾ ਸੰਦੇਸ਼ ਲਿਖਣ ਦੇ ਨਾਲ-ਨਾਲ ਇਸ ਦਾ ਯੂਨਾਨੀ ਭਾਸ਼ਾ ਵਿਚ ਅਨੁਵਾਦ ਕੀਤਾ ਜਾਵੇ। ਸਮੇਂ ਦੇ ਬੀਤਣ ਨਾਲ ਇਨ੍ਹਾਂ ਦਾ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਕੀਤਾ ਗਿਆ। ਨਾਲੇ ਯਹੂਦੀਆਂ ਤੇ ਮਸੀਹੀਆਂ ਵੱਲੋਂ ਕਈ ਵਾਰ ਪਰਮੇਸ਼ੁਰ ਦੇ ਬਚਨ ਦੀਆਂ ਬਹੁਤ ਸਾਰੀਆਂ ਕਾਪੀਆਂ ਬਣਾਈਆਂ ਗਈਆਂ ਜਿਸ ਕਰਕੇ ਪਰਮੇਸ਼ੁਰ ਦੇ ਬਚਨ ਨੂੰ ਖ਼ਤਮ ਹੋਣ ਤੋਂ ਬਚਾਇਆ ਗਿਆ। ਫਿਰ ਇਨ੍ਹਾਂ ਕਾਪੀਆਂ ਤੋਂ ਹੋਰ ਕਈ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ। ਮਸੀਹ ਤੋਂ ਲਗਭਗ 400 ਸਾਲਾਂ ਬਾਅਦ ਜੌਨ ਕ੍ਰਿਸੋਸਟੋਮ ਨੇ ਕਿਹਾ ਕਿ ਯਿਸੂ ਦੀਆਂ ਸਿੱਖਿਆਵਾਂ ਨੂੰ ਸੀਰੀਆ, ਮਿਸਰੀ, ਭਾਰਤੀ, ਫਾਰਸੀ, ਇਥੋਪੀਆ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਨੇ ਆਪਣੀਆਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ।

12. ਬਾਈਬਲ ਨੂੰ ਖ਼ਤਮ ਕਰਨ ਦੀਆਂ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ?

