Skip to content

Skip to table of contents

ਅਯਾਲੀ ਜਿਸ ਨੂੰ ਸਾਡਾ ਫ਼ਿਕਰ ਹੈ

ਅਯਾਲੀ ਜਿਸ ਨੂੰ ਸਾਡਾ ਫ਼ਿਕਰ ਹੈ

ਪਰਮੇਸ਼ੁਰ ਨੂੰ ਜਾਣੋ

ਅਯਾਲੀ ਜਿਸ ਨੂੰ ਸਾਡਾ ਫ਼ਿਕਰ ਹੈ

ਮੱਤੀ 18:12-14

ਕੀ ਪਰਮੇਸ਼ੁਰ ਨੂੰ ਮੇਰਾ ਫ਼ਿਕਰ ਹੈ? ਜੇ ਤੁਸੀਂ ਕਦੇ ਇਹ ਸਵਾਲ ਪੁੱਛਿਆ ਹੈ, ਤਾਂ ਤੁਸੀਂ ਇਕੱਲੇ ਨਹੀਂ ਹੋ। ਸਾਡੇ ਵਿੱਚੋਂ ਕਈਆਂ ਨੇ ਤੰਗੀਆਂ ਤੇ ਮੁਸੀਬਤਾਂ ਦਾ ਸਾਮ੍ਹਣਾ ਕੀਤਾ ਹੈ। ਅਸੀਂ ਸ਼ਾਇਦ ਇਨ੍ਹਾਂ ਸਮਿਆਂ ਤੇ ਸੋਚਿਆ ਹੋਵੇਗਾ ਕਿ ਕੀ ਇਸ ਦੁਨੀਆਂ ਦਾ ਸਿਰਜਣਹਾਰ ਸਾਡੇ ਵਿਚ ਦਿਲਚਸਪੀ ਰੱਖਦਾ ਹੈ? ਕੀ ਯਹੋਵਾਹ ਸਾਡੇ ਹਰੇਕ ਦੀ ਪਰਵਾਹ ਕਰਦਾ ਹੈ? ਇਹ ਸੱਚ-ਮੁੱਚ ਇਕ ਅਹਿਮ ਸਵਾਲ ਹੈ। ਯਿਸੂ ਮਸੀਹ, ਜੋ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਨੇ ਧਰਤੀ ਉੱਤੇ ਰਹਿੰਦਿਆਂ ਇਕ ਦਿਲ ਨੂੰ ਛੋਹ ਲੈਣ ਵਾਲਾ ਦ੍ਰਿਸ਼ਟਾਂਤ ਦਿੱਤਾ ਸੀ ਜੋ ਦਿਖਾਉਂਦਾ ਹੈ ਕਿ ਯਹੋਵਾਹ ਨੂੰ ਸਾਡੀ ਪਰਵਾਹ ਹੈ।

ਯਿਸੂ ਨੇ ਇਕ ਅਯਾਲੀ ਅਤੇ ਭੇਡਾਂ ਦੀ ਉਦਾਹਰਣ ਦਿੰਦੇ ਹੋਏ ਕਿਹਾ, “ਜੇ ਕਿਸੇ ਮਨੁੱਖ ਦੀਆਂ ਸੌ ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਭਲਾ, ਉਹ ਉਨ੍ਹਾਂ ਨੜਿੱਨਵੀਆਂ ਨੂੰ ਪਹਾੜਾਂ ਉੱਤੇ ਛੱਡ ਕੇ ਉਸ ਗੁਆਚੀ ਹੋਈ ਨੂੰ ਨਾ ਭਾਲਦਾ ਫਿਰੇਗਾ? ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਐਉਂ ਹੋਵੇ ਜੋ ਉਹ ਨੂੰ ਲੱਭੇ ਤਾਂ ਉਹ ਉਸ ਦੇ ਕਾਰਨ ਉਨ੍ਹਾਂ ਨੜਿੱਨਵੀਆਂ ਨਾਲੋਂ ਜਿਹੜੀਆਂ ਗੁਆਚ ਨਾ ਗਈਆਂ ਸਨ ਬਹੁਤ ਅਨੰਦ ਹੋਵੇਗਾ। ਇਸੇ ਤਰਾਂ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਮਰਜੀ ਨਹੀਂ ਜੋ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦਾ ਭੀ ਨਾਸ ਹੋ ਜਾਵੇ।” (ਮੱਤੀ 18:12-14) ਆਓ ਆਪਾਂ ਦੇਖੀਏ ਕਿ ਯਿਸੂ ਦੀ ਇਸ ਉਦਾਹਰਣ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਸਾਡੇ ਵਿੱਚੋਂ ਹਰੇਕ ਦਾ ਫ਼ਿਕਰ ਹੈ।

