Skip to content

Skip to table of contents

ਪਰਮੇਸ਼ੁਰ ਦਾ ਰਾਜ ਕੀ ਹੈ?

ਪਰਮੇਸ਼ੁਰ ਦਾ ਰਾਜ ਕੀ ਹੈ?

ਪਰਮੇਸ਼ੁਰ ਦਾ ਰਾਜ ਕੀ ਹੈ?

ਯਿਸੂ ਦੇ ਪ੍ਰਚਾਰ ਦਾ ਮੁੱਖ ਵਿਸ਼ਾ ਕੀ ਸੀ? ਯਿਸੂ ਨੇ ਖ਼ੁਦ ਕਿਹਾ ਸੀ ਕਿ ਉਸ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਲਈ ਘੱਲਿਆ ਗਿਆ ਸੀ। (ਲੂਕਾ 4:43) ਉਹ ਪ੍ਰਚਾਰ ਕਰਦਿਆਂ ਲੋਕਾਂ ਨੂੰ ਅਕਸਰ ਰਾਜ ਬਾਰੇ ਦੱਸਦਾ ਸੀ। ਕੀ ਯਿਸੂ ਦੇ ਪ੍ਰਚਾਰ ਕਰਨ ਤੋਂ ਪਹਿਲਾਂ ਲੋਕ ਪਰਮੇਸ਼ੁਰ ਦੇ ਰਾਜ ਤੋਂ ਬਿਲਕੁਲ ਅਣਜਾਣ ਸਨ? ਕੀ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ ਕਿ ਇਹ ਰਾਜ ਕੀ ਹੈ? ਨਹੀਂ, ਯਿਸੂ ਦੀ ਜ਼ਿੰਦਗੀ ਅਤੇ ਪ੍ਰਚਾਰ ਬਾਰੇ ਬਾਈਬਲ ਵਿਚ ਦਿੱਤੇ ਬਿਰਤਾਂਤਾਂ ਵਿਚ ਇਸ ਤਰ੍ਹਾਂ ਦੇ ਸਵਾਲਾਂ ਦਾ ਕੋਈ ਜ਼ਿਕਰ ਨਹੀਂ ਹੈ। ਤਾਂ ਫਿਰ ਕੀ ਇਸ ਦਾ ਇਹ ਮਤਲਬ ਹੈ ਕਿ ਲੋਕ ਪਹਿਲਾਂ ਹੀ ਜਾਣਦੇ ਸਨ ਕਿ ਪਰਮੇਸ਼ੁਰ ਦਾ ਰਾਜ ਕੀ ਹੈ?

ਅਸਲ ਵਿਚ ਯਹੂਦੀਆਂ ਕੋਲ ਜੋ ਪਵਿੱਤਰ ਸ਼ਾਸਤਰ ਸੀ, ਉਸ ਵਿਚ ਚੰਗੀ ਤਰ੍ਹਾਂ ਸਮਝਾਇਆ ਗਿਆ ਸੀ ਕਿ ਰਾਜ ਕੀ ਹੈ ਤੇ ਇਹ ਕੀ ਕੁਝ ਕਰੇਗਾ। ਉਨ੍ਹਾਂ ਯਹੂਦੀਆਂ ਵਾਂਗ ਅੱਜ ਅਸੀਂ ਵੀ ਬਾਈਬਲ ਤੋਂ ਪਰਮੇਸ਼ੁਰ ਦੇ ਰਾਜ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ। ਆਓ ਆਪਾਂ ਇਸ ਰਾਜ ਬਾਰੇ ਬਾਈਬਲ ਵਿਚ ਸਿਖਾਈਆਂ ਗਈਆਂ ਸੱਤ ਸੱਚਾਈਆਂ ਉੱਤੇ ਗੌਰ ਕਰੀਏ। ਯਿਸੂ ਦੇ ਧਰਤੀ ਉੱਤੇ ਆਉਣ ਤੋਂ ਪਹਿਲਾਂ ਯਹੂਦੀ ਇਨ੍ਹਾਂ ਵਿੱਚੋਂ ਪਹਿਲੀਆਂ ਤਿੰਨ ਸੱਚਾਈਆਂ ਤੋਂ ਵਾਕਫ਼ ਸਨ। ਪਹਿਲੀ ਸਦੀ ਵਿਚ ਯਿਸੂ ਜਾਂ ਉਸ ਦੇ ਚੇਲਿਆਂ ਨੇ ਅਗਲੀਆਂ ਤਿੰਨ ਸੱਚਾਈਆਂ ਬਾਰੇ ਦੱਸਿਆ। ਅਖ਼ੀਰਲੀ ਸੱਚਾਈ ਸਾਡੇ ਸਮੇਂ ਵਿਚ ਸਾਫ਼ ਜ਼ਾਹਰ ਹੋ ਗਈ ਹੈ।

