Skip to content

Skip to table of contents

ਯਹੋਵਾਹ ਜੋ ਵੀ ਭਵਿੱਖਬਾਣੀ ਕਰਦਾ ਹੈ ਉਹ ਪੂਰੀ ਹੁੰਦੀ ਹੈ

ਯਹੋਵਾਹ ਜੋ ਵੀ ਭਵਿੱਖਬਾਣੀ ਕਰਦਾ ਹੈ ਉਹ ਪੂਰੀ ਹੁੰਦੀ ਹੈ

ਯਹੋਵਾਹ ਜੋ ਵੀ ਭਵਿੱਖਬਾਣੀ ਕਰਦਾ ਹੈ ਉਹ ਪੂਰੀ ਹੁੰਦੀ ਹੈ

‘ਮੈਂ ਪਰਮੇਸ਼ੁਰ ਹਾਂ ਅਤੇ ਹੋਰ ਕੋਈ ਨਹੀਂ ਪਰਮੇਸ਼ੁਰ, ਅਤੇ ਮੇਰੇ ਵਰਗਾ ਕੋਈ ਨਹੀਂ। ਮੈਂ ਆਦ ਤੋਂ ਅੰਤ ਨੂੰ, ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ।’ (ਯਸਾਯਾਹ 46:9, 10) ਭਵਿੱਖ ਬਾਰੇ ਬਿਲਕੁਲ ਸਹੀ-ਸਹੀ ਦੱਸਣ ਵਾਲਾ ਪਰਮੇਸ਼ੁਰ ਯਹੋਵਾਹ ਇਹ ਗੱਲ ਕਹਿੰਦਾ ਹੈ।

ਹੁਣ ਤਕ ਕੋਈ ਵੀ ਇਨਸਾਨ ਭਵਿੱਖ ਬਾਰੇ ਸਹੀ-ਸਹੀ ਨਹੀਂ ਦੱਸ ਸਕਿਆ ਹੈ। ਪਰ ਬਾਈਬਲ ਵਿਚ ਬਹੁਤ ਸਾਰੀਆਂ ਭਵਿੱਖਬਾਣੀਆਂ ਦਰਜ ਹਨ। ਸੋ ਸੱਚਾਈ ਦੀ ਤਲਾਸ਼ ਕਰਨ ਵਾਲੇ ਲੋਕ ਇਹ ਦੇਖਣ ਲਈ ਇਨ੍ਹਾਂ ਭਵਿੱਖਬਾਣੀਆਂ ਦੀ ਜਾਂਚ ਕਰਨੀ ਚਾਹੁਣਗੇ ਕਿ ਇਹ ਵਾਕਈ ਪਰਮੇਸ਼ੁਰ ਵੱਲੋਂ ਲਿਖਵਾਈਆਂ ਗਈਆਂ ਹਨ ਜਾਂ ਨਹੀਂ। ਆਓ ਆਪਾਂ ਬਾਈਬਲ ਦੀਆਂ ਕੁਝ ਭਵਿੱਖਬਾਣੀਆਂ ਤੇ ਗੌਰ ਕਰੀਏ ਜੋ ਸੱਚੀਆਂ ਸਾਬਤ ਹੋਈਆਂ ਹਨ।

ਪ੍ਰਾਚੀਨ ਸਭਿਅਤਾਵਾਂ

ਪਰਮੇਸ਼ੁਰ ਨੇ ਭਵਿੱਖਬਾਣੀ ਕੀਤੀ ਸੀ ਕਿ ਅਦੋਮ, ਮੋਆਬ ਅਤੇ ਅੰਮੋਨ ਦਾ ਖੁਰਾ-ਖੋਜ ਮਿਟ ਜਾਵੇਗਾ। (ਯਿਰਮਿਯਾਹ 48:42; 49:17, 18; 51:24-26; ਓਬਦਯਾਹ 8, 18; ਸਫ਼ਨਯਾਹ 2:8, 9) ਇਨ੍ਹਾਂ ਕੌਮਾਂ ਦਾ ਪੂਰੀ ਤਰ੍ਹਾਂ ਨਾਸ ਹੋਣਾ ਪਰਮੇਸ਼ੁਰ ਦੇ ਬਚਨ ਵਿਚ ਦਰਜ ਭਵਿੱਖਬਾਣੀਆਂ ਨੂੰ ਸੱਚ ਸਾਬਤ ਕਰਦਾ ਹੈ।

