ਕੀ ਵਿਕਾਸਵਾਦ ਦੀ ਸਿੱਖਿਆ ਦਾ ਬਾਈਬਲ ਨਾਲ ਕੋਈ ਮੇਲ ਹੈ?
ਕੀ ਵਿਕਾਸਵਾਦ ਦੀ ਸਿੱਖਿਆ ਦਾ ਬਾਈਬਲ ਨਾਲ ਕੋਈ ਮੇਲ ਹੈ?
ਕੁਝ ਵਿਗਿਆਨੀ ਅਤੇ ਧਰਮ-ਗੁਰੂ ਵਿਕਾਸਵਾਦ ਅਤੇ ਬਾਈਬਲ ਦੋਵਾਂ ਵਿਚ ਵਿਸ਼ਵਾਸ ਕਰਦੇ ਹਨ। ਉਹ ਕਹਿੰਦੇ ਹਨ ਕਿ ਬਾਈਬਲ ਵਿਚ ਉਤਪਤ ਦੀ ਪੋਥੀ ਇਕ ਕਥਾ ਹੈ ਜੋ ਅਨਪੜ੍ਹ ਲੋਕਾਂ ਲਈ ਲਿਖੀ ਗਈ ਸੀ। ਵਿਕਾਸਵਾਦ ਦੀ ਸਿੱਖਿਆ ਮੁਤਾਬਕ ਇਨਸਾਨ ਜਾਨਵਰਾਂ ਤੋਂ ਬਣਿਆ ਹੈ। ਉਹ ਕਹਿੰਦੇ ਹਨ ਕਿ ਸ਼ੁਰੂ-ਸ਼ੁਰੂ ਵਿਚ ਪਰਮੇਸ਼ੁਰ ਨੇ ਜੀਵ-ਜੰਤੂਆਂ ਦੀ ਰਚਨਾ ਕਰਨ ਲਈ ਪਹਿਲੇ ਬੈਕਟੀਰੀਆ ਇਸ ਤਰ੍ਹਾਂ ਬਣਾਏ ਸਨ ਕਿ ਉਨ੍ਹਾਂ ਦਾ ਹੌਲੀ-ਹੌਲੀ ਵਿਕਾਸ ਹੋ ਕੇ ਮੱਛੀਆਂ ਬਣ ਜਾਣ ਅਤੇ ਮੱਛੀਆਂ ਤੋਂ ਘਿਸਰਨ ਵਾਲੇ ਜਾਨਵਰ ਤੇ ਫਿਰ ਇਨ੍ਹਾਂ ਤੋਂ ਥਣਧਾਰੀ ਜੀਵ ਬਣ ਜਾਣ ਅਤੇ ਅਖ਼ੀਰ ਵਿਚ ਬਾਂਦਰਾਂ ਤੋਂ ਇਨਸਾਨ। ਤੁਸੀਂ ਵੀ ਸ਼ਾਇਦ ਕਦੇ ਇਸ ਬਾਰੇ ਸੋਚਿਆ ਹੋਣਾ, ‘ਕੀ ਜਾਨਵਰਾਂ ਤੋਂ ਇਨਸਾਨ ਬਣਨ ਦੀ ਥਿਊਰੀ ਦਾ ਬਾਈਬਲ ਨਾਲ ਕੋਈ ਮੇਲ ਹੈ?’
ਇਨਸਾਨ ਹੋਂਦ ਵਿਚ ਕਿਵੇਂ ਆਇਆ, ਇਹ ਗੱਲ ਜਾਣ ਕੇ ਸਾਨੂੰ ਪਤਾ ਲੱਗੇਗਾ ਕਿ ਅਸੀਂ ਕੌਣ ਹਾਂ, ਸਾਡੀ ਜ਼ਿੰਦਗੀ ਦਾ ਕੀ ਮਕਸਦ ਹੈ ਅਤੇ ਸਾਨੂੰ ਕਿਸ ਤਰ੍ਹਾਂ ਜੀਣਾ ਚਾਹੀਦਾ ਹੈ। ਮਨੁੱਖੀ ਜੀਵਨ ਦੀ ਸ਼ੁਰੂਆਤ ਬਾਰੇ ਜਾਣ ਕੇ ਹੀ ਅਸੀਂ ਸਮਝ ਸਕਦੇ ਹਾਂ ਕਿ ਪਰਮੇਸ਼ੁਰ ਨੇ ਦੁੱਖਾਂ ਨੂੰ ਅਜੇ ਤਕ ਖ਼ਤਮ ਕਿਉਂ ਨਹੀਂ ਕੀਤਾ ਹੈ ਅਤੇ ਉਹ ਭਵਿੱਖ ਵਿਚ ਇਨਸਾਨਾਂ ਲਈ ਕੀ ਕਰੇਗਾ। ਜੇ ਸਾਨੂੰ ਇਸ ਗੱਲ ਦਾ ਪੱਕਾ ਯਕੀਨ ਹੀ ਨਹੀਂ ਹੈ ਕਿ ਪਰਮੇਸ਼ੁਰ ਸਾਡਾ ਸਿਰਜਣਹਾਰ ਹੈ, ਤਾਂ ਅਸੀਂ ਉਸ ਨਾਲ ਰਿਸ਼ਤਾ ਵੀ ਕਾਇਮ ਨਹੀਂ ਕਰ ਸਕਦੇ। ਇਸ ਲਈ ਆਓ ਆਪਾਂ ਦੇਖੀਏ ਕਿ ਬਾਈਬਲ ਮਨੁੱਖ ਦੀ ਸ਼ੁਰੂਆਤ ਬਾਰੇ, ਉਸ ਦੀ ਵਰਤਮਾਨ ਹਾਲਤ ਬਾਰੇ ਅਤੇ ਉਸ ਦੇ ਭਵਿੱਖ ਬਾਰੇ ਕੀ ਕਹਿੰਦੀ ਹੈ। ਫਿਰ ਸਾਨੂੰ ਪਤਾ ਲੱਗੇਗਾ ਕਿ ਵਿਕਾਸਵਾਦ ਦੀ ਸਿੱਖਿਆ ਦਾ ਪਰਮੇਸ਼ੁਰ ਦੇ ਬਚਨ ਬਾਈਬਲ ਨਾਲ ਕੋਈ ਮੇਲ ਹੈ ਜਾਂ ਨਹੀਂ।
ਸ਼ੁਰੂਆਤ ਵਿਚ ਸਿਰਫ਼ ਇੱਕੋ ਇਨਸਾਨ ਸੀ
ਵਿਕਾਸਵਾਦ ਦੀ ਸਿੱਖਿਆ ਦੇਣ ਵਾਲੇ ਵਿਗਿਆਨੀ ਦਾਅਵਾ ਕਰਦੇ ਹਨ ਕਿ ਕਈ ਜਾਨਵਰ ਹੌਲੀ-ਹੌਲੀ ਤਬਦੀਲ ਹੋ ਕੇ ਇਨਸਾਨ ਬਣ ਗਏ। ਉਨ੍ਹਾਂ ਅਨੁਸਾਰ ਸ਼ੁਰੂ ਵਿਚ ਸਿਰਫ਼ ਇੱਕੋ ਇਨਸਾਨ ਨਹੀਂ ਸੀ। ਪਰ ਬਾਈਬਲ ਕੁਝ ਹੋਰ ਦੱਸਦੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਅਸੀਂ ਸਾਰੇ ਇੱਕੋ ਇਨਸਾਨ ਆਦਮ ਤੋਂ ਆਏ ਹਾਂ। ਬਾਈਬਲ ਅਨੁਸਾਰ ਆਦਮ ਸੱਚ-ਮੁੱਚ ਸੀ। ਬਾਈਬਲ ਵਿਚ ਉਸ ਦੀ ਪਤਨੀ ਤੇ ਕੁਝ ਬੱਚਿਆਂ ਦੇ ਨਾਂ ਦੱਸੇ ਗਏ ਹਨ। ਇਸ ਵਿਚ ਦੱਸਿਆ ਹੈ ਕਿ ਉਸ ਨੇ ਕੀ ਕੀਤਾ, ਕੀ ਕਿਹਾ, ਉਹ ਕਦੋਂ ਹੋਇਆ ਸੀ ਤੇ ਕਦੋਂ ਮਰਿਆ। ਯਿਸੂ ਨੇ ਵੀ ਬਾਈਬਲ ਵਿਚ ਆਦਮ ਬਾਰੇ ਦਿੱਤੀ ਜਾਣਕਾਰੀ ਨੂੰ ਸੱਚ ਮੰਨਿਆ। ਉਸ ਨੇ ਧਰਮ-ਗੁਰੂਆਂ ਨਾਲ ਗੱਲ ਕਰਦੇ ਹੋਏ ਕਿਹਾ: “ਕੀ ਤੁਸਾਂ ਇਹ ਨਹੀਂ ਪੜ੍ਹਿਆ ਭਈ ਜਿਸ ਨੇ ਉਨ੍ਹਾਂ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ?” (ਮੱਤੀ 19:3-5) ਯਿਸੂ ਨੇ ਫਿਰ ਉਤਪਤ 2:24 ਵਿਚ ਆਦਮ ਅਤੇ ਹੱਵਾਹ ਬਾਰੇ ਦਰਜ ਸ਼ਬਦਾਂ ਦਾ ਹਵਾਲਾ ਦਿੱਤਾ ਕਿ “ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ।”
ਬਾਈਬਲ ਦੀ ਇਕ ਕਿਤਾਬ ਦੇ ਲਿਖਾਰੀ ਲੂਕਾ ਜੋ ਇਕ ਇਤਿਹਾਸਕਾਰ ਵੀ ਸੀ, ਨੇ ਆਦਮ ਨੂੰ ਇਕ ਅਸਲੀ ਵਿਅਕਤੀ ਦੇ ਤੌਰ ਤੇ ਪੇਸ਼ ਕੀਤਾ। ਲੂਕਾ ਨੇ ਯਿਸੂ ਦੀ ਵੰਸ਼ਾਵਲੀ ਯਿਸੂ ਦੇ ਪਿਤਾ ਯੂਸੁਫ਼ ਤੋਂ ਸ਼ੁਰੂ ਕਰ ਕੇ ਪਹਿਲੇ ਇਨਸਾਨ ਆਦਮ ਤਕ ਦਿੱਤੀ। (ਲੂਕਾ 3:23-38) ਮਸ਼ਹੂਰ ਯੂਨਾਨੀ ਸਕੂਲਾਂ ਵਿਚ ਪੜ੍ਹੇ-ਲਿਖੇ ਫ਼ਿਲਾਸਫ਼ਰਾਂ ਨਾਲ ਗੱਲ ਕਰਦੇ ਹੋਏ ਪੌਲੁਸ ਰਸੂਲ ਨੇ ਵੀ ਕਿਹਾ ਸੀ: “ਉਹ ਪਰਮੇਸ਼ੁਰ ਜਿਹ ਨੇ ਸੰਸਾਰ ਅਤੇ ਜੋ ਕੁਝ ਉਹ ਦੇ ਵਿੱਚ ਹੈ . . . ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਇੱਕ ਤੋਂ ਰਚਿਆ।” (ਰਸੂਲਾਂ ਦੇ ਕਰਤੱਬ 17:24-26) ਸੋ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਅਸੀਂ ਸਾਰੇ “ਇੱਕ” ਇਨਸਾਨ ਤੋਂ ਆਏ ਹਾਂ। ਸ਼ੁਰੂ-ਸ਼ੁਰੂ ਵਿਚ ਇਨਸਾਨ ਦੀ ਵਧੀਆ ਹਾਲਤ ਬਾਰੇ ਬਾਈਬਲ ਵਿਚ ਜੋ ਜਾਣਕਾਰੀ ਦਿੱਤੀ ਗਈ ਹੈ, ਕੀ ਉਹ ਵਿਕਾਸਵਾਦ ਦੀ ਸਿੱਖਿਆ ਨਾਲ ਮੇਲ ਖਾਂਦੀ ਹੈ?
ਇਨਸਾਨ ਦੀ ਹਾਲਤ ਵਿਚ ਗਿਰਾਵਟ
ਬਾਈਬਲ ਅਨੁਸਾਰ ਯਹੋਵਾਹ ਨੇ ਪਹਿਲੇ ਆਦਮੀ ਨੂੰ ਮੁਕੰਮਲ ਬਣਾਇਆ ਸੀ ਯਾਨੀ ਉਸ ਵਿਚ ਕੋਈ ਨੁਕਸ ਨਹੀਂ ਸੀ। ਪਰਮੇਸ਼ੁਰ ਲਈ ਨੁਕਸਦਾਰ ਚੀਜ਼ਾਂ ਬਣਾਉਣੀਆਂ ਅਸੰਭਵ ਹੈ। ਉਤਪਤ ਦੀ ਕਿਤਾਬ ਵਿਚ ਕਿਹਾ ਗਿਆ ਹੈ: “ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। . . . ਉਪਰੰਤ ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।” (ਉਤਪਤ 1:27, 31) ਮੁਕੰਮਲ ਇਨਸਾਨ ਕਿਸ ਤਰ੍ਹਾਂ ਦਾ ਹੁੰਦਾ ਹੈ?
