ਅਧਿਐਨ ਲੇਖ 14
ਬਜ਼ੁਰਗੋ, ਪੌਲੁਸ ਰਸੂਲ ਦੀ ਰੀਸ ਕਰਦੇ ਰਹੋ
“ਤੁਸੀਂ ਮੇਰੀ ਰੀਸ ਕਰੋ।” —1 ਕੁਰਿੰ. 11:1.
ਗੀਤ 99 ਲੱਖਾਂ-ਲੱਖ ਭੈਣ-ਭਰਾ
ਖ਼ਾਸ ਗੱਲਾਂ *
1-2. ਪੌਲੁਸ ਰਸੂਲ ਤੋਂ ਬਜ਼ੁਰਗ ਕੀ ਸਿੱਖ ਸਕਦੇ ਹਨ?
ਪੌਲੁਸ ਰਸੂਲ ਆਪਣੇ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦਾ ਸੀ। ਉਨ੍ਹਾਂ ਦੀ ਦੇਖ-ਭਾਲ ਕਰਨ ਲਈ ਉਹ ਅਣਥੱਕ ਮਿਹਨਤ ਕਰਦਾ ਸੀ। (ਰਸੂ. 20:31) ਇਸੇ ਕਰਕੇ ਭੈਣ-ਭਰਾ ਵੀ ਪੌਲੁਸ ਨੂੰ ਦਿਲੋਂ ਪਿਆਰ ਕਰਦੇ ਸਨ। ਇਕ ਮੌਕੇ ’ਤੇ ਜਦੋਂ ਅਫ਼ਸੁਸ ਦੇ ਬਜ਼ੁਰਗਾਂ ਨੂੰ ਪਤਾ ਲੱਗਾ ਕਿ ਉਹ ਪੌਲੁਸ ਨੂੰ ਦੁਬਾਰਾ ਕਦੇ ਨਹੀਂ ਮਿਲ ਸਕਣਗੇ, ਤਾਂ ਉਹ “ਸਾਰੇ ਜਣੇ ਭੁੱਬਾਂ ਮਾਰ-ਮਾਰ ਰੋਏ।” (ਰਸੂ. 20:37) ਇਸੇ ਤਰ੍ਹਾਂ ਅੱਜ ਵੀ ਸਖ਼ਤ ਮਿਹਨਤ ਕਰਨ ਵਾਲੇ ਬਜ਼ੁਰਗ ਭੈਣਾਂ-ਭਰਾਵਾਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਹ ਉਨ੍ਹਾਂ ਦੀ ਮਦਦ ਕਰਨ ਦਾ ਇਕ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ। (ਫ਼ਿਲਿ. 2:16, 17) ਪਰ ਕਈ ਵਾਰ ਬਜ਼ੁਰਗਾਂ ਲਈ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਔਖੀਆਂ ਹੋ ਸਕਦੀਆਂ ਹਨ। ਇਸ ਤਰ੍ਹਾਂ ਹੋਣ ਤੇ ਬਜ਼ੁਰਗ ਕੀ ਕਰ ਸਕਦੇ ਹਨ?
2 ਉਹ ਪੌਲੁਸ ਤੋਂ ਸਿੱਖ ਸਕਦੇ ਹਨ। (1 ਕੁਰਿੰ. 11:1) ਪੌਲੁਸ ਕੋਈ ਦੂਤ ਨਹੀਂ ਸੀ, ਸਗੋਂ ਉਹ ਵੀ ਸਾਡੇ ਵਾਂਗ ਨਾਮੁਕੰਮਲ ਇਨਸਾਨ ਸੀ ਅਤੇ ਉਸ ਨੂੰ ਵੀ ਕਈ ਵਾਰ ਸਹੀ ਕੰਮ ਕਰਨ ਲਈ ਜੱਦੋ-ਜਹਿਦ ਕਰਨੀ ਪੈਂਦੀ ਸੀ। (ਰੋਮੀ. 7:18-20) ਉਸ ਨੂੰ ਵੀ ਕਈ ਮੁਸ਼ਕਲਾਂ ਆਈਆਂ ਸਨ। ਪਰ ਪੌਲੁਸ ਨੇ ਇਨ੍ਹਾਂ ਕਰਕੇ ਨਾ ਤਾਂ ਹਾਰ ਮੰਨੀ ਅਤੇ ਨਾ ਹੀ ਆਪਣੀ ਖ਼ੁਸ਼ੀ ਗੁਆਈ। ਪੌਲੁਸ ਦੀ ਰੀਸ ਕਰ ਕੇ ਬਜ਼ੁਰਗ ਆਪਣੀਆਂ ਮੁਸ਼ਕਲਾਂ ਨੂੰ ਪਾਰ ਕਰ ਸਕਦੇ ਹਨ ਅਤੇ ਯਹੋਵਾਹ ਦੀ ਸੇਵਾ ਵਿਚ ਆਪਣੀ ਖ਼ੁਸ਼ੀ ਬਣਾਈ ਰੱਖ ਸਕਦੇ ਹਨ। ਆਓ ਦੇਖੀਏ ਕਿਵੇਂ।
3. ਇਸ ਲੇਖ ਵਿਚ ਅਸੀਂ ਕਿਨ੍ਹਾਂ ਮਾਮਲਿਆਂ ’ਤੇ ਗੌਰ ਕਰਾਂਗੇ ਅਤੇ ਅਸੀਂ ਹੋਰ ਕੀ ਦੇਖਾਂਗੇ?
3 ਇਸ ਲੇਖ ਵਿਚ ਅਸੀਂ ਚਾਰ ਮਾਮਲਿਆਂ ’ਤੇ ਗੌਰ ਕਰਾਂਗੇ ਜਿਨ੍ਹਾਂ ਵਿਚ ਕਈ ਵਾਰ ਬਜ਼ੁਰਗਾਂ ਨੂੰ ਮੁਸ਼ਕਲਾਂ ਆ ਸਕਦੀਆਂ ਹਨ: (1) ਹੋਰ ਜ਼ਿੰਮੇਵਾਰੀਆਂ ਦੇ ਨਾਲ-ਨਾਲ ਪ੍ਰਚਾਰ ਦਾ ਕੰਮ ਕਰਨਾ, (2) ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਲਈ ਸਮਾਂ ਕੱਢਣਾ, (3) ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਅਤੇ (4) ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਸਹਿਣਾ। ਪੌਲੁਸ ਲਈ ਵੀ ਇਹ ਸਾਰਾ ਕੁਝ ਕਰਨਾ ਸੌਖਾ ਨਹੀਂ ਸੀ। ਆਓ ਆਪਾਂ ਦੇਖੀਏ ਕਿ ਇਸ ਤਰ੍ਹਾਂ ਹੋਣ ਤੇ ਪੌਲੁਸ ਨੇ ਕੀ ਕੀਤਾ ਅਤੇ ਬਜ਼ੁਰਗ ਉਸ ਦੀ ਮਿਸਾਲ ’ਤੇ ਕਿਵੇਂ ਚੱਲ ਸਕਦੇ ਹਨ।
ਹੋਰ ਜ਼ਿੰਮੇਵਾਰੀਆਂ ਦੇ ਨਾਲ-ਨਾਲ ਪ੍ਰਚਾਰ ਦਾ ਕੰਮ ਕਰਨਾ
4. ਬਜ਼ੁਰਗਾਂ ਲਈ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਨੀ ਸ਼ਾਇਦ ਮੁਸ਼ਕਲ ਕਿਉਂ ਹੋ ਸਕਦੀ ਹੈ?