12 ਇਤਿਹਾਸ ਦੌਰਾਨ ਬਾਈਬਲ, ਇਸ ਦੇ ਅਨੁਵਾਦਕਾਂ ਅਤੇ ਵੰਡਣ ਵਾਲਿਆਂ ਉੱਤੇ ਬਹੁਤ ਸਾਰੇ ਹਮਲੇ ਕੀਤੇ ਗਏ। ਯਿਸੂ ਦੇ ਜਨਮ ਤੋਂ ਲਗਭਗ 300 ਸਾਲ ਬਾਅਦ ਰੋਮੀ ਸਮਰਾਟ ਡਾਇਓਕਲੀਸ਼ਨ ਨੇ ਬਾਈਬਲ ਦੀਆਂ ਸਾਰੀਆਂ ਕਾਪੀਆਂ ਨੂੰ ਤਬਾਹ ਕਰਨ ਦਾ ਹੁਕਮ ਦਿੱਤਾ ਸੀ। ਇਸ ਤੋਂ ਲਗਭਗ 1,200 ਸਾਲ ਬਾਅਦ ਵਿਲਿਅਮ ਟਿੰਡੇਲ ਨੇ ਬਾਈਬਲ ਦਾ ਅੰਗ੍ਰੇਜ਼ੀ ਵਿਚ ਅਨੁਵਾਦ ਕਰਨਾ ਸ਼ੁਰੂ ਕੀਤਾ। ਉਸ ਨੇ ਕਿਹਾ: “ਜੇ ਰੱਬ ਮੇਰੀ ਜ਼ਿੰਦਗੀ ਬਖ਼ਸ਼ ਦੇਵੇ, ਤਾਂ ਮੈਂ ਕੁਝ ਇੱਦਾਂ ਦਾ ਕਰ ਕੇ ਦਿਖਾਵਾਂਗਾ ਕਿ ਇਕ ਹੱਲ ਵਾਹੁਣ ਵਾਲੇ ਮੁੰਡੇ ਨੂੰ ਇਕ ਪਾਦਰੀ ਨਾਲੋਂ ਬਾਈਬਲ ਦਾ ਜ਼ਿਆਦਾ ਗਿਆਨ ਹੋਵੇਗਾ।” ਤਸੀਹਿਆਂ ਕਰਕੇ ਟਿੰਡੇਲ ਨੂੰ ਇੰਗਲੈਂਡ ਤੋਂ ਯੂਰਪ ਭੱਜਣਾ ਪਿਆ ਤਾਂਕਿ ਉਹ ਬਾਈਬਲ ਦਾ ਤਰਜਮਾ ਕਰ ਕੇ ਇਸ ਨੂੰ ਛਪਵਾ ਸਕੇ। ਭਾਵੇਂ ਕਿ ਪਾਦਰੀਆਂ ਨੇ ਉਨ੍ਹਾਂ ਸਾਰੀਆਂ ਕਾਪੀਆਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਜੋ ਉਨ੍ਹਾਂ ਦੇ ਹੱਥ ਲੱਗੀਆਂ, ਫਿਰ ਵੀ ਟਿੰਡੇਲ ਵੱਲੋਂ ਅਨੁਵਾਦ ਕੀਤੀ ਗਈ ਬਾਈਬਲ ਬਹੁਤ ਸਾਰੇ ਲੋਕਾਂ ਨੂੰ ਵੰਡੀ ਗਈ। ਅਖ਼ੀਰ ਟਿੰਡੇਲ ਨੂੰ ਲੱਕੜ ਦੇ ਖੰਭੇ ਨਾਲ ਬੰਨ੍ਹ ਕੇ ਉਸ ਦਾ ਗਲਾ ਘੁੱਟ ਦਿੱਤਾ ਗਿਆ, ਫਿਰ ਉਸੇ ਖੰਭੇ ’ਤੇ ਉਸ ਦੀ ਲਾਸ਼ ਨੂੰ ਸਾੜ ਦਿੱਤਾ ਗਿਆ। ਪਰ ਉਸ ਵੱਲੋਂ ਅਨੁਵਾਦ ਕੀਤੀ ਬਾਈਬਲ ਪਾਦਰੀਆਂ ਦੇ ਹਮਲੇ ਤੋਂ ਬਚਾਈ ਗਈ ਅਤੇ ਇਸ ਨੂੰ ਇਕ ਹੋਰ ਬਾਈਬਲ ਅਨੁਵਾਦ ਕਰਨ ਲਈ ਵਰਤਿਆ ਗਿਆ ਜਿਸ ਨੂੰ ਕਿੰਗ ਜੇਮਜ਼ ਵਰਯਨ ਕਿਹਾ ਜਾਂਦਾ ਹੈ।2 ਤਿਮੋਥਿਉਸ 2:9 ਪੜ੍ਹੋ।

13. ਬਾਈਬਲ ਦੀਆਂ ਪੁਰਾਣੀਆਂ ਹੱਥ ਲਿਖਤਾਂ ਦੀ ਜਾਂਚ-ਪੜਤਾਲ ਕਰਨ ਤੋਂ ਬਾਅਦ ਕੀ ਪਤਾ ਲੱਗਾ ਹੈ?