ਇਕ ਅਯਾਲੀ ਨੂੰ ਆਪਣੀ ਹਰ ਭੇਡ ਦਾ ਫ਼ਿਕਰ ਰਹਿੰਦਾ ਸੀ। ਜੇ ਇਕ ਵੀ ਭੇਡ ਗੁਆਚ ਜਾਂਦੀ ਸੀ, ਤਾਂ ਉਸ ਨੂੰ ਪਤਾ ਹੁੰਦਾ ਸੀ ਕਿ ਕਿਹੜੀ ਭੇਡ ਗੁਆਚੀ ਹੈ। ਅਯਾਲੀ ਇਕ-ਇਕ ਭੇਡ ਦਾ ਨਾਂ ਜਾਣਦਾ ਸੀ। (ਯੂਹੰਨਾ 10:3) ਇਕ ਅੱਛਾ ਅਯਾਲੀ ਗੁਆਚੀ ਭੇਡ ਨੂੰ ਲੱਭਣ ਤੋਂ ਬਾਅਦ ਹੀ ਆਰਾਮ ਕਰਦਾ ਸੀ। ਜਦੋਂ ਉਹ ਆਪਣੀ ਗੁਆਚੀ ਭੇਡ ਨੂੰ ਲੱਭਣ ਜਾਂਦਾ ਸੀ, ਤਾਂ ਬਾਕੀ ਦੀਆਂ ਭੇਡਾਂ ਕਿਸੇ ਖ਼ਤਰੇ ਵਿਚ ਨਹੀਂ ਹੁੰਦੀਆਂ ਸਨ। ਉਹ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਹੋਰਨਾਂ ਅਯਾਲੀਆਂ ਦੀ ਦੇਖ-ਰੇਖ ਵਿਚ ਛੱਡ ਜਾਂਦਾ ਸੀ ਕਿਉਂਕਿ ਅਯਾਲੀ ਅਕਸਰ ਇਕੱਠੇ ਹੀ ਆਪਣੀਆਂ ਭੇਡਾਂ ਚਾਰਦੇ ਸਨ। * ਗੁਆਚੀ ਹੋਈ ਭੇਡ ਨੂੰ ਸਹੀ-ਸਲਾਮਤ ਲੱਭਣ ਤੇ ਅਯਾਲੀ ਬਹੁਤ ਖ਼ੁਸ਼ ਹੁੰਦਾ ਸੀ। ਡਰੀ ਹੋਈ ਭੇਡ ਨੂੰ ਆਪਣੇ ਮੋਢਿਆਂ ਤੇ ਰੱਖ ਕੇ ਉਹ ਉਸ ਨੂੰ ਫਿਰ ਇੱਜੜ ਦੀ ਪਨਾਹ ਵਿਚ ਲੈ ਆਉਂਦਾ ਸੀ।​—⁠ਲੂਕਾ 15:5, 6.