ਪਰ ਕਈ ਸ਼ਾਇਦ ਕਹਿਣਗੇ ਕਿ ਇਹ ਤਾਂ ਕੋਈ ਵੀ ਦੱਸ ਸਕਦਾ ਕਿ ਕੋਈ ਕੌਮ ਭਾਵੇਂ ਜਿੰਨੀ ਮਰਜ਼ੀ ਤਾਕਤਵਰ ਹੋਵੇ, ਉਹ ਇਕ-ਨਾ-ਇਕ ਦਿਨ ਤਾਂ ਖ਼ਤਮ ਹੋ ਹੀ ਜਾਵੇਗੀ। ਪਰ ਉਹ ਇਕ ਜ਼ਰੂਰੀ ਗੱਲ ਭੁੱਲ ਜਾਂਦੇ ਹਨ। ਕਿਹੜੀ ਗੱਲ? ਇਹੋ ਕਿ ਬਾਈਬਲ ਸਿਰਫ਼ ਇਹੀ ਨਹੀਂ ਦੱਸਦੀ ਕਿ ਕੋਈ ਕੌਮ ਨਾਸ਼ ਹੋ ਜਾਵੇਗੀ, ਸਗੋਂ ਇਹ ਵੀ ਦੱਸਦੀ ਹੈ ਕਿ ਉਹ ਕਿਵੇਂ ਨਾਸ਼ ਹੋਵੇਗੀ। ਉਦਾਹਰਣ ਲਈ, ਬਾਈਬਲ ਵਿਚ ਭਵਿੱਖਬਾਣੀ ਕੀਤੀ ਗਈ ਸੀ ਕਿ ਬਾਬਲ ਨਾਂ ਦੇ ਸ਼ਹਿਰ ਦਾ ਨਾਸ਼ ਕਿਵੇਂ ਹੋਣਾ ਸੀ। ਇਸ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਮਾਦੀ ਫ਼ੌਜ ਇਸ ਸ਼ਹਿਰ ਨੂੰ ਜਿੱਤੇਗੀ, ਫ਼ੌਜ ਦੇ ਸੈਨਾਪਤੀ ਦਾ ਨਾਂ ਖੋਰੁਸ ਹੋਵੇਗਾ ਅਤੇ ਹਮਲੇ ਤੋਂ ਪਹਿਲਾਂ ਬਾਬਲ ਸ਼ਹਿਰ ਦੀ ਰਾਖੀ ਕਰਨ ਵਾਲੀ ਨਦੀ ਸੁਕਾ ਦਿੱਤੀ ਜਾਵੇਗੀ।—ਯਸਾਯਾਹ 13:17-19; 44:27–45:1.

ਪਰ ਹਾਰਨ ਵਾਲੀਆਂ ਕੌਮਾਂ ਸੰਬੰਧੀ ਬਾਈਬਲ ਨੇ ਹਰ ਵਾਰ ਇਹ ਭਵਿੱਖਬਾਣੀ ਨਹੀਂ ਕੀਤੀ ਕਿ ਹਾਰੀ ਹੋਈ ਕੌਮ ਹਮੇਸ਼ਾ ਲਈ ਖ਼ਤਮ ਹੋ ਜਾਵੇਗੀ। ਮਿਸਾਲ ਲਈ, ਯਰੂਸ਼ਲਮ ਸੰਬੰਧੀ ਭਵਿੱਖਬਾਣੀ ਉੱਤੇ ਗੌਰ ਕਰੋ। ਬਾਬਲੀਆਂ ਦੁਆਰਾ ਯਰੂਸ਼ਲਮ ਸ਼ਹਿਰ ਦੀ ਤਬਾਹੀ ਦੀ ਭਵਿੱਖਬਾਣੀ ਕਰਦੇ ਹੋਏ ਪਰਮੇਸ਼ੁਰ ਨੇ ਕਿਹਾ ਕਿ ਯਹੂਦੀ ਯਰੂਸ਼ਲਮ ਨੂੰ ਮੁੜ ਵਸਾਉਣਗੇ, ਭਾਵੇਂ ਕਿ ਬਾਬਲੀਆਂ ਦੀ ਰੀਤ ਹੁੰਦੀ ਸੀ ਕਿ ਉਹ ਆਪਣੇ ਗ਼ੁਲਾਮਾਂ ਨੂੰ ਕਦੇ ਆਜ਼ਾਦ ਨਹੀਂ ਕਰਦੇ ਸਨ। (ਯਿਰਮਿਯਾਹ 24:4-7; 29:10; 30:18, 19) ਇਹ ਭਵਿੱਖਬਾਣੀ ਪੂਰੀ ਹੋਈ। ਯਹੂਦੀਆਂ ਦੀ ਕੌਮ ਅਜੇ ਵੀ ਵੱਸ ਰਹੀ ਹੈ।

