Skip to content

Skip to table of contents

ਜਵਾਨੀ ਦੇ ਦਿਨਾਂ ਦੀ ਨਿਰਾਸ਼ਾ ਤੋਂ ਖਹਿੜਾ ਛੁੱਟਿਆ

ਜਵਾਨੀ ਦੇ ਦਿਨਾਂ ਦੀ ਨਿਰਾਸ਼ਾ ਤੋਂ ਖਹਿੜਾ ਛੁੱਟਿਆ

ਜਵਾਨੀ ਦੇ ਦਿਨਾਂ ਦੀ ਨਿਰਾਸ਼ਾ ਤੋਂ ਖਹਿੜਾ ਛੁੱਟਿਆ

ਯੂਸੇਬੀਓ ਮੌਰਸੀਯੋ ਦੀ ਜ਼ਬਾਨੀ

ਸਤੰਬਰ 1993 ਵਿਚ ਮੈਂ ਇਕ ਭਾਰੀ ਸੁਰੱਖਿਆ ਵਾਲੀ ਜੇਲ੍ਹ ਵਿਚ ਗਿਆ। ਉਸ ਵੇਲੇ ਜੇਲ੍ਹ ਵਿਚ ਸਜ਼ਾ ਕੱਟ ਰਹੀ ਮੇਰੀ ਛੋਟੀ ਭੈਣ ਮਾਰੀਵੀ ਬਪਤਿਸਮਾ ਲੈਣ ਵਾਲੀ ਸੀ। ਜਦੋਂ ਮੈਂ ਉਸ ਨੂੰ ਬਪਤਿਸਮਾ ਦੇ ਰਿਹਾ ਸਾਂ, ਤਾਂ ਉੱਥੇ ਕੁਝ ਕੈਦੀ ਤੇ ਜੇਲ੍ਹ ਅਧਿਕਾਰੀ ਵੀ ਬੜੇ ਸਤਿਕਾਰ ਨਾਲ ਇਹ ਸਭ ਕੁਝ ਦੇਖ ਰਹੇ ਸਨ। ਇਹ ਦੱਸਣ ਤੋਂ ਪਹਿਲਾਂ ਕਿ ਮੇਰੀ ਭੈਣ ਨੂੰ ਜੇਲ੍ਹ ਵਿਚ ਕਿਉਂ ਡੱਕਿਆ ਗਿਆ, ਮੈਂ ਤੁਹਾਨੂੰ ਆਪਣੀ ਬੀਤੀ ਜ਼ਿੰਦਗੀ ਬਾਰੇ ਕੁਝ ਦੱਸਦਾ ਹਾਂ।

ਮੇਰਾ ਜਨਮ 5 ਮਈ 1954 ਨੂੰ ਸਪੇਨ ਵਿਚ ਹੋਇਆ ਸੀ ਤੇ ਮੈਂ ਅੱਠਾਂ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ। ਮਾਰੀਵੀ ਤੀਜੇ ਨੰਬਰ ਤੇ ਸੀ। ਮੇਰੇ ਨਾਨੀ ਜੀ ਨੇ ਸਾਨੂੰ ਕੈਥੋਲਿਕ ਧਰਮ ਦੀ ਸਿੱਖਿਆ ਦਿੱਤੀ। ਛੋਟੇ ਹੁੰਦਿਆਂ ਜਦੋਂ ਮੈਂ ਉਨ੍ਹਾਂ ਨਾਲ ਰਹਿੰਦਾ ਸੀ, ਤਾਂ ਮੈਂ ਰੱਬ ਨੂੰ ਮੰਨਿਆ ਕਰਦਾ ਸੀ ਅਤੇ ਖ਼ੁਸ਼ ਸੀ। ਪਰ ਮੇਰੇ ਮੰਮੀ-ਡੈਡੀ ਦੇ ਘਰ ਵਿਚ ਰੱਬ ਦਾ ਨਾਂ ਤਕ ਨਹੀਂ ਲਿਆ ਜਾਂਦਾ ਸੀ। ਡੈਡੀ ਰੋਜ਼ ਮੰਮੀ ਜੀ ਨੂੰ ਤੇ ਸਾਨੂੰ ਸਾਰਿਆਂ ਨੂੰ ਕੁੱਟਿਆ ਕਰਦਾ ਸੀ। ਅਸੀਂ ਹਮੇਸ਼ਾ ਡਰੇ ਰਹਿੰਦੇ ਸੀ ਤੇ ਮੰਮੀ ਜੀ ਨੂੰ ਦੁੱਖ ਝੱਲਦਿਆਂ ਦੇਖ ਕੇ ਮੇਰਾ ਮਨ ਬਹੁਤ ਦੁਖੀ ਹੁੰਦਾ ਸੀ।

ਸਕੂਲ ਵਿਚ ਵੀ ਮੈਨੂੰ ਵਧੀਆ ਮਾਹੌਲ ਨਹੀਂ ਮਿਲਿਆ। ਇਕ ਪਾਦਰੀ, ਜੋ ਸਾਡਾ ਟੀਚਰ ਹੁੰਦਾ ਸੀ, ਸਾਡੇ ਸਿਰ ਕੰਧਾਂ ਵਿਚ ਮਾਰਿਆ ਕਰਦਾ ਸੀ ਜੇ ਅਸੀਂ ਕਿਸੇ ਸਵਾਲ ਦਾ ਗ਼ਲਤ ਜਵਾਬ ਦਿੰਦੇ ਸਾਂ। ਇਕ ਹੋਰ ਪਾਦਰੀ ਵਿਦਿਆਰਥੀਆਂ ਨਾਲ ਬਦਫੈਲੀ ਕਰਿਆ ਕਰਦਾ ਸੀ। ਨਰਕ ਦੀ ਅੱਗ ਵਰਗੀਆਂ ਕੈਥੋਲਿਕ ਸਿੱਖਿਆਵਾਂ ਮੈਨੂੰ ਬੜਾ ਪਰੇਸ਼ਾਨ ਕਰਦੀਆਂ ਸਨ। ਇਸ ਕਰਕੇ ਛੇਤੀ ਹੀ ਰੱਬ ਤੋਂ ਮੇਰਾ ਭਰੋਸਾ ਉੱਠ ਗਿਆ।

