ਅਧਿਐਨ ਲੇਖ 11
ਬਪਤਿਸਮੇ ਤੋਂ ਬਾਅਦ ਵੀ “ਨਵੇਂ ਸੁਭਾਅ” ਨੂੰ ਪਹਿਨਦੇ ਰਹੋ
“ਨਵੇਂ ਸੁਭਾਅ ਨੂੰ ਪਹਿਨ ਲਓ।”—ਕੁਲੁ. 3:10.
ਗੀਤ 49 ਯਹੋਵਾਹ ਦਾ ਜੀਅ ਖ਼ੁਸ਼ ਕਰੋ
ਖ਼ਾਸ ਗੱਲਾਂ *
1. ਕਿਹੜੀ ਗੱਲ ਦਾ ਸਾਡੇ ਸੁਭਾਅ ’ਤੇ ਸਭ ਤੋਂ ਜ਼ਿਆਦਾ ਅਸਰ ਪੈਂਦਾ ਹੈ?
ਚਾਹੇ ਸਾਡੇ ਬਪਤਿਸਮੇ ਨੂੰ ਕੁਝ ਹੀ ਦਿਨ ਹੋਏ ਹਨ ਜਾਂ ਕਾਫ਼ੀ ਸਾਲ ਬੀਤ ਗਏ ਹਨ, ਪਰ ਫਿਰ ਵੀ ਅਸੀਂ ਸਾਰੇ ਜਣੇ ਚਾਹੁੰਦੇ ਹਾਂ ਕਿ ਯਹੋਵਾਹ ਨੂੰ ਸਾਡਾ ਸੁਭਾਅ ਪਸੰਦ ਆਵੇ। ਇਸ ਕਰਕੇ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਸੋਚਾਂ ’ਤੇ ਕਾਬੂ ਰੱਖੀਏ। ਕਿਉਂ? ਕਿਉਂਕਿ ਸਾਡੀਆਂ ਸੋਚਾਂ ਦਾ ਸਾਡੇ ਸੁਭਾਅ ’ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਜੇ ਅਸੀਂ ਆਪਣੀਆਂ ਹੀ ਇੱਛਾਵਾਂ ਬਾਰੇ ਸੋਚਦੇ ਰਹਿੰਦੇ ਹਾਂ, ਤਾਂ ਸਾਡੀਆਂ ਗੱਲਾਂ ਅਤੇ ਸਾਡੇ ਕੰਮ ਵੀ ਬੁਰੇ ਹੀ ਹੋਣਗੇ। (ਅਫ਼. 4:17-19) ਦੂਜੇ ਪਾਸੇ, ਜੇ ਅਸੀਂ ਚੰਗੀਆਂ ਗੱਲਾਂ ਸੋਚਾਂਗੇ, ਤਾਂ ਅਸੀਂ ਉਹੀ ਕਹਾਂਗੇ ਜਾਂ ਕਰਾਂਗੇ ਜਿਨ੍ਹਾਂ ਤੋਂ ਸਾਡੇ ਪਿਤਾ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ।—ਗਲਾ. 5:16.
2. ਇਸ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ?
2 ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ, ਅਸੀਂ ਗ਼ਲਤ ਸੋਚਾਂ ਤੋਂ ਪੂਰੀ ਤਰ੍ਹਾਂ ਨਹੀਂ ਬਚ ਸਕਦੇ। ਪਰ ਅਸੀਂ ਇਨ੍ਹਾਂ ਸੋਚਾਂ ਮੁਤਾਬਕ ਨਾ ਚੱਲਣ ਦਾ ਫ਼ੈਸਲਾ ਕਰ ਸਕਦੇ ਹਾਂ। ਬਪਤਿਸਮਾ ਲੈਣ ਤੋਂ ਪਹਿਲਾਂ ਹੀ ਸਾਨੂੰ ਗ਼ਲਤ ਤਰੀਕੇ ਨਾਲ ਗੱਲ ਕਰਨੀ ਅਤੇ ਕੰਮ ਕਰਨੇ ਛੱਡ ਦੇਣੇ ਚਾਹੀਦੇ ਹਨ ਕਿਉਂਕਿ ਯਹੋਵਾਹ ਇਨ੍ਹਾਂ ਨਾਲ ਨਫ਼ਰਤ ਕਰਦਾ ਹੈ। ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟਣ ਲਈ ਇਹ ਪਹਿਲਾ ਅਤੇ ਸਭ ਤੋਂ ਜ਼ਰੂਰੀ ਕਦਮ ਹੈ। ਯਹੋਵਾਹ ਨੂੰ ਪੂਰੀ ਤਰ੍ਹਾਂ ਖ਼ੁਸ਼ ਕਰਨ ਲਈ ਸਾਨੂੰ ਉਸ ਦਾ ਇਹ ਹੁਕਮ ਵੀ ਮੰਨਣਾ ਚਾਹੀਦਾ ਹੈ: “ਨਵੇਂ ਸੁਭਾਅ ਨੂੰ ਪਹਿਨ ਲਓ।” (ਕੁਲੁ. 3:10) ਅਸੀਂ ਇਸ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਲਵਾਂਗੇ: ‘ਨਵਾਂ ਸੁਭਾਅ’ ਕੀ ਹੈ? ਅਸੀਂ ਨਵੇਂ ਸੁਭਾਅ ਨੂੰ ਕਿਵੇਂ ਪਹਿਨ ਸਕਦੇ ਹਾਂ ਅਤੇ ਇਸ ਨੂੰ ਕਿਵੇਂ ਪਹਿਨੀ ਰੱਖ ਸਕਦੇ ਹਾਂ?
‘ਨਵਾਂ ਸੁਭਾਅ’ ਕੀ ਹੈ?
