ਕੀ ਤੁਸੀਂ ਜਾਣਦੇ ਹੋ?
ਕੀ ਤੁਸੀਂ ਜਾਣਦੇ ਹੋ?
ਜੋਤਸ਼ੀ ਯਿਸੂ ਨੂੰ ਕਦੋਂ ਦੇਖਣ ਗਏ ਸਨ?
ਮੱਤੀ ਦੀ ਇੰਜੀਲ ਵਿਚ ਲਿਖਿਆ ਹੈ ਕਿ ‘ਜੋਤਸ਼ੀ ਚੜ੍ਹਦੇ ਪਾਸਿਓਂ’ ਯਾਨੀ ਪੂਰਬ ਵੱਲੋਂ ਯਿਸੂ ਨੂੰ ਦੇਖਣ ਅਤੇ ਉਸ ਨੂੰ ਤੋਹਫ਼ੇ ਦੇਣ ਲਈ ਆਏ ਸਨ। (ਮੱਤੀ 2:1-12) ਕਈ ਲੋਕ ਮੰਨਦੇ ਹਨ ਕਿ ਯਿਸੂ ਨੂੰ ਦੇਖਣ ਲਈ ਤਿੰਨ ਜੋਤਸ਼ੀ ਆਏ ਸਨ। ਲੇਕਿਨ ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ। ਬਾਈਬਲ ਵਿਚ ਨਾ ਜੋਤਸ਼ੀਆਂ ਦੀ ਗਿਣਤੀ ਦਿੱਤੀ ਗਈ ਹੈ ਤੇ ਨਾ ਹੀ ਉਨ੍ਹਾਂ ਦੇ ਨਾਂ ਦੱਸੇ ਗਏ ਹਨ।
ਮੱਤੀ 2:11 ਉੱਤੇ ਇਕ ਬਾਈਬਲ ਅਨੁਵਾਦ ਨੇ ਟਿੱਪਣੀ ਕੀਤੀ: “ਆਮ ਤੌਰ ਤੇ ਲੋਕ ਇਹ ਮੰਨਦੇ ਹਨ ਕਿ ਅਯਾਲੀਆਂ ਦੇ ਵਾਂਙੁ, ਜੋਤਸ਼ੀ ਵੀ ਯਿਸੂ ਦੇ ਜਨਮ ਦੀ ਰਾਤ ਉਸ ਨੂੰ ਖੁਰਲੀ ਵਿਚ ਹੀ ਦੇਖਣ ਗਏ ਸਨ। ਲੇਕਿਨ ਇਹ ਗੱਲ ਸੱਚ ਨਹੀਂ ਹੈ। ਉਹ ਉਸ ਦੇ ਜਨਮ ਤੋਂ ਕੁਝ ਮਹੀਨਿਆਂ ਬਾਅਦ ਉਸ ਦੇ ‘ਘਰ’ ਉਸ ਨੂੰ ਦੇਖਣ ਗਏ ਸਨ।” ਇਕ ਹੋਰ ਗੱਲ ਹੈ ਕਿ ਰਾਜਾ ਹੇਰੋਦੇਸ ਨੇ ਬੈਤਲਹਮ ਦੇ ਇਲਾਕੇ ਵਿਚ ਦੋ ਸਾਲ ਅਤੇ ਇਸ ਤੋਂ ਘੱਟ ਉਮਰ ਦੇ ਸਾਰੇ ਮੁੰਡਿਆਂ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਸੀ। ਕਿਉਂ? ਹੇਰੋਦੇਸ ਨੂੰ ਯਿਸੂ ਦੀ ਉਮਰ ਦਾ ਅੰਦਾਜ਼ਾ ਸੀ ਕਿਉਂਕਿ “ਉਸ ਨੇ ਜੋਤਸ਼ੀਆਂ ਤੋਂ ਜਨਮ ਦੇ ਸਹੀ ਸਮੇਂ ਦਾ ਪਤਾ ਲਾਇਆ ਸੀ।”—ਮੱਤੀ 2:16, ERV.