13 ਇਹ ਸੱਚ ਹੈ ਕਿ ਬਾਈਬਲ ਦੀਆਂ ਸਭ ਤੋਂ ਪੁਰਾਣੀਆਂ ਕੁਝ ਕਾਪੀਆਂ ਵਿਚ ਛੋਟੀਆਂ-ਮੋਟੀਆਂ ਗ਼ਲਤੀਆਂ ਹਨ ਤੇ ਆਇਤਾਂ ਵਿਚ ਫ਼ਰਕ ਹੈ। ਪਰ ਬਾਈਬਲ ਦੇ ਮਾਹਰਾਂ ਨੇ ਬਾਈਬਲ ਦੀਆਂ ਹਜ਼ਾਰਾਂ ਹੀ ਹੱਥ ਲਿਖਤਾਂ, ਹੱਥ ਲਿਖਤਾਂ ਦੇ ਕੁਝ ਟੁਕੜਿਆਂ ਅਤੇ ਪੁਰਾਣੇ ਅਨੁਵਾਦਾਂ ਦੀ ਬਾਰੀਕੀ ਨਾਲ ਜਾਂਚ-ਪੜਤਾਲ ਕੀਤੀ। ਇਨ੍ਹਾਂ ਦੀ ਇਕ-ਦੂਜੇ ਨਾਲ ਤੁਲਨਾ ਕਰਨ ਤੋਂ ਬਾਅਦ ਉਨ੍ਹਾਂ ਨੇ ਦੇਖਿਆ ਹੈ ਕਿ ਕੁਝ ਹੀ ਆਇਤਾਂ ਵਿਚ ਫ਼ਰਕ ਹੈ ਅਤੇ ਇਹ ਫ਼ਰਕ ਬਹੁਤ ਹੀ ਥੋੜ੍ਹਾ ਹੈ। ਭਾਵੇਂ ਕਿ ਆਇਤਾਂ ਵਿਚ ਛੋਟੀਆਂ-ਮੋਟੀਆਂ ਗ਼ਲਤੀਆਂ ਅਤੇ ਫ਼ਰਕ ਹੈ, ਪਰ ਬਾਈਬਲ ਦਾ ਸੰਦੇਸ਼ ਬਦਲਿਆ ਨਹੀਂ ਗਿਆ। ਇਸ ਤਰ੍ਹਾਂ ਦੀ ਜਾਂਚ-ਪੜਤਾਲ ਕਰਨ ਤੋਂ ਬਾਅਦ ਨੇਕਦਿਲ ਬਾਈਬਲ ਵਿਦਿਆਰਥੀਆਂ ਨੂੰ ਯਕੀਨ ਹੁੰਦਾ ਹੈ ਕਿ ਅੱਜ ਜੋ ਬਾਈਬਲ ਉਨ੍ਹਾਂ ਕੋਲ ਹੈ, ਉਹ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀ ਗਈ ਹੈ।ਯਸਾ. 40:8. *

14. ਬਾਈਬਲ ਹੋਰ ਕਿਤਾਬਾਂ ਨਾਲੋਂ ਵੱਖਰੀ ਕਿਉਂ ਹੈ?

14 ਬਾਈਬਲ ’ਤੇ ਬਹੁਤ ਸਾਰੇ ਹਮਲਿਆਂ ਦੇ ਬਾਵਜੂਦ ਵੀ ਇਸ ਨੂੰ 2,800 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ। ਅੱਜ ਬਾਈਬਲ ਹੋਰ ਕਿਸੇ ਵੀ ਕਿਤਾਬ ਨਾਲੋਂ ਜ਼ਿਆਦਾ ਉਪਲਬਧ ਹੈ। ਭਾਵੇਂ ਕਿ ਬਹੁਤ ਸਾਰੇ ਲੋਕ ਪਰਮੇਸ਼ੁਰ ’ਤੇ ਵਿਸ਼ਵਾਸ ਨਹੀਂ ਕਰਦੇ, ਫਿਰ ਵੀ ਇਤਿਹਾਸ ਵਿਚ ਪਰਮੇਸ਼ੁਰ ਦਾ ਬਚਨ ਸਭ ਤੋਂ ਜ਼ਿਆਦਾ ਵੰਡਿਆ ਗਿਆ ਅਤੇ ਅੱਜ ਵੀ ਵੰਡਿਆ ਜਾ ਰਿਹਾ ਹੈ। ਚਾਹੇ ਬਾਈਬਲਾਂ ਦੇ ਕੁਝ ਅਨੁਵਾਦ ਪੜ੍ਹਨ ਵਿਚ ਔਖੇ ਹੋਣ ਦੇ ਨਾਲ-ਨਾਲ ਇਨ੍ਹਾਂ ਵਿਚ ਕੁਝ ਗ਼ਲਤੀਆਂ ਹਨ, ਪਰ ਫਿਰ ਵੀ ਲਗਭਗ ਸਾਰੇ ਅਨੁਵਾਦਾਂ ਤੋਂ ਬਾਈਬਲ ਦਾ ਸੰਦੇਸ਼ ਸਿੱਖਿਆ ਜਾ ਸਕਦਾ ਹੈ ਜੋ ਉਮੀਦ ਤੇ ਹਮੇਸ਼ਾ ਦੀ ਜ਼ਿੰਦਗੀ ਦਾ ਹੈ।

ਨਵੀਂ ਬਾਈਬਲ ਦੀ ਲੋੜ ਕਿਉਂ ਪਈ?