3. ‘ਨਵਾਂ ਸੁਭਾਅ’ ਕੀ ਹੈ ਅਤੇ ਇਕ ਇਨਸਾਨ ਇਸ ਨੂੰ ਕਿਵੇਂ ਪਹਿਨ ਸਕਦਾ ਹੈ? (ਗਲਾਤੀਆਂ 5:22, 23)
3 “ਨਵੇਂ ਸੁਭਾਅ” ਦਾ ਮਤਲਬ ਹੈ ਯਹੋਵਾਹ ਮੁਤਾਬਕ ਸੋਚਣਾ ਅਤੇ ਕੰਮ ਕਰਨਾ। ਨਵੇਂ ਸੁਭਾਅ ਨੂੰ ਪਹਿਨਣ ਵਾਲਾ ਵਿਅਕਤੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਆਪਣੀਆਂ ਸੋਚਾਂ, ਭਾਵਨਾਵਾਂ ਅਤੇ ਕੰਮਾਂ ਨੂੰ ਬਦਲਦਾ ਹੈ ਜਿਸ ਕਰਕੇ ਉਹ ਆਪਣੀ ਜ਼ਿੰਦਗੀ ਵਿਚ ਪਵਿੱਤਰ ਸ਼ਕਤੀ ਦੇ ਗੁਣ ਜ਼ਾਹਰ ਕਰਦਾ ਹੈ। (ਗਲਾਤੀਆਂ 5:22, 23 ਪੜ੍ਹੋ।) ਉਦਾਹਰਣ ਲਈ, ਉਹ ਯਹੋਵਾਹ ਤੇ ਉਸ ਦੇ ਲੋਕਾਂ ਨੂੰ ਪਿਆਰ ਕਰਦਾ ਹੈ। (ਮੱਤੀ 22:36-39) ਉਹ ਦੁੱਖ-ਮੁਸੀਬਤਾਂ ਵਿਚ ਵੀ ਆਪਣੀ ਖ਼ੁਸ਼ੀ ਬਣਾਈ ਰੱਖਦਾ ਹੈ। (ਯਾਕੂ. 1:2-4) ਉਹ ਸ਼ਾਂਤੀ ਕਾਇਮ ਕਰਨ ਵਾਲਾ ਹੁੰਦਾ ਹੈ। (ਮੱਤੀ 5:9) ਉਹ ਦੂਜਿਆਂ ਨਾਲ ਧੀਰਜ ਅਤੇ ਦਇਆ ਨਾਲ ਪੇਸ਼ ਆਉਂਦਾ ਹੈ। (ਕੁਲੁ. 3:13) ਉਹ ਚੰਗੀਆਂ ਗੱਲਾਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਮੁਤਾਬਕ ਕੰਮ ਕਰਦਾ ਹੈ। (ਲੂਕਾ 6:35) ਉਹ ਆਪਣੇ ਕੰਮਾਂ ਰਾਹੀਂ ਆਪਣੇ ਸਵਰਗੀ ਪਿਤਾ ’ਤੇ ਆਪਣੀ ਪੱਕੀ ਨਿਹਚਾ ਦਾ ਸਬੂਤ ਦਿੰਦਾ ਹੈ। (ਯਾਕੂ. 2:18) ਜਦੋਂ ਦੂਜੇ ਉਸ ਨੂੰ ਗੁੱਸਾ ਚੜ੍ਹਾਉਂਦੇ ਹਨ, ਤਾਂ ਵੀ ਉਹ ਨਰਮਾਈ ਨਾਲ ਪੇਸ਼ ਆਉਂਦਾ ਹੈ ਅਤੇ ਉਹ ਹਰ ਗੱਲ ਵਿਚ ਸੰਜਮ ਰੱਖਦਾ ਹੈ।—1 ਕੁਰਿੰ. 9:25, 27; ਤੀਤੁ. 3:2.
4. ਗਲਾਤੀਆਂ 5:22, 23 ਵਿਚ ਦੱਸੇ ਗੁਣਾਂ ਨੂੰ ਅਸੀਂ ਇਕ-ਇਕ ਕਰ ਕੇ ਕਿਉਂ ਨਹੀਂ ਦਿਖਾ ਸਕਦੇ? ਸਮਝਾਓ।
4 ਨਵੇਂ ਸੁਭਾਅ ਨੂੰ ਪਹਿਨਣ ਲਈ ਸਾਨੂੰ ਗਲਾਤੀਆਂ 5:22, 23 ਅਤੇ ਬਾਈਬਲ ਦੀਆਂ ਹੋਰ ਆਇਤਾਂ ਵਿਚ ਦੱਸੇ ਸਾਰੇ ਗੁਣ ਪੈਦਾ ਕਰਨੇ ਚਾਹੀਦੇ ਹਨ। * ਇਹ ਸਾਰੇ ਗੁਣ ਅਲੱਗ-ਅਲੱਗ ਕੱਪੜਿਆਂ ਵਾਂਗ ਨਹੀਂ ਹਨ ਜਿਨ੍ਹਾਂ ਨੂੰ ਅਸੀਂ ਅਲੱਗ-ਅਲੱਗ ਸਮੇਂ ’ਤੇ ਪਹਿਨ ਸਕਦੇ ਹਾਂ। ਦਰਅਸਲ, ਇਹ ਸਾਰੇ ਗੁਣ ਆਪਸ ਵਿਚ ਇਕ-ਦੂਜੇ ਨਾਲ ਜੁੜੇ ਹੋਏ ਹਨ। ਉਦਾਹਰਣ ਲਈ, ਜੇ ਤੁਸੀਂ ਆਪਣੇ ਗੁਆਂਢੀ ਨੂੰ ਸੱਚੀਂ ਪਿਆਰ ਕਰਦੇ ਹੋ, ਤਾਂ ਤੁਸੀਂ ਉਸ ਨਾਲ ਧੀਰਜ ਅਤੇ ਦਇਆ ਨਾਲ ਪੇਸ਼ ਆਓਗੇ। ਨਾਲੇ ਦਿਲੋਂ ਚੰਗਾ ਇਨਸਾਨ ਬਣਨ ਲਈ ਜ਼ਰੂਰੀ ਹੈ ਕਿ ਤੁਸੀਂ ਨਰਮਾਈ ਤੇ ਸੰਜਮ ਨਾਲ ਪੇਸ਼ ਆਓ।
ਅਸੀਂ ਨਵੇਂ ਸੁਭਾਅ ਨੂੰ ਕਿਵੇਂ ਪਹਿਨ ਸਕਦੇ ਹਾਂ?
5. “ਸਾਡੇ ਵਿਚ ਮਸੀਹ ਦਾ ਮਨ” ਹੋਣ ਦਾ ਕੀ ਮਤਲਬ ਹੈ ਅਤੇ ਸਾਨੂੰ ਯਿਸੂ ਦੀ ਜ਼ਿੰਦਗੀ ਬਾਰੇ ਕਿਉਂ ਸਿੱਖਣਾ ਚਾਹੀਦਾ ਹੈ? (1 ਕੁਰਿੰਥੀਆਂ 2:16)
5 ਪਹਿਲਾ ਕੁਰਿੰਥੀਆਂ 2:16 ਪੜ੍ਹੋ। ਨਵਾਂ ਸੁਭਾਅ ਪਹਿਨਣ ਲਈ ਜ਼ਰੂਰੀ ਹੈ ਕਿ “ਸਾਡੇ ਵਿਚ ਮਸੀਹ ਦਾ ਮਨ” ਹੋਵੇ। ਇਸ ਦਾ ਮਤਲਬ ਹੈ ਕਿ ਅਸੀਂ ਯਿਸੂ ਵਾਂਗ ਸੋਚਣਾ ਸਿੱਖੀਏ ਅਤੇ ਉਸ ਦੀ ਰੀਸ ਕਰੀਏ। ਯਿਸੂ ਪਵਿੱਤਰ ਸ਼ਕਤੀ ਦੇ ਗੁਣ ਬਾਖੂਬੀ ਦਿਖਾਉਂਦਾ ਹੈ। ਯਿਸੂ ਦੀ ਸੋਚ ਅਤੇ ਕੰਮ ਹੂ-ਬਹੂ ਯਹੋਵਾਹ ਵਰਗੇ ਹਨ। (ਇਬ. 1:3) ਇਸੇ ਤਰ੍ਹਾਂ ਜਿੰਨਾ ਜ਼ਿਆਦਾ ਅਸੀਂ ਯਿਸੂ ਵਾਂਗ ਸੋਚਾਂਗੇ, ਉੱਨਾ ਜ਼ਿਆਦਾ ਅਸੀਂ ਉਸ ਵਾਂਗ ਕੰਮ ਕਰਾਂਗੇ ਅਤੇ ਸਾਡਾ ਸੁਭਾਅ ਉੱਨਾ ਹੀ ਜ਼ਿਆਦਾ ਉਸ ਵਰਗਾ ਬਣਦਾ ਜਾਵੇਗਾ।—ਫ਼ਿਲਿ. 2:5.
