Skip to content

Skip to table of contents

ਦੁਨੀਆਂ ਭਰ ਵਿਚ ਕੀਤੀ ਜਾਂਦੀ ਇਕ ਦੁਆ

ਦੁਨੀਆਂ ਭਰ ਵਿਚ ਕੀਤੀ ਜਾਂਦੀ ਇਕ ਦੁਆ

ਦੁਨੀਆਂ ਭਰ ਵਿਚ ਕੀਤੀ ਜਾਂਦੀ ਇਕ ਦੁਆ

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਦੁਨੀਆਂ ਭਰ ਵਿਚ ਕਰੋੜਾਂ ਲੋਕ ਰੱਬ ਨੂੰ ਇੱਕੋ ਦੁਆ ਕਰਦੇ ਹਨ, ਪਰ ਉਨ੍ਹਾਂ ਵਿੱਚੋਂ ਘੱਟ ਹੀ ਜਾਣਦੇ ਹਨ ਕਿ ਉਹ ਕੀ ਮੰਗ ਰਹੇ ਹਨ। ਕੀ ਇਹ ਮੁਮਕਿਨ ਹੈ? ਉਹ ਰੱਬ ਤੋਂ ਕੀ ਚਾਹੁੰਦੇ ਹਨ? ਉਹ ਚਾਹੁੰਦੇ ਹਨ ਕਿ ਪਰਮੇਸ਼ੁਰ ਦਾ ਰਾਜ ਆਵੇ!

ਅੰਦਾਜ਼ੇ ਅਨੁਸਾਰ ਧਰਤੀ ਉੱਤੇ 37,000 ਅਜਿਹੇ ਇਸਾਈ ਧਰਮ ਹਨ ਜਿਨ੍ਹਾਂ ਦੇ 20 ਕਰੋੜ ਮੈਂਬਰਾਂ ਦਾ ਦਾਅਵਾ ਹੈ ਕਿ ਉਹ ਯਿਸੂ ਮਸੀਹ ਦੇ ਚੇਲੇ ਹਨ। ਇਨ੍ਹਾਂ ਵਿੱਚੋਂ ਬਹੁਤੇਰੇ ਲੋਕ ਇਕ ਆਮ ਪ੍ਰਾਰਥਨਾ ਦੁਹਰਾਉਂਦੇ ਹਨ ਜਿਸ ਨੂੰ ਪ੍ਰਭੂ ਦੀ ਪ੍ਰਾਰਥਨਾ ਕਿਹਾ ਜਾਂਦਾ ਹੈ। ਕੀ ਤੁਸੀਂ ਇਹ ਪ੍ਰਾਰਥਨਾ ਜਾਣਦੇ ਹੋ? ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ੁਦ ਇਹ ਪ੍ਰਾਰਥਨਾ ਕਰਨੀ ਸਿਖਾਈ ਸੀ ਜੋ ਇਨ੍ਹਾਂ ਲਫ਼ਜ਼ਾਂ ਨਾਲ ਸ਼ੁਰੂ ਹੁੰਦੀ ਹੈ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”—ਮੱਤੀ 6:9, 10.

ਸਦੀਆਂ ਤੋਂ ਈਸਾਈ ਇਹੀ ਪ੍ਰਾਰਥਨਾ ਦੁਹਰਾਉਂਦੇ ਆਏ ਹਨ। ਲੋਕ ਇਹ ਪ੍ਰਾਰਥਨਾ ਚੰਗੇ-ਮਾੜੇ ਸਮਿਆਂ ਵਿਚ ਇਕੱਠੇ ਮਿਲ ਕੇ ਜਾਂ ਇਕਾਂਤ ਵਿਚ ਕਰਦੇ ਹਨ। ਕਈ ਲੋਕ ਸੱਚੇ ਦਿਲੋਂ ਪ੍ਰਾਰਥਨਾ ਕਰਦੇ ਹਨ। ਪਰ ਕਈ ਇਹ ਪ੍ਰਾਰਥਨਾ ਮੂੰਹ-ਜ਼ਬਾਨੀ ਦੁਹਰਾਉਂਦੇ ਹਨ ਅਤੇ ਘੱਟ ਹੀ ਸੋਚਦੇ ਹਨ ਕਿ ਇਸ ਦੇ ਸ਼ਬਦਾਂ ਦਾ ਕੀ ਅਰਥ ਹੈ। ਖ਼ੈਰ, ਈਸਾਈਆਂ ਤੋਂ ਇਲਾਵਾ ਹੋਰ ਲੋਕ ਵੀ ਪਰਮੇਸ਼ੁਰ ਦੇ ਰਾਜ ਦੇ ਆਉਣ ਲਈ ਦੁਆ ਕਰਦੇ ਹਨ।