ਬੇਮਤਲਬ ਦੀ ਜ਼ਿੰਦਗੀ

ਰੱਬ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਕੇ ਮੈਂ ਡਿਸਕੋ ਕਲੱਬਾਂ ਵਿਚ ਬਦਚਲਣ ਤੇ ਹਿੰਸਕ ਲੋਕਾਂ ਨਾਲ ਉੱਠਣ-ਬੈਠਣ ਲੱਗ ਪਿਆ। ਉੱਥੇ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ ਤੇ ਲੋਕ ਝੱਟ ਚਾਕੂ-ਛੁਰੀਆਂ, ਸੰਗਲੀਆਂ, ਕੱਚ ਦੇ ਗਲਾਸ ਤੇ ਹੋਰ ਚੀਜ਼ਾਂ ਨਾਲ ਇਕ-ਦੂਜੇ ਤੇ ਹਮਲਾ ਕਰ ਦਿੰਦੇ ਸਨ। ਮੈਂ ਆਪਣੇ ਵੱਲੋਂ ਲੜਾਈਆਂ ਵਿਚ ਨਾ ਪੈਣ ਦੀ ਕੋਸ਼ਿਸ਼ ਕੀਤੀ, ਪਰ ਇਕ ਵਾਰ ਕਿਸੇ ਨੇ ਮੈਨੂੰ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ।

ਇਸ ਮਾਹੌਲ ਤੋਂ ਅੱਕ ਕੇ ਮੈਂ ਉਨ੍ਹਾਂ ਡਿਸਕੋ ਕਲੱਬਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ ਜਿੱਥੇ ਮਾਹੌਲ ਸ਼ਾਂਤ ਲੱਗਦਾ ਸੀ। ਪਰ ਇਨ੍ਹਾਂ ਥਾਵਾਂ ਤੇ ਵੀ ਨਸ਼ੇ ਆਮ ਸਨ। ਨਸ਼ਿਆਂ ਤੋਂ ਖ਼ੁਸ਼ੀ ਤੇ ਮਨ ਦੀ ਸ਼ਾਂਤੀ ਮਿਲਣ ਦੀ ਬਜਾਇ ਮੇਰੀਆਂ ਪਰੇਸ਼ਾਨੀਆਂ ਹੋਰ ਵਧ ਗਈਆਂ।

ਭਾਵੇਂ ਮੈਂ ਆਪਣੇ ਜੀਣ ਦੇ ਇਸ ਢੰਗ ਤੋਂ ਖ਼ੁਸ਼ ਨਹੀਂ ਸੀ, ਫਿਰ ਵੀ ਮੈਂ ਆਪਣੇ ਛੋਟੇ ਭਰਾ ਹੋਸੇ ਲੁਈਸ ਤੇ ਪੱਕੇ ਦੋਸਤ ਮੀਗਲ ਨੂੰ ਵੀ ਇਸ ਦਲਦਲ ਵਿਚ ਖਿੱਚ ਲਿਆ। ਸਪੇਨ ਵਿਚ ਹੋਰ ਨੌਜਵਾਨਾਂ ਵਾਂਗ ਅਸੀਂ ਵੀ ਇਸ ਬਦਕਾਰ ਦੁਨੀਆਂ ਦੇ ਸ਼ਿਕੰਜੇ ਵਿਚ ਫਸੇ ਹੋਏ ਸੀ। ਨਸ਼ੇ ਖ਼ਰੀਦਣ ਲਈ ਪੈਸਿਆਂ ਵਾਸਤੇ ਮੈਂ ਕੁਝ ਵੀ ਕਰਨ ਲਈ ਤਿਆਰ ਸੀ। ਮੈਨੂੰ ਕੋਈ ਸ਼ਰਮ-ਹਯਾ ਨਹੀਂ ਰਹੀ।

ਯਹੋਵਾਹ ਨੇ ਮੈਨੂੰ ਬਚਾਇਆ

ਉਸ ਸਮੇਂ ਮੈਂ ਆਪਣੇ ਦੋਸਤਾਂ ਨਾਲ ਕਈ ਵਾਰ ਰੱਬ ਦੀ ਹੋਂਦ ਅਤੇ ਜ਼ਿੰਦਗੀ ਦੇ ਮਕਸਦ ਬਾਰੇ ਗੱਲ ਕੀਤੀ। ਪਰਮੇਸ਼ੁਰ ਦੀ ਭਾਲ ਵਿਚ ਮੈਂ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰਨੀ ਚਾਹੁੰਦਾ ਸੀ ਜੋ ਮੇਰੇ ਜਜ਼ਬਾਤਾਂ ਨੂੰ ਸਮਝ ਸਕਦਾ। ਮੈਂ ਦੇਖਿਆ ਕਿ ਫ੍ਰੈਂਥੀਸਕੋ, ਜੋ ਮੇਰੇ ਨਾਲ ਕੰਮ ਕਰਦਾ ਸੀ, ਦੂਜਿਆਂ ਨਾਲੋਂ ਵੱਖਰੇ ਸੁਭਾਅ ਦਾ ਸੀ। ਉਹ ਬੜਾ ਖ਼ੁਸ਼ ਲੱਗਦਾ ਸੀ ਅਤੇ ਈਮਾਨਦਾਰ ਤੇ ਨਰਮ ਦਿਲ ਇਨਸਾਨ ਸੀ। ਇਸ ਲਈ ਮੈਂ ਉਸ ਨਾਲ ਗੱਲ ਕਰਨ ਦੀ ਸੋਚੀ। ਫ੍ਰੈਂਥੀਸਕੋ ਯਹੋਵਾਹ ਦਾ ਗਵਾਹ ਸੀ ਤੇ ਉਸ ਨੇ ਮੈਨੂੰ ਪਹਿਰਾਬੁਰਜ ਰਸਾਲੇ ਦੀ ਇਕ ਕਾਪੀ ਦਿੱਤੀ ਜਿਸ ਵਿਚ ਨਸ਼ਿਆਂ ਬਾਰੇ ਇਕ ਲੇਖ ਸੀ।