6. ਨਵਾਂ ਸੁਭਾਅ ਪਹਿਨਣ ਦੀ ਕੋਸ਼ਿਸ਼ ਕਰਦਿਆਂ ਸਾਨੂੰ ਕਿਹੜੀਆਂ ਜ਼ਰੂਰੀ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ?
6 ਕੀ ਸਾਡੇ ਲਈ ਯਿਸੂ ਦੀ ਰੀਸ ਕਰਨੀ ਮੁਮਕਿਨ ਹੈ? ਅਸੀਂ ਸ਼ਾਇਦ ਸੋਚੀਏ: ‘ਯਿਸੂ ਤਾਂ ਮੁਕੰਮਲ ਹੈ। ਮੈਂ ਕਦੇ ਵੀ ਪੂਰੀ ਤਰ੍ਹਾਂ ਉਸ ਵਰਗਾ ਨਹੀਂ ਬਣ ਸਕਦਾ!’ ਜੇ ਤੁਸੀਂ ਵੀ ਇਸ ਤਰ੍ਹਾਂ ਸੋਚਦੇ ਹੋ, ਤਾਂ ਤੁਸੀਂ ਇਹ ਜ਼ਰੂਰੀ ਗੱਲਾਂ ਯਾਦ ਰੱਖ ਸਕਦੇ ਹੋ। ਪਹਿਲੀ, ਤੁਹਾਨੂੰ ਯਹੋਵਾਹ ਅਤੇ ਯਿਸੂ ਦੇ ਸਰੂਪ ਉੱਤੇ ਬਣਾਇਆ ਗਿਆ ਹੈ। ਇਸ ਲਈ ਤੁਸੀਂ ਉਨ੍ਹਾਂ ਦੀ ਰੀਸ ਕਰ ਸਕਦੇ ਹੋ ਅਤੇ ਕੁਝ ਹੱਦ ਤਕ ਉਨ੍ਹਾਂ ਵਰਗੇ ਬਣਨ ਵਿਚ ਸਫ਼ਲ ਵੀ ਹੋ ਸਕਦੇ ਹੋ। (ਉਤ. 1:26) ਦੂਜੀ, ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਹੈ। ਇਸ ਦੀ ਮਦਦ ਨਾਲ ਤੁਸੀਂ ਉਹ ਕੰਮ ਵੀ ਕਰ ਸਕਦੇ ਹੋ ਜੋ ਤੁਸੀਂ ਆਪਣੀ ਤਾਕਤ ਨਾਲ ਕਦੇ ਨਹੀਂ ਕਰ ਸਕਦੇ। ਤੀਜੀ, ਯਹੋਵਾਹ ਸਾਡੇ ਤੋਂ ਇਹ ਆਸ ਨਹੀਂ ਰੱਖਦਾ ਕਿ ਅਸੀਂ ਹੁਣ ਪੂਰੀ ਤਰ੍ਹਾਂ ਪਵਿੱਤਰ ਸ਼ਕਤੀ ਦੇ ਗੁਣ ਦਿਖਾਈਏ। ਦਰਅਸਲ, ਸਾਡੇ ਸਵਰਗੀ ਪਿਤਾ ਨੇ ਧਰਤੀ ’ਤੇ ਰਹਿਣ ਦੀ ਉਮੀਦ ਰੱਖਣ ਵਾਲਿਆਂ ਵਾਸਤੇ ਮੁਕੰਮਲ ਬਣਨ ਲਈ 1,000 ਸਾਲ ਦਾ ਸਮਾਂ ਰੱਖਿਆ ਹੈ। (ਪ੍ਰਕਾ. 20:1-3) ਪਰ ਅੱਜ ਯਹੋਵਾਹ ਸਾਡੇ ਤੋਂ ਚਾਹੁੰਦਾ ਹੈ ਕਿ ਅਸੀਂ ਇਸ ਤਰ੍ਹਾਂ ਕਰਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀਏ ਅਤੇ ਮਦਦ ਲਈ ਉਸ ’ਤੇ ਭਰੋਸਾ ਰੱਖੀਏ।
7. ਅਸੀਂ ਹੁਣ ਕਿਸ ਗੱਲ ’ਤੇ ਗੌਰ ਕਰਾਂਗੇ?
7 ਅਸੀਂ ਖ਼ਾਸ ਤੌਰ ਤੇ ਕਿਨ੍ਹਾਂ ਗੱਲਾਂ ਵਿਚ ਯਿਸੂ ਦੀ ਰੀਸ ਕਰ ਸਕਦੇ ਹਾਂ? ਅਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਚਾਰ ਗੁਣਾਂ ’ਤੇ ਗੌਰ ਕਰਾਂਗੇ। ਹਰੇਕ ਗੁਣ ਦੀ ਜਾਂਚ ਕਰਦਿਆਂ ਅਸੀਂ ਦੇਖਾਂਗੇ ਕਿ ਯਿਸੂ ਨੇ ਇਹ ਗੁਣ ਕਿਵੇਂ ਦਿਖਾਏ ਅਤੇ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ। ਇਨ੍ਹਾਂ ਦੀ ਜਾਂਚ ਕਰਦਿਆਂ ਅਸੀਂ ਕੁਝ ਸਵਾਲਾਂ ’ਤੇ ਵੀ ਗੌਰ ਕਰਾਂਗੇ। ਇਨ੍ਹਾਂ ਸਵਾਲਾਂ ਦੀ ਮਦਦ ਨਾਲ ਅਸੀਂ ਆਪਣੀ ਜਾਂਚ ਕਰ ਸਕਾਂਗੇ ਕਿ ਅਸੀਂ ਨਵੇਂ ਸੁਭਾਅ ਨੂੰ ਕਿੰਨੀ ਕੁ ਚੰਗੀ ਤਰ੍ਹਾਂ ਪਹਿਨਿਆ ਹੈ।
8. ਯਿਸੂ ਨੇ ਪਿਆਰ ਕਿਵੇਂ ਦਿਖਾਇਆ?
