ਪਿਆਰੇ ਪਾਠਕੋ:
ਪਿਆਰੇ ਪਾਠਕੋ:
ਸਾਨੂੰ ਇਹ ਦੱਸਦਿਆਂ ਖ਼ੁਸ਼ੀ ਹੁੰਦੀ ਹੈ ਕਿ ਇਸ ਅੰਕ ਤੋਂ ਤੁਸੀਂ ਪਹਿਰਾਬੁਰਜ ਰਸਾਲੇ ਵਿਚ ਕੁਝ ਤਬਦੀਲੀਆਂ ਦੇਖੋਗੇ। ਇਨ੍ਹਾਂ ਤਬਦੀਲੀਆਂ ਬਾਰੇ ਦੱਸਣ ਤੋਂ ਪਹਿਲਾਂ, ਆਓ ਆਪਾਂ ਦੇਖੀਏ ਕਿ ਕਿਹੜੀਆਂ ਗੱਲਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਇਸ ਰਸਾਲੇ ਦਾ ਨਾਂ ਨਹੀਂ ਬਦਲਿਆ ਹੈ। ਪਹਿਲਾਂ ਵਾਂਗ ਇਸ ਦਾ ਨਾਂ ਹੈ ਪਹਿਰਾਬੁਰਜ—ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ। ਪਹਿਰਾਬੁਰਜ ਰਸਾਲੇ ਦਾ ਮਕਸਦ ਅਜੇ ਵੀ ਸੱਚੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕਰਨੀ ਹੈ। ਇਹ ਪਾਠਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੇ ਕੇ ਦਿਲਾਸਾ ਦਿੰਦਾ ਹੈ। ਮਿਸਾਲ ਲਈ, ਇਸ ਅੰਕ ਦੇ ਸਫ਼ੇ 5-9 ਉੱਤੇ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦਾ ਰਾਜ ਕੀ ਹੈ ਤੇ ਇਹ ਕਦੋਂ ਆਵੇਗਾ। ਇਸ ਤੋਂ ਇਲਾਵਾ, ਪਹਿਰਾਬੁਰਜ ਯਿਸੂ ਮਸੀਹ ਵਿਚ ਸਾਡੀ ਨਿਹਚਾ ਨੂੰ ਪੱਕਾ ਕਰੇਗਾ ਅਤੇ ਸਾਨੂੰ ਬਾਈਬਲ ਵਿੱਚੋਂ ਸਹੀ ਸਿੱਖਿਆ ਦੇਵੇਗਾ। ਇਹ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਧਿਆਨ ਵਿਚ ਰੱਖਦਿਆਂ ਸੰਸਾਰ ਵਿਚ ਵਾਪਰ ਰਹੀਆਂ ਘਟਨਾਵਾਂ ਦੇ ਅਰਥ ਸਮਝਾਏਗਾ, ਠੀਕ ਜਿਵੇਂ ਇਹ ਪਿਛਲੀ ਇਕ ਸਦੀ ਤੋਂ ਕਰਦਾ ਆਇਆ ਹੈ।
ਪਹਿਰਾਬੁਰਜ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ? ਆਓ ਆਪਾਂ ਪੰਜਾਬੀ ਪਹਿਰਾਬੁਰਜ ਦੇ ਪਬਲਿਕ ਐਡੀਸ਼ਨ ਦੀਆਂ ਕੁਝ ਖ਼ਾਸੀਅਤਾਂ ਦੇਖੀਏ। *
