Skip to content

Skip to table of contents

ਅਧਿਐਨ ਲੇਖ 10

‘ਤੁਸੀਂ ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ’ ਸਕਦੇ ਹੋ

‘ਤੁਸੀਂ ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ’ ਸਕਦੇ ਹੋ

“ਤੁਸੀਂ ਪੁਰਾਣੇ ਸੁਭਾਅ ਅਤੇ ਆਦਤਾਂ ਨੂੰ ਲਾਹ ਕੇ ਸੁੱਟ ਦਿਓ।”​—ਕੁਲੁ. 3:9.

ਗੀਤ 29 ਯਹੋਵਾਹ ਦੇ ਨਾਂ ਤੋਂ ਸਾਡੀ ਪਛਾਣ

ਖ਼ਾਸ ਗੱਲਾਂ *

1. ਸੱਚਾਈ ਸਿੱਖਣ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਸੀ?

 ਯਹੋਵਾਹ ਦੇ ਗਵਾਹਾਂ ਤੋਂ ਪਰਮੇਸ਼ੁਰ ਬਾਰੇ ਸਿੱਖਣ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਸੀ? ਸ਼ਾਇਦ ਸਾਡੇ ਵਿੱਚੋਂ ਕੁਝ ਜਣੇ ਉਸ ਸਮੇਂ ਬਾਰੇ ਸੋਚਣਾ ਵੀ ਨਾ ਚਾਹੁਣ। ਉਸ ਵੇਲੇ ਸਾਡਾ ਰਵੱਈਆ ਅਤੇ ਸੁਭਾਅ ਇਸ ਦੁਨੀਆਂ ਦੇ ਸਹੀ ਤੇ ਗ਼ਲਤ ਮਿਆਰਾਂ ਮੁਤਾਬਕ ਸੀ। ਇਸ ਲਈ ਸਾਡੇ “ਕੋਲ ਕੋਈ ਉਮੀਦ ਨਹੀਂ ਸੀ” ਅਤੇ ਅਸੀਂ ਇਸ ‘ਦੁਨੀਆਂ ਵਿਚ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ।’ (ਅਫ਼. 2:12) ਪਰ ਬਾਈਬਲ ਦਾ ਗਿਆਨ ਲੈਣ ਨਾਲ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ!

2. ਬਾਈਬਲ ਤੋਂ ਸਿੱਖਦੇ ਵੇਲੇ ਤੁਹਾਨੂੰ ਕੀ-ਕੀ ਪਤਾ ਲੱਗਾ?

2 ਬਾਈਬਲ ਤੋਂ ਸਿੱਖਦੇ ਵੇਲੇ ਤੁਹਾਨੂੰ ਪਤਾ ਲੱਗਾ ਕਿ ਤੁਹਾਡਾ ਇਕ ਸਵਰਗੀ ਪਿਤਾ ਹੈ ਜੋ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਤੁਹਾਨੂੰ ਅਹਿਸਾਸ ਹੋਇਆ ਕਿ ਆਪਣੇ ਪਿਤਾ ਯਹੋਵਾਹ ਨੂੰ ਖ਼ੁਸ਼ ਕਰਨ ਅਤੇ ਉਸ ਦੇ ਪਰਿਵਾਰ ਦਾ ਹਿੱਸਾ ਬਣਨ ਲਈ ਤੁਹਾਨੂੰ ਆਪਣੀ ਜ਼ਿੰਦਗੀ ਜੀਉਣ ਦੇ ਤਰੀਕੇ, ਆਪਣੇ ਰਵੱਈਏ ਅਤੇ ਸੋਚ ਵਿਚ ਕਾਫ਼ੀ ਸੁਧਾਰ ਕਰਨ ਦੀ ਲੋੜ ਹੈ। ਨਾਲੇ ਤੁਸੀਂ ਸਿੱਖਿਆ ਕਿ ਤੁਹਾਡੇ ਲਈ ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ਮੁਤਾਬਕ ਜੀਉਣਾ ਜ਼ਰੂਰੀ ਹੈ।​—ਅਫ਼. 5:3-5.

3. (ੳ) ਕੁਲੁੱਸੀਆਂ 3:9, 10 ਮੁਤਾਬਕ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

3 ਯਹੋਵਾਹ ਸਾਡਾ ਸ੍ਰਿਸ਼ਟੀਕਰਤਾ ਅਤੇ ਪਿਤਾ ਹੈ। ਇਸ ਲਈ ਉਸ ਕੋਲ ਆਪਣੇ ਪਰਿਵਾਰ ਨੂੰ ਇਹ ਦੱਸਣ ਦਾ ਪੂਰਾ ਹੱਕ ਹੈ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ। ਨਾਲੇ ਉਹ ਚਾਹੁੰਦਾ ਹੈ ਕਿ ਅਸੀਂ ਬਪਤਿਸਮਾ ਲੈਣ ਤੋਂ ਪਹਿਲਾਂ ਆਪਣੇ “ਪੁਰਾਣੇ ਸੁਭਾਅ ਅਤੇ ਆਦਤਾਂ ਨੂੰ ਲਾਹ ਕੇ ਸੁੱਟਣ” ਦੀ ਪੂਰੀ ਕੋਸ਼ਿਸ਼ ਕਰੀਏ। * (ਕੁਲੁੱਸੀਆਂ 3:9, 10 ਪੜ੍ਹੋ।) ਜਿਨ੍ਹਾਂ ਨੇ ਬਪਤਿਸਮਾ ਲੈਣਾ ਹੈ, ਉਨ੍ਹਾਂ ਨੂੰ ਇਸ ਲੇਖ ਵਿਚ ਇਨ੍ਹਾਂ ਤਿੰਨ ਸਵਾਲਾਂ ਦੇ ਜਵਾਬ ਮਿਲਣਗੇ: (1) “ਪੁਰਾਣੇ ਸੁਭਾਅ” ਵਿਚ ਕੀ ਕੁਝ ਸ਼ਾਮਲ ਹੈ? (2) ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ ਦੇਈਏ? (3) ਅਸੀਂ ਪੁਰਾਣੇ ਸੁਭਾਅ ਨੂੰ ਲਾਹ ਕੇ ਕਿਵੇਂ ਸੁੱਟ ਸਕਦੇ ਹਾਂ? ਨਾਲੇ ਜਿਨ੍ਹਾਂ ਭੈਣਾਂ-ਭਰਾਵਾਂ ਦਾ ਬਪਤਿਸਮਾ ਹੋ ਗਿਆ ਹੈ, ਉਹ ਕਿਵੇਂ ਧਿਆਨ ਰੱਖ ਸਕਦੇ ਹਨ ਕਿ ਉਨ੍ਹਾਂ ਵਿਚ ਪੁਰਾਣਾ ਸੁਭਾਅ ਦੁਬਾਰਾ ਪੈਦਾ ਨਾ ਹੋ ਜਾਵੇ।

“ਪੁਰਾਣੇ ਸੁਭਾਅ” ਵਿਚ ਕੀ ਕੁਝ ਸ਼ਾਮਲ ਹੈ?

4. “ਪੁਰਾਣੇ ਸੁਭਾਅ” ਨੂੰ ਪਾਈ ਰੱਖਣ ਵਾਲਾ ਵਿਅਕਤੀ ਕੀ ਕਰਦਾ ਹੈ?

