ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ?
ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ?
ਯਿਸੂ ਦੇ ਚੇਲੇ ਇਹ ਜਾਣਨ ਲਈ ਉਤਸੁਕ ਸਨ ਕਿ ਉਸ ਦਾ ਰਾਜ ਕਦੋਂ ਆਵੇਗਾ। ਸੋ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਪ੍ਰਭੁ ਜੀ ਕੀ ਤੂੰ ਏਸ ਵੇਲੇ ਇਸਰਾਏਲ ਦਾ ਰਾਜ ਬਹਾਲ ਕਰਦਾ ਹੈਂ?” (ਰਸੂਲਾਂ ਦੇ ਕਰਤੱਬ 1:6) ਕੁਝ 2,000 ਸਾਲਾਂ ਬਾਅਦ ਅੱਜ ਲੋਕ ਹਾਲੇ ਵੀ ਇਹੀ ਪੁੱਛ ਰਹੇ ਹਨ ਕਿ ਪਰਮੇਸ਼ੁਰ ਦਾ ਰਾਜ ਕਦੋਂ ਆਵੇਗਾ।
ਕਿਉਂਕਿ ਯਿਸੂ ਦੇ ਪ੍ਰਚਾਰ ਦਾ ਮੁੱਖ ਵਿਸ਼ਾ ਪਰਮੇਸ਼ੁਰ ਦਾ ਰਾਜ ਸੀ, ਇਸ ਲਈ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਉਸ ਨੇ ਇਸ ਸਵਾਲ ਦਾ ਜਵਾਬ ਜ਼ਰੂਰ ਦਿੱਤਾ ਹੋਵੇਗਾ। ਯਿਸੂ ਨੇ ਉਸ ਸਮੇਂ ਦੇ ਲੱਛਣ ਬਾਰੇ ਖੋਲ੍ਹ ਕੇ ਦੱਸਿਆ ਜਦੋਂ ਉਹ ਸਵਰਗ ਵਿਚ ਰਾਜ ਕਰ ਰਿਹਾ ਹੋਵੇਗਾ। (ਮੱਤੀ 24:37) ਆਓ ਆਪਾਂ ਯਿਸੂ ਦੇ ਰਾਜ ਸੰਬੰਧੀ ਬਾਈਬਲ ਵਿੱਚੋਂ ਚਾਰ ਹਕੀਕਤਾਂ ਉੱਤੇ ਚਰਚਾ ਕਰੀਏ।
1. ਯਿਸੂ ਦਾ ਰਾਜ ਉਸ ਦੀ ਮੌਤ ਤੋਂ ਕਾਫ਼ੀ ਚਿਰ ਬਾਅਦ ਸ਼ੁਰੂ ਹੋਣਾ ਸੀ। ਯਿਸੂ ਨੇ ਇਕ ਦ੍ਰਿਸ਼ਟਾਂਤ ਦਿੱਤਾ ਸੀ ਜਿਸ ਵਿਚ ਉਸ ਨੇ ਆਪਣੀ ਤੁਲਨਾ ਅਜਿਹੇ ਮਨੁੱਖ ਨਾਲ ਕੀਤੀ ਜੋ “ਦੂਰ ਦੇਸ ਨੂੰ ਗਿਆ ਜੋ ਆਪਣੇ ਲਈ ਪਾਤਸ਼ਾਹੀ ਲੈ ਕੇ ਮੁੜ ਆਵੇ।” (ਲੂਕਾ 19:12) ਇਹ ਗੱਲ ਕਦੋਂ ਪੂਰੀ ਹੋਈ? ਇਹ ਉਦੋਂ ਪੂਰੀ ਹੋਈ ਜਦੋਂ ਯਿਸੂ ਨੂੰ ਉਸ ਦੀ ਮੌਤ ਤੋਂ ਬਾਅਦ ਫਿਰ ਤੋਂ ਜ਼ਿੰਦਾ ਕੀਤਾ ਗਿਆ। ਫਿਰ ਉਹ “ਦੂਰ ਦੇਸ” ਯਾਨੀ ਸਵਰਗ ਚਲਾ ਗਿਆ ਸੀ। ਇਸੇ ਤਰ੍ਹਾਂ ਦੇ ਇਕ ਹੋਰ ਦ੍ਰਿਸ਼ਟਾਂਤ ਵਿਚ ਯਿਸੂ ਨੇ ਕਿਹਾ ਕਿ ਉਹ “ਬਹੁਤ ਚਿਰ ਪਿੱਛੋਂ” ਰਾਜਾ ਬਣ ਕੇ ਦੁਬਾਰਾ ਆਵੇਗਾ।—ਮੱਤੀ 25:19.