15. (ੳ) 1919 ਤੋਂ ਸਾਡੇ ਬਾਈਬਲ ਪ੍ਰਕਾਸ਼ਨ ਵਿਚ ਕੀ ਬਦਲਾਅ ਆਇਆ ਹੈ? (ਅ) ਸਾਡੇ ਪ੍ਰਕਾਸ਼ਨ ਪਹਿਲਾਂ ਅੰਗ੍ਰੇਜ਼ੀ ਵਿਚ ਕਿਉਂ ਲਿਖੇ ਜਾਂਦੇ ਹਨ?

15 1919 ਵਿਚ ਬਾਈਬਲ ਵਿਦਿਆਰਥੀਆਂ ਦੇ ਇਕ ਛੋਟੇ ਜਿਹੇ ਗਰੁੱਪ ਨੂੰ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵਜੋਂ ਨਿਯੁਕਤ ਕੀਤਾ ਗਿਆ। ਉਸ ਸਮੇਂ ਇਹ ਵਫ਼ਾਦਾਰ ਨੌਕਰ ਪਰਮੇਸ਼ੁਰ ਦੇ ਲੋਕਾਂ ਨੂੰ ਜ਼ਿਆਦਾਤਰ ਪ੍ਰਕਾਸ਼ਨ ਅੰਗ੍ਰੇਜ਼ੀ ਵਿਚ ਦਿੰਦਾ ਸੀ। (ਮੱਤੀ 24:45) ਪਰ ਅੱਜ ਇਹ “ਨੌਕਰ” 700 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ ਪ੍ਰਕਾਸ਼ਨ ਉਪਲਬਧ ਕਰਵਾ ਰਿਹਾ ਹੈ। ਪੁਰਾਣੇ ਸਮੇਂ ਦੀ ਯੂਨਾਨੀ ਭਾਸ਼ਾ ਵਾਂਗ ਅੱਜ ਵਪਾਰ ਅਤੇ ਪੜ੍ਹਾਈ ਵਿਚ ਅੰਗ੍ਰੇਜ਼ੀ ਆਮ ਵਰਤੀ ਜਾਂਦੀ ਹੈ। ਸੋ ਸਾਡੇ ਪ੍ਰਕਾਸ਼ਨ ਪਹਿਲਾਂ ਅੰਗ੍ਰੇਜ਼ੀ ਵਿਚ ਲਿਖੇ ਜਾਂਦੇ ਹਨ ਤੇ ਫਿਰ ਇਨ੍ਹਾਂ ਨੂੰ ਹੋਰ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾਂਦਾ ਹੈ।

16, 17. (ੳ) ਪਰਮੇਸ਼ੁਰ ਦੇ ਲੋਕਾਂ ਨੂੰ ਕਿਸ ਚੀਜ਼ ਦੀ ਲੋੜ ਸੀ? (ਅ) ਇਹ ਲੋੜ ਕਿੱਦਾਂ ਪੂਰੀ ਕੀਤੀ ਗਈ? (ੲ) ਭਰਾ ਨੌਰ ਦੀ ਕੀ ਇੱਛਾ ਸੀ?

16 ਸਾਡੇ ਸਾਰੇ ਪ੍ਰਕਾਸ਼ਨ ਬਾਈਬਲ-ਆਧਾਰਿਤ ਹਨ। 1950 ਤੋਂ ਪਹਿਲਾਂ ਪਰਮੇਸ਼ੁਰ ਦੇ ਲੋਕ 1611 ਵਿਚ ਤਿਆਰ ਕੀਤੀ ਗਈ ਕਿੰਗ ਜੇਮਜ਼ ਬਾਈਬਲ ਵਰਤਦੇ ਸਨ। ਪਰ ਇਸ ਦੀ ਭਾਸ਼ਾ ਪੁਰਾਣੀ ਤੇ ਸਮਝਣ ਵਿਚ ਔਖੀ ਸੀ। ਇਸ ਵਿਚ ਪਰਮੇਸ਼ੁਰ ਦਾ ਨਾਂ ਕੁਝ ਹੀ ਵਾਰ ਆਉਂਦਾ ਸੀ, ਜਦ ਕਿ ਪੁਰਾਣੀਆਂ ਹੱਥ-ਲਿਖਤਾਂ ਵਿਚ ਇਹ ਨਾਂ ਹਜ਼ਾਰਾਂ ਵਾਰ ਆਉਂਦਾ ਹੈ। ਨਾਲੇ ਇਸ ਵਿਚ ਗ਼ਲਤੀਆਂ ਸਨ ਅਤੇ ਕੁਝ ਹਵਾਲੇ ਸਨ ਜੋ ਸਭ ਤੋਂ ਪੁਰਾਣੀਆਂ ਹੱਥ-ਲਿਖਤਾਂ ਵਿਚ ਨਹੀਂ ਸਨ। ਹੋਰ ਅੰਗ੍ਰੇਜ਼ੀ ਦੀਆਂ ਬਾਈਬਲਾਂ ਵਿਚ ਵੀ ਇਹੀ ਖ਼ਾਮੀਆਂ ਸਨ।