4 “ਪੁਰਾਣੇ ਸੁਭਾਅ” ਨੂੰ ਪਾ ਕੇ ਰੱਖਣ ਵਾਲੇ ਵਿਅਕਤੀ ਦੀ ਸੋਚ ਤੇ ਕੰਮ ਅਕਸਰ ਗ਼ਲਤ ਹੁੰਦੇ ਹਨ। ਉਹ ਸ਼ਾਇਦ ਸੁਆਰਥੀ, ਜਲਦੀ ਗੁੱਸੇ ਵਿਚ ਭੜਕਣ ਵਾਲਾ, ਨਾਸ਼ੁਕਰਾ ਅਤੇ ਘਮੰਡੀ ਹੋਵੇ। ਉਹ ਸ਼ਾਇਦ ਅਸ਼ਲੀਲ ਤਸਵੀਰਾਂ ਤੇ ਵੀਡੀਓ ਦੇਖਣ ਜਾਂ ਅਸ਼ਲੀਲ ਕਿਤਾਬਾਂ-ਰਸਾਲੇ ਪੜ੍ਹਨ ਦਾ ਮਜ਼ਾ ਲੈਂਦਾ ਹੋਵੇ। ਨਾਲੇ ਉਹ ਗੰਦੀਆਂ ਤੇ ਮਾਰ-ਧਾੜ ਵਾਲੀਆਂ ਫ਼ਿਲਮਾਂ ਦੇਖਦਾ ਹੋਵੇ। ਬਿਨਾਂ ਸ਼ੱਕ, ਉਸ ਵਿਚ ਕੁਝ ਚੰਗੇ ਗੁਣ ਹੋਣਗੇ ਅਤੇ ਸ਼ਾਇਦ ਉਹ ਆਪਣੇ ਬੁਰੇ ਕੰਮਾਂ ਜਾਂ ਗੱਲਾਂ ਕਰਕੇ ਪਛਤਾਉਂਦਾ ਵੀ ਹੋਵੇ। ਪਰ ਸ਼ਾਇਦ ਉਸ ਵਿਚ ਆਪਣੇ ਗ਼ਲਤ ਰਵੱਈਏ ਅਤੇ ਚਾਲ-ਚਲਣ ਨੂੰ ਬਦਲਣ ਦੀ ਇੱਛਾ ਨਾ ਹੋਵੇ।​—ਗਲਾ. 5:19-21; 2 ਤਿਮੋ. 3:2-5.

“ਪੁਰਾਣੇ ਸੁਭਾਅ” ਨੂੰ ਪੂਰੀ ਤਰ੍ਹਾਂ ਲਾਹ ਕੇ ਸੁੱਟਣ ਤੋਂ ਬਾਅਦ, ਗ਼ਲਤ ਰਵੱਈਏ ਅਤੇ ਆਦਤਾਂ ਦਾ ਸਾਡੇ ’ਤੇ ਕੋਈ ਅਸਰ ਨਹੀਂ ਰਹਿੰਦਾ (ਪੈਰਾ 5 ਦੇਖੋ)  *

5. ਕੀ ਅਸੀਂ ਆਪਣੇ ਪੁਰਾਣੇ ਸੁਭਾਅ ਨੂੰ ਪੂਰੀ ਤਰ੍ਹਾਂ ਲਾਹ ਕੇ ਸੁੱਟ ਸਕਦੇ ਹਾਂ? ਸਮਝਾਓ। (ਰਸੂਲਾਂ ਦੇ ਕੰਮ 3:19)

5 ਅਸੀਂ ਸਾਰੇ ਨਾਮੁਕੰਮਲ ਹਾਂ, ਇਸ ਕਰਕੇ ਸਾਡੇ ਵਿੱਚੋਂ ਕੋਈ ਵੀ ਆਪਣੇ ਦਿਲ ਅਤੇ ਦਿਮਾਗ਼ ਵਿੱਚੋਂ ਗ਼ਲਤ ਸੋਚਾਂ ਤੇ ਇੱਛਾਵਾਂ ਨੂੰ ਪੂਰੀ ਤਰ੍ਹਾਂ ਨਹੀਂ ਕੱਢ ਸਕਦਾ। ਕਈ ਵਾਰ ਸ਼ਾਇਦ ਅਸੀਂ ਇੱਦਾਂ ਦਾ ਕੁਝ ਕਹਿ ਦੇਈਏ ਜਾਂ ਕਰ ਦੇਈਏ ਜਿਸ ਦਾ ਸਾਨੂੰ ਬਾਅਦ ਵਿਚ ਪਛਤਾਵਾ ਹੋਵੇ। (ਯਿਰ. 17:9; ਯਾਕੂ. 3:2) ਪਰ ਜਦੋਂ ਅਸੀਂ ਆਪਣੇ ਪੁਰਾਣੇ ਸੁਭਾਅ ਨੂੰ ਪੂਰੀ ਤਰ੍ਹਾਂ ਲਾਹ ਕੇ ਸੁੱਟ ਦਿੰਦੇ ਹਾਂ, ਤਾਂ ਅਸੀਂ ਪਹਿਲਾਂ ਵਰਗੇ ਇਨਸਾਨ ਨਹੀਂ ਰਹਿੰਦੇ। ਅਸੀਂ ਆਪਣੇ ਗ਼ਲਤ ਰਵੱਈਏ ਤੇ ਆਦਤਾਂ ਉੱਤੇ ਕਾਫ਼ੀ ਹੱਦ ਤਕ ਕਾਬੂ ਪਾ ਲੈਂਦੇ ਹਾਂ ਅਤੇ ਗ਼ਲਤ ਕੰਮ ਕਰਨ ਤੋਂ ਖ਼ੁਦ ਨੂੰ ਰੋਕ ਪਾਉਂਦੇ ਹਾਂ।​—ਯਸਾ. 55:7; ਰਸੂਲਾਂ ਦੇ ਕੰਮ 3:19 ਪੜ੍ਹੋ।

6. ਯਹੋਵਾਹ ਕਿਉਂ ਚਾਹੁੰਦਾ ਹੈ ਕਿ ਅਸੀਂ ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ ਦੇਈਏ?

6 ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਦਾ ਮਜ਼ਾ ਲਈਏ। ਇਸ ਲਈ ਉਹ ਸਾਨੂੰ ਆਪਣੀਆਂ ਗ਼ਲਤ ਸੋਚਾਂ ਤੇ ਬੁਰੀਆਂ ਆਦਤਾਂ ਨੂੰ ਛੱਡਣ ਲਈ ਕਹਿੰਦਾ ਹੈ। (ਯਸਾ. 48:17, 18) ਉਹ ਜਾਣਦਾ ਹੈ ਕਿ ਇਨ੍ਹਾਂ ਕਰਕੇ ਅਸੀਂ ਨਾ ਸਿਰਫ਼ ਆਪਣੇ ਆਪ ਨੂੰ, ਸਗੋਂ ਦੂਜਿਆਂ ਨੂੰ ਵੀ ਦੁੱਖ ਪਹੁੰਚਾਉਂਦੇ ਹਾਂ। ਇਸ ਲਈ ਜਦੋਂ ਅਸੀਂ ਖ਼ੁਦ ਨੂੰ ਅਤੇ ਦੂਜਿਆਂ ਨੂੰ ਦੁੱਖ ਪਹੁੰਚਾਉਂਦੇ ਹਾਂ, ਤਾਂ ਇਹ ਦੇਖ ਕੇ ਉਹ ਬਹੁਤ ਦੁਖੀ ਹੁੰਦਾ ਹੈ।

7. ਰੋਮੀਆਂ 12:1, 2 ਮੁਤਾਬਕ ਸਾਨੂੰ ਸਾਰਿਆਂ ਨੂੰ ਕਿਹੜਾ ਫ਼ੈਸਲਾ ਕਰਨਾ ਪੈਣਾ?