ਯਿਸੂ ਦੇ ਸਵਰਗ ਜਾਣ ਤੋਂ ਕੁਝ ਸਾਲ ਬਾਅਦ ਪੌਲੁਸ ਰਸੂਲ ਨੇ ਲਿਖਿਆ: “ਪਰ [ਯਿਸੂ] ਪਾਪਾਂ ਦੇ ਬਦਲੇ ਇੱਕੋ ਬਲੀਦਾਨ ਸਦਾ ਲਈ ਚੜ੍ਹਾ ਕੇ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ। ਅਤੇ ਇਦੋਂ ਅੱਗੇ ਉਡੀਕ ਕਰਦਾ ਹੈ ਜੋ ਉਹ ਦੇ ਵੈਰੀ ਉਹ ਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ।” ਇਬਰਾਨੀਆਂ 10:12, 13) ਇਸ ਦਾ ਮਤਲਬ ਹੈ ਕਿ ਯਿਸੂ ਦੇ ਸਵਰਗ ਜਾਣ ਤੋਂ ਬਾਅਦ ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਇਕਦਮ ਰਾਜਾ ਨਹੀਂ ਬਣਾਇਆ ਸੀ, ਸਗੋਂ ਉਸ ਨੂੰ ਕਾਫ਼ੀ ਸਮਾਂ ਇੰਤਜ਼ਾਰ ਕਰਨਾ ਪਿਆ ਸੀ। ਕੀ ਧਰਤੀ ਉੱਤੇ ਵਸਦੇ ਮਨੁੱਖ ਯਿਸੂ ਨੂੰ ਰਾਜੇ ਦੇ ਤੌਰ ਤੇ ਹਕੂਮਤ ਕਰਦਿਆਂ ਦੇਖਣਗੇ?
(2. ਯਿਸੂ ਨੂੰ ਮਨੁੱਖੀ ਨਜ਼ਰਾਂ ਤੋਂ ਓਹਲੇ ਸਵਰਗ ਵਿਚ ਰਾਜਾ ਬਣਾਇਆ ਗਿਆ ਸੀ। ਯਿਸੂ ਨੇ ਦੱਸਿਆ ਸੀ ਕਿ ਉਸ ਦਾ ਰਾਜ ਸ਼ੁਰੂ ਹੋਣ ਤੇ ਧਰਤੀ ਉੱਤੇ ਖ਼ਾਸ ਲੱਛਣ ਨਜ਼ਰ ਆਉਣਗੇ। (ਮੱਤੀ 24:3) ਜੇ ਲੋਕ ਉਸ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਦੇ, ਤਾਂ ਕਿਸੇ ਲੱਛਣ ਦੀ ਕਿਉਂ ਲੋੜ ਪੈਂਦੀ? ਮਿਸਾਲ ਲਈ, ਜੇ ਤੁਸੀਂ ਸਮੁੰਦਰ ਦਾ ਮਜ਼ਾ ਲੈਣ ਲਈ ਕਿਸੇ ਤਟਵਰਤੀ ਸ਼ਹਿਰ ਨੂੰ ਜਾਂਦੇ ਹੋ, ਤਾਂ ਤੁਸੀਂ ਰਾਹ ਵਿਚ ਕਈ ਸਾਈਨ-ਬੋਰਡ ਦੇਖੋਗੇ। ਪਰ ਕੀ ਤੁਸੀਂ ਸਮੁੰਦਰ ਦੇ ਕਿਨਾਰੇ ਤੇ ਪਹੁੰਚ ਕੇ ਵੀ “ਇਹ ਸਮੁੰਦਰ ਹੈ” ਲਿਖਿਆ ਵੱਡਾ ਸਾਈਨ ਦੇਖੋਗੇ? ਨਹੀਂ। ਕਿਉਂਕਿ ਜੋ ਚੀਜ਼ ਅਸੀਂ ਆਪਣੀਆਂ ਨਜ਼ਰਾਂ ਨਾਲ ਦੇਖ ਸਕਦੇ ਹਾਂ, ਉਸ ਲਈ ਸਾਈਨ-ਬੋਰਡ ਦੀ ਕੀ ਲੋੜ?