ਲੇਖ ਪੜ੍ਹਨ ਤੋਂ ਬਾਅਦ ਮੈਂ ਰੱਬ ਅੱਗੇ ਅਰਦਾਸ ਕੀਤੀ: “ਹੇ ਸੱਚੇ ਪਾਤਸ਼ਾਹ, ਮੈਨੂੰ ਪਤਾ ਤੂੰ ਹੈਂ। ਮੈਂ ਤੈਨੂੰ ਜਾਣਨਾ ਚਾਹੁੰਦਾਂ ਤੇ ਤੈਨੂੰ ਖ਼ੁਸ਼ ਕਰਨਾ ਚਾਹੁੰਦਾਂ। ਮੈਨੂੰ ਰਾਹ ਦਿਖਾ!” ਫ੍ਰੈਂਥੀਸਕੋ ਤੇ ਹੋਰ ਗਵਾਹਾਂ ਨੇ ਬਾਈਬਲ ਦੀ ਮਦਦ ਨਾਲ ਮੈਨੂੰ ਹੌਸਲਾ ਦਿੱਤਾ ਤੇ ਮੈਨੂੰ ਬਾਈਬਲ ਦੀਆਂ ਗੱਲਾਂ ਨੂੰ ਸਮਝਾਉਣ ਵਾਲੀਆਂ ਕਿਤਾਬਾਂ ਵਗੈਰਾ ਦਿੱਤੀਆਂ। ਮੈਨੂੰ ਅਹਿਸਾਸ ਹੋਇਆ ਕਿ ਰੱਬ ਮੈਨੂੰ ਇਨ੍ਹਾਂ ਦੇ ਰਾਹੀਂ ਰਾਹ ਦਿਖਾ ਰਿਹਾ ਸੀ। ਮੈਂ ਆਪਣੇ ਦੋਸਤਾਂ ਤੇ ਹੋਸੇ ਲੁਈਸ ਨੂੰ ਵੀ ਯਹੋਵਾਹ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ।

ਇਕ ਦਿਨ ਜਦੋਂ ਮੈਂ ਆਪਣੇ ਦੋਸਤਾਂ ਨਾਲ ਰਾਕ ਕੰਸਰਟ ਤੋਂ ਵਾਪਸ ਆ ਰਿਹਾ ਸੀ, ਤਾਂ ਮੈਂ ਥੋੜ੍ਹਾ ਦੂਰ ਹੋ ਕੇ ਉਨ੍ਹਾਂ ਵੱਲ ਤੱਕਿਆ। ਉਦੋਂ ਮੈਨੂੰ ਅਹਿਸਾਸ ਹੋਇਆ ਕਿ ਨਸ਼ਿਆਂ ਕਰਕੇ ਸਾਡਾ ਚਾਲ-ਚਲਣ ਕਿੰਨਾ ਖ਼ਰਾਬ ਹੋ ਚੁੱਕਾ ਸੀ। ਉਸੇ ਵੇਲੇ ਮੈਂ ਇਹ ਸਭ ਛੱਡ ਕੇ ਯਹੋਵਾਹ ਦਾ ਗਵਾਹ ਬਣਨ ਦਾ ਫ਼ੈਸਲਾ ਕੀਤਾ।

ਮੈਂ ਫ੍ਰੈਂਥੀਸਕੋ ਤੋਂ ਬਾਈਬਲ ਮੰਗੀ। ਉਸ ਨੇ ਬਾਈਬਲ ਦੇ ਨਾਲ ਇਕ ਕਿਤਾਬ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ * ਮੈਨੂੰ ਦਿੱਤੀ। ਜਦੋਂ ਮੈਂ ਕਿਤਾਬ ਵਿਚ ਪੜ੍ਹਿਆ ਕਿ ਰੱਬ ਨੇ ਇਨਸਾਨ ਦੇ ਹੰਝੂ ਪੂੰਝਣ ਅਤੇ ਮੌਤ ਨੂੰ ਵੀ ਖ਼ਤਮ ਕਰਨ ਦਾ ਵਾਅਦਾ ਕੀਤਾ ਹੈ, ਤਾਂ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਮੈਨੂੰ ਉਹ ਸੱਚਾਈ ਮਿਲ ਗਈ ਸੀ ਜੋ ਮਨੁੱਖਜਾਤੀ ਨੂੰ ਆਜ਼ਾਦ ਕਰ ਸਕਦੀ ਹੈ। (ਯੂਹੰਨਾ 8:32; ਪਰਕਾਸ਼ ਦੀ ਪੋਥੀ 21:4) ਫਿਰ ਮੈਂ ਯਹੋਵਾਹ ਦੇ ਗਵਾਹਾਂ ਦੀ ਸਭਾ ਵਿਚ ਗਿਆ। ਗਵਾਹਾਂ ਦਾ ਦੋਸਤਾਨਾ ਰਵੱਈਆ ਤੇ ਨਿੱਘਾਪਣ ਮੈਨੂੰ ਬਹੁਤ ਚੰਗਾ ਲੱਗਾ।