8 ਯਿਸੂ ਆਪਣੇ ਪਿਤਾ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਹੈ, ਇਸ ਕਰਕੇ ਉਸ ਨੇ ਆਪਣੇ ਪਿਤਾ ਅਤੇ ਸਾਡੇ ਲਈ ਕੁਰਬਾਨੀਆਂ ਕੀਤੀਆਂ। (ਯੂਹੰ. 14:31; 15:13) ਯਿਸੂ ਨੇ ਧਰਤੀ ’ਤੇ ਆਪਣੇ ਜੀਉਣ ਦੇ ਤਰੀਕੇ ਤੋਂ ਦਿਖਾਇਆ ਕਿ ਉਹ ਲੋਕਾਂ ਨੂੰ ਕਿੰਨਾ ਪਿਆਰ ਕਰਦਾ ਸੀ! ਉਸ ਨੇ ਹਰ ਰੋਜ਼ ਲੋਕਾਂ ਲਈ ਪਿਆਰ ਅਤੇ ਹਮਦਰਦੀ ਦਿਖਾਈ, ਉਦੋਂ ਵੀ ਜਦੋਂ ਕੁਝ ਜਣਿਆਂ ਨੇ ਉਸ ਦਾ ਵਿਰੋਧ ਕੀਤਾ। ਉਸ ਨੇ ਖ਼ਾਸ ਤੌਰ ਤੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾ ਕੇ ਪਿਆਰ ਦਿਖਾਇਆ। (ਲੂਕਾ 4:43, 44) ਉਸ ਨੇ ਖ਼ੁਸ਼ੀ-ਖ਼ੁਸ਼ੀ ਪਾਪੀ ਲੋਕਾਂ ਦੇ ਹੱਥੋਂ ਦੁੱਖ ਝੱਲੇ ਅਤੇ ਦਰਦਨਾਕ ਮੌਤ ਮਰ ਕੇ ਯਹੋਵਾਹ ਅਤੇ ਲੋਕਾਂ ਲਈ ਆਪਣੇ ਨਿਰਸੁਆਰਥ ਪਿਆਰ ਦਾ ਸਬੂਤ ਦਿੱਤਾ। ਇਸ ਤਰ੍ਹਾਂ ਉਸ ਨੇ ਸਾਡੇ ਸਾਰਿਆਂ ਲਈ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਖੋਲ੍ਹਿਆ।
9. ਅਸੀਂ ਯਿਸੂ ਵਾਂਗ ਦੂਜਿਆਂ ਲਈ ਪਿਆਰ ਕਿਵੇਂ ਦਿਖਾ ਸਕਦੇ ਹਾਂ?
9 ਆਪਣੇ ਸਵਰਗੀ ਪਿਤਾ ਯਹੋਵਾਹ ਨਾਲ ਪਿਆਰ ਹੋਣ ਕਰਕੇ ਅਸੀਂ ਉਸ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਅਤੇ ਬਪਤਿਸਮਾ ਲਿਆ। ਇਸ ਲਈ ਸਾਨੂੰ ਵੀ ਯਿਸੂ ਵਾਂਗ ਲੋਕਾਂ ਨਾਲ ਪਿਆਰ ਨਾਲ ਪੇਸ਼ ਆ ਕੇ ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਦੇਣਾ ਚਾਹੀਦਾ ਹੈ। ਯੂਹੰਨਾ ਰਸੂਲ ਨੇ ਲਿਖਿਆ: “ਜਿਹੜਾ ਆਪਣੇ ਭਰਾ ਨਾਲ ਪਿਆਰ ਨਹੀਂ ਕਰਦਾ ਜਿਸ ਨੂੰ ਉਸ ਨੇ ਦੇਖਿਆ ਹੈ, ਉਹ ਪਰਮੇਸ਼ੁਰ ਨਾਲ ਪਿਆਰ ਨਹੀਂ ਕਰ ਸਕਦਾ ਜਿਸ ਨੂੰ ਉਸ ਨੇ ਕਦੇ ਦੇਖਿਆ ਹੀ ਨਹੀਂ।” (1 ਯੂਹੰ. 4:20) ਅਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛ ਸਕਦੇ ਹਾਂ: ‘ਕੀ ਮੈਂ ਲੋਕਾਂ ਨੂੰ ਦਿਲੋਂ ਪਿਆਰ ਕਰਦਾ ਹਾਂ? ਕੀ ਮੈਂ ਲੋਕਾਂ ਨਾਲ ਦਇਆ ਨਾਲ ਪੇਸ਼ ਆਉਂਦਾ ਹਾਂ, ਉਦੋਂ ਵੀ ਜਦੋਂ ਉਹ ਮੇਰੇ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਂਦੇ ਹਨ? ਕੀ ਮੈਂ ਦੂਜਿਆਂ ਨੂੰ ਯਹੋਵਾਹ ਬਾਰੇ ਸਿਖਾਉਣ ਲਈ ਆਪਣਾ ਸਮਾਂ ਅਤੇ ਚੀਜ਼ਾਂ ਵਰਤਣ ਲਈ ਤਿਆਰ ਰਹਿੰਦਾ ਹਾਂ? ਕੀ ਮੈਂ ਉਦੋਂ ਵੀ ਇਸ ਤਰ੍ਹਾਂ ਕਰਦਾ ਹਾਂ ਜਦੋਂ ਜ਼ਿਆਦਾਤਰ ਲੋਕ ਮੇਰਾ ਵਿਰੋਧ ਕਰਦੇ ਹਨ ਜਾਂ ਮੇਰੇ ਕੰਮ ਦੀ ਕੋਈ ਕਦਰ ਨਹੀਂ ਕਰਦੇ? ਕੀ ਮੈਂ ਚੇਲੇ ਬਣਾਉਣ ਦੇ ਕੰਮ ਵਿਚ ਹੋਰ ਜ਼ਿਆਦਾ ਹਿੱਸਾ ਲੈਣ ਦੇ ਮੌਕੇ ਭਾਲਦਾ ਹਾਂ?’—ਅਫ਼. 5:15, 16.
10. ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਸ਼ਾਂਤੀ ਕਾਇਮ ਕਰਨ ਵਾਲਾ ਇਨਸਾਨ ਸੀ?
10 ਯਿਸੂ ਸ਼ਾਂਤੀ ਕਾਇਮ ਕਰਨ ਵਾਲਾ ਇਨਸਾਨ ਸੀ। ਜਦੋਂ ਲੋਕ ਉਸ ਨਾਲ ਬੁਰਾ ਸਲੂਕ ਕਰਦੇ ਸਨ, ਤਾਂ ਉਹ ਬੁਰਾਈ ਦੇ ਵੱਟੇ ਬੁਰਾਈ ਨਹੀਂ ਕਰਦਾ ਸੀ। ਇੰਨਾ ਹੀ ਨਹੀਂ, ਸਗੋਂ ਉਹ ਦੂਜਿਆਂ ਨਾਲ ਸ਼ਾਂਤੀ ਕਾਇਮ ਕਰਨ ਵਿਚ ਪਹਿਲ ਕਰਦਾ ਸੀ ਅਤੇ ਦੂਜਿਆਂ ਨੂੰ ਵੀ ਆਪਣੇ ਝਗੜੇ ਸੁਲਝਾਉਣ ਦੀ ਹੱਲਾਸ਼ੇਰੀ ਦਿੰਦਾ ਸੀ। ਉਦਾਹਰਣ ਲਈ, ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਯਹੋਵਾਹ ਤਾਂ ਹੀ ਉਨ੍ਹਾਂ ਦੀ ਭਗਤੀ ਸਵੀਕਾਰ ਕਰੇਗਾ ਜੇ ਉਹ ਆਪਣੇ ਭਰਾ ਨਾਲ ਸ਼ਾਂਤੀ ਕਾਇਮ ਕਰਨਗੇ। (ਮੱਤੀ 5:9, 23, 24) ਯਿਸੂ ਦੇ ਚੇਲੇ ਵਾਰ-ਵਾਰ ਇਸ ਗੱਲ ’ਤੇ ਬਹਿਸ ਕਰਦੇ ਸਨ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਸੀ ਅਤੇ ਉਸ ਨੇ ਹਰ ਵਾਰ ਇਸ ਬਹਿਸ ਨੂੰ ਖ਼ਤਮ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ।—ਲੂਕਾ 9:46-48; 22:24-27.