1. ਪਰਮੇਸ਼ੁਰ ਦਾ ਰਾਜ ਇਕ ਅਸਲੀ ਹਕੂਮਤ ਹੈ ਜੋ ਸਦਾ ਤਕ ਕਾਇਮ ਰਹੇਗੀ ਬਾਈਬਲ ਦੀ ਪਹਿਲੀ ਭਵਿੱਖਬਾਣੀ ਨੇ ਜ਼ਾਹਰ ਕੀਤਾ ਕਿ ਪਰਮੇਸ਼ੁਰ ਉਸ ਦੇ ਵਫ਼ਾਦਾਰ ਰਹਿਣ ਵਾਲਿਆਂ ਲਈ ਇਕ ਮੁਕਤੀਦਾਤਾ ਘੱਲੇਗਾ। ਭਵਿੱਖਬਾਣੀ ਵਿਚ ਇਸ ਮੁਕਤੀਦਾਤਾ ਨੂੰ “ਸੰਤਾਨ” ਕਿਹਾ ਗਿਆ ਹੈ। ਉਹ ਆਦਮ, ਹੱਵਾਹ ਤੇ ਸ਼ਤਾਨ ਦੇ ਪਾਪ ਕਰਕੇ ਪੈਦਾ ਹੋਈਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰੇਗਾ। (ਉਤਪਤ 3:15) ਕਾਫ਼ੀ ਦੇਰ ਬਾਅਦ, ਪਰਮੇਸ਼ੁਰ ਦੇ ਭਗਤ ਰਾਜਾ ਦਾਊਦ ਨੂੰ ਇਸ “ਸੰਤਾਨ” ਜਾਂ ਮਸੀਹਾ ਬਾਰੇ ਦੱਸਿਆ ਗਿਆ ਸੀ ਕਿ ਉਸ ਦਾ ਇਕ ਰਾਜ ਹੋਵੇਗਾ। ਇਹ ਰਾਜ ਹੋਰਨਾਂ ਸਾਰਿਆਂ ਰਾਜਾਂ ਤੋਂ ਵੱਖਰਾ ਹੋਵੇਗਾ। ਇਹ ਸਦਾ ਤਕ ਕਾਇਮ ਰਹੇਗਾ।—2 ਸਮੂਏਲ 7:12-14.

