Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

2 ਸਮੂਏਲ 21:7-9 ਵਿਚ ਕਿਉਂ ਲਿਖਿਆ ਗਿਆ ਹੈ ਕਿ ਦਾਊਦ ਨੇ ‘ਮਫੀਬੋਸ਼ਥ ’ਤੇ ਦਇਆ ਕੀਤੀ,’ ਪਰ ਬਾਅਦ ਵਿਚ ਮਫੀਬੋਸ਼ਥ ਨੂੰ ਮੌਤ ਦੇ ਘਾਟ ਉਤਾਰਨ ਲਈ ਦੇ ਦਿੱਤਾ?

ਜੇ ਕੋਈ ਇਨਸਾਨ ਜਲਦੀ-ਜਲਦੀ ਇਸ ਘਟਨਾ ਨੂੰ ਪੜ੍ਹਦਾ ਹੈ, ਤਾਂ ਉਸ ਦੇ ਮਨ ਵਿਚ ਇਹ ਸਵਾਲ ਆ ਸਕਦਾ ਹੈ। ਪਰ ਸੱਚਾਈ ਤਾਂ ਇਹ ਹੈ ਕਿ ਇਨ੍ਹਾਂ ਆਇਤਾਂ ਵਿਚ ਦੋ ਅਲੱਗ-ਅਲੱਗ ਆਦਮੀਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦਾ ਨਾਂ ਮਫੀਬੋਸ਼ਥ ਸੀ। ਇਸ ਸਵਾਲ ਦਾ ਜਵਾਬ ਲੈਣ ਲਈ ਆਓ ਆਪਾਂ ਇਸ ਘਟਨਾ ’ਤੇ ਗੌਰ ਕਰੀਏ।

ਇਜ਼ਰਾਈਲ ਦੇ ਰਾਜੇ ਸ਼ਾਊਲ ਦੇ ਸੱਤ ਮੁੰਡੇ ਅਤੇ ਦੋ ਕੁੜੀਆਂ ਸਨ। ਸ਼ਾਊਲ ਦਾ ਜੇਠਾ ਮੁੰਡਾ ਯੋਨਾਥਾਨ ਸੀ। ਬਾਅਦ ਵਿਚ ਸ਼ਾਊਲ ਦੀ ਰਖੇਲ ਰਿਸਪਾਹ ਤੋਂ ਵੀ ਇਕ ਮੁੰਡਾ ਪੈਦਾ ਹੋਇਆ ਜਿਸ ਦਾ ਨਾਂ ਮਫੀਬੋਸ਼ਥ ਸੀ। ਦਿਲਚਸਪੀ ਦੀ ਗੱਲ ਹੈ ਕਿ ਯੋਨਾਥਾਨ ਦੇ ਇਕ ਮੁੰਡੇ ਦਾ ਨਾਂ ਵੀ ਮਫੀਬੋਸ਼ਥ ਸੀ। ਇਸ ਦਾ ਮਤਲਬ ਹੈ ਕਿ ਰਾਜਾ ਸ਼ਾਊਲ ਦੇ ਇਕ ਮੁੰਡੇ ਅਤੇ ਇਕ ਪੋਤੇ ਦੋਵਾਂ ਦਾ ਨਾਂ ਮਫੀਬੋਸ਼ਥ ਸੀ।

ਇਕ ਸਮੇਂ ’ਤੇ ਰਾਜਾ ਸ਼ਾਊਲ ਗਿਬਓਨੀਆਂ ਦੇ ਖ਼ਿਲਾਫ਼ ਹੋ ਗਿਆ ਅਤੇ ਉਸ ਨੇ ਉਨ੍ਹਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਬਹੁਤ ਜਣੇ ਮਾਰੇ ਗਏ। ਇਹ ਸਰਾਸਰ ਗ਼ਲਤ ਸੀ। ਕਿਉਂ? ਕਿਉਂਕਿ ਯਹੋਸ਼ੁਆ ਦੇ ਦਿਨਾਂ ਵਿਚ ਇਜ਼ਰਾਈਲੀਆਂ ਨੇ ਗਿਬਓਨੀਆਂ ਨਾਲ ਸ਼ਾਂਤੀ ਦਾ ਇਕਰਾਰ ਕੀਤਾ ਸੀ।​—ਯਹੋ. 9:3-27.

