ਇਨਸਾਨ ਦੀ ਜ਼ਿੰਦਗੀ ਕਿਵੇਂ ਸ਼ੁਰੂ ਹੋਈ?
ਇਨਸਾਨ ਦੀ ਜ਼ਿੰਦਗੀ ਕਿਵੇਂ ਸ਼ੁਰੂ ਹੋਈ?
ਇਸ ਸਵਾਲ ਦਾ ਜਵਾਬ ਲੱਭਣਾ ਕਿਉਂ ਜ਼ਰੂਰੀ ਹੈ? ਲੋਕਾਂ ਨੂੰ ਆਮ ਤੌਰ ਤੇ ਇਹੋ ਸਿਖਾਇਆ ਜਾਂਦਾ ਹੈ ਕਿ ਮਨੁੱਖ ਦੀ ਉਤਪਤੀ ਇਕ ਇਤਫ਼ਾਕੀ ਘਟਨਾ ਹੈ। ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਮਨੁੱਖ ਦੀਆਂ ਮਾਨਸਿਕ, ਭਾਵਾਤਮਕ ਅਤੇ ਰੂਹਾਨੀ ਯੋਗਤਾਵਾਂ ਸਭ ਵਿਕਾਸਵਾਦ ਦੀ ਦੇਣ ਹਨ।
ਜ਼ਰਾ ਸੋਚੋ: ਜੇ ਅਸੀਂ ਵਿਕਾਸਵਾਦ ਦੀ ਦੇਣ ਹਾਂ ਤੇ ਪਰਮੇਸ਼ੁਰ ਯਾਨੀ ਸ੍ਰਿਸ਼ਟੀਕਰਤਾ ਹੈ ਹੀ ਨਹੀਂ, ਤਾਂ ਇਸ ਦਾ ਮਤਲਬ ਹੈ ਕਿ ਸਾਰੀ ਮਨੁੱਖਜਾਤੀ ਯਤੀਮ ਹੈ। ਸਾਡੇ ਨਾਲੋਂ ਉੱਚੀ ਬੁੱਧ ਵਾਲਾ ਕੋਈ ਨਹੀਂ ਹੈ ਤੇ ਨਾ ਹੀ ਸਾਨੂੰ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਮਦਦ ਦੇਣ ਵਾਲਾ ਕੋਈ ਹੈ। ਸਾਨੂੰ ਕੁਦਰਤੀ ਆਫ਼ਤਾਂ, ਰਾਜਨੀਤਿਕ ਝਗੜਿਆਂ ਤੇ ਹੋਰ ਸਮੱਸਿਆਵਾਂ ਨਾਲ ਨਜਿੱਠਣ ਲਈ ਇਨਸਾਨੀ ਬੁੱਧ ਦਾ ਹੀ ਸਹਾਰਾ ਲੈਣਾ ਪਵੇਗਾ।
ਕੀ ਇਸ ਹਾਲਤ ਵਿਚ ਸਾਨੂੰ ਮਨ ਦੀ ਸ਼ਾਂਤੀ ਮਿਲ ਸਕਦੀ? ਜੇ ਨਹੀਂ, ਤਾਂ ਫਿਰ ਜ਼ਰਾ ਗੌਰ ਕਰੋ ਕਿ ਇਸ ਬਾਰੇ ਬਾਈਬਲ ਕੀ ਕਹਿੰਦੀ ਹੈ। ਇਹ ਗੱਲ ਨਾ ਸਿਰਫ਼ ਤੁਹਾਨੂੰ ਚੰਗੀ ਲੱਗੇਗੀ, ਸਗੋਂ ਤੁਹਾਨੂੰ ਸਹੀ ਵੀ ਲੱਗੇਗੀ।
ਬਾਈਬਲ ਕੀ ਕਹਿੰਦੀ ਹੈ
ਬਾਈਬਲ ਸਿਖਾਉਂਦੀ ਹੈ ਕਿ ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਸ੍ਰਿਸ਼ਟ ਕੀਤਾ। ਅਸੀਂ ਐਵੇਂ ਇਤਫ਼ਾਕ ਨਾਲ ਹੀ ਨਹੀਂ ਬਣ ਗਏ। ਇਸ ਦੀ ਬਜਾਇ, ਅਸੀਂ ਪਰਮੇਸ਼ੁਰ ਦੀ ਸੰਤਾਨ ਹਾਂ ਜਿਸ ਨੇ ਸਾਨੂੰ ਬੜੇ ਪਿਆਰ ਨਾਲ ਸੋਚ-ਸਮਝ ਕੇ ਬਣਾਇਆ ਹੈ। ਬਾਈਬਲ ਵਿਚ ਇਨ੍ਹਾਂ ਸਪੱਸ਼ਟ ਕਥਨਾਂ ਵੱਲ ਧਿਆਨ ਦਿਓ।
ਉਤਪਤ 1:27. “ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹ ਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ।”
ਜ਼ਬੂਰਾਂ ਦੀ ਪੋਥੀ 139:14. “ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!”