2. ਪਰਮੇਸ਼ੁਰ ਦਾ ਰਾਜ ਧਰਤੀ ਉ ਤੇ ਸਾਰੀਆਂ ਹਕੂਮਤਾਂ ਨੂੰ ਖ਼ਤਮ ਕਰੇਗਾ ਦਾਨੀਏਲ ਨਬੀ ਨੂੰ ਇਕ ਦਰਸ਼ਣ ਦਿਖਾਇਆ ਗਿਆ ਸੀ ਜਿਸ ਵਿਚ ਉਸ ਨੇ ਸਾਡੇ ਸਮੇਂ ਤਕ ਦੀਆਂ ਵਿਸ਼ਵ ਸ਼ਕਤੀਆਂ ਦਾ ਉਤਰਾਅ-ਚੜ੍ਹਾਅ ਦੇਖਿਆ। ਧਿਆਨ ਦਿਓ ਕਿ ਅਖ਼ੀਰ ਵਿਚ ਕੀ ਹੋਵੇਗਾ: “ਉਨ੍ਹਾਂ [ਅਖ਼ੀਰਲਿਆਂ] ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” ਸੋ ਇਸ ਸੰਸਾਰ ਦੀਆਂ ਸਾਰੀਆਂ ਹਕੂਮਤਾਂ ਅਤੇ ਉਨ੍ਹਾਂ ਦੀਆਂ ਲੜਾਈਆਂ, ਅਤਿਆਚਾਰ ਤੇ ਭ੍ਰਿਸ਼ਟਾਚਾਰ ਨੂੰ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕੀਤਾ ਜਾਵੇਗਾ। ਦਾਨੀਏਲ ਦੀ ਭਵਿੱਖਬਾਣੀ ਦਿਖਾਉਂਦੀ ਹੈ ਕਿ ਜਲਦੀ ਹੀ ਪਰਮੇਸ਼ੁਰ ਦਾ ਰਾਜ ਪੂਰੀ ਧਰਤੀ ਉੱਤੇ ਹਕੂਮਤ ਕਰੇਗਾ। (ਦਾਨੀਏਲ 2:44, 45) ਸਾਰੀ ਧਰਤੀ ਉੱਤੇ ਸਿਰਫ਼ ਪਰਮੇਸ਼ੁਰ ਦਾ ਹੀ ਰਾਜ ਹੋਵੇਗਾ। *

3. ਪਰਮੇਸ਼ੁਰ ਦਾ ਰਾਜ ਲੜਾਈਆਂ, ਬੀਮਾਰੀਆਂ, ਕਾਲ ਤੇ ਮੌਤ ਨੂੰ ਖ਼ਤਮ ਕਰੇਗਾ ਬਾਈਬਲ ਭਵਿੱਖਬਾਣੀਆਂ ਦਿਖਾਉਂਦੀਆਂ ਹਨ ਕਿ ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ਕੀ ਕੁਝ ਕਰੇਗਾ। ਇਹ ਰਾਜ ਉਹ ਸਭ ਕੁਝ ਕਰ ਦਿਖਾਵੇਗਾ ਜੋ ਇਨਸਾਨੀ ਸਰਕਾਰਾਂ ਨਹੀਂ ਕਰ ਪਾਈਆਂ। ਇਹ ਸਭ ਹਥਿਆਰਾਂ ਨੂੰ ਹਮੇਸ਼ਾ ਲਈ ਨਸ਼ਟ ਕਰ ਦੇਵੇਗਾ! ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ “ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ।” (ਜ਼ਬੂਰਾਂ ਦੀ ਪੋਥੀ 46:9) ਕਿਸੇ ਤਰ੍ਹਾਂ ਦੀ ਵੀ ਬੀਮਾਰੀ ਨਾ ਹੋਣ ਕਰਕੇ ਡਾਕਟਰਾਂ ਤੇ ਹਸਪਤਾਲਾਂ ਦੀ ਲੋੜ ਹੀ ਨਹੀਂ ਰਹੇਗੀ। “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24) ਕਾਲ ਤੇ ਭੁੱਖਮਰੀ ਦਾ ਨਾਮੋ-ਨਿਸ਼ਾਨ ਨਹੀਂ ਰਹੇਗਾ। ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’ (ਜ਼ਬੂਰਾਂ ਦੀ ਪੋਥੀ 72:16) ਕੋਈ ਅੰਤਿਮ-ਸੰਸਕਾਰ, ਸ਼ਮਸ਼ਾਨ ਘਾਟ, ਮੁਰਦਾ-ਘਰ ਜਾਂ ਰੋਣਾ-ਧੋਣਾ ਨਹੀਂ ਹੋਵੇਗਾ। ਆਖ਼ਰਕਾਰ ਸਾਡੀ ਜਾਨੀ ਵੈਰਨ ਮੌਤ ਵੀ ਖ਼ਤਮ ਕੀਤੀ ਜਾਵੇਗੀ। ਪਰਮੇਸ਼ੁਰ “ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ।”—ਯਸਾਯਾਹ 25:8.