ਇਸੇ ਤਰ੍ਹਾਂ, ਯਿਸੂ ਨੇ ਚੇਲਿਆਂ ਨੂੰ ਆਪਣੇ ਰਾਜ ਦੇ ਸਥਾਪਿਤ ਹੋਣ ਦੇ ਲੱਛਣ ਦੱਸੇ ਸਨ ਤਾਂਕਿ ਇਨਸਾਨ ਸਵਰਗ ਵਿਚ ਵਾਪਰ ਰਹੀਆਂ ਅਦਿੱਖ ਘਟਨਾਵਾਂ ਬਾਰੇ ਜਾਣ ਸਕਣ। ਉਸ ਨੇ ਸਾਫ਼ ਕਿਹਾ ਸੀ ਕਿ “ਪਰਮੇਸ਼ੁਰ ਦਾ ਰਾਜ ਪਰਤੱਖ ਹੋ ਕੇ ਨਹੀਂ ਆਉਂਦਾ।” (ਲੂਕਾ 17:20) ਤਾਂ ਫਿਰ ਧਰਤੀ ਉੱਤੇ ਕਿਹੜੇ ਲੱਛਣ ਨਜ਼ਰ ਆਉਣਗੇ ਜਿਨ੍ਹਾਂ ਤੋਂ ਸਾਨੂੰ ਪਤਾ ਚੱਲੇਗਾ ਕਿ ਯਿਸੂ ਸਵਰਗ ਵਿਚ ਰਾਜ ਕਰ ਰਿਹਾ ਹੈ?
3. ਰਾਜ ਸ਼ੁਰੂ ਹੋਣ ਤੇ ਧਰਤੀ ਉ ਤੇ ਬਹੁਤ ਸਾਰੀਆਂ ਮੁਸੀਬਤਾਂ ਆਉਣਗੀਆਂ। ਯਿਸੂ ਨੇ ਕਿਹਾ ਸੀ ਕਿ ਉਸ ਦੇ ਰਾਜਾ ਬਣਨ ਤੋਂ ਬਾਅਦ ਧਰਤੀ ਉੱਤੇ ਲੜਾਈਆਂ ਹੋਣਗੀਆਂ, ਕਾਲ ਪੈਣਗੇ, ਭੁਚਾਲ ਆਉਣਗੇ, ਮਹਾਂਮਾਰੀਆਂ ਫੈਲਣਗੀਆਂ ਅਤੇ ਕੁਧਰਮ ਦਾ ਰਾਜ ਹੋਵੇਗਾ। (ਮੱਤੀ 24:7-12; ਲੂਕਾ 21:10, 11) ਇਹ ਮੁਸੀਬਤਾਂ ਕਿਉਂ? ਬਾਈਬਲ ਦੱਸਦੀ ਹੈ ਕਿ ‘ਇਸ ਜਗਤ ਦੇ ਸਰਦਾਰ’ ਸ਼ਤਾਨ ਨੂੰ ਵੱਡਾ ਕ੍ਰੋਧ ਹੈ ਕਿਉਂਕਿ ਉਹ ਜਾਣਦਾ ਹੈ ਕਿ ਯਿਸੂ ਦੇ ਰਾਜਾ ਬਣਨ ਦਾ ਮਤਲਬ ਹੈ ਕਿ ਉਸ ਦਾ ਸਮਾਂ ਥੋੜ੍ਹਾ ਹੀ ਰਹਿੰਦਾ ਹੈ। (ਯੂਹੰਨਾ 12:31; ਪਰਕਾਸ਼ ਦੀ ਪੋਥੀ 12:9, 12) ਅਸੀਂ ਚਾਰ-ਚੁਫੇਰੇ ਸ਼ਤਾਨ ਦੇ ਕ੍ਰੋਧ ਦੇ ਨਤੀਜੇ ਦੇਖ ਸਕਦੇ ਹਾਂ ਜਿਸ ਤੋਂ ਸਾਨੂੰ ਯਿਸੂ ਦੇ ਰਾਜਾ ਬਣਨ ਦਾ ਸਬੂਤ ਮਿਲਦਾ ਹੈ। ਇਹ ਸਬੂਤ ਖ਼ਾਸ ਕਰਕੇ 1914 ਤੋਂ ਸੰਸਾਰ ਭਰ ਵਿਚ ਨਜ਼ਰ ਆ ਰਿਹਾ ਹੈ। ਇਤਿਹਾਸਕਾਰ ਕਹਿੰਦੇ ਹਨ ਕਿ ਸਾਲ 1914 ਨੇ ਮਨੁੱਖੀ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਸੀ।