ਯਹੋਵਾਹ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ ਮਿਸਰ ਕੌਮ ਵਿਸ਼ਵ ਸ਼ਕਤੀ ਨਹੀਂ ਰਹੇਗੀ, ਪਰ “ਏਸ ਦੇ ਪਿੱਛੋਂ ਉਹ ਅਜੇਹੀ ਅਬਾਦ ਹੋਵੇਗੀ ਜਿਵੇਂ ਪਹਿਲਿਆਂ ਦਿਨਾਂ ਵਿੱਚ ਸੀ।” ਫਿਰ ਸਮੇਂ ਦੇ ਬੀਤਣ ਨਾਲ ਇਸ ਵਿਸ਼ਵ ਸ਼ਕਤੀ ਨੇ ‘ਨਿੱਕਾ ਜਿਹਾ ਰਾਜ ਬਣ’ ਜਾਣਾ ਸੀ। (ਯਿਰਮਿਯਾਹ 46:25, 26; ਹਿਜ਼ਕੀਏਲ 29:14, 15) ਇਹ ਭਵਿੱਖਬਾਣੀ ਵੀ ਸੱਚ ਸਾਬਤ ਹੋਈ ਹੈ। ਇਸ ਤੋਂ ਇਲਾਵਾ, ਯਹੋਵਾਹ ਨੇ ਇਹ ਤਾਂ ਦੱਸਿਆ ਸੀ ਕਿ ਯੂਨਾਨ ਦੇਸ਼ ਵੀ ਵਿਸ਼ਵ ਸ਼ਕਤੀ ਨਹੀਂ ਰਹੇਗਾ, ਪਰ ਇਹ ਨਹੀਂ ਦੱਸਿਆ ਸੀ ਕਿ ਇਹ ਕੌਮ ਪੂਰੀ ਤਰ੍ਹਾਂ ਨਾਸ਼ ਹੋ ਜਾਵੇਗੀ। ਜਿਨ੍ਹਾਂ ਕੌਮਾਂ ਬਾਰੇ ਪਰਮੇਸ਼ੁਰ ਨੇ ਭਵਿੱਖਬਾਣੀ ਕੀਤੀ ਸੀ ਕਿ ਉਹ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੀਆਂ, ਉਹ ਅੱਜ ਨਹੀਂ ਹਨ। ਪਰ ਜਿਨ੍ਹਾਂ ਕੌਮਾਂ ਦਾ ਖੁਰਾ-ਖੋਜ ਮਿਟਣ ਬਾਰੇ ਪਰਮੇਸ਼ੁਰ ਨੇ ਭਵਿੱਖਬਾਣੀ ਨਹੀਂ ਕੀਤੀ, ਉਹ ਅੱਜ ਵੀ ਮੌਜੂਦ ਹਨ। ਇਸ ਗੱਲ ਤੋਂ ਕੀ ਪਤਾ ਲੱਗਦਾ ਹੈ? ਇਹੀ ਕਿ ਪਰਮੇਸ਼ੁਰ ਦੇ ਬਚਨ ਵਿਚ ਸੱਚੀਆਂ ਭਵਿੱਖਬਾਣੀਆਂ ਦਰਜ ਹਨ।