11. ਅਸੀਂ ਸ਼ਾਂਤੀ ਕਾਇਮ ਕਰਨ ਵਾਲੇ ਕਿਵੇਂ ਬਣ ਸਕਦੇ ਹਾਂ?
11 ਸ਼ਾਂਤੀ ਕਾਇਮ ਕਰਨ ਵਾਲੇ ਇਨਸਾਨ ਬਣਨ ਲਈ ਸਾਨੂੰ ਸਿਰਫ਼ ਲੜਾਈ-ਝਗੜੇ ਤੋਂ ਬਚਣ ਦੀ ਹੀ ਲੋੜ ਨਹੀਂ ਹੈ, ਸਗੋਂ ਸਾਨੂੰ ਦੂਜਿਆਂ ਨਾਲ ਸ਼ਾਂਤੀ ਕਾਇਮ ਕਰਨ ਲਈ ਪਹਿਲ ਕਰਨੀ ਚਾਹੀਦੀ ਹੈ। ਨਾਲੇ ਸਾਨੂੰ ਦੂਜੇ ਭੈਣਾਂ-ਭਰਾਵਾਂ ਨੂੰ ਵੀ ਆਪਣੇ ਝਗੜੇ ਖ਼ਤਮ ਕਰਨ ਦੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ। (ਫ਼ਿਲਿ. 4:2, 3; ਯਾਕੂ. 3:17, 18) ਅਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛ ਸਕਦੇ ਹਾਂ: ‘ਕੀ ਮੈਂ ਦੂਜਿਆਂ ਨਾਲ ਸ਼ਾਂਤੀ ਕਾਇਮ ਕਰਨ ਵਾਸਤੇ ਕੁਰਬਾਨੀਆਂ ਕਰਨ ਲਈ ਤਿਆਰ ਹਾਂ? ਜੇ ਕੋਈ ਭੈਣ ਜਾਂ ਭਰਾ ਮੇਰਾ ਦਿਲ ਦੁਖਾਉਂਦਾ ਹੈ, ਤਾਂ ਕੀ ਮੈਂ ਆਪਣੇ ਦਿਲ ਵਿਚ ਉਸ ਲਈ ਨਾਰਾਜ਼ਗੀ ਪਾਲ਼ ਲੈਂਦਾ ਹੈ? ਝਗੜਾ ਹੋਣ ਤੇ ਕੀ ਮੈਂ ਇੰਤਜ਼ਾਰ ਕਰਦਾ ਹਾਂ ਕਿ ਦੂਜਾ ਵਿਅਕਤੀ ਪਹਿਲ ਕਰ ਕੇ ਸ਼ਾਂਤੀ ਕਾਇਮ ਕਰੇ ਜਾਂ ਫਿਰ ਕੀ ਮੈਂ ਪਹਿਲ ਕਰਦਾ ਹਾਂ, ਚਾਹੇ ਮੈਨੂੰ ਲੱਗਦਾ ਹੈ ਕਿ ਕਸੂਰ ਦੂਜੇ ਵਿਅਕਤੀ ਦਾ ਹੀ ਹੈ? ਜਦੋਂ ਮੇਰੇ ਲਈ ਗੱਲ ਕਰਨੀ ਸਹੀ ਹੋਵੇ, ਤਾਂ ਕੀ ਮੈਂ ਦੂਜਿਆਂ ਨੂੰ ਝਗੜੇ ਖ਼ਤਮ ਕਰ ਕੇ ਆਪਸ ਵਿਚ ਸ਼ਾਂਤੀ ਕਾਇਮ ਕਰਨ ਦੀ ਹੱਲਾਸ਼ੇਰੀ ਦਿੰਦਾ ਹਾਂ?’
12. ਯਿਸੂ ਨੇ ਦਇਆ ਕਿਵੇਂ ਦਿਖਾਈ?
12 ਯਿਸੂ ਦਇਆ ਦਿਖਾਉਣ ਵਾਲਾ ਇਨਸਾਨ ਸੀ। (ਮੱਤੀ 11:28-30) ਚਾਹੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਫਿਰ ਵੀ ਉਹ ਹਮੇਸ਼ਾ ਕੋਮਲਤਾ ਨਾਲ ਪੇਸ਼ ਆਉਂਦਾ ਸੀ ਅਤੇ ਆਪਣੀ ਗੱਲ ’ਤੇ ਅੜਿਆ ਨਹੀਂ ਰਹਿੰਦਾ ਸੀ। ਉਦਾਹਰਣ ਲਈ, ਜਦੋਂ ਫੈਨੀਕੇ ਦੀ ਇਕ ਔਰਤ ਨੇ ਆਪਣੀ ਬੱਚੀ ਨੂੰ ਠੀਕ ਕਰਨ ਲਈ ਯਿਸੂ ਦੀਆਂ ਮਿੰਨਤਾਂ ਕੀਤੀਆਂ, ਤਾਂ ਯਿਸੂ ਨੇ ਪਹਿਲਾਂ ਉਸ ਦੀ ਬੇਨਤੀ ਨਹੀਂ ਸੁਣੀ। ਔਰਤ ਦੀ ਨਿਹਚਾ ਦੇਖ ਕੇ ਯਿਸੂ ਨੇ ਦਇਆ ਦਿਖਾਈ ਅਤੇ ਉਸ ਦੀ ਬੱਚੀ ਨੂੰ ਠੀਕ ਕਰ ਦਿੱਤਾ। (ਮੱਤੀ 15:22-28) ਚਾਹੇ ਯਿਸੂ ਦਇਆ ਕਰਨ ਵਾਲਾ ਇਨਸਾਨ ਸੀ, ਪਰ ਉਹ ਭਾਵਨਾਵਾਂ ਵਿਚ ਨਹੀਂ ਵਹਿ ਜਾਂਦਾ ਸੀ। ਯਿਸੂ ਜਿਨ੍ਹਾਂ ਲੋਕਾਂ ਨੂੰ ਪਿਆਰ ਕਰਦਾ ਸੀ, ਕਈ ਵਾਰ ਲੋੜ ਪੈਣ ’ਤੇ ਉਨ੍ਹਾਂ ਨੂੰ ਸਖ਼ਤੀ ਨਾਲ ਸਲਾਹ ਵੀ ਦਿੰਦਾ ਸੀ। ਉਦਾਹਰਣ ਲਈ, ਜਦੋਂ ਪਤਰਸ ਨੇ ਯਿਸੂ ਨੂੰ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਤੋਂ ਰੋਕਿਆ, ਤਾਂ ਯਿਸੂ ਨੇ ਸਾਰੇ ਚੇਲਿਆਂ ਸਾਮ੍ਹਣੇ ਉਸ ਨੂੰ ਝਿੜਕਿਆ। (ਮਰ. 8:32, 33) ਉਸ ਨੇ ਇਸ ਤਰ੍ਹਾਂ ਪਤਰਸ ਨੂੰ ਸ਼ਰਮਿੰਦਾ ਕਰਨ ਲਈ ਨਹੀਂ ਕੀਤਾ, ਸਗੋਂ ਉਹ ਉਸ ਨੂੰ ਅਤੇ ਬਾਕੀ ਚੇਲਿਆਂ ਨੂੰ ਇਹ ਸਿਖਾ ਰਿਹਾ ਸੀ ਕਿ ਉਨ੍ਹਾਂ ਨੂੰ ਆਪਣੀਆਂ ਹੱਦਾਂ ਵਿਚ ਰਹਿਣਾ ਚਾਹੀਦਾ ਸੀ। ਬਿਨਾਂ ਸ਼ੱਕ, ਸ਼ੁਰੂ-ਸ਼ੁਰੂ ਵਿਚ ਤਾਂ ਪਤਰਸ ਨੂੰ ਜ਼ਰੂਰ ਸ਼ਰਮਿੰਦਗੀ ਮਹਿਸੂਸ ਹੋਈ ਹੋਣੀ, ਪਰ ਸੁਧਾਰੇ ਜਾਣ ਕਰਕੇ ਉਸ ਨੂੰ ਫ਼ਾਇਦਾ ਵੀ ਹੋਇਆ।
13. ਅਸੀਂ ਦਇਆ ਕਿਵੇਂ ਦਿਖਾ ਸਕਦੇ ਹਾਂ?