ਮੱਤੀ 19:4-6. “ਕੀ ਤੁਸਾਂ ਇਹ ਨਹੀਂ ਪੜ੍ਹਿਆ ਭਈ ਜਿਸ ਨੇ ਉਨ੍ਹਾਂ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ? ਅਤੇ ਕਿਹਾ ਜੋ ਏਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ। ਸੋ ਹੁਣ ਓਹ ਦੋ ਨਹੀਂ ਬਲਕਣ ਇੱਕੋ ਸਰੀਰ ਹਨ। ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।”
ਰਸੂਲਾਂ ਦੇ ਕਰਤੱਬ 17:24, 25. “ਉਹ ਪਰਮੇਸ਼ੁਰ ਜਿਹ ਨੇ ਸੰਸਾਰ ਅਤੇ ਜੋ ਕੁਝ ਉਹ ਦੇ ਵਿੱਚ ਹੈ ਰਚਿਆ ਉਹ ਅਕਾਸ਼ ਅਤੇ ਧਰਤੀ ਦਾ ਮਾਲਕ ਹੋ ਕੇ ਹੱਥਾਂ ਦੇ ਬਣਾਇਆਂ ਹੋਇਆਂ ਮੰਦਰਾਂ ਵਿੱਚ ਨਹੀਂ ਵੱਸਦਾ ਹੈ। ਅਤੇ ਨਾ ਕਿਸੇ ਚੀਜ਼ ਤੋਂ ਥੁੜ ਕੇ ਮਨੁੱਖਾਂ ਦੇ ਹੱਥੋਂ ਸੇਵਾ ਕਰਾਉਂਦਾ ਹੈ ਕਿਉਂ ਜੋ ਉਹ ਆਪੇ ਸਭਨਾਂ ਨੂੰ ਜੀਉਣ, ਸਵਾਸ ਅਤੇ ਸੱਭੋ ਕੁਝ ਦਿੰਦਾ ਹੈ।”
ਪਰਕਾਸ਼ ਦੀ ਪੋਥੀ 4:11. “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!”