ਹੈਰਾਨੀਜਨਕ ਗੱਲਾਂ

ਜਿਵੇਂ ਕਿ ਉੱਪਰ ਦੱਸਿਆ ਗਿਆ ਸੀ, ਯਹੋਵਾਹ ਨੇ ਬਾਬਲ ਸ਼ਹਿਰ ਦੀ ਹਾਰ ਸੰਬੰਧੀ ਕਈ ਵੇਰਵੇ ਦਿੱਤੇ ਸਨ। ਇਸੇ ਤਰ੍ਹਾਂ ਹਿਜ਼ਕੀਏਲ ਦੀ ਕਿਤਾਬ ਵਿਚ ਸੂਰ ਨਾਂ ਦੇ ਸ਼ਹਿਰ ਦੇ ਨਾਸ਼ ਦੀ ਭਵਿੱਖਬਾਣੀ ਦਰਜ ਹੈ। ਇਸ ਵਿਚ ਦੱਸਿਆ ਗਿਆ ਸੀ ਕਿ ਸੂਰ ਸ਼ਹਿਰ ਦੇ ਪੱਥਰ, ਲੱਕੜੀ ਦਾ ਸਾਮਾਨ ਤੇ ਮਿੱਟੀ “ਸਾਗਰ ਵਿੱਚ” ਸੁੱਟ ਦਿੱਤੇ ਜਾਣਗੇ। ਇਹ ਭਵਿੱਖਬਾਣੀ 332 ਈ. ਪੂ. ਵਿਚ ਪੂਰੀ ਹੋਈ ਸੀ। ਇਹ ਸ਼ਹਿਰ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ, ਇਕ ਹਿੱਸਾ ਟਾਪੂ ਉੱਤੇ ਸਥਿਤ ਸੀ। ਸਿਕੰਦਰ ਮਹਾਨ ਦੀ ਫ਼ੌਜ ਨੇ ਸ਼ਹਿਰ ਦੇ ਮੁੱਖ ਹਿੱਸੇ ਉੱਤੇ ਕਬਜ਼ਾ ਕਰ ਕੇ ਇਸ ਨੂੰ ਢਹਿ-ਢੇਰੀ ਕਰ ਦਿੱਤਾ। (ਹਿਜ਼ਕੀਏਲ 26:4, 5, 12) ਫਿਰ ਸ਼ਹਿਰ ਦੇ ਮਲਬੇ ਨੂੰ ਸਮੁੰਦਰ ਵਿਚ ਰਾਹ ਬਣਾਉਣ ਲਈ ਵਰਤਿਆ ਅਤੇ ਸਮੁੰਦਰ ਪਾਰ ਲੰਘ ਕੇ ਟਾਪੂ ਉੱਤੇ ਕਬਜ਼ਾ ਕੀਤਾ।

ਦਾਨੀਏਲ 8:5-8, 21, 22 ਅਤੇ 11:3, 4 ਵਿਚ ਦਰਜ ਭਵਿੱਖਬਾਣੀ ਵਿਚ ਬਹੁਤ ਹੀ ਤਾਕਤਵਰ ‘ਯੂਨਾਨ ਦੇ ਰਾਜੇ’ ਬਾਰੇ ਹੈਰਾਨੀਜਨਕ ਗੱਲਾਂ ਦੱਸੀਆਂ ਗਈਆਂ ਸਨ। ਇਸ ਵਿਚ ਦੱਸਿਆ ਗਿਆ ਸੀ ਕਿ ਜਦੋਂ ਇਹ ਰਾਜਾ ਆਪਣੀ ਹਕੂਮਤ ਦੀਆਂ ਚੜ੍ਹਦੀਆਂ ਕਲਾਂ ਵਿਚ ਹੋਵੇਗਾ, ਉਸ ਵੇਲੇ ਉਹ ਮਰ ਜਾਵੇਗਾ ਅਤੇ ਉਸ ਦਾ ਰਾਜ ਚਾਰ ਹਿੱਸਿਆਂ ਵਿਚ ਵੰਡਿਆ ਜਾਵੇਗਾ। ਉਸ ਦੀ ਕਿਸੇ ਸੰਤਾਨ ਨੂੰ ਰਾਜ ਦਾ ਹਿੱਸਾ ਨਹੀਂ ਮਿਲੇਗਾ। ਇਹ ਭਵਿੱਖਬਾਣੀ ਕੀਤੇ ਜਾਣ ਤੋਂ 200 ਸਾਲ ਬਾਅਦ, ਸਿਕੰਦਰ ਮਹਾਨ ਉਹ ਤਾਕਤਵਰ ਰਾਜਾ ਸਾਬਤ ਹੋਇਆ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਣਿਆਈ ਮੌਤ ਹੋਣ ਕਰਕੇ ਉਸ ਦੀ ਹਕੂਮਤ ਖ਼ਤਮ ਹੋ ਗਈ ਤੇ ਬਾਅਦ ਵਿਚ ਉਸ ਦੇ ਚਾਰ ਜਰਨੈਲਾਂ ਨੇ ਉਸ ਦਾ ਰਾਜ ਆਪਸ ਵਿਚ ਵੰਡ ਲਿਆ। ਇਨ੍ਹਾਂ ਚਾਰ ਜਰਨੈਲਾਂ ਵਿੱਚੋਂ ਕੋਈ ਵੀ ਸਿਕੰਦਰ ਮਹਾਨ ਦੇ ਘਰਾਣੇ ਵਿੱਚੋਂ ਨਹੀਂ ਸੀ।

