ਕੀ ਤੁਸੀਂ ਜਾਣਦੇ ਹੋ?
ਕਬੂਤਰ ਜਾਂ ਘੁੱਗੀ ਵਿੱਚੋਂ ਕਿਸੇ ਵੀ ਪੰਛੀ ਦੀ ਬਲ਼ੀ ਚੜ੍ਹਾਉਣ ਦੇ ਹੁਕਮ ਤੋਂ ਇਜ਼ਰਾਈਲੀਆਂ ਨੂੰ ਕੀ ਫ਼ਾਇਦਾ ਹੁੰਦਾ ਸੀ?
ਮੂਸਾ ਦੇ ਕਾਨੂੰਨ ਮੁਤਾਬਕ ਲੋਕ ਯਹੋਵਾਹ ਨੂੰ ਘੁੱਗੀਆਂ ਅਤੇ ਕਬੂਤਰਾਂ ਦੀਆਂ ਬਲ਼ੀਆਂ ਚੜ੍ਹਾ ਸਕਦੇ ਸਨ। ਬਲ਼ੀਆਂ ਚੜ੍ਹਾਉਣ ਸੰਬੰਧੀ ਕਾਨੂੰਨਾਂ ਵਿਚ ਇਨ੍ਹਾਂ ਦੋਵਾਂ ਪੰਛੀਆਂ ਦਾ ਜ਼ਿਕਰ ਹਮੇਸ਼ਾ ਇਕੱਠਿਆਂ ਆਉਂਦਾ ਹੈ ਅਤੇ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਦੀ ਵੀ ਬਲ਼ੀ ਦਿੱਤੀ ਜਾ ਸਕਦੀ ਸੀ। (ਲੇਵੀ. 1:14; 12:8; 14:30) ਇਸ ਕਾਨੂੰਨ ਦਾ ਕੀ ਫ਼ਾਇਦਾ ਹੁੰਦਾ ਸੀ? ਇਸ ਦਾ ਇਕ ਕਾਰਨ ਇਹ ਸੀ ਕਿ ਘੁੱਗੀਆਂ ਹਮੇਸ਼ਾ ਇੰਨੀਆਂ ਸੌਖੀਆਂ ਨਹੀਂ ਮਿਲਦੀਆਂ ਸਨ। ਕਿਉਂ?
ਪਰਵਾਸੀ ਪੰਛੀ ਹੋਣ ਕਰਕੇ ਘੁੱਗੀਆਂ ਗਰਮੀਆਂ ਦੇ ਮਹੀਨੇ ਇਜ਼ਰਾਈਲ ਵਿਚ ਆਉਂਦੀਆਂ ਹਨ। ਹਰ ਸਾਲ ਅਕਤੂਬਰ ਮਹੀਨੇ ਵਿਚ ਇਹ ਦੱਖਣ ਵੱਲ ਪੈਂਦੇ ਗਰਮ ਦੇਸ਼ਾਂ ਨੂੰ ਉੱਡ ਜਾਂਦੀਆਂ ਹਨ ਅਤੇ ਬਸੰਤ ਰੁੱਤ ਵਿਚ ਇਹ ਵਾਪਸ ਇਜ਼ਰਾਈਲ ਆ ਜਾਂਦੀਆਂ ਹਨ। (ਸ੍ਰੇਸ਼. 2:11, 12; ਯਿਰ. 8:7) ਇਸ ਦਾ ਮਤਲਬ ਹੈ ਕਿ ਬਾਈਬਲ ਦੇ ਜ਼ਮਾਨੇ ਵਿਚ ਇਜ਼ਰਾਈਲੀਆਂ ਲਈ ਸਰਦੀਆਂ ਵਿਚ ਘੁੱਗੀਆਂ ਦੀ ਬਲ਼ੀ ਚੜ੍ਹਾਉਣੀ ਮੁਸ਼ਕਲ ਹੁੰਦੀ ਸੀ।
ਪਰ ਕਬੂਤਰ ਪਰਵਾਸੀ ਪੰਛੀ ਨਹੀਂ ਹਨ, ਇਸ ਲਈ ਉਹ ਪੂਰਾ ਸਾਲ ਇਜ਼ਰਾਈਲ ਵਿਚ ਹੀ ਰਹਿੰਦੇ ਹਨ। ਇਸ ਤੋਂ ਇਲਾਵਾ ਇਜ਼ਰਾਈਲੀ ਆਪਣੇ ਘਰਾਂ ਵਿਚ ਕਬੂਤਰ ਰੱਖਦੇ ਸਨ। (ਯੂਹੰਨਾ 2:14, 16 ਵਿਚ ਨੁਕਤਾ ਦੇਖੋ।) ਬਾਈਬਲ ਵਿਚ ਦੱਸੇ ਪੌਦੇ ਅਤੇ ਜਾਨਵਰ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਮੁਤਾਬਕ “ਫਲਸਤੀਨ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਆਪਣੇ ਘਰਾਂ ਵਿਚ ਕਬੂਤਰ ਰੱਖਦੇ ਸਨ। ਘਰ ਵਿਚ ਲੋਕ ਕਬੂਤਰਾਂ ਨੂੰ ਰੱਖਣ ਲਈ ਖੁੱਡੇ ਜਾਂ ਕੰਧਾਂ ਵਿਚ ਮਘੋਰੇ ਬਣਾਉਂਦੇ ਸਨ।” (ਯਸਾਯਾਹ 60:8 ਵਿਚ ਨੁਕਤਾ ਦੇਖੋ।)
ਇਜ਼ਰਾਈਲੀ ਪੂਰੇ ਸਾਲ ਦੌਰਾਨ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਵੀ ਪੰਛੀ ਦੀ ਬਲ਼ੀ ਦੇ ਸਕਦੇ ਸਨ ਤੇ ਯਹੋਵਾਹ ਬਲ਼ੀ ਸਵੀਕਾਰ ਕਰਦਾ ਸੀ। ਇੱਦਾਂ ਯਹੋਵਾਹ ਨੇ ਦਿਖਾਇਆ ਕਿ ਉਹ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ ਅਤੇ ਆਪਣੇ ਲੋਕਾਂ ਤੋਂ ਜਾਇਜ਼ ਮੰਗ ਰੱਖਦਾ ਹੈ।