Skip to content

Skip to table of contents

ਇਕ ਬੇਮਿਸਾਲ ਪਿਤਾ

ਇਕ ਬੇਮਿਸਾਲ ਪਿਤਾ

ਪਰਮੇਸ਼ੁਰ ਨੂੰ ਜਾਣੋ

ਇਕ ਬੇਮਿਸਾਲ ਪਿਤਾ

ਮੱਤੀ 3:16, 17

“ਅੱਬਾਜਾਨ,” “ਪਿਤਾ ਜੀ,” “ਡੈਡੀ।” ਇਹ ਅਜਿਹੇ ਲਫ਼ਜ਼ ਹਨ ਜਿਨ੍ਹਾਂ ਨੂੰ ਸੁਣ ਕੇ ਸਾਡੇ ਦਿਲ ਪਿਆਰ ਨਾਲ ਭਰ ਜਾਂਦੇ ਹਨ। ਇਕ ਪਿਤਾ ਜੋ ਆਪਣੇ ਬੱਚਿਆਂ ਨਾਲ ਸੱਚਾ ਪ੍ਰੇਮ ਰੱਖਦਾ ਹੈ, ਉਹ ਉਨ੍ਹਾਂ ਦੀ ਵਧਣ-ਫੁੱਲਣ ਵਿਚ ਮਦਦ ਕਰਦਾ ਹੈ। ਬਾਈਬਲ ਯਹੋਵਾਹ ਪਰਮੇਸ਼ੁਰ ਨੂੰ ਵੀ “ਪਿਤਾ” ਸੱਦਦੀ ਹੈ। (ਮੱਤੀ 6:9) ਯਹੋਵਾਹ ਕਿਹੋ ਜਿਹਾ ਪਿਤਾ ਹੈ? ਇਸ ਸਵਾਲ ਦਾ ਜਵਾਬ ਪਾਉਣ ਲਈ ਆਓ ਆਪਾਂ ਯਹੋਵਾਹ ਦੇ ਉਨ੍ਹਾਂ ਸ਼ਬਦਾਂ ਵੱਲ ਧਿਆਨ ਦੇਈਏ ਜੋ ਉਸ ਨੇ ਆਪਣੇ ਪੁੱਤਰ ਦੇ ਬਪਤਿਸਮੇ ਸਮੇਂ ਕਹੇ ਸਨ। ਬੱਚਿਆਂ ਨਾਲ ਗੱਲ ਕਰਦੇ ਸਮੇਂ ਪਿਤਾ ਦੇ ਬੋਲਣ ਦੇ ਢੰਗ ਤੋਂ ਉਸ ਦੇ ਪਿਆਰ ਬਾਰੇ ਕਾਫ਼ੀ ਕੁਝ ਪਤਾ ਲੱਗਦਾ ਹੈ।

ਲਗਭਗ ਅਕਤੂਬਰ 29 ਈ. ਵਿਚ ਯਿਸੂ ਬਪਤਿਸਮਾ ਲੈਣ ਯਰਦਨ ਦਰਿਆ ਨੂੰ ਗਿਆ। ਇਸ ਬਾਰੇ ਬਾਈਬਲ ਦੱਸਦੀ ਹੈ: “ਅਤੇ ਜਾਂ ਯਿਸੂ ਬਪਤਿਸਮਾ ਲੈ ਚੁੱਕਿਆ ਤਾਂ ਝੱਟ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ, ਅਕਾਸ਼ ਉਹ ਦੇ ਲਈ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ੁਰ ਦਾ ਆਤਮਾ ਕਬੂਤਰ ਵਾਂਙੁ ਉਤਰਦਾ ਅਤੇ ਆਪਣੇ ਉੱਤੇ ਆਉਂਦਾ ਡਿੱਠਾ। ਅਰ ਵੇਖੋ ਇੱਕ ਸੁਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” * (ਮੱਤੀ 3:16, 17) ਯਹੋਵਾਹ ਦੇ ਪਿਆਰ-ਭਰੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਿਹੋ ਜਿਹਾ ਪਿਤਾ ਹੈ। ਇਨ੍ਹਾਂ ਆਇਤਾਂ ਵਿੱਚੋਂ ਯਹੋਵਾਹ ਦੁਆਰਾ ਕਹੀਆਂ ਤਿੰਨ ਗੱਲਾਂ ਵੱਲ ਧਿਆਨ ਦਿਓ।