4 ਇਹ ਮੁਸ਼ਕਲ ਕਿਉਂ ਹੋ ਸਕਦਾ ਹੈ? ਬਜ਼ੁਰਗ ਪ੍ਰਚਾਰ ਦੇ ਕੰਮ ਦੀ ਅਗਵਾਈ ਕਰਨ ਦੇ ਨਾਲ-ਨਾਲ ਮੰਡਲੀ ਵਿਚ ਹੋਰ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਉਦਾਹਰਣ ਲਈ, ਉਹ ਹਫ਼ਤੇ ਦੌਰਾਨ ਹੋਣ ਵਾਲੀਆਂ ਮੀਟਿੰਗਾਂ ਵਿਚ ਚੇਅਰਮੈਨ ਅਤੇ ਮੰਡਲੀ ਦੀ ਬਾਈਬਲ ਸਟੱਡੀ ਦਾ ਭਾਗ ਵਾਰੀ-ਵਾਰੀ ਨਿਭਾਉਂਦੇ ਹਨ ਅਤੇ ਉਹ ਹੋਰ ਵੀ ਕਈ ਭਾਸ਼ਣ ਦਿੰਦੇ ਹਨ। ਨਾਲੇ ਉਹ ਮੰਡਲੀ ਦੇ ਸਹਾਇਕ ਸੇਵਕਾਂ ਨੂੰ ਸਿਖਲਾਈ ਦੇਣ ਲਈ ਬਹੁਤ ਕੁਝ ਕਰਦੇ ਹਨ ਅਤੇ ਉਹ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਵੀ ਖ਼ੁਸ਼ੀ-ਖ਼ੁਸ਼ੀ ਹੌਸਲਾ ਦਿੰਦੇ ਰਹਿੰਦੇ ਹਨ। (1 ਪਤ. 5:2) ਕੁਝ ਬਜ਼ੁਰਗ ਕਿੰਗਡਮ ਹਾਲ ਅਤੇ ਭਗਤੀ ਨਾਲ ਜੁੜੀਆਂ ਹੋਰ ਥਾਵਾਂ ਦੀ ਉਸਾਰੀ ਅਤੇ ਸਾਂਭ-ਸੰਭਾਲ ਕਰਨ ਵਿਚ ਮਦਦ ਕਰਦੇ ਹਨ, ਫਿਰ ਵੀ ਮੰਡਲੀ ਦੇ ਬਾਕੀ ਭੈਣਾਂ-ਭਰਾਵਾਂ ਵਾਂਗ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਉਨ੍ਹਾਂ ਲਈ ਸਭ ਤੋਂ ਅਹਿਮ ਹੁੰਦਾ ਹੈ।—ਮੱਤੀ 28:19, 20.
5. ਪੌਲੁਸ ਨੇ ਪ੍ਰਚਾਰਕ ਵਜੋਂ ਕਿਹੋ ਜਿਹੀ ਮਿਸਾਲ ਰੱਖੀ?
5 ਪੌਲੁਸ ਨੇ ਕੀ ਕੀਤਾ? ਫ਼ਿਲਿੱਪੀਆਂ 1:10 ਵਿਚ ਪੌਲੁਸ ਨੇ ਦੱਸਿਆ ਕਿ ਉਹ ਇਕ ਸਫ਼ਲ ਪ੍ਰਚਾਰਕ ਕਿਉਂ ਸੀ। ਇੱਥੇ ਲਿਖਿਆ ਹੈ: “ਤੁਸੀਂ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।” ਪੌਲੁਸ ਖ਼ੁਦ ਵੀ ਇਸ ਸਲਾਹ ’ਤੇ ਚੱਲਿਆ ਅਤੇ ਉਹ ਕਈ ਸਾਲਾਂ ਤਕ ਇਸ ਕੰਮ ਨੂੰ ਅਹਿਮੀਅਤ ਦਿੰਦਿਆਂ ਲੋਕਾਂ ਨੂੰ ਪ੍ਰਚਾਰ ਕਰਦਾ ਰਿਹਾ। ਉਸ ਨੇ “ਖੁੱਲ੍ਹੇ-ਆਮ ਤੇ ਘਰ-ਘਰ ਜਾ ਕੇ” ਲੋਕਾਂ ਨੂੰ ਪ੍ਰਚਾਰ ਕੀਤਾ। (ਰਸੂ. 20:20) ਉਹ ਦਿਨ ਦੇ ਕੁਝ ਘੰਟੇ ਜਾਂ ਹਫ਼ਤੇ ਦੇ ਸਿਰਫ਼ ਇਕ ਦਿਨ ਹੀ ਨਹੀਂ, ਸਗੋਂ ਹਰ ਮੌਕੇ ’ਤੇ ਪ੍ਰਚਾਰ ਕਰਦਾ ਸੀ। ਉਦਾਹਰਣ ਲਈ, ਜਦੋਂ ਉਹ ਐਥਿਨਜ਼ ਵਿਚ ਆਪਣੇ ਸਾਥੀਆਂ ਦਾ ਇੰਤਜ਼ਾਰ ਕਰ ਰਿਹਾ ਸੀ, ਤਾਂ ਉਸ ਨੇ ਉੱਥੋਂ ਦੇ ਮੰਨੇ-ਪ੍ਰਮੰਨੇ ਲੋਕਾਂ ਨੂੰ ਪ੍ਰਚਾਰ ਕੀਤਾ ਅਤੇ ਉਨ੍ਹਾਂ ਵਿੱਚੋਂ ਕੁਝ ਜਣੇ ਮਸੀਹੀ ਵੀ ਬਣ ਗਏ। (ਰਸੂ. 17:16, 17, 34) ਇੱਥੋਂ ਤਕ ਕਿ ਪੌਲੁਸ ਨੇ “ਕੈਦ ਵਿਚ” ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਪ੍ਰਚਾਰ ਕਰਨਾ ਨਹੀਂ ਛੱਡਿਆ।—ਫ਼ਿਲਿ. 1:13, 14; ਰਸੂ. 28:16-24.
6. ਪੌਲੁਸ ਨੇ ਦੂਜਿਆਂ ਨੂੰ ਕੀ ਸਿਖਲਾਈ ਦਿੱਤੀ?
6 ਪੌਲੁਸ ਨੇ ਆਪਣੇ ਸਮੇਂ ਦੀ ਚੰਗੀ ਤਰ੍ਹਾਂ ਵਰਤੋਂ ਕੀਤੀ। ਉਹ ਅਕਸਰ ਦੂਜੇ ਮਸੀਹੀਆਂ ਨੂੰ ਆਪਣੇ ਨਾਲ ਪ੍ਰਚਾਰ ’ਤੇ ਲੈ ਕੇ ਜਾਂਦਾ ਸੀ, ਜਿਵੇਂ ਕਿ ਉਹ ਆਪਣੇ ਪਹਿਲੇ ਮਿਸ਼ਨਰੀ ਦੌਰੇ ’ਤੇ ਮਰਕੁਸ ਨੂੰ ਅਤੇ ਦੂਜੇ ’ਤੇ ਤਿਮੋਥਿਉਸ ਨੂੰ ਆਪਣੇ ਨਾਲ ਲੈ ਕੇ ਗਿਆ। (ਰਸੂ. 12:25; 16:1-4) ਬਿਨਾਂ ਸ਼ੱਕ, ਪੌਲੁਸ ਨੇ ਇਨ੍ਹਾਂ ਭਰਾਵਾਂ ਨੂੰ ਮੰਡਲੀਆਂ ਨੂੰ ਸੰਗਠਿਤ ਕਰਨ, ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਅਤੇ ਹੋਰ ਵੀ ਵਧੀਆ ਪ੍ਰਚਾਰਕ ਬਣਨ ਦੀ ਸਿਖਲਾਈ ਦਿੱਤੀ ਹੋਣੀ।—1 ਕੁਰਿੰ. 4:17.
7. ਬਜ਼ੁਰਗ ਅਫ਼ਸੀਆਂ 6:14, 15 ਵਿਚ ਕਹੀ ਪੌਲੁਸ ਦੀ ਗੱਲ ’ਤੇ ਕਿਵੇਂ ਚੱਲ ਸਕਦੇ ਹਨ?