ਤੁਸੀਂ ਸ਼ਾਇਦ ਸੋਚੋਗੇ ਕਿ ਇਹ ਤਾਂ ਮਾੜੀ ਖ਼ਬਰ ਹੈ। ਪਰ ਅਸਲ ਵਿਚ ਇੱਦਾਂ ਨਹੀਂ ਹੈ। ਕਿਉਂ? ਕਿਉਂਕਿ ਧਰਤੀ ਉੱਤੇ ਹਾਲਾਤਾਂ ਦੇ ਵਿਗੜਨ ਦਾ ਮਤਲਬ ਹੈ ਕਿ ਮਸੀਹਾਈ ਰਾਜ ਹੁਣ ਸਵਰਗ ਵਿਚ ਸ਼ੁਰੂ ਹੋ ਚੁੱਕਾ ਹੈ। ਹੁਣ ਜਲਦੀ ਹੀ ਇਹ ਸਰਕਾਰ ਧਰਤੀ ਉੱਤੇ ਆਪਣਾ ਰਾਜ ਸ਼ੁਰੂ ਕਰੇਗੀ। ਪਰ ਲੋਕ ਇਸ ਰਾਜ ਬਾਰੇ ਕਿਸ ਤਰ੍ਹਾਂ ਜਾਣ ਸਕਦੇ ਹਨ ਤਾਂਕਿ ਉਹ ਇਸ ਨੂੰ ਕਬੂਲ ਕਰ ਕੇ ਇਸ ਦੀ ਪਰਜਾ ਬਣ ਸਕਣ?
4. ਸੰਸਾਰ ਭਰ ਵਿਚ ਯਿਸੂ ਦੇ ਰਾਜ ਦਾ ਪ੍ਰਚਾਰ ਹੋਵੇਗਾ। ਯਿਸੂ ਨੇ ਕਿਹਾ ਸੀ ਕਿ ਉਸ ਦੇ ਰਾਜਾ ਬਣਨ ਤੇ ਧਰਤੀ ਉੱਤੇ ਉਹੋ ਕੁਝ ਹੋਵੇਗਾ ਜੋ ‘ਨੂਹ ਦੇ ਦਿਨਾਂ’ ਵਿਚ ਹੋਇਆ ਸੀ। (ਮੱਤੀ 24:37-39) ਨੂਹ ਸੱਚੇ ਪਰਮੇਸ਼ੁਰ ਦਾ ਭਗਤ ਸੀ। ਉਸ ਦੇ ਦਿਨਾਂ ਵਿਚ ਪਰਮੇਸ਼ੁਰ ਨੇ ਕਿਹਾ ਕਿ ਉਹ ਦੁਸ਼ਟਾਂ ਨੂੰ ਨਾਸ਼ ਕਰਨ ਲਈ ਜਲ-ਪਰਲੋ ਲਿਆਵੇਗਾ। ਇਸ ਨਾਸ਼ ਵਿੱਚੋਂ ਬਚਣ ਲਈ ਨੂਹ ਨੂੰ ਇਕ ਵੱਡੀ ਕਿਸ਼ਤੀ ਬਣਾਉਣ ਲਈ ਕਿਹਾ ਗਿਆ ਸੀ। ਪਰ ਨੂਹ ਨੇ ਸਿਰਫ਼ ਕਿਸ਼ਤੀ ਹੀ ਨਹੀਂ ਬਣਾਈ ਸੀ, ਸਗੋਂ ਉਹ “ਧਰਮ ਦਾ ਪਰਚਾਰਕ” ਵੀ ਸੀ। (2 ਪਤਰਸ 2:5) ਨੂਹ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਪਰਮੇਸ਼ੁਰ ਉਨ੍ਹਾਂ ਨੂੰ ਸਜ਼ਾ ਦੇਣ ਵਾਲਾ ਸੀ। ਯਿਸੂ ਨੇ ਕਿਹਾ ਕਿ ਉਸ ਦੇ ਰਾਜ ਦੌਰਾਨ ਧਰਤੀ ਉੱਤੇ ਉਸ ਦੇ ਚੇਲੇ ਵੀ ਲੋਕਾਂ ਨੂੰ ਚੇਤਾਵਨੀ ਦੇਣਗੇ। ਉਸ ਨੇ ਇਹ ਭਵਿੱਖਬਾਣੀ ਕੀਤੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।”—ਮੱਤੀ 24:14.
ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖਿਆ, ਪਰਮੇਸ਼ੁਰ ਦੇ ਰਾਜ ਨੇ ਇਸ ਸੰਸਾਰ ਦੀਆਂ ਸਾਰੀਆਂ ਸਰਕਾਰਾਂ ਨੂੰ ਨਾਸ਼ ਕਰ ਦੇਣਾ ਹੈ। ਪ੍ਰਚਾਰ ਦਾ ਕੰਮ ਲੋਕਾਂ ਨੂੰ ਸਾਵਧਾਨ ਕਰਦਾ ਹੈ ਕਿ ਪਰਮੇਸ਼ੁਰ ਦਾ ਸਵਰਗੀ ਰਾਜ ਹੁਣ ਬੁਰਾਈ ਦਾ ਨਾਸ਼ ਕਰਨ ਲਈ ਤਿਆਰ-ਬਰ-ਤਿਆਰ ਹੈ ਤੇ ਲੋਕਾਂ ਕੋਲ ਇਸ ਨਾਸ਼ ਤੋਂ ਬਚ ਕੇ ਪਰਮੇਸ਼ੁਰ ਦੇ ਰਾਜ ਵਿਚ ਜੀਉਣ ਦਾ ਮੌਕਾ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਤੁਸੀਂ ਕੀ ਕਰੋਗੇ?
ਕੀ ਪਰਮੇਸ਼ੁਰ ਦਾ ਰਾਜ ਤੁਹਾਡੇ ਲਈ ਵੀ ਖ਼ੁਸ਼ ਖ਼ਬਰੀ ਸਾਬਤ ਹੋਵੇਗਾ?
ਯਿਸੂ ਦੇ ਪ੍ਰਚਾਰ ਨੇ ਲੋਕਾਂ ਨੂੰ ਇਕ ਸ਼ਾਨਦਾਰ ਉਮੀਦ ਦਿੱਤੀ। ਹਜ਼ਾਰਾਂ ਸਾਲ ਪਹਿਲਾਂ ਅਦਨ ਦੇ ਬਾਗ਼ ਵਿਚ ਆਦਮ ਦੇ ਪਾਪ ਕਰਨ ਤੋਂ ਬਾਅਦ ਯਹੋਵਾਹ ਨੇ ਇਕ ਸਰਕਾਰ ਖੜ੍ਹੀ ਕਰਨ ਦਾ ਫ਼ੈਸਲਾ ਕੀਤਾ ਜੋ ਇਨਸਾਨਾਂ ਦੇ ਵਿਗੜੇ ਹਾਲਾਤ ਨੂੰ ਠੀਕ ਕਰੇਗਾ। ਪਰਮੇਸ਼ੁਰ ਚਾਹੁੰਦਾ ਸੀ ਕਿ ਵਫ਼ਾਦਾਰ ਮਨੁੱਖ ਬਾਗ਼ ਵਰਗੀ ਸੁੰਦਰ ਧਰਤੀ ਉੱਤੇ ਸਦਾ ਦੇ ਲਈ ਜੀਉਣ। ਉਹ ਇਹ ਮਕਸਦ ਪੂਰਾ ਕਰੇਗਾ। ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਸਦੀਆਂ ਪਹਿਲਾਂ ਵਾਅਦਾ ਕੀਤੀ ਹੋਈ ਸਰਕਾਰ ਹੁਣ ਸਵਰਗ ਵਿਚ ਰਾਜ ਕਰ ਰਹੀ ਹੈ! ਜੀ ਹਾਂ, ਪਰਮੇਸ਼ੁਰ ਦਾ ਰਾਜ ਕੋਈ ਕਲਪਨਾ ਨਹੀਂ, ਸਗੋਂ ਇਕ ਅਸਲੀਅਤ ਬਣ ਚੁੱਕਾ ਹੈ!