ਮੁਕੰਮਲ ਇਨਸਾਨ ਕੋਲ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਹੁੰਦੀ ਹੈ ਅਤੇ ਉਹ ਆਪਣੇ ਅੰਦਰ ਪਰਮੇਸ਼ੁਰ ਦੇ ਗੁਣ ਪੈਦਾ ਕਰ ਸਕਦਾ ਹੈ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਨੇ ਆਦਮੀ ਨੂੰ ਸਿੱਧਾ ਬਣਾਇਆ ਪਰ ਓਹਨਾਂ ਨੇ ਬਾਹਲੀਆਂ ਜੁਗਤਾਂ ਭਾਲੀਆਂ ਹਨ।” (ਉਪਦੇਸ਼ਕ ਦੀ ਪੋਥੀ 7:29) ਆਦਮ ਨੇ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕਰਨ ਦਾ ਫ਼ੈਸਲਾ ਕੀਤਾ। ਇਸ ਕਰਕੇ ਆਦਮ ਮੁਕੰਮਲ ਨਹੀਂ ਰਿਹਾ। ਉਸ ਵਿਚ ਨੁਕਸ ਆ ਗਏ। ਉਹੀ ਨੁਕਸ ਅੱਗੇ ਉਸ ਦੀ ਸੰਤਾਨ ਵਿਚ ਵੀ ਆ ਗਏ। ਨਾਮੁਕੰਮਲ ਹੋਣ ਕਰਕੇ ਇਨਸਾਨ ਵਾਰ-ਵਾਰ ਗ਼ਲਤ ਕੰਮ ਕਰ ਬੈਠਦੇ ਹਨ, ਭਾਵੇਂ ਕਿ ਉਹ ਚੰਗੇ ਕੰਮ ਕਰਨੇ ਚਾਹੁੰਦੇ ਹਨ। ਪੌਲੁਸ ਰਸੂਲ ਨੇ ਲਿਖਿਆ: “ਮੈਂ ਉਹ ਨਹੀਂ ਕਰਦਾ ਜੋ ਚਾਹੁੰਦਾ ਹਾਂ ਸਗੋਂ ਉਹ ਕਰਦਾ ਹਾਂ ਜਿਸ ਤੋਂ ਮੈਨੂੰ ਘਿਣ ਆਉਂਦੀ ਹੈ।”—ਰੋਮੀਆਂ 7:15.
ਬਾਈਬਲ ਅਨੁਸਾਰ ਮੁਕੰਮਲ ਇਨਸਾਨ ਨੇ ਪੂਰੀ ਤਰ੍ਹਾਂ ਤੰਦਰੁਸਤ ਰਹਿੰਦਿਆਂ ਹਮੇਸ਼ਾ ਲਈ ਜੀਣਾ ਸੀ। ਆਦਮ ਨੂੰ ਕਹੇ ਪਰਮੇਸ਼ੁਰ ਦੇ ਸ਼ਬਦਾਂ ਤੋਂ ਸਾਫ਼ ਜ਼ਾਹਰ ਸੀ ਕਿ ਜੇ ਆਦਮ ਉਸ ਦੇ ਕਹਿਣੇ ਵਿਚ ਰਹਿੰਦਾ, ਤਾਂ ਉਹ ਕਦੀ ਨਾ ਮਰਦਾ। (ਉਤਪਤ 2:16, 17; 3:22, 23) ਜੇ ਸ਼ੁਰੂ ਵਿਚ ਇਨਸਾਨ ਦਾ ਸਰੀਰ ਮੁਕੰਮਲ ਨਾ ਹੁੰਦਾ ਜਾਂ ਉਸ ਵਿਚ ਬਗਾਵਤ ਕਰਨ ਦਾ ਸੁਭਾਅ ਹੁੰਦਾ, ਤਾਂ ਪਰਮੇਸ਼ੁਰ ਨੇ ਇਨਸਾਨ ਨੂੰ ਬਣਾਉਣ ਤੋਂ ਬਾਅਦ ਉਸ ਨੂੰ “ਬਹੁਤ ਹੀ ਚੰਗਾ” ਨਹੀਂ ਕਹਿਣਾ ਸੀ। ਭਾਵੇਂ ਕਿ ਇਨਸਾਨ ਦਾ ਸਰੀਰ ਬਿਹਤਰੀਨ ਤਰੀਕੇ ਨਾਲ ਬਣਾਇਆ ਗਿਆ ਹੈ, ਪਰ ਮੁਕੰਮਲ ਨਾ ਰਹਿਣ ਕਰਕੇ ਇਨਸਾਨੀ ਸਰੀਰ ਵਿਚ ਨੁਕਸ ਆਉਂਦੇ ਹਨ ਜਾਂ ਉਹ ਬੀਮਾਰੀਆਂ ਦਾ ਸ਼ਿਕਾਰ ਹੁੰਦਾ ਹੈ। ਸੋ ਵਿਕਾਸਵਾਦ ਦੀ ਸਿੱਖਿਆ ਬਾਈਬਲ ਦੀ ਸਿੱਖਿਆ ਨਾਲ ਮੇਲ ਨਹੀਂ ਖਾਂਦੀ। ਵਿਕਾਸਵਾਦ ਸਿਖਾਉਂਦਾ ਹੈ ਕਿ ਆਧੁਨਿਕ ਮਨੁੱਖ ਪਸ਼ੂਆਂ ਵਿਚ ਆਏ ਨਿਰੰਤਰ ਸੁਧਾਰ ਦਾ ਨਤੀਜਾ ਹੈ। ਪਰ ਬਾਈਬਲ ਦੱਸਦੀ ਹੈ ਕਿ ਆਧੁਨਿਕ ਮਨੁੱਖ ਪਹਿਲੇ ਮੁਕੰਮਲ ਇਨਸਾਨ ਵਿਚ ਆਈ ਗਿਰਾਵਟ ਦਾ ਨਤੀਜਾ ਹੈ।