7 ਸਬਕ। ਪੌਲੁਸ ਦੀ ਰੀਸ ਕਰਦੇ ਹੋਏ ਬਜ਼ੁਰਗ ਨਾ ਸਿਰਫ਼ ਘਰ-ਘਰ, ਸਗੋਂ ਹਰ ਮੌਕੇ ’ਤੇ ਗਵਾਹੀ ਦੇਣ ਲਈ ਤਿਆਰ ਰਹਿੰਦੇ ਹਨ। (ਅਫ਼ਸੀਆਂ 6:14, 15 ਪੜ੍ਹੋ।) ਉਦਾਹਰਣ ਲਈ, ਉਹ ਖ਼ਰੀਦਾਰੀ ਕਰਦੇ ਹੋਏ ਜਾਂ ਆਪਣੇ ਕੰਮ ਦੀ ਥਾਂ ਤੇ ਗਵਾਹੀ ਦੇ ਸਕਦੇ ਹਨ। ਜਾਂ ਫਿਰ ਜਿਹੜੇ ਬਜ਼ੁਰਗ ਭਗਤੀ ਦੀਆਂ ਥਾਵਾਂ ਦੀ ਉਸਾਰੀ ਦੇ ਕੰਮਾਂ ਵਿਚ ਹਿੱਸਾ ਲੈਂਦੇ ਹਨ, ਉਹ ਉੱਥੋਂ ਦੇ ਲੋਕਾਂ ਜਾਂ ਜਿਨ੍ਹਾਂ ਤੋਂ ਉਹ ਸਮਾਨ ਖ਼ਰੀਦਦੇ ਹਨ, ਉਨ੍ਹਾਂ ਨੂੰ ਗਵਾਹੀ ਦੇ ਸਕਦੇ ਹਨ। ਪੌਲੁਸ ਵਾਂਗ ਬਜ਼ੁਰਗ ਸੇਵਕਾਈ ਕਰਦਿਆਂ ਇਸ ਸਮੇਂ ਨੂੰ ਹੋਰ ਭੈਣਾਂ-ਭਰਾਵਾਂ ਨੂੰ ਅਤੇ ਸਹਾਇਕ ਸੇਵਕਾਂ ਨੂੰ ਸਿਖਲਾਈ ਦੇਣ ਲਈ ਵਰਤ ਸਕਦੇ ਹਨ।
8. ਕਈ ਵਾਰ ਸ਼ਾਇਦ ਇਕ ਬਜ਼ੁਰਗ ਨੂੰ ਕੀ ਕਰਨ ਦੀ ਲੋੜ ਪਵੇ?
8 ਬਜ਼ੁਰਗਾਂ ਨੂੰ ਕਦੇ ਵੀ ਮੰਡਲੀ ਜਾਂ ਸਰਕਟ ਦੇ ਕੰਮਾਂ ਵਿਚ ਇੰਨਾ ਵੀ ਨਹੀਂ ਰੁੱਝ ਜਾਣਾ ਚਾਹੀਦਾ ਕਿ ਉਨ੍ਹਾਂ ਕੋਲ ਪ੍ਰਚਾਰ ਕਰਨ ਲਈ ਸਮਾਂ ਹੀ ਨਾ ਬਚੇ। ਇਸ ਲਈ ਸ਼ਾਇਦ ਉਨ੍ਹਾਂ ਨੂੰ ਕਦੇ-ਕਦੇ ਨਵੀਆਂ ਜ਼ਿੰਮੇਵਾਰੀਆਂ ਲੈਣ ਤੋਂ ਮਨ੍ਹਾਂ ਕਰਨਾ ਪਵੇ। ਇਕ ਬਜ਼ੁਰਗ ਕੋਈ ਵੀ ਜ਼ਿੰਮੇਵਾਰੀ ਲੈਣ ਤੋਂ ਪਹਿਲਾਂ ਪ੍ਰਾਰਥਨਾ ਕਰ ਸਕਦਾ ਹੈ ਅਤੇ ਇਸ ਗੱਲ ’ਤੇ ਸੋਚ-ਵਿਚਾਰ ਕਰ ਸਕਦਾ ਹੈ: ‘ਕੀ ਇਸ ਜ਼ਿੰਮੇਵਾਰੀ ਨੂੰ ਲੈਣ ਤੋਂ ਬਾਅਦ ਮੇਰੇ ਕੋਲ ਜ਼ਿਆਦਾ ਜ਼ਰੂਰੀ ਕੰਮਾਂ ਲਈ ਸਮਾਂ ਬਚੇਗਾ, ਜਿਵੇਂ ਕਿ ਹਰ ਹਫ਼ਤੇ ਪਰਿਵਾਰਕ ਸਟੱਡੀ ਕਰਨਾ ਅਤੇ ਪ੍ਰਚਾਰ ਵਿਚ ਜੋਸ਼ ਨਾਲ ਹਿੱਸਾ ਲੈਣਾ ਜਾਂ ਆਪਣੇ ਬੱਚਿਆਂ ਨੂੰ ਪ੍ਰਚਾਰ ਕਰਨ ਦੀ ਸਿਖਲਾਈ ਦੇਣਾ?’ ਕੁਝ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਉਹ ਕੋਈ ਨਵੀਂ ਜ਼ਿੰਮੇਵਾਰੀ ਲੈਣ ਤੋਂ ਮਨ੍ਹਾਂ ਕਿਵੇਂ ਕਰਨ, ਪਰ ਉਹ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦੇ ਮਨ੍ਹਾਂ ਕਰਨ ਦਾ ਕਾਰਨ ਜਾਣਦਾ ਹੈ। ਯਹੋਵਾਹ ਸਮਝਦਾ ਹੈ ਕਿ ਬਜ਼ੁਰਗ ਆਪਣੀਆਂ ਦੂਸਰੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਭੈਣਾਂ-ਭਰਵਾਂ ਨੂੰ ਹੌਸਲਾ ਦੇਣ ਲਈ ਸਮਾਂ ਕੱਢਣਾ
9. ਰੁੱਝੇ ਹੋਣ ਕਰਕੇ ਬਜ਼ੁਰਗਾਂ ਲਈ ਕੀ ਕਰਨਾ ਔਖਾ ਹੋ ਸਕਦਾ ਹੈ?
9 ਇਹ ਮੁਸ਼ਕਲ ਕਿਉਂ ਹੋ ਸਕਦਾ ਹੈ? ਇਨ੍ਹਾਂ ਆਖ਼ਰੀ ਦਿਨਾਂ ਵਿਚ ਯਹੋਵਾਹ ਦੇ ਸੇਵਕ ਬਹੁਤ ਸਾਰੀਆਂ ਮੁਸ਼ਕਲਾਂ ਝੱਲ ਰਹੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਹੌਸਲੇ, ਸਹਾਰੇ ਅਤੇ ਦਿਲਾਸੇ ਦੀ ਲੋੜ ਪੈਂਦੀ ਹੈ। ਨਾਲੇ ਕਈ ਵਾਰ ਕੁਝ ਭੈਣਾਂ-ਭਰਾਵਾਂ ਨੂੰ ਬੁਰੇ ਚਾਲ-ਚਲਣ ਤੋਂ ਬਚਣ ਲਈ ਮਦਦ ਦੀ ਲੋੜ ਪਵੇ। (1 ਥੱਸ. 5:14) ਬਿਨਾਂ ਸ਼ੱਕ, ਬਜ਼ੁਰਗ ਯਹੋਵਾਹ ਦੇ ਸੇਵਕਾਂ ’ਤੇ ਆਉਂਦੀਆਂ ਸਾਰੀਆਂ ਮੁਸ਼ਕਲਾਂ ਨੂੰ ਹਟਾ ਨਹੀਂ ਸਕਦੇ। ਫਿਰ ਵੀ ਯਹੋਵਾਹ ਚਾਹੁੰਦਾ ਹੈ ਕਿ ਉਹ ਉਸ ਦੀਆਂ ਭੇਡਾਂ ਨੂੰ ਹੌਸਲਾ ਦੇਣ ਅਤੇ ਉਨ੍ਹਾਂ ਦੀ ਰਾਖੀ ਕਰਨ ਲਈ ਜੋ ਕਰ ਸਕਦੇ ਹਨ, ਉਹ ਕਰਨ। ਬਹੁਤ ਸਾਰੇ ਕੰਮਾਂ ਵਿਚ ਰੁੱਝੇ ਹੋਣ ਦੇ ਬਾਵਜੂਦ ਬਜ਼ੁਰਗ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਸਮਾਂ ਕਿਵੇਂ ਕੱਢ ਸਕਦੇ ਹਨ?