ਸਭਾ ਵਿਚ ਮੈਂ ਜੋ ਕੁਝ ਦੇਖਿਆ-ਸੁਣਿਆ, ਉਹ ਮੈਂ ਆਪਣੇ ਦੋਸਤਾਂ ਨੂੰ ਦੱਸਣ ਲਈ ਬੜਾ ਬੇਤਾਬ ਸੀ। ਇਸ ਲਈ ਮੈਂ ਤੁਰੰਤ ਹੋਸੇ ਲੁਈਸ ਤੇ ਆਪਣੇ ਦੋਸਤਾਂ ਨੂੰ ਇਕੱਠਾ ਕਰ ਕੇ ਸਭ ਕੁਝ ਦੱਸਿਆ। ਕੁਝ ਦਿਨਾਂ ਬਾਅਦ ਅਸੀਂ ਸਾਰੇ ਰਲ ਕੇ ਸਭਾ ਵਿਚ ਗਏ। ਸਾਡੇ ਤੋਂ ਅਗਲੀ ਲਾਈਨ ਵਿਚ ਬੈਠੀ ਇਕ ਕੁੜੀ ਨੇ ਮੁੜ ਕੇ ਸਾਡੇ ਵੱਲ ਦੇਖਿਆ। ਉਹ ਸਾਨੂੰ ਦੇਖ ਕੇ ਚੌਂਕ ਗਈ ਕਿਉਂਕਿ ਸਾਡੇ ਵਾਲ ਲੰਬੇ ਤੇ ਖਿਲਰੇ ਹੋਏ ਸਨ ਜਿਸ ਕਰਕੇ ਅਸੀਂ ਹਿੱਪੀਆਂ ਵਾਂਗ ਨਜ਼ਰ ਆਉਂਦੇ ਸਾਂ। ਫਿਰ ਉਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਉਹ ਸਾਡੇ ਵੱਲ ਦੁਬਾਰਾ ਨਾ ਦੇਖੇ। ਅਗਲੇ ਹਫ਼ਤੇ ਉਹ ਦੁਬਾਰਾ ਸਾਨੂੰ ਸਭਾ ਵਿਚ ਦੇਖ ਕੇ ਬਹੁਤ ਹੈਰਾਨ ਹੋਈ ਹੋਣੀ ਕਿਉਂਕਿ ਇਸ ਵਾਰ ਅਸੀਂ ਸੂਟ-ਬੂਟ ਪਾ ਕੇ ਤੇ ਟਾਈਆਂ ਲਾ ਕੇ ਆਏ ਸਾਂ।

ਇਸ ਤੋਂ ਜਲਦੀ ਬਾਅਦ ਮੈਂ ਤੇ ਮੀਗਲ ਯਹੋਵਾਹ ਦੇ ਗਵਾਹਾਂ ਦੀ ਸਰਕਟ ਅਸੈਂਬਲੀ ਵਿਚ ਗਏ। ਅਸੀਂ ਪਹਿਲਾਂ ਕਦੇ ਇੱਦਾਂ ਦਾ ਨਜ਼ਾਰਾ ਨਹੀਂ ਦੇਖਿਆ ਸੀ—ਹਰ ਉਮਰ ਦੇ ਲੋਕਾਂ ਦਾ ਸੱਚਾ ਭਾਈਚਾਰਾ। ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਅਸੈਂਬਲੀ ਉਸੇ ਥੀਏਟਰ ਵਿਚ ਹੋ ਰਹੀ ਸੀ ਜਿੱਥੇ ਪਹਿਲਾਂ ਅਸੀਂ ਰਾਕ ਕੰਸਰਟ ਵਿਚ ਗਏ ਸਾਂ। ਪਰ ਇਸ ਵਾਰ ਇੱਥੇ ਦੇ ਮਾਹੌਲ ਤੇ ਸੰਗੀਤ ਨੇ ਸਾਡੀ ਰੂਹ ਖ਼ੁਸ਼ ਕਰ ਦਿੱਤੀ।

ਮੇਰੇ ਸਾਰੇ ਦੋਸਤਾਂ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਤਕਰੀਬਨ ਅੱਠ ਮਹੀਨਿਆਂ ਬਾਅਦ, 26 ਜੁਲਾਈ 1974 ਨੂੰ ਮੈਂ ਤੇ ਮੀਗਲ ਨੇ ਬਪਤਿਸਮਾ ਲੈ ਲਿਆ। ਉਸ ਵੇਲੇ ਅਸੀਂ ਦੋਵੇਂ ਵੀਹਾਂ ਸਾਲਾਂ ਦੇ ਸਾਂ। ਮੇਰੇ ਚਾਰ ਹੋਰ ਦੋਸਤਾਂ ਨੇ ਕੁਝ ਮਹੀਨਿਆਂ ਬਾਅਦ ਬਪਤਿਸਮਾ ਲਿਆ। ਬਾਈਬਲ ਦੀ ਸਿੱਖਿਆ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਮੈਂ ਘਰ ਵਿਚ ਆਪਣੀ ਦੁਖੀ ਮਾਂ ਦਾ ਹੱਥ ਵਟਾਵਾਂ ਤੇ ਉਸ ਨੂੰ ਯਹੋਵਾਹ ਬਾਰੇ ਦੱਸਾਂ। ਇਸ ਕਰਕੇ ਸਾਡਾ ਪਿਆਰ ਹੋਰ ਗੂੜ੍ਹਾ ਹੋ ਗਿਆ। ਮੈਂ ਆਪਣੇ ਛੋਟੇ ਭੈਣ-ਭਰਾਵਾਂ ਦੀ ਵੀ ਯਹੋਵਾਹ ਬਾਰੇ ਸਿੱਖਣ ਵਿਚ ਮਦਦ ਕੀਤੀ।

ਹੌਲੀ-ਹੌਲੀ ਮੇਰੇ ਇਕ ਭਰਾ ਨੂੰ ਛੱਡ ਬਾਕੀ ਸਾਰੇ ਭੈਣ-ਭਰਾਵਾਂ ਤੇ ਮੰਮੀ ਜੀ ਨੇ ਸੱਚਾਈ ਸਵੀਕਾਰ ਕੀਤੀ ਅਤੇ ਬਪਤਿਸਮਾ ਲੈ ਕੇ ਯਹੋਵਾਹ ਦੇ ਗਵਾਹ ਬਣ ਗਏ। 1977 ਵਿਚ ਮੈਂ ਸੋਲੇਡਾਡ ਨਾਲ ਵਿਆਹ ਕਰ ਲਿਆ। ਸੋਲੇਡਾਡ ਉਹੀ ਕੁੜੀ ਸੀ ਜੋ ਸਾਨੂੰ ਪਹਿਲੀ ਵਾਰ ਸਭਾ ਵਿਚ ਦੇਖ ਕੇ ਚੌਂਕ ਗਈ ਸੀ। ਵਿਆਹ ਤੋਂ ਕੁਝ ਮਹੀਨਿਆਂ ਬਾਅਦ ਅਸੀਂ ਦੋਵਾਂ ਨੇ ਰਲ ਕੇ ਪੂਰਾ ਸਮਾਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।