ਦੂਸਰੇ ਧਰਮਾਂ ਦੇ ਲੋਕਾਂ ਦੀ ਦੁਆ

ਯਹੂਦੀ ਧਰਮ ਦੀ ਇਕ ਮਸ਼ਹੂਰ ਪ੍ਰਾਰਥਨਾ ਨੂੰ ਕਾਦਿਸ਼ ਕਿਹਾ ਜਾਂਦਾ ਹੈ। ਭਾਵੇਂ ਇਸ ਵਿਚ ਮੌਤ ਜਾਂ ਸੋਗ ਦਾ ਕੋਈ ਜ਼ਿਕਰ ਨਹੀਂ ਹੈ, ਫਿਰ ਵੀ ਇਹ ਆਮ ਤੌਰ ਤੇ ਅੰਤਿਮ-ਸੰਸਕਾਰ ਵੇਲੇ ਦੁਹਰਾਈ ਜਾਂਦੀ ਹੈ। ਇਸ ਵਿਚ ਦੁਆ ਕੀਤੀ ਜਾਂਦੀ ਹੈ ਕਿ ‘ਪਰਮੇਸ਼ੁਰ ਤੁਹਾਡੇ ਜੀਵਨ ਕਾਲ ਵਿਚ ਜਲਦੀ ਆਪਣਾ ਰਾਜ ਲਿਆਵੇ।’ * ਯਹੂਦੀ ਸਭਾ ਘਰਾਂ ਵਿਚ ਇਕ ਹੋਰ ਪ੍ਰਾਚੀਨ ਪ੍ਰਾਰਥਨਾ ਵੀ ਕੀਤੀ ਜਾਂਦੀ ਹੈ ਜਿਸ ਵਿਚ ਦਾਊਦ ਦੇ ਘਰਾਣੇ ਵਿੱਚੋਂ ਆਉਣ ਵਾਲੇ ਮਸੀਹਾ ਦੇ ਰਾਜ ਦਾ ਜ਼ਿਕਰ ਕੀਤਾ ਗਿਆ ਹੈ।

ਦੂਸਰੇ ਧਰਮਾਂ ਦੇ ਲੋਕਾਂ ਨੂੰ ਵੀ ਪਰਮੇਸ਼ੁਰ ਦੇ ਰਾਜ ਦੇ ਆਉਣ ਦਾ ਵਿਚਾਰ ਚੰਗਾ ਲੱਗਦਾ ਹੈ। ਦ ਟਾਈਮਜ਼ ਆਫ਼ ਇੰਡੀਆ ਦੇ ਅਨੁਸਾਰ 19ਵੀਂ ਸਦੀ ਦੇ ਇਕ ਮਸ਼ਹੂਰ ਧਾਰਮਿਕ ਨੇਤਾ ਜੋ ਹਿੰਦੂਆਂ, ਮੁਸਲਮਾਨਾਂ ਅਤੇ ਈਸਾਈਆਂ ਦੇ ਆਪਸੀ ਮਤਭੇਦਾਂ ਨੂੰ ਮਿਟਾਉਣਾ ਚਾਹੁੰਦਾ ਸੀ, ਨੇ ਕਿਹਾ: “ਪਰਮੇਸ਼ੁਰ ਦਾ ਅਸਲੀ ਰਾਜ ਉਦੋਂ ਤਕ ਸਥਾਪਿਤ ਨਹੀਂ ਹੋਵੇਗਾ ਜਦ ਤਕ ਕਿ ਪੂਰਬ ਤੇ ਪੱਛਮ ਵਿਚ ਸ਼ਾਂਤੀ ਕਾਇਮ ਨਹੀਂ ਹੋ ਜਾਂਦੀ।” ਆਸਟ੍ਰੇਲੀਆ ਵਿਚ ਇਕ ਇਸਲਾਮੀ ਕਾਲਜ ਦੀ ਪ੍ਰਿੰਸੀਪਲ ਨੇ ਹਾਲ ਹੀ ਦੇ ਸਮੇਂ ਵਿਚ ਇਕ ਅਖ਼ਬਾਰ ਵਿਚ ਲਿਖਿਆ: “ਸਾਰੇ ਮੁਸਲਮਾਨਾਂ ਦੀ ਤਰ੍ਹਾਂ ਮੈਨੂੰ ਵੀ ਯਕੀਨ ਹੈ ਕਿ ਯਿਸੂ ਵਾਪਸ ਆਵੇਗਾ ਤੇ ਪਰਮੇਸ਼ੁਰ ਦਾ ਅਸਲੀ ਰਾਜ ਸਥਾਪਿਤ ਕਰੇਗਾ।”