7 ਜਦੋਂ ਅਸੀਂ ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਹੋ ਸਕਦਾ ਹੈ ਕਿ ਪਹਿਲਾਂ-ਪਹਿਲ ਸਾਡੇ ਦੋਸਤ ਜਾਂ ਘਰਦੇ ਸਾਡਾ ਮਜ਼ਾਕ ਉਡਾਉਣ। (1 ਪਤ. 4:3, 4) ਉਹ ਸ਼ਾਇਦ ਕਹਿਣ ਕਿ ਸਾਨੂੰ ਆਪਣੀ ਮਨ-ਮਰਜ਼ੀ ਕਰਨ ਦੀ ਪੂਰੀ ਆਜ਼ਾਦੀ ਹੈ ਅਤੇ ਸਾਨੂੰ ਦੂਜਿਆਂ ਦੀ ਸੁਣਨ ਦੀ ਕੋਈ ਲੋੜ ਨਹੀਂ। ਪਰ ਜੋ ਲੋਕ ਯਹੋਵਾਹ ਦੇ ਮਿਆਰਾਂ ਮੁਤਾਬਕ ਨਹੀਂ ਜੀਉਂਦੇ, ਕੀ ਉਹ ਸੱਚ-ਮੁੱਚ ਆਜ਼ਾਦ ਹਨ? ਸੱਚ ਤਾਂ ਇਹ ਹੈ ਕਿ ਉਹ ਸ਼ੈਤਾਨ ਦੀ ਦੁਨੀਆਂ ਦੇ ਪ੍ਰਭਾਵ ਹੇਠ ਹੁੰਦੇ ਹਨ। (ਰੋਮੀਆਂ 12:1, 2 ਪੜ੍ਹੋ।) ਸਾਨੂੰ ਸਾਰਿਆਂ ਨੂੰ ਇਹ ਫ਼ੈਸਲਾ ਕਰਨਾ ਪੈਣਾ: ਕੀ ਅਸੀਂ ਪੁਰਾਣੇ ਸੁਭਾਅ ਨੂੰ ਪਾਈ ਰੱਖਾਂਗੇ ਜੋ ਪਾਪ ਅਤੇ ਸ਼ੈਤਾਨ ਦੀ ਦੁਨੀਆਂ ਦੀ ਸੋਚ ਮੁਤਾਬਕ ਹੈ? ਜਾਂ ਫਿਰ ਕੀ ਅਸੀਂ ਆਪਣੇ ਆਪ ਨੂੰ ਯਹੋਵਾਹ ਦੇ ਹੱਥਾਂ ਵਿਚ ਦੇਵਾਂਗੇ ਤਾਂਕਿ ਉਹ ਸਾਨੂੰ ਬਦਲ ਕੇ ਚੰਗਾ ਇਨਸਾਨ ਬਣਾਵੇ?​—ਯਸਾ. 64:8.

ਤੁਸੀਂ ਪੁਰਾਣੇ ਸੁਭਾਅ ਨੂੰ ਕਿਵੇਂ “ਲਾਹ ਕੇ ਸੁੱਟ” ਸਕਦੇ ਹੋ?

8. ਗ਼ਲਤ ਸੋਚਾਂ ਅਤੇ ਬੁਰੀਆਂ ਆਦਤਾਂ ਨੂੰ ਛੱਡਣ ਵਿਚ ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ?

8 ਯਹੋਵਾਹ ਜਾਣਦਾ ਹੈ ਕਿ ਸਾਨੂੰ ਆਪਣੀਆਂ ਗ਼ਲਤ ਸੋਚਾਂ ਅਤੇ ਬੁਰੀਆਂ ਆਦਤਾਂ ਨੂੰ ਛੱਡਣ ਵਿਚ ਸਮਾਂ ਲੱਗੇਗਾ ਤੇ ਮਿਹਨਤ ਕਰਨੀ ਪਵੇਗੀ। (ਜ਼ਬੂ. 103:13, 14) ਇਸ ਲਈ ਯਹੋਵਾਹ ਆਪਣੇ ਬਚਨ, ਪਵਿੱਤਰ ਸ਼ਕਤੀ ਅਤੇ ਸੰਗਠਨ ਰਾਹੀਂ ਸਾਨੂੰ ਬੁੱਧ, ਤਾਕਤ ਅਤੇ ਸਹਾਰਾ ਦਿੰਦਾ ਹੈ ਤਾਂਕਿ ਅਸੀਂ ਆਪਣੇ ਵਿਚ ਜ਼ਰੂਰੀ ਬਦਲਾਅ ਕਰ ਸਕੀਏ। ਬਿਨਾਂ ਸ਼ੱਕ, ਉਸ ਦੀ ਮਦਦ ਨਾਲ ਤੁਸੀਂ ਆਪਣੇ ਅੰਦਰ ਜ਼ਰੂਰੀ ਬਦਲਾਅ ਕੀਤੇ ਹੋਣੇ। ਆਓ ਹੁਣ ਆਪਾਂ ਕੁਝ ਗੱਲਾਂ ’ਤੇ ਗੌਰ ਕਰੀਏ ਜਿਨ੍ਹਾਂ ਨੂੰ ਲਾਗੂ ਕਰ ਕੇ ਤੁਸੀਂ ਆਪਣੇ ਵਿਚ ਹੋਰ ਵੀ ਬਦਲਾਅ ਕਰ ਸਕਦੇ ਹੋ ਤਾਂਕਿ ਤੁਸੀਂ ਆਪਣੇ ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ ਸਕੋ ਅਤੇ ਬਪਤਿਸਮਾ ਲੈਣ ਦੇ ਯੋਗ ਬਣ ਸਕੋ।

9. ਪਰਮੇਸ਼ੁਰ ਦਾ ਬਚਨ ਤੁਹਾਡੀ ਮਦਦ ਕਿਵੇਂ ਕਰ ਸਕਦਾ ਹੈ?

9 ਬਾਈਬਲ ਪੜ੍ਹ ਕੇ ਖ਼ੁਦ ਦੀ ਚੰਗੀ ਤਰ੍ਹਾਂ ਜਾਂਚ ਕਰੋ। ਪਰਮੇਸ਼ੁਰ ਦਾ ਬਚਨ ਇਕ ਸ਼ੀਸ਼ੇ ਵਾਂਗ ਹੈ, ਇਸ ਦੀ ਮਦਦ ਨਾਲ ਤੁਸੀਂ ਆਪਣੀ ਸੋਚ, ਬੋਲੀ ਅਤੇ ਕੰਮਾਂ ਦੀ ਜਾਂਚ ਕਰ ਸਕਦੇ ਹੋ। (ਯਾਕੂ. 1:22-25) ਤੁਹਾਨੂੰ ਬਾਈਬਲ ਦੀ ਸਟੱਡੀ ਕਰਾਉਣ ਵਾਲਾ ਭੈਣ ਜਾਂ ਭਰਾ ਜਾਂ ਕੋਈ ਹੋਰ ਸਮਝਦਾਰ ਮਸੀਹੀ ਤੁਹਾਡੀ ਆਪਣੀ ਜਾਂਚ ਕਰਨ ਵਿਚ ਮਦਦ ਕਰ ਸਕਦਾ ਹੈ। ਉਦਾਹਰਣ ਲਈ, ਉਹ ਸ਼ਾਇਦ ਤੁਹਾਨੂੰ ਬਾਈਬਲ ਦੀਆਂ ਕੁਝ ਆਇਤਾਂ ਦਿਖਾਵੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀਆਂ ਖੂਬੀਆਂ ਅਤੇ ਕਮੀਆਂ ਬਾਰੇ ਜਾਣ ਸਕਦੇ ਹੋ। ਇਸ ਦੇ ਨਾਲ-ਨਾਲ ਉਹ ਸ਼ਾਇਦ ਤੁਹਾਨੂੰ ਖੋਜਬੀਨ ਕਰਨੀ ਸਿਖਾਵੇ ਤਾਂਕਿ ਤੁਸੀਂ ਅਜਿਹੀ ਬਾਈਬਲ-ਆਧਾਰਿਤ ਜਾਣਕਾਰੀ ਲੱਭ ਸਕੋ ਜਿਸ ਵਿਚ ਬੁਰੀਆਂ ਆਦਤਾਂ ਨੂੰ ਛੱਡਣ ਬਾਰੇ ਸਲਾਹ ਦਿੱਤੀ ਗਈ ਹੈ। ਨਾਲੇ ਯਹੋਵਾਹ ਤਾਂ ਤੁਹਾਡੀ ਮਦਦ ਕਰਨ ਵਾਸਤੇ ਹਮੇਸ਼ਾ ਤਿਆਰ ਹੀ ਹੈ। ਉਹ ਤੁਹਾਡੀ ਸਭ ਤੋਂ ਵਧੀਆ ਤਰੀਕੇ ਨਾਲ ਮਦਦ ਕਰ ਸਕਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਤੁਹਾਡੇ ਦਿਲ ਵਿਚ ਕੀ ਹੈ। (ਕਹਾ. 14:10; 15:11) ਇਸ ਲਈ ਹਰ ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰਨ ਅਤੇ ਬਾਈਬਲ ਨੂੰ ਪੜ੍ਹਨ ਦੀ ਆਦਤ ਪਾਓ।

10. ਈਲੀ ਦੇ ਤਜਰਬੇ ਤੋਂ ਤੁਸੀਂ ਕੀ ਸਿੱਖਿਆ?