4. ਪਰਮੇਸ਼ੁਰ ਨੇ ਆਪਣੇ ਰਾਜ ਦਾ ਹਾਕਮ ਖ਼ੁਦ ਚੁਣਿਆ ਹੈ ਮਸੀਹਾ ਆਪਣੇ ਆਪ ਹੀ ਰਾਜਾ ਨਹੀਂ ਬਣ ਗਿਆ ਤੇ ਨਾ ਹੀ ਇਨਸਾਨਾਂ ਨੇ ਉਸ ਨੂੰ ਚੁਣਿਆ ਹੈ। ਉਸ ਨੂੰ ਯਹੋਵਾਹ ਪਰਮੇਸ਼ੁਰ ਨੇ ਖ਼ੁਦ ਚੁਣਿਆ ਹੈ। ਇਬਰਾਨੀ ਤੇ ਯੂਨਾਨੀ ਭਾਸ਼ਾਵਾਂ ਵਿਚ “ਮਸੀਹਾ” ਤੇ “ਮਸੀਹ” ਸ਼ਬਦਾਂ ਦਾ ਅਰਥ ਹੈ ਥਾਪਿਆ ਜਾਣਾ ਸੋ ਯਹੋਵਾਹ ਪਰਮੇਸ਼ੁਰ ਨੇ ਰਾਜੇ ਨੂੰ ਥਾਪਿਆ ਹੈ। ਪਰਮੇਸ਼ੁਰ ਨੇ ਉਸ ਬਾਰੇ ਕਿਹਾ: “ਵੇਖੋ, ਮੇਰਾ ਦਾਸ ਜਿਹ ਨੂੰ ਮੈਂ ਸੰਭਾਲਦਾ ਹਾਂ, ਮੇਰਾ ਚੁਣਵਾਂ ਜਿਸ ਤੋਂ ਮੇਰਾ ਜੀ ਪਰਸੰਨ ਹੈ। ਮੈਂ ਆਪਣਾ ਆਤਮਾ ਉਹ ਦੇ ਉੱਤੇ ਪਾਇਆ ਹੈ, ਉਹ ਕੌਮਾਂ ਲਈ ਇਨਸਾਫ਼ ਪਰਗਟ ਕਰੇਗਾ।” (ਯਸਾਯਾਹ 42:1; ਮੱਤੀ 12:17, 18) ਸਾਡਾ ਸ੍ਰਿਸ਼ਟੀਕਰਤਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਦੇ ਹਾਕਮ ਦੀ ਲੋੜ ਹੈ।