ਆਲੋਚਕ ਦਾਅਵਾ ਕਰਦੇ ਹਨ ਕਿ ਇਹ ਭਵਿੱਖਬਾਣੀ ਸਾਰਾ ਕੁਝ ਹੋਣ ਤੋਂ ਬਾਅਦ ਲਿਖੀ ਗਈ ਸੀ। ਪਰ ਜ਼ਰਾ ਦਾਨੀਏਲ ਦੀ ਕਿਤਾਬ ਵਿਚ ਦਰਜ ਬਿਰਤਾਂਤ ਉੱਤੇ ਦੁਬਾਰਾ ਗੌਰ ਕਰੋ। ਜੇ ਅਸੀਂ ਬਿਰਤਾਂਤ ਦੀਆਂ ਗੱਲਾਂ ਨੂੰ ਭਵਿੱਖਬਾਣੀ ਦੇ ਤੌਰ ਤੇ ਦੇਖਦੇ ਹਾਂ, ਤਾਂ ਇਹ ਵੇਰਵੇ ਬੜੇ ਹੈਰਾਨੀਜਨਕ ਹਨ। ਪਰ ਜੇ ਇਸ ਨੂੰ ਇਤਿਹਾਸ ਦੇ ਤੌਰ ਤੇ ਦੇਖਿਆ ਜਾਵੇ, ਤਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਵਿਚ ਬਹੁਤ ਘੱਟ ਗੱਲਾਂ ਦੱਸੀਆਂ ਗਈਆਂ ਹਨ? ਜੇ ਸਿਕੰਦਰ ਦੇ ਮਰਨ ਤੋਂ ਬਾਅਦ ਕਿਸੇ ਧੋਖੇਬਾਜ਼ ਨੇ ਇਹ ਬਿਰਤਾਂਤ ਲਿਖਿਆ ਹੁੰਦਾ, ਤਾਂ ਕੀ ਉਹ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਇਹ ਗੱਲ ਨਾ ਲਿਖਦਾ ਕਿ ਸਿਕੰਦਰ ਦੀ ਮੌਤ ਤੋਂ ਤੁਰੰਤ ਬਾਅਦ ਉਸ ਦੇ ਦੋ ਮੁੰਡੇ ਰਾਜ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਉਨ੍ਹਾਂ ਦਾ ਕਤਲ ਹੋ ਜਾਵੇਗਾ? ਉਸ ਨੇ ਇਹ ਕਿਉਂ ਨਹੀਂ ਦੱਸਿਆ ਕਿ ਕਈ ਦਹਾਕਿਆਂ ਬਾਅਦ ਕਿਤੇ ਜਾ ਕੇ ਚਾਰੋਂ ਜਰਨੈਲ ਸਿਕੰਦਰ ਦੇ ਸਾਮਰਾਜ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰਨਗੇ? ਹੋਰ ਤਾਂ ਹੋਰ, ਉਸ ਨੇ ਮਹਾਨ ਰਾਜੇ ਤੇ ਉਸ ਦੇ ਚਾਰ ਜਰਨੈਲਾਂ ਦੇ ਨਾਂ ਕਿਉਂ ਨਹੀਂ ਦੱਸੇ?