ਉਦਾਹਰਣ ਨੂੰ ਸਮਝਾਉਂਦਿਆਂ ਯਿਸੂ ਨੇ ਕਿਹਾ ਕਿ ਯਹੋਵਾਹ ਇਹ ਨਹੀਂ ਚਾਹੁੰਦਾ ਕਿ “ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦਾ ਭੀ ਨਾਸ ਹੋ ਜਾਵੇ।” ਇਸ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਸਾਵਧਾਨ ਕੀਤਾ ਸੀ ਕਿ ਉਹ “ਇਨ੍ਹਾਂ ਛੋਟਿਆਂ ਵਿੱਚੋਂ ਜਿਹੜੇ [ਉਸ] ਉੱਤੇ ਨਿਹਚਾ ਕਰਦੇ ਹਨ,” ਕਿਸੇ ਲਈ ਠੋਕਰ ਦਾ ਕਾਰਨ ਨਾ ਬਣਨ। (ਮੱਤੀ 18:6) ਸੋ ਯਿਸੂ ਦਾ ਦ੍ਰਿਸ਼ਟਾਂਤ ਸਾਨੂੰ ਯਹੋਵਾਹ ਬਾਰੇ ਕੀ ਸਿਖਾਉਂਦਾ ਹੈ? ਇਕ ਚੰਗੇ ਅਯਾਲੀ ਦੀ ਤਰ੍ਹਾਂ ਯਹੋਵਾਹ ਆਪਣੀ ਹਰੇਕ ਭੇਡ ਦੀ ਗਹਿਰੀ ਪਰਵਾਹ ਕਰਦਾ ਹੈ। ਉਹ “ਛੋਟਿਆਂ” ਯਾਨੀ ਉਨ੍ਹਾਂ ਭਗਤਾਂ ਦਾ ਵੀ ਫ਼ਿਕਰ ਕਰਦਾ ਹੈ ਜੋ ਦੁਨੀਆਂ ਦੀ ਨਜ਼ਰ ਵਿਚ ਤੁੱਛ ਸਮਝੇ ਜਾਂਦੇ ਹਨ। ਵਾਕਈ ਪਰਮੇਸ਼ੁਰ ਦਾ ਹਰੇਕ ਭਗਤ ਉਸ ਦੀਆਂ ਨਜ਼ਰਾਂ ਵਿਚ ਅਨਮੋਲ ਹੈ।

ਕੀ ਤੁਹਾਡੇ ਲਈ ਇਹ ਮੰਨਣਾ ਔਖਾ ਹੈ ਕਿ ਤੁਸੀਂ ਪਰਮੇਸ਼ੁਰ ਦੀ ਨਜ਼ਰ ਵਿਚ ਮਾਅਨੇ ਰੱਖਦੇ ਹੋ? ਫਿਰ ਕਿਉਂ ਨਾ ਤੁਸੀਂ ਮਹਾਨ ਅਯਾਲੀ ਯਹੋਵਾਹ ਪਰਮੇਸ਼ੁਰ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰੋ? ਸਿੱਖੋ ਕਿ ਤੁਸੀਂ ਕਿਵੇਂ ਉਸ ਦੇ ਨੇੜੇ ਹੋ ਸਕਦੇ ਹੋ। ਇੱਦਾਂ ਕਰਨ ਨਾਲ ਤੁਹਾਨੂੰ ਵੀ ਪਤਰਸ ਰਸੂਲ ਵਾਂਗ ਯਕੀਨ ਹੋ ਜਾਵੇਗਾ ਕਿ ਯਹੋਵਾਹ ਨੂੰ ਤੁਹਾਡਾ ਫ਼ਿਕਰ ਹੈ। ਪਤਰਸ ਨੇ ਸ਼ਾਇਦ ਖ਼ੁਦ ਯਿਸੂ ਨੂੰ ਗੁਆਚੀ ਭੇਡ ਦਾ ਦ੍ਰਿਸ਼ਟਾਂਤ ਦਿੰਦੇ ਸੁਣਿਆ ਸੀ। ਦ੍ਰਿਸ਼ਟਾਂਤ ਸੁਣਨ ਤੋਂ ਬਾਅਦ ਪਤਰਸ ਨੇ ਲਿਖਿਆ, ‘ਆਪਣੀ ਸਾਰੀ ਚਿੰਤਾ ਪਰਮੇਸ਼ੁਰ ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।’​—⁠1 ਪਤਰਸ 5:⁠7. (w08 2/1)

[ਫੁਟਨੋਟ]

^ ਪੈਰਾ 6 ਇੱਜੜ ਨੂੰ ਇਕ ਦੂਸਰੇ ਤੋਂ ਅੱਡ ਕਰਨਾ ਮੁਸ਼ਕਲ ਨਹੀਂ ਸੀ ਕਿਉਂਕਿ ਹਰੇਕ ਭੇਡ ਆਪਣੇ ਅਯਾਲੀ ਦੀ ਆਵਾਜ਼ ਅੱਛੀ ਤਰ੍ਹਾਂ ਪਛਾਣਦੀ ਸੀ।​—⁠ਯੂਹੰਨਾ 10:⁠4.