ਮੇਰੀ ਪਿਆਰੀ ਭੈਣ ਨੇ ਗ਼ਲਤ ਰਾਹ ਛੱਡਿਆ

ਮੇਰੀ ਛੋਟੀ ਭੈਣ ਮਾਰੀਵੀ ਨਾਲ ਬਚਪਨ ਵਿਚ ਬਦਫੈਲੀ ਹੋਈ ਸੀ ਜਿਸ ਨੇ ਉਸ ਦੀ ਜ਼ਿੰਦਗੀ ਤਬਾਹ ਕਰ ਕੇ ਰੱਖ ਦਿੱਤੀ ਸੀ। ਜਦੋਂ ਉਹ ਵੱਡੀ ਹੋਈ, ਤਾਂ ਉਹ ਨਸ਼ੇ ਕਰਨ ਲੱਗ ਪਈ। ਨਸ਼ੇ ਖ਼ਰੀਦਣ ਲਈ ਉਹ ਚੋਰੀਆਂ ਕਰਦੀ ਤੇ ਆਪਣਾ ਜਿਸਮ ਵੀ ਵੇਚਦੀ ਸੀ। 23 ਸਾਲ ਦੀ ਉਮਰ ਤੇ ਉਸ ਨੂੰ ਕੈਦ ਹੋਈ। ਜੇਲ੍ਹ ਵਿਚ ਵੀ ਉਸ ਨੇ ਆਪਣੀਆਂ ਮਾੜੀਆਂ ਆਦਤਾਂ ਨਹੀਂ ਛੱਡੀਆਂ।

ਉਸ ਵੇਲੇ ਮੈਂ ਸਰਕਟ ਨਿਗਾਹਬਾਨ ਦੇ ਤੌਰ ਤੇ ਸੇਵਾ ਕਰ ਰਿਹਾ ਸੀ ਜਿਸ ਦਾ ਕੰਮ ਥਾਂ-ਥਾਂ ਜਾ ਕੇ ਯਹੋਵਾਹ ਦੇ ਗਵਾਹਾਂ ਦੀਆਂ ਸੰਗਤਾਂ ਦੀ ਹੌਸਲਾ-ਅਫ਼ਜ਼ਾਈ ਕਰਨਾ ਹੈ। 1989 ਵਿਚ ਸਾਨੂੰ ਉਸ ਇਲਾਕੇ ਵਿਚ ਘੱਲਿਆ ਗਿਆ ਜਿੱਥੇ ਮਾਰੀਵੀ ਕੈਦ ਸੀ। ਅਧਿਕਾਰੀਆਂ ਨੇ ਉਸ ਤੋਂ ਉਸ ਦਾ ਮੁੰਡਾ ਲੈ ਲਿਆ ਸੀ ਜਿਸ ਕਰਕੇ ਉਸ ਦੇ ਦਿਲ ਨੂੰ ਗਹਿਰਾ ਸਦਮਾ ਪਹੁੰਚਿਆ ਸੀ। ਉਹ ਹੁਣ ਜੀਣਾ ਨਹੀਂ ਚਾਹੁੰਦੀ ਸੀ। ਇਕ ਦਿਨ ਮੈਂ ਉਸ ਨੂੰ ਮਿਲਣ ਗਿਆ ਤੇ ਉਸ ਨੂੰ ਬਾਈਬਲ ਸਟੱਡੀ ਕਰਨ ਦਾ ਸੁਝਾਅ ਦਿੱਤਾ। ਉਹ ਸਟੱਡੀ ਕਰਨ ਲਈ ਮੰਨ ਗਈ। ਇਕ ਮਹੀਨਾ ਸਟੱਡੀ ਕਰਨ ਤੋਂ ਬਾਅਦ ਉਸ ਨੇ ਨਸ਼ੇ ਕਰਨੇ ਤੇ ਤਮਾਖੂ ਪੀਣਾ ਬੰਦ ਕਰ ਦਿੱਤਾ। ਮੈਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੋਈ ਕਿ ਯਹੋਵਾਹ ਦੀ ਤਾਕਤ ਨਾਲ ਉਸ ਨੇ ਸਾਰੀਆਂ ਮਾੜੀਆਂ ਆਦਤਾਂ ਛੱਡ ਦਿੱਤੀਆਂ।—ਇਬਰਾਨੀਆਂ 4:12.

ਸਟੱਡੀ ਸ਼ੁਰੂ ਕਰਨ ਤੋਂ ਥੋੜ੍ਹੇ ਸਮੇਂ ਬਾਅਦ ਹੀ ਮਾਰੀਵੀ ਨੇ ਹੋਰ ਕੈਦਣਾਂ ਤੇ ਜੇਲ੍ਹ ਦੇ ਅਧਿਕਾਰੀਆਂ ਨੂੰ ਬਾਈਬਲ ਵਿੱਚੋਂ ਦੱਸਣਾ ਸ਼ੁਰੂ ਕਰ ਦਿੱਤਾ। ਭਾਵੇਂ ਉਸ ਨੂੰ ਇਕ ਜੇਲ੍ਹ ਤੋਂ ਦੂਜੀ ਜੇਲ੍ਹ ਲੈ ਜਾਇਆ ਗਿਆ, ਪਰ ਉਹ ਪ੍ਰਚਾਰ ਕਰਦੀ ਰਹੀ। ਇਕ ਜੇਲ੍ਹ ਵਿਚ ਤਾਂ ਉਸ ਨੇ ਹਰ ਕੋਠੜੀ ਵਿਚ ਜਾ ਕੇ ਪ੍ਰਚਾਰ ਕੀਤਾ। ਮਾਰੀਵੀ ਨੇ ਵੱਖੋ-ਵੱਖਰੀਆਂ ਜੇਲ੍ਹਾਂ ਵਿਚ ਕਈ ਕੈਦਣਾਂ ਨੂੰ ਬਾਈਬਲ ਸਟੱਡੀਆਂ ਕਰਾਈਆਂ।