10 ਖ਼ੁਦ ਨੂੰ ਭਰੋਸਾ ਦਿਵਾਓ ਕਿ ਯਹੋਵਾਹ ਦੇ ਮਿਆਰ ਹੀ ਸਭ ਤੋਂ ਵਧੀਆ ਹਨ। ਯਹੋਵਾਹ ਮੁਤਾਬਕ ਚੱਲ ਕੇ ਸਾਨੂੰ ਹਮੇਸ਼ਾ ਫ਼ਾਇਦਾ ਹੁੰਦਾ ਹੈ। ਉਸ ਦੇ ਮਿਆਰਾਂ ਮੁਤਾਬਕ ਜੀਉਣ ਨਾਲ ਸਾਡੀ ਆਪਣੀਆਂ ਨਜ਼ਰਾਂ ਵਿਚ ਇੱਜ਼ਤ ਵਧੇਗੀ, ਸਾਨੂੰ ਜ਼ਿੰਦਗੀ ਦਾ ਮਕਸਦ ਮਿਲੇਗਾ ਅਤੇ ਅਸੀਂ ਸੱਚੀ ਖ਼ੁਸ਼ੀ ਹਾਸਲ ਕਰਾਂਗੇ। (ਜ਼ਬੂ. 19:7-11) ਇਸ ਤੋਂ ਉਲਟ, ਆਪਣੀਆਂ ਸਰੀਰਕ ਇੱਛਾਵਾਂ ਮੁਤਾਬਕ ਚੱਲਣ ਵਾਲੇ ਲੋਕਾਂ ਨੂੰ ਮਾੜੇ ਨਤੀਜੇ ਭੁਗਤਣੇ ਪੈਂਦੇ ਹਨ। ਜ਼ਰਾ ਧਿਆਨ ਦਿਓ ਕਿ ਭਰਾ ਈਲੀ ਨੇ ਯਹੋਵਾਹ ਦੇ ਮਿਆਰਾਂ ਮੁਤਾਬਕ ਨਾ ਚੱਲਣ ਬਾਰੇ ਕੀ ਦੱਸਿਆ। ਈਲੀ ਦੇ ਮਾਪੇ ਯਹੋਵਾਹ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਨ੍ਹਾਂ ਨੇ ਬਚਪਨ ਤੋਂ ਹੀ ਉਸ ਨੂੰ ਯਹੋਵਾਹ ਬਾਰੇ ਸਿਖਾਇਆ ਸੀ। ਪਰ ਜਦੋਂ ਈਲੀ ਵੱਡਾ ਹੋਇਆ, ਤਾਂ ਉਹ ਬੁਰੀ ਸੰਗਤ ਵਿਚ ਪੈ ਗਿਆ। ਉਹ ਡ੍ਰੱਗਜ਼ ਲੈਣ, ਗ਼ਲਤ ਕੰਮ ਕਰਨ ਅਤੇ ਚੋਰੀ ਕਰਨ ਲੱਗ ਪਿਆ। ਈਲੀ ਦੱਸਦਾ ਹੈ ਕਿ ਉਹ ਗੁੱਸੇ ਵਿਚ ਲਾਲ-ਪੀਲ਼ਾ ਹੋ ਜਾਂਦਾ ਸੀ ਅਤੇ ਮਾਰ-ਕੁੱਟ ਕਰਨ ਲੱਗ ਪੈਂਦਾ ਸੀ। ਉਹ ਕਬੂਲ ਕਰਦਾ ਹੈ: “ਅਸਲ ਵਿਚ ਮੈਂ ਉਹ ਸਾਰਾ ਕੁਝ ਕੀਤਾ ਜੋ ਮੈਨੂੰ ਸਿਖਾਇਆ ਗਿਆ ਸੀ ਕਿ ਇਕ ਮਸੀਹੀ ਨੂੰ ਨਹੀਂ ਕਰਨਾ ਚਾਹੀਦਾ।” ਪਰ ਈਲੀ ਬਚਪਨ ਵਿਚ ਸਿੱਖੀਆਂ ਗੱਲਾਂ ਨਹੀਂ ਭੁੱਲਿਆ ਸੀ। ਅਖ਼ੀਰ, ਉਸ ਨੇ ਦੁਬਾਰਾ ਬਾਈਬਲ ਤੋਂ ਸਿੱਖਣਾ ਸ਼ੁਰੂ ਕੀਤਾ। ਉਸ ਨੇ ਪੂਰੀ ਵਾਹ ਲਾ ਕੇ ਬੁਰੀਆਂ ਆਦਤਾਂ ਛੱਡ ਦਿੱਤੀਆਂ ਅਤੇ ਸਾਲ 2000 ਵਿਚ ਬਪਤਿਸਮਾ ਲੈ ਲਿਆ। ਯਹੋਵਾਹ ਦੇ ਮਿਆਰਾਂ ਮੁਤਾਬਕ ਜੀਉਣ ਨਾਲ ਉਸ ਨੂੰ ਕੀ ਫ਼ਾਇਦਾ ਹੋਇਆ? ਉਹ ਦੱਸਦਾ ਹੈ: ‘ਮੈਨੂੰ ਮਨ ਦੀ ਸ਼ਾਂਤੀ ਮਿਲੀ ਹੈ ਅਤੇ ਮੇਰੀ ਜ਼ਮੀਰ ਸ਼ੁੱਧ ਹੈ।’ * ਇਸ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਜੋ ਲੋਕ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਨਹੀਂ ਚੱਲਦੇ, ਉਹ ਆਪਣੇ ਆਪ ਨੂੰ ਦੁੱਖ ਪਹੁੰਚਾਉਂਦੇ ਹਨ। ਫਿਰ ਵੀ ਯਹੋਵਾਹ ਪਰਮੇਸ਼ੁਰ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ।

11. ਯਹੋਵਾਹ ਕਿਨ੍ਹਾਂ ਕੰਮਾਂ ਨਾਲ ਸਖ਼ਤ ਨਫ਼ਰਤ ਕਰਦਾ ਹੈ?