13 ਕਈ ਵਾਰ ਸਾਨੂੰ ਉਨ੍ਹਾਂ ਲੋਕਾਂ ਨੂੰ ਵੀ ਸਿੱਧੀ-ਸਿੱਧੀ ਸਲਾਹ ਦੇਣੀ ਪੈਂਦੀ ਹੈ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ। ਇਹ ਵੀ ਦਇਆ ਦਿਖਾਉਣ ਦਾ ਇਕ ਤਰੀਕਾ ਹੈ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਯਿਸੂ ਦੀ ਰੀਸ ਕਰਦਿਆਂ ਪਰਮੇਸ਼ੁਰ ਦੇ ਬਚਨ ਮੁਤਾਬਕ ਹੀ ਸਲਾਹ ਦੇਣੀ ਚਾਹੀਦੀ ਹੈ। ਨਾਲੇ ਸਲਾਹ ਦਿੰਦੇ ਵੇਲੇ ਸਾਨੂੰ ਉਨ੍ਹਾਂ ਨਾਲ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ। ਜੇ ਉਹ ਵਿਅਕਤੀ ਯਹੋਵਾਹ ਅਤੇ ਤੁਹਾਨੂੰ ਪਿਆਰ ਕਰਦਾ ਹੈ, ਤਾਂ ਯਕੀਨ ਰੱਖੋ ਕਿ ਉਹ ਤੁਹਾਡੀ ਸਲਾਹ ਜ਼ਰੂਰ ਮੰਨੇਗਾ। ਇਹ ਨਾ ਸੋਚੋ ਕਿ ਉਹ ਤਾਂ ਸੁਧਰ ਹੀ ਨਹੀਂ ਸਕਦਾ। ਅਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛ ਸਕਦੇ ਹਾਂ: ‘ਜਦੋਂ ਮੈਂ ਉਸ ਵਿਅਕਤੀ ਨੂੰ ਕੋਈ ਗ਼ਲਤ ਕੰਮ ਕਰਦੇ ਹੋਏ ਦੇਖਦਾ ਹਾਂ ਜਿਸ ਨੂੰ ਮੈਂ ਪਿਆਰ ਕਰਦਾ ਹਾਂ, ਤਾਂ ਕੀ ਮੈਂ ਹਿੰਮਤ ਕਰ ਕੇ ਉਸ ਨਾਲ ਗੱਲ ਕਰਦਾ ਹਾਂ? ਜੇ ਮੈਨੂੰ ਉਸ ਨੂੰ ਸਲਾਹ ਦੇਣ ਦੀ ਲੋੜ ਪੈਂਦੀ ਹੈ, ਤਾਂ ਕੀ ਮੈਂ ਉਸ ਨਾਲ ਪਿਆਰ ਨਾਲ ਗੱਲ ਕਰਦਾ ਹਾਂ ਜਾਂ ਰੁੱਖੇ ਤਰੀਕੇ ਨਾਲ? ਸਲਾਹ ਦੇਣ ਪਿੱਛੇ ਮੇਰਾ ਇਰਾਦਾ ਕੀ ਹੈ? ਕੀ ਮੈਂ ਉਸ ਨੂੰ ਸਲਾਹ ਇਸ ਕਰਕੇ ਦੇ ਰਿਹਾ ਹਾਂ ਕਿਉਂਕਿ ਮੈਂ ਉਸ ਤੋਂ ਖਿਝਿਆ ਹੋਇਆ ਹਾਂ ਜਾਂ ਉਸ ਦਾ ਭਲਾ ਚਾਹੁੰਦਾ ਹਾਂ?’
14. ਯਿਸੂ ਨੇ ਭਲਾਈ ਦਾ ਗੁਣ ਕਿਵੇਂ ਦਿਖਾਇਆ?
14 ਯਿਸੂ ਸਿਰਫ਼ ਇਹ ਜਾਣਦਾ ਹੀ ਨਹੀਂ ਕਿ ਦੂਜਿਆਂ ਲਈ ਭਲੇ ਕੰਮ ਕਿਵੇਂ ਕਰਨੇ ਹਨ, ਸਗੋਂ ਉਹ ਕਰਦਾ ਵੀ ਹੈ। ਯਿਸੂ ਆਪਣੇ ਪਿਤਾ ਨੂੰ ਪਿਆਰ ਕਰਦਾ ਹੈ, ਇਸ ਕਰਕੇ ਉਹ ਹਮੇਸ਼ਾ ਸਹੀ ਇਰਾਦੇ ਨਾਲ ਭਲੇ ਕੰਮ ਕਰਦਾ ਹੈ। ਇਸ ਤਰ੍ਹਾਂ ਯਿਸੂ ਨੇ ਭਲਾਈ ਦਾ ਗੁਣ ਦਿਖਾਇਆ। ਸਾਡੇ ਲਈ ਵੀ ਸਿਰਫ਼ ਇਹ ਜਾਣਨਾ ਹੀ ਕਾਫ਼ੀ ਨਹੀਂ ਹੈ ਕਿ ਭਲੇ ਕੰਮ ਕਿਵੇਂ ਕਰਨੇ ਹਨ, ਸਗੋਂ ਸਾਨੂੰ ਅਜਿਹੇ ਕੰਮ ਕਰਨੇ ਵੀ ਚਾਹੀਦੇ ਹਨ। ਸ਼ਾਇਦ ਕੋਈ ਪੁੱਛੇ: ‘ਕੀ ਇਹ ਮੁਮਕਿਨ ਹੈ ਕਿ ਭਲੇ ਕੰਮ ਗ਼ਲਤ ਇਰਾਦੇ ਨਾਲ ਕੀਤੇ ਜਾਣ?’ ਜੀ ਹਾਂ, ਮੁਮਕਿਨ ਹੈ। ਉਦਾਹਰਣ ਲਈ, ਯਿਸੂ ਨੇ ਉਨ੍ਹਾਂ ਲੋਕਾਂ ਬਾਰੇ ਦੱਸਿਆ ਜੋ ਪੁੰਨ-ਦਾਨ ਕਰਦਿਆਂ ਇਸ ਗੱਲ ਦਾ ਧਿਆਨ ਰੱਖਦੇ ਸਨ ਕਿ ਦੂਜੇ ਲੋਕ ਉਨ੍ਹਾਂ ਦੇ ਇਹ ਕੰਮ ਦੇਖ ਕੇ ਉਨ੍ਹਾਂ ਦੀ ਵਾਹ-ਵਾਹ ਕਰਨ। ਚਾਹੇ ਉਨ੍ਹਾਂ ਦੇ ਕੰਮ ਭਲੇ ਸਨ, ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਕੋਈ ਕੀਮਤ ਨਹੀਂ ਸੀ।—ਮੱਤੀ 6:1-4.