ਇਕ ਦਿਨ ਮਾਰੀਵੀ ਨੇ ਮੈਨੂੰ ਦੱਸਿਆ ਕਿ ਉਹ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣਾ ਚਾਹੁੰਦੀ ਸੀ। ਪਰ ਉਸ ਨੂੰ ਜੇਲ੍ਹ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਨਾ ਹੀ ਕਿਸੇ ਨੂੰ ਬਾਹਰੋਂ ਆ ਕੇ ਬਪਤਿਸਮਾ ਦੇਣ ਦੀ ਇਜਾਜ਼ਤ ਦਿੱਤੀ ਗਈ। ਉਸ ਜੇਲ੍ਹ ਦੇ ਗੰਦੇ ਮਾਹੌਲ ਵਿਚ ਉਸ ਨੂੰ ਹੋਰ ਚਾਰ ਸਾਲ ਸਬਰ ਕਰਨਾ ਪਿਆ। ਕਿਹੜੀ ਗੱਲ ਨੇ ਉਸ ਦੀ ਨਿਹਚਾ ਨੂੰ ਪੱਕਾ ਰੱਖਿਆ? ਜਿਸ ਵੇਲੇ ਸਥਾਨਕ ਕਲੀਸਿਯਾ ਸਭਾ ਕਰਦੀ ਹੁੰਦੀ ਸੀ, ਉਸ ਵੇਲੇ ਮਾਰੀਵੀ ਜੇਲ੍ਹ ਵਿਚ ਸਭਾ ਦਾ ਪ੍ਰੋਗ੍ਰਾਮ ਪੜ੍ਹ ਰਹੀ ਹੁੰਦੀ ਸੀ। ਉਹ ਬਾਕਾਇਦਾ ਬਾਈਬਲ ਦਾ ਅਧਿਐਨ ਤੇ ਪ੍ਰਾਰਥਨਾ ਵੀ ਕਰਿਆ ਕਰਦੀ ਸੀ।

ਫਿਰ ਮਾਰੀਵੀ ਨੂੰ ਇਕ ਭਾਰੀ ਸੁਰੱਖਿਆ ਵਾਲੀ ਜੇਲ੍ਹ ਵਿਚ ਘੱਲ ਦਿੱਤਾ ਗਿਆ। ਇਸ ਜੇਲ੍ਹ ਵਿਚ ਸਵਿਮਿੰਗ ਪੂਲ ਸੀ। ਉਸ ਨੂੰ ਲੱਗਾ ਕਿ ਇੱਥੇ ਬਪਤਿਸਮਾ ਲੈਣਾ ਸੰਭਵ ਹੋਵੇਗਾ। ਤੇ ਮਾਰੀਵੀ ਨੂੰ ਬਪਤਿਸਮਾ ਲੈਣ ਦੀ ਇਜਾਜ਼ਤ ਮਿਲ ਗਈ। ਸੋ ਮੈਂ ਜੇਲ੍ਹ ਵਿਚ ਜਾ ਕੇ ਉਸ ਦੇ ਬਪਤਿਸਮੇ ਦਾ ਭਾਸ਼ਣ ਦਿੱਤਾ। ਉਸ ਦੀ ਜ਼ਿੰਦਗੀ ਦੇ ਇਸ ਸਭ ਤੋਂ ਅਹਿਮ ਮੌਕੇ ਤੇ ਮੈਂ ਉਸ ਨਾਲ ਸਾਂ।

ਆਪਣੇ ਪੁਰਾਣੇ ਅਨੈਤਿਕ ਜੀਵਨ ਕਰਕੇ ਮਾਰੀਵੀ ਨੂੰ ਏਡਜ਼ ਹੋ ਗਈ ਸੀ। ਪਰ ਉਸ ਦੇ ਚੰਗੇ ਚਾਲ-ਚਲਣ ਨੂੰ ਦੇਖਦਿਆਂ ਉਸ ਨੂੰ ਮਾਰਚ 1994 ਵਿਚ ਸਜ਼ਾ ਮੁੱਕਣ ਤੋਂ ਪਹਿਲਾਂ ਹੀ ਰਿਹਾ ਕਰ ਦਿੱਤਾ ਗਿਆ। ਉਹ ਆਪਣੀ ਮੌਤ ਤਕ ਦੋ ਸਾਲ ਮੰਮੀ ਜੀ ਨਾਲ ਰਹੀ ਤੇ ਪਰਮੇਸ਼ੁਰੀ ਕੰਮਾਂ ਵਿਚ ਪੂਰਾ-ਪੂਰਾ ਹਿੱਸਾ ਲੈਂਦੀ ਰਹੀ।

ਹੀਣ-ਭਾਵਨਾਵਾਂ ਨਾਲ ਜੱਦੋ-ਜਹਿਦ

ਮੈਂ ਵੀ ਆਪਣੀ ਪੁਰਾਣੀ ਜ਼ਿੰਦਗੀ ਦੇ ਮਾੜੇ ਅਸਰਾਂ ਤੋਂ ਪੂਰੀ ਤਰ੍ਹਾਂ ਪਿੱਛਾ ਨਹੀਂ ਛੁਡਾ ਪਾਇਆ ਸੀ। ਬਚਪਨ ਵਿਚ ਆਪਣੇ ਡੈਡੀ ਤੋਂ ਖਾਧੀ ਮਾਰ ਕਰਕੇ ਅਤੇ ਜਵਾਨੀ ਵਿਚ ਮਾੜੇ ਰਾਹਾਂ ਤੇ ਚੱਲਣ ਕਰਕੇ ਮੈਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦਾ ਹਾਂ ਤੇ ਮੇਰੇ ਅੰਦਰ ਹਮੇਸ਼ਾ ਹੀਣ-ਭਾਵਨਾ ਰਹਿੰਦੀ ਹੈ। ਕਈ ਵਾਰ ਤਾਂ ਮੈਂ ਬਿਲਕੁਲ ਢੇਰੀ ਢਾਹ ਬਹਿੰਦਾ ਸੀ। ਪਰ ਪਰਮੇਸ਼ੁਰ ਦੇ ਬਚਨ ਨੇ ਇਨ੍ਹਾਂ ਮਾੜੀਆਂ ਭਾਵਨਾਵਾਂ ਨਾਲ ਲੜਨ ਵਿਚ ਮੇਰੀ ਮਦਦ ਕੀਤੀ। ਯਸਾਯਾਹ 1:18 ਅਤੇ ਜ਼ਬੂਰ 103:8-13 ਵਰਗੀਆਂ ਆਇਤਾਂ ਪੜ੍ਹ ਕੇ ਉਨ੍ਹਾਂ ਉੱਤੇ ਮਨਨ ਕਰਨ ਨਾਲ ਮੈਂ ਦੋਸ਼ੀ ਭਾਵਨਾਵਾਂ ਨੂੰ ਆਪਣੇ ਅੰਦਰੋਂ ਕੱਢਣ ਵਿਚ ਕਾਮਯਾਬ ਹੋਇਆ।