11 ਯਹੋਵਾਹ ਜਿਨ੍ਹਾਂ ਚੀਜ਼ਾਂ ਨਾਲ ਨਫ਼ਰਤ ਕਰਦਾ ਹੈ, ਉਨ੍ਹਾਂ ਨਾਲ ਨਫ਼ਰਤ ਕਰਨੀ ਸਿੱਖੋ। (ਜ਼ਬੂ. 97:10) ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ‘ਘਮੰਡੀ ਅੱਖਾਂ, ਝੂਠੀ ਜੀਭ ਅਤੇ ਨਿਰਦੋਸ਼ਾਂ ਦਾ ਖ਼ੂਨ ਵਹਾਉਣ ਵਾਲੇ ਹੱਥਾਂ’ ਨਾਲ ਨਫ਼ਰਤ ਕਰਦਾ ਹੈ। (ਕਹਾ. 6:16, 17) ਨਾਲੇ ਉਹ “ਖ਼ੂਨ-ਖ਼ਰਾਬਾ ਕਰਨ ਵਾਲਿਆਂ ਅਤੇ ਧੋਖੇਬਾਜ਼ਾਂ ਤੋਂ ਘਿਣ ਕਰਦਾ ਹੈ।” (ਜ਼ਬੂ. 5:6) ਯਹੋਵਾਹ ਨੂੰ ਅਜਿਹੇ ਕੰਮ ਅਤੇ ਰਵੱਈਏ ਤੋਂ ਸਖ਼ਤ ਨਫ਼ਰਤ ਹੈ। ਮਿਸਾਲ ਲਈ, ਉਸ ਨੇ ਨੂਹ ਦੇ ਦਿਨਾਂ ਵਿਚ ਦੁਸ਼ਟ ਲੋਕਾਂ ਦਾ ਸਫ਼ਾਇਆ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਪੂਰੀ ਧਰਤੀ ਨੂੰ ਖ਼ੂਨ-ਖ਼ਰਾਬੇ ਨਾਲ ਭਰ ਦਿੱਤਾ ਸੀ। (ਉਤ. 6:13) ਇਸ ਤੋਂ ਇਲਾਵਾ, ਮਲਾਕੀ ਨਬੀ ਰਾਹੀਂ ਯਹੋਵਾਹ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਨਾਲ ਨਫ਼ਰਤ ਕਰਦਾ ਹੈ ਜੋ ਆਪਣੇ ਬੇਕਸੂਰ ਸਾਥੀ ਨੂੰ ਧੋਖੇ ਨਾਲ ਤਲਾਕ ਦਿੰਦੇ ਹਨ। ਪਰਮੇਸ਼ੁਰ ਉਨ੍ਹਾਂ ਦੀ ਭਗਤੀ ਨੂੰ ਕਬੂਲ ਨਹੀਂ ਕਰਦਾ ਅਤੇ ਉਹ ਉਨ੍ਹਾਂ ਤੋਂ ਉਨ੍ਹਾਂ ਦੇ ਕੰਮਾਂ ਦਾ ਲੇਖਾ ਲਵੇਗਾ।​—ਮਲਾ. 2:13-16; ਇਬ. 13:4.

ਗਲੇ-ਸੜੇ ਖਾਣੇ ਨਾਲ ਨਫ਼ਰਤ ਕਰਨ ਵਾਂਗ ਉਨ੍ਹਾਂ ਕੰਮਾਂ ਨਾਲ ਵੀ ਨਫ਼ਰਤ ਕਰੋ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਗ਼ਲਤ ਹਨ (ਪੈਰੇ 11-12 ਦੇਖੋ)

12. “ਬੁਰਾਈ ਨਾਲ ਸਖ਼ਤ ਨਫ਼ਰਤ” ਕਰਨ ਦਾ ਕੀ ਮਤਲਬ ਹੈ?

12 ਯਹੋਵਾਹ ਚਾਹੁੰਦਾ ਹੈ ਕਿ ਅਸੀਂ “ਬੁਰਾਈ ਨਾਲ ਸਖ਼ਤ ਨਫ਼ਰਤ” ਕਰੀਏ। (ਰੋਮੀ. 12:9) ‘ਸਖ਼ਤ ਨਫ਼ਰਤ ਕਰਨੀ’ ਸ਼ਬਦਾਂ ਦਾ ਮਤਲਬ ਹੈ ਕਿਸੇ ਚੀਜ਼ ਨਾਲ ਇੰਨੀ ਨਫ਼ਰਤ ਕਰਨੀ ਕਿ ਉਸ ਵੱਲ ਸਾਡਾ ਦੇਖਣ ਨੂੰ ਵੀ ਜੀ ਨਾ ਕਰੇ। ਜ਼ਰਾ ਕਲਪਨਾ ਕਰੋ, ਜੇ ਕੋਈ ਤੁਹਾਨੂੰ ਗਲਿਆ-ਸੜਿਆ ਖਾਣਾ ਖਾਣ ਨੂੰ ਕਹਿੰਦਾ ਹੈ, ਤਾਂ ਕੀ ਤੁਸੀਂ ਖਾਓਗੇ? ਸ਼ਾਇਦ ਤੁਹਾਨੂੰ ਇਹ ਸੋਚ ਕੇ ਹੀ ਉਲਟੀ ਆ ਜਾਵੇ। ਇਸੇ ਤਰ੍ਹਾਂ ਜਿਨ੍ਹਾਂ ਕੰਮਾਂ ਨਾਲ ਯਹੋਵਾਹ ਸਖ਼ਤ ਨਫ਼ਰਤ ਕਰਦਾ ਹੈ, ਸਾਨੂੰ ਵੀ ਉਨ੍ਹਾਂ ਕੰਮਾਂ ਨਾਲ ਇੰਨੀ ਨਫ਼ਰਤ ਕਰਨੀ ਚਾਹੀਦੀ ਹੈ ਕਿ ਅਸੀਂ ਉਨ੍ਹਾਂ ਦਾ ਖ਼ਿਆਲ ਵੀ ਆਪਣੇ ਮਨ ਵਿਚ ਨਾ ਆਉਣ ਦੇਈਏ।

13. ਸਾਨੂੰ ਆਪਣੀਆਂ ਸੋਚਾਂ ਦੀ ਰਾਖੀ ਕਿਉਂ ਕਰਨੀ ਚਾਹੀਦੀ ਹੈ?

13 ਆਪਣੀਆਂ ਸੋਚਾਂ ਦੀ ਰਾਖੀ ਕਰੋ। ਅਸੀਂ ਉਹੀ ਕੰਮ ਕਰਦੇ ਹਾਂ ਜਿਨ੍ਹਾਂ ਬਾਰੇ ਅਸੀਂ ਅਕਸਰ ਸੋਚਦੇ ਹਾਂ। ਯਿਸੂ ਨੇ ਸਿਖਾਇਆ ਸੀ ਕਿ ਜੇ ਅਸੀਂ ਆਪਣੇ ਮਨ ਵਿੱਚੋਂ ਗ਼ਲਤ ਖ਼ਿਆਲਾਂ ਨੂੰ ਨਹੀਂ ਕੱਢਾਂਗੇ, ਤਾਂ ਅਸੀਂ ਕੋਈ ਗੰਭੀਰ ਪਾਪ ਕਰ ਬੈਠਾਂਗੇ। (ਮੱਤੀ 5:21, 22, 28, 29) ਅਸੀਂ ਸਾਰੇ ਹੀ ਆਪਣੇ ਸਵਰਗੀ ਪਿਤਾ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਇਸ ਲਈ ਇਹ ਕਿੰਨਾ ਜ਼ਰੂਰੀ ਹੈ ਕਿ ਜਦੋਂ ਵੀ ਸਾਡੇ ਮਨ ਵਿਚ ਕੋਈ ਗ਼ਲਤ ਖ਼ਿਆਲ ਆਵੇ, ਤਾਂ ਅਸੀਂ ਉਸ ਨੂੰ ਫ਼ੌਰਨ ਆਪਣੇ ਮਨ ਵਿੱਚੋਂ ਕੱਢ ਦੇਈਏ।

14. ਸਾਡੀਆਂ ਗੱਲਾਂ ਤੋਂ ਸਾਡੇ ਬਾਰੇ ਕੀ ਪਤਾ ਲੱਗਦਾ ਹੈ ਅਤੇ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