5. ਪਰਮੇਸ਼ੁਰ ਦੇ ਰਾਜ ਦੇ ਰਾਜੇ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਰਾਜਾ ਬਣਨ ਦੇ ਯੋਗ ਹੈ ਨਾਸਰਤ ਸ਼ਹਿਰ ਦਾ ਰਹਿਣ ਵਾਲਾ ਯਿਸੂ ਹੀ ਮਸੀਹਾ ਸਾਬਤ ਹੋਇਆ। ਉਸ ਦਾ ਜਨਮ ਪਰਮੇਸ਼ੁਰ ਦੁਆਰਾ ਦੱਸੇ ਗਏ ਘਰਾਣੇ ਵਿਚ ਹੋਇਆ। (ਉਤਪਤ 22:18; 1 ਇਤਹਾਸ 17:11; ਮੱਤੀ 1:1) ਧਰਤੀ ਉੱਤੇ ਰਹਿੰਦਿਆਂ ਉਸ ਨੇ ਸਦੀਆਂ ਪਹਿਲਾਂ ਲਿਖੀਆਂ ਗਈਆਂ ਅਨੇਕ ਭਵਿੱਖਬਾਣੀਆਂ ਪੂਰੀਆਂ ਕੀਤੀਆਂ। ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਆਪ ਸਵਰਗ ਤੋਂ ਬੋਲਦਿਆਂ ਕਿਹਾ ਸੀ ਕਿ ਯਿਸੂ ਉਸ ਦਾ ਪੁੱਤਰ ਸੀ। ਦੂਤਾਂ ਨੇ ਵੀ ਦੱਸਿਆ ਸੀ ਕਿ ਯਿਸੂ ਹੀ ਉਹ ਮਸੀਹਾ ਹੈ ਜਿਸ ਬਾਰੇ ਭਵਿੱਖਬਾਣੀ ਕੀਤੀ ਗਈ ਸੀ। ਯਿਸੂ ਨੇ ਪਰਮੇਸ਼ੁਰ ਦੀ ਸ਼ਕਤੀ ਨਾਲ ਲੱਖਾਂ ਲੋਕਾਂ ਸਾਮ੍ਹਣੇ ਚਮਤਕਾਰ ਕੀਤੇ। * ਯਿਸੂ ਨੇ ਵਾਰ-ਵਾਰ ਦਿਖਾਇਆ ਕਿ ਉਹ ਕਿਸ ਤਰ੍ਹਾਂ ਦਾ ਹਾਕਮ ਹੋਵੇਗਾ। ਉਸ ਕੋਲ ਲੋਕਾਂ ਦੀ ਮਦਦ ਕਰਨ ਦੀ ਨਾ ਸਿਰਫ਼ ਸ਼ਕਤੀ ਸੀ, ਸਗੋਂ ਉਹ ਦਿਲੋਂ ਉਨ੍ਹਾਂ ਦੀ ਸਹਾਇਤਾ ਕਰਨੀ ਚਾਹੁੰਦਾ ਸੀ। (ਮੱਤੀ 8:1-3) ਉਹ ਨਿਰਸੁਆਰਥੀ, ਰਹਿਮ ਦਿਲ, ਹਿੰਮਤੀ ਤੇ ਹਲੀਮ ਸੀ। ਤੁਸੀਂ ਉਸ ਦੀ ਜ਼ਿੰਦਗੀ ਦੀ ਕਹਾਣੀ ਬਾਈਬਲ ਵਿਚ ਪੜ੍ਹ ਸਕਦੇ ਹੋ।

6. ਪਰਮੇਸ਼ੁਰ ਦੇ ਰਾਜ ਵਿਚ ਮਸੀਹ ਨਾਲ 1,44,000 ਹੋਰ ਰਾਜੇ ਵੀ ਹੋਣਗੇ ਯਿਸੂ ਨੇ ਕਿਹਾ ਸੀ ਕਿ ਉਹ ਇਕੱਲਾ ਹੀ ਰਾਜ ਨਹੀਂ ਕਰੇਗਾ, ਸਗੋਂ ਉਸ ਦੇ ਨਾਲ ਹੋਰ ਵੀ ਰਾਜੇ ਹੋਣਗੇ। ਇਨ੍ਹਾਂ ਵਿਚ ਰਸੂਲ ਵੀ ਸ਼ਾਮਲ ਹਨ। ਉਸ ਨੇ ਇਨ੍ਹਾਂ ਰਾਜਿਆਂ ਦੇ ਸਮੂਹ ਨੂੰ ‘ਛੋਟਾ ਝੁੰਡ’ ਕਿਹਾ ਸੀ। (ਲੂਕਾ 12:32) ਬਾਅਦ ਵਿਚ ਯੂਹੰਨਾ ਰਸੂਲ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਕੁੱਲ ਗਿਣਤੀ 1,44,000 ਹੋਵੇਗੀ। ਸਵਰਗ ਵਿਚ ਉਹ ਮਸੀਹ ਦੇ ਨਾਲ ਰਾਜਿਆਂ ਤੇ ਜਾਜਕਾਂ ਦੇ ਤੌਰ ਤੇ ਬਹੁਤ ਹੀ ਅਹਿਮ ਕੰਮ ਕਰਨਗੇ।—ਪਰਕਾਸ਼ ਦੀ ਪੋਥੀ 5:9, 10; 14:1, 3.