ਇਹ ਵਿਚਾਰ ਕਿ ਪਰਮੇਸ਼ੁਰ ਨੇ ਇਨਸਾਨ ਨੂੰ ਬਣਾਉਣ ਲਈ ਵਿਕਾਸਵਾਦ ਨੂੰ ਵਰਤਿਆ ਸੀ, ਬਾਈਬਲ ਮੁਤਾਬਕ ਪਰਮੇਸ਼ੁਰ ਦੀ ਸ਼ਖ਼ਸੀਅਤ ਨਾਲ ਮੇਲ ਨਹੀਂ ਖਾਂਦਾ। ਜੇ ਪਰਮੇਸ਼ੁਰ ਨੇ ਵਿਕਾਸਵਾਦ ਨੂੰ ਵਰਤਿਆ ਹੁੰਦਾ, ਤਾਂ ਇਸ ਦਾ ਮਤਲਬ ਹੁੰਦਾ ਕਿ ਪਰਮੇਸ਼ੁਰ ਨੇ ਹੀ ਇਨਸਾਨ ਨੂੰ ਬੀਮਾਰੀਆਂ ਅਤੇ ਦੁੱਖਾਂ ਦੀ ਦਲਦਲ ਵਿਚ ਧੱਕਿਆ ਹੈ। ਪਰ ਪਰਮੇਸ਼ੁਰ ਬਾਰੇ ਬਾਈਬਲ ਕਹਿੰਦੀ ਹੈ: “ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ। ਓਹ [ਇਨਸਾਨ] ਵਿਗੜ ਗਏ ਹਨ, ਓਹ ਉਸ ਦੇ ਪੁੱਤ੍ਰ ਨਹੀਂ ਸਗੋਂ ਕਲੰਕੀ ਹਨ।” (ਬਿਵਸਥਾ ਸਾਰ 32:4, 5) ਇਸ ਤੋਂ ਪਤਾ ਚੱਲਦਾ ਹੈ ਕਿ ਪਰਮੇਸ਼ੁਰ ਨੇ ਵਿਕਾਸਵਾਦ ਨੂੰ ਵਰਤ ਕੇ ਇਨਸਾਨਾਂ ਨੂੰ ਦੁੱਖਾਂ ਦਾ ਭਾਗੀ ਨਹੀਂ ਬਣਾਇਆ। ਅਸਲ ਵਿਚ ਮਨੁੱਖਜਾਤੀ ਦੇ ਦੁੱਖਾਂ ਦਾ ਕਾਰਨ ਹੈ ਪਹਿਲੇ ਇਨਸਾਨ ਵੱਲੋਂ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ। ਬਗਾਵਤ ਕਰਨ ਕਰਕੇ ਜਦੋਂ ਇਨਸਾਨ ਖ਼ੁਦ ਮੁਕੰਮਲ ਨਾ ਰਿਹਾ, ਤਾਂ ਉਸ ਦੀ ਸੰਤਾਨ ਕਿੱਦਾਂ ਮੁਕੰਮਲ ਪੈਦਾ ਹੁੰਦੀ? ਆਓ ਹੁਣ ਆਪਾਂ ਯਿਸੂ ਬਾਰੇ ਗੱਲ ਕਰੀਏ। ਬਾਈਬਲ ਯਿਸੂ ਬਾਰੇ ਜੋ ਕਹਿੰਦੀ ਹੈ, ਕੀ ਉਹ ਵਿਕਾਸਵਾਦ ਦੀ ਸਿੱਖਿਆ ਨਾਲ ਮੇਲ ਖਾਂਦਾ ਹੈ?
ਕੀ ਤੁਸੀਂ ਵਿਕਾਸਵਾਦ ਦੀ ਸਿੱਖਿਆ ਅਤੇ ਬਾਈਬਲ ਦੋਵਾਂ ਵਿਚ ਵਿਸ਼ਵਾਸ ਕਰ ਸਕਦੇ ਹੋ?
‘ਮਸੀਹ ਸਾਡਿਆਂ ਪਾਪਾਂ ਦੇ ਕਾਰਨ ਮੋਇਆ।’ ਸ਼ਾਇਦ ਤੁਸੀਂ ਜਾਣਦੇ ਹੋਣੇ ਕਿ ਇਹ ਬਾਈਬਲ ਦੀ ਇਕ ਅਹਿਮ ਸਿੱਖਿਆ ਹੈ। (1 ਕੁਰਿੰਥੀਆਂ 15:3; 1 ਪਤਰਸ 3:18) ਇਹ ਸਿੱਖਿਆ ਵਿਕਾਸਵਾਦ ਦੀ ਸਿੱਖਿਆ ਨਾਲ ਮੇਲ ਨਹੀਂ ਖਾਂਦੀ। ਇਸ ਗੱਲ ਨੂੰ ਸਮਝਣ ਲਈ ਆਓ ਆਪਾਂ ਪਹਿਲਾਂ ਦੇਖੀਏ ਕਿ ਬਾਈਬਲ ਸਾਨੂੰ ਪਾਪੀ ਕਿਉਂ ਕਹਿੰਦੀ ਹੈ ਅਤੇ ਪਾਪ ਦਾ ਸਾਡੇ ਉੱਤੇ ਕੀ ਅਸਰ ਪੈਂਦਾ ਹੈ।
ਅਸੀਂ ਸਾਰੇ ਪਾਪੀ ਹਾਂ ਕਿਉਂਕਿ ਅਸੀਂ ਪਿਆਰ ਅਤੇ ਨਿਆਂ ਵਰਗੇ ਪਰਮੇਸ਼ੁਰ ਦੇ ਸ਼ਾਨਦਾਰ ਗੁਣਾਂ ਨੂੰ ਪੂਰੀ ਤਰ੍ਹਾਂ ਆਪਣੇ ਅੰਦਰ ਪੈਦਾ ਨਹੀਂ ਕਰ ਸਕਦੇ। ਇਸ ਲਈ ਬਾਈਬਲ ਕਹਿੰਦੀ ਹੈ: “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਰੋਮੀਆਂ 3:23) ਬਾਈਬਲ ਸਿਖਾਉਂਦੀ ਹੈ ਕਿ ਪਾਪ ਮੌਤ ਦਾ ਕਾਰਨ ਹੈ। 1 ਕੁਰਿੰਥੀਆਂ 15:56 ਵਿਚ ਕਿਹਾ ਗਿਆ ਹੈ, “ਮੌਤ ਦਾ ਡੰਗ ਪਾਪ ਹੈ।” ਆਦਮ ਤੋਂ ਮਿਲੇ ਪਾਪ ਕਰਕੇ ਅਸੀਂ ਬੀਮਾਰ ਹੁੰਦੇ ਹਾਂ। ਯਿਸੂ ਨੇ ਇਕ ਅਧਰੰਗੀ ਨੂੰ ਠੀਕ ਕਰ ਕੇ ਦਿਖਾਇਆ ਸੀ ਕਿ ਬੀਮਾਰੀਆਂ ਦਾ ਸਾਡੀ ਪਾਪੀ ਹਾਲਤ ਨਾਲ ਸੰਬੰਧ ਹੈ। ਉਸ ਨੇ ਅਧਰੰਗੀ ਨੂੰ ਕਿਹਾ ਸੀ, “ਤੇਰੇ ਪਾਪ ਮਾਫ਼ ਹੋਏ” ਤੇ ਉਹ ਆਦਮੀ ਠੀਕ ਹੋ ਗਿਆ ਸੀ।—ਮੱਤੀ 9:2-7.