14 ਆਪਣੀ ਜ਼ਬਾਨ ’ਤੇ ਕਾਬੂ ਰੱਖੋ। ਯਿਸੂ ਨੇ ਕਿਹਾ: “ਜਿਹੜੀਆਂ ਗੱਲਾਂ [ਇਨਸਾਨ] ਦੇ ਮੂੰਹੋਂ ਨਿਕਲਦੀਆਂ ਹਨ, ਉਹ ਅਸਲ ਵਿਚ ਉਸ ਦੇ ਦਿਲੋਂ ਨਿਕਲਦੀਆਂ ਹਨ।” (ਮੱਤੀ 15:18) ਜੀ ਹਾਂ, ਸਾਡੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ। ਇਸ ਲਈ ਆਪਣੇ ਆਪ ਤੋਂ ਇਹ ਸਵਾਲ ਪੁੱਛੋ: ‘ਕੀ ਮੈਂ ਝੂਠ ਬੋਲਣ ਤੋਂ ਪਰਹੇਜ਼ ਕਰਦਾ ਹਾਂ, ਉਦੋਂ ਵੀ ਜਦੋਂ ਸੱਚ ਬੋਲਣ ਨਾਲ ਮੇਰਾ ਨੁਕਸਾਨ ਹੋ ਸਕਦਾ ਹੈ? ਜੇ ਮੇਰਾ ਵਿਆਹ ਹੋਇਆ ਹੈ, ਤਾਂ ਕੀ ਮੈਂ ਆਪਣੀਆਂ ਗੱਲਾਂ ਰਾਹੀਂ ਕਿਸੇ ਹੋਰ ਲਈ ਦਿਲਚਸਪੀ ਤਾਂ ਨਹੀਂ ਦਿਖਾਉਂਦਾ? ਕੀ ਮੈਂ ਧਿਆਨ ਰੱਖਦਾ ਹਾਂ ਕਿ ਮੇਰੇ ਮੂੰਹੋਂ ਕਦੀ ਵੀ ਕੋਈ ਗੰਦੀ ਗੱਲ ਨਾ ਨਿਕਲੇ? ਜਦੋਂ ਮੈਨੂੰ ਕੋਈ ਗੁੱਸਾ ਚੜ੍ਹਾਉਂਦਾ ਹੈ, ਤਾਂ ਕੀ ਮੈਂ ਸ਼ਾਂਤੀ ਨਾਲ ਜਵਾਬ ਦਿੰਦਾ ਹਾਂ?’ ਇਨ੍ਹਾਂ ਸਵਾਲਾਂ ’ਤੇ ਸੋਚ-ਵਿਚਾਰ ਕਰ ਕੇ ਤੁਹਾਡੀ ਆਪਣੇ ਆਪ ਨੂੰ ਬਦਲਣ ਵਿਚ ਮਦਦ ਹੋ ਸਕਦੀ ਹੈ। ਪੁਰਾਣਾ ਸੁਭਾਅ ਇਕ ਕੱਪੜੇ ਵਾਂਗ ਹੈ ਅਤੇ ਤੁਹਾਡੀਆਂ ਗੱਲਾਂ ਕੱਪੜੇ ’ਤੇ ਲੱਗੇ ਬਟਨਾਂ ਵਾਂਗ ਹਨ। ਜੇ ਤੁਸੀਂ ਬਟਨ ਖੋਲ੍ਹਦੇ ਹੋ, ਤਾਂ ਤੁਸੀਂ ਸੌਖਿਆਂ ਹੀ ਉਸ ਕੱਪੜੇ ਨੂੰ ਲਾਹ ਸਕਦੇ ਹੋ। ਬਿਲਕੁਲ ਇਸੇ ਤਰ੍ਹਾਂ ਜੇ ਤੁਸੀਂ ਪੂਰੀ ਕੋਸ਼ਿਸ਼ ਕਰ ਕੇ ਗਾਲ਼ਾਂ ਕੱਢਣੀਆਂ, ਝੂਠ ਬੋਲਣਾ ਅਤੇ ਗੰਦੀਆਂ ਗੱਲਾਂ ਕਰਨੀਆਂ ਛੱਡਦੇ ਹੋ, ਤਾਂ ਤੁਹਾਡੇ ਲਈ ਆਪਣੇ ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟਣਾ ਜ਼ਿਆਦਾ ਸੌਖਾ ਹੋਵੇਗਾ।

15. ਆਪਣੇ ਪੁਰਾਣੇ ਸੁਭਾਅ ਨੂੰ ‘ਸੂਲ਼ੀ ’ਤੇ ਟੰਗਣ’ ਦਾ ਕੀ ਮਤਲਬ ਹੈ?

15 ਖ਼ੁਦ ਨੂੰ ਬਦਲਣ ਲਈ ਜ਼ਰੂਰੀ ਕਦਮ ਚੁੱਕੋ। ਪੌਲੁਸ ਰਸੂਲ ਨੇ ਇਕ ਜ਼ਬਰਦਸਤ ਮਿਸਾਲ ਵਰਤ ਕੇ ਸਮਝਾਇਆ ਕਿ ਆਪਣੇ ਆਪ ਨੂੰ ਬਦਲਣ ਲਈ ਸਾਨੂੰ ਕਿਸ ਹੱਦ ਤਕ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸ ਨੇ ਲਿਖਿਆ ਕਿ ਸਾਨੂੰ ਆਪਣੇ ਪੁਰਾਣੇ ਸੁਭਾਅ ਨੂੰ “ਸੂਲ਼ੀ ’ਤੇ ਟੰਗ” ਦੇਣਾ ਚਾਹੀਦਾ ਹੈ। (ਰੋਮੀ. 6:6) ਇਸ ਦਾ ਕੀ ਮਤਲਬ ਹੈ? ਯਹੋਵਾਹ ਨੂੰ ਖ਼ੁਸ਼ ਕਰਨ ਲਈ ਯਿਸੂ ਨੇ ਸੂਲ਼ੀ ’ਤੇ ਮੌਤ ਸਹਿ ਲਈ। ਬਿਲਕੁਲ ਇਸੇ ਤਰ੍ਹਾਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਆਪਣੇ ਬੁਰੇ ਰਵੱਈਏ ਅਤੇ ਗ਼ਲਤ ਇੱਛਾਵਾਂ ਨੂੰ ਮਾਰ ਦੇਣਾ ਚਾਹੀਦਾ ਹੈ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਹੀ ਸਾਡੀ ਜ਼ਮੀਰ ਸਾਫ਼ ਰਹੇਗੀ ਅਤੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲੇਗੀ। (ਯੂਹੰ. 17:3; 1 ਪਤ. 3:21) ਯਾਦ ਰੱਖੋ ਕਿ ਯਹੋਵਾਹ ਸਾਡੇ ਲਈ ਆਪਣੇ ਮਿਆਰਾਂ ਨੂੰ ਨਹੀਂ ਢਾਲ਼ੇਗਾ, ਸਗੋਂ ਸਾਨੂੰ ਉਸ ਦੇ ਮਿਆਰਾਂ ਮੁਤਾਬਕ ਖ਼ੁਦ ਨੂੰ ਢਾਲ਼ਣਾ ਪਵੇਗਾ।​—ਯਸਾ. 1:16-18; 55:9.

16. ਸਾਨੂੰ ਆਪਣੀਆਂ ਗ਼ਲਤ ਇੱਛਾਵਾਂ ਨਾਲ ਕਿਉਂ ਲੜਦੇ ਰਹਿਣਾ ਚਾਹੀਦਾ ਹੈ?