ਪ੍ਰਾਰਥਨਾ ਨੇ ਵੀ ਹੀਣ-ਭਾਵਨਾ ਨਾਲ ਲੜਨ ਵਿਚ ਮੇਰੀ ਮਦਦ ਕੀਤੀ। ਮੈਂ ਜਦੋਂ ਨਿਰਾਸ਼ ਹੋ ਕੇ ਰੋਣ ਲੱਗ ਪੈਂਦਾ ਹਾਂ, ਤਾਂ ਮੈਂ ਯਹੋਵਾਹ ਨਾਲ ਗੱਲਾਂ ਕਰਦਾ ਹਾਂ। 1 ਯੂਹੰਨਾ 3:19, 20 ਦੇ ਸ਼ਬਦਾਂ ਨੇ ਮੈਨੂੰ ਸੰਭਾਲੀ ਰੱਖਿਆ ਹੈ: “ਇਸ ਤੋਂ ਅਸੀਂ ਜਾਣਾਂਗੇ ਜੋ ਅਸੀਂ ਸਤ ਤੋਂ ਹਾਂ ਅਤੇ ਜਿਸ ਗੱਲ ਵਿੱਚ ਸਾਡਾ ਮਨ ਸਾਨੂੰ ਦੋਸ਼ ਲਾਉਂਦਾ ਹੈ ਓਸ ਵਿੱਚ ਆਪਣੇ ਮਨ ਨੂੰ ਉਹ ਦੇ ਅੱਗੇ ਪੱਕਾ ਕਰਾਂਗੇ। ਇਸ ਲਈ ਜੋ ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਣੀਜਾਣ ਹੈ।”

ਕਿਉਂ ਜੋ ਮੈਂ “ਟੁੱਟੇ ਅਤੇ ਆਜਿਜ਼ ਦਿਲ” ਨਾਲ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹਾਂ, ਤਾਂ ਮੈਂ ਆਪਣੇ ਆਪ ਨੂੰ ਭਰੋਸਾ ਦਿੰਦਾ ਹਾਂ ਕਿ ਮੈਂ ਉੱਨਾ ਬੁਰਾ ਨਹੀਂ ਜਿੰਨਾ ਮੈਂ ਸੋਚਦਾ ਹਾਂ। ਯਹੋਵਾਹ ਨੂੰ ਖ਼ੁਸ਼ ਕਰਨ ਦੀ ਇੱਛਾ ਰੱਖਣ ਵਾਲੇ ਸਾਰੇ ਲੋਕਾਂ ਨੂੰ ਬਾਈਬਲ ਭਰੋਸਾ ਦਿੰਦੀ ਹੈ ਕਿ ਯਹੋਵਾਹ ਉਨ੍ਹਾਂ ਨਾਲ ਨਫ਼ਰਤ ਨਹੀਂ ਕਰਦਾ ਜੋ ਆਪਣੇ ਗ਼ਲਤ ਰਾਹਾਂ ਤੋਂ ਤੋਬਾ ਕਰ ਕੇ ਉਸ ਦੀ ਇੱਛਾ ਪੂਰੀ ਕਰਦੇ ਹਨ।—ਜ਼ਬੂਰਾਂ ਦੀ ਪੋਥੀ 51:17.

ਜਦੋਂ ਵੀ ਮੇਰੇ ਅੰਦਰ ਹੀਣ-ਭਾਵਨਾ ਆਉਂਦੀ ਹੈ, ਤਾਂ ਮੈਂ ਚੰਗੀਆਂ ਗੱਲਾਂ ਬਾਰੇ ਸੋਚਦਾ ਹਾਂ ਜਿਨ੍ਹਾਂ ਦਾ ਫ਼ਿਲਿੱਪੀਆਂ 4:8 ਵਿਚ ਜ਼ਿਕਰ ਕੀਤਾ ਗਿਆ ਹੈ। ਮੈਨੂੰ 23ਵਾਂ ਜ਼ਬੂਰ ਅਤੇ ਯਿਸੂ ਦਾ ਪਹਾੜੀ ਉਪਦੇਸ਼ ਮੂੰਹ-ਜ਼ਬਾਨੀ ਯਾਦ ਹੈ। ਮਨ ਵਿਚ ਮਾੜੇ ਖ਼ਿਆਲ ਆਉਣ ਤੇ ਮੈਂ ਇਨ੍ਹਾਂ ਨੂੰ ਮਨ ਹੀ ਮਨ ਦੁਹਰਾਉਂਦਾ ਹਾਂ। ਇਸ ਤਰ੍ਹਾਂ ਕਰਨਾ ਖ਼ਾਸ ਕਰਕੇ ਰਾਤ ਵੇਲੇ ਬਹੁਤ ਮਦਦਗਾਰ ਸਾਬਤ ਹੁੰਦਾ ਹੈ ਜਦੋਂ ਮੈਨੂੰ ਨੀਂਦ ਨਹੀਂ ਆਉਂਦੀ।

ਮੈਨੂੰ ਉਦੋਂ ਵੀ ਹੌਸਲਾ ਮਿਲਦਾ ਹੈ ਜਦੋਂ ਮੇਰੀ ਪਤਨੀ ਤੇ ਮਸੀਹੀ ਭੈਣ-ਭਰਾ ਮੇਰੀ ਤਾਰੀਫ਼ ਕਰਦੇ ਹਨ। ਪਹਿਲਾਂ-ਪਹਿਲ ਮੈਨੂੰ ਉਨ੍ਹਾਂ ਦੀ ਤਾਰੀਫ਼ ਤੇ ਯਕੀਨ ਨਹੀਂ ਆਉਂਦਾ ਸੀ, ਪਰ ਬਾਈਬਲ ਨੇ ਮੇਰੀ ਇਹ ਗੱਲ ਸਮਝਣ ਵਿਚ ਮਦਦ ਕੀਤੀ ਹੈ ਕਿ ਪਿਆਰ “ਸਭਨਾਂ ਗੱਲਾਂ ਦੀ ਪਰਤੀਤ ਕਰਦਾ” ਹੈ। (1 ਕੁਰਿੰਥੀਆਂ 13:7) ਮੈਂ ਇਹ ਵੀ ਕਬੂਲ ਕਰ ਲਿਆ ਹੈ ਕਿ ਮੇਰੀਆਂ ਹੀਣ-ਭਾਵਨਾਵਾਂ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਹੀ ਪੂਰੀ ਤਰ੍ਹਾਂ ਖ਼ਤਮ ਹੋਣਗੀਆਂ।