15. ਸਹੀ ਮਾਅਨੇ ਵਿਚ ਭਲਾਈ ਕਰਨ ਦਾ ਕੀ ਮਤਲਬ ਹੈ?
15 ਅਸਲ ਵਿਚ ਭਲਾਈ ਕਰਨ ਦਾ ਮਤਲਬ ਹੈ ਕਿ ਬਿਨਾਂ ਕਿਸੇ ਸੁਆਰਥ ਦੇ ਦੂਜਿਆਂ ਦੀ ਮਦਦ ਕਰਨੀ। ਤੁਸੀਂ ਆਪਣੇ ਆਪ ਨੂੰ ਪੁੱਛ ਸਕਦੇ ਹੋ: ‘ਕੀ ਮੈਂ ਭਲਾਈ ਕਰਨ ਬਾਰੇ ਸਿਰਫ਼ ਸੋਚਦਾ ਹੀ ਹਾਂ ਜਾਂ ਕਰਦਾ ਵੀ ਹਾਂ? ਭਲੇ ਕੰਮ ਕਰਨ ਪਿੱਛੇ ਮੇਰਾ ਇਰਾਦਾ ਕੀ ਹੁੰਦਾ ਹੈ?’
ਨਵੇਂ ਸੁਭਾਅ ਨੂੰ ਚੰਗੀ ਹਾਲਤ ਵਿਚ ਕਿਵੇਂ ਰੱਖੀਏ?
16. ਸਾਨੂੰ ਹਰ ਰੋਜ਼ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?
16 ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਜਦੋਂ ਅਸੀਂ ਬਪਤਿਸਮਾ ਲੈ ਲੈਂਦੇ ਹਾਂ, ਤਾਂ ਅਸੀਂ ਪੂਰੀ ਤਰ੍ਹਾਂ ਨਵਾਂ ਸੁਭਾਅ ਪਾ ਲੈਂਦੇ ਹਾਂ ਅਤੇ ਹੁਣ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਨਵਾਂ ਸੁਭਾਅ ਨਵੇਂ ਕੱਪੜੇ ਵਾਂਗ ਹੈ ਜਿਸ ਨੂੰ ਚੰਗੀ ਹਾਲਤ ਵਿਚ ਰੱਖਣ ਦੀ ਲੋੜ ਹੈ। ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਹੈ ਕਿ ਅਸੀਂ ਹਰ ਰੋਜ਼ ਪਵਿੱਤਰ ਸ਼ਕਤੀ ਦੇ ਗੁਣ ਦਿਖਾਈਏ। ਕਿਉਂ? ਕਿਉਂਕਿ ਯਹੋਵਾਹ ਵੀ ਹਮੇਸ਼ਾ ਕੰਮ ਕਰਦਾ ਹੈ ਅਤੇ ਉਸ ਦੀ ਪਵਿੱਤਰ ਸ਼ਕਤੀ ਵੀ ਕੰਮ ਕਰਦੀ ਰਹਿੰਦੀ ਹੈ। (ਉਤ. 1:2) ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਲਈ ਵੀ ਕੰਮ ਕਰਦੇ ਰਹਿਣਾ ਕਿੰਨਾ ਜ਼ਰੂਰੀ ਹੈ। ਉਦਾਹਰਣ ਲਈ, ਯਾਕੂਬ ਨੇ ਲਿਖਿਆ: “ਕੰਮਾਂ ਤੋਂ ਬਿਨਾਂ ਨਿਹਚਾ ਮਰੀ ਹੁੰਦੀ ਹੈ।” (ਯਾਕੂ. 2:26) ਇਸੇ ਤਰ੍ਹਾਂ ਪਵਿੱਤਰ ਸ਼ਕਤੀ ਦੇ ਹੋਰ ਗੁਣ ਦਿਖਾਉਣ ਲਈ ਸਾਨੂੰ ਕੰਮ ਕਰਦੇ ਰਹਿਣ ਦੀ ਲੋੜ ਹੈ। ਇਸ ਲਈ ਅਸੀਂ ਪਵਿੱਤਰ ਸ਼ਕਤੀ ਦੇ ਗੁਣਾਂ ਨੂੰ ਦਿਖਾਉਣ ਦੀ ਜਿੰਨੀ ਜ਼ਿਆਦਾ ਕੋਸ਼ਿਸ਼ ਕਰਦੇ ਰਹਾਂਗੇ, ਉੱਨੀ ਜ਼ਿਆਦਾ ਪਵਿੱਤਰ ਸ਼ਕਤੀ ਸਾਡੀ ਮਦਦ ਕਰਦੀ ਰਹੇਗੀ। ਜਦੋਂ ਵੀ ਅਸੀਂ ਪਵਿੱਤਰ ਸ਼ਕਤੀ ਦੇ ਗੁਣ ਦਿਖਾਉਂਦੇ ਹਾਂ, ਤਾਂ ਇਸ ਤੋਂ ਸਬੂਤ ਮਿਲਦਾ ਹੈ ਕਿ ਪਵਿੱਤਰ ਸ਼ਕਤੀ ਸਾਡੇ ’ਤੇ ਕੰਮ ਕਰ ਰਹੀ ਹੈ।
17. ਜਦੋਂ ਅਸੀਂ ਪਵਿੱਤਰ ਸ਼ਕਤੀ ਦੇ ਗੁਣ ਨਹੀਂ ਦਿਖਾ ਪਾਉਂਦੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
17 ਜਿਨ੍ਹਾਂ ਮਸੀਹੀਆਂ ਨੂੰ ਬਪਤਿਸਮਾ ਲਏ ਨੂੰ ਕਾਫ਼ੀ ਸਾਲ ਹੋ ਗਏ ਹਨ, ਉਹ ਵੀ ਕਈ ਵਾਰ ਪਵਿੱਤਰ ਸ਼ਕਤੀ ਦੇ ਗੁਣ ਨਹੀਂ ਦਿਖਾ ਪਾਉਂਦੇ। ਪਰ ਜ਼ਰੂਰੀ ਹੈ ਕਿ ਅਸੀਂ ਇਹ ਗੁਣ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹੀਏ। ਜ਼ਰਾ ਇਕ ਉਦਾਹਰਣ ’ਤੇ ਗੌਰ ਕਰੋ। ਜੇ ਤੁਹਾਡਾ ਸਭ ਤੋਂ ਮਨ-ਪਸੰਦ ਕੱਪੜਾ ਫਟ ਜਾਂਦਾ ਹੈ, ਤਾਂ ਕੀ ਤੁਸੀਂ ਉਸੇ ਵੇਲੇ ਉਸ ਨੂੰ ਸੁੱਟ ਦਿੰਦੇ ਹੋ? ਨਹੀਂ, ਜੇ ਉਸ ਕੱਪੜੇ ਨੂੰ ਸੀਉਣ ਲੱਗ ਸਕਦੀ ਹੈ, ਤਾਂ ਤੁਸੀਂ ਉਸ ਨੂੰ ਬੜੇ ਧਿਆਨ ਨਾਲ ਸੀਉਣ ਲਾ ਕੇ ਠੀਕ ਕਰੋਗੇ। ਇਸ ਤੋਂ ਬਾਅਦ ਤੁਸੀਂ ਉਸ ਕੱਪੜੇ ਨੂੰ ਹੋਰ ਵੀ ਧਿਆਨ ਨਾਲ ਰੱਖੋਗੇ। ਬਿਲਕੁਲ ਇਸੇ ਤਰ੍ਹਾਂ ਜੇ ਤੁਸੀਂ ਇਕ ਸਮੇਂ ’ਤੇ ਕਿਸੇ ਨਾਲ ਪਿਆਰ, ਦਇਆ ਅਤੇ ਧੀਰਜ ਨਾਲ ਪੇਸ਼ ਨਹੀਂ ਆ ਸਕੇ, ਤਾਂ ਤੁਹਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਤੁਸੀਂ ਉਸ ਵਿਅਕਤੀ ਤੋਂ ਦਿਲੋਂ ਮਾਫ਼ੀ ਮੰਗ ਸਕਦੇ ਹੋ ਤਾਂਕਿ ਤੁਹਾਡਾ ਉਸ ਨਾਲ ਰਿਸ਼ਤਾ ਠੀਕ ਹੋ ਸਕੇ। ਨਾਲੇ ਪੱਕਾ ਇਰਾਦਾ ਕਰੋ ਕਿ ਭਵਿੱਖ ਵਿਚ ਤੁਸੀਂ ਇਹ ਗੁਣ ਹੋਰ ਵੀ ਧਿਆਨ ਨਾਲ ਦਿਖਾਓਗੇ।
18. ਅਸੀਂ ਕਿਹੜੀ ਗੱਲ ਦਾ ਭਰੋਸਾ ਰੱਖ ਸਕਦੇ ਹਾਂ?