ਇਹ ਇਕਰਾਰ ਰਾਜਾ ਸ਼ਾਊਲ ਦੇ ਸਮੇਂ ਵਿਚ ਵੀ ਲਾਗੂ ਹੁੰਦਾ ਸੀ। ਇਸ ਇਕਰਾਰ ਤੋਂ ਉਲਟ ਜਾ ਕੇ ਰਾਜਾ ਸ਼ਾਊਲ ਨੇ ਗਿਬਓਨੀਆਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਇਸ ਕਰਕੇ “ਸ਼ਾਊਲ ਅਤੇ ਉਸ ਦਾ ਘਰਾਣਾ ਖ਼ੂਨ ਦਾ ਦੋਸ਼ੀ” ਬਣ ਗਿਆ। (2 ਸਮੂ. 21:1) ਬਾਅਦ ਵਿਚ ਜਦੋਂ ਦਾਊਦ ਰਾਜਾ ਬਣਿਆ, ਤਾਂ ਬਚੇ ਹੋਏ ਗਿਬਓਨੀਆਂ ਨੇ ਆਪਣੇ ਨਾਲ ਹੋਏ ਘਿਣਾਉਣੇ ਕੰਮ ਬਾਰੇ ਦਾਊਦ ਨੂੰ ਦੱਸਿਆ। ਦਾਊਦ ਨੇ ਗਿਬਓਨੀਆਂ ਨੂੰ ਪੁੱਛਿਆ ਕਿ ਉਹ ਸ਼ਾਊਲ ਦੇ ਇਸ ਘਿਣਾਉਣੇ ਕੰਮ ਲਈ ਕਿਵੇਂ ਪ੍ਰਾਸਚਿਤ ਕਰ ਸਕਦਾ ਸੀ ਤਾਂਕਿ ਯਹੋਵਾਹ ਇਜ਼ਰਾਈਲ ਦੇਸ਼ ਨੂੰ ਬਰਕਤ ਦੇਵੇ। ਗਿਬਓਨੀਆਂ ਨੇ ਜਵਾਬ ਵਿਚ ਦਾਊਦ ਤੋਂ ਸੋਨਾ-ਚਾਂਦੀ ਮੰਗਣ ਦੀ ਬਜਾਇ ਸ਼ਾਊਲ ਦੇ ਉਹ ਸੱਤ ਮੁੰਡੇ ਮੰਗੇ ਜਿਨ੍ਹਾਂ ਨੇ ਉਨ੍ਹਾਂ ਦਾ “ਨਾਮੋ-ਨਿਸ਼ਾਨ ਮਿਟਾਉਣ ਦੀ ਸਾਜ਼ਸ਼ ਰਚੀ” ਸੀ। (ਗਿਣ. 35:30, 31) ਦਾਊਦ ਨੇ ਉਨ੍ਹਾਂ ਦੀ ਬੇਨਤੀ ਸੁਣ ਲਈ।​—2 ਸਮੂ. 21:2-6.