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕਰੋੜਾਂ ਲੋਕ ਪਰਮੇਸ਼ੁਰ ਦੇ ਰਾਜ ਲਈ ਦੁਆ ਕਰਦੇ ਹਨ। ਪਰ ਇਕ ਹੋਰ ਦਿਲਚਸਪ ਹਕੀਕਤ ਉੱਤੇ ਧਿਆਨ ਦਿਓ।

ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਇਹ ਰਸਾਲਾ ਯਹੋਵਾਹ ਦੇ ਗਵਾਹ ਛਾਪਦੇ ਹਨ। ਯਹੋਵਾਹ ਦੇ ਗਵਾਹ ਤੁਹਾਡੇ ਇਲਾਕੇ ਵਿਚ ਘਰ-ਘਰ ਜਾ ਕੇ ਲੋਕਾਂ ਨਾਲ ਬਾਈਬਲ ਬਾਰੇ ਗੱਲਾਂ ਕਰਦੇ ਹਾਂ। ਇਸ ਸਮੇਂ ਅਸੀਂ ਸੰਸਾਰ ਭਰ ਵਿਚ 236 ਦੇਸ਼ਾਂ ਵਿਚ ਤੇ 400 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਲੋਕਾਂ ਨੂੰ ਪਰਮੇਸ਼ੁਰ ਦਾ ਗਿਆਨ ਦਿੰਦੇ ਹਾਂ। ਸਾਡੇ ਪ੍ਰਚਾਰ ਦਾ ਮੁੱਖ ਵਿਸ਼ਾ ਹੈ ਪਰਮੇਸ਼ੁਰ ਦਾ ਰਾਜ। ਧਿਆਨ ਦਿਓ ਕਿ ਇਸ ਰਸਾਲੇ ਦਾ ਪੂਰਾ ਸਿਰਲੇਖ ਹੈ ਪਹਿਰਾਬੁਰਜ—ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ। ਅਸੀਂ ਅਕਸਰ ਲੋਕਾਂ ਨੂੰ ਪੁੱਛਦੇ ਹਾਂ ਕਿ ਕੀ ਉਹ ਪਰਮੇਸ਼ੁਰ ਦੇ ਰਾਜ ਲਈ ਪ੍ਰਾਰਥਨਾ ਕਰਦੇ ਹਨ। ਕਈ ਲੋਕ ਹਾਂ ਵਿਚ ਜਵਾਬ ਦਿੰਦੇ ਹਨ। ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਜਾਂਦਾ ਹੈ ਕਿ ਇਹ ਰਾਜ ਕੀ ਹੈ, ਤਾਂ ਉਨ੍ਹਾਂ ਦੇ ਜਵਾਬ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਬਹੁਤ ਥੋੜ੍ਹਾ ਗਿਆਨ ਹੈ ਜਾਂ ਬਿਲਕੁਲ ਹੀ ਗਿਆਨ ਨਹੀਂ ਹੈ।