ਜ਼ਰਾ ਮਰਿਯਮ ਦੀ ਭੇਟ ਉੱਤੇ ਵੀ ਗੌਰ ਕਰੋ ਕਿਉਂਕਿ ਇਹ ਇਕ ਹੋਰ ਸਬੂਤ ਹੈ ਕਿ ਜੋਤਸ਼ੀ ਯਿਸੂ ਦੇ ਜਨਮ ਦੀ ਰਾਤ ਉਸ ਨੂੰ ਦੇਖਣ ਨਹੀਂ ਆਏ ਸਨ। ਮਰਿਯਮ ਯਿਸੂ ਦੇ ਜਨਮ ਤੋਂ ਚਾਲੀ ਦਿਨਾਂ ਬਾਅਦ ਉਸ ਨੂੰ ਯਰੂਸ਼ਲਮ ਵਿਖੇ ਪਰਮੇਸ਼ੁਰ ਦੀ ਹੈਕਲ ਵਿਚ ਲਿਆਈ ਸੀ। ਉਸ ਨੇ ਸ਼ੁੱਧੀਕਰਣ ਦੀ ਰਸਮ ਪੂਰੀ ਕਰਦਿਆਂ ਕਬੂਤਰ ਦੇ ਦੋ ਬੱਚੇ ਬਲੀਦਾਨ ਕੀਤੇ। (ਲੂਕਾ 2:22-24) ਪਰਮੇਸ਼ੁਰ ਦੇ ਹੁਕਮ ਦੇ ਅਨੁਸਾਰ ਇਸਰਾਏਲੀਆਂ ਨੇ ਸ਼ੁੱਧ ਹੋਣ ਲਈ ਇਕ ਲੇਲੇ ਦੀ ਬਲੀ ਚੜ੍ਹਾਉਣੀ ਸੀ। ਪਰ ਗ਼ਰੀਬਾਂ ਲਈ ਇਹ ਪ੍ਰਬੰਧ ਕੀਤਾ ਗਿਆ ਸੀ ਕਿ ਉਹ ਲੇਲੇ ਦੀ ਥਾਂ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਚੜ੍ਹਾ ਸਕਦੇ ਸਨ। (ਲੇਵੀਆਂ 12:6-8) ਜ਼ਰਾ ਇਸ ਬਾਰੇ ਸੋਚੋ। ਜੇ ਜੋਤਸ਼ੀਆਂ ਨੇ ਯਿਸੂ ਦੇ ਜਨਮ ਦੀ ਰਾਤ ਉਸ ਲਈ ਸੋਨਾ ਤੇ ਕੀਮਤੀ ਤੋਹਫ਼ੇ ਲਿਆਂਦੇ ਸਨ, ਤਾਂ ਮਰਿਯਮ ਨੇ ਲੇਲੇ ਦੀ ਭੇਟ ਕਿਉਂ ਨਹੀਂ ਚੜ੍ਹਾਈ? ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਇਹ ਤੋਹਫ਼ੇ ਯਿਸੂ ਦੇ ਜਨਮ ਤੋਂ ਕਈ ਮਹੀਨਿਆਂ ਬਾਅਦ ਮਿਲੇ ਸਨ। ਇਹ ਤੋਹਫ਼ੇ ਉਦੋਂ ਉਨ੍ਹਾਂ ਦੇ ਕੰਮ ਆਏ ਹੋਣਗੇ ਜਦੋਂ ਰਾਜਾ ਹੇਰੋਦੇਸ ਤੋਂ ਬਚਣ ਲਈ ਉਨ੍ਹਾਂ ਨੂੰ ਮਿਸਰ ਭੱਜਣਾ ਪਿਆ ਸੀ।—ਮੱਤੀ 2:13-15.
ਲਾਜ਼ਰ ਦੀ ਮੌਤ ਹੋਣ ਤੇ ਯਿਸੂ ਨੂੰ ਬੈਤਅਨੀਆ ਆਉਣ ਨੂੰ ਚਾਰ ਦਿਨ ਕਿਉਂ ਲੱਗੇ?
ਲੱਗਦਾ ਹੈ ਕਿ ਯਿਸੂ ਨੇ ਜਾਣ-ਬੁੱਝ ਕੇ ਦੇਰ ਲਾਈ ਸੀ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਜ਼ਰਾ ਯੂਹੰਨਾ ਦੇ ਗਿਆਰਵੇਂ ਅਧਿਆਇ ਵੱਲ ਧਿਆਨ ਦਿਓ।
ਲਾਜ਼ਰ ਜੋ ਕਿ ਬੈਤਅਨੀਆ ਦਾ ਰਹਿਣ ਵਾਲਾ ਸੀ, ਬਹੁਤ ਬੀਮਾਰ ਸੀ। ਉਸ ਦੀਆਂ ਭੈਣਾਂ ਨੇ ਉਸ ਦੇ ਮਿੱਤਰ ਯਿਸੂ ਮਸੀਹ ਨੂੰ ਇਸ ਗੱਲ ਦਾ ਸੁਨੇਹਾ ਘੱਲਿਆ। (ਆਇਤਾਂ 1-3) ਉਦੋਂ ਯਿਸੂ ਅਜਿਹੀ ਜਗ੍ਹਾ ਸੀ ਜਿੱਥੋਂ ਬੈਤਅਨੀਆ ਆਉਣ ਲਈ ਉਸ ਨੂੰ ਦੋ ਦਿਨ ਲੱਗ ਜਾਣੇ ਸਨ। (ਯੂਹੰਨਾ 10:40) ਜਦ ਤਕ ਯਿਸੂ ਨੂੰ ਇਹ ਸੁਨੇਹਾ ਮਿਲਿਆ ਲਾਜ਼ਰ ਮਰ ਚੁੱਕਾ ਸੀ। ਯਿਸੂ ਨੇ ਕੀ ਕੀਤਾ? ‘ਉਹ ਜਿੱਥੇ ਸੀ ਦੋ ਦਿਨ ਉੱਥੇ ਹੀ ਰਿਹਾ’ ਤੇ ਫਿਰ ਬੈਤਅਨੀਆ ਨੂੰ ਗਿਆ। (ਆਇਤਾਂ 6, 7) ਸੋ ਦੋ ਦਿਨ ਰੁਕਣ ਕਾਰਨ ਅਤੇ ਫਿਰ ਦੋ ਦਿਨ ਸਫ਼ਰ ਕਰਨ ਕਰਕੇ ਉਹ ਲਾਜ਼ਰ ਦੀ ਕਬਰ ਤੇ ਉਸ ਦੀ ਮੌਤ ਤੋਂ ਚਾਰ ਦਿਨ ਬਾਅਦ ਪਹੁੰਚਿਆ।—ਆਇਤ 17.