16 ਆਪਣੀਆਂ ਬੁਰੀਆਂ ਇੱਛਾਵਾਂ ਨਾਲ ਲੜਦੇ ਰਹੋ। ਬਪਤਿਸਮਾ ਲੈਣ ਤੋਂ ਬਾਅਦ ਵੀ ਤੁਹਾਨੂੰ ਆਪਣੀਆਂ ਬੁਰੀਆਂ ਇੱਛਾਵਾਂ ਨਾਲ ਲੜਦੇ ਰਹਿਣ ਦੀ ਲੋੜ ਹੈ। ਮੌਰਿਸੋ ਨਾਂ ਦੇ ਆਦਮੀ ਦੇ ਤਜਰਬੇ ’ਤੇ ਗੌਰ ਕਰੋ। ਉਸ ਨੇ ਛੋਟੀ ਉਮਰ ਵਿਚ ਹੀ ਹੋਰ ਮੁੰਡਿਆਂ ਨਾਲ ਸਰੀਰਕ ਸੰਬੰਧ ਰੱਖਣੇ ਸ਼ੁਰੂ ਕਰ ਦਿੱਤੇ। ਫਿਰ ਜਦੋਂ ਉਸ ਨੂੰ ਯਹੋਵਾਹ ਦੇ ਗਵਾਹ ਮਿਲੇ, ਤਾਂ ਉਸ ਨੇ ਬਾਈਬਲ ਤੋਂ ਸਿੱਖਣਾ ਸ਼ੁਰੂ ਕਰ ਦਿੱਤਾ। ਆਪਣੀ ਜ਼ਿੰਦਗੀ ਵਿਚ ਬਦਲਾਅ ਕਰਨ ਤੋਂ ਬਾਅਦ ਉਸ ਨੇ ਸਾਲ 2002 ਵਿਚ ਬਪਤਿਸਮਾ ਲੈ ਲਿਆ। ਭਾਵੇਂ ਕਿ ਉਹ ਹੁਣ ਕਈ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਿਹਾ ਹੈ, ਪਰ ਉਹ ਇਹ ਵੀ ਕਬੂਲ ਕਰਦਾ ਹੈ: “ਕਈ ਵਾਰ ਮੈਨੂੰ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜਨਾ ਪੈਂਦਾ ਹੈ।” ਪਰ ਉਹ ਇਨ੍ਹਾਂ ਕਰਕੇ ਹਾਰ ਨਹੀਂ ਮੰਨਦਾ, ਸਗੋਂ ਉਹ ਕਹਿੰਦਾ ਹੈ: “ਜਦੋਂ ਮੈਂ ਆਪਣੀਆਂ ਗ਼ਲਤ ਇੱਛਾਵਾਂ ਨੂੰ ਆਪਣੇ ਆਪ ’ਤੇ ਹਾਵੀ ਨਹੀਂ ਹੋਣ ਦਿੰਦਾ, ਤਾਂ ਯਹੋਵਾਹ ਖ਼ੁਸ਼ ਹੁੰਦਾ ਹੈ। ਇਸ ਗੱਲ ਤੋਂ ਮੈਨੂੰ ਬਹੁਤ ਹੌਸਲਾ ਮਿਲਦਾ ਹੈ।” *

17. ਨਬੇਹਾ ਦੇ ਤਜਰਬੇ ਤੋਂ ਤੁਹਾਨੂੰ ਕੀ ਕਰਨ ਦਾ ਹੌਸਲਾ ਮਿਲਦਾ ਹੈ?

17 ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰੋ ਅਤੇ ਉਸ ਦੀ ਪਵਿੱਤਰ ਸ਼ਕਤੀ ’ਤੇ ਭਰੋਸਾ ਰੱਖੋ, ਨਾ ਕਿ ਆਪਣੀ ਤਾਕਤ ’ਤੇ। (ਗਲਾ. 5:22; ਫ਼ਿਲਿ. 4:6) ਸਾਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਪੁਰਾਣੇ ਸੁਭਾਅ ਨੂੰ ਲਾਹ ਸੁੱਟੀਏ ਅਤੇ ਉਸ ਨੂੰ ਦੁਬਾਰਾ ਕਦੇ ਨਾ ਪਾਈਏ। ਜ਼ਰਾ ਨਬੇਹਾ ਨਾਂ ਦੀ ਔਰਤ ਦੇ ਤਜਰਬੇ ’ਤੇ ਗੌਰ ਕਰੋ। ਜਦੋਂ ਉਹ ਛੇ ਸਾਲ ਦੀ ਸੀ, ਤਾਂ ਉਸ ਦਾ ਪਿਤਾ ਉਸ ਨੂੰ ਛੱਡ ਕੇ ਚਲਾ ਗਿਆ ਤੇ ਉਹ ਦੱਸਦੀ ਹੈ: “ਇਸ ਨਾਲ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ।” ਜਦੋਂ ਉਹ ਵੱਡੀ ਹੋਈ, ਤਾਂ ਉਹ ਬਹੁਤ ਜ਼ਿਆਦਾ ਗੁੱਸਾ ਕਰਨ ਲੱਗ ਪਈ ਅਤੇ ਉਹ ਨਿੱਕੀ-ਨਿੱਕੀ ਗੱਲ ’ਤੇ ਭੜਕ ਉੱਠਦੀ ਸੀ। ਉਹ ਨਸ਼ੇ ਵੇਚਣ ਲੱਗ ਪਈ ਜਿਸ ਕਰਕੇ ਉਹ ਗਿਰਫ਼ਤਾਰ ਹੋ ਗਈ ਅਤੇ ਉਸ ਨੂੰ ਕੁਝ ਸਾਲਾਂ ਲਈ ਜੇਲ੍ਹ ਹੋ ਗਈ। ਜਿਹੜੇ ਗਵਾਹ ਉਸ ਜੇਲ੍ਹ ਵਿਚ ਪ੍ਰਚਾਰ ਕਰਦੇ ਸਨ, ਉਨ੍ਹਾਂ ਨੇ ਉਸ ਨੂੰ ਬਾਈਬਲ ਤੋਂ ਸਿਖਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੇ ਵਿਚ ਵੱਡੇ-ਵੱਡੇ ਬਦਲਾਅ ਕੀਤੇ। ਉਹ ਦੱਸਦੀ ਹੈ: “ਕੁਝ ਗ਼ਲਤ ਆਦਤਾਂ ਨੂੰ ਛੱਡਣਾ ਮੇਰੇ ਲਈ ਸੌਖਾ ਸੀ, ਪਰ ਸਿਗਰਟ ਛੱਡਣੀ ਮੇਰੇ ਲਈ ਬਹੁਤ ਔਖੀ ਸੀ।” ਉਸ ਨੂੰ ਸਿਗਰਟ ਛੱਡਣ ਲਈ ਸਾਲ ਤੋਂ ਵੀ ਜ਼ਿਆਦਾ ਸਮਾਂ ਲੱਗ ਗਿਆ। ਅਖ਼ੀਰ, ਉਹ ਆਪਣੀ ਇਸ ਬੁਰੀ ਲਤ ਤੋਂ ਛੁਟਕਾਰਾ ਪਾ ਸਕੀ। ਉਹ ਇਹ ਕਿਵੇਂ ਕਰ ਸਕੀ? ਉਹ ਦੱਸਦੀ ਹੈ: “ਮੈਂ ਲਗਾਤਾਰ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਇਸ ਬੁਰੀ ਆਦਤ ਨੂੰ ਛੱਡ ਸਕੀ।” ਉਹ ਹੁਣ ਦੂਸਰਿਆਂ ਨੂੰ ਦੱਸਦੀ ਹੈ: “ਮੈਨੂੰ ਪੂਰਾ ਭਰੋਸਾ ਹੈ ਕਿ ਜੇ ਮੈਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਆਪਣੇ ਆਪ ਨੂੰ ਬਦਲ ਸਕਦੀ ਹਾਂ, ਤਾਂ ਕੋਈ ਵੀ ਬਦਲ ਸਕਦਾ ਹੈ!” *

ਤੁਸੀਂ ਬਪਤਿਸਮਾ ਲੈਣ ਦੇ ਯੋਗ ਬਣ ਸਕਦੇ ਹੋ!

18. ਪਹਿਲਾ ਕੁਰਿੰਥੀਆਂ 6:9-11 ਮੁਤਾਬਕ ਪਰਮੇਸ਼ੁਰ ਦੇ ਬਹੁਤ ਸਾਰੇ ਸੇਵਕ ਕੀ ਕਰ ਸਕੇ ਹਨ?