ਪਹਿਲੀ ਗੱਲ, ਯਹੋਵਾਹ ਨੇ ਕਿਹਾ: ‘ਇਹ ਮੇਰਾ ਪੁੱਤ੍ਰ ਹੈ।’ ਉਸ ਦੇ ਕਹਿਣ ਦਾ ਭਾਵ ਸੀ ਕਿ ‘ਮੈਨੂੰ ਫ਼ਖ਼ਰ ਹੈ ਕਿ ਮੈਂ ਤੇਰਾ ਪਿਤਾ ਹਾਂ।’ ਸਾਰੇ ਬੱਚੇ ਚਾਹੁੰਦੇ ਹਨ ਕਿ ਮਾਪੇ ਉਨ੍ਹਾਂ ਵੱਲ ਧਿਆਨ ਦੇਣ ਅਤੇ ਇਕ ਸਮਝਦਾਰ ਪਿਤਾ ਇਸ ਲੋੜ ਨੂੰ ਪੂਰੀ ਕਰਦਾ ਹੈ। ਬੱਚਿਆਂ ਨੂੰ ਇਹ ਜਾਣਨ ਦੀ ਲੋੜ ਹੁੰਦੀ ਹੈ ਕਿ ਉਹ ਆਪਣੇ ਮਾਤਾ-ਪਿਤਾ ਦੀ ਨਜ਼ਰ ਵਿਚ ਅਨਮੋਲ ਹਨ। ਭਾਵੇਂ ਕਿ ਯਿਸੂ ਇਕ ਬਾਲਗ ਸੀ, ਫਿਰ ਵੀ ਫ਼ਖ਼ਰ ਨਾਲ ਕਹੇ ਗਏ ਆਪਣੇ ਪਿਤਾ ਦੇ ਸ਼ਬਦ ਸੁਣ ਕੇ ਉਸ ਦੇ ਦਿਲ ਨੂੰ ਜ਼ਰੂਰ ਸਕੂਨ ਮਿਲਿਆ ਹੋਣਾ।

ਦੂਜੀ ਗੱਲ, ਯਹੋਵਾਹ ਨੇ ਆਪਣੇ ਪੁੱਤਰ ਨੂੰ “ਪਿਆਰਾ” ਕਹਿ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਇਕ ਚੰਗਾ ਪਿਤਾ ਆਪਣੇ ਬੱਚਿਆਂ ਨੂੰ ਦੱਸਦਾ ਹੈ ਕਿ ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹੈ। ਮਾਪਿਆਂ ਦਾ ਲਾਡ-ਪਿਆਰ ਪਾਉਣ ਵਾਲੇ ਬੱਚੇ ਵਧਦੇ-ਫੁੱਲਦੇ ਹਨ। ਯਹੋਵਾਹ ਦੇ ਪਿਆਰ-ਭਰੇ ਸ਼ਬਦ ਸੁਣ ਕੇ ਯਿਸੂ ਫੁੱਲੇ ਨਹੀਂ ਸਮਾਇਆ ਹੋਣਾ।