17 ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਲੋਕਾਂ ਨੂੰ ਇਸ ਤਰ੍ਹਾਂ ਦੀ ਬਾਈਬਲ ਦੀ ਲੋੜ ਸੀ ਜੋ ਸਹੀ ਤੇ ਸਮਝਣ ਵਿਚ ਸੌਖੀ ਹੋਵੇ। ਇਸ ਕਰਕੇ “ਨਵੀਂ ਦੁਨੀਆਂ ਬਾਈਬਲ ਅਨੁਵਾਦ ਕਮੇਟੀ” ਬਣਾਈ ਗਈ ਅਤੇ ਇਸ ਕਮੇਟੀ ਦੇ ਭਰਾਵਾਂ ਨੇ 1950 ਤੋਂ 1960 ਤਕ ਬਾਈਬਲ ਨੂੰ ਛੇ ਹਿੱਸਿਆਂ ਵਿਚ ਰਿਲੀਜ਼ ਕੀਤਾ। ਇਨ੍ਹਾਂ ਛੇ ਹਿੱਸਿਆਂ ਵਿੱਚੋਂ ਪਹਿਲਾ ਹਿੱਸਾ 2 ਅਗਸਤ 1950 ਦੇ ਵੱਡੇ ਸੰਮੇਲਨ ਵਿਚ ਰਿਲੀਜ਼ ਕੀਤਾ ਗਿਆ। ਉਸ ਸੰਮੇਲਨ ’ਤੇ ਭਰਾ ਨੌਰ ਨੇ ਕਿਹਾ ਕਿ ਪਰਮੇਸ਼ੁਰ ਦੇ ਲੋਕਾਂ ਨੂੰ ਇਸ ਤਰ੍ਹਾਂ ਦੀ ਬਾਈਬਲ ਦੀ ਲੋੜ ਸੀ ਜੋ ਸਹੀ ਤੇ ਸਮਝਣ ਵਿਚ ਸੌਖੀ ਹੋਵੇ ਅਤੇ ਜੋ ਸੱਚਾਈ ਨੂੰ ਸਾਫ਼-ਸਾਫ਼ ਸਮਝਣ ਵਿਚ ਉਨ੍ਹਾਂ ਦੀ ਮਦਦ ਕਰੇ। ਜਿਸ ਤਰ੍ਹਾਂ ਮਸੀਹ ਦੇ ਚੇਲਿਆਂ ਦੀਆਂ ਮੁਢਲੀਆਂ ਲਿਖਤਾਂ ਨੂੰ ਉਸ ਜ਼ਮਾਨੇ ਦੇ ਲੋਕ ਸੌਖਿਆਂ ਹੀ ਸਮਝਦੇ ਸਨ, ਉਸੇ ਤਰ੍ਹਾਂ ਸਾਨੂੰ ਵੀ ਇਕ ਅਜਿਹੇ ਬਾਈਬਲ ਅਨੁਵਾਦ ਦੀ ਲੋੜ ਸੀ ਜੋ ਪੜ੍ਹਨ ਤੇ ਸਮਝਣ ਵਿਚ ਸੌਖਾ ਹੋਵੇ। ਭਰਾ ਨੌਰ ਦੀ ਦਿਲੀ ਇੱਛਾ ਸੀ ਕਿ ਨਵੀਂ ਦੁਨੀਆਂ ਅਨੁਵਾਦ ਲੱਖਾਂ ਹੀ ਲੋਕਾਂ ਦੀ ਯਹੋਵਾਹ ਬਾਰੇ ਜਾਣਨ ਵਿਚ ਮਦਦ ਕਰੇ।

18. ਬਾਈਬਲ ਦਾ ਅਨੁਵਾਦ ਕਰਨ ਵਿਚ ਕਿਹੜੀ ਗੱਲ ਨੇ ਮਦਦ ਕੀਤੀ?