ਯਿਸੂ ਦੀ ਮੌਤ ਤੋਂ ਸਾਨੂੰ ਕੀ ਫ਼ਾਇਦਾ ਹੁੰਦਾ ਹੈ? ਬਾਈਬਲ ਆਦਮ ਅਤੇ ਯਿਸੂ ਮਸੀਹ ਵਿਚ ਫ਼ਰਕ ਦੱਸਦਿਆਂ ਕਹਿੰਦੀ ਹੈ: “ਆਦਮ ਦੇ ਕਾਰਣ ਅਸੀਂ ਸਾਰੇ ਮਰਦੇ ਹਾਂ। ਇਸੇ ਤਰ੍ਹਾਂ ਮਸੀਹ ਦੇ ਕਾਰਣ ਅਸੀਂ ਫ਼ੇਰ ਜਿਉਂਦੇ ਹੋਵਾਂਗੇ।” (1 ਕੁਰਿੰਥੀਆਂ 15:22, ERV ) ਆਪਣੀ ਜ਼ਿੰਦਗੀ ਕੁਰਬਾਨ ਕਰ ਕੇ ਯਿਸੂ ਨੇ ਉਸ ਪਾਪ ਦੀ ਕੀਮਤ ਚੁਕਾਈ ਜੋ ਸਾਨੂੰ ਆਦਮ ਤੋਂ ਮਿਲਿਆ ਹੈ। ਇਸ ਲਈ ਜੋ ਵੀ ਯਿਸੂ ਵਿਚ ਨਿਹਚਾ ਕਰੇਗਾ ਅਤੇ ਉਸ ਦਾ ਕਹਿਣਾ ਮੰਨੇਗਾ, ਉਸ ਨੂੰ ਅਨੰਤ ਜ਼ਿੰਦਗੀ ਮਿਲੇਗੀ।—ਯੂਹੰਨਾ 3:16; ਰੋਮੀਆਂ 6:23.
ਸੋ ਵਿਕਾਸਵਾਦ ਦਾ ਬਾਈਬਲ ਨਾਲ ਕੋਈ ਮੇਲ ਨਹੀਂ ਹੈ। ਜੇ ਅਸੀਂ ਇਹ ਨਹੀਂ ਮੰਨਦੇ ਕਿ ਆਦਮ ਸੱਚ-ਮੁੱਚ ਸੀ ਅਤੇ “ਆਦਮ ਵਿੱਚ ਸੱਭੇ ਮਰਦੇ ਹਨ,” ਤਾਂ ਫਿਰ ਅਸੀਂ ਇਹ ਉਮੀਦ ਕਿਵੇਂ ਰੱਖ ਸਕਦੇ ਹਾਂ ਕਿ “ਮਸੀਹ ਦੇ ਕਾਰਣ ਅਸੀਂ ਫ਼ੇਰ ਜਿਉਂਦੇ ਹੋਵਾਂਗੇ”?
ਲੋਕਾਂ ਨੂੰ ਵਿਕਾਸਵਾਦ ਦੀ ਸਿੱਖਿਆ ਕਿਉਂ ਪਸੰਦ ਹੈ?
ਬਾਈਬਲ ਦੱਸਦੀ ਹੈ ਕਿ ਲੋਕਾਂ ਨੂੰ ਵਿਕਾਸਵਾਦ ਵਰਗੀਆਂ ਸਿੱਖਿਆਵਾਂ ਕਿਉਂ ਪਸੰਦ ਆਉਂਦੀਆਂ ਹਨ। ਇਸ ਵਿਚ ਦੱਸਿਆ ਹੈ: “ਇਕ ਸਮਾਂ ਉਹ ਵੀ ਆਵੇਗਾ, ਜਦੋਂ ਲੋਕ ਨਿਰੋਈਆਂ ਸਿਖਿਆਵਾਂ ਸੁਣਨਾ ਪਸੰਦ ਨਹੀਂ ਕਰਨਗੇ। ਉਹ ਕੇਵਲ ਆਪਣੀ ਮਨ ਪਸੰਦ ਦੀਆਂ ਸਿਖਿਆਵਾਂ ਹੀ ਸੁਣਨੀਆਂ ਚਾਹੁਣਗੇ ਅਤੇ ਆਪਣੇ ਲਈ ਬਹੁਤ ਸਾਰੇ ਇਹੋ ਜਿਹੇ ਸਿਖਿਅਕ ਇਕੱਠੇ ਕਰ ਲੈਣਗੇ, ਜੋ ਕੇਵਲ ਉਹਨਾਂ ਦੇ ਕੰਨ-ਰਸ ਦੀ ਪੂਰਤੀ ਹੀ ਕਰਨ। ਉਹ ਆਪਣੇ ਕੰਨ ਸਤ ਨੂੰ ਸੁਣਨ ਵੱਲੋਂ ਬੰਦ ਕਰ ਲੈਣਗੇ ਅਤੇ ਇਸ ਦੀ ਥਾਂ ਉਹ ਮਨ ਘੜਤ ਕਥਾਵਾਂ ਵੱਲ ਆਉਣਗੇ।” (2 ਤਿਮੋਥਿਉਸ 4:3, 4, CL) ਭਾਵੇਂ ਕਿ ਵਿਕਾਸਵਾਦ ਦੀ ਸਿੱਖਿਆ ਨੂੰ ਵਿਗਿਆਨਕ ਕਿਹਾ ਜਾਂਦਾ ਹੈ, ਪਰ ਅਸਲ ਵਿਚ ਇਹ ਧਾਰਮਿਕ ਸਿੱਖਿਆ ਹੈ। ਇਹ ਸਿਖਾਉਂਦੀ ਹੈ ਕਿ ਇਨਸਾਨ ਨੂੰ ਜ਼ਿੰਦਗੀ ਅਤੇ ਪਰਮੇਸ਼ੁਰ ਪ੍ਰਤੀ ਕੀ ਨਜ਼ਰੀਆ ਰੱਖਣਾ ਚਾਹੀਦਾ ਹੈ। ਸੁਆਰਥੀ ਸੁਭਾਅ ਤੇ ਮਨ-ਮਰਜ਼ੀ ਨਾਲ ਜੀਣ ਦੀ ਇੱਛਾ ਹੋਣ ਕਰਕੇ ਲੋਕਾਂ ਨੂੰ ਇਹ ਸਿੱਖਿਆ ਚੰਗੀ ਲੱਗਦੀ ਹੈ। ਵਿਕਾਸਵਾਦ ਨੂੰ ਸੱਚ ਮੰਨਣ ਵਾਲੇ ਲੋਕ ਪਰਮੇਸ਼ੁਰ ਉੱਤੇ ਨਿਹਚਾ ਰੱਖਣ ਦਾ ਵੀ ਦਾਅਵਾ ਕਰਦੇ ਹਨ। ਪਰ ਉਹ ਇਹ ਸੋਚਣਾ ਪਸੰਦ ਕਰਦੇ ਹਨ ਕਿ ਪਰਮੇਸ਼ੁਰ ਨੇ ਦੁਨੀਆਂ ਨੂੰ ਨਹੀਂ ਸਿਰਜਿਆ, ਉਹ ਇਨਸਾਨੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਨਹੀਂ ਕਰਦਾ ਹੈ ਤੇ ਨਾ ਹੀ ਲੋਕਾਂ ਦਾ ਨਿਆਂ ਕਰੇਗਾ। ਲੋਕ ਕੰਨ-ਰਸੀਏ ਹੋਣ ਕਰਕੇ ਇਹ ਸਿੱਖਿਆ ਸੁਣਦੇ ਹਨ।