18 ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਕੋਲ ਯਿਸੂ ਦੀ ਮਿਸਾਲ ਹੈ! ਜਿੰਨਾ ਜ਼ਿਆਦਾ ਅਸੀਂ ਉਸ ਦੀ ਰੀਸ ਕਰਨ ਦੀ ਕੋਸ਼ਿਸ਼ ਕਰਾਂਗੇ, ਉੱਨਾ ਜ਼ਿਆਦਾ ਅਸੀਂ ਉਸ ਵਰਗੇ ਬਣਾਂਗੇ। ਜਿੰਨਾ ਜ਼ਿਆਦਾ ਅਸੀਂ ਉਸ ਵਰਗੇ ਬਣਾਂਗੇ, ਉੱਨੇ ਹੀ ਵਧੀਆ ਤਰੀਕੇ ਨਾਲ ਅਸੀਂ ਨਵੇਂ ਸੁਭਾਅ ਨੂੰ ਪਹਿਨ ਸਕਾਂਗੇ। ਇਸ ਲੇਖ ਵਿਚ ਅਸੀਂ ਪਵਿੱਤਰ ਸ਼ਕਤੀ ਦੇ ਸਿਰਫ਼ ਚਾਰ ਗੁਣਾਂ ’ਤੇ ਚਰਚਾ ਕੀਤੀ। ਕਿਉਂ ਨਾ ਆਪਾਂ ਕੁਝ ਸਮਾਂ ਕੱਢ ਕੇ ਪਵਿੱਤਰ ਸ਼ਕਤੀ ਦੇ ਬਾਕੀ ਗੁਣਾਂ ਦਾ ਵੀ ਅਧਿਐਨ ਕਰੀਏ ਅਤੇ ਸੋਚੀਏ ਕਿ ਅਸੀਂ ਇਨ੍ਹਾਂ ਨੂੰ ਹੋਰ ਵੀ ਵਧੀਆ ਢੰਗ ਨਾਲ ਕਿਵੇਂ ਦਿਖਾ ਸਕਦੇ ਹਾਂ। ਇਸ ਲਈ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਿੱਚੋਂ “ਮਸੀਹੀ ਜ਼ਿੰਦਗੀ” ਹੇਠਾਂ “ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਪੈਦਾ ਹੋਣ ਵਾਲੇ ਗੁਣ” ਵਿਚ ਅਸੀਂ ਬਹੁਤ ਸਾਰੇ ਲੇਖ ਦੇਖ ਸਕਦੇ ਹਾਂ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜੇ ਅਸੀਂ ਨਵੇਂ ਸੁਭਾਅ ਨੂੰ ਪਹਿਨਣ ਅਤੇ ਪਹਿਨੀ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਤਾਂ ਯਹੋਵਾਹ ਸਾਡੀ ਜ਼ਰੂਰ ਮਦਦ ਕਰੇਗਾ।
ਗੀਤ 127 ਮੈਨੂੰ ਕਿਹੋ ਜਿਹਾ ਇਨਸਾਨ ਬਣਨਾ ਚਾਹੀਦਾ ਹੈ
^ ਪੈਰਾ 5 ਸਾਡਾ ਪਿਛੋਕੜ ਜੋ ਮਰਜ਼ੀ ਹੋਵੇ, ਅਸੀਂ ਸਾਰੇ ਜਣੇ “ਨਵੇਂ ਸੁਭਾਅ” ਨੂੰ ਪਹਿਨ ਸਕਦੇ ਹਾਂ। ਨਵਾਂ ਸੁਭਾਅ ਪਹਿਨਣ ਲਈ ਸਾਨੂੰ ਆਪਣੀ ਸੋਚ ਨੂੰ ਲਗਾਤਾਰ ਬਦਲਣ ਅਤੇ ਯਿਸੂ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਰਹਿਣ ਦੀ ਲੋੜ ਹੈ। ਇਸ ਲੇਖ ਵਿਚ ਅਸੀਂ ਯਿਸੂ ਦੀ ਸੋਚ ਅਤੇ ਕੰਮਾਂ ’ਤੇ ਗੌਰ ਕਰਾਂਗੇ। ਨਾਲੇ ਇਹ ਵੀ ਗੌਰ ਕਰਾਂਗੇ ਕਿ ਬਪਤਿਸਮਾ ਲੈਣ ਤੋਂ ਬਾਅਦ ਵੀ ਅਸੀਂ ਯਿਸੂ ਦੀ ਰੀਸ ਕਿਵੇਂ ਕਰਦੇ ਰਹਿ ਸਕਦੇ ਹਾਂ।
^ ਪੈਰਾ 4 ਗਲਾਤੀਆਂ 5:22, 23 ਵਿਚ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਪੈਦਾ ਹੋਣ ਵਾਲੇ ਸਾਰੇ ਗੁਣਾਂ ਦੀ ਲਿਸਟ ਨਹੀਂ ਦਿੱਤੀ ਗਈ ਹੈ, ਇਸ ਬਾਰੇ ਜੂਨ 2020 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਨਾਂ ਦੇ ਲੇਖ ਵਿਚ ਚਰਚਾ ਕੀਤੀ ਗਈ ਹੈ।