ਕੁਝ ਚਿਰ ਪਹਿਲਾਂ ਯਿਸੂ ਨੇ ਦੋ ਵਿਅਕਤੀਆਂ ਨੂੰ ਜੀ ਉਠਾਇਆ ਸੀ—ਇਕ ਨੂੰ ਉਸ ਦੀ ਮੌਤ ਤੋਂ ਤੁਰੰਤ ਬਾਅਦ ਅਤੇ ਦੂਜੇ ਨੂੰ ਉਸ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ। (ਲੂਕਾ 7:11-17; 8:49-55) ਲੇਕਿਨ ਕੀ ਯਿਸੂ ਇਕ ਅਜਿਹੇ ਇਨਸਾਨ ਨੂੰ ਜੀ ਉਠਾ ਸਕਦਾ ਸੀ ਜੋ ਚਾਰ ਦਿਨਾਂ ਤੋਂ ਮਰਿਆ ਪਿਆ ਸੀ ਤੇ ਜਿਸ ਦਾ ਸਰੀਰ ਗਲ਼ਨ ਸੜਨ ਲੱਗ ਪਿਆ ਸੀ? (ਆਇਤ 39) ਦਿਲਚਸਪੀ ਦੀ ਗੱਲ ਹੈ ਕਿ ਇਸ ਉੱਤੇ ਟਿੱਪਣੀ ਕਰਦਿਆਂ ਇਕ ਕਿਤਾਬ ਨੇ ਕਿਹਾ ਕਿ ਯਹੂਦੀ ਮੰਨਦੇ ਸਨ ਕਿ “ਉਸ ਇਨਸਾਨ ਲਈ ਕੋਈ ਉਮੀਦ ਨਹੀਂ ਜਿਸ ਦੀ ਮੌਤ ਨੂੰ ਚਾਰ ਦਿਨ ਹੋ ਚੁੱਕੇ ਹਨ। ਉਸ ਸਮੇਂ ਸਰੀਰ ਗਲ਼ਨ ਸੜਨ ਲੱਗ ਪੈਂਦਾ ਹੈ ਅਤੇ ਰੂਹ ਜੋ ਤਿੰਨ ਦਿਨਾਂ ਤਕ ਸਰੀਰ ਦੇ ਨੇੜੇ-ਤੇੜੇ ਭਟਕਦੀ ਰਹਿੰਦੀ ਹੈ, ਉੱਥੋਂ ਜਾ ਚੁੱਕੀ ਹੁੰਦੀ ਹੈ।”
ਕਬਰ ਦੇ ਆਲੇ-ਦੁਆਲੇ ਖੜ੍ਹੇ ਲੋਕਾਂ ਵਿੱਚੋਂ ਜੇਕਰ ਕਿਸੇ ਨੂੰ ਲਾਜ਼ਰ ਦੇ ਜੀ ਉਠਾਏ ਜਾਣ ਤੇ ਸ਼ੱਕ ਸੀ, ਤਾਂ ਉਹ ਛੇਤੀ ਹੀ ਇਸ ਦਾ ਸਬੂਤ ਦੇਖਣ ਵਾਲੇ ਸਨ। ਕਬਰ ਦੇ ਸਾਮ੍ਹਣੇ ਖੜ੍ਹੇ ਹੋ ਕੇ ਯਿਸੂ ਨੇ ਆਵਾਜ਼ ਮਾਰੀ: “ਲਾਜ਼ਰ, ਬਾਹਰ ਆ!” ਫਿਰ ‘ਉਹ ਜਿਹੜਾ ਮੋਇਆ ਹੋਇਆ ਸੀ ਬਾਹਰ ਨਿੱਕਲ ਆਇਆ।’ (ਆਇਤਾਂ 43, 44) ਜੀ ਹਾਂ, ਬਾਈਬਲ ਅਮਰ ਆਤਮਾ ਦੀ ਸਿੱਖਿਆ ਨਹੀਂ ਦਿੰਦੀ, ਸਗੋਂ ਮੁਰਦਿਆਂ ਲਈ ਇਕ ਪੱਕੀ ਉਮੀਦ ਦਿੰਦੀ ਹੈ ਕਿ ਉਹ ਫਿਰ ਤੋਂ ਜੀਉਂਦੇ ਕੀਤੇ ਜਾਣਗੇ।—ਹਿਜ਼ਕੀਏਲ 18:4; ਯੂਹੰਨਾ 11:25. (w08 1/1)