ਹਰ ਪਬਲਿਕ ਐਡੀਸ਼ਨ ਵਿਚ ਅਜਿਹੇ ਲੇਖ ਹੋਣਗੇ ਜੋ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਨਗੇ। “ਕੀ ਤੁਸੀਂ ਜਾਣਦੇ ਹੋ?” ਨਾਮਕ ਲੇਖ ਬਾਈਬਲ ਦੇ ਵੱਖ-ਵੱਖ ਬਿਰਤਾਂਤਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿਚ ਸਾਡੀ ਮਦਦ ਕਰੇਗਾ। “ਪਰਮੇਸ਼ੁਰ ਨੂੰ ਜਾਣੋ” ਲੇਖ ਦੱਸੇਗਾ ਕਿ ਅਸੀਂ ਬਾਈਬਲ ਦੇ ਬਿਰਤਾਂਤਾਂ ਤੋਂ ਯਹੋਵਾਹ ਬਾਰੇ ਕੀ ਸਿੱਖ ਸਕਦੇ ਹਾਂ। “ਪਾਠਕਾਂ ਦੇ ਸਵਾਲ” ਲੇਖ ਵਿਚ ਆਮ ਪੁੱਛੇ ਜਾਂਦੇ ਬਾਈਬਲ ਸੰਬੰਧੀ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ। ਮਿਸਾਲ ਲਈ, ਕਈ ਲੋਕ ਪੁੱਛਦੇ ਹਨ ਕਿ “ਕੀ ਪਰਮੇਸ਼ੁਰ ਦਾ ਰਾਜ ਸਾਡੇ ਦਿਲ ਵਿਚ ਹੈ?” ਤੁਸੀਂ ਇਸ ਸਵਾਲ ਦਾ ਜਵਾਬ ਸਫ਼ਾ 13 ਤੇ ਪਾਓਗੇ।
ਪਬਲਿਕ ਐਡੀਸ਼ਨ ਵਿਚ ਇਹੋ ਜਿਹੇ ਲੇਖ ਵੀ ਹੋਣਗੇ ਜਿਨ੍ਹਾਂ ਤੋਂ ਪਰਿਵਾਰਾਂ ਨੂੰ ਫ਼ਾਇਦਾ ਹੋਵੇਗਾ। ਇਨ੍ਹਾਂ ਵਿੱਚੋਂ ਇਕ ਲੇਖ ਹੈ “ਪਰਿਵਾਰ ਵਿਚ ਖ਼ੁਸ਼ੀਆਂ ਲਿਆਓ” ਜਿਸ ਵਿਚ ਪਰਿਵਾਰ ਦੀਆਂ ਆਮ ਸਮੱਸਿਆਵਾਂ ਨੂੰ ਹੱਲ ਕਰਨ ਸੰਬੰਧੀ ਬਾਈਬਲ ਦੇ ਸਿਧਾਂਤਾਂ ਉੱਤੇ ਚਰਚਾ ਕੀਤੀ ਜਾਵੇਗੀ। ਇਸ ਐਡੀਸ਼ਨ ਵਿਚ ਮਾਪਿਆਂ ਲਈ “ਆਪਣੇ ਬੱਚਿਆਂ ਨੂੰ ਸਿਖਾਓ” ਨਾਮਕ ਲੇਖ ਵੀ ਹੋਵੇਗਾ ਜਿਸ ਨੂੰ ਉਹ ਆਪਣੇ ਬੱਚਿਆਂ ਨਾਲ ਮਿਲ ਕੇ ਪੜ੍ਹ ਸਕਦੇ ਹਨ। ਪਬਲਿਕ ਐਡੀਸ਼ਨ ਵਿਚ “ਨੌਜਵਾਨਾਂ ਲਈ” ਨਾਮਕ ਲੇਖ ਹੋਵੇਗਾ ਜੋ ਬਾਈਬਲ ਦਾ ਅਧਿਐਨ ਕਰਨ ਵਿਚ ਸਾਡੇ ਨੌਜਵਾਨਾਂ ਦੀ ਮਦਦ ਕਰੇਗਾ।