ਪਰ ਉਸ ਸਮੇਂ ਤਕ ਇਕ ਯੁੱਧ ਵਿਚ ਸ਼ਾਊਲ ਅਤੇ ਯੋਨਾਥਾਨ ਦੀ ਮੌਤ ਹੋ ਚੁੱਕੀ ਸੀ। ਪਰ ਯੋਨਾਥਾਨ ਦਾ ਮੁੰਡਾ ਮਫੀਬੋਸ਼ਥ ਹਾਲੇ ਵੀ ਜੀਉਂਦਾ ਸੀ। ਬਚਪਨ ਵਿਚ ਹੋਈ ਇਕ ਦੁਰਘਟਨਾ ਵਿਚ ਮਫੀਬੋਸ਼ਥ ਅਪਾਹਜ ਹੋ ਗਿਆ ਸੀ ਅਤੇ ਜਦੋਂ ਸ਼ਾਊਲ ਨੇ ਗਿਬਓਨੀਆਂ ’ਤੇ ਹਮਲਾ ਕੀਤਾ, ਤਾਂ ਉਹ ਆਪਣੇ ਦਾਦੇ ਸ਼ਾਊਲ ਨਾਲ ਨਹੀਂ ਗਿਆ ਸੀ। ਦਾਊਦ ਨੇ ਬਹੁਤ ਸਮਾਂ ਪਹਿਲਾਂ ਯੋਨਾਥਾਨ ਨਾਲ ਦੋਸਤੀ ਦਾ ਇਕਰਾਰ ਕੀਤਾ ਸੀ, ਉਸ ਦਾ ਫ਼ਾਇਦਾ ਯੋਨਾਥਾਨ ਦੀ ਔਲਾਦ ਨੂੰ ਹੋਣ ਸੀ ਜਿਸ ਵਿਚ ਉਸ ਦਾ ਮੁੰਡਾ ਮਫੀਬੋਸ਼ਥ ਵੀ ਸੀ। (1 ਸਮੂ. 18:1; 20:42) ਬਾਈਬਲ ਦੱਸਦੀ ਹੈ: “ਰਾਜੇ [ਦਾਊਦ] ਨੇ ਯੋਨਾਥਾਨ ਦੇ ਪੁੱਤਰ ਅਤੇ ਸ਼ਾਊਲ ਦੇ ਪੋਤੇ ਮਫੀਬੋਸ਼ਥ ’ਤੇ ਉਸ ਸਹੁੰ ਕਰਕੇ ਦਇਆ ਕੀਤੀ ਜੋ ਦਾਊਦ ਅਤੇ ਸ਼ਾਊਲ ਦੇ ਪੁੱਤਰ ਯੋਨਾਥਾਨ ਨੇ ਯਹੋਵਾਹ ਅੱਗੇ ਖਾਧੀ ਸੀ।”​—2 ਸਮੂ. 21:7.

ਦਾਊਦ ਨੇ ਗਿਬਓਨੀਆਂ ਦੀ ਬੇਨਤੀ ਸੁਣ ਲਈ। ਉਸ ਨੇ ਸ਼ਾਊਲ ਦੇ ਘਰਾਣੇ ਵਿੱਚੋਂ ਸੱਤ ਆਦਮੀਆਂ ਨੂੰ ਗਿਬਓਨੀਆਂ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਵਿੱਚੋਂ ਦੋ ਜਣੇ ਸ਼ਾਊਲ ਦੇ ਮੁੰਡੇ ਸਨ ਜਿਨ੍ਹਾਂ ਵਿੱਚੋਂ ਇਕ ਦਾ ਨਾਂ ਮਫੀਬੋਸ਼ਥ ਸੀ ਅਤੇ ਬਾਕੀ ਪੰਜ ਜਣੇ ਉਸ ਦੇ ਪੋਤੇ ਸਨ। (2 ਸਮੂ. 21:8, 9) ਇਸ ਤਰ੍ਹਾਂ ਦਾਊਦ ਨੇ ਇਜ਼ਰਾਈਲ ਤੋਂ ਖ਼ੂਨ ਦਾ ਦੋਸ਼ ਮਿਟਾ ਦਿੱਤਾ।