10. ਪਹਿਲਾ ਥੱਸਲੁਨੀਕੀਆਂ 2:7 ਮੁਤਾਬਕ ਪੌਲੁਸ ਨੇ ਕਿਵੇਂ ਦਿਖਾਇਆ ਕਿ ਉਹ ਯਹੋਵਾਹ ਦੇ ਸੇਵਕਾਂ ਦੀ ਪਰਵਾਹ ਕਰਦਾ ਸੀ?
10 ਪੌਲੁਸ ਨੇ ਕੀ ਕੀਤਾ? ਪੌਲੁਸ ਹਰ ਮੌਕੇ ’ਤੇ ਭੈਣਾਂ-ਭਰਾਵਾਂ ਦੀ ਤਾਰੀਫ਼ ਕਰਦਾ ਸੀ ਅਤੇ ਉਨ੍ਹਾਂ ਨੂੰ ਹੌਸਲਾ ਦਿੰਦਾ ਸੀ। ਬਜ਼ੁਰਗ, ਪੌਲੁਸ ਦੀ ਰੀਸ ਕਰਦਿਆਂ ਭੈਣਾਂ-ਭਰਾਵਾਂ ਨਾਲ ਪਿਆਰ ਅਤੇ ਦਇਆ ਨਾਲ ਪੇਸ਼ ਆਉਂਦੇ ਹਨ। (1 ਥੱਸਲੁਨੀਕੀਆਂ 2:7 ਪੜ੍ਹੋ।) ਪੌਲੁਸ ਨੇ ਭੈਣਾਂ-ਭਰਾਵਾਂ ਨੂੰ ਭਰੋਸਾ ਦਿਵਾਇਆ ਕਿ ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ ਅਤੇ ਉਹ ਵੀ ਉਨ੍ਹਾਂ ਨਾਲ ਪਿਆਰ ਕਰਦਾ ਹੈ। (2 ਕੁਰਿੰ. 2:4; ਅਫ਼. 2:4, 5) ਪੌਲੁਸ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਦੋਸਤਾਂ ਵਾਂਗ ਪੇਸ਼ ਆਉਂਦਾ ਸੀ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਂਦਾ ਸੀ। ਉਸ ਨੇ ਉਨ੍ਹਾਂ ਨੂੰ ਖੁੱਲ੍ਹ ਕੇ ਆਪਣੀਆਂ ਚਿੰਤਾਵਾਂ ਅਤੇ ਕਮੀਆਂ-ਕਮਜ਼ੋਰੀਆਂ ਬਾਰੇ ਦੱਸਿਆ। ਇਸ ਤਰ੍ਹਾਂ ਉਸ ਨੇ ਉਨ੍ਹਾਂ ’ਤੇ ਆਪਣਾ ਭਰੋਸਾ ਜ਼ਾਹਰ ਕੀਤਾ। (2 ਕੁਰਿੰ. 7:5; 1 ਤਿਮੋ. 1:15) ਪੌਲੁਸ ਸਿਰਫ਼ ਆਪਣੀਆਂ ਮੁਸ਼ਕਲਾਂ ਬਾਰੇ ਹੀ ਸੋਚਦਾ ਨਹੀਂ ਰਹਿੰਦਾ ਸੀ, ਸਗੋਂ ਉਹ ਭੈਣਾਂ-ਭਰਾਵਾਂ ਦੀ ਮਦਦ ਕਰਨੀ ਚਾਹੁੰਦਾ ਸੀ।
11. ਪੌਲੁਸ ਭੈਣਾਂ-ਭਰਾਵਾਂ ਨੂੰ ਸਲਾਹ ਕਿਉਂ ਦਿੰਦਾ ਸੀ?
11 ਕਈ ਵਾਰ ਪੌਲੁਸ ਨੂੰ ਭੈਣਾਂ-ਭਰਾਵਾਂ ਨੂੰ ਸਲਾਹ ਦੇਣ ਦੀ ਲੋੜ ਪੈਂਦੀ ਸੀ, ਪਰ ਉਹ ਕਦੇ ਵੀ ਖਿਝ ਕੇ ਇਸ ਤਰ੍ਹਾਂ ਨਹੀਂ ਕਰਦਾ ਸੀ। ਉਹ ਭੈਣਾਂ-ਭਰਾਵਾਂ ਨਾਲ ਪਿਆਰ ਹੋਣ ਕਰਕੇ ਅਤੇ ਉਨ੍ਹਾਂ ਨੂੰ ਖ਼ਤਰਿਆਂ ਤੋਂ ਬਚਾਉਣ ਲਈ ਸਲਾਹ ਦਿੰਦਾ ਸੀ। ਉਹ ਸੌਖੇ ਤਰੀਕੇ ਨਾਲ ਸਲਾਹ ਦੇਣ ਦੀ ਕੋਸ਼ਿਸ਼ ਕਰਦਾ ਸੀ ਤਾਂਕਿ ਭੈਣ-ਭਰਾ ਸਲਾਹ ਨੂੰ ਸਮਝ ਕੇ ਉਸ ਮੁਤਾਬਕ ਚੱਲ ਸਕਣ। ਉਹ ਇਹ ਵੀ ਜਾਣਨਾ ਚਾਹੁੰਦਾ ਸੀ ਕਿ ਸਲਾਹ ਸੁਣਨ ਤੋਂ ਬਾਅਦ ਭੈਣਾਂ-ਭਰਾਵਾਂ ਨੂੰ ਕਿਵੇਂ ਲੱਗਦਾ ਸੀ। ਉਦਾਹਰਣ ਲਈ, ਕੁਰਿੰਥੀਆਂ ਨੂੰ ਲਿਖੀ ਚਿੱਠੀ ਵਿਚ ਪੌਲੁਸ ਨੇ ਭੈਣਾਂ-ਭਰਾਵਾਂ ਨੂੰ ਸਖ਼ਤ ਤਾੜਨਾ ਦਿੱਤੀ। ਇਹ ਚਿੱਠੀ ਲਿਖਣ ਤੋਂ ਬਾਅਦ ਉਸ ਨੇ ਤੀਤੁਸ ਨੂੰ ਉਨ੍ਹਾਂ ਕੋਲ ਭੇਜਿਆ। ਉਸ ਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਚਿੱਠੀ ਪੜ੍ਹਨ ਤੋਂ ਬਾਅਦ ਭੈਣਾਂ-ਭਰਾਵਾਂ ਦਾ ਕਿਹੋ ਜਿਹਾ ਰਵੱਈਆ ਹੋਵੇਗਾ। ਉਹ ਇਹ ਜਾਣ ਕੇ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਭੈਣਾਂ-ਭਰਾਵਾਂ ਨੇ ਸਲਾਹ ਨੂੰ ਕਬੂਲ ਕਰ ਕੇ ਉਸ ਮੁਤਾਬਕ ਕੰਮ ਵੀ ਕੀਤਾ!—2 ਕੁਰਿੰ. 7:6, 7.
12. ਬਜ਼ੁਰਗ ਭੈਣਾਂ-ਭਰਾਵਾਂ ਨੂੰ ਤਕੜਾ ਕਿਵੇਂ ਕਰ ਸਕਦੇ ਹਨ?