18 ਪਹਿਲੀ ਸਦੀ ਵਿਚ ਯਹੋਵਾਹ ਨੇ ਜਿਨ੍ਹਾਂ ਆਦਮੀਆਂ ਅਤੇ ਔਰਤਾਂ ਨੂੰ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਲਈ ਚੁਣਿਆ ਸੀ, ਉਨ੍ਹਾਂ ਵਿੱਚੋਂ ਕੁਝ ਜਣੇ ਪਹਿਲਾਂ ਬੁਰੇ ਤੋਂ ਬੁਰੇ ਕੰਮ ਕਰਦੇ ਸਨ। ਉਹ ਹਰਾਮਕਾਰ ਸਨ, ਸਮਲਿੰਗੀ ਸੰਬੰਧ ਰੱਖਦੇ ਸਨ ਅਤੇ ਚੋਰੀਆਂ ਕਰਦੇ ਸਨ। (1 ਕੁਰਿੰਥੀਆਂ 6:9-11 ਪੜ੍ਹੋ।) ਪਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਸਦਕਾ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲ ਸਕੇ। ਉਨ੍ਹਾਂ ਵਾਂਗ ਅੱਜ ਵੀ ਲੱਖਾਂ ਹੀ ਲੋਕਾਂ ਨੇ ਬਾਈਬਲ ਤੋਂ ਸਿੱਖ ਕੇ ਆਪਣੀਆਂ ਜ਼ਿੰਦਗੀਆਂ ਨੂੰ ਪੂਰੀ ਤਰ੍ਹਾਂ ਬਦਲਿਆ ਹੈ। * ਉਹ ਅਜਿਹੀਆਂ ਬੁਰੀਆਂ ਤੋਂ ਬੁਰੀਆਂ ਆਦਤਾਂ ਨੂੰ ਵੀ ਛੱਡ ਸਕੇ ਹਨ ਜਿਨ੍ਹਾਂ ਨੂੰ ਉਹ ਆਪਣੇ ਦਮ ’ਤੇ ਕਦੇ ਵੀ ਨਹੀਂ ਛੱਡ ਸਕਦੇ ਸਨ। ਉਨ੍ਹਾਂ ਦੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਵੀ ਆਪਣੇ ਸੁਭਾਅ ਨੂੰ ਬਦਲ ਸਕਦੇ ਹੋ ਅਤੇ ਬੁਰੀਆਂ ਆਦਤਾਂ ਛੱਡ ਸਕਦੇ ਹੋ ਤਾਂਕਿ ਤੁਸੀਂ ਬਪਤਿਸਮਾ ਲੈਣ ਦੇ ਯੋਗ ਬਣ ਸਕੋ।

19. ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

19 ਬਪਤਿਸਮਾ ਲੈਣ ਲਈ ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟਣ ਦੇ ਨਾਲ-ਨਾਲ ਨਵੇਂ ਸੁਭਾਅ ਨੂੰ ਪਾਉਣ ਲਈ ਵੀ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਨਵੇਂ ਸੁਭਾਅ ਨੂੰ ਕਿਵੇਂ ਪਾ ਸਕਦੇ ਹਾਂ ਅਤੇ ਦੂਸਰੇ ਸਾਡੀ ਕਿਵੇਂ ਮਦਦ ਕਰ ਸਕਦੇ ਹਨ।

ਗੀਤ 42 ਪਰਮੇਸ਼ੁਰ ਦੇ ਦਾਸ ਦੀ ਦੁਆ

^ ਪੈਰਾ 5 ਬਪਤਿਸਮਾ ਲੈਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਸੁਭਾਅ ਵਿਚ ਬਦਲਾਅ ਕਰਨ ਲਈ ਤਿਆਰ ਰਹੀਏ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਪੁਰਾਣੇ ਸੁਭਾਅ ਵਿਚ ਕੀ ਕੁਝ ਸ਼ਾਮਲ ਹੈ, ਸਾਨੂੰ ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟਣ ਦੀ ਕਿਉਂ ਲੋੜ ਹੈ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ। ਅਗਲੇ ਲੇਖ ਵਿਚ ਅਸੀਂ ਜਾਣਾਂਗੇ ਕਿ ਬਪਤਿਸਮੇ ਤੋਂ ਬਾਅਦ ਵੀ ਅਸੀਂ ਨਵੇਂ ਸੁਭਾਅ ਨੂੰ ਕਿਵੇਂ ਪਾਈ ਰੱਖ ਸਕਦੇ ਹਾਂ।

^ ਪੈਰਾ 3 ਸ਼ਬਦਾਂ ਦਾ ਮਤਲਬ: ‘ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ’ ਦੇਣ ਦਾ ਮਤਲਬ ਹੈ ਕਿ ਉਨ੍ਹਾਂ ਸਾਰੀਆਂ ਭਾਵਨਾਵਾਂ, ਸੋਚਾਂ ਅਤੇ ਇੱਛਾਵਾਂ ਨੂੰ ਦਿਲ ਵਿੱਚੋਂ ਕੱਢ ਸੁੱਟਣਾ ਜੋ ਯਹੋਵਾਹ ਨੂੰ ਪਸੰਦ ਨਹੀਂ ਹਨ। ਇਹ ਕੰਮ ਬਪਤਿਸਮੇ ਤੋਂ ਪਹਿਲਾਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ।​—ਅਫ਼. 4:22.

^ ਪੈਰਾ 10 ਹੋਰ ਜਾਣਕਾਰੀ ਲਈ ਜੁਲਾਈ-ਸਤੰਬਰ 2012 ਦੇ ਪਹਿਰਾਬੁਰਜ ਵਿਚ “ਬਾਈਬਲ ਬਦਲਦੀ ਹੈ ਜ਼ਿੰਦਗੀਆਂ​—‘ਮੈਨੂੰ ਯਹੋਵਾਹ ਕੋਲ ਮੁੜਨ ਦੀ ਲੋੜ ਸੀ’” ਨਾਂ ਦਾ ਲੇਖ ਪੜ੍ਹੋ।

^ ਪੈਰਾ 16 ਹੋਰ ਜਾਣਕਾਰੀ ਲੈਣ ਲਈ 1 ਮਈ 2012 (ਅੰਗ੍ਰੇਜ਼ੀ) ਦੇ ਪਹਿਰਾਬੁਰਜ ਵਿਚ “ਬਾਈਬਲ ਬਦਲਦੀ ਹੈ ਜ਼ਿੰਦਗੀਆਂ​—‘ਉਨ੍ਹਾਂ ਨੇ ਮੇਰੇ ਨਾਲ ਚੰਗਾ ਸਲੂਕ ਕੀਤਾ’” ਨਾਂ ਦਾ ਲੇਖ ਪੜ੍ਹੋ।

^ ਪੈਰਾ 17 ਹੋਰ ਜਾਣਕਾਰੀ ਲੈਣ ਲਈ 1 ਅਕਤੂਬਰ 2012 (ਅੰਗ੍ਰੇਜ਼ੀ) ਦੇ ਪਹਿਰਾਬੁਰਜ ਵਿਚ “ਬਾਈਬਲ ਬਦਲਦੀ ਹੈ ਜ਼ਿੰਦਗੀਆਂ​—ਮੈਂ ਬਹੁਤ ਗੁੱਸੇਖ਼ੋਰ ਬਣ ਗਈ’” ਨਾਂ ਦਾ ਲੇਖ ਪੜ੍ਹੋ।

^ ਪੈਰਾ 64 ਤਸਵੀਰ ਬਾਰੇ ਜਾਣਕਾਰੀ: ਗ਼ਲਤ ਰਵੱਈਏ ਅਤੇ ਆਦਤਾਂ ਨੂੰ ਛੱਡਣਾ ਪੁਰਾਣੇ ਕੱਪੜੇ ਨੂੰ ਲਾਹ ਕੇ ਸੁੱਟਣ ਵਾਂਗ ਹੈ।