ਲੰਬੇ ਸਮੇਂ ਤੋਂ ਆਲੋਚਕ ਦਾਅਵਾ ਕਰ ਰਹੇ ਹਨ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਸਾਰਾ ਕੁਝ ਹੋਣ ਤੋਂ ਬਾਅਦ ਲਿਖੀਆਂ ਗਈਆਂ ਸਨ। ਉਨ੍ਹਾਂ ਨੇ ਸਬੂਤਾਂ ਦੀ ਜਾਂਚ ਕੀਤੇ ਬਿਨਾਂ ਇਹ ਫ਼ੈਸਲਾ ਕਰ ਲਿਆ ਕਿ ਭਵਿੱਖ ਬਾਰੇ ਦੱਸਣਾ ਨਾਮੁਮਕਿਨ ਹੈ। ਉਹ ਬਾਈਬਲ ਨੂੰ ਪਰਮੇਸ਼ੁਰ ਦਾ ਬਚਨ ਨਹੀਂ ਮੰਨਦੇ, ਇਸੇ ਕਰਕੇ ਉਹ ਹਰ ਗੱਲ ਨੂੰ ਇਨਸਾਨੀ ਨਜ਼ਰੀਏ ਤੋਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਪਰਮੇਸ਼ੁਰ ਨੇ ਬੜੀ ਸਮਝਦਾਰੀ ਨਾਲ ਉੱਨੀਆਂ ਕੁ ਗੱਲਾਂ ਦੱਸੀਆਂ ਹਨ ਜਿਨ੍ਹਾਂ ਤੋਂ ਪਤਾ ਲੱਗੇ ਕਿ ਉਸ ਨੇ ਬਾਈਬਲ ਦੀਆਂ ਭਵਿੱਖਬਾਣੀਆਂ ਲਿਖਵਾਈਆਂ ਹਨ। *

ਜੇ ਤੁਸੀਂ ਬਾਈਬਲ ਵਿਚ ਦਰਜ ਭਵਿੱਖਬਾਣੀਆਂ ਅਤੇ ਇਨ੍ਹਾਂ ਦੀ ਪੂਰਤੀ ਦਾ ਅਧਿਐਨ ਕਰੋਗੇ, ਤਾਂ ਇਹ ਤੁਹਾਡੀ ਨਿਹਚਾ ਨੂੰ ਮਜ਼ਬੂਤ ਕਰ ਸਕਦੀਆਂ ਹਨ। ਅਧਿਐਨ ਕਰਨ ਵਾਸਤੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ ਕਿਤਾਬ ਦੇ ਸਫ਼ਾ 200 ਉੱਤੇ ਦਿੱਤਾ ਗਿਆ ਚਾਰਟ ਮਦਦਗਾਰ ਸਾਬਤ ਹੋਵੇਗਾ। * ਜੇਕਰ ਤੁਸੀਂ ਅਧਿਐਨ ਕਰਨ ਦਾ ਫ਼ੈਸਲਾ ਕਰਦੇ ਹੋ, ਤਾਂ ਤੁਹਾਨੂੰ ਕਿਸ ਮਕਸਦ ਨਾਲ ਅਧਿਐਨ ਕਰਨਾ ਚਾਹੀਦਾ ਹੈ? ਤੁਸੀਂ ਆਪਣੀ ਨਿਹਚਾ ਮਜ਼ਬੂਤ ਕਰਨ ਲਈ ਅਧਿਐਨ ਕਰੋ। ਜਲਦਬਾਜ਼ੀ ਵਿਚ ਭਵਿੱਖਬਾਣੀਆਂ ਸੰਬੰਧੀ ਜਾਣਕਾਰੀ ਨੂੰ ਫਟਾਫਟ ਪੜ੍ਹ ਕੇ ਖ਼ਤਮ ਨਾ ਕਰੋ। ਇਸ ਦੀ ਬਜਾਇ ਇਸ ਗੱਲ ਤੇ ਮਨਨ ਕਰੋ ਕਿ ਯਹੋਵਾਹ ਭਵਿੱਖ ਬਾਰੇ ਜੋ ਕੁਝ ਦੱਸਦਾ ਹੈ, ਉਹ ਜ਼ਰੂਰ ਪੂਰਾ ਹੁੰਦਾ ਹੈ। (w08 1/1)