12 ਸਬਕ। ਬਜ਼ੁਰਗ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾ ਕੇ ਪੌਲੁਸ ਰਸੂਲ ਦੀ ਰੀਸ ਕਰ ਸਕਦੇ ਹਨ। ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਹੈ ਕਿ ਉਹ ਮੀਟਿੰਗਾਂ ਸ਼ੁਰੂ ਹੋਣ ਤੋਂ ਕਾਫ਼ੀ ਸਮਾਂ ਪਹਿਲਾਂ ਹੀ ਆ ਸਕਦੇ ਹਨ ਤਾਂਕਿ ਉਹ ਆਪਣੀ ਗੱਲਾਂ ਰਾਹੀਂ ਭੈਣਾਂ-ਭਰਾਵਾਂ ਦਾ ਹੌਸਲਾ ਵਧਾ ਸਕਣ। ਜੇ ਬਜ਼ੁਰਗ ਕਿਸੇ ਭੈਣ ਜਾਂ ਭਰਾ ਨਾਲ ਕੁਝ ਹੀ ਮਿੰਟ ਗੱਲ ਕਰਨ, ਤਾਂ ਉਨ੍ਹਾਂ ਦਾ ਹੌਸਲਾ ਵਧ ਸਕਦਾ ਹੈ। (ਰੋਮੀ. 1:12; ਅਫ਼. 5:16) ਪੌਲੁਸ ਦੀ ਮਿਸਾਲ ’ਤੇ ਚੱਲਣ ਵਾਲਾ ਬਜ਼ੁਰਗ ਭੈਣਾਂ-ਭਰਾਵਾਂ ਨੂੰ ਤਕੜਾ ਕਰਦਾ ਹੈ। ਇਸ ਤਰ੍ਹਾਂ ਕਰਨ ਲਈ ਉਹ ਪਰਮੇਸ਼ੁਰ ਦਾ ਬਚਨ ਵਰਤ ਕੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਦਾ ਹੈ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਪਿਆਰ ਦਾ ਅਹਿਸਾਸ ਕਰਾਉਂਦਾ ਹੈ। ਇਸ ਤੋਂ ਇਲਾਵਾ, ਉਹ ਉਨ੍ਹਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਆਪ ਵੀ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹੈ। ਉਹ ਬਾਕਾਇਦਾ ਭੈਣਾਂ-ਭਰਾਵਾਂ ਨਾਲ ਗੱਲ ਕਰਦਾ ਅਤੇ ਉਨ੍ਹਾਂ ਦੀ ਤਾਰੀਫ਼ ਕਰਨ ਦੇ ਮੌਕੇ ਲੱਭਦਾ ਹੈ। ਇਕ ਬਜ਼ੁਰਗ ਹਮੇਸ਼ਾ ਬਾਈਬਲ ਵਿੱਚੋਂ ਸਲਾਹ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਹ ਸਾਫ਼-ਸਾਫ਼ ਪਰ ਪਿਆਰ ਨਾਲ ਸਲਾਹ ਦਿੰਦਾ ਹੈ, ਕਿਉਂਕਿ ਉਹ ਚਾਹੁੰਦਾ ਹੈ ਕਿ ਭੈਣ-ਭਰਾ ਸਲਾਹ ਨੂੰ ਕਬੂਲ ਕਰ ਕੇ ਉਸ ਮੁਤਾਬਕ ਚੱਲਣ।—ਗਲਾ. 6:1.
ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ
13. ਬਜ਼ੁਰਗ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਕਿਵੇਂ ਮਹਿਸੂਸ ਕਰ ਸਕਦੇ ਹਨ?
13 ਇਹ ਮੁਸ਼ਕਲ ਕਿਉਂ ਹੋ ਸਕਦਾ ਹੈ? ਸਾਡੇ ਸਾਰਿਆਂ ਵਾਂਗ ਬਜ਼ੁਰਗ ਵੀ ਨਾਮੁਕੰਮਲ ਹਨ ਅਤੇ ਉਨ੍ਹਾਂ ਤੋਂ ਵੀ ਗ਼ਲਤੀਆਂ ਹੁੰਦੀਆਂ ਹਨ। (ਰੋਮੀ. 3:23) ਕਈ ਵਾਰ ਉਨ੍ਹਾਂ ਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਬਾਰੇ ਸਹੀ ਨਜ਼ਰੀਆ ਰੱਖਣ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ। ਕਈ ਬਜ਼ੁਰਗਾਂ ਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਇੰਨੀਆਂ ਵੱਡੀਆਂ ਲੱਗਦੀਆਂ ਹਨ ਕਿ ਉਹ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦੇ ਹਨ। ਜਾਂ ਕਈਆਂ ਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਇੰਨੀਆਂ ਵੱਡੀਆਂ ਨਹੀਂ ਲੱਗਦੀਆਂ ਜਿਸ ਕਰਕੇ ਉਹ ਆਪਣੇ ਵਿਚ ਕੋਈ ਤਬਦੀਲੀਆਂ ਨਹੀਂ ਕਰਦੇ।
14. ਫ਼ਿਲਿੱਪੀਆਂ 4:13 ਮੁਤਾਬਕ ਨਿਮਰ ਹੋਣ ਕਰਕੇ ਪੌਲੁਸ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਕਿਵੇਂ ਲੜ ਸਕਿਆ?
14 ਪੌਲੁਸ ਨੇ ਕੀ ਕੀਤਾ? ਨਿਮਰ ਹੋਣ ਕਰਕੇ ਪੌਲੁਸ ਇਹ ਗੱਲ ਸਮਝ ਸਕਿਆ ਕਿ ਉਹ ਆਪਣੀ ਤਾਕਤ ਨਾਲ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਨਹੀਂ ਲੜ ਸਕਦਾ। ਉਸ ਨੂੰ ਪਰਮੇਸ਼ੁਰ ਦੀ ਤਾਕਤ ਦੀ ਲੋੜ ਸੀ। ਪਹਿਲਾਂ, ਪੌਲੁਸ ਮਸੀਹੀਆਂ ’ਤੇ ਬਹੁਤ ਅਤਿਆਚਾਰ ਕਰਦਾ ਹੁੰਦਾ ਸੀ, ਪਰ ਬਾਅਦ ਵਿਚ ਉਸ ਨੂੰ ਸਮਝ ਆਇਆ ਕਿ ਉਹ ਗ਼ਲਤ ਕਰ ਰਿਹਾ ਸੀ ਅਤੇ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਤਿਆਰ ਸੀ। (1 ਤਿਮੋ. 1:12-16) ਯਹੋਵਾਹ ਦੀ ਮਦਦ ਨਾਲ ਪੌਲੁਸ ਪਿਆਰ ਕਰਨ ਵਾਲਾ, ਹਮਦਰਦ ਅਤੇ ਨਿਮਰ ਬਜ਼ੁਰਗ ਬਣਿਆ। ਉਹ ਜਾਣਦਾ ਸੀ ਕਿ ਉਸ ਵਿਚ ਬਹੁਤ ਸਾਰੀਆਂ ਕਮੀਆਂ-ਕਮਜ਼ੋਰੀਆਂ ਸਨ, ਪਰ ਉਸ ਨੇ ਆਪਣਾ ਧਿਆਨ ਇਨ੍ਹਾਂ ’ਤੇ ਹੀ ਨਹੀਂ ਲਾਈ ਰੱਖਿਆ। ਇਸ ਦੀ ਬਜਾਇ, ਉਸ ਨੇ ਭਰੋਸਾ ਰੱਖਿਆ ਕਿ ਯਹੋਵਾਹ ਉਸ ਨੂੰ ਮਾਫ਼ ਕਰੇਗਾ। (ਰੋਮੀ. 7:21-25) ਉਸ ਨੇ ਇਹ ਨਹੀਂ ਸੋਚਿਆ ਕਿ ਉਸ ਤੋਂ ਕਦੇ ਗ਼ਲਤੀਆਂ ਨਹੀਂ ਹੋਣਗੀਆਂ, ਸਗੋਂ ਉਸ ਨੇ ਸਖ਼ਤ ਮਿਹਨਤ ਕਰ ਕੇ ਆਪਣੇ ਮਸੀਹੀ ਗੁਣਾਂ ਨੂੰ ਹੋਰ ਵੀ ਨਿਖਾਰਿਆ। ਨਾਲੇ ਉਸ ਨੇ ਨਿਮਰ ਹੋ ਕੇ ਆਪਣੇ ਸੇਵਾ ਦੇ ਕੰਮ ਨੂੰ ਪੂਰਾ ਕਰਨ ਲਈ ਯਹੋਵਾਹ’ਤੇ ਭਰੋਸਾ ਰੱਖਿਆ।—1 ਕੁਰਿੰ. 9:27; ਫ਼ਿਲਿੱਪੀਆਂ 4:13 ਪੜ੍ਹੋ।
15. ਬਜ਼ੁਰਗ ਆਪਣੀਆਂ ਕਮੀਆਂ-ਕਮਜ਼ੋਰੀਆਂ ਬਾਰੇ ਸਹੀ ਨਜ਼ਰੀਆ ਕਿਵੇਂ ਰੱਖ ਸਕਦੇ ਹਨ?