ਵਿਕਾਸਵਾਦ ਦੀ ਸਿੱਖਿਆ ਦੇਣ ਵਾਲੇ ਵਿਗਿਆਨੀ ਤੱਥਾਂ ਵੱਲ ਧਿਆਨ ਨਹੀਂ ਦਿੰਦੇ, ਸਗੋਂ “ਆਪਣੀ ਮਨ ਪਸੰਦ” ਦੀਆਂ ਗੱਲਾਂ ਅਨੁਸਾਰ ਚੱਲਦੇ ਹਨ। ਉਹ ਨਹੀਂ ਚਾਹੁੰਦੇ ਕਿ ਵਿਕਾਸਵਾਦ ਦੀ ਸਿੱਖਿਆ ਨੂੰ ਠੁਕਰਾਉਣ ਕਾਰਨ ਦੂਸਰੇ ਵਿਗਿਆਨੀ ਉਨ੍ਹਾਂ ਦਾ ਮਖੌਲ ਉਡਾਉਣ। ਗੁੰਝਲਦਾਰ ਜੀਵਿਤ ਸੈੱਲਾਂ ਦਾ ਸਾਰੀ ਜ਼ਿੰਦਗੀ ਅਧਿਐਨ ਕਰਨ ਵਾਲੇ ਪ੍ਰੋਫ਼ੈਸਰ ਮਾਈਕਲ ਬੀਹੀ ਨੇ ਕਿਹਾ ਕਿ ਜੋ ਇਹ ਦਾਅਵਾ ਕਰਦੇ ਹਨ ਕਿ ਸੈੱਲ ਵਿਕਾਸਵਾਦ ਰਾਹੀਂ ਉਤਪੰਨ ਹੋਏ ਹਨ, ਉਨ੍ਹਾਂ ਕੋਲ ਆਪਣੇ ਦਾਅਵੇ ਨੂੰ ਸੱਚ ਸਾਬਤ ਕਰਨ ਦਾ ਕੋਈ ਆਧਾਰ ਨਹੀਂ ਹੈ। ਕੀ ਸੈੱਲ ਵਿਕਾਸਵਾਦ ਰਾਹੀਂ ਉਤਪੰਨ ਹੋਏ ਹਨ? ਪ੍ਰੋਫ਼ੈਸਰ ਬੀਹੀ ਨੇ ਲਿਖਿਆ ਕਿ ‘ਵਿਕਾਸਵਾਦ ਰਾਹੀਂ ਸੈੱਲਾਂ ਦੀ ਉਤਪਤੀ ਦੀ ਥਿਊਰੀ ਵਿਗਿਆਨਕ ਨਹੀਂ ਹੈ। ਅਜਿਹਾ ਕੋਈ ਵੀ ਮੰਨਿਆ-ਪ੍ਰਮੰਨਿਆ ਵਿਗਿਆਨਕ ਰਸਾਲਾ, ਅਖ਼ਬਾਰ ਜਾਂ ਕਿਤਾਬ ਨਹੀਂ ਹੈ ਜੋ ਸਮਝਾਉਂਦੀ ਹੈ ਕਿ ਗੁੰਝਲਦਾਰ ਸੈੱਲ ਦਾ ਵਿਕਾਸ ਕਿਵੇਂ ਹੋਇਆ ਸੀ। ਡਾਰਵਿਨ ਦੀ ਇਹ ਥਿਊਰੀ ਕਿ ਸੈੱਲ ਆਪਣੇ ਆਪ ਬਣ ਗਿਆ ਸੀ, ਫੋਕਾ ਦਾਅਵਾ ਹੈ।’
ਜੇ ਵਿਕਾਸਵਾਦੀਆਂ ਕੋਲ ਆਪਣੇ ਦਾਅਵੇ ਸੱਚ ਸਾਬਤ ਕਰਨ ਲਈ ਸਬੂਤ ਨਹੀਂ ਹਨ, ਤਾਂ ਫਿਰ ਉਹ ਕਿਉਂ ਆਪਣੇ ਵਿਚਾਰਾਂ ਨੂੰ ਇੰਨੇ ਜੋਸ਼ ਨਾਲ ਫੈਲਾਉਂਦੇ ਹਨ? ਪ੍ਰੋਫ਼ੈਸਰ ਬੀਹੀ ਦੱਸਦਾ ਹੈ: “ਬਹੁਤ ਸਾਰੇ ਲੋਕ, ਜਿਨ੍ਹਾਂ ਵਿਚ ਕਈ ਮੰਨੇ-ਪ੍ਰਮੰਨੇ ਤੇ ਇੱਜ਼ਤਦਾਰ ਵਿਗਿਆਨੀ ਵੀ ਸ਼ਾਮਲ ਹਨ, ਇਹ ਗੱਲ ਮੰਨਣੀ ਹੀ ਨਹੀਂ ਚਾਹੁੰਦੇ ਕਿ ਕੁਦਰਤ ਤੋਂ ਇਲਾਵਾ ਵੀ ਕੋਈ ਹੈ।”
ਕਈ ਪਾਦਰੀ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਨੂੰ ਬੁੱਧੀਮਾਨ ਸਮਝਣ, ਇਸ ਲਈ ਉਹ ਵੀ ਵਿਕਾਸਵਾਦ ਦੀ ਸਿੱਖਿਆ ਨੂੰ ਸਹੀ ਕਹਿੰਦੇ ਹਨ। ਇਹ ਲੋਕ ਰੋਮ ਵਿਚ ਰਹਿੰਦੇ ਕੁਰਿੰਥੀ ਲੋਕਾਂ ਵਰਗੇ ਹਨ ਰੋਮੀਆਂ 1:19-22) ਤੁਸੀਂ ਝੂਠੇ ਗੁਰੂਆਂ ਤੋਂ ਧੋਖਾ ਖਾਣ ਤੋਂ ਕਿਵੇਂ ਬਚ ਸਕਦੇ ਹੋ?