ਬਾਈਬਲ ਦਾ ਜਵਾਬ ਪਾ ਕੇ ਮਨ ਦੀ ਸ਼ਾਂਤੀ ਮਿਲਦੀ ਹੈ
ਇਹ ਸਿੱਖ ਕੇ ਕਿ ‘ਧਰਤੀ ਦਾ ਹਰ ਟਬਰ ਪਰਮੇਸ਼ੁਰ ਤੋਂ ਆਪਣਾ ਨਾਂ ਪ੍ਰਾਪਤ ਕਰਦਾ ਹੈ,’ ਅਸੀਂ ਦੂਸਰਿਆਂ ਬਾਰੇ ਆਪਣੇ ਗ਼ਲਤ ਵਿਚਾਰ ਬਦਲ ਲੈਂਦੇ ਹਾਂ। (ਅਫ਼ਸੀਆਂ 3:15, CL) ਅਜਿਹਾ ਗਿਆਨ ਹੋਣ ਨਾਲ ਅਸੀਂ ਆਪਣੇ ਬਾਰੇ ਤੇ ਆਪਣੀਆਂ ਸਮੱਸਿਆਵਾਂ ਬਾਰੇ ਵੀ ਵੱਖਰੀ ਤਰ੍ਹਾਂ ਸੋਚਦੇ ਹਾਂ। ਸਾਡੀ ਸੋਚਣੀ ਹੇਠਾਂ ਦਿੱਤੇ ਕੁਝ ਤਰੀਕਿਆਂ ਨਾਲ ਬਦਲ ਜਾਂਦੀ ਹੈ।
ਗੰਭੀਰ ਫ਼ੈਸਲੇ ਕਰਨ ਵੇਲੇ ਅਸੀਂ ਮੌਸਮ ਵਾਂਗ ਬਦਲਦੀਆਂ ਮਨੁੱਖੀ ਰਾਵਾਂ ਬਾਰੇ ਬੇਲੋੜੀ ਚਿੰਤਾ ਨਹੀਂ ਕਰਦੇ। ਇਸ ਦੀ ਬਜਾਇ, ਅਸੀਂ ਬਾਈਬਲ ਦੀ ਸਲਾਹ ਉੱਤੇ ਪੂਰਾ ਭਰੋਸਾ ਰੱਖਦੇ ਹਾਂ। ਕਿਉਂ? ਕਿਉਂਕਿ ‘ਸਾਰੀ ਲਿਖਤ ਪਰਮੇਸ਼ੁਰ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।’—2 ਤਿਮੋਥਿਉਸ 3:16, 17.
ਇਹ ਗੱਲ ਸੱਚ ਹੈ ਕਿ ਬਾਈਬਲ ਦੀ ਸਲਾਹ ਤੇ ਚੱਲਣਾ ਸੌਖਾ ਨਹੀਂ ਹੈ। ਕਦੇ-ਕਦੇ ਇਸ ਦੀ ਸਲਾਹ ਸਾਡੇ ਕੁਦਰਤੀ ਸੁਭਾਅ ਦੇ ਵਿਰੁੱਧ ਹੁੰਦੀ ਹੈ। (ਉਤਪਤ 8:21) ਪਰ ਜੇ ਅਸੀਂ ਇਹ ਗੱਲ ਸਵੀਕਾਰ ਕਰਦੇ ਹਾਂ ਕਿ ਸਾਨੂੰ ਸਿਰਜਣਹਾਰ ਨੇ ਬੜੇ ਪਿਆਰ ਨਾਲ ਸ੍ਰਿਸ਼ਟ ਕੀਤਾ ਹੈ, ਤਾਂ ਸਾਨੂੰ ਯਕੀਨ ਹੋਵੇਗਾ ਕਿ ਉਹ ਹੀ ਸਭ ਤੋਂ ਬਿਹਤਰ ਜਾਣਦਾ ਹੈ ਕਿ ਸਾਡੇ ਲਈ ਕੀ ਚੰਗਾ ਹੈ ਤੇ ਕੀ ਮਾੜਾ। (ਯਸਾਯਾਹ 55:9) ਇਸ ਕਰਕੇ ਉਸ ਦਾ ਬਚਨ ਸਾਨੂੰ ਭਰੋਸਾ ਦਿੰਦਾ ਹੈ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾਉਤਾਂ 3:5, 6) ਜੇ ਅਸੀਂ ਇਸ ਸਲਾਹ ਤੇ ਚੱਲਦੇ ਹਾਂ, ਤਾਂ ਔਖੇ ਫ਼ੈਸਲਿਆਂ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਅਸੀਂ ਹੱਦੋਂ ਵੱਧ ਚਿੰਤਾ ਨਹੀਂ ਕਰਾਂਗੇ।