18 1963 ਤਕ ਭਰਾ ਨੌਰ ਦੀ ਇਹ ਇੱਛਾ ਪੂਰੀ ਹੋ ਗਈ। ਨਵੀਂ ਦੁਨੀਆਂ ਅਨੁਵਾਦ—ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ ਇਤਾਲਵੀ, ਸਪੇਨੀ, ਜਰਮਨ, ਡੱਚ, ਪੁਰਤਗਾਲੀ ਤੇ ਫਰਾਂਸੀਸੀ ਭਾਸ਼ਾ ਵਿਚ ਉਪਲਬਧ ਸੀ। 1989 ਵਿਚ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੇ ਬਾਈਬਲ ਦੇ ਅਨੁਵਾਦਕਾਂ ਦੀ ਮਦਦ ਕਰਨ ਲਈ ਵਰਲਡ ਹੈੱਡ-ਕੁਆਰਟਰ ਵਿਚ ਇਕ ਨਵਾਂ ਵਿਭਾਗ ਬਣਾਇਆ। ਫਿਰ 2005 ਵਿਚ ਜਿਨ੍ਹਾਂ ਭਾਸ਼ਾਵਾਂ ਵਿਚ ਪਹਿਰਾਬੁਰਜ ਦਾ ਅਨੁਵਾਦ ਹੋ ਰਿਹਾ ਸੀ, ਉਨ੍ਹਾਂ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ ਕਰਨ ਦੀ ਇਜਾਜ਼ਤ ਦਿੱਤੀ ਗਈ। ਇਸ ਕਰਕੇ ਅੱਜ ਨਵੀਂ ਦੁਨੀਆਂ ਅਨੁਵਾਦ ਦਾ ਪੂਰਾ ਜਾਂ ਕੁਝ ਹਿੱਸਾ 130 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹੈ।

19. 2013 ਵਿਚ ਕਿਹੜਾ ਖ਼ੁਸ਼ੀ ਦਾ ਦਿਨ ਆਇਆ ਅਤੇ ਅਸੀਂ ਅਗਲੇ ਲੇਖ ਵਿਚ ਕੀ ਸਿੱਖਾਂਗੇ?

19 ਨਵੀਂ ਦੁਨੀਆਂ ਅਨੁਵਾਦ ਦੇ ਪਹਿਲੇ ਐਡੀਸ਼ਨ ਦੇ ਰਿਲੀਜ਼ ਹੋਣ ਤੋਂ ਲੈ ਕੇ ਅੱਜ ਤਕ ਅੰਗ੍ਰੇਜ਼ੀ ਭਾਸ਼ਾ ਵਿਚ ਬਦਲਾਅ ਆਇਆ ਹੈ। ਇਸ ਕਰਕੇ ਜ਼ਰੂਰੀ ਸੀ ਕਿ ਬਾਈਬਲ ਨੂੰ ਅੱਜ ਵਰਤੀ ਜਾਂਦੀ ਆਮ ਅੰਗ੍ਰੇਜ਼ੀ ਵਿਚ ਤਿਆਰ ਕੀਤਾ ਜਾਵੇ। 5-6 ਅਕਤੂਬਰ 2013 ਵਿਚ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨੀਆ ਦੀ 129ਵੀਂ ਸਾਲਾਨਾ ਮੀਟਿੰਗ ਹੋਈ। ਇਸ ਪ੍ਰੋਗ੍ਰਾਮ ਦਾ 31 ਦੇਸ਼ਾਂ ਦੇ 14,13,676 ਭੈਣਾਂ-ਭਰਾਵਾਂ ਨੇ ਆਨੰਦ ਮਾਣਿਆ। ਕੁਝ ਭੈਣ-ਭਰਾ ਉੱਥੇ ਹਾਜ਼ਰ ਹੋਏ ਅਤੇ ਕਈਆਂ ਨੇ ਇੰਟਰਨੈੱਟ ਰਾਹੀਂ ਇਹ ਪ੍ਰੋਗ੍ਰਾਮ ਸੁਣਿਆ। ਪ੍ਰਬੰਧਕ ਸਭਾ ਦੇ ਇਕ ਭਰਾ ਨੇ ਅੰਗ੍ਰੇਜ਼ੀ ਵਿਚ ਤਿਆਰ ਕੀਤੀ ਗਈ ਨਵੀਂ ਦੁਨੀਆਂ ਅਨੁਵਾਦ ਨੂੰ ਰਿਲੀਜ਼ ਕੀਤਾ। ਬਾਈਬਲ ਮਿਲਣ ਤੇ ਭੈਣਾਂ-ਭਰਾਵਾਂ ਦੇ ਪੈਰ ਜ਼ਮੀਨ ’ਤੇ ਨਹੀਂ ਲੱਗ ਰਹੇ ਸਨ। ਨਾਲੇ ਕਈਆਂ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਸਨ। ਜਦੋਂ ਹਰ ਭਾਸ਼ਣਕਾਰ ਨੇ ਇਸ ਬਾਈਬਲ ਵਿੱਚੋਂ ਆਇਤਾਂ ਪੜ੍ਹੀਆਂ, ਤਾਂ ਇਹ ਗੱਲ ਸਾਫ਼ ਹੋ ਗਈ ਕਿ ਇਹ ਬਾਈਬਲ ਪਹਿਲਾਂ ਨਾਲੋਂ ਪੜ੍ਹਨ ਅਤੇ ਸਮਝਣ ਵਿਚ ਕਿਤੇ ਜ਼ਿਆਦਾ ਸੌਖੀ ਹੈ। ਅਗਲੇ ਲੇਖ ਵਿਚ ਅਸੀਂ ਇਸ ਬਾਈਬਲ ਬਾਰੇ ਹੋਰ ਸਿੱਖਣ ਦੇ ਨਾਲ-ਨਾਲ ਇਹ ਵੀ ਸਿੱਖਾਂਗੇ ਕਿ ਇਸ ਨੂੰ ਅਨੁਵਾਦ ਕਰਨ ਲਈ ਕੀ ਕੀਤਾ ਜਾ ਰਿਹਾ ਹੈ।