ਹੀਣ-ਭਾਵਨਾ ਨਾਲ ਜੱਦੋ-ਜਹਿਦ ਕਰਨ ਦਾ ਮੈਨੂੰ ਇਕ ਫ਼ਾਇਦਾ ਹੋਇਆ ਹੈ ਕਿ ਮੈਂ ਸਫ਼ਰੀ ਨਿਗਾਹਬਾਨ ਦੇ ਤੌਰ ਤੇ ਭੈਣ-ਭਰਾਵਾਂ ਨਾਲ ਪੂਰੀ ਹਮਦਰਦੀ ਨਾਲ ਪੇਸ਼ ਆਉਂਦਾ ਹਾਂ। ਮੈਂ ਤੇ ਮੇਰੀ ਪਤਨੀ ਨੇ ਲਗਭਗ 30 ਸਾਲ ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਵਜੋਂ ਸੇਵਾ ਕੀਤੀ ਹੈ। ਦੂਸਰਿਆਂ ਦੀ ਮਦਦ ਕਰ ਕੇ ਮੈਨੂੰ ਜੋ ਖ਼ੁਸ਼ੀ ਮਿਲਦੀ ਹੈ, ਉਸ ਕਰਕੇ ਮੇਰੀ ਜ਼ਿੰਦਗੀ ਦੇ ਕੌੜੇ ਤਜਰਬਿਆਂ ਦੀਆਂ ਯਾਦਾਂ ਧੁੰਦਲੀਆਂ ਪੈਂਦੀਆਂ ਜਾ ਰਹੀਆਂ ਹਨ।

ਹੁਣ ਜਦੋਂ ਮੈਂ ਅਤੀਤ ਵੱਲ ਝਾਤੀ ਮਾਰਦਾ ਹਾਂ ਤੇ ਯਹੋਵਾਹ ਦੀਆਂ ਬਰਕਤਾਂ ਬਾਰੇ ਸੋਚਦਾ ਹਾਂ, ਤਾਂ ਮੈਂ ਜ਼ਬੂਰਾਂ ਦੇ ਲਿਖਾਰੀ ਵਾਂਗ ਇਹ ਕਹਿਣ ਲਈ ਪ੍ਰੇਰਿਤ ਹੁੰਦਾ ਹੈ: “ਯਹੋਵਾਹ ਨੂੰ ਮੁਬਾਰਕ ਆਖ, . . . ਉਹ ਤੇਰੀਆਂ ਸਾਰੀਆਂ ਬੁਰਿਆਈਆਂ ਨੂੰ ਖਿਮਾ ਕਰਦਾ ਹੈ, ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਆ ਕਰਦਾ ਹੈ। ਉਹ ਤੇਰੀ ਜਿੰਦ ਨੂੰ ਟੋਏ ਤੋਂ ਨਿਸਤਾਰਾ ਦਿੰਦਾ ਹੈ, ਉਹ ਤੇਰੇ ਸਿਰ ਉੱਤੇ ਦਯਾ ਤੇ ਰਹਮ ਦਾ ਮੁਕਟ ਰੱਖਦਾ ਹੈ।”—ਜ਼ਬੂਰਾਂ ਦੀ ਪੋਥੀ 103:1-4. (w08 1/1)

[ਫੁਟਨੋਟ]

^ ਪੈਰਾ 14 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਜਾਂਦੀ ਸੀ, ਪਰ ਹੁਣ ਨਹੀਂ ਛਾਪੀ ਜਾਂਦੀ।

[ਸਫ਼ਾ 30 ਉੱਤੇ ਸੁਰਖੀ]

ਮੈਂ ਅਕਸਰ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦਾ ਹਾਂ ਤੇ ਮੇਰੇ ਅੰਦਰ ਹਮੇਸ਼ਾ ਹੀਣ-ਭਾਵਨਾ ਰਹਿੰਦੀ ਹੈ, ਪਰ ਪਰਮੇਸ਼ੁਰ ਦੇ ਬਚਨ ਨੇ ਇਨ੍ਹਾਂ ਮਾੜੀਆਂ ਭਾਵਨਾਵਾਂ ਨਾਲ ਲੜਨ ਵਿਚ ਮੇਰੀ ਮਦਦ ਕੀਤੀ

[ਸਫ਼ਾ 27 ਉੱਤੇ ਤਸਵੀਰਾਂ]

ਮੇਰਾ ਭਰਾ ਹੋਸੇ ਲੁਈਸ ਤੇ ਦੋਸਤ ਮੀਗਲ ਮੇਰੇ ਨਾਲ ਮਾੜੇ ਰਾਹ ਤੇ  ਵੀ ਚੱਲੇ ਤੇ ਫਿਰ ਸਹੀ ਰਾਹ ਤੇ ਵੀ ਚੱਲੇ

[ਸਫ਼ੇ 28, 29 ਉੱਤੇ ਤਸਵੀਰ]

1973 ਵਿਚ ਮੌਰਸੀਯੋ ਪਰਿਵਾਰ

[ਸਫ਼ਾ 29 ਉੱਤੇ ਤਸਵੀਰ]

ਕੈਦ ਵਿਚ ਮਾਰੀਵੀ

[ਸਫ਼ਾ 30 ਉੱਤੇ ਤਸਵੀਰ]

ਆਪਣੀ ਪਤਨੀ ਸੋਲੇਡਾਡ ਦੇ ਨਾਲ