ਜਦੋਂ ਸਾਡੇ ਨਾਲ ਪੱਖਪਾਤ ਕੀਤਾ ਜਾਂਦਾ ਹੈ, ਤਾਂ ਅਸੀਂ ਹੀਣ-ਭਾਵਨਾ ਦੇ ਸ਼ਿਕਾਰ ਨਹੀਂ ਬਣਾਂਗੇ। ਅਸੀਂ ਇਹ ਨਹੀਂ ਸੋਚਾਂਗੇ ਕਿ ਅਸੀਂ ਕਿਸੇ ਹੋਰ ਜਾਤ ਜਾਂ ਸਭਿਆਚਾਰ ਦੇ ਲੋਕਾਂ ਨਾਲੋਂ ਘਟੀਆ ਹਾਂ। ਇਸ ਦੀ ਬਜਾਇ, ਅਸੀਂ ਉਨ੍ਹਾਂ ਦਾ ਹੀ ਨਹੀਂ, ਸਗੋਂ ਆਪਣਾ ਵੀ ਆਦਰ-ਮਾਣ ਕਰਾਂਗੇ। ਕਿਉਂ? ਕਿਉਂਕਿ ਸਾਡਾ ਪਿਤਾ ਯਹੋਵਾਹ ਪਰਮੇਸ਼ੁਰ “ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।”—ਰਸੂਲਾਂ ਦੇ ਕਰਤੱਬ 10:34, 35.
ਦੂਜੇ ਪਾਸੇ, ਅਸੀਂ ਵੀ ਦੂਸਰਿਆਂ ਬਾਰੇ ਬੁਰਾ-ਭਲਾ ਨਹੀਂ ਸੋਚਾਂਗੇ। ਅਸੀਂ ਇਸ ਗੱਲ ਦੀ ਕਦਰ ਕਰਾਂਗੇ ਕਿ ਸਾਨੂੰ ਦੂਸਰੀ ਜਾਤ ਦੇ ਲੋਕਾਂ ਨਾਲੋਂ ਆਪਣੇ ਆਪ ਨੂੰ ਬਿਹਤਰ ਸਮਝਣ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਪਰਮੇਸ਼ੁਰ ਨੇ “ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ ਉੱਤੇ ਵੱਸਣ ਲਈ ਇੱਕ ਤੋਂ ਰਚਿਆ।”—ਰਸੂਲਾਂ ਦੇ ਕਰਤੱਬ 17:26.
ਵਾਕਈ ਸਾਨੂੰ ਇਹ ਜਾਣ ਕੇ ਮਨ ਦੀ ਸੱਚੀ ਸ਼ਾਂਤੀ ਮਿਲਦੀ ਹੈ ਕਿ ਅਸੀਂ ਵਿਕਾਸਵਾਦ ਦੀ ਉਪਜ ਨਹੀਂ ਹਾਂ, ਸਗੋਂ ਸ੍ਰਿਸ਼ਟ ਕੀਤੇ ਗਏ ਹਾਂ ਤੇ ਸਾਡਾ ਸ੍ਰਿਸ਼ਟੀਕਰਤਾ ਸਾਡੇ ਨਾਲ ਬਹੁਤ ਪਿਆਰ ਕਰਦਾ ਹੈ। ਪਰ ਮਨ ਦੀ ਇਸ ਸ਼ਾਂਤੀ ਨੂੰ ਕਾਇਮ ਰੱਖਣ ਲਈ ਕੁਝ ਹੋਰ ਕਰਨ ਦੀ ਵੀ ਲੋੜ ਹੈ। (w08 2/1)
[ਸਫ਼ਾ 4 ਉੱਤੇ ਸੁਰਖੀ]
ਕੀ ਸਾਡੇ ਪੂਰਵਜ ਬਾਂਦਰ ਸਨ?
[ਸਫ਼ਾ 5 ਉੱਤੇ ਤਸਵੀਰ]
ਇਹ ਜਾਣ ਕੇ ਸਾਨੂੰ ਮਨ ਦੀ ਸੱਚੀ ਸ਼ਾਂਤੀ ਮਿਲ ਸਕਦੀ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