ਇਹ ਇਤਿਹਾਸ ਦੀ ਸਿਰਫ਼ ਇਕ ਘਟਨਾ ਨਹੀਂ ਹੈ, ਇਸ ਤੋਂ ਅਸੀਂ ਕਾਫ਼ੀ ਕੁਝ ਸਿੱਖ ਸਕਦੇ ਹਾਂ। ਪਰਮੇਸ਼ੁਰ ਨੇ ਆਪਣੇ ਕਾਨੂੰਨ ਵਿਚ ਸਾਫ਼-ਸਾਫ਼ ਦੱਸਿਆ ਸੀ: “ਪਿਤਾ ਦੇ ਪਾਪਾਂ ਕਰਕੇ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ।” (ਬਿਵ. 24:16) ਜੇ ਸ਼ਾਊਲ ਦੇ ਦੋ ਮੁੰਡੇ ਅਤੇ ਉਸ ਦੇ ਪੰਜ ਪੋਤੇ ਨਿਰਦੋਸ਼ ਹੁੰਦੇ, ਤਾਂ ਯਹੋਵਾਹ ਨੇ ਕਦੇ ਵੀ ਇਸ ਗੱਲ ਦੀ ਮਨਜ਼ੂਰੀ ਨਹੀਂ ਦੇਣੀ ਸੀ ਕਿ ਉਨ੍ਹਾਂ ਨੂੰ ਗਿਬਓਨੀਆਂ ਦੇ ਹਵਾਲੇ ਕੀਤਾ ਜਾਵੇ। ਕਾਨੂੰਨ ਵਿਚ ਇਹ ਵੀ ਦੱਸਿਆ ਗਿਆ: “ਜਿਹੜਾ ਵੀ ਪਾਪ ਕਰਦਾ ਹੈ, ਉਸ ਨੂੰ ਹੀ ਮੌਤ ਦੀ ਸਜ਼ਾ ਦਿੱਤੀ ਜਾਵੇ।” ਲੱਗਦਾ ਹੈ ਕਿ ਸ਼ਾਊਲ ਦੇ ਸੱਤੇ ਪੁੱਤ-ਪੋਤਿਆਂ ਨੇ ਵੀ ਕਿਸੇ-ਨਾ-ਕਿਸੇ ਤਰੀਕੇ ਨਾਲ ਗਿਬਓਨੀਆਂ ਨੂੰ ਖ਼ਤਮ ਕਰਨ ਵਿਚ ਸ਼ਾਊਲ ਦਾ ਸਾਥ ਦਿੱਤਾ ਹੋਣਾ। ਇਸੇ ਕਰਕੇ ਉਨ੍ਹਾਂ ਸੱਤਾਂ ਨੂੰ ਉਨ੍ਹਾਂ ਦੇ ਗ਼ਲਤ ਕੰਮ ਦੀ ਸਜ਼ਾ ਮਿਲੀ।

ਇਸ ਘਟਨਾ ਤੋਂ ਅਸੀਂ ਸਿੱਖਦੇ ਹਾਂ ਕਿ ਜੇ ਇਕ ਵਿਅਕਤੀ ਕਿਸੇ ਦਾ ਹੁਕਮ ਮੰਨ ਕੇ ਕੋਈ ਗ਼ਲਤ ਕੰਮ ਕਰਦਾ ਹੈ, ਤਾਂ ਉਹ ਇਹ ਨਹੀਂ ਕਹਿ ਸਕਦਾ ਕਿ ‘ਮੈਂ ਤਾਂ ਬੇਕਸੂਰ ਹਾਂ, ਮੈਂ ਬਸ ਉਹੀ ਕੀਤਾ ਜੋ ਮੈਨੂੰ ਕਰਨ ਲਈ ਕਿਹਾ ਗਿਆ ਸੀ।’ ਇਸ ਦੀ ਬਜਾਇ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਕਹਾਉਤਾਂ ਦੀ ਕਿਤਾਬ ਵਿਚ ਦੱਸੇ ਇਸ ਅਸੂਲ ਨੂੰ ਧਿਆਨ ਵਿਚ ਰੱਖਣਾ ਚੰਗਾ ਹੋਵੇਗਾ: “ਆਪਣੇ ਪੈਰਾਂ ਦੇ ਰਾਹ ਨੂੰ ਪੱਧਰਾ ਕਰ ਅਤੇ ਤੇਰੇ ਸਾਰੇ ਰਾਹ ਸਹੀ ਸਾਬਤ ਹੋਣਗੇ।”​—ਕਹਾ. 4:24-27; ਅਫ਼. 5:15.