ਜਿਨ੍ਹਾਂ ਬਾਰੇ ਪੌਲੁਸ ਰਸੂਲ ਨੇ ਲਿਖਿਆ ਸੀ: ‘ਪਰਮੇਸ਼ੁਰ ਦੇ ਵਿਖੇ ਜੋ ਕੁਝ ਮਲੂਮ ਹੋ ਸੱਕਦਾ ਹੈ ਸੋ ਉਨ੍ਹਾਂ ਵਿੱਚ ਪਰਕਾਸ਼ ਹੈ। ਜਗਤ ਦੇ ਉਤਪਤ ਹੋਣ ਤੋਂ ਪਰਮੇਸ਼ੁਰ ਦਾ ਅਣਡਿੱਠ ਸੁਭਾਉ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦੀ ਹੈ। ਇਸ ਕਰਕੇ ਉਨ੍ਹਾਂ ਦੇ ਲਈ ਕੋਈ ਉਜ਼ਰ ਨਹੀਂ। ਭਾਵੇਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਜਾਣ ਲਿਆ ਪਰ ਤਾਂ ਵੀ ਪਰਮੇਸ਼ੁਰ ਦੇ ਜੋਗ ਵਡਿਆਈ ਨਾ ਕੀਤੀ, ਨਾ ਉਹ ਦਾ ਧੰਨਵਾਦ ਕੀਤਾ ਸਗੋਂ ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ ਅਤੇ ਓਹਨਾਂ ਦੇ ਬੁੱਧਹੀਣ ਮਨ ਅਨ੍ਹੇਰੇ ਹੋ ਗਏ। ਓਹ ਆਪ ਨੂੰ ਬੁੱਧੀਵਾਨ ਮੰਨ ਕੇ ਮੂਰਖ ਬਣ ਗਏ।’ (ਸਿਰਜਣਹਾਰ ਵਿਚ ਨਿਹਚਾ ਕਰਨ ਲਈ ਸਬੂਤਾਂ ਦੀ ਜਾਂਚ
ਨਿਹਚਾ ਦੀ ਪਰਿਭਾਸ਼ਾ ਦਿੰਦਿਆਂ ਬਾਈਬਲ ਸਬੂਤਾਂ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੀ ਹੈ। ਇਸ ਵਿਚ ਦੱਸਿਆ ਹੈ: “ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ।” (ਇਬਰਾਨੀਆਂ 11:1) ਪਰਮੇਸ਼ੁਰ ਦੀ ਹੋਂਦ ਦੇ ਸਬੂਤਾਂ ਦੀ ਜਾਂਚ ਕਰ ਕੇ ਹੀ ਪਰਮੇਸ਼ੁਰ ਉੱਤੇ ਨਿਹਚਾ ਕੀਤੀ ਜਾਣੀ ਚਾਹੀਦੀ ਹੈ। ਬਾਈਬਲ ਦੱਸਦੀ ਹੈ ਕਿ ਇਹ ਸਬੂਤ ਕਿੱਥੇ ਦਿੱਤੇ ਗਏ ਹਨ।
ਬਾਈਬਲ ਦੀ ਇਕ ਕਿਤਾਬ ਦੇ ਲੇਖਕ ਦਾਊਦ ਨੇ ਲਿਖਿਆ ਸੀ ਕਿ ਮਨੁੱਖੀ ਸਰੀਰ “ਅਚਰਜ” ਤਰੀਕੇ ਨਾਲ ਬਣਾਇਆ ਗਿਆ ਹੈ। (ਜ਼ਬੂਰਾਂ ਦੀ ਪੋਥੀ 139:14) ਆਪਣੇ ਸਰੀਰ ਦੀ ਅਤੇ ਹੋਰ ਜੀਉਂਦੀਆਂ ਚੀਜ਼ਾਂ ਦੀ ਸ਼ਾਨਦਾਰ ਬਣਾਵਟ ਉੱਤੇ ਸੋਚ-ਵਿਚਾਰ ਕਰਨ ਨਾਲ ਸਾਡੇ ਦਿਲ ਵਿਚ ਆਪਣੇ ਬੁੱਧੀਮਾਨ ਸਿਰਜਣਹਾਰ ਲਈ ਸ਼ਰਧਾ ਪੈਦਾ ਹੋਵੇਗੀ। ਸਾਡੇ ਸਰੀਰ ਦਾ ਹਰ ਅੰਗ ਦੂਜੇ ਅੰਗਾਂ ਨਾਲ ਮਿਲ ਕੇ ਕੰਮ ਕਰਦਾ ਹੈ ਤਾਂਕਿ ਅਸੀਂ ਜੀਉਂਦੇ ਰਹਿ ਸਕੀਏ। ਇਹ ਸਾਰੇ ਅੰਗ ਸੋਚ-ਸਮਝ ਕੇ ਬਣਾਏ ਗਏ ਹਨ। ਬ੍ਰਹਿਮੰਡ ਵਿਚ ਵੀ ਸੂਰਜ, ਚੰਦ, ਤਾਰਿਆਂ ਤੇ ਹੋਰ ਚੀਜ਼ਾਂ ਦੀ ਗਤੀ ਵਗੈਰਾ ਬਿਲਕੁਲ ਸਹੀ ਰੱਖੀ ਗਈ ਹੈ। ਦਾਊਦ ਨੇ ਲਿਖਿਆ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ।”—ਜ਼ਬੂਰਾਂ ਦੀ ਪੋਥੀ 19:1.