[ਫੁਟਨੋਟ]

^ ਪੈਰਾ 13 ਆਲੋਚਕਾਂ ਦੇ ਇਸ ਦਾਅਵੇ ਨੂੰ ਝੁਠਲਾਉਣ ਦੇ ਸਬੂਤਾਂ ਦੀ ਜਾਂਚ ਕਰਨ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਇਜ਼ ਦੇਅਰ ਏ ਕ੍ਰਿਏਟਰ ਹੂ ਕੇਅਰਜ਼ ਅਬਾਊਟ ਇਊ? ਦੇ ਸਫ਼ੇ 106-11 ਦੇਖੋ।

^ ਪੈਰਾ 14 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ਾ 24 ਉੱਤੇ ਡੱਬੀ/ਤਸਵੀਰਾਂ]

ਜ਼ਿੰਦਗੀ ਦੇ ਕੁਝ ਫ਼ਾਇਦੇਮੰਦ ਅਸੂਲ

ਜਿਸ ਪਰਮੇਸ਼ੁਰ ਨੇ ਵਿਸ਼ਵ ਸ਼ਕਤੀਆਂ ਦੇ ਉਤਰਾਅ-ਚੜ੍ਹਾਅ ਬਾਰੇ ਪਹਿਲਾਂ ਤੋਂ ਹੀ ਦੱਸਿਆ ਸੀ, ਉਸ ਨੇ ਬਾਈਬਲ ਵਿਚ ਜ਼ਿੰਦਗੀ ਦੇ ਕੁਝ ਫ਼ਾਇਦੇਮੰਦ ਅਸੂਲ ਵੀ ਦਿੱਤੇ ਹਨ। ਇਨ੍ਹਾਂ ਵਿੱਚੋਂ ਕੁਝ ਹਨ:

ਤੁਸੀਂ ਜੋ ਬੀਜਦੇ ਹੋ, ਸੋ ਵੱਢੋਗੇ।ਗਲਾਤੀਆਂ 6:7.

ਲੈਣ ਨਾਲੋਂ ਦੂਜਿਆਂ ਨੂੰ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।ਰਸੂਲਾਂ ਦੇ ਕਰਤੱਬ 20:35.

ਮਨ ਦੇ ਗ਼ਰੀਬ ਬਣ ਕੇ ਪਰਮੇਸ਼ੁਰੀ ਕੰਮਾਂ ਨੂੰ ਪਹਿਲ ਦੇਣ ਨਾਲ ਖ਼ੁਸ਼ੀ ਮਿਲਦੀ ਹੈ।ਮੱਤੀ 5:3.

ਜੇ ਤੁਸੀਂ ਜ਼ਿੰਦਗੀ ਵਿਚ ਇਨ੍ਹਾਂ ਅਸੂਲਾਂ ਤੇ ਚੱਲੋਗੇ, ਤਾਂ ਤੁਹਾਨੂੰ ਜ਼ਰੂਰ  ਖ਼ੁਸ਼ੀ  ਮਿਲੇਗੀ।

[ਸਫ਼ਾ 23 ਉੱਤੇ ਤਸਵੀਰਾਂ]

ਪਰਮੇਸ਼ੁਰ ਦੇ ਬਚਨ ਵਿਚ ਭਵਿੱਖਬਾਣੀ ਕੀਤੀ ਗਈ ਸੀ ਕਿ ਇਨ੍ਹਾਂ ਕੌਮਾਂ ਦਾ ਖੁਰਾ-ਖੋਜ ਮਿਟ ਜਾਵੇਗਾ . . .

ਅਦੋਮ

ਬਾਬਲ

. . . ਪਰ ਇਨ੍ਹਾਂ ਕੌਮਾਂ ਦਾ ਨਹੀਂ

ਯੂਨਾਨ

ਮਿਸਰ

[ਕ੍ਰੈਡਿਟ ਲਾਈਨਾਂ]

Pictorial Archive (Near Eastern History) Est.

WHO photo by Edouard Boubat

[ਸਫ਼ਾ 23 ਉੱਤੇ ਤਸਵੀਰ]

ਸਿਕੰਦਰ ਮਹਾਨ