7. ਪਰਮੇਸ਼ੁਰ ਦਾ ਰਾਜ ਹੁਣ ਸਵਰਗ ਵਿਚ ਰਾਜ ਕਰ ਰਿਹਾ ਹੈ ਤੇ ਛੇਤੀ ਹੀ ਇਹ ਪੂਰੀ ਧਰਤੀ ਉ ਤੇ ਵੀ ਰਾਜ ਕਰੇਗਾ ਇਹ ਅਖ਼ੀਰਲੀ ਸੱਚਾਈ ਸਭ ਤੋਂ ਰੋਮਾਂਚਕ ਸੱਚਾਈ ਹੈ। ਬਾਈਬਲ ਵਿਚ ਇਸ ਗੱਲ ਦਾ ਚੋਖਾ ਸਬੂਤ ਹੈ ਕਿ ਯਿਸੂ ਨੂੰ ਸਵਰਗ ਵਿਚ ਰਾਜੇ ਵਜੋਂ ਇਖ਼ਤਿਆਰ ਦਿੱਤਾ ਗਿਆ ਹੈ। ਉਹ ਹੁਣ ਸਵਰਗ ਵਿਚ ਹਕੂਮਤ ਕਰ ਰਿਹਾ ਹੈ ਤੇ ਜਲਦੀ ਹੀ ਪੂਰੀ ਧਰਤੀ ਉੱਤੇ ਵੀ ਹਕੂਮਤ ਕਰੇਗਾ। ਉਦੋਂ ਉਹ ਸਾਰੀਆਂ ਸ਼ਾਨਦਾਰ ਭਵਿੱਖਬਾਣੀਆਂ ਪੂਰੀਆਂ ਹੋਣਗੀਆਂ ਜਿਸ ਬਾਰੇ ਅਸੀਂ ਪਹਿਲਾਂ ਦੱਸ ਆਏ ਹਾਂ। ਪਰ ਇਸ ਗੱਲ ਦਾ ਕੀ ਸਬੂਤ ਹੈ ਕਿ ਪਰਮੇਸ਼ੁਰ ਦਾ ਰਾਜ ਹੁਣ ਸਵਰਗ ਵਿਚ ਹਕੂਮਤ ਕਰ ਰਿਹਾ ਹੈ? ਇਹ ਰਾਜ ਧਰਤੀ ਉੱਤੇ ਆਪਣੀ ਹਕੂਮਤ ਕਦੋਂ ਸ਼ੁਰੂ ਕਰੇਗਾ? (w08 1/1)

[ਫੁਟਨੋਟ]

^ ਪੈਰਾ 5 ਅਜਿਹੀਆਂ ਭਵਿੱਖਬਾਣੀਆਂ ਤੋਂ ਪਤਾ ਚੱਲਦਾ ਹੈ ਕਿ ਪਰਮੇਸ਼ੁਰ ਦਾ ਰਾਜ ਲੋਕਾਂ ਦੇ ਦਿਲਾਂ ਵਿਚ ਨਹੀਂ ਹੈ, ਜਿਵੇਂ ਕਈਆਂ ਲੋਕਾਂ ਨੂੰ ਸਿਖਾਇਆ ਗਿਆ ਹੈ। ਸਫ਼ਾ 13 ਤੇ “ਪਾਠਕਾਂ ਦੇ ਸਵਾਲ” ਲੇਖ ਦੇਖੋ।

^ ਪੈਰਾ 8 ਮਿਸਾਲ ਲਈ ਬਾਈਬਲ ਵਿਚ ਮੱਤੀ 3:17; ਲੂਕਾ 2:10-14; ਯੂਹੰਨਾ 6:5-14 ਦੇਖੋ।