ਹੁਣ ਪਰਮੇਸ਼ੁਰ ਦਾ ਨਿਯੁਕਤ ਕੀਤਾ ਰਾਜਾ ਆਪਣੇ ਵੈਰੀਆਂ ਵਿਚਕਾਰ ਰਾਜ ਕਰ ਰਿਹਾ ਹੈ। (ਜ਼ਬੂਰਾਂ ਦੀ ਪੋਥੀ 110:2) ਮਸੀਹਾ ਆਪਣੇ ਪਿਤਾ ਦੀ ਇੱਛਾ ਪੂਰੀ ਕਰਦੇ ਹੋਏ ਇਸ ਭ੍ਰਿਸ਼ਟ ਸੰਸਾਰ ਵਿਚ ਉਨ੍ਹਾਂ ਲੋਕਾਂ ਨੂੰ ਭਾਲ ਰਿਹਾ ਹੈ ਜੋ ਪਰਮੇਸ਼ੁਰ ਨੂੰ ਜਾਣਨਾ ਚਾਹੁੰਦੇ ਹਨ ਤੇ “ਆਤਮਾ ਅਤੇ ਸਚਿਆਈ ਨਾਲ” ਉਸ ਦੀ ਭਗਤੀ ਕਰਨੀ ਚਾਹੁੰਦੇ ਹਨ। (ਯੂਹੰਨਾ 4:24) ਅੱਜ ਹਰ ਨਸਲ, ਉਮਰ ਤੇ ਪਿਛੋਕੜ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਵਿਚ ਸਦਾ ਦੀ ਜ਼ਿੰਦਗੀ ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। (ਰਸੂਲਾਂ ਦੇ ਕਰਤੱਬ 10:34, 35) ਅਸੀਂ ਤੁਹਾਨੂੰ ਇਸ ਮੌਕੇ ਦਾ ਫ਼ਾਇਦਾ ਉਠਾਉਣ ਦੀ ਪ੍ਰੇਰਣਾ ਦਿੰਦੇ ਹਾਂ। ਪਰਮੇਸ਼ੁਰ ਦੇ ਰਾਜ ਬਾਰੇ ਸਿੱਖੋ ਤਾਂਕਿ ਤੁਸੀਂ ਵੀ ਪਰਮੇਸ਼ੁਰ ਦੇ ਧਰਮੀ ਰਾਜ ਵਿਚ ਸਦਾ ਲਈ ਜੀ ਸਕੋ!—1 ਯੂਹੰਨਾ 2:17. (w08 1/1)
[ਸਫ਼ੇ 8, 9 ਉੱਤੇ ਤਸਵੀਰ]
ਰੋਜ਼ਾਨਾ ਦੀਆਂ ਭੈੜੀਆਂ ਖ਼ਬਰਾਂ ਇਸ ਗੱਲ ਦਾ ਸਬੂਤ ਹਨ ਕਿ ਚੰਗਾ ਸਮਾਂ ਆਉਣ ਵਾਲਾ ਹੈ
[ਕ੍ਰੈਡਿਟ ਲਾਈਨ]
Antiaircraft gun: U.S. Army photo