ਪਬਲਿਕ ਐਡੀਸ਼ਨ ਵਿਚ ਹੋਰ ਵੀ ਲੇਖ ਹੋਣਗੇ। “ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ” ਨਾਮਕ ਲੇਖ ਸਾਨੂੰ ਪੁਰਾਣੇ ਸਮਿਆਂ ਦੇ ਵਫ਼ਾਦਾਰ ਭਗਤਾਂ ਦੀ ਰੀਸ ਕਰਨ ਦੀ ਹੱਲਾਸ਼ੇਰੀ ਦੇਵੇਗਾ। ਮਿਸਾਲ ਲਈ ਇਸ ਅੰਕ ਦੇ ਸਫ਼ੇ 18-21 ਉੱਤੇ ਤੁਸੀਂ ਏਲੀਯਾਹ ਨਬੀ ਦੀ ਵਧੀਆ ਮਿਸਾਲ ਬਾਰੇ ਪੜ੍ਹ ਕੇ ਉਸ ਦੀ ਨਿਹਚਾ ਦੀ ਰੀਸ ਕਰਨੀ ਸਿੱਖ ਸਕਦੇ ਹੋ। “. . . ਤੋਂ ਚਿੱਠੀ” ਨਾਮਕ ਲੇਖ ਵਿਚ ਦੂਰ-ਦੁਰੇਡੇ ਦੇਸ਼ਾਂ ਵਿਚ ਸੇਵਾ ਕਰ ਰਹੇ ਯਹੋਵਾਹ ਦੇ ਗਵਾਹਾਂ ਦੇ ਤਜਰਬੇ ਦੱਸੇ ਜਾਣਗੇ। “ਯਿਸੂ ਤੋਂ ਸਿੱਖੋ” ਨਾਮਕ ਲੇਖ ਵਿਚ ਬਾਈਬਲ ਦੀਆਂ ਮੂਲ ਸਿੱਖਿਆਵਾਂ ਨੂੰ ਆਸਾਨ ਤਰੀਕੇ ਨਾਲ ਸਮਝਾਇਆ ਜਾਵੇਗਾ।
ਸਾਨੂੰ ਪੂਰਾ ਯਕੀਨ ਹੈ ਕਿ ਬਾਈਬਲ ਨੂੰ ਮੰਨਣ ਵਾਲੇ ਪਾਠਕ ਤੇ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਹੋਰ ਜਾਣਨ ਦੀ ਇੱਛਾ ਰੱਖਣ ਵਾਲੇ ਲੋਕ ਪਹਿਰਾਬੁਰਜ ਪੜ੍ਹਨਾ ਪਸੰਦ ਕਰਨਗੇ। ਅਸੀਂ ਉਮੀਦ ਰੱਖਦੇ ਹਾਂ ਕਿ ਇਹ ਰਸਾਲਾ ਸੱਚਾਈ ਜਾਣਨ ਵਿਚ ਤੁਹਾਡੀ ਮਦਦ ਕਰੇਗਾ।
ਪ੍ਰਕਾਸ਼ਕ
[ਫੁਟਨੋਟ]
^ ਪੈਰਾ 4 ਪਹਿਰਾਬੁਰਜ ਦੇ ਹੁਣ ਦੋ ਐਡੀਸ਼ਨ ਛਪਿਆ ਕਰਨਗੇ। ਇਕ ਪਬਲਿਕ ਐਡੀਸ਼ਨ ਹੋਵੇਗਾ ਜੋ ਆਮ ਲੋਕਾਂ ਲਈ ਛਾਪਿਆ ਜਾਵੇਗਾ। ਇਹ ਐਡੀਸ਼ਨ ਤਿੰਨ-ਤਿੰਨ ਮਹੀਨਿਆਂ ਬਾਅਦ ਛਪਿਆ ਕਰੇਗਾ। ਮਹੀਨੇ ਦੀ 15 ਤਾਰੀਖ਼ ਵਾਲਾ ਐਡੀਸ਼ਨ ਸਟੱਡੀ ਐਡੀਸ਼ਨ ਹੋਵੇਗਾ ਜੋ ਯਹੋਵਾਹ ਦੇ ਗਵਾਹ ਆਪਣੀਆਂ ਕਲੀਸਿਯਾ ਸਭਾਵਾਂ ਵਿਚ ਵਰਤਣਗੇ। ਇਨ੍ਹਾਂ ਸਭਾਵਾਂ ਵਿਚ ਕੋਈ ਵੀ ਆ ਸਕਦਾ ਹੈ।