ਬਾਈਬਲ ਵਿਚ ਵੀ ਸਿਰਜਣਹਾਰ ਸੰਬੰਧੀ ਢੇਰ ਸਾਰੇ ਸਬੂਤ ਦਿੱਤੇ ਗਏ ਹਨ। ਇਸ ਦੀਆਂ 66 ਕਿਤਾਬਾਂ ਵਿਚ ਕੋਈ ਆਪਸੀ ਵਿਰੋਧ ਨਹੀਂ ਹੈ। ਇਸ ਵਿਚ ਦੱਸੇ ਨੈਤਿਕ ਅਸੂਲ ਉੱਤਮ ਹਨ ਅਤੇ ਇਸ ਵਿਚ ਦਰਜ ਅਨੇਕ ਭਵਿੱਖਬਾਣੀਆਂ ਪੂਰੀਆਂ ਹੋਈਆਂ ਹਨ। ਇਹ ਸਾਰੀਆਂ ਗੱਲਾਂ ਇਸ ਗੱਲ ਦਾ ਸਬੂਤ ਹਨ ਕਿ ਬਾਈਬਲ ਨੂੰ ਸਾਡੇ ਸਿਰਜਣਹਾਰ ਨੇ ਲਿਖਵਾਇਆ ਸੀ। ਬਾਈਬਲ ਦੀਆਂ ਸਿੱਖਿਆਵਾਂ ਨੂੰ ਸਮਝ ਕੇ ਤੁਹਾਨੂੰ ਇਸ ਗੱਲ ਦਾ ਭਰੋਸਾ ਹੋ ਜਾਵੇਗਾ ਕਿ ਬਾਈਬਲ ਸੱਚ-ਮੁੱਚ ਪਰਮੇਸ਼ੁਰ ਦਾ ਬਚਨ ਹੈ। ਉਦਾਹਰਣ ਲਈ, ਬਾਈਬਲ ਦੁੱਖਾਂ ਦੇ ਅਸਲੀ ਕਾਰਨ, ਪਰਮੇਸ਼ੁਰ ਦੇ ਰਾਜ, ਇਨਸਾਨ ਦੇ ਭਵਿੱਖ ਅਤੇ ਖ਼ੁਸ਼ੀ ਦੇ ਰਾਜ਼ ਬਾਰੇ ਦੱਸਦੀ ਹੈ। ਇਨ੍ਹਾਂ ਸਿੱਖਿਆਵਾਂ ਨੂੰ ਸਮਝਣ ਨਾਲ ਤੁਹਾਨੂੰ ਪਰਮੇਸ਼ੁਰ ਦੇ ਬੁੱਧੀਮਾਨ ਹੋਣ ਦਾ ਸਬੂਤ ਮਿਲੇਗਾ। ਤੁਸੀਂ ਵੀ ਪੌਲੁਸ ਰਸੂਲ ਵਾਂਗ ਮਹਿਸੂਸ ਕਰੋਗੇ ਜਿਸ ਨੇ ਲਿਖਿਆ: “ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ! ਉਹ ਦੇ ਨਿਆਉਂ ਕੇਡੇ ਅਣ-ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ!”—ਰੋਮੀਆਂ 11:33.
ਸਬੂਤਾਂ ਦੀ ਜਾਂਚ ਕਰ ਕੇ ਤੁਹਾਡੀ ਨਿਹਚਾ ਮਜ਼ਬੂਤ ਹੋਵੇਗੀ ਤੇ ਤੁਹਾਨੂੰ ਭਰੋਸਾ ਹੋਵੇਗਾ ਕਿ ਬਾਈਬਲ ਪੜ੍ਹਦਿਆਂ ਤੁਸੀਂ ਆਪਣੇ ਸਿਰਜਣਹਾਰ ਦੀ ਆਵਾਜ਼ ਸੁਣ ਰਹੇ ਹੋ। ਉਹ ਕਹਿੰਦਾ ਹੈ: “ਮੈਂ ਹੀ ਧਰਤੀ ਨੂੰ ਬਣਾਇਆ, ਅਤੇ ਆਦਮੀ ਨੂੰ ਉਹ ਦੇ ਉੱਤੇ ਉਤਪਤ ਕੀਤਾ, ਮੈਂ ਆਪਣੇ ਹੱਥ ਨਾਲ ਅਕਾਸ਼ ਨੂੰ ਤਾਣਿਆ, ਅਤੇ ਉਹ ਦੀ ਸਾਰੀ ਸੈਨਾ ਨੂੰ ਮੈਂ ਹੀ ਹੁਕਮ ਦਿੱਤਾ।” (ਯਸਾਯਾਹ 45:12) ਸਬੂਤਾਂ ਦੀ ਜਾਂਚ ਕਰ ਕੇ ਆਪਣੇ ਆਪ ਨੂੰ ਇਹ ਭਰੋਸਾ ਦਿਵਾਓ ਕਿ ਯਹੋਵਾਹ ਸਾਰੀਆਂ ਚੀਜ਼ਾਂ ਦਾ ਸਿਰਜਣਹਾਰ ਹੈ। ਇਸ ਨਾਲ ਤੁਹਾਡਾ ਹੀ ਭਲਾ ਹੋਵੇਗਾ। (w08 1/1)
[ਸਫ਼ਾ 14 ਉੱਤੇ ਸੁਰਖੀ]
ਪੌਲੁਸ ਰਸੂਲ ਨੇ ਯੂਨਾਨੀ ਵਿਦਵਾਨਾਂ ਨੂੰ ਦੱਸਿਆ: ‘ਪਰਮੇਸ਼ੁਰ ਨੇ ਮਨੁੱਖਾਂ ਦੀ ਹਰੇਕ ਕੌਮ ਨੂੰ ਇੱਕ ਮਨੁੱਖ ਤੋਂ ਰਚਿਆ’
[ਸਫ਼ਾ 15 ਉੱਤੇ ਸੁਰਖੀ]
ਵਿਕਾਸਵਾਦ ਸਿਖਾਉਂਦਾ ਹੈ ਕਿ ਆਧੁਨਿਕ ਮਨੁੱਖ ਪਸ਼ੂਆਂ ਵਿਚ ਆਏ ਨਿਰੰਤਰ ਸੁਧਾਰ ਦਾ ਨਤੀਜਾ ਹੈ। ਪਰ ਬਾਈਬਲ ਦੱਸਦੀ ਹੈ ਕਿ ਆਧੁਨਿਕ ਮਨੁੱਖ ਪਹਿਲੇ ਮੁਕੰਮਲ ਇਨਸਾਨ ਵਿਚ ਆਈ ਗਿਰਾਵਟ ਦਾ ਨਤੀਜਾ ਹੈ
[ਸਫ਼ਾ 16 ਉੱਤੇ ਸੁਰਖੀ]
ਵਿਕਾਸਵਾਦ ਰਾਹੀਂ ਸੈੱਲਾਂ ਦੀ ਉਤਪਤੀ ਦੀ ਥਿਊਰੀ ਵਿਗਿਆਨਕ ਨਹੀਂ ਹੈ
[ਸਫ਼ਾ 17 ਉੱਤੇ ਸੁਰਖੀ]
ਜੀਉਂਦੀਆਂ ਚੀਜ਼ਾਂ ਦੀ ਸ਼ਾਨਦਾਰ ਬਣਾਵਟ ਉੱਤੇ ਸੋਚ-ਵਿਚਾਰ ਕਰਨ ਨਾਲ ਸਾਡੇ ਦਿਲ ਵਿਚ ਆਪਣੇ ਬੁੱਧੀਮਾਨ ਸਿਰਜਣਹਾਰ ਲਈ ਸ਼ਰਧਾ ਪੈਦਾ ਹੋਵੇਗੀ