15 ਸਬਕ। ਬਜ਼ੁਰਗਾਂ ਨੂੰ ਇਸ ਕਰਕੇ ਨਹੀਂ ਚੁਣਿਆ ਜਾਂਦਾ ਕਿ ਉਹ ਮੁਕੰਮਲ ਹਨ, ਪਰ ਫਿਰ ਵੀ ਯਹੋਵਾਹ ਉਨ੍ਹਾਂ ਤੋਂ ਉਮੀਦ ਰੱਖਦਾ ਹੈ ਕਿ ਉਹ ਆਪਣੀਆਂ ਗ਼ਲਤੀਆਂ ਮੰਨਣ ਅਤੇ ਆਪਣੇ ਮਸੀਹੀ ਗੁਣਾਂ ਨੂੰ ਨਿਖਾਰਦੇ ਰਹਿਣ। ਇਕ ਬਜ਼ੁਰਗ ਨੂੰ ਪਰਮੇਸ਼ੁਰ ਦੇ ਬਚਨ ਮੁਤਾਬਕ ਆਪਣੀ ਜਾਂਚ ਕਰਨੀ ਚਾਹੀਦੀ ਹੈ ਅਤੇ ਆਪਣੇ ਆਪ ਵਿਚ ਜ਼ਰੂਰੀ ਬਦਲਾਅ ਕਰਨੇ ਚਾਹੀਦੇ ਹਨ। (ਅਫ਼. 4:23, 24) ਜੇ ਉਹ ਇਸ ਤਰ੍ਹਾਂ ਕਰੇਗਾ, ਤਾਂ ਹੀ ਯਹੋਵਾਹ ਉਸ ਦੀ ਖ਼ੁਸ਼ ਰਹਿਣ ਅਤੇ ਸਫ਼ਲ ਹੋਣ ਵਿਚ ਮਦਦ ਕਰੇਗਾ।—ਯਾਕੂ. 1:25.
ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਸਹਿਣਾ
16. ਜੇ ਇਕ ਬਜ਼ੁਰਗ ਦੂਜਿਆਂ ਦੀਆਂ ਕਮੀਆਂ-ਕਮਜ਼ੋਰੀਆਂ ਵੱਲ ਧਿਆਨ ਦਿੰਦਾ ਹੈ, ਤਾਂ ਕੀ ਹੋ ਸਕਦਾ ਹੈ?
16 ਇਹ ਮੁਸ਼ਕਲ ਕਿਉਂ ਹੋ ਸਕਦਾ ਹੈ? ਜਦੋਂ ਬਜ਼ੁਰਗ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਕਾਫ਼ੀ ਸਮਾਂ ਬਿਤਾਉਂਦੇ ਹਨ ਜਾਂ ਉਨ੍ਹਾਂ ਨਾਲ ਮਿਲ ਕੇ ਕੰਮ ਕਰਦੇ ਹਨ, ਤਾਂ ਸ਼ਾਇਦ ਉਨ੍ਹਾਂ ਨੂੰ ਭੈਣਾਂ-ਭਰਾਵਾਂ ਦੀਆਂ ਕਮੀਆਂ-ਕਮਜ਼ੋਰੀਆਂ ਸੌਖਿਆਂ ਹੀ ਨਜ਼ਰ ਆਉਣ ਲੱਗ ਪੈਣ। ਪਰ ਜੇ ਬਜ਼ੁਰਗ ਸਾਵਧਾਨ ਨਾ ਰਹਿਣ, ਤਾਂ ਉਹ ਖਿਝ ਸਕਦੇ ਹਨ, ਰੁੱਖੇ ਤਰੀਕੇ ਨਾਲ ਪੇਸ਼ ਆ ਸਕਦੇ ਹਨ ਜਾਂ ਨੁਕਸ ਕੱਢਣ ਲੱਗ ਸਕਦੇ ਹਨ। ਨਾਲੇ ਸ਼ੈਤਾਨ ਵੀ ਤਾਂ ਇਹੀ ਚਾਹੁੰਦਾ ਹੈ ਕਿ ਉਹ ਇੱਦਾਂ ਹੀ ਪੇਸ਼ ਆਉਣ। ਇਸੇ ਬਾਰੇ ਪੌਲੁਸ ਨੇ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਸੀ।—2 ਕੁਰਿੰ. 2:10, 11.
17. ਪੌਲੁਸ ਦਾ ਆਪਣੇ ਭੈਣਾਂ-ਭਰਾਵਾਂ ਬਾਰੇ ਕਿਹੋ ਜਿਹਾ ਨਜ਼ਰੀਆ ਸੀ?