ਇੰਨੇ ਸਾਰੇ ਲੋਕ ਉਸ ਚੀਜ਼ ਲਈ ਪ੍ਰਾਰਥਨਾ ਕਿਉਂ ਕਰਦੇ ਹਨ ਜਿਸ ਬਾਰੇ ਉਨ੍ਹਾਂ ਨੂੰ ਗਿਆਨ ਹੀ ਨਹੀਂ ਹੈ? ਕੀ ਪਰਮੇਸ਼ੁਰ ਦੇ ਰਾਜ ਨੂੰ ਸਮਝਣਾ ਔਖੀ ਗੱਲ ਹੈ? ਬਿਲਕੁਲ ਨਹੀਂ। ਬਾਈਬਲ ਵਿਚ ਚੰਗੀ ਤਰ੍ਹਾਂ ਸਮਝਾਇਆ ਗਿਆ ਹੈ ਕਿ ਪਰਮੇਸ਼ੁਰ ਦਾ ਰਾਜ ਕੀ ਹੈ। ਇਸ ਤੋਂ ਇਲਾਵਾ, ਰਾਜ ਬਾਰੇ ਬਾਈਬਲ ਦਾ ਸੰਦੇਸ਼ ਤੁਹਾਨੂੰ ਇਨ੍ਹਾਂ ਦੁੱਖ-ਭਰੇ ਸਮਿਆਂ ਵਿਚ ਅਸਲੀ ਉਮੀਦ ਦੇ ਸਕਦਾ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਬਾਈਬਲ ਇਸ ਉਮੀਦ ਬਾਰੇ ਕੀ ਦੱਸਦੀ ਹੈ। ਫਿਰ ਅਸੀਂ ਦੇਖਾਂਗੇ ਕਿ ਰਾਜ ਦੇ ਆਉਣ ਸੰਬੰਧੀ ਯਿਸੂ ਦੀ ਪ੍ਰਾਰਥਨਾ ਦਾ ਕਦੋਂ ਜਵਾਬ ਮਿਲੇਗਾ। (w08 1/1)

[ਫੁਟਨੋਟ]

^ ਪੈਰਾ 6 ਯਿਸੂ ਦੀ ਪ੍ਰਾਰਥਨਾ ਦੀ ਤਰ੍ਹਾਂ ਯਹੂਦੀਆਂ ਦੀ ਕਾਦਿਸ਼ ਪ੍ਰਾਰਥਨਾ ਵਿਚ ਵੀ ਦੁਆ ਕੀਤੀ ਜਾਂਦੀ ਹੈ ਕਿ ਪਰਮੇਸ਼ੁਰ ਦਾ ਨਾਂ ਪਾਕ ਮੰਨਿਆ ਜਾਵੇ। ਇਸ ਬਾਰੇ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਕਾਦਿਸ਼ ਪ੍ਰਾਰਥਨਾ ਦੀ ਸ਼ੁਰੂਆਤ ਯਿਸੂ ਦੇ ਦਿਨਾਂ ਵਿਚ ਹੋਈ ਸੀ ਜਾਂ ਉਸ ਦੇ ਜ਼ਮਾਨੇ ਤੋਂ ਪਹਿਲਾਂ ਵੀ ਇਹ ਪ੍ਰਾਰਥਨਾ ਕੀਤੀ ਜਾਂਦੀ ਸੀ। ਪਰ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਯਿਸੂ ਦੀ ਪ੍ਰਾਰਥਨਾ ਅਤੇ ਕਾਦਿਸ਼ ਵਿਚ ਮਿਲਦੀਆਂ-ਜੁਲਦੀਆਂ ਗੱਲਾਂ ਹਨ। ਯਿਸੂ ਨੂੰ ਨਵੇਂ ਸਿਰਿਓਂ ਕੋਈ ਪ੍ਰਾਰਥਨਾ ਸਿਖਾਉਣ ਦੀ ਲੋੜ ਨਹੀਂ ਸੀ। ਉਸ ਦੀ ਹਰ ਦੁਆ ਪਵਿੱਤਰ ਸ਼ਾਸਤਰ ਉੱਤੇ ਆਧਾਰਿਤ ਸੀ ਜੋ ਸਾਰੇ ਯਹੂਦੀ ਪੜ੍ਹ ਸਕਦੇ ਸਨ। ਯਿਸੂ ਆਪਣੇ ਚੇਲਿਆਂ ਨੂੰ ਉਨ੍ਹਾਂ ਚੀਜ਼ਾਂ ਲਈ ਪ੍ਰਾਰਥਨਾ ਕਰਨ ਲਈ ਕਹਿ ਰਿਹਾ ਸੀ ਜਿਨ੍ਹਾਂ ਲਈ ਯਹੂਦੀ ਪਹਿਲਾਂ ਹੀ ਦੁਆ ਕਰ ਰਹੇ ਸਨ।