^ ਪੈਰਾ 6 ਸੈਪਟੁਜਿੰਟ ਦਾ ਮਤਲਬ ਹੈ, “ਸੱਤਰ।” ਲੱਗਦਾ ਹੈ ਕਿ ਇਸ ਨੂੰ ਅਨੁਵਾਦ ਕਰਨ ਦਾ ਕੰਮ ਯਿਸੂ ਦੇ ਆਉਣ ਤੋਂ ਲਗਭਗ 300 ਸਾਲ ਪਹਿਲਾਂ ਸ਼ੁਰੂ ਹੋਇਆ ਅਤੇ 150 ਸਾਲਾਂ ਬਾਅਦ ਖ਼ਤਮ ਹੋ ਗਿਆ ਸੀ। ਇਹ ਅਨੁਵਾਦ ਅਜੇ ਵੀ ਅਹਿਮ ਹੈ ਕਿਉਂਕਿ ਇਸ ਦੀ ਮਦਦ ਨਾਲ ਮਾਹਰ ਇਬਰਾਨੀ ਦੇ ਔਖੇ ਸ਼ਬਦਾਂ ਜਾਂ ਪੂਰੀਆਂ ਆਇਤਾਂ ਸਮਝ ਸਕਦੇ ਹਨ।

^ ਪੈਰਾ 8 ਕਈ ਲੋਕ ਮੰਨਦੇ ਹਨ ਕਿ ਮੱਤੀ ਨੇ ਆਪਣੀ ਕਿਤਾਬ ਇਬਰਾਨੀ ਭਾਸ਼ਾ ਵਿਚ ਲਿਖੀ ਸੀ ਅਤੇ ਬਾਅਦ ਵਿਚ ਸ਼ਾਇਦ ਉਸ ਨੇ ਹੀ ਇਸ ਨੂੰ ਯੂਨਾਨੀ ਭਾਸ਼ਾ ਵਿਚ ਅਨੁਵਾਦ ਕੀਤਾ ਸੀ।

^ ਪੈਰਾ 13 2013 ਦੇ ਨਵੀਂ ਦੁਨੀਆਂ ਅਨੁਵਾਦ (ਅੰਗ੍ਰੇਜ਼ੀ) ਵਿਚ ਅਪੈਂਡਿਕਸ A3 ਅਤੇ ਤਮਾਮ ਲੋਕਾਂ ਲਈ ਇਕ ਪੁਸਤਕ ਦੇ ਸਫ਼ੇ 7-9 ਉੱਤੇ “ਪੁਸਤਕ ਕਿਵੇਂ ਬਚੀ ਰਹੀ?” ਨਾਂ ਦਾ ਲੇਖ ਦੇਖੋ।