ਤੀਜੀ ਗੱਲ, ਯਹੋਵਾਹ ਨੇ ਆਪਣੀ ਮਨਜ਼ੂਰੀ ਜ਼ਾਹਰ ਕਰਦੇ ਹੋਏ ਆਪਣੇ ਪੁੱਤਰ ਨੂੰ ਕਿਹਾ ਕਿ ਮੈਂ ਤੈਥੋਂ “ਪਰਸਿੰਨ ਹਾਂ।” ਦੂਜੇ ਸ਼ਬਦਾਂ ਵਿਚ, ਯਹੋਵਾਹ ਕਹਿ ਰਿਹਾ ਸੀ: ‘ਪੁੱਤ, ਮੈਂ ਤੇਰੇ ਕੰਮਾਂ ਤੋਂ ਬਹੁਤ ਖ਼ੁਸ਼ ਹਾਂ।’ ਇਸੇ ਤਰ੍ਹਾਂ ਇਕ ਪ੍ਰੇਮਪੂਰਣ ਪਿਤਾ ਆਪਣੇ ਬੱਚਿਆਂ ਦੇ ਚੰਗੇ ਕੰਮਾਂ ਦੇ ਲਈ ਉਨ੍ਹਾਂ ਦੀ ਸ਼ਲਾਘਾ ਕਰਨ ਦੇ ਮੌਕੇ ਭਾਲਦਾ ਹੈ। ਜਦ ਮਾਪੇ ਆਪਣੇ ਬੱਚਿਆਂ ਨੂੰ ਸ਼ਾਬਾਸ਼ੀ ਦਿੰਦੇ ਹਨ, ਤਾਂ ਬੱਚਿਆਂ ਨੂੰ ਬਹੁਤ ਹੌਸਲਾ ਮਿਲਦਾ ਹੈ। ਕੋਈ ਸ਼ੱਕ ਨਹੀਂ ਕਿ ਯਿਸੂ ਦਾ ਹੌਸਲਾ ਵੀ ਜ਼ਰੂਰ ਵਧਿਆ ਹੋਣਾ ਜਦ ਉਸ ਨੇ ਆਪਣੇ ਪਿਤਾ ਦੀ ਸ਼ਾਬਾਸ਼ੀ ਸੁਣੀ!

ਯਹੋਵਾਹ ਸੱਚ-ਮੁੱਚ ਇਕ ਬੇਮਿਸਾਲ ਪਿਤਾ ਹੈ। ਕੀ ਤੁਸੀਂ ਯਹੋਵਾਹ ਵਰਗੇ ਪਿਤਾ ਲਈ ਤਰਸਦੇ ਹੋ? ਜੇ ਹਾਂ, ਤਾਂ ਤੁਸੀਂ ਇਸ ਗੱਲ ਤੋਂ ਤਸੱਲੀ ਪਾ ਸਕਦੇ ਹੋ ਕਿ ਅਸੀਂ ਯਹੋਵਾਹ ਨਾਲ ਇਕ ਨਜ਼ਦੀਕੀ ਰਿਸ਼ਤਾ ਕਾਇਮ ਕਰ ਸਕਦੇ ਹਾਂ। ਜੇ ਤੁਸੀਂ ਨਿਸ਼ਚਾ ਨਾਲ ਉਸ ਬਾਰੇ ਸਿੱਖ ਕੇ ਦਿਲੋਂ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰੋਗੇ, ਤਾਂ ਉਹ ਤੁਹਾਡੇ ਤੋਂ ਦੂਰ ਨਹੀਂ ਹੈ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਯਹੋਵਾਹ ਦਾ ਪਿਆਰ ਪਾ ਕੇ ਅਸੀਂ ਸੁਰੱਖਿਅਤ ਮਹਿਸੂਸ ਕਰਾਂਗੇ ਕਿਉਂਕਿ ਯਹੋਵਾਹ ਵਾਕਈ ਸਭ ਤੋਂ ਵਧੀਆ ਪਿਤਾ ਹੈ। (w08 1/1)

[ਫੁਟਨੋਟ]

^ ਪੈਰਾ 2 ਲੂਕਾ ਦੀ ਕਿਤਾਬ ਵਿਚ ਇਹੀ ਬਿਰਤਾਂਤ ਸਾਨੂੰ ਦੱਸਦਾ ਹੈ ਕਿ ਯਹੋਵਾਹ ਨੇ ਪਿਆਰ ਨਾਲ ਯਿਸੂ ਨੂੰ ਕਿਹਾ: “ਤੂੰ ਮੇਰਾ ਪਿਆਰਾ ਪੁੱਤ੍ਰ ਹੈਂ, ਤੈਥੋਂ ਮੈਂ ਪਰਸਿੰਨ ਹਾਂ।”—ਲੂਕਾ 3:22.