17 ਪੌਲੁਸ ਨੇ ਕੀ ਕੀਤਾ? ਪੌਲੁਸ ਆਪਣੇ ਭੈਣਾਂ-ਭਰਾਵਾਂ ਬਾਰੇ ਹਮੇਸ਼ਾ ਸਹੀ ਨਜ਼ਰੀਆ ਰੱਖਦਾ ਸੀ। ਉਹ ਜਾਣਦਾ ਸੀ ਕਿ ਭੈਣ-ਭਰਾ ਵੀ ਗ਼ਲਤੀਆਂ ਕਰਦੇ ਸਨ ਕਿਉਂਕਿ ਉਨ੍ਹਾਂ ਦੀਆਂ ਗ਼ਲਤੀਆਂ ਕਰਕੇ ਕਈ ਵਾਰ ਉਸ ਦਾ ਵੀ ਦਿਲ ਦੁਖੀ ਹੋਇਆ ਸੀ। ਫਿਰ ਵੀ ਜਦੋਂ ਕਿਸੇ ਤੋਂ ਗ਼ਲਤੀ ਹੁੰਦੀ ਸੀ, ਤਾਂ ਪੌਲੁਸ ਇਹ ਨਹੀਂ ਸੋਚਦਾ ਸੀ ਕਿ ਉਹ ਭੈਣ ਜਾਂ ਭਰਾ ਗ਼ਲਤ ਸੀ। ਉਹ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰਦਾ ਸੀ ਅਤੇ ਉਨ੍ਹਾਂ ਦੇ ਚੰਗੇ ਗੁਣਾਂ ’ਤੇ ਆਪਣਾ ਧਿਆਨ ਲਾਉਂਦਾ ਸੀ। ਜਦੋਂ ਕਿਸੇ ਭੈਣ ਜਾਂ ਭਰਾ ਨੂੰ ਸਹੀ ਕੰਮ ਕਰਨਾ ਔਖਾ ਲੱਗਦਾ ਸੀ, ਤਾਂ ਉਹ ਸੋਚਦਾ ਸੀ ਕਿ ਉਨ੍ਹਾਂ ਦਾ ਇਰਾਦਾ ਚੰਗਾ ਸੀ ਅਤੇ ਉਨ੍ਹਾਂ ਨੂੰ ਬਸ ਥੋੜ੍ਹੀ ਮਦਦ ਦੀ ਲੋੜ ਸੀ।
18. ਪੌਲੁਸ ਨੇ ਯੂਓਦੀਆ ਅਤੇ ਸੁੰਤੁਖੇ ਦੀ ਜਿਸ ਤਰੀਕੇ ਨਾਲ ਮਦਦ ਕੀਤੀ ਉਸ ਤੋਂ ਤੁਸੀਂ ਕੀ ਸਿੱਖਦੇ ਹੋ? (ਫ਼ਿਲਿੱਪੀਆਂ 4:1-3)
18 ਜ਼ਰਾ ਗੌਰ ਕਰੋ ਕਿ ਪੌਲੁਸ ਨੇ ਦੋ ਭੈਣਾਂ ਦੀ ਕਿਵੇਂ ਮਦਦ ਕੀਤੀ ਜੋ ਫ਼ਿਲਿੱਪੈ ਦੀ ਮੰਡਲੀ ਤੋਂ ਸਨ। (ਫ਼ਿਲਿੱਪੀਆਂ 4:1-3 ਪੜ੍ਹੋ।) ਯੂਓਦੀਆ ਅਤੇ ਸੁੰਤੁਖੇ ਵਿਚ ਅਣਬਣ ਹੋਣ ਕਰਕੇ ਉਨ੍ਹਾਂ ਦੀ ਦੋਸਤੀ ਟੁੱਟ ਗਈ ਸੀ। ਪੌਲੁਸ ਨਾ ਤਾਂ ਉਨ੍ਹਾਂ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਇਆ ਅਤੇ ਨਾ ਹੀ ਉਨ੍ਹਾਂ ਵਿਚ ਨੁਕਸ ਕੱਢੇ। ਇਸ ਦੀ ਬਜਾਇ, ਉਸ ਨੇ ਉਨ੍ਹਾਂ ਦੇ ਚੰਗੇ ਗੁਣਾਂ ’ਤੇ ਧਿਆਨ ਦਿੱਤਾ। ਉਨ੍ਹਾਂ ਦੋਹਾਂ ਭੈਣਾਂ ਨੇ ਕਾਫ਼ੀ ਲੰਬੇ ਸਮੇਂ ਤਕ ਯਹੋਵਾਹ ਦੀ ਵਫ਼ਾਦਾਰੀ ਨਾਲ ਸੇਵਾ ਕੀਤੀ ਸੀ। ਪੌਲੁਸ ਜਾਣਦਾ ਸੀ ਕਿ ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦਾ ਹੈ। ਪੌਲੁਸ ਨੇ ਉਨ੍ਹਾਂ ਦੋਵਾਂ ਭੈਣਾਂ ਬਾਰੇ ਸਹੀ ਨਜ਼ਰੀਆ ਰੱਖਿਆ ਜਿਸ ਕਰਕੇ ਉਹ ਉਨ੍ਹਾਂ ਨੂੰ ਆਪਸ ਵਿਚ ਸ਼ਾਂਤੀ ਕਾਇਮ ਕਰਨ ਦੀ ਹੱਲਾਸ਼ੇਰੀ ਦੇ ਸਕਿਆ। ਦੂਜਿਆਂ ਦੇ ਚੰਗੇ ਗੁਣਾ ’ਤੇ ਧਿਆਨ ਲਾਉਣ ਕਰਕੇ ਪੌਲੁਸ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਆਪਣੀ ਦੋਸਤੀ ਅਤੇ ਆਪਣੀ ਖ਼ੁਸ਼ੀ ਬਰਕਰਾਰ ਰੱਖ ਸਕਿਆ।
19. (ੳ) ਬਜ਼ੁਰਗ ਭੈਣਾਂ-ਭਰਾਵਾਂ ਬਾਰੇ ਸਹੀ ਨਜ਼ਰੀਆ ਕਿਵੇਂ ਬਣਾਈ ਰੱਖ ਸਕਦੇ ਹਨ? (ਅ) ਕਿੰਗਡਮ ਹਾਲ ਦੀ ਸਫ਼ਾਈ ਕਰ ਰਹੇ ਬਜ਼ੁਰਗ ਦੀ ਤਸਵੀਰ ਤੋਂ ਤੁਸੀਂ ਕੀ ਸਿੱਖ ਸਕਦੇ ਹੋ?
19 ਸਬਕ। ਬਜ਼ੁਰਗੋ, ਭੈਣਾਂ-ਭਰਾਵਾਂ ਦੇ ਚੰਗੇ ਗੁਣਾਂ ’ਤੇ ਧਿਆਨ ਲਾਓ। ਭਾਵੇਂ ਕਿ ਅਸੀਂ ਸਾਰੇ ਨਾਮੁਕੰਮਲ ਹਾਂ, ਫਿਰ ਵੀ ਸਾਡੇ ਸਾਰਿਆਂ ਵਿਚ ਚੰਗੇ ਗੁਣ ਹਨ ਜਿਨ੍ਹਾਂ ਦੀ ਅਸੀਂ ਕਦਰ ਕਰ ਸਕਦੇ ਹਾਂ। (ਫ਼ਿਲਿ. 2:3) ਇਹ ਗੱਲ ਸੱਚ ਹੈ ਕਿ ਬਜ਼ੁਰਗਾਂ ਨੂੰ ਸਮੇਂ-ਸਮੇਂ ’ਤੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਉਨ੍ਹਾਂ ਨੂੰ ਸਲਾਹ ਦੇਣੀ ਪੈਂਦੀ ਹੈ। ਪਰ ਉਹ ਪੌਲੁਸ ਵਾਂਗ ਪੂਰੀ ਕੋਸ਼ਿਸ਼ ਕਰਦੇ ਹਨ ਕਿ ਉਹ ਉਨ੍ਹਾਂ ਦੀਆਂ ਖਿਝ ਚੜ੍ਹਾਉਣ ਵਾਲੀਆਂ ਗੱਲਾਂ ਜਾਂ ਕੰਮਾਂ ’ਤੇ ਧਿਆਨ ਨਾ ਲਾਉਣ। ਇਸ ਦੀ ਬਜਾਇ, ਉਹ ਆਪਣਾ ਪੂਰਾ ਧਿਆਨ ਇਸ ਗੱਲ ’ਤੇ ਲਾਉਂਦੇ ਹਨ ਕਿ ਭੈਣ-ਭਰਾ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹਨ, ਮੁਸ਼ਕਲਾਂ ਦੇ ਬਾਵਜੂਦ ਵੀ ਯਹੋਵਾਹ ਦੀ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਦਾ ਇਰਾਦਾ ਚੰਗੇ ਕੰਮ ਕਰਨ ਦਾ ਹੈ। ਜਿਹੜੇ ਬਜ਼ੁਰਗ ਭੈਣਾਂ-ਭਰਾਵਾਂ ਦੇ ਚੰਗੇ ਗੁਣਾਂ ’ਤੇ ਧਿਆਨ ਲਾਉਂਦੇ ਹਨ, ਉਹ ਉਨ੍ਹਾਂ ਨੂੰ ਅਹਿਸਾਸ ਕਰਾਉਂਦੇ ਹਨ ਕਿ ਮੰਡਲੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹੈ।
ਪੌਲੁਸ ਰਸੂਲ ਦੀ ਰੀਸ ਕਰਦੇ ਰਹੋ
20. ਪੌਲੁਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖਣ ਲਈ ਬਜ਼ੁਰਗ ਕੀ ਕਰ ਸਕਦੇ ਹਨ?
20 ਬਜ਼ੁਰਗੋ, ਪੌਲੁਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਸਿੱਖਣ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ। ਉਦਾਹਰਣ ਲਈ, ਤੁਸੀਂ ਗਵਾਹੀ ਦਿਓ ਕਿਤਾਬ ਅਤੇ ਸੰਪੂਰਣ ਪਵਿੱਤਰ ਸ਼ਾਸਤਰ (ਹਿੰਦੀ) ਬਰੋਸ਼ਰ ਵਿਚ ਦਿੱਤੀ ਜਾਣਕਾਰੀ ਪੜ੍ਹ ਸਕਦੇ ਹੋ। * ਇਸ ਜਾਣਕਾਰੀ ਨੂੰ ਪੜ੍ਹਦੇ ਵੇਲੇ ਆਪਣੇ ਆਪ ਨੂੰ ਪੁੱਛੋ: ‘ਆਪਣੀ ਜ਼ਿੰਮੇਵਾਰੀ ਖ਼ੁਸ਼ੀ-ਖ਼ੁਸ਼ੀ ਨਿਭਾਉਣ ਬਾਰੇ ਮੈਂ ਪੌਲੁਸ ਤੋਂ ਕੀ ਸਿੱਖ ਸਕਦਾ ਹਾਂ?’
21. ਬਜ਼ੁਰਗ ਕਿਹੜੀ ਗੱਲ ਦਾ ਭਰੋਸਾ ਰੱਖ ਸਕਦੇ ਹਨ?
21 ਬਜ਼ੁਰਗੋ, ਯਾਦ ਰੱਖੋ ਕਿ ਯਹੋਵਾਹ ਇਹ ਨਹੀਂ ਚਾਹੁੰਦਾ ਕਿ ਤੁਸੀਂ ਮੁਕੰਮਲ ਬਣੋ, ਸਗੋਂ ਉਹ ਚਾਹੁੰਦਾ ਹੈ ਕਿ ਤੁਸੀਂ ਵਫ਼ਾਦਾਰ ਰਹੋ ਅਤੇ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਓ। (1 ਕੁਰਿੰ. 4:2) ਯਹੋਵਾਹ ਪੌਲੁਸ ਦੀ ਸਖ਼ਤ ਮਿਹਨਤ ਅਤੇ ਵਫ਼ਾਦਾਰੀ ਤੋਂ ਖ਼ੁਸ਼ ਸੀ। ਤੁਸੀਂ ਵੀ ਭਰੋਸਾ ਰੱਖ ਸਕਦੇ ਹੋ ਕਿ ਪਰਮੇਸ਼ੁਰ ਦੀ ਸੇਵਾ ਵਿਚ ਤੁਸੀਂ ਜੋ ਵੀ ਕਰਦੇ ਹੋ, ਉਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ। ਨਾਲੇ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਯਹੋਵਾਹ “ਤੁਹਾਡੇ ਕੰਮ ਅਤੇ ਪਿਆਰ ਨੂੰ ਭੁੱਲ ਜਾਵੇ ਜੋ ਤੁਸੀਂ ਉਸ ਦੇ ਨਾਂ ਨਾਲ ਕਰਦੇ ਹੋ ਅਤੇ ਇਸ ਪਿਆਰ ਦੇ ਸਬੂਤ ਵਿਚ ਤੁਸੀਂ ਪਵਿੱਤਰ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਕਰ ਵੀ ਰਹੇ ਹੋ।”—ਇਬ. 6:10.
ਗੀਤ 88 ਮੈਨੂੰ ਆਪਣੇ ਰਾਹਾਂ ਬਾਰੇ ਦੱਸ
^ ਪੈਰਾ 5 ਅਸੀਂ ਬਜ਼ੁਰਗਾਂ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਡੀ ਮਦਦ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ! ਪਰ ਉਨ੍ਹਾਂ ਲਈ ਇੱਦਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਇਸ ਲੇਖ ਵਿਚ ਅਸੀਂ ਚਾਰ ਮਾਮਲਿਆਂ ’ਤੇ ਗੌਰ ਕਰਾਂਗੇ ਜਿਨ੍ਹਾਂ ਬਾਰੇ ਬਜ਼ੁਰਗ ਪੌਲੁਸ ਰਸੂਲ ਤੋਂ ਸਿੱਖ ਸਕਦੇ ਹਨ। ਇਸ ਤਰ੍ਹਾਂ ਅਸੀਂ ਸਮਝ ਸਕਾਂਗੇ ਕਿ ਬਜ਼ੁਰਗਾਂ ਲਈ ਹਰ ਵੇਲੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਸੌਖੀ ਨਹੀਂ ਹੁੰਦੀ। ਇਸ ਤੋਂ ਸਾਨੂੰ ਹੱਲਾਸ਼ੇਰੀ ਮਿਲੇਗੀ ਕਿ ਅਸੀਂ ਬਜ਼ੁਰਗਾਂ ਨੂੰ ਹਮਦਰਦੀ ਤੇ ਪਿਆਰ ਦਿਖਾਈਏ ਅਤੇ ਉਨ੍ਹਾਂ ਦਾ ਪੂਰਾ-ਪੂਰਾ ਸਾਥ ਦੇਈਏ।
^ ਪੈਰਾ 20 ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’ ਕਿਤਾਬ ਦਾ ਅਧਿਆਇ 12 ਪੈਰੇ 17-20 ਅਤੇ ਅਧਿਆਇ 21 ਪੈਰੇ 6-7; “ਸੰਪੂਰਣ ਪਵਿੱਤਰ ਸ਼ਾਸਤਰ”—ਸੱਚਾ ਅਤੇ ਫ਼ਾਇਦੇਮੰਦ (ਮੱਤੀ-ਕੁਲੁੱਸੀਆਂ) ਬਰੋਸ਼ਰ ਦੇ ਸਫ਼ਾ 24 ਪੈਰਾ 19; (1 ਥੱਸਲੁਨੀਕੀਆਂ-ਪ੍ਰਕਾਸ਼ ਦੀ ਕਿਤਾਬ) ਸਫ਼ੇ 12 ਪੈਰੇ 8-9 ਅਤੇ ਦੇਖੋ।
^ ਪੈਰਾ 62 ਤਸਵੀਰ ਬਾਰੇ ਜਾਣਕਾਰੀ: ਇਕ ਭਰਾ ਛੁੱਟੀ ਵੇਲੇ ਆਪਣੇ ਸਾਥੀ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਦਾ ਹੋਇਆ।
^ ਪੈਰਾ 64 ਤਸਵੀਰ ਬਾਰੇ ਜਾਣਕਾਰੀ: ਇਕ ਬਜ਼ੁਰਗ ਇਕੱਲੇ ਬੈਠੇ ਭਰਾ ਨੂੰ ਪਿਆਰ ਨਾਲ ਹੌਸਲਾ ਦਿੰਦਾ ਹੋਇਆ।
^ ਪੈਰਾ 66 ਤਸਵੀਰ ਬਾਰੇ ਜਾਣਕਾਰੀ: ਇਕ ਭਰਾ ਦੂਜੇ ਭਰਾ ਨੂੰ ਪਿਆਰ ਨਾਲ ਸਲਾਹ ਦਿੰਦਾ ਹੋਇਆ ਜੋ ਕਿਸੇ ਗੱਲੋਂ ਨਾਰਾਜ਼ ਹੈ।
^ ਪੈਰਾ 68 ਤਸਵੀਰ ਬਾਰੇ ਜਾਣਕਾਰੀ: ਇਕ ਭਰਾ ਨੇ ਚਾਹੇ ਆਪਣੇ ਆਪ ਨੂੰ ਕੰਮ ਕਰਨ ਲਈ ਪੇਸ਼ ਕੀਤਾ ਹੈ, ਪਰ ਉਸ ਦਾ ਕੰਮ ’ਤੇ ਧਿਆਨ ਨਹੀਂ ਹੈ। ਇਹ ਦੇਖ ਕੇ ਇਕ ਬਜ਼ੁਰਗ ਉਸ ਵਿਚ ਨੁਕਸ ਨਹੀਂ ਕੱਢ ਰਿਹਾ।